DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿਹਤ ਲਈ ਖ਼ਤਰਨਾਕ ਰੰਗ-ਬਿਰੰਗੇ ਪਕਵਾਨ

ਮਨੁੱਖ ਦਾ ਸੁਭਾਅ ਹੀ ਹੈ ਕਿ ਉਹ ਆਪਣੇ ਆਲੇ-ਦੁਆਲੇ ਦੀਆਂ ਰੰਗਦਾਰ ਚੀਜ਼ਾਂ ਵੱਲ ਆਸਾਨੀ ਨਾਲ ਖਿੱਚਿਆ ਜਾਂਦਾ ਹੈ। ਜਿਵੇਂ ਰੰਗਦਾਰ ਕੱਪੜੇ, ਰੰਗਦਾਰ ਫੁੱਲ-ਫਲ ਅਤੇ ਰੰਗਦਾਰ ਬਾਗ਼-ਬਗੀਚੇ ਮਨੁੱਖ ਨੂੰ ਬੇਹੱਦ ਪ੍ਰਭਾਵਿਤ ਕਰਦੇ ਹਨ। ਉਂਜ ਵੀ ਭਾਰਤੀ ਸੱਭਿਆਚਾਰ ਅਤੇ ਰੀਤੀ ਰਿਵਾਜਾਂ ਵਿੱਚ...

  • fb
  • twitter
  • whatsapp
  • whatsapp
Advertisement

ਮਨੁੱਖ ਦਾ ਸੁਭਾਅ ਹੀ ਹੈ ਕਿ ਉਹ ਆਪਣੇ ਆਲੇ-ਦੁਆਲੇ ਦੀਆਂ ਰੰਗਦਾਰ ਚੀਜ਼ਾਂ ਵੱਲ ਆਸਾਨੀ ਨਾਲ ਖਿੱਚਿਆ ਜਾਂਦਾ ਹੈ। ਜਿਵੇਂ ਰੰਗਦਾਰ ਕੱਪੜੇ, ਰੰਗਦਾਰ ਫੁੱਲ-ਫਲ ਅਤੇ ਰੰਗਦਾਰ ਬਾਗ਼-ਬਗੀਚੇ ਮਨੁੱਖ ਨੂੰ ਬੇਹੱਦ ਪ੍ਰਭਾਵਿਤ ਕਰਦੇ ਹਨ। ਉਂਜ ਵੀ ਭਾਰਤੀ ਸੱਭਿਆਚਾਰ ਅਤੇ ਰੀਤੀ ਰਿਵਾਜਾਂ ਵਿੱਚ ਵੰਨ-ਸੁਵੰਨੇ ਰੰਗਾਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਰੰਗ-ਬਿਰੰਗੇ ਪਕਵਾਨ ਵੀ ਸਾਨੂੰ ਸਭ ਤੋਂ ਪਹਿਲਾਂ ਅੱਖਾਂ ਰਾਹੀਂ ਹੀ ਪ੍ਰਭਾਵਿਤ ਕਰਦੇ ਹਨ। ਅਜੋਕੇ ਦੌਰ ਵਿੱਚ ਰੰਗਾਂ ਨਾਲ ਲਬਰੇਜ਼ ਖਾਣ ਵਾਲੀਆਂ ਵਸਤਾਂ ਤੋਂ ਕੁਝ ਚੁਕੰਨਾ ਹੋਣ ਦੀ ਵੀ ਲੋੜ ਹੈ। ਰੰਗ-ਬਿਰੰਗੇ ਪਕਵਾਨ ਭਾਵੇਂ ਵੇਖਣ ਵਿੱਚ ਕਿੰਨੇ ਹੀ ਲਜ਼ੀਜ਼ ਕਿਉਂ ਨਾ ਲੱਗਦੇ ਹੋਣ, ਪਰ ਇਨ੍ਹਾਂ ਦੀ ਰੰਗਤ ਨਿਖਾਰਨ ਲਈ ਜਿਨ੍ਹਾਂ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਸਾਨੂੰ ਉਨ੍ਹਾਂ ਦਾ ਗਿਆਨ ਹੋਣਾ ਵੀ ਲਾਜ਼ਮੀ ਹੈ। ਸਾਡੇ ਘਰਾਂ ਵਿੱਚ ਆਮ ਤੌਰ ’ਤੇ ਰੰਗਦਾਰ ਪਕਵਾਨ ਪੂਰੇ ਚਾਅ ਨਾਲ ਬਣਾਏ ਤੇ ਖਾਧੇ ਜਾਂਦੇ ਹਨ। ਘਰੇਲੂ ਪੱਧਰ ’ਤੇ ਵੱਖ ਵੱਖ ਪਕਵਾਨਾਂ ਨੂੰ ਰੰਗਤ ਦੇਣ ਲਈ ਕਈ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਲਾਲ ਰੰਗਤ ਲਈ ਦੇਗੀ ਮਿਰਚ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮਿੱਠੇ ਪੀਲੇ ਰੰਗ ਦੇ ਚੌਲ ਜਾਂ ਸੂਜੀ ਦਾ ਹਲਵਾ ਖ਼ਾਸ ਤੌਰ ’ਤੇ ਖਾਣ ਵਾਲੇ ਪੀਲੇ ਰੰਗ ਨਾਲ ਤਿਆਰ ਕੀਤੇ ਜਾਂਦੇ ਹਨ। ਪਰ ਬਾਜ਼ਾਰ ਵਿੱਚ ਮਿਲਣ ਵਾਲੀਆਂ ਕਈ ਰੰਗਦਾਰ ਚੀਜ਼ਾਂ ਸਿਹਤ ਲਈ ਨੁਕਸਾਨਦੇਹ ਵੀ ਹੋ ਸਕਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਤਿਆਰ ਕਰਨ ਵੇਲੇ ਜਿਨ੍ਹਾਂ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹ ਮਨੁੱਖੀ ਸਰੀਰ ਲਈ ਖ਼ਤਰਨਾਕ ਹੋ ਸਕਦੇ ਹਨ।

