ਸੀ.ਐੱਲ.ਆਰ. ਜੇਮਸ ਨੂੰ ਨਸੀਬ ਹੋਇਆ ਇਨਸਾਫ਼ : The Tribune India

ਬਹੁਪੱਖੀ ਪ੍ਰਤਿਭਾ

ਸੀ.ਐੱਲ.ਆਰ. ਜੇਮਸ ਨੂੰ ਨਸੀਬ ਹੋਇਆ ਇਨਸਾਫ਼

ਸੀ.ਐੱਲ.ਆਰ. ਜੇਮਸ ਨੂੰ ਨਸੀਬ ਹੋਇਆ ਇਨਸਾਫ਼

ਰਾਮਚੰਦਰ ਗੁਹਾ

ਅਖ਼ਬਾਰੀ ਕਾਲਮਨਵੀਸਾਂ ਨੂੰ ਆਮ ਤੌਰ ’ਤੇ ਆਪਣੇ ਸ਼ਬਦਾਂ ਦੀ ਚੋਣ ਕਰਨ ਦੀ ਖੁੱਲ੍ਹ ਹੁੰਦੀ ਹੈ ਪਰ ਸ਼ਾਇਦ ਹੀ ਕਦੇ ਵਿਰਲਾ ਟਾਂਵਾਂ ਸਿਰਲੇਖ ਉਨ੍ਹਾਂ ਲੇਖਾਂ ਨਾਲ ਮੇਲ ਖਾਂਦਾ ਹੈ। ਸਿਰਲੇਖ ਕੱਢਣਾ ਅਖ਼ਬਾਰ ਦੇ ਸੰਪਾਦਕੀ ਅਮਲੇ ਦਾ ਵਿਸ਼ੇਸ਼ ਅਧਿਕਾਰ ਹੁੰਦਾ ਹੈ ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਉਸ ਨੂੰ ਪਾਠਕ ਦੀ ਦਿਲਚਸਪੀ ਦੀ ਬਿਹਤਰ ਸਮਝ ਹੁੰਦੀ ਹੈ। ਮੈਂ ਪਿਛਲੇ ਚਾਲੀ ਸਾਲਾਂ ਤੋਂ ਅਖ਼ਬਾਰਾਂ ਲਈ ਲਿਖ ਰਿਹਾ ਹਾਂ ਤੇ ਇਸ ਦੌਰਾਨ ਮੈਨੂੰ ਸਭ ਤੋਂ ਵੱਧ ਇਕ ਸਿਰਲੇਖ ਪਸੰਦ ਆਇਆ ਸੀ ਜੋ ‘ਸੰਡੇ ਅਬਜ਼ਰਵਰ’ (ਜਿਸ ਦਾ ਪ੍ਰਕਾਸ਼ਨ ਹੁਣ ਬੰਦ ਹੋ ਚੁੱਕਿਆ ਹੈ) ਦੇ ਇਕ ਉਪ ਸੰਪਾਦਕ ਵੱਲੋਂ ਦਿੱਤਾ ਗਿਆ ਸੀ। ਇਹ ਲੇਖ ਟ੍ਰਿਨੀਡਾਡ ਦੇ ਲੇਖਕ ਤੇ ਕਾਰਕੁਨ ਸੀ.ਐੱਲ.ਆਰ. ਜੇਮਸ ਬਾਰੇ ਸੀ ਜਿਸ ਦਾ ਉਸ ਉਪ ਸੰਪਾਦਕ ਵੱਲੋਂ ਸਿਰਲੇਖ ਦਿੱਤਾ ਗਿਆ ਸੀ ‘ਬਲੈਕ ਇਜ਼ ਬਾਊਂਟੀਫੁੱਲ’।

ਸੀ.ਐੱਲ.ਆਰ. ਜੇਮਸ ਦੀ 88 ਸਾਲ ਦੀ ਉਮਰ ਵਿਚ ਲੰਡਨ ’ਚ ਮੌਤ ਹੋਣ ਤੋਂ ਥੋੜ੍ਹੀ ਦੇਰ ਬਾਅਦ ਇਹ ਲੇਖ ਜੂਨ 1989 ਵਿਚ ਪ੍ਰਕਾਸ਼ਿਤ ਹੋਇਆ ਸੀ। ਹਾਲ ਹੀ ਵਿਚ ਮੈਂ ਅਮਰੀਕੀ ਇਤਿਹਾਸਕਾਰ ਪਾਲ ਬਿਊਹਲ ਵੱਲੋਂ ਲਿਖੀ ਜੇਮਸ ਦੀ ਜੀਵਨੀ ਪੜ੍ਹੀ ਹੈ। ਜੇਮਸ ਦੇ ਕਾਰਜ ਦੇ ਬਹੁਤ ਸਾਰੇ ਭਾਰਤੀ ਪ੍ਰਸ਼ੰਸਕਾਂ ਦੀ ਤਰ੍ਹਾਂ ਉਨ੍ਹਾਂ ਨਾਲ ਮੇਰੀ ਜਾਣ ਪਛਾਣ ਉਨ੍ਹਾਂ ਦੀ ਕ੍ਰਿਕਟ ਦੇ ਬੇਮਿਸਾਲ ਇਤਿਹਾਸ ਬਾਰੇ ਕਿਤਾਬ ‘ਬਿਯੌਂਡ ਏ ਬਾਊਂਡਰੀ’ ਰਾਹੀਂ ਹੋਈ ਸੀ। ਪਹਿਲੀ ਵਾਰ ਮੈਂ ਇਹ ਕਿਤਾਬ ਆਪਣੇ ਕਾਲਜ ਦੀ ਲਾਇਬ੍ਰੇਰੀ ਵਿਚ ਪੜ੍ਹੀ ਸੀ ਤੇ ਫਿਰ ਫਰਵਰੀ 1978 ਵਿਚ ਦਿੱਲੀ ਵਿਚ ਲੱਗੇ ਦੂਜੇ ਆਲਮੀ ਪੁਸਤਕ ਮੇਲੇ ਦੌਰਾਨ ਚਾਰ ਰੁਪਏ ’ਚ ਇਸ ਦੀ ਕਾਪੀ ਖਰੀਦੀ ਸੀ। ਇਹ ਕਾਪੀ ਉਦੋਂ ਤੋਂ ਹੀ ਮੇਰੇ ਕੋਲ ਹੈ; ਹਾਲਾਂਕਿ ਇਹ ਪਹਿਲਾ ਸੰਸਕਰਣ ਨਹੀਂ ਸੀ ਪਰ ਮੇਰੇ ਲਈ ਇਹ ਕਿਤਾਬ ਆਪਣੀ ਸ਼ੈਲਫ਼ ਦੀਆਂ ਬਹੁਤ ਸਾਰੀਆਂ ਕਿਤਾਬਾਂ ਨਾਲੋਂ ਜ਼ਿਆਦਾ ਕੀਮਤੀ ਹੈ।

