ਬਾਤ-ਵਿਰਾਸਤ ਦੀ ਨਵੀਂ ਪੀੜ੍ਹੀ ਨਾਲ ਸਾਂਝ

ਬਾਤ-ਵਿਰਾਸਤ ਦੀ ਨਵੀਂ ਪੀੜ੍ਹੀ ਨਾਲ ਸਾਂਝ

ਦਰਸ਼ਨ ਸਿੰਘ ‘ਆਸ਼ਟ’ (ਡਾ.)*

ਪੁਸਤਕ ਚਰਚਾ

ਵਰਤਮਾਨ ਦੌਰ ਵਿਚ ਬਾਲ ਸਾਹਿਤ ਦੀ ਅਹਿਮੀਅਤ ਨੂੰ ਸਵੀਕਾਰ ਕੀਤਾ ਜਾਣ ਲੱਗਿਆ ਹੈ। ਇਸ ਖੇਤਰ ਦੀ ਮਹੱਤਤਾ ਨੂੰ ਸਵੀਕਾਰ ਕਰਨ ਵਾਲੇ ਪ੍ਰੋੜ੍ਹ ਅਤੇ ਮਕਬੂਲ ਲਿਖਾਰੀਆਂ ਵਿਚ ਨਾਮਵਰ ਗਲਪਕਾਰ, ਕਵੀ, ਨਿਬੰਧਕਾਰ, ਚਿੰਤਕ, ਅਨੁਵਾਦਕ, ਪੰਜਾਬੀ ਦੇ ‘ਸਾਰਤਰ’ ਅਤੇ ਸੁਤੰਤਰ ਲੇਖਕ ਵਜੋਂ ਕਲਮ ਦੇ ਸਿਰ ’ਤੇ ਜੀਵਨ-ਨਿਰਬਾਹ ਕਰਨ ਵਾਲੇ ਸੁਖਬੀਰ ਦਾ ਜ਼ਿਕਰ ਵਿਸ਼ੇਸ਼ ਮਹੱਤਵ ਦਾ ਧਾਰਣੀ ਹੈ। ਉਸ ਨੇ ਛੇ ਦਹਾਕੇ ਪਹਿਲਾਂ ਬੱਚਿਆਂ ਦੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਇਕ ਦਿਲਚਸਪ ਕ੍ਰਿਤ ‘ਕੱਚ ਦਾ ਸ਼ਹਿਰ’ ਦੀ ਸਿਰਜਣਾ ਕਰਕੇ ਮਿਆਰੀ ਬਾਲ ਨਾਵਲਨਿਗਾਰੀ ਦਾ ਮੁੱਢ ਬੰਨ੍ਹਿਆ ਸੀ। ਹੁਣ ਉਸ ਦੇ ਦਿਹਾਂਤ ਪਿੱਛੋਂ ਉਸ ਵੱਲੋਂ ਇਕੱਤ੍ਰਿਤ ਲੋਕ-ਕਹਾਣੀਆਂ ਨੂੰ ਪੁਸਤਕ ‘ਗਾਉਣ ਵਾਲਾ ਫੁੱਲ’ (ਨਵਯੁਗ ਪਬਲਿਸ਼ਰਜ਼) ਵਿਚ ਸੰਕਲਿਤ ਕੀਤਾ ਗਿਆ ਹੈ।

ਇਸ ਪੁਸਤਕ ਵਿਚ 27 ਕਹਾਣੀਆਂ ਅੰਕਿਤ ਹਨ ਜਿਨ੍ਹਾਂ ਵਿਚ ਚੀਨ, ਯੂਕਰੇਨ, ਬੁਰਿਆਤ, ਤੁਰਕਮਾਨ, ਜ਼ੁਲੂਲੈਂਡ ਅਤੇ ਉਜ਼ਬੇਕ ਖਿੱਤਿਆਂ ਦੀਆਂ ਕਥਾਵਾਂ ਸ਼ਾਮਲ ਹਨ। ਇਨ੍ਹਾਂ ਕਹਾਣੀਆਂ ਦਾ ਵਸਤੂ-ਜਗਤ ਸਿਰਫ਼ ਮਾਨਵੀ ਜਗਤ ਨਾਲ ਜੁੜੇ ਪੱਖਾਂ ਉਪਰ ਹੀ ਕੇਂਦ੍ਰਿਤ ਨਹੀਂ ਸਗੋਂ ਇਨ੍ਹਾਂ ਵਿਚ ਵੰਨ-ਸੁਵੰਨੇ ਜੀਵ ਜੰਤੂਆਂ ਆਦਿ ਨਾਲ ਜੁੜੇ ਮਸਲਿਆਂ ਨੂੰ ਵੀ ਰੂਪਾਂਤ੍ਰਿਤ ਕੀਤਾ ਗਿਆ ਹੈ।

