ਮੇਰੇ ਘਰ ਆਣਾ, ਆਣਾ ਜ਼ਿੰਦਗੀ

ਮੇਰੇ ਘਰ ਆਣਾ, ਆਣਾ ਜ਼ਿੰਦਗੀ

ਹਰਭਜਨ ਸਿੰਘ

ਰਸੀਲੀ ਆਵਾਜ਼

ਸਦੀਆਂ ਤੋਂ ਜੀਵਨ ਦੇ ਹਰ ਖੇਤਰ ਵਿਚ ਪੰਜਾਬ ਨੇ ਵਿਸ਼ਵ ਅੰਦਰ ਆਪਣੀ ਛਾਪ ਛੱਡੀ ਹੈ। ਇੱਥੇ ਬਹਾਦਰੀ ਦਾ ਅੰਤ ਨਹੀਂ ਤਾਂ ਇੱਥੋਂ ਦੀ ਭਾਈਚਾਰਕ ਸਾਂਝ ਵੀ ਸਦਾ ਅਟੁੱਟ ਅਤੇ ਅਮਿਟ ਰਹੀ ਹੈ। ਇੱਥੋਂ ਦੇ ਢੋਲ-ਢਮੱਕਿਆਂ ਨੇ ਵੀ ਪੂਰਾ ਵਿਸ਼ਵ ਅੱਡੀਆਂ ਉੱਤੇ ਨਚਾਇਆ ਹੈ। ਇੱਥੋਂ ਦੇ ਵੱਡੇ ਗ਼ੁਲਾਮ ਅਲੀ, ਸਲਾਮਤ ਅਲੀ ਨਜ਼ਾਕਤ ਅਲੀ, ਮੁਹੰਮਦ ਰਫ਼ੀ ਆਦਿ ਸਭ ਨੇ ਪੰਜਾਬ ਦਾ ਲੋਹਾ ਸਭ ਤੋਂ ਮੰਨਵਾਇਆ ਹੈ। ਇਨ੍ਹਾਂ ਮਹਾਨ ਨਾਵਾਂ ਵਿਚ ਪੰਜਾਬ ਦੇ ਜੰਮਪਲ ਮਹਾਨ ਗ਼ਜ਼ਲ ਗਾਇਕ ਅਤੇ ਫਿਲਮੀ ਗਾਇਕ ਭੁਪਿੰਦਰ ਸਿੰਘ ਦਾ ਨਾਂ ਵੀ ਸ਼ੁਮਾਰ ਹੈ। ਭਾਵੇਂ ਫਿਲਮੀ ਗੀਤਾਂ ਵਿਚ ਭੁਪਿੰਦਰ ਸਿੰਘ ਦੀ ਪੇਸ਼ਕਾਰੀ ਬਿਲਕੁਲ ਵਿਲੱਖਣ ਅਤੇ ਉੱਚਕੋਟੀ ਦੀ ਸੀ, ਫਿਰ ਵੀ ਉਸ ਨੂੰ ਤਲਤ ਮਹਿਮੂਦ, ਮੁਹੰਮਦ ਰਫ਼ੀ, ਮੰਨਾ ਡੇ, ਕਿਸ਼ੋਰ, ਮੁਕੇਸ਼ ਵਾਂਗ ਯਾਦ ਨਹੀਂ ਕੀਤਾ ਜਾਂਦਾ। ਬਹੁਤੇ ਪੰਜਾਬੀ ਵੀ ਸ਼ਾਇਦ ਉਸ ਬਾਰੇ ਨਾ ਜਾਣਦੇ ਹੋਣ।