ਬੇਸ਼ੱਕ, ਜੇਮਸ ਇਕ ਕ੍ਰਿਕਟ ਲੇਖਕ ਤੋਂ ਸਿਵਾਏ ਹੋਰ ਵੀ ਬਹੁਤ ਕੁਝ ਸੀ। ਉਹ ਮੋਹਰੀ ਸਮਾਜਿਕ ਇਤਿਹਾਸਕਾਰ ਸੀ ਅਤੇ ਫਰਾਂਸੀਸੀ ਇਨਕਲਾਬ ਤੋਂ ਥੋੜ੍ਹੀ ਦੇਰ ਬਾਅਦ ਹੈਤੀ ਵਿਚ ਹੋਏ ਗ਼ੁਲਾਮਾਂ ਦੇ ਵਿਦਰੋਹ ਬਾਰੇ ਇਕ ਮਿਸਾਲੀ ਕਿਤਾਬ ਦਾ ਲੇਖਕ ਸੀ। ਉਨ੍ਹਾਂ ਦਾ ਜਨਮ ਤੇ ਪਾਲਣ ਪੋਸ਼ਣ ਟ੍ਰਿਨੀਡਾਡ ਵਿਚ ਹੋਇਆ ਤੇ ਮਗਰੋਂ ਕਈ ਸਾਲ ਉਨ੍ਹਾਂ ਅਮਰੀਕਾ ਵਿਚ ਬਿਤਾਏ ਸਨ ਜਿੱਥੇ ਉਹ ਮਾਰਕਸਵਾਦੀ ਸਿਆਸਤ ਵਿਚ ਸਰਗਰਮ ਰਹੇ। ਉਨ੍ਹਾਂ ਕਾਫ਼ੀ ਸਮਾਂ ਬਰਤਾਨੀਆ ਵਿਚ ਵੀ ਬਿਤਾਇਆ ਸੀ ਅਤੇ ਅਫ਼ਰੀਕਾ ਵਿਚ ਮੁਕਤੀ ਸੰਘਰਸ਼ਾਂ ’ਤੇ ਨਜ਼ਰ ਰੱਖਦੇ ਰਹੇ ਸਨ।

