ਖ਼ੁਰਾਕ ਉਤਪਾਦਨ ’ਚ ਪੰਜਾਬੀ ਵਿਗਿਆਨੀਆਂ ਦਾ ਯੋਗਦਾਨ

ਖ਼ੁਰਾਕ ਉਤਪਾਦਨ ’ਚ ਪੰਜਾਬੀ ਵਿਗਿਆਨੀਆਂ ਦਾ ਯੋਗਦਾਨ

ਡਾ. ਗੁਰਦੇਵ ਸਿੰਘ ਖੁਸ਼

ਬਲਦੇਵ ਸਿੰਘ ਢਿੱਲੋਂ* ਤੇ ਸੁਰਿੰਦਰ ਸੰਧੂ**

ਪੰਜਾਬ ਨੂੰ ਸਿਰਫ਼ ਗੁਰੂਆਂ ਪੀਰਾਂ ਦੀ ਧਰਤੀ ਹੀ ਨਹੀਂ ਕਿਹਾ ਜਾਂਦਾ ਬਲਕਿ ਇਸ ਧਰਤੀ ਦੇ ਮਹਾਨ ਸਪੂਤਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਸੰਘਰਸ਼ ਦੇ ਨਾਲ-ਨਾਲ ਦੇਸ਼ ਨੂੰ ਭੁੱਖਮਰੀ ਤੋਂ ਵੀ ਬਚਾਇਆ। ਇਸ ਕਰ ਕੇ ਹੀ ਪੰਜਾਬ ਨੂੰ ਭਾਰਤ ਦਾ ਅੰਨ ਭੰਡਾਰ ਕਿਹਾ ਜਾਂਦਾ ਹੈ। ਦੁਨੀਆਂ ਵਿੱਚ ਲੋਕਾਂ ਨੂੰ ਭੁੱਖਮਰੀ ਤੋਂ ਬਚਾਉਣ ਲਈ 45 ਵਿਗਿਆਨੀਆਂ ਦੀ ਅਹਿਮ ਭੂਮਿਕਾ ਹੈ ਜਿਨ੍ਹਾਂ ਵਿੱਚੋਂ 3 ਪੰਜਾਬੀ ਪਿਛੋਕੜ ਦੇ ਹਨ। ਇਹ ਮਹਾਨ ਸਪੂਤ ਹਨ ਡਾ. ਗੁਰਦੇਵ ਸਿੰਘ ਖੁਸ਼, ਸੁਰਿੰਦਰ ਕੁਮਾਰ ਵਾਸਲ ਅਤੇ ਰਤਨ ਲਾਲ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਵਿਸ਼ਵ ਵਿੱਚ ਖੇਤੀ ਉਪਰ ਨਿਰਭਰਤਾ ਹੀ ਨਹੀਂ ਵਧੀ ਸਗੋਂ ਮਿਆਰੀ ਭੋਜਨ ਦੀਆਂ ਤਕਨੀਕਾਂ ਵੀ ਵਿਕਸਤ ਹੋਈਆਂ ਅਤੇ ਪੰਜਾਬ ਦਾ ਨਾਂ ਵਿਸ਼ਵ ਪੱਧਰ ਉਪਰ ਪ੍ਰਸਿੱਧ ਹੋਇਆ। ਵਿਸ਼ਵ ਪੱਧਰ ’ਤੇ ਮਾਨਵਤਾ ਲਈ ਅਨਾਜ ਪੈਦਾਵਾਰ ਅਤੇ ਮਿਆਰ ਵਿੱਚ ਸੁਧਾਰ ਲਿਆਉਣ ਲਈ ਵਿਗਿਆਨੀਆਂ ਦਾ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨਮਾਨ ਕੀਤਾ ਜਾਂਦਾ ਰਿਹਾ ਹੈ।

