DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੱਬਵਾਲੀ ਅਗਨੀ ਕਾਂਡ: ਹਾਦਸੇ ਮਗਰੋਂ ਨਜ਼ਰਅੰਦਾਜ਼ ਕੀਤੇ ਸਬਕ

ਡੱਬਵਾਲੀ ਅਗਨੀ ਕਾਂਡ ਦੇ ਉਸ ਕਾਲੇ ਦਿਨ ਤੋਂ ਲੈ ਕੇ ਹੁਣ ਗੋਆ ਦੇ ਨਾਈਟ ਕੱਲਬ ਵਿੱਚ ਲੱਗੀ ਅੱਗ ਦੀ ਘਟਨਾ ਤੱਕ ਜਦੋਂ ਵੀ ਕਿਸੇ ਵੱਡੇ ਹਾਦਸੇ ਦੀ ਖ਼ਬਰ ਸਾਹਮਣੇ ਆਉਂਦੀ ਹੈ, ਅੰਦਰਲੇ ਜ਼ਖ਼ਮ ਮੁੜ ਹਰੇ ਹੋ ਜਾਂਦੇ ਹਨ। 23 ਦਸੰਬਰ...

  • fb
  • twitter
  • whatsapp
  • whatsapp
Advertisement

ਡੱਬਵਾਲੀ ਅਗਨੀ ਕਾਂਡ ਦੇ ਉਸ ਕਾਲੇ ਦਿਨ ਤੋਂ ਲੈ ਕੇ ਹੁਣ ਗੋਆ ਦੇ ਨਾਈਟ ਕੱਲਬ ਵਿੱਚ ਲੱਗੀ ਅੱਗ ਦੀ ਘਟਨਾ ਤੱਕ ਜਦੋਂ ਵੀ ਕਿਸੇ ਵੱਡੇ ਹਾਦਸੇ ਦੀ ਖ਼ਬਰ ਸਾਹਮਣੇ ਆਉਂਦੀ ਹੈ, ਅੰਦਰਲੇ ਜ਼ਖ਼ਮ ਮੁੜ ਹਰੇ ਹੋ ਜਾਂਦੇ ਹਨ। 23 ਦਸੰਬਰ 1995 ਦਾ ਕਾਲਾ ਦਿਨ ਅੱਜ ਵੀ ਯਾਦਾਂ ਵਿੱਚ ਤਾਜ਼ਾ ਹੈ, ਜਦੋਂ ਡੱਬਵਾਲੀ ਦੇ ਰਾਜੀਵ ਮੈਰਿਜ ਪੈਲੇਸ ਵਿੱਚ ਡੀ ਏ ਵੀ ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਸ਼ਾਰਟ ਸਰਕਟ ਕਾਰਨ ਖ਼ੌਫਨਾਕ ਅਗਨੀ ਕਾਂਡ ਵਾਪਰਿਆ। ਕੁਝ ਹੀ ਮਿੰਟਾਂ ਵਿੱਚ 442 ਲੋਕ ਅੱਗ ਦੀ ਲਪੇਟ ਵਿੱਚ ਆ ਗਏ। ਇਹ ਸਿਰਫ਼ ਅੰਕੜਾ ਨਹੀਂ ਸੀ, ਡੱਬਵਾਲੀ ਸ਼ਹਿਰ ਦੀ ਲਗਪਗ ਇੱਕ ਫ਼ੀਸਦ ਆਬਾਦੀ ਪਲਾਂ ਵਿਚ ਸੁਆਹ ਹੋ ਗਈ ਸੀ। ਸ਼ਹਿਰ ਦਾ ਕਰੀਬ ਹਰ ਤੀਜਾ ਪਰਿਵਾਰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਇਸ ਹਾਦਸੇ ਤੋਂ ਪ੍ਰਭਾਵਿਤ ਹੋਇਆ ਸੀ। ਸੈਂਕੜੇ ਪਰਿਵਾਰ ਬਰਬਾਦੀ ਕੰਢੇ ਪੁੱਜ ਗਏ ਅਤੇ ਦਰਜਨਾਂ ਘਰਾਂ ਨੂੰ ਜਿੰਦਰੇ ਲੱਗ ਗਏ ਸਨ।