ਮੈਂ ਪਿਛਲੇ ਪੰਜ ਦਹਾਕਿਆਂ ਤੋਂ ਸੀ.ਐੱਲ.ਆਰ. ਜੇਮਸ ਦਾ ਲਿਖਿਆ ਅਤੇ ਉਨ੍ਹਾਂ ਬਾਰੇ ਲਿਖਿਆ ਨਿੱਠ ਕੇ ਪੜ੍ਹਦਾ ਆ ਰਿਹਾ ਹਾਂ। ਪਾਲ ਬਿਊਹਲ ਵੱਲੋਂ ਲਿਖੀ ਗਈ ਜੀਵਨੀ ਜੇਮਸ ਦੀ ਜ਼ਿੰਦਗੀ ਦੇ ਅਮਰੀਕੀ ਪੜਾਅ ਬਾਰੇ ਬਹੁਤ ਕੁਝ ਦੱਸਦੀ ਹੈ ਪਰ ਉਨ੍ਹਾਂ ਦੀਆਂ ਕ੍ਰਿਕਟ ਬਾਰੇ ਲਿਖਤਾਂ ਬਾਬਤ ਬਹੁਤਾ ਕੁਝ ਨਹੀਂ ਦੱਸਦੀ ਕਿਉਂਕਿ ਲੇਖਕ ਦਾ ਪਿਛੋਕੜ ਅਜਿਹੇ ਦੇਸ਼ ਤੋਂ ਹੈ ਜਿੱਥੇ ਕ੍ਰਿਕਟ ਬਾਰੇ ਲੋਕ ਬਹੁਤਾ ਨਹੀਂ ਜਾਣਦੇ। ‘ਉੱਤਰ ਬਸਤੀਵਾਦੀ ਆਲੋਚਕ’ ਦੇ ਤੌਰ ’ਤੇ ਜੇਮਸ ਦੀ ਘਾਲਣਾ ਬਾਰੇ ਕੁਝ ਪੇਸ਼ੇਵਾਰ ਅਕਾਦਮੀਸ਼ਨਾਂ ਵੱਲੋਂ ਲਿਖੀਆਂ ਕਿਤਾਬਾਂ ਅਤੇ ਲੇਖਾਂ ਨੂੰ ਮੈਂ ਰਲੇ-ਮਿਲੇ ਭਾਵ ਨਾਲ ਪੜ੍ਹਿਆ ਹੈ ਜਿਨ੍ਹਾਂ ਵਿਚ ਗੂੜ੍ਹ-ਗਿਆਨ ਵਾਲੀ ਸ਼ਬਦਾਵਲੀ ਦੀ ਭਰਮਾਰ ਹੈ ਪਰ ਜੀਵਨੀ ਤੇ ਇਤਿਹਾਸਕ ਵੇਰਵਿਆਂ ਦੇ ਲਿਹਾਜ਼ ਤੋਂ ਕੁਝ ਖ਼ਾਸ ਨਹੀਂ ਹੈ। ਇਕਮਾਤਰ ਭਾਰਤੀ ਦੇ ਰੂਪ ਵਿਚ ਫਾਰੂਖ ਢੋਂਡੀ ਦੀ ਲਿਖੀ ਕਿਤਾਬ ਵੀ ਮਾਯੂਸ ਹੀ ਕਰਦੀ ਹੈ ਜੋ ਦਿਖਾਵਾ ਤਾਂ ਪੂਰੀ ਸੂਰੀ ਜੀਵਨੀ ਦਾ ਕਰਦੀ ਹੈ ਪਰ ਅਸਲ ਵਿਚ ਜੇਮਸ ਦੀਆਂ ਬਜ਼ੁਰਗੀ ਦੇ ਦਿਨਾਂ ਦੀਆਂ ਕੁਝ ਬਿਖਰੀਆਂ ਯਾਦਾਂ ਦੇ ਸੰਗ੍ਰਹਿ ਤੋਂ ਜ਼ਿਆਦਾ ਕੁਝ ਵੀ ਨਹੀਂ ਹੈ।

ਕਾਫ਼ੀ ਅਰਸੇ ਤੋਂ ਇਸ ਦੀ ਉਡੀਕ ਕੀਤੀ ਜਾ ਰਹੀ ਸੀ ਕਿ ਕੋਈ ਜੀਵਨੀਕਾਰ ਜੇਮਸ ਦੀ ਜ਼ਾਤੀ ਜ਼ਿੰਦਗੀ ਦੀ ਅਮੀਰੀ ਅਤੇ ਉਨ੍ਹਾਂ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਜਨਤਕ ਸਰਗਰਮੀਆਂ ਨਾਲ ਪੂਰੀ ਤਰ੍ਹਾਂ ਨਿਆਂ ਕਰੇ। ਆਖ਼ਰ ਉਨ੍ਹਾਂ ਨੂੰ ਕਾਰਡਿਫ ਆਧਾਰਿਤ ਇਕ ਲੇਖਕ ਜੌਨ੍ਹ ਵਿਲੀਅਮਜ਼ ਮਿਲ ਗਿਆ ਜਿਸ ਦੀ ਹਾਲੀਆ ਕਿਤਾਬ ‘ਸੀ.ਐੱਲ.ਆਰ. ਜੇਮਸ: ਏ ਲਾਈਫ ਬਿਯੌਂਡ ਬਾਊਂਡਰੀਜ਼’ ਆਈ ਹੈ। ਇਸ ਵਿਚ ਲੇਖਕ ਨੇ ਇੰਗਲੈਂਡ ਅਤੇ ਅਮਰੀਕਾ ਦੇ ਬਹੁਤ ਸਾਰੇ ਪੁਰਾਲੇਖ-ਘਰਾਂ ਦੀ ਲੰਮੀਆਂ ਯਾਤਰਾਵਾਂ ਕਰ ਕੇ ਉਨ੍ਹਾਂ ਕਈ ਲੋਕਾਂ ਨਾਲ ਗਹਿਗੱਚ ਮੁਲਾਕਾਤਾਂ ਕੀਤੀਆਂ ਜੋ ਜੇਮਸ ਨੂੰ ਜਾਣਦੇ ਸਨ ਅਤੇ ਉਨ੍ਹਾਂ ਦੀਆਂ ਲਿਖਤਾਂ ਦੇ ਵਿਸ਼ਾਲ ਭੰਡਾਰ ਨੂੰ ਪੜ੍ਹ ਚੁੱਕੇ ਸਨ।