ਬਚਪਨ ਵਿੱਚ ਅਸੀਂ ਬਰਫ਼ ਦੇ ਰੰਗਦਾਰ ਗੋਲੇ ਬੜੇ ਹੀ ਚਾਅ ਨਾਲ ਖਾਂਦੇ ਰਹੇ ਹਾਂ, ਪਰ ਉਸ ਵੇਲੇ ਸਾਨੂੰ ਇਹ ਨਹੀਂ ਸੀ ਪਤਾ ਕਿ ਇਨ੍ਹਾਂ ਵਿੱਚ ਵਰਤੇ ਜਾਂਦੇ ਰੰਗ ਸਿਹਤ ਲਈ ਠੀਕ ਵੀ ਹਨ ਜਾਂ ਨਹੀਂ। ਅੱਜ ਵੀ ਲੋਕਾਂ ਨੁੂੰ ਰੇੜ੍ਹੀਆਂ ਉੱਤੇ ਬਰਫ਼ ਦੇ ਗੋਲੇ ਅਤੇ ਹੋਰ ਰੰਗ-ਬਿਰੰਗੀਆਂ ਵਸਤਾਂ ਖਾਂਦੇ ਦੇਖਿਆ ਜਾ ਸਕਦਾ ਹੈ। ਸਵਾਲ ਇਹੀ ਖੜ੍ਹਾ ਹੁੰਦਾ ਹੈ ਕਿ ਇਹ ਖਾਣ ਵਾਲੀਆਂ ਵਸਤਾਂ ਸਿਹਤ ਲਈ ਕਿੰਨੀਆਂ ਕੁ ਲਾਹੇਵੰਦ ਹਨ?