ਸੰਗ੍ਰਹਿ ਦੀ ਪਹਿਲੀ ਕਹਾਣੀ ‘ਚੁਗ਼ਲਖ਼ੋਰ ਦਾ ਚਮਤਕਾਰ’ ਤੋਂ ਲੈ ਕੇ ‘ਤਿੰਨ ਪੈਸੇ’, ‘ਵਰਦਾਨ’, ‘ਸ਼ਰਤ’, ‘ਲਾਲਚ ਤੇ ਸਿਆਣਪ’, ‘ਅਕਲ ਦਾ ਖ਼ਜ਼ਾਨਾ’, ‘ਵਿਆਹ ਦੀ ਸ਼ਰਤ’, ‘ਅਕਲ ਦੀ ਦੌਲਤ’, ‘ਗਾਉਣ ਵਾਲਾ ਫੁੱਲ’, ‘ਚਾਰ ਮੂਰਖ ਦੋਸਤਾਂ ਦਾ ਸਫ਼ਰ’ ਅਤੇ ‘ਰੇਸ਼ਮਾ ਤੇ ਹੰਸਾਂ ਵਾਲੀ ਜਾਦੂਗਰਨੀ’ ਕਹਾਣੀਆਂ ਵਿਚ ਸਦੀਆਂ ਪੂਰਬਲੇ ਮਨੁੱਖ ਦੀ ਤਤਕਾਲੀਨ ਰਹਿਤਲ ਦਾ ਵਰਣਨ ਹੈ। ਇਨ੍ਹਾਂ ਵਿਚ ਮਨੁੱਖੀ ਜੀਵਨ ਜਾਚ ਦੀ ਵਿਕਾਸ ਯਾਤਰਾ ਦੇ ਭਿੰਨ-ਭਿੰਨ ਪੜਾਵਾਂ ਦੀ ਵਾਕਫ਼ੀਅਤ ਪ੍ਰਦਾਨ ਕੀਤੀ ਗਈ ਹੈ ਅਤੇ ਪਰੰਪਰਿਕ, ਸਮਾਜਿਕ, ਰਾਜਨੀਤਿਕ, ਆਰਥਿਕ, ਸਮਾਜਿਕ ਅਤੇ ਸਾਂਸਕ੍ਰਿਤਕ ਪ੍ਰਸਥਿਤੀਆਂ ਦਾ ਪਤਾ ਲੱਗਦਾ ਹੈ।

ਦੂਜੇ ਪਾਸੇ ਕੁਝ ਕਹਾਣੀਆਂ ਵਿਚ ਵਰਤਮਾਨ ਮਨੁੱਖੀ ਸਮਾਜ ਨਾਲ ਜੁੜੀਆਂ ਘਟਨਾਵਾਂ ਨੂੰ ਵੀ ਦਿਲਚਸਪ ਗਲਪੀ-ਸ਼ੈਲੀ ਵਿਚ ਉਲਕਦਿਆਂ ਯਥਾਰਥਵਾਦ ਨੂੰ ਉਭਾਰਿਆ ਗਿਆ ਹੈ। ਇਸ ਹਵਾਲੇ ਨਾਲ ਕਹਾਣੀ ‘ਇੱਕ ਝੁੱਗੀ ਫੁੱਲਾਂ ਪੱਤਿਆਂ ਦੀ’, ‘ਖੀਰ ਦਾ ਨੁਸਖ਼ਾ’ ਅਤੇ ‘ਗੁਆਚੀ ਹੋਈ ਬਿੱਲੀ’ ਉਲੇਖਯੋਗ ਹਨ। ਕਹਾਣੀ ‘ਦੋ ਸ਼ਰਤਾਂ’ ਵਿਚ ਇਕ ਅਮੀਰ, ਪਰ ਕੰਜੂਸ ਜ਼ਿੰਮੀਦਾਰ ਆਪਣੀਆਂ ਕਮੀਨਗੀਆਂ ਅਤੇ ਅਨੋਖੀਆਂ ਸ਼ਰਤਾਂ ਕਾਰਨ ਖੇਤ ਵਿਚ ਕੰਮ ਕਰਦੇ ਮਜ਼ਦੂਰਾਂ ਦੀ ਮਜ਼ਦੂਰੀ ਹੜੱਪ ਲੈਂਦਾ ਹੈ, ਪਰ ਕਹਾਣੀ ਦੇ ਅੰਤ ਵਿਚ ਇਕ ਚੁਸਤ ਕਿਸਾਨ ਉਸ ਨੂੰ ਆਪਣੀ ਹਾਜ਼ਰਦਿਮਾਗ਼ੀ ਨਾਲ ਸਿੱਧੇ ਰਸਤੇ ਲਿਆ ਕੇ ਚੌਗੁਣੀ ਮਜ਼ਦੂਰੀ ਵਾਪਸ ਹੀ ਨਹੀਂ ਕਰਵਾਉਂਦਾ ਸਗੋਂ ਉਸ ਨੂੰ ਪਛਤਾਵੇ ਦਾ ਅਹਿਸਾਸ ਵੀ ਕਰਵਾਉਂਦਾ ਹੈ। ਇਸ ਕਾਰਨ ਕਹਾਣੀ ਸੁਖਾਂਤਕ ਮੋੜ ਕੱਟਦੀ ਹੋਈ ਬਾਲ ਮਨਾਂ ਨੂੰ ਸੰਤੁਸ਼ਟ ਕਰਦੀ ਹੈ। ‘ਹੱਥਾਂ ਦਾ ਕੰਮ’ ਕਹਾਣੀ ਮਿਹਨਤ ਦੇ ਮਹੱਤਵ ਨੂੰ ਵਡਿਆ ਕੇ ਦਸਾਂ ਨਹੁੰਆਂ ਦੀ ਕਿਰਤ ਕਰਨ ਦੀ ਤਰਜ਼ਮਾਨੀ ਕਰਦੀ ਹੈ। ਕਹਾਣੀ ਵਿਚ ਇਕ ਰਾਜਕੁਮਾਰ ਕੰਬਲ ਬੁਣ ਕੇ ਗੁਜ਼ਾਰਾ ਕਰਨ ਵਾਲੀ ਇਕ ਗ਼ਰੀਬ ਪਰ ਸੁੰਦਰ ਲੜਕੀ ਨਾਲ ਵਿਆਹ ਦਾ ਪ੍ਰਸਤਾਵ ਰੱਖਦਾ ਹੈ, ਪਰ ਲੜਕੀ ਪਹਿਲਾਂ ਉਸ ਨੂੰ ਕੋਈ ਹੁਨਰ ਸਿੱਖਣ ਦੀ ਸ਼ਰਤ ਲਗਾਉਂਦੀ ਹੈ। ਰਾਜਕੁਮਾਰ ਇਹ ਹੁਨਰ ਸਿੱਖਣ ਲੱਗਦਾ ਹੈ ਅਤੇ ਰਾਹ ਵਿਚ ਡਾਕੂਆਂ ਦੇ ਧੱਕੇ ਚੜ੍ਹਦਾ ਹੈ। ਡਾਕੂ ਉਸ ਨੂੰ ਗ੍ਰਿਫ਼ਤਾਰ ਕਰ ਲੈਂਦੇ ਹਨ। ਰਾਜਕੁਮਾਰ ਉਨ੍ਹਾਂ ਨੂੰ ਇਕ ਸੋਹਣਾ ਕੰਬਲ ਬੁਣ ਕੇ ਦਿੰਦਾ ਹੈ ਅਤੇ ਸ਼ਾਹੀ ਦਰਬਾਰ ਵਿਚ ਵੇਚਣ ਲਈ ਭੇਜਦਾ ਹੈ। ਰਾਜਕੁਮਾਰ ਦਾ ਪਿਤਾ ਕੰਬਲ ਵੇਖਦਿਆਂ ਹੀ ਸਾਰਾ ਭੇਤ ਸਮਝ ਜਾਂਦਾ ਹੈ ਅਤੇ ਡਾਕੂਆਂ ਤੋਂ ਆਪਣੇ ਕੈਦ ਕੀਤੇ ਰਾਜਕੁਮਾਰ ਨੂੰ ਛੁਡਾਉਣ ਵਿਚ ਕਾਮਯਾਬ ਹੁੰਦਾ ਹੈ। ਕਹਾਣੀ ਦਾ ਸਾਰਾਂਸ਼ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਕੋਈ ਨਾ ਕੋਈ ਸਿੱਖਿਆ ਹੋਇਆ ਹੁਨਰ ਸੰਕਟਕਾਲੀ ਪ੍ਰਸਥਿਤੀ ਵਿਚ ਮਨੁੱਖ ਦੀ ਜਾਨ ਵੀ ਬਚਾ ਸਕਦਾ ਹੈ। ਅੰਤ ਵਿਚ ਰਾਜਕੁਮਾਰ ਬੁਣਕਰ ਲੜਕੀ ਨਾਲ ਸੱਜ ਧੱਜ ਨਾਲ ਵਿਆਹ ਕਾਰਜ ਸੰਪੰਨ ਕਰ ਲੈਂਦਾ ਹੈ। ਇਨ੍ਹਾਂ ਵਿਚੋਂ ਕੇਂਦਰੀ ਰੂਪ ਵਿਚ ਇਹ ਸੰਦੇਸ਼ ਮਿਲਦਾ ਹੈ ਕਿ ਮਨੁੱਖ ਨੂੰ ਕਦੇ ਵੀ ਉਸਾਰੂ ਜੀਵਨ-ਮੁੱਲ ਗ੍ਰਹਿਣ ਕਰਨ ਤੋਂ ਪਿਛਾਂਹ ਨਹੀਂ ਹਟਣਾ ਚਾਹੀਦਾ।

