ਸੁਰਖ਼ੀਆਂ ’ਚੋਂ ਬਾਹਰ ਡਿੱਗੀਆਂ ਲਾਸ਼ਾਂ

ਸੁਰਖ਼ੀਆਂ ’ਚੋਂ ਬਾਹਰ ਡਿੱਗੀਆਂ ਲਾਸ਼ਾਂ

ਐੱਸ ਪੀ ਸਿੰਘ*

ਐੱਸ ਪੀ ਸਿੰਘ*

“ਕੋਵਿਡ-19 ਦੀ ਅਨਲੌਕ ਪ੍ਰਕਿਰਿਆ ਹੁਣ ਪੂਰੇ ਦੇਸ਼ ਵਿੱਚ ਸ਼ੁਰੂ ਹੋ ਚੁੱਕੀ ਹੈ। ਫਿਰ ਵੀ ਇਹਨਾਂ ਹਾਲਤਾਂ ਵਿੱਚ ਘਰ ਤੋਂ ਬਾਹਰ ਤਾਂ ਹੀ ਨਿਕਲੋ ਜੇ ਬੇਹੱਦ ਜ਼ਰੂਰੀ ਹੋਵੇ।” ਹਰ ਵਾਰੀ ਕਿਸੇ ਮਿੱਤਰ ਪਿਆਰੇ ਨੂੰ ਫ਼ੋਨ ਕਰਨ ਲਈ ਟੈਲੀਫੋਨ ਚੁੱਕਦਾ ਹਾਂ ਤਾਂ ਫ਼ਿਕਰਮੰਦੀ ਨਾਲ ਲਬਰੇਜ਼ ਭਾਰਤ ਸਰਕਾਰ ਦੀ ਇਹ ਨੁਮਾਇੰਦਾ ਆਵਾਜ਼ ਸਤਿ ਸ੍ਰੀ ਅਕਾਲ ਕਹਿ ਮੈਨੂੰ ਲੋਕਹਿੱਤ ਵਿੱਚ ਹਦਾਇਤ ਕਰਦੀ ਹੈ- “ਚੇਤੇ ਰੱਖੋ, ਛੋਟੀ ਜਿਹੀ ਲਾਪ੍ਰਵਾਹੀ ਵੀ ਭਾਰੀ ਪੈ ਸਕਦੀ ਹੈ।” ਇੱਕ ਦਿਨ ਬਦੋਬਦੀ ਮੇਰੇ ਮੂੰਹੋਂ ਨਿਕਲ ਗਿਆ ਕਿ ਜੀ, ਮੈਂ ਤਾਂ ਬੱਸ ਫ਼ੋਨ ਹੀ ਕਰਨਾ ਸੀ, ਫਿਰ ਧਿਆਨ ਆਇਆ ਕਿ ਬੀਬੀ ਤਾਂ ਭਾਰਤ ਸਰਕਾਰ ਸੀ- ਸਿਰਫ਼ ਉਧਰੋਂ ਬੋਲਦੀ ਹੈ, ਇਧਰੋਂ ਕੁਝ ਨਹੀਂ ਸੁਣਦੀ।

