ਕਿਤਾਬਾਂ ਦਾ ਸ਼ਹਿਰ ਹੇ ਔਨ ਵਾਏ : The Tribune India

ਪੁਸਤਕ ਸੱਭਿਆਚਾਰ

ਕਿਤਾਬਾਂ ਦਾ ਸ਼ਹਿਰ ਹੇ ਔਨ ਵਾਏ

ਕਿਤਾਬਾਂ ਦਾ ਸ਼ਹਿਰ ਹੇ ਔਨ ਵਾਏ

ਸੁਕੀਰਤ

ਕੁੱਲ ਆਬਾਦੀ ਹੋਵੇ 2000 ਤੇ ਕਿਤਾਬਾਂ ਦੀਆਂ ਦੁਕਾਨਾਂ ਹੋਣ 20 ਤੋਂ ਵੱਧ। ਇਕ ਐਸੀ ਥਾਂ, ਜਿੱਥੇ ਹਰ ਸਾਲ ਦਸ ਦਿਨਾਂ ਲਈ ਸਾਹਿਤਕ ਮੇਲਾ ਲੱਗਦਾ ਹੋਵੇ ਜਿਸ ਵਿਚ ਸ਼ਿਰਕਤ ਕਰਨ ਦੂਰੋਂ ਨੇੜਿਓਂ ਤਕਰੀਬਨ ਇਕ ਲੱਖ ਲੋਕ ਆਉਂਦੇ ਹੋਣ। ਸੋ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਹੇ ਔਨ ਵਾਏ ਨੂੰ ਏਨੀ ਨਿਗੂਣੀ ਆਬਾਦੀ (ਕਿਸੇ ਦਰਮਿਆਨੇ ਭਾਰਤੀ ਪਿੰਡ ਜਿੰਨੀ ਹੀ) ਦੇ ਬਾਵਜੂਦ ਵੇਲਜ਼ ਦਾ ਕੌਮੀ ਪੁਸਤਕ ਕਸਬਾ ਹੋਣ ਦਾ ਖਿਤਾਬ ਹਾਸਲ ਹੈ ਅਤੇ ਦੁਨੀਆ ਭਰ ਦੇ ਪੁਸਤਕ ਪ੍ਰੇਮੀ (ਖ਼ਾਸ ਕਰਕੇ ਅੰਗਰੇਜ਼ੀ ਵਿਚ ਪੜ੍ਹਨ ਵਾਲੇ) ਇਸਦੇ ਨਾਂਅ ਨਾਲ ਵਾਕਫ਼ ਹਨ।