ਇਨ੍ਹਾਂ ਲੋਕ-ਕਹਾਣੀਆਂ ਵਿਚ ਰਾਜੇ-ਰਾਣੀਆਂ, ਧਨਾਢ, ਵਪਾਰੀ ਅਤੇ ਸਾਧਾਰਨ ਪਾਤਰਾਂ ਤੋਂ ਇਲਾਵਾ ਜਨੌਰ ਵਿਚਰਦੇ ਵਿਖਾਈ ਦਿੰਦੇ ਹਨ। ਬੇਈਮਾਨ, ਜ਼ਾਲਮ, ਹੰਕਾਰੀ, ਕੰਜੂਸ, ਬਦਮਾਸ਼, ਸੂਦਖ਼ੋਰ ਅਤੇ ਦਲਿਤਾਂ ਨੂੰ ਨਫ਼ਰਤ ਕਰਨ ਵਾਲੇ ਪਾਤਰ ਆਪਣੇ ਭੈੜੇ ਵਿਵਹਾਰ ਕਾਰਨ ਸਜ਼ਾਵਾਂ ਪਾਉਂਦੇ ਹਨ ਜਦੋਂਕਿ ਮਿਹਨਤੀ, ਪਰਉਪਕਾਰੀ, ਇਮਾਨਦਾਰ, ਹਿੰਮਤੀ ਪਾਤਰ ਸਮਾਜ ਵਿਚ ਸਨਮਾਨਿਤ ਰੁਤਬੇ ਹਾਸਲ ਕਰਦੇ ਹਨ।

ਕਹਾਣੀਆਂ ਵਿਚ ਘਟਨਾ-ਕਾਰਜ ਨਿਰੰਤਰ ਮਘਦਾ ਰਹਿੰਦਾ ਹੈ ਅਤੇ ਬਾਲ ਪਾਠਕ ਦੀ ਆਦਿ ਤੋਂ ਲੈ ਕੇ ਅੰਤ ਤੱਕ ਜਿਗਿਆਸਾ ਨਿਰੰਤਰ ਬਰਕਰਾਰ ਰਹਿੰਦੀ ਹੈ।

ਇਹ ਪੁਸਤਕ ਵੱਡੀ ਉਮਰ ਦੇ ਪਾਠਕਾਂ ਲਈ ਵੀ ਕਾਰਗਰ ਸਿੱਧ ਹੁੰਦੀ ਹੈ। ਪੁਸਤਕ ਦੀ ਦਿੱਖ ਲੁਭਾਉਣੀ ਹੈ।

* ਸਾਹਿਤ ਅਕਾਦਮੀ ਐਵਾਰਡੀ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ।

ਸੰਪਰਕ: 98144-23703

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All