ਖ਼ੈਰ, ਜਦੋਂ ਬਾਹਰ ਆਉਣਾ-ਜਾਣਾ ਘੱਟ ਗਿਆ ਹੋਵੇ ਤਾਂ ਕੁੱਲ ਦੁਨੀਆਂ ਨਾਲ ਤੁਹਾਡੇ ਵਾਸਤੇ ਦਾ ਪੁਲ ਅਖ਼ਬਾਰ ਜਾਂ ਟੀਵੀ ਹੀ ਬਚਦਾ ਹੈ। ਇਸ ਕਾਲਮ ਤੱਕ ਪੁੱਜਦਾ ਵਿਰਲਾ-ਟਾਵਾਂ ਬੁੱਧੀਜੀਵੀ ਫਿਟਕਾਰ ਨਾ ਪਾਵੇ ਕਿ ਉਹਦਾ ਤਾਂ ਕਮਰਾ ਕਿਤਾਬਾਂ ਨਾਲ ਭਰਿਆ ਹੈ; ਨਾਲੇ ਇੰਟਰਨੈੱਟ ’ਤੇ ਦੁਨੀਆਂ ਭਰ ਦੀ ਅਕਲ ਦੇ ਭੰਡਾਰੇ ਖੁੱਲ੍ਹੇ ਹੋਏ ਹਨ, ਜਿੰਨੀਆਂ ਮਰਜ਼ੀ ਮੁੱਠੀਆਂ ਭਰ ਲਵੋ; ਅਤੇ ਫਿਰ ਸ਼ਾਮ ਨੂੰ ਸਾਡੇ ਘਰ ਇੱਕ ਮਸੀਹਾ ਐਂਕਰ ਵੀ ਤਾਂ ਆਉਂਦਾ ਹੈ ਜਿਹੜਾ ਹਮੇਸ਼ਾਂ ਸਹੀ ਤੇ ਲੋਕ-ਸਰੋਕਾਰੀ ਬਾਤ ਪਾਉਂਦਾ ਹੈ; ਅਸੀਂ ਤਾਂ ਸਿਰਫ਼ ਉਹਦੀ ਸੁਣਦੇ ਹਾਂ। ਤੁਸੀਂ ਠੀਕ ਕਹਿ ਰਹੇ ਹੋ ਪਰ ਇਹ ਤਾਂ ਕਾਲਮ ਹੀ ਤੁਹਾਡੇ ਲਈ ਨਹੀਂ ਲਿਖਿਆ ਹੁੰਦਾ। ਮੈਂ ਤਾਂ ਵੱਧ ਤੋਂ ਵੱਧ ਪੌਣੇ-ਪੰਦਰਾਂ ਕਲਾਂ ਸੰਪੂਰਨ ਪਾਠਕਾਂ ਨੂੰ ਹੀ ਮੁਖਾਤਬ ਹਾਂ ਜਿਨ੍ਹਾਂ ਦੀ ਦੇਸ਼ ਦੁਨੀਆਂ ਬਾਰੇ ਸੂਚਨਾ, ਸਮਝ ਤੇ ਮੁਤਾਲਿਆ ਦੀ ਹੱਦ ਅਕਸਰ ਅਖ਼ਬਾਰਾਂ, ਟੀਵੀ ਅਤੇ ਡਾਟਾ ਦੀਆਂ ਸਸਤੀਆਂ ਦਰਾਂ ਤੈਅ ਕਰਦੀਆਂ ਹਨ। ਸੋਲਾਂ ਕਲਾਵਾਂ ਵਾਲੇ ਸੋਸ਼ਲ ਮੀਡੀਆ ’ਤੇ ਘਮਸਾਨ ਦਾ ਯੁੱਧ ਕਰਦੇ ਬੁੱਧੀਜੀਵੀ ਤਾਂ ਮੇਰੇ ਪੀਰ-ਮੁਰਸ਼ਦ ਹਨ।

ਪਿਛਲੇ ਕੁਝ ਹਫ਼ਤਿਆਂ ਤੋਂ ਟੀਵੀ ਅਤੇ ਅਖ਼ਬਾਰਾਂ ਇੱਕ ਹਰਮਨ ਪਿਆਰੇ ਅਦਾਕਾਰ ਦੀ ਭੇਤਭਰੀ ਮੌਤ ਨਾਲ ਜਿਸ ਸ਼ਿੱਦਤ ਨਾਲ ਨਜਿੱਠ ਰਹੇ ਹਨ, ਉਹਦੇ ਤੋਂ ਇਹ ਭਰੋਸਾ ਤਾਂ ਬੱਝਦਾ ਹੈ ਕਿ ਇੱਕ ਵਾਰੀ ਮਾਮਲਾ ਧਿਆਨ ਗੋਚਰੇ ਆ ਜਾਵੇ ਤਾਂ ਸਾਡਾ ਮੀਡੀਆ ਪੁਲੀਸ ਜਾਂ ਵਾਇਰਸ ਤੋਂ ਬੇਪ੍ਰਵਾਹ ਅਤੇ ਨੈਤਿਕ ਕਦਰਾਂ ਦੀ ਜਕੜ ’ਚੋਂ ਨਿਕਲ ਹਰ ਘੜੀ ਨੂੰ ਪ੍ਰਾਈਮ-ਟਾਈਮ, ਹਰ ਨੁਕਤੇ ਨੂੰ ਬ੍ਰੇਕਿੰਗ ਨਿਊਜ਼ ਬਣਾਉਣ ਦੀ ਸਲਾਹੀਅਤ ਰੱਖਦਾ ਹੈ। ਸੀਨ-ਕਾਫ਼ ਤਾਂ ਛੱਡੋ, ਭਾਵੇਂ ਸਾਰੇ ਹਿੱਜੇ ਬਿਖਰ ਜਾਣ, ਤੁਹਾਨੂੰ ਪਲ-ਪਲ ਖ਼ਬਰਦਾਰ ਰੱਖਦਾ ਹੈ।

