ਡਾ. ਸ਼ਿਆਮ ਸੁੰਦਰ ਦੀਪਤੀ*
ਕਰੋਨਾ ਮਹਾਮਾਰੀ ਨੂੰ ਦੁਨੀਆਂ ਵਿਚ ਪੈਰ ਰੱਖਿਆਂ ਛੇ ਮਹੀਨੇ ਅਤੇ ਸਾਡੇ ਮੁਲਕ ਵਿਚ ਤਕਰੀਬਨ ਪੰਜ ਮਹੀਨੇ ਹੋ ਗਏ ਹਨ। ਵਾਇਰਸ ਨਾਲ ਫੈਲੀ ਅਤੇ ਫੈਲ ਰਹੀ ਇਸ ਬਿਮਾਰੀ ਬਾਰੇ ਦੁਨੀਆਂ ਭਰ ਦੇ ਸਿਹਤ ਵਿਗਿਆਨੀ ਕਈ ਪੱਖਾਂ ਤੋਂ ਅਧਿਐਨ ਕਰ ਰਹੇ ਹਨ ਤਾਂ ਜੋ ਇਸ ਤੋਂ ਬਚਾਅ ਹੋ ਸਕੇ ਜਾਂ ਇਲਾਜ ਕੱਢਿਆ ਜਾ ਸਕੇ। ਇਸ ਵਕਫੇ਼ ਦੌਰਾਨ ਬਿਮਾਰੀ ਬਾਰੇ ਕਾਫ਼ੀ ਕੁਝ ਸਪਸ਼ਟ ਹੋ ਜਾਣਾ ਚਾਹੀਦਾ ਸੀ ਤੇ ਹੋਇਆ ਵੀ ਹੈ। ਹੁਣ ਤੱਕ ਇਸ ਗੱਲ ਬਾਰੇ ਸਪੱਸ਼ਟਤਾ ਨਾਲ ਕਹਿਣ ਦੀ ਹਾਲਤ ਬਣ ਜਾਣੀ ਚਾਹੀਦੀ ਸੀ ਕਿ ਇਸ ਦਾ ਅਸਲ ਰੁਖ਼ ਕਿਹੋ ਜਿਹਾ ਅਤੇ ਕਿਸ ਦਿਸ਼ਾ ਵਿਚ ਹੋਵੇਗਾ। ਜੋ ਅੱਜ ਸਭ ਤੋਂ ਵੱਡਾ ਸਵਾਲ ਹੈ। ਬਿਮਾਰੀ ਦੀ ਮੌਜੂਦਾ ਹਾਲਤ ਵਿਚ ਕਈ ਦੇਸ਼ਾਂ ਨੇ ਤਾਲਾਬੰਦੀ ਤੋਂ ਪੂਰੀ ਤਰ੍ਹਾਂ ਮੁਕਤੀ ਲੈ ਲਈ ਹੈ ਤੇ ਕਈ ਪੜਾਅਵਾਰ ਇਸ ਪਾਸੇ ਵੱਲ ਵੱਧ ਰਹੇ ਹਨ। ਸਾਡੇ ਦੇਸ਼ ਵਿਚ ਤਾਲਾਬੰਦੀ ਦੀ ਖੁੱਲ੍ਹ ਦਾ ਪਹਿਲਾ ਪੜਾਅ ਚਲ ਰਿਹਾ ਹੈ ਤੇ ਨਾਲ ਹੀ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜੋ ਡਰਾਉਂਦੀ ਵੀ ਹੈ ਤੇ ਭੱਬਲਭੂਸੇ ਵਿਚ ਵੀ ਪਾਉਂਦੀ ਹੈ ਅਤੇ ਸਰਕਾਰ ਦੇ ਇਸ ਫ਼ੈਸਲੇ ਨੂੰ ਸਵਾਲੀਆਂ ਨਜ਼ਰੀਏ ਤੋਂ ਦੇਖਦੀ ਹੈ ਕਿ ਜਦੋਂ ਕੇਸਾਂ ਦੀ ਗਿਣਤੀ 500 ਦੇ ਕਰੀਬ ਸੀ ਤਾਂ ਤਾਲਾਬੰਦੀ ਕਰ ਦਿੱਤੀ ਤੇ ਹੁਣ ਲੱਖਾਂ ਦੀ ਗਿਣਤੀ ਪਹੁੰਚਣ ’ਤੇ ਇਸ ਵਿਚ ਖੋਲ੍ਹ ਦਿੱਤੀ ਹੈ। ਕਰੋਨਾ ਨੂੰ ਲੈ ਕੇ, ਇਸ ਦੀ ਰੋਕਥਾਮ ਦੇ ਮੱਦੇਨਜ਼ਰ, ਪਹਿਲੇ ਦਿਨ ਤੋਂ ਇਹ ਸਮਝ ਬਣੀ ਅਤੇ ਪ੍ਰਚਾਰੀ ਗਈ ਕਿ ਵਾਇਰਸ ਦੇ ਫੈਲਣ ਦੀ ਲੜੀ ਤੋੜਨੀ ਹੈ। ਮਾਸਕ, ਛੇ ਫੁੱਟ ਦੂਰੀ, ਤਾਲਾਬੰਦੀ, ਇਕਾਂਤਵਾਸ ਆਦਿ ਸਭ ਦੇ ਪਿੱਛੇ ਇਹੀ ਧਾਰਨਾ ਸੀ ਪਰ ਸਾਰੀਆਂ ਕੋਸ਼ਿਸ਼ਾਂ ਦੇ ਨਤੀਜੇ ਕਾਰਗਰ ਨਹੀਂ ਨਿਕਲੇ।
ਵਿਗਿਆਨਕ ਸਮਝ ਮੁਤਾਬਕ ਇਹ ਲੜੀ ਤੋੜਨ ਦੇ ਤਿੰਨ ਤਰੀਕੇ ਹਨ:
ਪਹਿਲਾ: ਸਾਰਿਆਂ ਨੂੰ ਹਿਫਾਜ਼ਤੀ ਟੀਕੇ ਲਾ ਦਿੱਤੇ ਜਾਣ ਤਾਂ ਕਿ ਜੇ ਵਾਇਰਸ ਤੁਰਿਆ ਵੀ ਫਿਰੇ ਤਾਂ ਵੀ ਕਿਸੇ ਨੂੰ ਬਿਮਾਰੀ ਨਾ ਹੋਵੇ ਪਰ ਟੀਕਾ ਸਾਡੇ ਕੋਲ ਹੈ ਨਹੀਂ।
ਦੂਸਰਾ: ਕਿਸੇ ਮਰੀਜ਼ ਦੇ ਪਤਾ ਲੱਗਣ ’ਤੇ ਉਸ ਨੂੰ ਇਸ ਤਰ੍ਹਾਂ ਸਾਂਭਿਆ ਜਾਵੇ ਕਿ ਵਾਇਰਸ ਆਪਣੇ ਜੀਵਨ ਦੀਆਂ ਘੜੀਆਂ ਉਸ ਮਰੀਜ਼ ਵਿਚ ਹੀ ਪੂਰੀਆਂ ਕਰ ਲਵੇ ਤੇ ਵਾਇਰਸ ਅਗਾਂਹ ਫੈਲਣ ਦੇ ਯੋਗ ਹੀ ਨਾ ਰਹੇ। ਇਕਾਂਤਵਾਸ ਜਾਂ ਤਾਲਾਬੰਦੀ ਇਸੇ ਕਾਰਜ ਲਈ ਸੀ ਜੋ ਕਾਰਗਰ ਸਾਬਤ ਨਹੀਂ ਹੋਈ।
ਤੀਜਾ: ਕੁਦਰਤੀ ਤੌਰ ’ਤੇ ‘ਹਰਡ ਇਮਿਊਨਿਟੀ’ ਪੈਦਾ ਹੋਣੀ। ਇਕ ਤਰ੍ਹਾਂ ਦੀ ਘੇਰਾਬੰਦੀ, ਇਹ ਤਾਂ ਹੀ ਕਾਰਗਰ ਹੁੰਦੀ ਹੈ, ਜਦੋਂ 80 ਫੀਸਦੀ ਲੋਕਾਂ ਵਿਚ ਵਾਇਰਸ ਚਲਾ ਜਾਵੇ ਤੇ ਸਰੀਰ ਵਿਚ ਐਂਟੀਬਾਡੀਜ਼ ਪੈਦਾ ਹੋ ਜਾਣ। ਜੋ ਮਕਸਦ ਹਿਫ਼ਾਜਤੀ ਟੀਕੇ ਤੋਂ ਪੂਰਾ ਹੋਣਾ ਹੁੰਦਾ ਹੈ, ਉਹ ਇਥੇ ਕੁਦਰਤ ਕਰਦੀ ਹੈ। ਹੁਣ ਅਸੀਂ ਇਸ ਵੱਲ ਵੱਧ ਰਹੇ ਹਾਂ। ਇਹ ਹੁਣ ਕਿੰਨਾ ਸਮਾਂ ਲਵੇਗਾ ਯਕੀਨਨ ਤੌਰ ’ਤੇ ਕੁਝ ਨਹੀਂ ਕਹਿ ਸਕਦੇ।