ਇਹ ਦੇਸ਼-ਦੁਨੀਆ ਲਈ ਸਬਕ ਸੀ, ਪਰ ਹਾਦਸੇ ਤੋਂ ਕਿਸੇ ਨੇ ਸਿੱਖਿਆ ਨਹੀਂ ਲਈ। ਤਿੰਨ ਦਹਾਕਿਆਂ ਬਾਅਦ ਵੀ ਹਾਲਾਤ ਜਿਉਂ ਦੇ ਤਿਉਂ ਹਨ। ਗੋਆ ਅੱਗ ਹਾਦਸੇ ਵਿੱਚ 25 ਮੌਤਾਂ ਦੀ ਖ਼ਬਰ ਆਈ ਤਾਂ ਲੱਗਿਆ ਜਿਵੇਂ ਵੇਲਾ ਠਹਿਰ ਗਿਆ ਹੋਵੇ। ਉਹੀ ਅਫ਼ਰਾ-ਤਫ਼ਰੀ, ਉਹੀ ਅੱਗ ਦਾ ਤਾਂਡਵ, ਉਹੀ ਬੇਵੱਸੀ। ਅਸੀਂ ਕਦੋਂ ਤੱਕ ਲਾਪ੍ਰਵਾਹੀਆਂ ਦੀ ਕੀਮਤ ਜ਼ਿੰਦਗੀਆਂ ਨਾਲ ਅਦਾ ਕਰਦੇ ਰਹਾਂਗੇ? ਡੱਬਵਾਲੀ ਅਗਨੀ ਕਾਂਡ ਦੇ ਮ੍ਰਿਤਕਾਂ ਵਿੱਚ 258 ਬੱਚੇ, 140 ਔਰਤਾਂ ਤੇ 44 ਪੁਰਸ਼ ਸਨ। ਹਾਦਸੇ ਵਿੱਚ 150 ਜ਼ਖਮੀ ਹੋਏ ਅਤੇ 31 ਲੋਕ ਦਿਵਿਆਂਗ ਹੋ ਗਏ।

Advertisement

ਮੈਂ ਖ਼ੁਦ ਉਸ ਹਾਦਸੇ ਦਾ ਜਿਊਂਦਾ ਦਿਵਿਆਂਗ ਪੀੜਤ ਹਾਂ। ਜੇਕਰ ਕੁਦਰਤ ਦੀ ਕਿਤਾਬ ਸਾਹ ਨਾ ਬਖਸ਼ਦੀ ਤਾਂ ਸ਼ਾਇਦ ਮੈਂ ਹਾਦਸੇ ਦਾ 443 ਨੰਬਰ ਹੋ ਜਾਣਾ ਸੀ। ਹਾਦਸੇ ਦੌਰਾਨ ਅੱਗ ਵਿਚ ਘਿਰੇ ਆਪਣੇ ਪਿਤਾ ਸੁਤੰਤਰਤਾ ਸੈਨਾਨੀ ਗੁਰਦੇਵ ਸਿੰਘ ਸ਼ਾਂਤ ਨੂੰ ਬਚਾਉਣ ਲਈ ਮੈਂ ਮੁੜ ਪੈਲੇਸ ਅੰਦਰ ਗਿਆ ਤੇ ਇਸ ਕੋਸ਼ਿਸ਼ ਵਿੱਚ ਮੇਰੇ ਦੋਵੇਂ ਹੱਥ ਅਤੇ ਪਿੱਠ ਬੁਰੀ ਤਰ੍ਹਾਂ ਝੁਲਸ ਗਈ। ਹਾਲਾਂਕਿ ਇਸ ਹਾਦਸੇ ਨੇ ਮੈਨੂੰ 85 ਫ਼ੀਸਦ ਦਿਵਿਆਂਗ ਬਣਾ ਦਿੱਤਾ ਸੀ, ਪਰ ਤਸੱਲੀ ਸੀ ਕਿ ਮੈਂ ਆਪਣੇ ਪਿਤਾ ਨੂੰ ਬਾਹਰ ਕੱਢਣ ਵਿੱਚ ਸਫ਼ਲ ਰਿਹਾ ਪਰ ਦੁੱਖ ਨੇ ਮੇਰਾ ਪਿੱਛਾ ਨਾ ਛੱਡਿਆ ਤੇ 25 ਦਸੰਬਰ 1995 ਨੂੰ ਉਹ ਪੀ ਜੀ ਆਈ ਚੰਡੀਗੜ੍ਹ ਵਿੱਚ ਇਲਾਜ ਦੌਰਾਨ ਜ਼ਿੰਦਗੀ ਦੀ ਜੰਗ ਹਾਰ ਗਏ। ਇਸ ਹਾਦਸੇ ਨੇ ਡੱਬਵਾਲੀ ਤੋਂ ਬਹੁਤ ਕੁਝ ਖੋਹ ਲਿਆ।