ਹੇ ਔਨ ਵਾਏ, ਯਾਨੀ ਵਾਏ ਨਦੀ ਕੰਢੇ ਵੱਸਿਆ ਹੋਇਆ ਕਸਬਾ ਹੈ। ਇੰਗਲੈਂਡ ਵਿਚ ਨਦੀਆਂ ਕੰਢੇ ਵੱਸੇ ਬਹੁਤ ਸਾਰੇ ਸ਼ਹਿਰਾਂ-ਕਸਬਿਆਂ ਨੂੰ ਉਨ੍ਹਾਂ ਨਦੀਆਂ ਦੇ ਨਾਵਾਂ ਨਾਲ ਜੋੜ ਕੇ ਸੱਦਣ ਦੀ ਪੁਰਾਣੀ ਰਵਾਇਤ ਹੈ ਜਿਵੇਂ ਸਟ੍ਰੈਟਫ਼ਰਡ-ਅਪੌਨ-ਏਵਨ, ਨਿਊਕਾਸਲ ਔਨ ਟਾਈਨ, ਸਟੋਕ ਔਨ ਟਰੈਂਟ ਵਗੈਰਾ, ਵਗੈਰਾ। ਹੇ ਔਨ ਵਾਏ ਵੀ ਏਸੇ ਤਰਜ਼ ਦਾ ਨਾਂਅ ਹੈ, ਭਾਵੇਂ ਹੇ ਔਨ ਵਾਏ ਇੰਗਲੈਂਡ ਨਹੀਂ, ਵੇਲਜ਼ ਵਿਚ ਪੈਂਦਾ ਹੈ। ਤੇ ਵੇਲਸ਼ ਵਿਚ ਇਸਦਾ ਨਾਂਅ ਵੀ ਬਿਲਕੁਲ ਹੋਰ ਹੈ- ਏ ਗੇਹੀ ਗੈਂਡਰਿਲ। ਪਰ ਇੰਗਲੈਂਡ ਤੇ ਵੇਲਜ਼ ਦੀ ਸਰਹੱਦ ਦੇ ਐਨ ਉੱਪਰ, ਵੇਲਜ਼ ਵਾਲੇ ਪਾਸੇ ਵੱਸਿਆ ਇਹ ਕਸਬਾ ਦੁਨੀਆ ਭਰ ਵਿਚ ਜਾਣਿਆ ਆਪਣੇ ਅੰਗਰੇਜ਼ੀ ਨਾਂਅ ਨਾਲ ਹੀ ਜਾਂਦਾ ਹੈ ਕਿਉਂਕਿ ਯੂ.ਕੇ. (ਯੂਨਾਈਟਡ ਕਿੰਗਡਮ ਜਿਸ ਵਿਚ ਇੰਗਲੈਂਡ, ਵੇਲਜ਼, ਸਕੌਟਲੈਂਡ ਅਤੇ ਉੱਤਰੀ ਆਇਰਲੈਂਡ ਸ਼ਾਮਲ ਹਨ) ਵਿਚ ਇੰਗਲੈਂਡ ਦਾ ਦਾਬਾ ਤੇ ਅਹਿਮੀਅਤ ਵੇਲਜ਼ ਨਾਲੋਂ ਕਿਤੇ ਵੱਧ ਹੈ।