ਭੁਪਿੰਦਰ ਸਿੰਘ ਦਾ ਜਨਮ ਅੱਠ ਫਰਵਰੀ 1940 ਨੂੰ ਅੰਮ੍ਰਿਤਸਰ ਵਿਖੇ ਹੋਇਆ। ਉਸ ਦੇ ਪਿਤਾ ਪ੍ਰੋ. ਨਥਾ ਸਿੰਘ ਇਕ ਸੁਸਿੱਖਿਅਤ ਗਾਇਕ ਅਤੇ ਸੁਚੱਜੇ ਅਧਿਆਪਕ ਸਨ। ਭੁਪਿੰਦਰ ਦੇ ਵੱਡੇ ਭਰਾ ਵਾਦਨ ਵਿਚ ਦਿਲਚਸਪੀ ਲੈਂਦੇ ਸਨ। ਭੁਪਿੰਦਰ ਸਿੰਘ ਨੇ ਪਹਿਲੀ ਤਾਲੀਮ ਪਿਤਾ ਤੋਂ ਹੀ ਲਈ। ਪਰ ਪਿਤਾ ਬਹੁਤ ਅਨੁਸ਼ਾਸਿਤ ਅਤੇ ਸਖ਼ਤ ਅਧਿਆਪਕ ਸਨ ਅਤੇ ਭੁਪਿੰਦਰ ਨੂੰ ਇਸੇ ਕਾਰਨ ਸੰਗੀਤ ਤੋਂ ਖਿਝ ਆਉਂਦੀ ਸੀ। ਭੁਪਿੰਦਰ ਦੀ ਸੋਚ ਸੀ ਕਿ ਗਾਉਣ ਵਿਚ ਨਾ ਇੱਜ਼ਤ ਹੈ, ਨਾ ਇਸ ਵਿਚ ਅੱਛਾ ਕਰੀਅਰ ਹੈ। ਬਸ ਸ਼ਾਸਤਰੀ ਸੰਗੀਤ ਤੋਂ ਉਕਤਾਇਆ ਭੁਪਿੰਦਰ ਅਚਾਨਕ ਗਿਟਾਰ ਤੋਂ ਫਿਲਮੀ ਧੁਨਾਂ ਕੱਢਣ ਲੱਗਿਆ ਅਤੇ ਸ਼ਾਇਦ ਗਿਟਾਰ ਹੀ ਉਸ ਦਾ ਕਰੀਅਰ ਨਿਰਧਾਰਿਤ ਕਰਨ ਦਾ ਸਾਧਨ ਹੋ ਨਿਬੜੀ। ਭਾਵੇਂ ਉਹ ਸੰਗੀਤ ਤੋਂ ਦੌੜਦਾ ਸੀ, ਪਰ ਅਸਲ ਵਿਚ ਤਕਦੀਰ ਨੇ ਉਸ ਨੂੰ ਸੰਗੀਤ ਲਈ ਹੀ ਬਣਾਇਆ ਸੀ।

ਉਸ ਨੇ ਗਿਟਾਰ ਅਤੇ ਵਾਇਲਨ ਦੇ ਵਾਦਨ ਉੱਤੇ ਧਿਆਨ ਕੇਂਦ੍ਰਿਤ ਕੀਤਾ। ਉਸ ਦੇ ਕਰੀਅਰ ਦੀ ਸ਼ੁਰੂਆਤ ਆਲ ਇੰਡੀਆ ਰੇਡੀਓ ਦੇ ਦਿੱਲੀ ਕੇਂਦਰ ਤੋਂ ਹੋਈ। ਮਗਰੋਂ ਉਹ ਦਿੱਲੀ ਦੂਰਦਰਸ਼ਨ ਨਾਲ ਜੁੜ ਗਿਆ। 1964 ਵਿਚ ਫਿਲਮ ਜਗਤ ਨਾਲ ਉਸ ਦਾ ਨਾਤਾ ਉੱਘੇ ਸੰਗੀਤਕਾਰ ਮਦਨ ਮੋਹਨ ਨੇ ਜੋੜਿਆ ਜਿਸ ਨੇ ਉਸ ਨੂੰ ਆਕਾਸ਼ਵਾਣੀ ਤੋਂ ਹੀ ਸੁਣਿਆ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਮਦਨ ਮੋਹਨ ਨਾਲ ਉਸ ਨੂੰ ਮਿਲਾਉਣ ਵਾਲਾ ਸਤੀਸ਼ ਭਾਟੀਆ ਸੀ। ਭੁਪਿੰਦਰ ਦੀ ਮਧੁਰ ਆਵਾਜ਼ ਕਾਰਨ ਮਦਨ ਮੋਹਨ ਨੇ ਚੇਤਨ ਆਨੰਦ ਦੀ ਫਿਲਮ ‘ਹਕੀਕਤ’ ਵਿਚ ਉਸ ਨੂੰ ਮੁਹੰਮਦ ਰਫ਼ੀ ਨਾਲ ਮਿਲ ਕੇ ‘ਹੋ ਕੇ ਮਜਬੂਰ ਮੁਝੇ ਉਸ ਨੇ ਬੁਲਾਇਆ ਹੋਗਾ’ ਗਾਇਨ ਦਾ ਮੌਕਾ ਦਿੱਤਾ। ਰਫ਼ੀ ਨਾਲ ਗਾਉਣਾ ਆਪਣੇ-ਆਪ ਵਿਚ ਵੱਡੇ ਸੁਭਾਗ ਦੀ ਗੱਲ ਸੀ। ਪਰ ਇਸ ਬਲੈਕ ਐਂਡ ਵਾਈਟ ਫਿਲਮ ਦੇ ਇਸ ਗਾਣੇ ਵਿਚ ਭੁਪਿੰਦਰ ਕਿਤੇ ਫਿੱਕਾ ਨਹੀਂ ਦਿਸਿਆ। ਰਫ਼ੀ ਵਾਂਗ ਹੀ ਸਵਰ ਦਾ ਸ਼ਹਿਦ ਸਰਬਤ੍ਰ ਪਸਰਿਆ ਦਿਸਦਾ ਹੈ। ਆਵਾਜ਼ ਦੀ ਕੰਪਣ ਵਿਚ ਤਲਤ ਮਹਿਮੂਦ ਦਾ ਪ੍ਰਭਾਵ ਵੀ ਪ੍ਰਤੱਖ ਦਿਸਦਾ ਹੈ। ਗੀਤ ਹਿੱਟ ਹੋ ਗਿਆ, ਪਰ ਬੋਹੜ ਦੀ ਛਾਂ ਵਿਚ ਕਿਸੇ ਬੂਟੇ ਦੀ ਕਦੇ ਪਛਾਣ ਨਹੀਂ ਬਣੀ। ਭੁਪਿੰਦਰ ਦੀ ਉਪਲੱਬਧੀ ਅਣਗੌਲੀ ਜਿਹੀ ਰਹਿ ਗਈ। ਉਸ ਨੇ ਕੁਝ ਘੱਟ ਬਜਟ ਦੀਆਂ ਫਿਲਮਾਂ ਵਿਚ ਗਾਣੇ ਗਾਏ। ਖ਼ੱਯਾਮ ਨੇ ‘ਆਖ਼ਿਰੀ ਖ਼ਤ’ ਵਿਚ ਉਸ ਨੂੰ ਇਕੱਲਿਆਂ ਗਾਉਣ ਦਾ ਮੌਕਾ ਦਿੱਤਾ।