ਮੁਸ਼ਕਿਲ ਸਿਰਫ਼ ਏਨੀ ਹੈ ਕਿ ਸਾਡੇ ਮੀਡੀਏ ਦੇ ਫ਼ਿਕਰ ਦਾ ਬਿੰਦੂ ਅਜੇ ਉਹ ਮਸਲਾ ਨਹੀਂ ਬਣਿਆ ਜਿਸ ਬਾਰੇ ਫ਼ਿਕਰ-ਲਬਰੇਜ਼ ਆਵਾਜ਼ ਹਰ ਵਾਰੀ ਟੈਲੀਫੋਨ ਕਰਨ ਲੱਗਿਆਂ ਮੈਨੂੰ ਆਗਾਹ ਕਰਦੀ ਹੈ- “ਚੇਤੇ ਰੱਖੋ, ਛੋਟੀ ਜਿਹੀ ਲਾਪ੍ਰਵਾਹੀ ਵੀ ਭਾਰੀ ਪੈ ਸਕਦੀ ਹੈ।”

ਜਦੋਂ ਤੁਹਾਨੂੰ ਆਗਾਹ ਰੱਖਣ ਦੀ ਜ਼ਿੰਮੇਵਾਰੀ ਚੁੱਕਣ ਵਾਲਾ ਮੀਡੀਆ ਤੁਹਾਡੇ ਲਈ ਜ਼ਿੰਦਗੀ ਮੌਤ ਜਿੰਨੇ ਮਹੱਤਵਪੂਰਨ ਵਿਸ਼ੇ ਬਾਰੇ ਗੱਲ ਨਾ ਕਰੇ ਪਰ ਸਵੇਰ ਸ਼ਾਮ ਕਿਸੇ ਮਹਾਂਨਗਰ ਵਿੱਚ ਬੰਗਲਿਆਂ ਦੇ ਬਾਹਰ ਘਾਤ ਲਗਾ ਜਾਂ ਕਾਰਾਂ ਪਿੱਛੇ ਭੱਜਦਾ ਜੰਗ ਲੜ ਰਿਹਾ ਹੋਵੇ ਤਾਂ ਸਮਝ ਲੈਣਾ ਕਿ ਇਹਦੇ ਪਿੱਛੇ ਮਿਹਨਤ ਵੀ ਹੈ, ਮਨੋਰਥ ਵੀ। ਅਖ਼ਬਾਰ ਵਿੱਚ ਜਦੋਂ ਜਗ੍ਹਾ ਨੂੰ, ਟੀਵੀ ’ਤੇ ਜਦੋਂ ਘੰਟੇ ਨੂੰ ਕਤਲ-ਖ਼ੂਨ-ਖੁਦਕੁਸ਼ੀ-ਨਸ਼ਾ-ਤਸਕਰੀ ਬਾਰੇ ਜਿਹਾਦੀ ਬਹਿਸ ਨਾਲ ਭਰਿਆ ਜਾਂਦਾ ਹੈ, ਤਾਂ ਉਹ ਸੁਰਖ਼ੀ ਤੇ ਬਹਿਸ ਮਨਫ਼ੀ ਹੁੰਦੀ ਜਾਂਦੀ ਹੈ ਕਿ ਲੋਕ ਬਿਮਾਰ ਹੋ ਸਕਦੇ ਹਨ, ਹਸਪਤਾਲਾਂ ਜਾਂ ਸਹੂਲਤਾਂ ਤੋਂ ਵਾਂਝੇ ਰਹਿ ਸਕਦੇ ਹਨ, ਵੈਂਟੀਲੇਟਰਾਂ ਨਾਲ ਲਟਕ ਸਕਦੇ ਹਨ, ਲਾਸ਼ਾਂ ਵਿੱਚ ਤਬਦੀਲ ਹੋ ਸਕਦੇ ਹਨ, ਅਤੇ ਫਿਰ ਹਿੰਦਸਾ ਬਣ ਅਖ਼ਬਾਰ ਵਿੱਚ ਚਾਰ-ਇੰਚੀ ਡੱਬੀ ਵਿੱਚ ਨਿੱਤ ਛਪਦੇ ਅੰਕੜੇ ਦਾ ਸ਼ਿੰਗਾਰ ਹੋ ਸਕਦੇ ਹਨ। ਜੋ ਕੁਝ ਟੀਵੀ ਉੱਤੇ ਅਤੇ ਹਾਲੇ ਪੌਣੇ-ਪੰਦਰਾਂ ਕਲਾਂ ਤੱਕ ਨੂੰ ਪੁੱਜਿਆਂ ਨੂੰ ਪਰੋਸਿਆ ਜਾ ਰਿਹਾ ਹੈ, ਉਹਦੇ ਵਿੱਚ ਮਿਹਨਤ ਤਾਂ ਸਪੱਸ਼ਟ ਦਿਸ ਰਹੀ ਹੈ, ਪਰ ਮਨੋਰਥ ਤੁਹਾਥੋਂ ਭੁੱਲਾ ਹੈ?