ਨਿਰਸੰਦੇਹ ਇਸ ਕਿਤਾਬ ਦਾ ਧੁਰਾ ਜੇਮਸ ਹੈ ਪਰ ਵਿਲੀਅਮਜ਼ ਉਸ ਦੀ ਕਹਾਣੀ ਦੇ ਹੋਰਨਾਂ ਪਾਤਰਾਂ ਦੀ ਅਹਿਮੀਅਤ ਪ੍ਰਤੀ ਵੀ ਸੁਚੇਤ ਹੈ। ਕਿਤਾਬ ਵਿਚ ਟ੍ਰਿਨੀਡਾਡ ਵਿਚ ਚੜ੍ਹਦੀ ਉਮਰੇ ਉਸ ਦੇ ਦੋਸਤਾਂ, ਉਸ ਦੀਆਂ ਪ੍ਰੇਮਿਕਾਵਾਂ ਤੇ ਪਤਨੀਆਂ, ਇੰਗਲੈਂਡ ਅਤੇ ਅਮਰੀਕਾ ਵਿਚ ਉਸ ਦੇ ਸਿਆਸੀ ਸਾਥੀਆਂ ਤੇ ਵਿਰੋਧੀਆਂ ਦੀਆਂ ਸੰਵੇਦਨਸ਼ੀਲ ਤਸਵੀਰਾਂ ਦਿੱਤੀਆਂ ਗਈਆਂ ਹਨ। ਜੇਮਸ ਦੀ ਜ਼ਿੰਦਗੀ ਦੇ ਸਭ ਤੋਂ ਅਹਿਮ ਪਾਤਰਾਂ ਵਿਚ ਕ੍ਰਿਕਟਰ ਲੈਰੀ ਕੌਨਸਟੈਨਾਈਨ, ਇਨਕਲਾਬੀ ਲਿਓਨ ਟ੍ਰਾਟਸਕੀ, ਟ੍ਰਿਨੀਡਾਡ ਦੇ ਸਿਆਸਤਦਾਨ ਐਰਿਕ ਵਿਲੀਅਮਜ਼ ਸ਼ਾਮਲ ਰਹੇ ਹਨ ਅਤੇ ਇਨ੍ਹਾਂ ਦੇ ਵੇਰਵੇ ਬਹੁਤ ਹੀ ਸੰਵੇਦਨਸ਼ੀਲ ਤੇ ਪੁਖ਼ਤਗੀ ਨਾਲ ਦਿੱਤੇ ਗਏ ਹਨ।

ਹਾਲਾਂਕਿ ਇਹ ਕਿਤਾਬ ਆਪਣੇ ਵਿਸ਼ੇ ਨਾਲ ਨਰਮਗੋਸ਼ਾ ਹੈ ਪਰ ਉਸਤਤ ਗਾਨ ਕਿਤੇ ਨਜ਼ਰ ਨਹੀਂ ਆਉਂਦਾ। ਜੇਮਸ ਜਦੋਂ ਅਮਰੀਕਾ ਆਉਂਦਾ ਹੈ ਤਾਂ ਉੱਥੋਂ ਦੀਆਂ ਖੱਬੇ ਪੱਖੀ ਸਫ਼ਾਂ ਦੀ ਤੰਗਨਜ਼ਰੀ ਬਾਰੇ ਵਿਲੀਅਮਜ਼ ਬੇਸਬਰਾ ਹੋ ਨਿਬੜਦਾ ਹੈ। ਉਹ ਘੱਟ ਉਮਰ ਦੀਆਂ ਔਰਤਾਂ ਪ੍ਰਤੀ ਕਾਮੁਕ ਖਿੱਚ ਬਾਰੇ ਕਾਫ਼ੀ ਖੋਲ੍ਹ ਕੇ ਦੱਸਦਾ ਹੈ; ਤੇ ਸਾਡੇ ਵਰਗੇ ਕਿਸੇ ਸਮਾਜ ਅੰਦਰ ਯਕੀਨਨ ਇਸ ਗੱਲ ਦਾ ਬੁਰਾ ਮਨਾਇਆ ਜਾਂਦਾ ਹੈ।

ਵਿਲੀਅਮਜ਼ ਦੇ ਬਿਰਤਾਂਤ ਵਿਚ ਉਸ ਸ਼ਖ਼ਸ ਬਾਰੇ ਬਹੁਤ ਸਾਰੇ ਕਥਨ ਮੁਹੱਈਆ ਕਰਵਾਏ ਗਏ ਹਨ। ਜੇਮਸ ਇਕ ਬਹੁਤ ਵਧੀਆ ਲੇਖਕ ਸੀ ਪਰ ਬੁਲਾਰਾ ਹੋਰ ਵੀ ਵਧੀਆ ਸੀ। ਇਕ ਬਰਤਾਨਵੀ ਔਰਤ (ਜੋ ਬਾਅਦ ਵਿਚ ਉਸ ਦੀ ਪ੍ਰੇਮਿਕਾ ਵੀ ਬਣੀ) ਨੇ 1930ਵਿਆਂ ਵਿਚ ਲੰਡਨ ਦੇ ਇਕ ਕਮਿਊਨਿਸਟ ਸਰਕਲ ਬਾਬਤ ਲਿਖਿਆ ਹੈ: ‘ਆਮ ਤੌਰ ’ਤੇ ਜਦੋਂ ਕੋਈ ਇਕ ਸ਼ਖ਼ਸ ਵਾਰਤਾ ’ਤੇ ਏਕਾਧਿਕਾਰ ਜਮਾ ਲੈਂਦਾ ਸੀ ਤੇ ਜੇ ਹੋਰ ਕੋਈ ਕੋਸ਼ਿਸ਼ ਕਰਦਾ ਤਾਂ ਦੂਜੇ ਪ੍ਰੇਸ਼ਾਨ ਹੋ ਜਾਂਦੇ ਸਨ। ਬਹਰਹਾਲ, ਇਸ ਮਾਮਲੇ ਵਿਚ ਜੇਮਸ ਦੀ ਬੋਲਬਾਣੀ ’ਤੇ ਹਰ ਕੋਈ ਮੋਹਿਤ ਹੋ ਜਾਂਦਾ ਸੀ। ਉਹ ਸਵਾਲ ਪੁੱਛਦੇ; ਮੈਨੂੰ ਯਾਦ ਨਹੀਂ ਕਿ ਮੈਂ ਕਦੇ ਸਵਾਲ ਕੀਤਾ ਸੀ ਜਾਂ ਨਹੀਂ ਪਰ ਹਰ ਕੋਈ ਉਨ੍ਹਾਂ ਨੂੰ ਸੁਣਨ ਲਈ ਉਤਸੁਕ ਹੁੰਦਾ ਸੀ ਤੇ ਘੱਟ ਜਾਂ ਵੱਧ ਇਸ ਗੱਲ ਲਈ ਤਿਆਰ ਹੁੰਦਾ ਸੀ ਕਿ ਉਹ ਆਪਣੇ ਵਿਸ਼ੇ ’ਤੇ ਕੁਝ ਸੁਣਾਉਣ।’