ਚੰਗਾ ਗਿਟਾਰ-ਵਾਦਕ ਹੋਣ ਕਾਰਨ ਉਹ ਆਰ.ਡੀ. ਬਰਮਨ ਦੇ ਆਰਕੈਸਟਰਾ ਗਰੁੱਪ ਵਿਚ ਸ਼ਾਮਲ ਹੋ ਗਿਆ। ਉਸ ਨੇ ਇਸ ਗਰੁੱਪ ਦੀਆਂ ਕਈ ਸ਼ਾਨਦਾਰ ਪੇਸ਼ਕਾਰੀਆਂ ਵਿਚ ਗਿਟਾਰ-ਵਾਦਨ ਕੀਤਾ ਅਤੇ 1971 ਦੀ ਫਿਲਮ ‘ਹਰੇ ਕ੍ਰਿਸ਼ਨਾ ਹਰੇ ਰਾਮ’ ਦੇ ਬਹੁਤ ਪ੍ਰਸਿੱਧ ਹੋਏ ਗਾਣੇ ‘ਦਮ ਮਾਰੋ ਦਮ’ ਵਿਚ ਗਿਟਾਰ-ਵਾਦਕ ਤੌਰ ’ਤੇ ਭਾਗ ਲਿਆ। ਇਹ ਰਾਹੁਲ ਦੇਵ ਬਰਮਨ ਹੀ ਸੀ ਜਿਸ ਨੇ ਇਸ ਸੁਰੀਲੀ ਆਵਾਜ਼ ਵਾਲੇ ਕਲਾਕਾਰ ਨੂੰ ਗੁਲਜ਼ਾਰ ਦੀ ‘ਪਰਿਚਯ’ (1972) ਵਿਚ ਦੋ ਗਾਣੇ ‘ਬੀਤੀ ਨਾ ਬਿਤਾਈ ਰੈਨਾ’ ਅਤੇ ‘ਮਿਤਵਾ ਬੋਲੇ ਮੀਠੇ ਬੈਨ’ ਗਾਉਣ ਦਾ ਅਵਸਰ ਦਿਵਾਇਆ। ‘ਬੀਤੀ ਨਾ ਬਿਤਾਈ ਰੈਨਾ’ ਲਤਾ ਮੰਗੇਸ਼ਕਰ ਸ਼ੁਰੂ ਕਰਦੀ ਹੈ ਅਤੇ ਭੁਪਿੰਦਰ ‘ਚਾਂਦ ਕੀ ਬਿੰਦੀ ਵਾਲੀ ਬਿੰਦੀ ਵਾਲੀ ਰਤੀਆ’ ਨਾਲ ਪ੍ਰਵੇਸ਼ ਕਰਦਾ ਹੈ। ਅਸਲ ਵਿਚ ਮੈਨੂੰ ਇੰਞ ਜਾਪਦਾ ਹੈ ਕਿ ਭੁਪਿੰਦਰ ਅਜਿਹੇ ਹੀ ਸ਼ਾਸਤਰੀ ਰਸ ਵਾਲੇ ਗੰਭੀਰ ਜਿਹੇ ਗਾਣੇ ਗਾਉਣ ਵਾਸਤੇ ਸੰਸਾਰ ਵਿਚ ਆਇਆ ਸੀ। ਉਸ ਦੀ ਆਵਾਜ਼ ਦਾ ਆਗਮਨ ਸ਼ਾਇਦ ਚੰਚਲਤਾ ਵਿਨਾਸ਼ਕ ਹੈ। ਜੇ ਲਤਾ ਮੰਗੇਸ਼ਕਰ, ਤਲਤ ਮਹਿਮੂਦ, ਮੁਹੰਮਦ ਰਫ਼ੀ, ਮਹਿਦੀ ਹਸਨ ਦੀ ਆਵਾਜ਼ ਦਾ ਕੋਈ ਬਦਲ ਨਹੀਂ ਤਾਂ ਭੁਪਿੰਦਰ ਸਿੰਘ ਦੀ ਆਵਾਜ਼ ਵੀ ਵਿਲੱਖਣ ਅਤੇ ਵਿਸ਼ੇਸ਼ ਹੈ। ਖੁੱਲ੍ਹੀ ਅਤੇ ਭਰਵੀਂ ਰਸੀਲੀ ਆਵਾਜ਼। ‘ਯੁਗ ਆਤੇ ਹੈਂ ਔਰ ਯੁਗ ਜਾਏ’ ਸ਼ਾਇਦ ਭੁਪਿੰਦਰ ਦੇ ਆਉਣ ਅਤੇ ਹੁਣ ਪਰਦੇ ਪਿੱਛੇ ਜਾਣ ਵੱਲ ਹੀ ਇਸ਼ਾਰਾ ਹੈ। ਪੰਜਾਬੀ ਅਧੇ ਵਿਚ ਗਾਇਆ ‘ਮਿਤਵਾ ਬੋਲੇ ਮੀਠੇ ਬੈਨ’ ਦੇ ਗਾਇਨ ਤੋਂ ਇਹ ਸਪਸ਼ਟ ਹੈ ਕਿ ਉਸ ਦੀ ਪਿਤਾ-ਪੁਰਖ਼ੀ ਸੰਗੀਤਕ ਤਾਲੀਮ ਰਾਗ ਆਧਾਰਿਤ ਹੀ ਹੋਵੇਗੀ ਜਿਸ ਨੂੰ ਨਾ-ਪਸੰਦ ਕਰ ਕੇ ਵੀ, ਉਹ ਉਸ ਨੂੰ ਤਿਲਾਂਜਲੀ ਨਹੀਂ ਦੇ ਸਕਿਆ।