Advertisement

ਭੋਜਨ ਦੇ ਸੁਆਦ ਅਤੇ ਖ਼ੁਸ਼ਬੂ ਤੋਂ ਇਲਾਵਾ ਉਸ ਦੀ ਦਿੱਖ ਵੀ ਸਾਨੂੰ ਭੁੱਖ ਲੱਗਣ ਲਗਾ ਦਿੰਦੀ ਹੈ ਕਿਉਂਕਿ ਕੋਈ ਵੀ ਖਾਣ ਵਾਲੀ ਚੀਜ਼ ਸਭ ਤੋਂ ਪਹਿਲਾਂ ਆਪਣੀ ਦਿੱਖ ਨਾਲ ਹੀ ਸਾਨੂੰ ਪ੍ਰਭਾਵਿਤ ਕਰਦੀ ਹੈ। ਤਾਜ਼ੀਆਂ ਹਰੀਆਂ ਸਬਜ਼ੀਆਂ, ਸ਼ਾਹੀ ਪਨੀਰ ਦੀ ਸੰਤਰੇ ਰੰਗੀ ਸਬਜ਼ੀ ਅਤੇ ਰੰਗ-ਬਿਰੰਗੀਆਂ ਆਈਸਕਰੀਮਾਂ ਸਾਡੀ ਸੁੱਤੀ ਪਈ ਭੁੱਖ ਨੂੰ ਜਗਾ ਦਿੰਦੀਆਂ ਹਨ। ਆਖ਼ਰ ਇਹ ਅੱਖਾਂ ਹੀ ਤਾਂ ਹਨ, ਜੋ ਖਾਣ ਤੋਂ ਪਹਿਲਾਂ ਖਾਣੇ ਨੂੰ ਵੇਖਦੀਆਂ ਹਨ, ਪਰ ਬਹੁਤੀ ਵਾਰ ਦਿਸਣ ਵਿੱਚ ਲਜ਼ੀਜ਼ ਲੱਗਣ ਵਾਲੀ ਚੀਜ਼ ਸਿਹਤ ਲਈ ਜ਼ਹਿਰ ਦੇ ਸਮਾਨ ਵੀ ਹੁੰਦੀ ਹੈ ਕਿਉਂਕਿ ਚਮਕਦਾਰ ਅਤੇ ਰੰਗ-ਬਿਰੰਗੇ ਭੋਜਨ ਬਣਾਉਟੀ ਰੰਗਾਂ ਕਰਕੇ ਹੀ ਮਨਭਾਉਂਦੇ ਜਾਪਦੇ ਹਨ। ਸੰਤਰੇ ਰੰਗੀਆਂ ਜਲੇਬੀਆਂ, ਵੰਨ-ਸੁਵੰਨੇ ਰੰਗਾਂ ਦੇ ਚਟਪਟੇ ਨਮਕੀਨ, ਰੰਗ-ਬਿਰੰਗੀਆਂ ਆਈਸਕਰੀਮਾਂ, ਭਾਂਤ ਭਾਂਤ ਦੇ ਜੰਕਫੂਡ ਆਦਿ ਨੂੰ ਰੰਗਦਾਰ ਬਣਾਉਣ ਲਈ ਬਣਾਉਟੀ ਰੰਗਾਂ ਦੀ ਵਰਤੋਂ ਹੀ ਕੀਤੀ ਜਾਂਦੀ ਹੈ।

Advertisement

ਗੱਲ ਕਰੀਏ ਜੇਕਰ ਬਾਜ਼ਾਰੀ ਭੋਜਨ ਪਦਾਰਥਾਂ ਵਿੱਚ ਵਰਤੇ ਜਾਂਦੇ ਰੰਗਾਂ ਦੀ ਤਾਂ ਇਨ੍ਹਾਂ ਰੰਗਾਂ ਨੂੰ ਸਭ ਤੋਂ ਪਹਿਲਾਂ ਸੰਨ 1856 ਵਿੱਚ ਲੁੱਕ ਤੋਂ ਤਿਆਰ ਕੀਤਾ ਗਿਆ ਸੀ। ਅੱਜਕੱਲ੍ਹ ਇਹ ਜਾਂ ਤਾਂ ਰੁੱਖਾਂ ਤੋਂ ਪ੍ਰਾਪਤ ਕੀਤੇ ਗਏ ਕੁਦਰਤੀ ਰਸਾਇਣਾਂ ਤੋਂ ਬਣਾਏ ਜਾਂਦੇ ਹਨ ਜਾਂ ਫਿਰ ਫੈਕਟਰੀਆਂ ਵਿੱਚ ਬਣਾਉਟੀ ਤੌਰ ’ਤੇ ਰਸਾਇਣਾਂ ਤੋਂ ਤਿਆਰ ਕੀਤੇ ਜਾਂਦੇ ਹਨ।