ਹੁਣ ਉਸ ਬਾਰੇ ਕਿਤਾਬ ਦੇ ਪ੍ਰਕਾਸ਼ਕ ਫ੍ਰੈਡਰਿਕ ਵਾਰਬਰਗ ਦੇ ਖਿਆਲਾਤ ਜਾਣ ਲਵੋ: ‘ਜੇਮਸ ਮੇਰੇ ਸੰਪਰਕ ਵਿਚ ਆਈਆਂ ਸ਼ਖ਼ਸੀਅਤਾਂ ’ਚੋਂ ਸਭ ਤੋਂ ਵੱਧ ਖੁਸ਼ਨੁਮਾ ਤੇ ਸਾਦਗੀ ਭਰਪੂਰ ਸ਼ਖ਼ਸੀਅਤ ਸੀ... ਛੇ ਫੁੱਟ ਤਿੰਨ ਇੰਚ ਦੇ ਕੱਦ ਵਿਚ ਉਹ ਬਹੁਤ ਦਿਲਕਸ਼ ਛਬ ਦੇ ਮਾਲਕ ਜਾਪਦੇ ਸਨ। ਉਨ੍ਹਾਂ ਦੀ ਯਾਦਦਾਸ਼ਤ ਬਾਕਮਾਲ ਸੀ। ਉਹ ਨਾ ਕੇਵਲ ਮਾਰਕਸਵਾਦੀ ਸ਼ਾਹਕਾਰਾਂ ’ਚੋਂ ਸਗੋਂ ਸ਼ੇਕਸਪੀਅਰ ਦੀਆਂ ਲਿਖਤਾਂ ’ਚੋਂ ਤਫ਼ਸੀਲੀ ਉਲੇਖ ਬਹੁਤ ਹੀ ਸਰਲ ਪਰ ਸੁਆਦਲੀ ਜ਼ੁਬਾਨ ਵਿਚ ਕਰਨ ਦੀ ਸਮੱਰਥਾ ਰੱਖਦੇ ਸਨ। ਬਹੁਤ ਹੀ ਖੁਸ਼ਮਿਜਾਜ਼, ਪੂੰਜੀਵਾਦੀ ਸੁਆਦਾਂ ਦੇ ਭੋਗੀ, ਖਾਣ ਪੀਣ, ਚੰਗੇ ਕੱਪੜਿਆਂ, ਫਰਨੀਚਰ ਦੇ ਸ਼ੌਕੀਨ ਤੇ ਸੁੰਦਰ ਔਰਤਾਂ ਦਾ ਸਾਥ ਮਾਣਨ ਵਾਲੇ ਸ਼ਖ਼ਸ ਸਨ ਤੇ ਇਸ ਮਾਮਲੇ ਵਿਚ ਉਨ੍ਹਾਂ ਦੇ ਮਨ ’ਚ ਮਲਾਲ ਰੱਤੀ ਭਰ ਵੀ ਨਹੀਂ ਸੀ ਜਿਸ ਦੀ ਕਿਸੇ ਜਮਾਤੀ ਘੋਲ ਦੇ ਹੰਢੇ ਵਰਤੇ ਖਿਡਾਰੀ ਤੋਂ ਉਮੀਦ ਕੀਤੀ ਜਾਂਦੀ ਹੈ।’