Advertisement

ਅਗਨੀ ਕਾਂਡ ਤੋਂ ਬਾਅਦ ਮੈਰਿਜ ਪੈਲੇਸਾਂ ਦੀ ਸੁਰੱਖਿਆ ਵਧਾਉਣ, ਅੱਗ ਸੁਰੱਖਿਆ ਆਡਿਟ ਲਾਜ਼ਮੀ ਕਰਨ ਤੇ ਐਮਰਜੈਂਸੀ ਸੇਵਾਵਾਂ ਸਬੰਧੀ ਕਈ ਨਿਯਮ ਬਣੇ, ਪਰ ਗੋਆ ਜਿਹੀਆਂ ਘਟਨਾਵਾਂ ਦੱਸਦੀਆਂ ਹਨ ਕਿ ਕਾਗਜ਼ਾਂ ’ਤੇ ਬਣੇ ਕਾਨੂੰਨ ਜ਼ਮੀਨ ’ਤੇ ਉਤਰਨ ਤੋਂ ਪਹਿਲਾਂ ਹੀ ਢਹਿ-ਢੇਰੀ ਹੋ ਜਾਂਦੇ ਹਨ। ਅੱਗ ਨਾ ਜਗ੍ਹਾ ਦੀ ਮੁਥਾਜ ਹੈ, ਨਾ ਮੌਸਮ ਦੀ। ਉਸ ਦਾ ਨਿਸ਼ਾਨਾ ਸਿਰਫ਼ ਇੱਕ ਚੰਗਿਆੜੀ ਤੇ ਮਨੁੱਖੀ ਖਾਮੀ ’ਤੇ ਟਿਕਿਆ ਹੁੰਦਾ ਹੈ।

ਸੀ ਬੀ ਆਈ ਰਿਪੋਰਟ ਵਿੱਚ ਡੱਬਵਾਲੀ ਅਗਨੀ ਕਾਂਡ ਦਾ ਕਾਰਨ ਰਾਜੀਵ ਮੈਰਿਜ ਪੈਲੇਸ ਵਿੱਚ ਸਮਾਗਮ ਲਈ ਲਗਾਏ ਦੋ ਬਿਜਲੀ ਕੁਨੈਕਸ਼ਨ ਦੱਸੇ ਗਏ। ਬਿਜਲੀ ਟ੍ਰਿਪ ਹੋਣ ਸਮੇਂ ਜੈਨਰੇਟਰ ਦਾ ਚੇਂਜ-ਓਵਰ ਨਹੀਂ ਬਦਲਿਆ ਗਿਆ। ਪੰਡਾਲ ਵਿੱਚ ਪੀ ਵੀ ਸੀ ਸ਼ੀਟ, ਜੂਟ ਰੱਸਾ, ਬਾਂਸ ਤੇ ਪੌਲੀਥੀਨ ਕਰਕੇ ਅੱਗ ਬੇਹੱਦ ਤੇਜ਼ੀ ਨਾਲ ਫੈਲੀ। ਬਿਜਲੀ ਨਿਗਮ, ਨਗਰ ਪਾਲਿਕਾ, ਪੈਲੇਸ ਮਾਲਕ ਤੇ ਦੋ ਨਿੱਜੀ ਬਿਜਲੀ ਕਰਮਚਾਰੀਆਂ ਸਣੇ ਕੁਲ 14 ਲੋਕ ਦੋਸ਼ੀ ਕਰਾਰ ਦਿੱਤੇ ਗਏ। ਕੁਝ ’ਤੇ 304-ਬੀ ਦਾ ਮੁਕੱਦਮਾ ਦਰਜ ਹੋਇਆ। ਸੀ ਬੀ ਆਈ ਅਦਾਲਤ ਨੇ ਦੋ-ਦੋ ਸਾਲ ਦੀ ਸਜ਼ਾ ਸੁਣਾਈ, ਪਰ ਹਾਈਕੋਰਟ ਨੇ ਬਰੀ ਕਰ ਦਿੱਤੇ। ਪੜਤਾਲ ’ਚ ਖੁਲਾਸਾ ਹੋਇਆ ਕਿ ਸਮਾਗਮ ਵਾਲੀ ਜਗ੍ਹਾ ਦਾ ਨਕਸ਼ਾ ਪਾਸ ਨਹੀਂ ਸੀ।