ਭਾਰਤ ਵਿੱਚ ਖਾਣ ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਅਤੇ ਸ਼ੁੱਧਤਾ ਦਾ ਪੈਮਾਨਾ ਤੈਅ ਕਰਨ ਵਾਲੀ ਸੰਸਥਾ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥੌਰਿਟੀ ਔਫ ਇੰਡੀਆ (FSSAI) ਨੇ ਭੋਜਨ ਪਦਾਰਥਾਂ ਵਿੱਚ ਵਰਤੇ ਜਾਣ ਵਾਲੇ ਰੰਗਾਂ ਲਈ ਨਿਯਮ ਤੈਅ ਕੀਤੇ ਹੋਏ ਹਨ। ਅਦਾਰੇ ਵੱਲੋਂ ਕੁਝ ਕੁਦਰਤੀ ਰੰਗਾਂ ਨੂੰ ਭੋਜਨਾਂ ਵਿੱਚ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ। ਇਨ੍ਹਾਂ ਵਿੱਚ ਕੇਸਰ ਦਾ ਰੰਗ, ਜਿਸ ਦੀ ਵਰਤੋਂ ਚੌਲ ਅਤੇ ਮਠਿਆਈਆਂ ਬਣਾਉਣ ਲਈ ਕੀਤੀ ਜਾਂਦੀ ਹੈ, ਚੁਕੰਦਰ ਤੋਂ ਪ੍ਰਾਪਤ ਕੀਤੇ ਰੰਗ, ਜਿਸ ਦਾ ਪਾਉੂਡਰ ਗੂੜ੍ਹੇ ਲਾਲ ਰੰਗ ਦਾ ਹੁੰਦਾ ਹੈ ਅਤੇ ਇਸ ਦੀ ਵਰਤੋਂ ਚਟਣੀਆਂ, ਬਰੈੱਡ, ਕੇਕ ਅਤੇ ਬਿਸਕੁਟ ਆਦਿ ਤਿਆਰ ਕਰਨ ਵਿੱਚ ਕੀਤੀ ਜਾਂਦੀ ਹੈ, ਹਲਦੀ ਦੀ ਵਰਤੋਂ ਵਸਤਾਂ ਨੂੰ ਪੀਲਾ ਰੰਗ ਦੇਣ ਲਈ ਕੀਤੀ ਜਾਂਦੀ ਹੈ, ਪਾਲਕ ਅਤੇ ਹੋਰ ਹਰੇ ਪੱਤੇ ਵਾਲੀਆਂ ਸਬਜ਼ੀਆਂ ਤੋਂ ਤਿਆਰ ਕੀਤੇ ਗਏ ਹਰੇ ਪਾਊਡਰ ਨੂੰ ਬਾਜ਼ਾਰ ਦੀਆਂ ਹਰੇ ਰੰਗ ਦੀਆਂ ਖਾਣ ਵਾਲੀਆਂ ਚੀਜ਼ਾਂ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ, ਸੇਂਧਾ ਨਮਕ ਜਿਸ ਦੀ ਵਰਤੋਂ ਨਾਨ, ਬਿਸਕੁਟ ਅਤੇ ਬਰੈੱਡ ਆਦਿ ਤਿਆਰ ਕਰਨ ਲਈ ਕੀਤੀ ਜਾਂਦੀ ਹੈ ਅਤੇ ਕਾਲਾ ਮੁਨੱਕਾ (Black Currant), ਜਿਸ ਦੀ ਵਰਤੋਂ ਆਈਸਕਰੀਮ, ਜੈਮ ਅਤੇ ਫਲਾਂ ਤੋਂ ਤਿਆਰ ਹੋਣ ਵਾਲੇ ਜੂਸ ਆਦਿ ਤਿਆਰ ਕਰਨ ਲਈ ਕੀਤੀ ਜਾਂਦੀ ਹੈ।