ਡਾ. ਸੁਰਿੰਦਰ ਕੁਮਾਰ ਵਾਸਲ

ਡਾ. ਗੁਰਦੇਵ ਸਿੰਘ ਖੁਸ਼ ਜੋ ਦੁਨੀਆਂ ਮੰਨੇ-ਪ੍ਰਮੰਨੇ ਨਸਲ ਸੁਧਾਰਕ ਹਨ, ਨੂੰ ਦੁਨੀਆਂ ਵਿੱਚ ਖ਼ੁਰਾਕ ਉਤਪਾਦਨ ਨਾਲ ਸਬੰਧਿਤ ਡਾ. ਹੈਨਰੀ ਬੀਚਲ ਵਰਗੇ ਮਾਣਮੱਤੇ ਇਨਾਮ ਨਾਲ ਸਨਮਾਨਿਆ ਗਿਆ। ਇਹ ਪ੍ਰਾਪਤੀ ਉਨ੍ਹਾਂ ਨੂੰ ਝੋਨੇ ਦੀਆਂ ਗੁਣਾਂ ਨਾਲ ਭਰਪੂਰ ਨਸਲਾਂ ਵਿਕਸਤ ਕਰਨ ਕਰ ਕੇ ਹੋਈ। ਡਾ. ਖੁਸ਼ ਦਾ ਜਨਮ ਕਿਸਾਨ ਪਰਿਵਾਰ ਵਿੱਚ ਪਿੰਡ ਰੁੜਕੀ ਜ਼ਿਲ੍ਹਾ ਜਲੰਧਰ ਵਿੱਚ ਹੋਇਆ। ਉਨ੍ਹਾਂ ਨੇ ਆਪਣੀ ਪੜ੍ਹਾਈ 1955 ਵਿੱਚ ਖੇਤੀ ਕਾਲਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਕਰਨ ਉਪਰੰਤ 1960 ਵਿੱਚ ਉਚੇਰੀ ਵਿੱਦਿਆ ਅਮਰੀਕਾ ਵਿੱਚ ਡੇਵਿਸ ਯੂਨੀਵਰਸਿਟੀ ਕੈਲੀਫੋਰਨੀਆ ਤੋਂ ਕੀਤੀ। ਇਸ ’ਵਰਸਿਟੀ ਵਿੱਚ 7 ਸਾਲ ਵਿਗਿਆਨੀ ਦੇ ਤੌਰ ’ਤੇ ਸੇਵਾ ਕਰਨ ਤੋਂ ਬਾਅਦ, ਉਨ੍ਹਾਂ ਕੌਮਾਂਤਰੀ ਝੋਨਾ ਖੋਜ ਸੰਸਥਾ ਮਨੀਲ਼ਾ 1967 ਵਿੱਚ ਝੋਨੇ ਦੇ ਨਸਲ-ਸੁਧਾਰਕ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਅਤੇ 1972 ਵਿੱਚ ਸਖ਼ਤ ਮਿਹਨਤ ਸਦਕਾ ਇਸ ਅਦਾਰੇ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ। ਉਹ ਲਗਭਗ ਪੈਂਤੀ ਸਾਲ ਇਸ ਅਹੁਦੇ ’ਤੇ ਰਹੇ। ਇਸ ਸਮੇਂ ਦੌਰਾਨ ਉਨ੍ਹਾਂ ਨੇ ਝੋਨੇ ਦੀਆਂ ਬਹੁਤ ਕਿਸਮਾਂ ਵਿਕਸਤ ਕੀਤੀਆਂ ਜਿਨ੍ਹਾਂ ਵਿੱਚ ਵੱਧ ਝਾੜ, ਚੰਗੀ ਗੁਣਵੱਤਾ, ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਪ੍ਰਤੀ ਸ਼ਹਿਣਸ਼ੀਲਤਾ ਵਰਗੇ ਗੁਣ ਸਨ। ਇਹ ਕਿਸਮਾਂ ਦੁਨੀਆਂ ਦੇ 60 ਫ਼ੀਸਦੀ ਰਕਬੇ ਉੱਪਰ ਬੀਜੀਆਂ ਗਈਆਂ। ਇਸ ਤਰ੍ਹਾਂ ਹੀ ਉਨ੍ਹਾਂ ਵੱਲੋਂ ਵਿਕਸਤ ਕੀਤੀ ਝੋਨੇ ਦੀ ਕਿਸਮ ਆਈਆਰ 85 ਦੀ ਵਿਸ਼ਵ ਪੱਧਰ ਉੱਪਰ ਬਹੁਤ ਪ੍ਰਸਿੱਧ ਹੋਈ। 1990 ਤੱਕ ਇਸ ਦੀ ਕਾਸ਼ਤ ਇੱਕ ਕਰੋੜ ਹੈਕਟੇਅਰ ਤੱਕ ਪਹੁੰਚ ਗਈ। ਉਨ੍ਹਾਂ ਝੋਨੇ ਦਾ ਨਸਲ ਸੁਧਾਰ ਕਰ ਕੇ ਮਧਰੀਆਂ ਅਤੇ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਵਿਕਸਤ ਕੀਤੀਆਂ ਜੋ ਵੱਧ ਖ਼ੁਰਾਕੀ ਤੱਤਾਂ ਲਈ ਅਨੁਕੂਲ ਸਨ ਜਿਸ ਸਦਕਾ ਦੁਨੀਆਂ ਭਰ ਵਿੱਚ ਝੋਨੇ ਦੀ ਪੈਦਾਵਾਰ ’ਚ ਬਹੁਤ ਵਾਧਾ ਹੋਇਆ। ਇਸ ਯੋਗਦਾਨ ਲਈ ਉਨ੍ਹਾਂ ਨੂੰ ਵੱਕਾਰੀ ਸਨਮਾਨ ਹਾਸਲ ਹੋਏ।