ਮਾਮਲਾ ਸਿਰਫ ਡੱਬਵਾਲੀ ਤੇ ਗੋਆ ਤੱਕ ਸੀਮਤ ਨਹੀਂ। 1995 ਤੋਂ ਬਾਅਦ ਦੇਸ਼ ਵਿੱਚ ਕਈ ਵੱਡੇ ਅਗਨੀ ਕਾਂਡ ਹੋਏ, ਜਿਨ੍ਹਾਂ ਕਰਕੇ ਸੁਰੱਖਿਆ ਵਿਵਸਥਾ ’ਤੇ ਗੰਭੀਰ ਸੁਆਲ ਖੜ੍ਹੇ ਹੋਏ। 13 ਜੂਨ 1997 ਨੂੰ ਦਿੱਲੀ ਉਪਹਾਰ ਸਿਨੇਮਾ ਵਿੱਚ 59 ਲੋਕ ਮਾਰੇ ਗਏ। 16 ਜੁਲਾਈ 2004 ਨੂੰ ਅੱਗ ਹਾਦਸੇ ’ਚ ਤਮਿਲਨਾਡੂ ਕੁੰਬਾਕੋਨਮ ਸਕੂਲ ’ਚ 94 ਬੱਚੇ ਮਰੇ। 23 ਫਰਵਰੀ 2010 ਨੂੰ ਕੋਲਕਾਤਾ ਸਟੀਫਨ ਕੋਰਟ ’ਚ 43 ਲੋਕਾਂ ਦੀ ਜਾਨ ਗਈ। 29 ਦਸੰਬਰ 2017 ਨੂੰ ਮੁੰਬਈ ਕਮਲਾ ਮਿੱਲਜ਼ ’ਚ ਅੱਗ ਨਾਲ 14 ਮੌਤਾਂ ਹੋਈਆਂ। 20 ਜਨਵਰੀ 2018 ਨੂੰ ਦਿੱਲੀ ਬਵਾਨਾ ਸਨਅਤੀ ਖੇਤਰ ’ਚ ਅੱਗ ਨਾਲ 17 ਮਜ਼ਦੂਰਾਂ ਦੀ ਮੌਤ ਹੋਈ। 24 ਮਈ 2019 ਨੂੰ ਸੂਰਤ ਤਕਸ਼ਿਲਾ ਕੋਚਿੰਗ ਸੈਂਟਰ ’ਚ ਅੱਗ ਲੱਗਣ ਕਰਕੇ 22 ਵਿਦਿਆਰਥੀਆਂ ਦੀ ਜਾਨ ਚਲੀ ਗਈ। 2019 ਵਿੱਚ ਦਿੱਲੀ ਅਨਾਜ ਮੰਡੀ ’ਚ ਅੱਗ ਹਾਦਸੇ ’ਚ 44 ਲੋਕ ਮਾਰੇ ਗਏ ਤੇ 13 ਮਈ 2022 ਨੂੰ ਦਿੱਲੀ ਮੁੰਡਕਾ ਦੀ ਇਮਾਰਤ ਵਿੱਚ ਅੱਗ ਨਾਲ ਲਗਪਗ 27 ਲੋਕ ਆਪਣੀ ਜਾਨ ਗੁਆ ਬੈਠੇ। ਇਸ ਸਾਲ ਦੀਵਾਲੀ ਮੌਕੇ ਵਾਪਰੀਆਂ ਅੱਗ ਦੀਆਂ ਘਟਨਾਵਾਂ ਨੇ ਸਾਬਤ ਕਰ ਦਿੱਤਾ ਕਿ ਜਾਗਰੂਕਤਾ ਦਾ ਜਨਾਜ਼ਾ ਅਸੀਂ ਖੁਦ ਕੱਢਦੇ ਹਾਂ। ਪਟਾਕੇਬਾਜ਼ੀ ਦੀ ਅੱਗ ਵਿੱਚ ਦਿੱਲੀ, ਰਾਜਸਥਾਨ, ਹਿਮਾਚਲ ਤੇ ਬਿਹਾਰ ’ਚ 482 ਤੋਂ ਵੱਧ ਲੋਕ ਝੁਲਸ ਗਏ। ਖੁਸ਼ੀਆਂ-ਖੇੜਿਆਂ ਦੀ ਰੌਣਕ ਵਿੱਚ ਡੁੱਬੇ ਅਸੀਂ ਹਰ ਵਾਰ ਇਤਿਹਾਸ ’ਚ ਪਏ ਭਿਆਨਕ ਸਬਕ ਭੁੱਲ ਜਾਂਦੇ ਹਾਂ।