ਇਨ੍ਹਾਂ ਤੋਂ ਇਲਾਵਾ ਖਾਣ-ਪੀਣ ਵਾਲੀਆਂ ਬਾਜ਼ਾਰੀ ਵਸਤਾਂ ਨੂੰ ਤਿਆਰ ਕਰਨ ਲਈ ਆਮ ਤੌਰ ’ਤੇ ਵਰਤੇ ਜਾ ਰਹੇ ਬਣਾਉਟੀ ਰੰਗਾਂ ਦੇ ਨਾਂ ਹਨ: ‘ਰੈੱਡ-40’, ‘ਯੈਲੋ-5’, ‘ਸਨ-ਸੈੱਟ ਯੈਲੋ’ ਅਤੇ ‘ਬਰੀਲਿਅੰਟ ਬਲੂ’ ਆਦਿ। ਇਨ੍ਹਾਂ ਨੂੰ ਫੂਡ-ਡਾਈਆਂ ਵੀ ਆਖਦੇ ਹਨ। ਰੈੱਡ-40 ਨੂੰ ਮਠਿਆਈਆਂ ਅਤੇ ਪੀਣ ਵਾਲੇ ਤਰਲ ਪਦਾਰਥਾਂ ਵਿੱਚ ਵਰਤਿਆ ਜਾਂਦਾ ਹੈ। ਯੈਲੋ-5 ਨੂੰ ਰੰਗਦਾਰ ਗੋਲੀਆਂ-ਟੌਫ਼ੀਆਂ ਅਤੇ ਕੁਲਫ਼ੀਆਂ ਆਦਿ ਬਣਾਉਣ ਲਈ ਵਰਤਿਆ ਜਾਂਦਾ ਹੈ। ਸਨਸੈੱਟ ਯੈਲੋ ਨੂੰ ਪੇਸਟਰੀਆਂ, ਗੋਲੀਆਂ-ਟੌਫ਼ੀਆਂ ਅਤੇ ਪੀਣ ਵਾਲੇ ਤਰਲ ਪਦਾਰਥਾਂ ਦੀ ਤਿਆਰੀ ਵਿੱਚ ਵਰਤਿਆ ਜਾਂਦਾ ਹੈ। ਬਰੀਲਿਅੰਟ ਬਲੂ ਦੀ ਵਰਤੋਂ ਸ਼ਰਬਤ, ਪੀਣ ਵਾਲੇ ਤਰਲ ਪਦਾਰਥ, ਟੌਫ਼ੀਆਂ ਅਤੇ ਬੇਕਰੀ ਦੀਆਂ ਰੰਗਦਾਰ ਵਸਤਾਂ ਵਿੱਚ ਵਰਤਿਆ ਜਾਂਦਾ ਹੈ। ਅਜੋਕੇ ਸਮੇਂ ਵਿੱਚ ਇਨ੍ਹਾਂ ਦੀ ਵਰਤੋਂ ਬਾਜ਼ਾਰ ਵਿੱਚ ਲਗਾਤਾਰ ਵਧਦੀ ਜਾ ਰਹੀ ਹੈ।