ਵਿਸ਼ਵਾਸ ਕਰੋ ਕਿ ਜੇ ਉਸ ਸੋਹਣੇ-ਸੁਨੱਖੇ ਅਦਾਕਾਰ ਨੇ ਮੁਬਾਇਨਾ ਨਸ਼ਾ ਨਾ ਵੀ ਕੀਤਾ ਹੁੰਦਾ, ਪੱਖੇ ਨਾਲ ਨਾ ਵੀ ਲਟਕਿਆ ਹੁੰਦਾ ਤਾਂ ਵੀ ਮਿਹਨਤਖ਼ੌਰ (ਮਿਹਨਤਕਸ਼ ਨਹੀਂ) ਮੀਡੀਆ ਨੇ ਕੋਈ ਹੋਰ ਜਿਹਾਦ ਲੱਭ ਲੈਣਾ ਸੀ, ਕਿਉਂਜੋ ਇਹਨੂੰ ਭਲੀਭਾਂਤ ਇਹ ਪਤਾ ਹੈ ਕਿ ਥੋੜ੍ਹੀ ਜਿਹੀ ਲਾਪ੍ਰਵਾਹੀ ਵੀ ਭਾਰੀ ਪੈ ਸਕਦੀ ਹੈ, ਸੋ ਇਹਨੇ ਸੁਰਖ਼ੀਆਂ ਦਾ ਨਿਰੰਤਰ ਪ੍ਰਵਾਹ ਜਾਰੀ ਰੱਖਣਾ ਹੈ।

ਸਾਡਾ ਸਵੈ-ਰੱਖਿਆਤਮਕ ਬਚਾਅ ਵਾਲਾ ਪੈਂਤੜਾ ਇਹੀ ਹੋ ਸਕਦਾ ਹੈ ਕਿ ਅਸੀਂ ਅਣਛਪੀਆਂ ਸੁਰਖੀਆਂ ਪੜ੍ਹਨ ਦੀ ਕਲਾ ਸਿੱਖੀਏ। ਉਹਨਾਂ ਤੱਥਾਂ, ਸੂਚਨਾਵਾਂ, ਲਿਖਤਾਂ, ਖੋਜਾਂ ਨਾਲ ਵਾਬਸਤਾ ਰਹੀਏ ਜਿਨ੍ਹਾਂ ਬਾਰੇ ਕਿਸੇ ਕੁਰਸੀ ਤੋਂ ਉੱਛਲਦੇ, ਕੈਮਰੇ ਵੱਲ ਲਪਕਦੇ ਐਂਕਰ ਨੇ ਤੁਹਾਨੂੰ ਨਹੀਂ ਦੱਸਣਾ ਕਿ ਧਿਆਨ ਧਰੋ, ਕਿਉਂਜੋ ਥੋੜ੍ਹੀ ਜਿਹੀ ਲਾਪ੍ਰਵਾਹੀ ਵੀ ਭਾਰੀ ਪੈ ਸਕਦੀ ਹੈ।