ਇਨ੍ਹਾਂ ਗਾਣਿਆਂ ਨੇ ਗਾਇਕੀ ਵਿਚ ਭੁਪਿੰਦਰ ਸਿੰਘ ਦੀ ਵੱਖਰੀ ਪਛਾਣ ਬਣਾਈ। ਗੁਲਜ਼ਾਰ ਦੀਆਂ ਫਿਲਮਾਂ ਵਿਚ ਭੁਪਿੰਦਰ ਨੇ ਹੋਰ ਕਈ ਗਾਣੇ ਗਾਏ। ਫਿਲਮ ‘ਮੌਸਮ’ ਵਿਚ ਲਤਾ ਨਾਲ ਉਸ ਨੇ ਸੰਜੀਵ ਕੁਮਾਰ ’ਤੇ ਫਿਲਮਾਇਆ ‘ਦਿਲ ਢੂੰਡਤਾ ਹੈ’ ਗਾਇਆ। ‘ਕਿਨਾਰਾ’ ਵਿਚ ਉਸ ਨੇ ‘ਨਾਮ ਗੁਮ ਜਾਏਗਾ, ਚਿਹਰਾ ਯੇ ਬਦਲ ਜਾਏਗਾ, ਮੇਰੀ ਆਵਾਜ਼ ਹੀ ਪਹਿਚਾਨ ਹੈ’ ਗਾਇਆ ਤਾਂ ‘ਘਰੌਂਦਾ’ ਵਿਚ ਉਸ ‘ਏਕ ਅਕੇਲਾ ਇਸ ਸ਼ਹਿਰ ਮੇਂ, ਰਾਤ ਮੇਂ ਔਰ ਦੋਪਹਿਰ ਮੇਂ, ਆਬਦਾਨਾ ਢੂੰਡਤਾ ਹੈ, ਆਸ਼ਿਆਨਾ ਢੂੰਢਤਾ ਹੈ’ ਨਾਲ ਆਪਣੇ ਗਲੇ ਦੇ ਕਮਾਲ ਅਤੇ ਸੁੱਘੜ ਕਲਾ ਦਾ ਨਮੂਨਾ ਪੇਸ਼ ਕੀਤਾ। ‘ਜਿਊਲ ਥੀਫ਼’ (1967) ਵਿਚ ਭੁਪਿੰਦਰ ਨੇ ਲਤਾ ਨਾਲ ‘ਹੋਠੋਂ ਮੇਂ ਐਸੀ ਬਾਤ ਜੋ ਛੁਪਾ ਕੇ ਚਲੀ ਆਈ’ ਗਾਇਆ। ‘ਰਜ਼ੀਆ ਸੁਲਤਾਨਾ’ ਵਿਚ ਮਹਿੰਦਰ ਕਪੂਰ ਨਾਲ ‘ਐ ਖ਼ੁਦਾ ਸ਼ੁਕਰ ਤੇਰਾ’ ਗਾਇਆ। ‘ਬਾਜ਼ਾਰ’ ਫਿਲਮ ਦਾ ‘ਕਰੋਗੇ ਯਾਦ ਤੋ ਹਰ ਬਾਤ ਯਾਦ ਆਏਗੀ’ ਸੁਣੀਏ ਤਾਂ ਬੀਤੇ ਜ਼ਮਾਨੇ ਵਿਚ ਭੁਪਿੰਦਰ ਦੀ ਗਾਈ ਹਰ ਸ਼ੈਅ ਯਾਦ ਆ ਜਾਂਦੀ ਹੈ। ‘ਫਿਰ ਕਭੀ’ ਸੁਣਨ ਲਈ ਕੰਨ ਤਰਸੇ ਤਾਂ ‘ਝੀਣੀ ਝੀਣੀ ਝਿਲਮਿਲਾਤੀ ਰਾਤ ਹੋ ਤੁਮ, ਕੋਰੀ ਕੋਰੀ ਅਨਛੁਹੀ ਸੀ ਪਾਤ ਹੋ ਤੁਮ, ਗੁਨਗੁਨਾਤੀ ਸੁਹਾਨੀ ਬਾਤ ਹੋ ਤੁਮ’ ਸਾਕਾਰ ਹੋ ਜਾਂਦਾ ਹੈ।