ਖ਼ੈਰ, ਹੇ ਔਨ ਵਾਏ ਕਸਬਾ ਭਾਵੇਂ ਛੋਟਾ ਜਿਹਾ ਹੈ, ਇਸ ਦਾ ਇਤਿਹਾਸ ਹਜ਼ਾਰ ਸਾਲ ਤੋਂ ਵੱਧ ਪੁਰਾਣਾ ਹੈ ਅਤੇ ਏਥੇ ਇਕ ਨਹੀਂ, ਦੋ ਦੋ ਕਿਲ੍ਹਿਆਂ ਦੀ ਹੋਂਦ ਦੇ ਬਚਦੇ ਹਿੱਸੇ ਅਜੇ ਵੀ ਖੜੋਤੇ ਦਿਸਦੇ ਹਨ। ਪਰ ਇਸ ਪਿੰਡ ਆਕਾਰੀ ਕਸਬੇ ਦੀ ਅਜੋਕੀ ਸ਼ੁਹਰਤ ਪਿਛਲੀ ਸਦੀ ਦੇ ਸੱਠਵਿਆਂ ਤੋਂ ਸ਼ੁਰੂ ਹੁੰਦੀ ਹੈ, ਤੇ ਇਹੋ ਸ਼ੁਹਰਤ ਜੁਲਾਈ ਦੇ ਇਕ ਹੁਨਾਲੇ ਦਿਨ ਮੈਨੂੰ ਲੰਡਨ ਤੋਂ ਡੇਢ ਸੌ ਮੀਲ ਦੂਰ ਵਸਦੇ ਇਸ ਥਾਂ ਖਿੱਚ ਲਿਆਈ। ਸੱਠਵਿਆਂ ਦਾ ਦੌਰ ਬਰਤਾਨੀਆ ਦੇ ਪਿੰਡਾਂ-ਕਸਬਿਆਂ ਲਈ ਬੜਾ ਔਖਿਆਈ ਭਰਿਆ ਸਮਾਂ ਸੀ। ਕੁਝ ਸਨਅਤੀਕਰਨ ਕਾਰਨ ਤੇ ਕੁਝ ਪੁਰਾਣੇ ਕਿੱਤਿਆਂ ਦੇ ਮਸ਼ੀਨੀਕਰਨ ਕਾਰਨ ਛੋਟੀਆਂ ਥਾਵਾਂ ਵਿਚਲੇ ਸਥਾਨਕ ਰੁਜ਼ਗਾਰ ਲਾਹੇਵੰਦ ਨਹੀਂ ਸਨ ਰਹੇ ਤੇ ਨੌਕਰੀਆਂ ਦੀ ਭਾਲ ਵਿਚ ਨੌਜਵਾਨ ਸ਼ਹਿਰਾਂ ਵੱਲ ਕੂਚ ਕਰ ਰਹੇ ਸਨ। ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਸਨ ਅਤੇ ਹਾਲਾਤ ਤਕਰੀਬਨ ਉਹੋ ਜਿਹੇ ਸਨ ਜੋ ਇਸ ਵੇਲੇ ਸਾਡੇ ਦੇਸ ਵਿਚ ਬਣੇ ਹੋਏ ਹਨ। ਇਹੋ ਜਿਹਾ ਹੀ ਇਕ ਨੌਜਵਾਨ ਪਲਿਮਥ ਵਿਚ ਜਨਮਿਆ ਰਿਚਰਡ ਬੂਥ ਸੀ ਜਿਸਨੂੰ ਪਿੰਡਾਂ-ਕਸਬਿਆਂ ਦੇ ਇਉਂ ਖਾਲੀ ਹੁੰਦੇ ਜਾਣ ਤੋਂ ਭੈਅ ਆਉਂਦਾ ਸੀ। ਭੁਰਦੇ ਜਾ ਰਹੇ ਪੇਂਡੂ ਅਰਥਚਾਰੇ ਨੂੰ ਕਿਹੋ ਜਿਹੇ ਧੰਦੇ ਬਚਾ ਕੇ ਰੱਖ ਸਕਣਗੇ? ਕੀ ਕੀਤਾ ਜਾਵੇ ਕਿ ਸ਼ਹਿਰੀ ਲੋਕਾਂ ਨੂੰ ਪਿੰਡਾਂ ਵੱਲ ਫੇਰੀ ਮਾਰਨ ਲਈ ਪ੍ਰੇਰਤ ਕੀਤਾ ਜਾ ਸਕੇ। ਉਸ ਨੇ ਕਿਤੇ ਪੜ੍ਹਿਆ ਕਿ ਅਮਰੀਕਾ ਵਿਚ ਬਹੁਤ ਸਾਰੇ ਪੁਸਤਕਾਲੇ ਬੰਦ ਹੋ ਰਹੇ ਹਨ ਅਤੇ ਉਨ੍ਹਾਂ ਕੋਲੋਂ ਕਿਤਾਬਾਂ ਬਹੁਤ ਸਸਤੇ ਭਾਅ ਖਰੀਦੀਆਂ ਜਾ ਸਕਦੀਆਂ ਹਨ। ਹੇ ਦੇ ਕੁਝ ਸਰਦੇ-ਪੁਜਦੇ ਨੌਜਵਾਨਾਂ ਨੂੰ ਨਾਲ ਲੈ ਕੇ ਉਹ ਅਮਰੀਕਾ ਗਿਆ, ਓਥੇ ਵੱਡੀ ਗਿਣਤੀ ਵਿਚ ਕਿਤਾਬਾਂ ਖ਼ਰੀਦੀਆਂ ਤੇ ਕੰਟੇਨਰਾਂ ਦੇ ਹਿਸਾਬ ਨਾਲ ਉਨ੍ਹਾਂ ਨੂੰ ਹੇ ਭਿਜਵਾਇਆ। ਹੇ ਔਨ ਵਾਏ ਦੇ ਪੁਰਾਣੇ ਅੱਗ-ਬੁਝਾਊ ਕੇਂਦਰ ਦੀ ਖਾਲੀ ਥਾਂ ਖ਼ਰੀਦ ਕੇ 1962 ਵਿਚ ਉਸਨੇ ਉੱਥੇ ਕਿਤਾਬਾਂ ਦੀ ਦੁਕਾਨ ਖੋਲ੍ਹੀ ਜੋ ਆਪਣੇ ਬਹੁ-ਵੰਨਗੀਆਂ ਵਾਲੇ ਜ਼ਖੀਰੇ ਅਤੇ ਸਸਤੀ ਕੀਮਤ ’ਤੇ ਮਿਲਣ ਵਾਲੀਆਂ ਕਿਤਾਬਾਂ ਕਾਰਨ ਖ਼ੂਬ ਚੱਲ ਪਈ। ਪੁਸਤਕ ਪ੍ਰੇਮੀ ਦੂਰ ਦੂਰ ਤੋਂ ਕਿਤਾਬਾਂ ਖ਼ਰੀਦਣ ਲਈ ਹੇ ਔਨ ਵਾਏ ਆਉਣ ਲੱਗ ਪਏ। ਰਿਚਰਡ ਬੂਥ ਦੀ ਸਫ਼ਲਤਾ ਨੂੰ ਦੇਖ ਕੇ ਹੋਰਨਾਂ ਨੇ ਵੀ ਕਿਤਾਬਾਂ ਦੀਆਂ ਦੁਕਾਨਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ। ਦੂਰ-ਦੁਰੇਡਿਓ ਆਉਣ ਵਾਲੇ ਪੁਸਤਕ ਪ੍ਰੇਮੀਆਂ ਦੀ ਆਓ ਭਗਤ ਲਈ ਤੇ ਉਨ੍ਹਾਂ ਦੀਆਂ ਲੋੜਾਂ ਨੂੰ ਦੇਖਦਿਆਂ ਪਹਿਲੋਂ ਨਿੱਕੇ ਕੈਫੇ ਤੇ ਰੈਸਤੋਰਾਂ ਖੁੱਲ੍ਹੇ ਤੇ ਮਗਰੋਂ ਰਿਹਾਇਸ਼ੀ ਥਾਵਾਂ ਵੀ ਹੋਂਦ ਵਿਚ ਆਉਣ ਲੱਗ ਪਈਆਂ। 1970 ਤੀਕ ਹੇ ਔਨ ਵਾਏ ‘ਕਿਤਾਬਾਂ ਦੇ ਸ਼ਹਿਰ’ ਵਜੋਂ ਅੰਤਰ-ਰਾਸ਼ਟਰੀ ਨਾਮਣਾ ਹਾਸਲ ਕਰ ਚੁੱਕਾ ਸੀ।