ਕਰੋਨਾ ਦੇ ਇਹਤਰਾਮ ਵਿੱਚ ਤਿੰਨ-ਫੁੱਟੇ ਡੰਡੇ ਉੱਤੇ ਬੰਨ੍ਹੇ ਮਾਈਕ ਨੂੰ ਫੜੀ ਸਾਹੋ-ਸਾਹ ਹੋਏ ਕਿਸੇ ਪੱਤਰਕਾਰ ਨੇ ਅਜੇ ਇਹ ਬ੍ਰੇਕਿੰਗ ਨਿਊਜ਼ ਨਹੀਂ ਦਿੱਤੀ ਕਿ ਸੰਯੁਕਤ ਰਾਸ਼ਟਰ ਦੇ ਵਰਲਡ ਫੂਡ ਪ੍ਰੋਗਰਾਮ ਦੀ ਹੁਣੇ ਜਨਤਕ ਹੋਈ ਰਿਪੋਰਟ ਵਿੱਚ ਇਹ ਇੰਕਸ਼ਾਫ਼ ਕੀਤਾ ਗਿਆ ਹੈ ਕਿ ਕਰੋਨਾ ਕਾਰਨ ਦੁਨੀਆਂ ਵਿੱਚ ਭੁੱਖਮਰੀ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਦੁੱਗਣੀ ਹੋਣ ਜਾ ਰਹੀ ਹੈ। ਹੁਣ ਕੋਈ 26.5 ਕਰੋੜ ਲੋਕ ਭੁੱਖ ਨਾਲ ਮਰ ਸਕਦੇ ਹਨ। ਇਹ ਲਾਸ਼ਾਂ ਤੁਹਾਡੀ ਅਖ਼ਬਾਰ ਦੀ ਚਾਰ-ਇੰਚੀ ਕਰੋਨਾ ਅੰਕੜਿਆਂ ਵਾਲੀ ਡੱਬੀ ਵਿੱਚ ਨਹੀਂ ਡਿੱਗਣਗੀਆਂ।

ਦੁਨੀਆਂ ਵਿੱਚ ਬੜੇ ਕਾਬਿਲੇ-ਇਹਤਰਾਮ ਮੈਡੀਕਲ ਜਰੀਦੇ, The Lancet, ਦਾ ਹੁਣੇ ਹੁਣੇ ਕੀਤਾ ਇਹ ਇੰਕਸ਼ਾਫ਼ ਵੀ ਐਂਕਰ ਦੀ ਬ੍ਰੇਕਿੰਗ ਨਿਊਜ਼ ਭਾਂਪ ਲੈਣ ਵਾਲੀ ਅੱਖ ਤੋਂ ਪ੍ਰੋਖੇ ਹੀ ਰਹਿ ਗਿਆ ਹੈ ਕਿ ਕਰੋਨਾ ਕਾਰਨ ਉਪਜੀ ਭੋਜਨ ਅਸੁਰੱਖਿਆ (food insecurity) ਕਰਕੇ ਪੰਜ ਸਾਲ ਦੀ ਉਮਰ ਤੋਂ ਪਹਿਲਾਂ ਹੀ ਸੋਕੜੇ (wasting) ਦਾ ਸ਼ਿਕਾਰ ਹੋ ਜਾਣ ਵਾਲੇ ਬੱਚਿਆਂ ਦੀ ਗਿਣਤੀ ਕੋਈ 14 ਫ਼ੀਸਦ ਵਧਣ ਜਾ ਰਹੀ ਹੈ। ਇਸ ਅੰਕੜੇ ਵਿੱਚ 70 ਲੱਖ ਲਾਸ਼ਾਂ ਦੀ ਸੰਭਾਵਨਾ ਲੁਕੀ ਹੋਈ ਹੈ ਪਰ ਮਸਲਾ ਅਜੇ ਸੁਰਖ਼ੀ ਨਹੀਂ ਬਣਿਆ।