ਇਸ ਤੋਂ ਅਗਾਂਹ ਜੀਵਨੀਕਾਰ ਵੱਲੋਂ ਉਸ ਮੁਲਾਕਾਤ ਦੀ ਕੀਤੀ ਗਈ ਘੋਖ ’ਤੇ ਗ਼ੌਰ ਕਰੋ ਜੋ ਜੇਮਸ ਨੇ ਮਾਰਚ 1934 ਵਿਚ ਨੈਲਸਨ ਦੇ ਲੰਕਾਸ਼ਾਇਰ ਕਸਬੇ ਵਿਚ ਦਿੱਤੀ ਸੀ ਜਿਸ ਵਿਚ ਉਸ ਨੇ ਸਿਆਹਫ਼ਾਮ ਲੋਕਾਂ ਪ੍ਰਤੀ ਅੰਗਰੇਜ਼ਾਂ ਦੀ ਤੁਲਨਾ ਵਿਚ ਫਰਾਂਸੀਸੀਆਂ ਦੇ ਰਵੱਈਏ ਦਾ ਖੁਲਾਸਾ ਕੀਤਾ ਸੀ। ਜੇਮਸ ਦਾ ਦਾਅਵਾ ਸੀ ਕਿ ‘ਬਰਤਾਨੀਆ ਵਿਚ ਆਮ ਲੋਕ ਸਿਆਹਫ਼ਾਮ (ਨੀਗਰੋ) ਨੂੰ ਸਮਝ ਨਹੀਂ ਪਾਉਂਦੇ। ਉਹ ਉਸ ਨੂੰ ਦੀਵਾਨਿਆਂ ਦੀ ਤਰ੍ਹਾਂ ਨੱਚਦੇ ਕੁੱਦਦੇ ਹੀ ਦੇਖਦੇ ਹਨ; ਉਹ ਉਸ ਨੂੰ ਗ਼ਲਤ ਢੰਗ ਨਾਲ ਨਿਹਾਰਦੇ ਹਨ।’ ਜੇਮਸ ਦਲੀਲ ਦਿੰਦੇ ਹਨ ਕਿ ‘ਦੂਜੇ ਬੰਨੇ ਫਰਾਂਸ ਵਿਚ ਉੱਥੋਂ ਦੀ ਕੈਬਨਿਟ, ਜਲ ਸੈਨਾ ਤੇ ਥਲ ਸੈਨਾ ਦੇ ਅਫ਼ਸਰੀ ਰੈਂਕਾਂ, ਪੇਸ਼ੇਵਾਰ ਸਫ਼ਾਂ, ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਸਿਆਹਫ਼ਾਮ ਲੋਕ ਮਿਲਦੇ ਹਨ। ਫਰਾਂਸ ਨੇ ਵਿਗਿਆਨਕ ਸਿਧਾਂਤਾਂ ਨੂੰ ਪਹਿਲਾਂ ਹੀ ਤਜ ਦਿੱਤਾ ਹੈ ਅਤੇ ਸਿਆਹਫ਼ਾਮ ਲੋਕਾਂ ਨੂੰ ਨਤੀਜਿਆਂ ’ਤੇ ਪਰਖਿਆ ਜਾਂਦਾ ਹੈ।’ ਨੌਂ ਦਹਾਕਿਆਂ ਬਾਅਦ ਇਹ ਤੁਲਨਾ ਸੰਭਾਵੀ ਤੌਰ ’ਤੇ ਲੰਮੇ ਦਾਅ ਤੋਂ ਬਰਤਾਨੀਆ ਦੇ ਹੱਕ ਵਿਚ ਭੁਗਤ ਗਈ ਹੈ, ਇਉਂ ਜਾਪਦਾ ਹੈ ਕਿ ਉਨ੍ਹਾਂ ਅਫ਼ਰੀਕਨਾਂ (ਏਸ਼ਿਆਈਆਂ ਨੂੰ ਵੀ) ਨੂੰ ਆਪਣੇ ਸਮਾਜ ਨਾਲ ਇਕਜੁੱਟ ਕਰਨ ਲਈ ਫਰਾਂਸੀਸੀਆਂ ਨਾਲੋਂ ਬਿਹਤਰ ਕੰਮ ਕੀਤਾ ਹੈ।

ਵਿਲੀਅਮਜ਼ ਨੇ ਜੇਮਸ ਦੀਆਂ ਦੋ ਅਜ਼ੀਮ ਕਿਤਾਬਾਂ ਵੱਲ ਢੁਕਵਾਂ ਧਿਆਨ ਦਿੱਤਾ ਹੈ। ‘ਦਿ ਬਲੈਕ ਜੈਕੋਬਿਨਜ਼’ ਬਾਰੇ ਉਹ ਲਿਖਦੇ ਹਨ ਕਿ ਸੀ.ਐੱਲ.ਆਰ. ਦਾ ਇਰਾਦਾ ਹੈਤਿਆਈ ਇਨਕਲਾਬ ਦੇ ਇਤਿਹਾਸ ਅਤੇ ਭਵਿੱਖ ਦੇ ਇਨਕਲਾਬਾਂ ਦੇ ਖਾਕੇ ਦਾ ਲੇਖਾ ਜੋਖਾ ਪੇਸ਼ ਕਰਨ ਦਾ ਸੀ। ਤੇ ‘ਬਿਯੌਂਡ ਏ ਬਾਊਂਡਰੀ’ ਤੋਂ ਸਾਨੂੰ ਉਮਦਾ ਕਿਸਮ ਦੀ ਜਾਣਕਾਰੀ ਮਿਲਦੀ ਹੈ ਕਿ ਇਸ ਕਿਤਾਬ ਦਾ ਸੰਕਲਪ ਕਿਵੇਂ ਲਿਆ ਗਿਆ ਸੀ ਤੇ ਉਹ ਇਸ ਵਿਚ ਕੀ ਕਹਿਣਾ ਚਾਹੁੰਦੇ ਸਨ ਤੇ ਪਾਠਕਾਂ ਨੇ ਇਸ ਨੂੰ ਕਿਵੇਂ ਗ੍ਰਹਿਣ ਕੀਤਾ। ਉਨ੍ਹਾਂ ਇਕ ਚਿੱਠੀ ਦਾ ਹਵਾਲਾ ਦਿੱਤਾ ਹੈ ਜੋ ਜੇਮਸ ਨੇ 1953 ਵਿਚ ਵਾਰਬਰਗ ਨੂੰ ਲਿਖੀ ਸੀ ਜਿਸ ਵਿਚ ਉਹ ਇਕ ਕਿਤਾਬ ਲਿਖਣ ਦੀ ਖ਼ੁਆਹਿਸ਼ ਜ਼ਾਹਰ ਕਰਦੇ ਹਨ ਜੋ ਅੰਗਰੇਜ਼ਾਂ ਵੱਲੋਂ ਈਜਾਦ ਕੀਤੀ ਤੇ ਅਜਾਰੇਦਾਰੀ ਸਮਝੀ ਜਾਂਦੀ ਖੇਡ ਬਾਰੇ ਅੰਗਰੇਜ਼ੀ ਵਿਚਾਰ ਨਾਲੋਂ ਬਿਲਕੁਲ ਵੱਖਰੀ ਹੋਵੇਗੀ।