ਡਾ. ਰਤਨ ਲਾਲ

ਡਾ. ਸੁਰਿੰਦਰ ਕੁਮਾਰ ਵਾਸਲ ਅਤੇ ਡਾ. ਇਵਾਨਗੀਲਿਨਾ ਵਿਲਾਗਾਸ, ਨੇ ਸੰਸਾਰ ਦੇ ਗ਼ਰੀਬ ਬੱਚਿਆਂ ਦੀ ਖਾਧ-ਖ਼ੁਰਾਕ ਲਈ ਮੈਕਸਿਕੋ ਵਿਚ ਮੱਕੀ ਦੀ ਪ੍ਰੋਟੀਨ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ। ਉਨ੍ਹਾਂ ਦੀ ਖੋਜ ਸਦਕਾ ਸੰਨ 2000 ’ਚ ‘ਮਿਲੇਨੀਅਮ ਵਲਰਡ ਫੂਡ ਪ੍ਰਾਈਜ਼’ ਨਾਲ ਸਨਮਾਨਿਆ ਗਿਆ। ਡਾ. ਵਾਸਲ ਦਾ ਜਨਮ 1938 ਵਿੱਚ ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ। ਉਨ੍ਹਾਂ 1957 ਵਿੱਚ ਬੀਐੱਸਸੀ (ਖੇਤੀਬਾੜੀ) ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ ਅਤੇ ਪੀਐਚਡੀ ਭਾਰਤੀ ਖੇਤੀ ਖੋਜ ਸੰਸਥਾ, ਦਿੱਲੀ ਤੋਂ 1966 ਵਿੱਚ ਕੀਤੀ। ਇਸ ਉਪਰੰਤ ਕੁਝ ਸਮਾਂ ਖੇਤੀ ਵਿਭਾਗ, ਹਿਮਾਚਲ ਪ੍ਰਦੇਸ਼ ਵਿੱਚ ਸੇਵਾ ਨਿਭਾਉਣ ਤੋਂ ਬਾਅਦ 1970 ਵਿੱਚ ਕੌਮਾਂਤਰੀ ਕਣਕ-ਮੱਕੀ ਸੁਧਾਰ ਕੇਂਦਰ, ਮੈਕਸਿਕੋ ਵਿਚ ਮੱਕੀ ਵਿੱਚ ਪ੍ਰੋਟੀਨ ਦੀ ਗੁਣਵੱਤਾ ਸੁਧਾਰ ਵਿੱਚ ਜੁਟ ਗਏ ਅਤੇ ਖਾਸ ਕਰ ਕੇ ਦੋ ਅਮੀਨੋਐਸਿਡ (ਲਾਈਸਿਨ ਅਤੇ ਟ੍ਰਪਿਟੋਫੈਨ) ਜੋ ਕਿ ਆਮ ਮੱਕੀ ਦੀਆਂ ਕਿਸਮਾਂ ਵਿੱਚ ਲੋੜੀਂਦੀ ਮਾਤਰਾ ਵਿਚ ਨਹੀਂ ਹੁੰਦੇ, ਦਾ ਸੁਧਾਰ ਕੀਤਾ। ਇਸ ਕਰ ਕੇ ਸੰਸਾਰ ਦੇ ਲੱਖਾਂ ਹੀ ਗ਼ਰੀਬ ਲੋਕਾਂ ਕਈ ਬਿਮਾਰੀਆਂ ਦਾ ਟਾਕਰਾ ਕਰਨ ਦੀ ਸ਼ਕਤੀ ਵਿਕਸਿਤ ਹੋਈ। ਇਨ੍ਹਾਂ ਦੁਆਰਾ ਵਿਕਸਤ ਚੰਗੀ ਪ੍ਰੋਟੀਨ ਦੀ ਗੁਣਵੱਤਾ ਵਾਲੀਆਂ ਮੱਕੀ ਦੀਆਂ ਕਿਸਮਾਂ ਵਿਸ਼ਵ-ਪ੍ਰਸਿੱਧ ਹੋਈਆਂ ਹਨ ਅਤੇ ਲਗਭਗ 90 ਲੱਖ ਏਕੜ ਉੱਪਰ ਇਨ੍ਹਾਂ ਦੀ ਕਾਸ਼ਤ ਹੁੰਦੀ ਹੈ। ਇਸ ਖੋਜ ਕਰ ਕੇ ਉਨ੍ਹਾਂ ਨੂੰ ਕੌਮਾਂਤਰੀ ਸਨਮਾਨ ਮਿਲਣ ਦੇ ਨਾਲ ਨਾਲ ਭਾਰਤ ਸਰਕਾਰ ਵੱਲੋਂ ਸਨਮਾਨਿਆ ਗਿਆ।