ਇਹ ਸਮਝ ਇੱਕ ਗੱਲ ਤਾਂ ਸਾਹਮਣੇ ਰੱਖਦੀ ਹੈ ਕਿ 80 ਫੀਸਦੀ ਮਤਲਬ, ਤਕਰੀਬਨ ਸਾਰੇ ਹੀ ਇਸ ਵਾਇਰਸ ਦੀ ਗ੍ਰਿਫ਼ਤ ਵਿਚ ਆਉਣਗੇ ਹੀ, ਇਹ ਡਰ ਵਾਲੀ ਸੂਰਤ ਬਣਦੀ ਹੈ, ਇਸ ਹਾਲਤ ਨੂੰ ਸਮਝ ਨਾਲ, ਨਿਸ਼ਚੇ ਹੀ ਘੱਟ ਕੀਤਾ ਜਾ ਸਕਦਾ ਹੈ ਪਰ ਸਰਕਾਰਾਂ ਅਜਿਹਾ ਖੌ਼ਫ਼ ਬਣਾਈ ਰੱਖਣ ਵਿਚ ਜ਼ਿਆਦਾ ਦਿਲਚਸਪੀ ਲੈਣ ਦੀ ਦਿਸ਼ਾ ਵਿਚ ਹਨ।
ਡਰ ਦਾ ਕਾਰਨ ਹੈ ਬਿਮਾਰੀ ਦੀ ਤਕਲੀਫ਼ ਅਤੇ ਮੌਤ। ਸਾਨੂੰ ਰੋਜ਼ ਅੰਕੜਿਆਂ ਦੇ ਰੂਬਰੂ ਕੀਤਾ ਜਾ ਰਿਹਾ ਹੈ। ਕੁੱਲ ਕੇਸ (ਪਹਿਲੇ ਦਿਨ ਤੋਂ) ਠੀਕ ਹੋ ਗਏ ਕੇਸ, ਉਸ ਦੇ ਆਧਾਰ ’ਤੇ ਠੀਕ ਹੋਣ ਦੀ ਦਰ ਕੱਢੀ ਜਾ ਰਹੀ ਹੈ। ਫਿਰ ਮੌਤਾਂ ਦੀ ਗਿਣਤੀ।
ਡਰ ਨੂੰ ਘੱਟ ਕਰਨ ਲਈ, ਇਹੀ ਆਂਕੜੇ ਕੁਝ ਇਸ ਤਰ੍ਹਾਂ ਵੀ ਪੇਸ਼ ਹੋ ਸਕਦੇ ਹਨ ਤੇ ਵਿਗਿਆਨਕ ਤਰੀਕਾ ਵੀ ਇਹੀ ਹੈ।
- ਇਸ ਸਮੇਂ ਕੁੱਲ ਮਰੀਜ਼, ਜੋ ਇਲਾਜ ਕਰਵਾ ਰਹੇ ਹਨ ਅਤੇ ਉਨ੍ਹਾਂ ਵਿਚ ਵੀ ਜੋ ਮੱਧਮ ਲੱਛਣਾਂ ਵਾਲੇ ਹਨ। ਕੁੱਲ ਮਰੀਜ਼, ਜੋ ਗੰਭੀਰ ਅਵਸਥਾ ਵਿਚ ਹਨ ਤੇ ਆਕਸੀਜਨ ਜਾਂ ਵੈਂਟੀਲੇਟਰ ’ਤੇ ਹਨ।
- ਠੀਕ ਹੋਣ ਦੀ ਦਰ ਵੀ ਭਰਮਾਉਣ ਵਾਲੀ ਹੈ। ਤੁਸੀਂ ਖ਼ੁਦ ਕੋਵਿਡ-19 ਇੰਡੀਆ ਦੀ ਸਾਈਟ ’ਤੇ ਜਾ ਕੇ ਦੇਖੋ, ਕੇਸਾਂ ਦੀ ਗਿਣਤੀ ਅਤੇ ਠੀਕ ਹੋਣ ਵਾਲੇ ਗਰਾਫ਼ ਟੇਢੇ-ਮੇਢੇ, ਕਦੇ ਘੱਟ, ਕਦੇ ਵੱਧ। ਮੌਤ ਦਾ ਗਰਾਫ਼ ਪਹਿਲੇ ਦਿਨ ਤੋਂ ਹੀ ਇਕਸਾਰ ਦਿਸਦਾ ਹੈ। ਮੌਤ ਦਰ ਤਿੰਨ ਫੀਸਦੀ ਦੇ ਨੇੜੇ-ਤੇੜੇ ਹੈ। ਇਸ ਦਾ ਸਾਫ਼ ਅਰਥ ਹੈ ਕਿ ਜੋ ਵੀ ਮਰੀਜ਼ ਹੈ, ਜਿਸ ਦਾ ਟੈਸਟ ਪਾਜ਼ੇਟਿਵ ਹੈ, ਉਨ੍ਹਾਂ ਵਿਚੋਂ 97 ਫੀਸਦੀ ਠੀਕ ਹੋਏ ਹੀ ਹਨ।
- ਇਸ ਤੋਂ ਇਲਾਵਾ ਤਿੰਨ ਫੀਸਦੀ ਮਰਨ ਵਾਲਿਆਂ ਵਿਚ 73% ਉਹ ਹਨ, ਜਿਨ੍ਹਾਂ ਨੂੰ ਕੋਈ ਨਾ ਕੋਈ ਬਿਮਾਰੀ ਪਹਿਲਾਂ ਹੀ ਹੈ ਤੇ ਉਹ 60 ਸਾਲ ਤੋਂ ਵੱਡੀ ਉਮਰ ਦੇ ਹਨ। ਉਂਜ ਤਾਂ ਸ਼ੁਰੂ ਤੋਂ ਹੀ ਕਿਸੇ ਵੀ ਕਦਮ ਨੂੰ ਵਿਗਿਆਨਕ ਵਿਆਖਿਆ ਨਾਲ ਜੋੜ ਕੇ ਨਹੀਂ ਸਮਝਾਇਆ ਗਿਆ, ਕਿ ਉਹ ਇਹ ਤਰੀਕਾ ਕਿਉਂ ਅਪਣਾ ਰਹੇ ਹਨ, ਇਹ ਭਾਵੇਂ 21 ਦਿਨ ਦਾ ਲੌਕਡਾਊਨ ਸੀ, ਭਾਵੇਂ ਦੋ ਗਜ਼ ਦੀ ਦੂਰੀ ਸੀ ਤੇ ਹੁਣ ਤਾਲਾਬੰਦੀ ਤੋਂ ਖੁੱਲ੍ਹ ਕਿਉਂ? ਰਾਤੀਂ 7 ਵਜੇ ਤੋਂ ਸਵੇਰੇ 7 ਵਜੇ ਤੱਕ ਕਰਫਿਊ ਦਾ ਕੀ ਮਕਸਦ ਹੈ? ਹੁਣ ਪੰਜਾਬ ਵਿਚ ਸ਼ਨਿਚਰਵਾਰ-ਐਤਵਾਰ ਨੂੰ ਮੁਕੰਮਲ ਬੰਦ ਦੀ ਕੀ ਵਜ੍ਹਾ ਹੈ? ਕਾਰ ਵਿਚ ਬੈਠਿਆਂ ਲਈ ਮਾਸਕ ਕਿਉਂ?
ਜਦੋਂ ਇਹ ਸਵਾਲ ਉੱਠਦੇ ਹਨ ਤਾਂ ਇਕ ਪਾਸੇ ਲੋਕਾਂ ਵਿਚ ਖੌ਼ਫ਼ ਵੱਧਦਾ ਹੈ, ਦੂਜੇ ਪਾਸੇ ਕੁਝ ਲੋਕ, ਇਸ ਨੂੰ ਮਜ਼ਾਕ ਵਿਚ ਵੀ ਲੈਂਦੇ ਹਨ। ਸਿੱਟੇ ਵਜੋਂ ਜਿੰਨੀ ਕੁ ਸੰਜੀਦਗੀ ਦੀ ਵੀ ਲੋੜ ਹੁੰਦੀ ਹੈ, ਉਹ ਵੀ ਢਿੱਲੀ ਪੈ ਜਾਂਦੀ ਹੈ।
*ਪ੍ਰੋਫੈਸਰ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ।
ਸੰਪਕਰ: 98158-08506