ਆਪਣੀ ਇਸ ਚਿੱਠੀ ਵਿਚ ਜੇਮਸ ਕਿਤਾਬ ਬਾਰੇ ਆਪਣੇ ਮਨਸ਼ੇ ਦਾ ਇੰਝ ਖੁਲਾਸਾ ਕਰਦੇ ਹਨ: ‘ਰੱਬ ਨੇ ਅੰਗਰੇਜ਼ ਲੇਖਕਾਂ ਨੂੰ ਸਰਾਪ ਦਿੱਤਾ ਹੋਇਆ ਹੈ ਕਿ ਉਨ੍ਹਾਂ ਦੇ ਵੱਡੇ ਵੱਡੇ ਦਰੱਖਤਾਂ ਤੇ ਹਰੇ ਭਰੇ ਮੈਦਾਨਾਂ ਤੇ ਗਿਰਜਾਘਰਾਂ ਦੀ ਛਹਿਬਰ ਹੇਠ ਕ੍ਰਿਕਟ ਖੇਡਦੇ ਗਿਆਰ੍ਹਾਂ ਬੰਦਿਆਂ ਤੇ ਉਨ੍ਹਾਂ ਦੀ ਅੰਗਰੇਜ਼ੀਅਤ ਸਣੇ ਸਭ ਕੁਝ ਨੂੰ ਕੂੜੇਦਾਨ ਵਿਚ ਸੁੱਟ ਦਿੱਤਾ ਜਾਵੇਗਾ। ਉਨ੍ਹਾਂ ਨੂੰ ਇਹ ਦੱਸਣਾ ਪੈਣਾ ਹੈ ਕਿ ਭਾਰਤ, ਸ੍ਰੀਲੰਕਾ, ਵੈਸਟ ਇੰਡੀਜ਼ ਆਦਿ ਥਾਵਾਂ ’ਤੇ ਜਿੱਥੇ ਵੱਡੇ ਵੱਡੇ ਦਰੱਖ਼ਤ ਨਹੀਂ ਹਨ ਤੇ ਗਿਰਜਾਘਰਾਂ ਦੀ ਜਗ੍ਹਾ ਮਸਜਿਦਾਂ ਤੇ ਢੋਲ ਨਗਾਰੇ ਹਨ, ਉੱਥੇ ਇਹ ਖੇਡ ਇੰਗਲੈਂਡ ਦੇ ਮੁਕਾਬਲੇ ਕਿਤੇ ਵੱਧ ਸ਼ਿੱਦਤ ਨਾਲ ਖੇਡੀ ਜਾਂਦੀ ਹੈ।’

‘ਬਿਯੌਂਡ ਏ ਬਾਊਂਡਰੀ’ ਇਸ ਤੋਂ ਦਸ ਸਾਲਾਂ ਬਾਅਦ ਪ੍ਰਕਾਸ਼ਿਤ ਹੋਈ ਸੀ ਅਤੇ ਇਸ ’ਤੇ ਸੈਕਰ ਐਂਡ ਵਾਰਬਰਗ ਦੀ ਥਾਂ ਕਿਸੇ ਹੋਰ ਪ੍ਰਕਾਸ਼ਕ ਦੀ ਛਾਪ ਸੀ। ਵਿਲੀਅਮਜ਼ ਦਾ ਕਹਿਣਾ ਹੈ ਕਿ ਇਸ ਕਿਤਾਬ ਵਿਚ ਕੁਝ ਖ਼ਾਮੀਆਂ ਰਹਿ ਗਈਆਂ ਸਨ। ਇਸ ਦੇ ਵਿਸ਼ਿਆਂ ਦੇ ਨਿਭਾਅ ਵਿਚ ਸਹਿਜਤਾ ਨਹੀਂ ਜਾਪਦੀ। ਕੁਝ ਪੰਨੇ ਸਾਹਿਤ ਦੀ ਥਾਂ ਪੱਤਰਕਾਰੀ ਜ਼ਿਆਦਾ ਜਾਪਦੇ ਹਨ। ਪਰ ਫਿਰ ਵੀ ਵਿਲੀਅਮਜ਼ ਦਾ ਖ਼ਿਆਲ ਹੈ: ‘ਇਸ ਵਿਚ ਪ੍ਰਸ਼ੰਸਾ ਯੋਗ ਬਹੁਤ ਕੁਝ ਮਿਲਦਾ ਹੈ। ਇਸ ਵਿਚ ਹੋਰਨਾਂ ਲੇਖਕਾਂ ਨੂੰ ਕਿਤਾਬ ਲਿਖਣ ਜੋਗਾ ਮਸਾਲਾ ਭਰਿਆ ਪਿਆ ਹੈ। ਇਸ ਦੀ ਲਿਖਤ ਵਿਚ ਇਕ ਅਜ਼ੀਮ ਭਾਸ਼ਣ ਤੇ ਉਪਦੇਸ਼ ਦੀ ਮਿਕਨਾਤੀਸੀ ਖਿੱਚ ਮੌਜੂਦ ਹੈ। ਜੇ ਲੇਖਕ ਦੀ ਬਹੁ-ਵਿਧਾਈ ਪ੍ਰਬੀਨਤਾ ਦਾ ਨਿਚੋੜ ਪੇਸ਼ ਕਰਦੀ ਤੇ ਨਾਲ ਹੀ ਉਸ ਦੇ ਦਿਲ ਤੇ ਆਤਮਾ ਦੀ ਥਾਹ ਪਾਉਣ ਵਾਲੀ ਕੋਈ ਇਕ ਕਿਤਾਬ ਹੈ ਤਾਂ ਉਹ ਇਹੀ ਇਕ ਕਿਤਾਬ ਹੈ।’