ਡਾ. ਰਤਨ ਲਾਲ ਦਾ ਜਨਮ ਪੱਛਮੀ ਪੰਜਾਬ ਦੇ ਪਿੰਡ ਕਰਯਾਲ ਵਿੱਚ ਸਾਧਾਰਨ ਪਰਿਵਾਰ ਵਿੱਚ 1944 ਨੂੰ ਹੋਇਆ, ਦੇਸ਼ ਵੰਡ ਤੋਂ ਬਾਅਦ ਵਿੱਚ ਉਨ੍ਹਾਂ ਦਾ ਪਰਿਵਾਰ ਪੂਰਬੀ ਪੰਜਾਬ ਦੇ ਰਜੌਦ ਪਿੰਡ ਵਿੱਚ ਆ ਕੇ ਵਸ ਗਿਆ। ਉਨ੍ਹਾਂ ਨੇ ਬੀਐੱਸਸੀ ਦੀ ਡਿਗਰੀ 1959 ਵਿੱਚ ਖੇਤੀਬਾੜੀ ਕਾਲਜ ਲੁਧਿਆਣਾ ਤੋਂ ਪ੍ਰਾਪਤ ਕੀਤੀ ਤੇ ਉਚੇਰੀ ਵਿੱਦਿਆ ਲਈ ਅਮਰੀਕਾ ਦੀ ੳਹੀਓ ਯੂਨੀਵਰਸਿਟੀ ਚਲੇ ਗਏ। ਇੱਥੋਂ ਉਨ੍ਹਾਂ ਨੇ 1968 ’ਚ ਭੂਮੀ ਵਿਗਿਆਨ ਵਿੱਚ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ। ਉਪਰੰਤ ਉਹ ਹੋਰ ਉਚੇਰੀ ਵਿੱਦਿਆ ਲਈ ਸਿਡਨੀ ਯੂਨੀਵਰਸਿਟੀ, ਆਸਟਰੇਲੀਆ ਗਏ। ਉਨ੍ਹਾਂ ਵਿੱਦਿਆ ਪੂਰੀ ਕਰਨ ਤੋਂ ਬਾਅਦ ਭੂਮੀ ਵਿਗਿਆਨੀ ਇਬਾਦਨ, ਨਾਈਜੀਰੀਆ ਵਿਚ ਨਿਯੁਕਤ ਹੋਏ। ਉਨ੍ਹਾਂ ਕਾਰਬਨ ਦੇ ਰਸਾਇਣਕ ਚਾਲ-ਚੱਕਰ ਦਾ ਅਧਿਐਨ ਕੀਤਾ। ਇਨ੍ਹਾਂ ਦੀ ਖੋਜ ਕਰਨ ਕਰ ਕੇ ਸੰਸਾਰ ਦੇ ਲਗਭਗ 50 ਕਰੋੜ ਕਿਸਾਨਾਂ ਨੂੰ ਭੂਮੀ ਦੀ ਚੰਗੀ ਸਿਹਤ ਬਰਕਰਾਰ ਰੱਖਣ ਵਿੱਚ ਮਦਦ ਮਿਲੀ। ਉਨ੍ਹਾਂ ਨੂੰ ਇਸ ਖੋਜ ਸਦਕਾ ਸਨਮਾਨਿਆ ਗਿਆ। ਡਾ. ਲਾਲ ਹੁਣ ਕਾਰਬਨ ਪ੍ਰਬੰਧ ਤੇ ਰਸਾਇਣਕ ਚਾਲ-ਚੱਕਰ ਦੀ ਦਿਸ਼ਾ ਨਿਰਦੇਸ਼ ਕਰ ਰਹੇ ਹਨ।

*ਵਾਈਸ ਚਾਂਸਲਰ, **ਸੀਨੀਅਰ ਪਲਾਂਟ ਬਰੀਡਰ (ਮੱਕੀ), ਪੀਏਯੂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਸ਼ਹਿਰ

View All