ਇਨ੍ਹਾਂ ਹਾਦਸਿਆਂ ਲਈ ਸਿਰਫ ਪ੍ਰਸ਼ਾਸਨ ਜਾਂ ਸਰਕਾਰਾਂ ਹੀ ਜ਼ਿੰਮੇਵਾਰ ਨਹੀਂ, ਅਸੀਂ ਸਾਰੇ ਵੀ ਬਰਾਬਰ ਦੇ ਜ਼ਿੰਮੇਵਾਰ ਹਾਂ, ਜੋ ਵਿਵਸਥਾ ਤੇ ਨਿਯਮਾਂ ਦੀ ਉਲੰਘਣਾ ਕਰਕੇ ਅੱਗ ਹਾਦਸਿਆਂ ਨੂੰ ਖੁੱਲ੍ਹਾ ਸੱਦਾ ਦਿੰਦੇ ਹਾਂ।

ਹਾਦਸੇ ਜਗ੍ਹਾ ਬਦਲਦੇ ਰਹਿੰਦੇ ਹਨ, ਪਰ ਕਾਰਨ ਨਹੀਂ। ਕਾਰਨ ਲਗਪਗ ਉਹੀ ਰਹਿੰਦੇ ਹਨ-ਸੁਰੱਖਿਆ ਤੇ ਜ਼ਿੰਮੇਵਾਰੀ ਦੀ ਘਾਟ। ਉਮੇਸ਼ ਮਿੱਤਲ, ਗਗਨਦੀਪ ਬੁੱਟਰ, ਸੀਮਾ ਬਲਾਣਾ, ਇਕਬਾਲ, ਵਿਨੋਦ ਬਾਂਸਲ, ਰਮੇਸ਼ ਸੱਚਦੇਵਾ ਜਿਹੇ ਪਤਾ ਨਹੀਂ ਕਿੰਨੇ ਪੀੜਤ ਜ਼ਿੰਦਗੀ ਭਰ ਅੱਗ ਦੇ ਨਾਸੂਰਾਂ ਨੂੰ ਝੱਲਦੇ ਹਨ। ਸਮਾਜ ਵੀ ਘੱਟ ਜ਼ਿੰਮੇਵਾਰ ਨਹੀਂ। ਸਰਕਾਰਾਂ ਤਾਂ ਉਦੋਂ ਵੀ ਨਹੀਂ ਜਾਗਦੀਆਂ, ਜਦੋਂ ਜ਼ਿੰਦਗੀਆਂ ਸੁਆਹ ਹੋ ਜਾਂਦੀਆਂ ਹਨ।

ਹਰ ਅਗਨੀ ਹਾਦਸਾ ਅੱਧ ਸੜੇ ਪਿੰਡੇ ਪਿੱਛੇ ਛੱਡ ਜਾਂਦਾ ਹੈ। ਅੱਧ ਵਿਚਕਾਰ ਭਟਕਦੇ ਹਨ ਬੇਵੱਸ ਮਾਪੇ ਅਤੇ ਅਨਾਥ ਬਚੇ। ਮਦਦ ਦੇ ਨਾਂਅ ’ਤੇ ਨਿਗੂਣਾ ਮੁਆਵਜ਼ਾ। ਫਿਰ ਇਨਸਾਫ ਲਈ ਅਦਾਲਤਾਂ ਵਿੱਚ ਤਾਰੀਖਾਂ ਦੀ ਲੜੀ।