ਜਦੋਂ ਵਿਲੀਅਮਜ਼ ਇਸ ਜੀਵਨੀ ਨੂੰ ਅੰਤਿਮ ਛੋਹਾਂ ਦੇ ਰਿਹਾ ਸੀ ਤਾਂ ਅਮਰੀਕਾ ਤੇ ਹੋਰਨਾਂ ਦੇਸ਼ਾਂ ਵਿਚ ‘ਬਲੈਕ ਲਾਈਵਜ਼ ਮੈਟਰ’ ਲਹਿਰ ਜ਼ੋਰ ਫੜ ਰਹੀ ਸੀ। ਵਿਲੀਅਮਜ਼ ਦਾ ਖ਼ਿਆਲ ਸੀ ਕਿ ਇਹ ਸਬੱਬ ਉਸ ਦੇ ਵਿਸ਼ੇ ਦੇ ਪਰਮ ਅਗੇਤ ਦਾ ਸਬੂਤ ਸੀ ਜਿਵੇਂ ਕਿ ਉਨ੍ਹਾਂ ਇੱਥੇ ਲਿਖਿਆ ਹੈ, ਜੇਮਸ ਨੇ ਜਿਨ੍ਹਾਂ ਖ਼ਿਆਲਾਂ ਨੂੰ ਆਪਣੇ ਸਮਿਆਂ ਵਿਚ ਉਜਾਗਰ ਕੀਤਾ ਸੀ ਭਾਵ ਜਮਾਤ ਦੇ ਨਾਲ-ਨਾਲ ਪਛਾਣ ਦੀ ਅਹਿਮੀਅਤ, ਜ਼ਮੀਨੀ ਪੱਧਰ ਤੋਂ ਉਪਜਦਾ ਵਿਦਰੋਹ, ਸਿਆਹਫ਼ਾਮ ਲੋਕਾਂ, ਔਰਤਾਂ ਤੇ ਨੌਜਵਾਨਾਂ ਦੀ ਸਿਆਸੀ ਸੰਘਰਸ਼ਾਂ ਵਿਚ ਮੋਹਰੀ ਭੂਮਿਕਾ- ਹੌਲੀ ਹੌਲੀ ਉਹ ਸਭ ਸਿਆਸੀ ਸੋਚ ਦੀਆਂ ਮੋਹਰੀ ਸਫ਼ਾਂ ਵਿਚ ਉਭਰ ਕੇ ਸਾਹਮਣੇ ਆ ਗਏ।’

ਜੌਨ੍ਹ ਐਲ. ਵਿਲੀਅਮਜ਼ ਦੀ ਖੋਜ ਭਰਪੂਰ ਤੇ ਬਹੁਤ ਹੀ ਸਲੀਕੇ ਨਾਲ ਲਿਖੀ ਇਹ ਕਿਤਾਬ ਸੀ.ਐੱਲ.ਆਰ. ਜੇਮਸ ਬਾਰੇ ਹੁਣ ਤਕ ਜੋ ਕੁਝ ਵੀ ਲਿਖਿਆ ਗਿਆ ਹੈ, ਉਸ ਦਾ ਸਿਰਾ ਹੈ। ਮੇਰਾ ਨਹੀਂ ਖ਼ਿਆਲ ਕਿ ਹੁਣ ਮੈਨੂੰ ਕਿਸੇ ਹੋਰ ਜੀਵਨੀ ਜਾਂ ਆਲੋਚਨਾਤਮਿਕ ਅਧਿਐਨ ਨੂੰ ਪੜ੍ਹਨ ਦੀ ਲੋੜ ਪਵੇਗੀ। ਉਂਝ, ਹਰੇਕ ਦੂਜੇ ਸਾਲ ਮੈਨੂੰ ‘ਬਿਯੌਂਡ ਏ ਬਾਊਂਡਰੀ’ ਉੱਤੇ ਝਾਤ ਪਾਉਣ ਦੀ ਲੋੜ ਪਵੇਗੀ ਜਿਵੇਂ ਕਿ ਮੈਂ ਆਪਣੀ ਚੜ੍ਹਦੀ ਉਮਰ ਦੇ ਦਿਨਾਂ ਤੋਂ ਕਰਦਾ ਰਿਹਾ ਹਾਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All