ਯੂਨੀਸੈੱਫ ਦਾ ਕਹਿਣਾ ਹੈ ਕਿ ਵਾਇਰਸ-ਰੋਕੂ ਲੌਕਡਾਊਨ ਕਰਕੇ ਗਰੀਬ ਦੇਸ਼ਾਂ ਦੇ ਕੋਈ 25 ਕਰੋੜ ਬੱਚੇ ਆਪਣੇ ਵਿਟਾਮਿਨ-ਏ ਵਾਲੇ ਸ਼ੈਡਿਊਲਡ ਸਪਲੀਮੈਂਟ ਤੋਂ ਵਾਂਝੇ ਰਹਿ ਗਏ। ਸਾਥੋਂ ਨਿੱਤ ਹਕੂਮਤੀ ਮਾਨਤਾ-ਪ੍ਰਾਪਤ ਗਾਲ੍ਹਾਂ ਖਾਂਦੇ ਪਾਕਿਸਤਾਨ ਨੇ ਕਰੋਨਾ ਕਾਰਨ ਆਪਣੀ ਪੋਲੀਓ ਬੂੰਦਾਂ ਵਾਲੀ ਮੁਹਿੰਮ ਰੋਕ ਛੱਡੀ ਸੀ ਜਿਸ ਕਾਰਨ ਕੋਈ ਚਾਰ ਕਰੋੜ ਬੱਚੇ ਵਿਗਿਆਨ ਦੀ ਇਸ ਦਾਤ ਤੋਂ ਵਾਂਝੇ ਰਹਿ ਗਏ। ਵਰਲਡ ਬੈਂਕ ਅਨੁਸਾਰ ਦੁਨੀਆ ਦੇ ਸ਼ਾਇਦ ਸਭ ਤੋਂ ਗ਼ਰੀਬ ਮੁਲਕ, ਦੱਖਣੀ ਸੁਡਾਨ, ਜਿਸ ਦੀ 80 ਫ਼ੀਸਦ ਆਬਾਦੀ ਗਰੀਬੀ ਰੇਖਾ ਤੋਂ ਥੱਲੇ ਰਹਿੰਦੀ ਹੈ, ਵਿੱਚ ਕਰੋਨਾ ਤੋਂ ਬਾਅਦ ਅਧਿਆਪਕ ਦੀ ਤਨਖਾਹ ਘੱਟ ਕੇ ਸੌਵਾਂ ਹਿੱਸਾ ਰਹਿ ਗਈ ਹੈ। 100 ਡਾਲਰ ਮਹੀਨਾ ਤਨਖ਼ਾਹ ਲੈਂਦਾ ਅਧਿਆਪਕ ਹੁਣ ਇਕ ਡਾਲਰ ਤਨਖ਼ਾਹ ’ਤੇ ਕੰਮ ਕਰ ਰਿਹਾ ਹੈ। ਨਤੀਜੇ ਵਜੋਂ ਅਧਿਆਪਕਾਂ ਤੇ ਕੁਪੋਸ਼ਣ ਦਾ ਸ਼ਿਕਾਰ ਵਿਦਿਆਰਥੀਆਂ ਦੀਆਂ ਲਾਸ਼ਾਂ ਵਿੱਚ ਕਿੰਨਾ ਇਜ਼ਾਫਾ ਹੋਇਆ ਹੋਵੇਗਾ; ਜਾਂ ਕੀਨੀਆ ਜਾਂ ਯੂਗਾਂਡਾ ਵਿੱਚ ਬੇਤਹਾਸ਼ਾ ਰਫ਼ਤਾਰ ਨਾਲ ਆਮਦਨ ਡਿੱਗਣ ਨਾਲ ਦਵਾਈਆਂ ਉੱਤੇ ਨਿਰਭਰ ਮਰੀਜ਼ਾਂ ਨੂੰ ਕੀ ਫ਼ਰਕ ਪਿਆ ਹੋਵੇਗਾ, ਇਹ ਅੰਦਾਜ਼ੇ ਤੁਸਾਂ ਆਪੇ ਲਾਵਣੇ ਨੇ। ਸਾਡੇ ਪੱਤਰਕਾਰ ਅਤੇ ਐਂਕਰ ਬਿਹਾਰ ਦੇ ਜਿਗਰ ਦੇ ਟੁਕੜੇ ਲਈ ਇਨਸਾਫ਼ ਭਾਲਦੇ ਮਸਰੂਫ਼ ਨੇ ਕਿਉਂਕਿ ਛੋਟੀ ਜਿਹੀ ਲਾਪ੍ਰਵਾਹੀ ਵੀ ਭਾਰੀ ਪੈ ਸਕਦੀ ਹੈ।