ਇਤਨਾ ਕੁਝ ਗਾ ਕੇ ਭੁਪਿੰਦਰ ਆਪਣੀ ਵੱਖਰੀ, ਨਿਵੇਕਲੀ ਹਸਤੀ ਸਥਾਪਤ ਕਰ ਚੁੱਕਿਆ ਸੀ। ਉਸ ਨੇ ਸੰਗੀਤ ਪ੍ਰੇਮੀਆਂ ਨੂੰ ਆਪਣੇ ਗੀਤਾਂ ਦੀਆਂ ਸੁਤੰਤਰ ਐਲਬਮ ਦਿੱਤੀਆਂ। 1968 ਵਿਚ ਉਸ ਨੇ ਤਿੰਨ ਗੀਤਾਂ ਦਾ ਪਹਿਲਾ ਐਲ.ਪੀ. ਰਿਕਾਰਡ ਸਰੋਤਿਆਂ ਹਵਾਲੇ ਕੀਤਾ। 1978 ਵਿਚ ਉਸ ਨੇ ਗ਼ਜ਼ਲਾਂ ਦੀ ਦੂਜੀ ਐਲਬਮ ਰਿਲੀਜ਼ ਕੀਤੀ। ਭੁਪਿੰਦਰ ਸਿੰਘ ਨੇ ਗ਼ਜ਼ਲ ਵਿਚ ਸਿੰਥੇਸਾਈਜ਼ਰ, ਸਪੈਨਿਸ਼ ਗਿਟਾਰ ਅਤੇ ਡਰੰਮ ਨੂੰ ਸ਼ਾਮਲ ਕੀਤਾ। 1980 ਵਿਚ ਭੁਪਿੰਦਰ ਸਿੰਘ ਨੇ ਗੁਲਜ਼ਾਰ ਦੇ ਬੋਲਾਂ ਨੂੰ ਆਵਾਜ਼ ਦੇ ਕੇ ਗ਼ਜ਼ਲਾਂ ਦੀ ਤੀਜੀ ਐਲਬਮ ਸੰਗੀਤ ਜਗਤ ਨੂੰ ਅਰਪਣ ਕੀਤੀ। ਇਸੇ ਸਾਲ ਦੇ ਮੱਧ ਵਿਚ ਭੁਪਿੰਦਰ ਸਿੰਘ ਦਾ ਵਿਆਹ ਬੰਗਲਾਦੇਸ਼ ਦੀ ਗਾਇਕਾ ਮਿਤਾਲੀ ਨਾਲ ਹੋ ਗਿਆ। ਉਨ੍ਹਾਂ ਦਾ ਪੁੱਤਰ ਨਿਹਾਲ ਸਿੰਘ ਵੀ ਗਾਇਨ ਵਿਚ ਹੀ ਕਿਸਮਤ ਅਜ਼ਮਾ ਰਿਹਾ ਹੈ। ਮਿਤਾਲੀ ਨਾਲ ਵਿਆਹ ਹੋਣ ਪਿੱਛੋਂ ਭੁਪਿੰਦਰ ਨੇ ਫਿਲਮ ਇੰਡਸਟਰੀ ਨੂੰ ਅਲਵਿਦਾ ਆਖ ਦਿੱਤੀ ਅਤੇ ਮਿਤਾਲੀ ਨਾਲ ਰਲ ਕੇ ਗ਼ਜ਼ਲ ਗਾਇਨ ਨੂੰ ਸਮਰਪਿਤ ਹੋ ਗਿਆ। ਡਰੀਮ ਸੈਲਰਸ, ਆਰਜ਼ੂ, ਚਾਂਦਨੀ ਰਾਤ, ਗੁਲਮੋਹਰ, ਗ਼ਜ਼ਲ ਕੇ ਫੂਲ, ਏਕ ਆਰਜ਼ੂ, ਸੁਰਮਈ ਰਾਤ, ਯਾਦ-ਏ-ਮਹਿਬੂਬ, ਮੇਰੀ ਆਵਾਜ਼ ਹੀ ਪਹਿਚਾਨ ਹੈ ਉਨ੍ਹਾਂ ਦੀਆਂ ਕੁਝ ਪ੍ਰਸਿੱਧ ਐਲਬਮਾਂ ਹਨ।