ਡੱਬਵਾਲੀ ਅਗਨੀਕਾਂਡ ਨੇ ਮੈਨੂੰ ਭਾਵੇਂ ਦਿਵਿਆਂਗ ਕਰ ਦਿੱਤਾ, ਪਰ ਮੇਰਾ ਹੌਸਲਾ ਨਾ ਟੁੱਟਿਆ। ਪਿਛਲੇ ਪੱਚੀ ਸਾਲਾਂ ਤੋਂ ਪੱਤਰਕਾਰੀ ਵਿੱਚ ਸਰਗਰਮ ਹਾਂ। ਵੱਡੀ ਟੀਸ ਹੈ ਕਿ ਲੋਕਾਂ ਤੇ ਸਰਕਾਰੀ ਪ੍ਰਬੰਧ ’ਚ ਉਹ ਜਾਗਰੂਕਤਾ ਕਦੇ ਪੈਦਾ ਨਹੀਂ ਹੋਈ, ਜਿਹੜੀ ਇੱਕ ਜਿਊਂਦੇ-ਜਾਗਦੇ ਸਮਾਜ ਵਿੱਚ ਹੋਣੀ ਚਾਹੀਦੀ ਹੈ। ਲੋੜ ਸਿਰਫ਼ ਹਮਦਰਦੀ ਦੀ ਨਹੀਂ, ਬਲਕਿ ਸੁਰੱਖਿਆ ਪ੍ਰਬੰਧਾਂ ਨੂੰ ਸੰਸਕਾਰਾਂ ਵਾਂਗ ਆਤਮਸਾਤ ਕਰਨ ਦੀ ਹੈ। ਸਕੂਲ-ਕਾਲਜਾਂ ਤੋਂ ਲੈ ਕੇ ਪਿੰਡ-ਕਸਬਿਆਂ ਤੱਕ ਅੱਗ ਸੁਰੱਖਿਆ ਦੀ ਕਿਤਾਬੀ ਸਿੱਖਿਆ ਲਾਜ਼ਮੀ ਹੋਵੇ। ਇਮਾਰਤਾਂ, ਵਿਆਹ ਸ਼ਾਦੀਆਂ, ਧਾਰਮਿਕ ਤੇ ਜਨਤਕ ਥਾਵਾਂ ’ਤੇ ਸੁਰੱਖਿਆ ਮਿਆਰਾਂ ਨਾਲ ਕੋਈ ਸਮਝੌਤਾ ਨਾ ਕੀਤੇ ਜਾਵੇ। ਅੱਗ ਬੁਝਾਊ ਵਿਭਾਗ ਆਧੁਨਿਕ ਸਾਜੋ-ਸਾਮਾਨ ਅਤੇ ਪੂਰੇ ਸਟਾਫ ਨਾਲ ਲੈਸ ਹੋਵੇ। ਜ਼ਿੰਮੇਵਾਰਾਂ ’ਤੇ ਕਾਰਵਾਈ ਲਈ ਫਾਸਟ-ਟਰੈਕ ਕਾਰਵਾਈ ਹੋਵੇ, ਤਾਂ ਜੋ ਸਖ਼ਤ ਸਬਕ ਪ੍ਰਣਾਲੀ ਦਾ ਹਿੱਸਾ ਬਣੇ।

ਅਸੀਂ ਡੱਬਵਾਲੀ ਅਗਨੀਕਾਂਡ ਦੇ ਪੀੜਤ ਤਿੰਨ ਦਹਾਕਿਆਂ ਤੋਂ 23 ਦਸੰਬਰ ਨੂੰ ਕੌਮੀ ਅਗਨੀ ਸੁਰੱਖਿਆ ਦਿਵਸ ਐਲਾਨੇ ਜਾਣ ਦੀ ਮੰਗ ਕਰ ਰਹੇ ਹਾਂ। ਇਸ 23 ਦਸੰਬਰ 2025 ਨੂੰ ਵੀ ਅਗਨੀਕਾਂਡ ਦੀ ਬਰਸੀ ਮਨਾਵਾਂਗੇ, ਇਸ ਵਾਰ ਗੋਆ ਹਾਦਸੇ ਦੇ 25 ਮ੍ਰਿਤਕਾਂ ਦਾ ਦਰਦ ਵੀ ਨਾਲ ਹੋਵੇਗਾ। ਪਰ ਉਮੀਦ ਹਾਲੇ ਵੀ ਧੁੰਦਲੀ ਹੈ, ਕਿਉਂਕਿ ਅਸੀਂ ਅੱਜ ਵੀ ਨਹੀਂ ਜਾਗੇ, ਗੂੜ੍ਹੀ ਨੀਂਦ ਵਿੱਚ ਹਾਂ, ਸੁਪਨਿਆਂ ਵਿੱਚ ਗੁਆਚੇ ਹੋਏ ਹਾਂ। ਯਾਦ ਰੱਖੋ, ਸੁਪਨੇ ਪਰੀਆਂ ਤਾਂ ਵਿਖਾ ਸਕਦੇ ਹਨ, ਪਰ ਸਮੱਸਿਆਵਾਂ ਨਾਲ ਲੜਨ ਲਈ ਜਾਗਣਾ ਜ਼ਰੂਰੀ ਹੈ।

ਸੰਪਰਕ: 93178-26100

Advertisement
×