ਜੇ ਤੁਹਾਨੂੰ ਜਾਪਦਾ ਹੈ ਕਿ ਇਹ ਸਾਰੀਆਂ ਲਾਸ਼ਾਂ ਜਾਂ ਸੋਕੜੇ, ਕੁਪੋਸ਼ਣ ਅਤੇ ਭੁੱਖਮਰੀ ਦਾ ਸਾਹਮਣਾ ਕਰਦੇ ਉਹ ਜਿਹੜੇ ਹਫ਼ਤਿਆਂ, ਮਹੀਨਿਆਂ ਜਾਂ ਸਾਲਾਂ ਵਿੱਚ ਲਾਸ਼ਾਂ ਬਣ ਜਾਣਗੇ, ਸਾਥੋਂ ਹਾਲੇ ਬੜੀ ਦੂਰ ਨੇ; ਅਜੇ ਸਾਡੇ ਵਿਹੜੇ ਉਹਨਾਂ ਗਲਦੀਆਂ ਲੋਥਾਂ ਦੀ ਬੋਅ ਨਹੀਂ ਆ ਰਹੀ ਤਾਂ ਤੁਸੀਂ ਆਪਣਿਆਂ ਦੀਆਂ ਲਾਸ਼ਾਂ ਦਾ ਧਿਆਨ ਧਰੋ। ਪਹਿਲੋਂ ਹੀ ਵਿਗੜੇ, ਚਰਮਰਾਏ ਸਿਹਤ-ਤੰਤਰ ਦੀਆਂ ਆਮ ਅਤੇ ਅਤਿ-ਜ਼ਰੂਰੀ (critical) ਸੇਵਾਵਾਂ ਨੂੰ ਕਰੋਨਾ-ਸਮਿਆਂ ਵਿੱਚ ਲਕਵਾ ਮਾਰ ਗਿਆ ਹੈ। ਸਿਹਤ ਮੰਤਰਾਲੇ ਦੇ ਹਕੂਮਤੀ ਅੰਕੜਿਆਂ ਅਨੁਸਾਰ ਕੋਈ ਦਸ ਲੱਖ ਬੱਚੇ ਜ਼ਰੂਰੀ ਟੀਕਾਕਰਨ ਤੋਂ ਵਾਂਝੇ ਰਹਿ ਗਏ ਹਨ। ਹਸਪਤਾਲਾਂ ਵਿੱਚ ਹੋਣ ਵਾਲੇ ਜਣੇਪਿਆਂ ਵਿੱਚ ਭਾਰੀ ਕਮੀ ਆਈ ਹੈ। ਕੈਂਸਰ ਲਈ outpatient critical care 60 ਫ਼ੀਸਦ ਡਿੱਗ ਗਈ ਹੈ। ਇਹਨਾਂ ਸਾਰੇ ਤੱਥਾਂ ਵਿੱਚੋਂ ਅੱਜ ਸੁਰਖ਼ੀਆਂ ਨਿਕਲਣ ਜਾਂ ਨਾ ਪਰ ਕੱਲ, ਪਰਸੋਂ ਜਾਂ ਜਦੋਂ ਅਸੀਂ ਭੁੱਲ ਜਾਵਾਂਗੇ, ਬੜੀਆਂ ਲਾਸ਼ਾਂ ਨਿਕਲਣੀਆਂ ਹਨ। ਇਸ ਲਈ ਇਹ ਅਣਛਪੀਆਂ ਸੁਰਖ਼ੀਆਂ ਪੜ੍ਹਨ ਦੀ ਕਲਾ ਅਸਾਂ ਆਪ ਸਿੱਖਣੀ ਹੈ।