ਇਕ ਗਿਟਾਰ-ਵਾਦਕ ਦੇ ਤੌਰ ’ਤੇ ਉਸ ਨੇ ਹਰੇ ਕ੍ਰਿਸ਼ਨਾ ਹਰੇ ਰਾਮ, ਅਭਿਲਾਸ਼ਾ, ਚਲਤੇ ਚਲਤੇ, ਯਾਦੋਂ ਕੀ ਬਾਰਾਤ, ਸ਼ੋਲੇ, ਕਾਦੰਬਰੀ, ਹੰਸਤੇ ਜ਼ਖ਼ਮ, ਅਮਰ ਪ੍ਰੇਮ ਵਰਗੀਆਂ ਫਿਲਮਾਂ ਦੇ ਗਾਣਿਆਂ ਵਿਚ ਸੰਗਤ ਕੀਤੀ। ਭੁਪਿੰਦਰ ਨੇ ਜੀਨੇ ਕੀ ਰਾਹ, ਧਰਮ ਕਾਂਟਾ, ਐਤਬਾਰ, ਅੰਜੁਮਨ, ਆਹਿਸਤਾ ਆਹਿਸਤਾ, ਮੌਸਮ, ਬਾਜ਼ਾਰ, ਰਜ਼ੀਆ ਸੁਲਤਾਨਾ, ਹਕੀਕਤ, ਆਖ਼ਿਰੀ ਖ਼ਤ, ਪਰਿਚਯ, ਘਰੌਂਦਾ, ਸਤਯਾ, ਕਿਨਾਰਾ, ਸਿਤਾਰਾ, ਆਂਗਨ ਕੀ ਕਲੀ, ਏਕ ਬਾਰ ਫਿਰ, ਉਸਤਾਦੀ ਉਸਤਾਦ ਮੇਂ, ਦਹਿਲੀਜ਼, ਸੱਤੇ ਪੇ ਸੱਤਾ ਅਤੇ ਹੋਰ ਕਈ ਫਿਲਮਾਂ ਵਿਚ ਗੀਤ ਗਾਏ।