ਇਨ੍ਹਾਂ ਰੰਗਾਂ ਦੀ ਵਰਤੋਂ ਨਾਲ ਕਈ ਬਿਮਾਰੀਆਂ ਹੋਣ ਦੀ ਸੰਭਾਵਨਾ ਹੁੰਦੀ ਹੈ। ਕੁਝ ਲੋਕਾਂ ਨੂੰ ਬਣਾਉਟੀ ਰੰਗਾਂ ਤੋਂ ਅਲਰਜੀ ਹੋ ਸਕਦੀ ਹੈ। ਇਨ੍ਹਾਂ ਨਾਲ ਦਮਾ, ਖਾਰਸ਼ ਜਾਂ ਸੋਜ਼ਿਸ਼ ਆਦਿ ਦੀ ਸ਼ਿਕਾਇਤ ਹੋ ਸਕਦੀ ਹੈ। ਮਾਹਿਰਾਂ ਅਨੁਸਾਰ ਕਈ ਰੰਗਾਂ ਵਿੱਚ ‘ਬੈਂਜ਼ੀਨ’ ਨਾਂ ਦਾ ਰਸਾਇਣ ਹੁੰਦਾ ਹੈ, ਜਿਸ ਨਾਲ ਕੈਂਸਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਬਣਾਉਟੀ ਰੰਗਾਂ ਨਾਲ ਬੱਚਿਆਂ ਵਿੱਚ ਏ ਡੀ ਐੱਚ ਡੀ (Attention deficit hyperactivity disorder) ਨਾਂ ਦੀ ਬਿਮਾਰੀ ਹੋ ਸਕਦੀ ਹੈ। ਇਹ ਬਿਮਾਰੀ ਬੱਚਿਆਂ ਦੇ ਦਿਮਾਗ਼ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਸ ਨਾਲ ਉਹ ਕਿਸੇ ਵੀ ਕੰਮ ’ਤੇ ਆਪਣਾ ਧਿਆਨ ਕੇਂਦਰਿਤ ਕਰਨ ਤੋਂ ਅਸਮਰੱਥ ਹੋ ਜਾਂਦੇ ਹਨ। ਇਸ ਬਿਮਾਰੀ ਤੋਂ ਪੀੜਤ ਬੱਚੇ ਪੜ੍ਹਾਈ ਵਿੱਚ ਪਿੱਛੇ ਰਹਿ ਜਾਂਦੇ ਹਨ। ਇਸੇ ਤਰ੍ਹਾਂ ਇਨ੍ਹਾਂ ਰੰਗਾਂ ਨਾਲ ਚਮੜੀ, ਅੱਖਾਂ ਅਤੇ ਵਾਲਾਂ ਦੀਆਂ ਅਲਰਜੀਆਂ ਵੀ ਹੋ ਸਕਦੀਆਂ ਹਨ।

ਇਸ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਬਾਜ਼ਾਰ ਵਿੱਚ ਮਿਲਣ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਦੀ ਥਾਂ ਘਰ ਦਾ ਬਣਿਆ ਖਾਣਾ ਖਾਧਾ ਜਾਵੇ। ਬਾਜ਼ਾਰ ’ਚ ਮਿਲਦੇ ਰੰਗਦਾਰ ਕੇਕ, ਕੁਲਫ਼ੀ, ਆਈਸਕਰੀਮ ਅਤੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕੀਤਾ ਜਾਵੇ। ਜੇਕਰ ਬਾਜ਼ਾਰ ਦਾ ਡੱਬਾਬੰਦ ਭੋਜਨ ਖਾਣਾ ਮਜਬੂਰੀ ਹੀ ਬਣ ਜਾਵੇ ਤਾਂ ਪਹਿਲਾਂ ਇਸ ਦੇ ਲੇਬਲ ’ਤੇ ਦਿੱਤੀ ਜਾਣਕਾਰੀ ਪੜ੍ਹੀ ਜਾਵੇ ਤਾਂ ਜੋ ਉਸ ਵਿੱਚ ਕਿਸੇ ਰਸਾਇਣਕ ਰੰਗ ਦੀ ਵਰਤੋਂ ਹੋਣ ਬਾਰੇ ਪਤਾ ਲੱਗ ਸਕੇ। ਖ਼ਾਸ ਕਰਕੇ ਗੂੜ੍ਹੇ ਅਤੇ ਭੜਕੀਲੇ ਰੰਗਾਂ ਵਾਲੇ ਭੋਜਨ ਪਦਾਰਥਾਂ ਤੋਂ ਬਚਿਆ ਜਾਏ। ਇਸੇ ਤਰ੍ਹਾਂ ਘਰ ਦਾ ਖਾਣਾ ਤਿਆਰ ਕਰਦੇ ਸਮੇਂ ਵੀ ਸਿਰਫ਼ ਕੁਦਰਤੀ ਰੰਗਾਂ ਦੀ ਵਰਤੋਂ ਨੂੰ ਹੀ ਯਕੀਨੀ ਬਣਾਇਆ ਜਾਵੇ।

ਸੰਪਰਕ: 62842-20595

Advertisement
×