ਵੈਸੇ ਲਾਸ਼ਾਂ ਬਹੁਤੀ ਦੂਰ ਨਹੀਂ ਹਨ। ਭਾਰਤ ਵਿੱਚ 27 ਲੱਖ ਲੋਕ, ਦੁਨੀਆ ਵਿੱਚ ਸਭ ਤੋਂ ਵਧੇਰੇ, ਟੀਬੀ (tuberculosis) ਦੇ ਮਰੀਜ਼ ਹਨ। ਹਰ ਸਾਲ 4.21 ਲੱਖ ਲੋਕ ਇਸ ਬਿਮਾਰੀ ਨਾਲ ਮਰਦੇ ਹਨ। ਸਰਕਾਰੀ ਅੰਕੜੇ ਅਨੁਸਾਰ ਸਿਰਫ਼ ਅਪਰੈਲ ਦੇ ਮਹੀਨੇ ਹੀ 10 ਲੱਖ ਬੱਚਿਆਂ ਨੂੰ ਬੀਸੀਜੀ (BCG) ਟੀਕਾ ਨਹੀਂ ਮਿਲ ਸਕਿਆ ਜਿਹੜਾ ਟੀਬੀ ਤੋਂ ਬਚਾਉਂਦਾ ਹੈ। ਮੁੰਬਈ ਦੇ ਪੀ.ਡੀ.ਹਿੰਦੂਜਾ ਹਸਪਤਾਲ ਅਤੇ ਮੈਡੀਕਲ ਰਿਸਰਚ ਸੈਂਟਰ ਦੇ ਸਾਹ ਨਾਲ ਸਬੰਧਿਤ ਬਿਮਾਰੀਆਂ ਦੇ ਡਾਕਟਰ ਜ਼ਰੀਰ ਉਡਵਾਡੀਆ (Zarir Udwadia) ਦੀ ਹੁਣੇ ਆਈ ਨਵੀਂ ਖੋਜ ਅਨੁਸਾਰ ਕਰੋਨਾ ਕਾਰਨ ਦੇਖਭਾਲ ਅਤੇ ਟੀਕਾਕਰਨ ਵਿੱਚ ਪਏ ਖੱਪੇ ਕਾਰਨ 2025 ਤੱਕ ਟੀਬੀ ਮਰੀਜ਼ਾਂ ਦੀ ਗਿਣਤੀ ਵਿੱਚ 63 ਲੱਖ ਦਾ ਮਜੀਦ ਇਜ਼ਾਫ਼ਾ ਹੋਵੇਗਾ, ਅਤੇ 14 ਲੱਖ ਵਧੇਰੇ ਲਾਸ਼ਾਂ ਸੰਭਾਲਣੀਆਂ ਪੈਣਗੀਆਂ।

ਇਹ ਸਾਰੀਆਂ ਲਾਸ਼ਾਂ ਸੁਰਖ਼ੀਆਂ ਅਤੇ ਅੰਕੜਿਆਂ ਵਾਲੀ ਚਾਰ-ਇੰਚੀ ਡੱਬੀ ਤੋਂ ਬਾਹਰ ਹਨ, ਪਰ ਸੜ੍ਹਾਂਦ ਧੁਰ ਅੰਦਰ ਤਕ ਆ ਰਹੀ ਹੈ। ਅਸੀਂ ਇਹਨਾਂ ਸਭਨਾਂ ਭਵਿੱਖੀ ਲਾਸ਼ਾਂ ਦੇ ਢੇਰ ’ਤੇ ਬੈਠ ਕੇ ਟੀਵੀ ਵੇਖ ਰਹੇ ਹਾਂ। ਪੂਰੇ ਦੇਸ਼ ਵਿੱਚ ਅਨਲੌਕ ਦੀ ਪ੍ਰਕਿਰਿਆ ਜਾਰੀ ਹੋ ਗਈ ਹੈ, ਦਿਮਾਗ਼ਾਂ ਦੇ ਤਾਲੇ ਖੋਲ੍ਹ ਬਾਹਰ ਨਿਕਲ ਪੈਣਾ ਚਾਹੀਦਾ ਹੈ। ਇਹ ਅਤਿ ਜ਼ਰੂਰੀ ਹੈ। ਥੋੜ੍ਹੀ ਜਿਹੀ ਲਾਪ੍ਰਵਾਹੀ ਵੀ ਭਾਰੀ ਪੈ ਸਕਦੀ ਹੈ।

(* ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਆਪ ਘਰੋਂ ਬਾਹਰ ਘੱਟ ਨਿਕਲਦਾ ਹੈ, ਚਿਰਾਂ ਤੋਂ ਲੋਕ ਸਰੋਕਾਰਾਂ ਵਾਲੇ ਧਰਨਿਆਂ ਵਿੱਚ ਨਹੀਂ ਵੇਖਿਆ ਗਿਆ ਪਰ ਘਰੇ ਬੈਠਾ ਲਾਸ਼ਾਂ ਗਿਣਦਾ ਹੈ ਅਤੇ ਗ਼ਾਇਬ ਸੁਰਖ਼ੀਆਂ ਉੱਤੇ ਝੂਰਦਾ ਹੈ।)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All