ਭੁਪਿੰਦਰ ਸਿੰਘ ਦੀ ਗਾਇਕੀ ਨੱਚਣ-ਟੱਪਣ ਦਾ ਚੰਚਲ ਫਿਲਮੀ ਗਾਇਨ ਨਹੀਂ। ਨਾ ਇਸ ਵਿਚ ਉਛਲਦੀ ਜਵਾਨੀ ਦੀ ਉਲਾਰ ਦੀਵਾਨਗੀ ਹੈ। ਕੇਵਲ ਅਥਾਹ ਸਹਿਜ ਅਤੇ ਅਸੀਮ ਗੰਭੀਰਤਾ ਹੈ। ਅਸਲ ਵਿਚ ਜੀਵਨ ਦੇ ਗੰਭੀਰ ਫਲ਼ਸਫੇ ਨੂੰ ਜੇ ਕਿਸੇ ਨੇ ਆਵਾਜ਼ ਦਿੱਤੀ ਹੈ ਤਾਂ ਉਹ ਭੁਪਿੰਦਰ ਸਿੰਘ ਹੈ। ‘ਬਾਦਲੋਂ ਸੇ ਕਾਟ ਕਾਟ ਕੇ ਕਾਗ਼ਜ਼ੋਂ ਪੇ ਨਾਮ ਜੋੜਨਾ, ਯੇ ਮੁਝੇ ਕਯਾ ਹੋ ਗਿਆ। ਡੋਰੀਓਂ ਸੇ ਬਾਂਧ ਬਾਂਧ ਕੇ, ਰਾਤ ਭਰ ਚਾਂਦ...’ ਸੁਣਨ ਨਾਲ ਇਹੋ ਲਗਦਾ ਹੈ ਕਿ ਗੰਭੀਰ ਦਰਸ਼ਨ ਸ਼ਾਇਦ ਖ਼ੁਸ਼ਕੀਆਂ ਦੇ ਮਾਰੂਥਲ ਵਿਚੋਂ ਭੁਪਿੰਦਰ ਦੇ ਮੋਢਿਆਂ ਉੱਤੇ ਬੈਠ ਕੇ ਪੰਜ-ਆਬਾਂ ਦੇ ਦੇਸ਼ ਪਰਤ ਆਇਆ। ਵਿਨੋਦ ਪਾਂਡੇ ਦਾ ਲਿਖਿਆ- ‘ਯੇ ਜੋ ਤੇਰਾ ਸ਼ਹਿਰ, ਹੈ ਅਜੀਬ ਸ਼ਹਿਰ’ ਵਰਗੀ ਗੰਭੀਰਤਾ ਭੁਪਿੰਦਰ ਦੇ ਮੂੰਹੋਂ ਹੀ ਫੱਬਦੀ ਹੈ।

ਪੰਜਾਬ ਦਾ ਦੂਜਾ ਮਹਾਨ ਗ਼ਜ਼ਲ ਗਾਇਕ ਜਗਜੀਤ ਸਿੰਘ ਹੋਇਆ ਹੈ। ਪ੍ਰਸਿੱਧੀ ਵਜੋਂ ਸ਼ਾਇਦ ਪਹਿਲਾ। ਉਮਰ ਵਿਚ ਭੁਪਿੰਦਰ ਤੋਂ ਛੋਟੇ ਇਕ ਸਾਲ ਛੋਟਾ ਸੀ। ਜਗਜੀਤ ਸਿੰਘ ਜਦੋਂ ਅਜੇ ਸੰਘਰਸ਼ ਕਰ ਰਿਹਾ ਸੀ, ਜਦੋਂ ਭੁਪਿੰਦਰ ਫਿਲਮੀ ਗਾਇਕੀ ਦੀ ਸ਼ੁਰੂਆਤ ਕਰ ਚੁੱਕਾ ਸੀ। ਦੋਵਾਂ ਵਿਚ ਬਹੁਤ ਸਮਾਨਤਾਵਾਂ ਦਿਸਦੀਆਂ ਹਨ। ਸ਼ਾਇਦ ਦੋਵੇਂ ਪੰਜਾਬੀ ਹੋਣ ਕਾਰਨ ਮੈਨੂੰ ਇਹ ਅਹਿਸਾਸ ਜਾਗਿਆ। ਦੋਵਾਂ ਦੀ ਆਵਾਜ਼ ਇਕੋ ਜਿਹੀ ਸੀ। ਹੋਰਾਂ ਤੋਂ ਵਿਲੱਖਣ ਵੀ। ਭਾਰੀਪਣ ਅਤੇ ਰਸੀਲਾਪਣ ਇਕੋ ਜਿਹਾ। ਦੋਵੇਂ ਮੁੱਖ ਤੌਰ ’ਤੇ ਗ਼ਜ਼ਲ ਗਾਇਕ ਸਨ। ਦੋਵਾਂ ਦੇ ਜੀਵਨ ਦੀ ਇਕ ਵੱਡੀ ਸਮਾਨਤਾ ਇਹ ਵੀ ਹੈ ਕਿ ਦੋਵਾਂ ਨੇ ਬੰਗਾਲੀ ਬੀਬੀਆਂ ਨਾਲ ਵਿਆਹ ਕੀਤਾ ਅਤੇ ਦੋਵਾਂ ਦੀਆਂ ਪਤਨੀਆਂ ਗ਼ਜ਼ਲ ਗਾਇਕ ਹਨ। ਇਹ ਤਕਦੀਰ ਦੀ ਗੱਲ ਹੈ ਕਿ ਜਗਜੀਤ ਦੀ ਚੜ੍ਹਤ ਭੁਪਿੰਦਰ ਤੋਂ ਵਧੀਕ ਰਹੀ ਹੈ ਹਾਲਾਂਕਿ ਭੁਪਿੰਦਰ ਸਿੰਘ ਦੀ ਗਾਇਕੀ ਨੂੰ ਘੱਟ ਦੇਣ ਨਹੀਂ। ਉਹ ਹੀ ਐਸਾ ਕਲਾਕਾਰ ਹੈ ਜਿਸ ਨੇ ਗ਼ਜ਼ਲ ਵਿਚ ਪੱਛਮੀ ਸਾਜ਼ਾਂ ਦੀ ਵਰਤੋਂ ਦਾ ਸਫ਼ਲ ਤਜ਼ਰਬਾ ਕੀਤਾ। ਭੁਪਿੰਦਰ ਦਾ ਅੰਦਾਜ਼ ਫਿਲਮੀ ਗਾਇਕੀ ਵਿਚ ਵੀ ਗ਼ਜ਼ਲ ਦੀ ਗੰਭੀਰਤਾ ਵਾਲਾ ਰਿਹਾ ਹੈ। 81 ਸਾਲ ਦੇ ਇਸ ਗਾਇਕ ਨੂੰ ਰੱਬ ਲੰਮੀ ਉਮਰ ਦੇਵੇ।

ਨਾਮ ਗੁੰਮ ਜਾਏਗਾ, ਚਿਹਰਾ ਯੇ ਬਦਲ ਜਾਏਗਾ

ਮੇਰੀ ਆਵਾਜ਼ ਹੀ ਪਹਿਚਾਨ ਹੈ, ’ਗ਼ਰ ਯਾਦ ਰਹੇ...

ਵਕਤ ਕੇ ਸਿਤਮ ਕਮ ਹਸੀਂ ਨਹੀਂ

ਆਜ ਹੈ ਯਹਾਂ ਕਲ ਕਹੀਂ ਨਹੀਂ

ਵਕਤ ਸੇ ਪਰੇ ’ਗਰ ਮਿਲ ਰਹੇ ਕਹੀਂ

ਮੇਰੀ ਆਵਾਜ਼ ਹੀ ਪਹਿਚਾਨ ਹੈ...

ਜੋ ਗੁਜ਼ਰ ਗਈ ਕਲ ਕੀ ਬਾਤ ਥੀ

ਉਮਰ ਤੋ ਨਹੀਂ ਏਕ ਹੀ ਰਾਤ ਥੀ

ਰਾਤ ਕਾ ਸਿਰਾ ’ਗਰ ਫਿਰ ਮਿਲੇ ਕਹੀਂ

ਮੇਰੀ ਆਵਾਜ਼ ਹੀ ਪਹਿਚਾਨ ਹੈ...

ਦਿਨ ਢਲੇ ਜਹਾਂ ਰਾਤ ਪਾਸ ਹੋ

ਜ਼ਿੰਦਗੀ ਕੀ ਲੌ ਊਚੀ ਕਰ ਚਲੋ

ਯਾਦ ਆਏ ਗ਼ਰ ਕਭੀ ਜੀ ਉਦਾਸ ਹੋ

ਮੇਰੀ ਆਵਾਜ਼ ਹੀ ਪਹਿਚਾਨ ਹੈ...

ਸੰਪਰਕ: 99971-39539

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All