ਹੇ ਔਨ ਵਾਏ ਦੀ ਮਸ਼ਹੂਰੀ ਸਾਲ ਦਰ ਸਾਲ ਵਧਦੀ ਗਈ ਤੇ 1988 ਤੋਂ ਏਥੇ ਮਈ ਦੇ ਅੰਤ - ਜੂਨ ਦੇ ਸ਼ੁਰੂਆਤੀ ਸਮੇਂ ਦਸ ਦਿਨਾ ਸਾਹਿਤਕ ਮੇਲੇ ਨੂੰ ਵਿਉਂਤਣ ਦੀ ਪਿਰਤ ਪਈ। ਇਹ ਮੇਲਾ ਹੁਣ ਬਰਤਾਨੀਆ ਦੇ ਸਾਹਿਤਕ ਕਲੰਡਰ ਵਿਚ ਪੱਕੀ ਤੇ ਅਹਿਮ ਥਾਂ ਹਾਸਲ ਕਰ ਚੁੱਕਾ ਹੈ ਅਤੇ ਏਸ ਵਿਚ ਵੱਡੇ ਵੱਡੇ ਲੇਖਕ ਆਣ ਕੇ ਆਪਣੇ ਪਾਠਕਾਂ ਨੂੰ ਮੁਖਾਤਬ ਹੁੰਦੇ ਤੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕਰਦੇ ਹਨ। ਇਸ ਮੇਲੇ ਦੀ ਤਰਜ਼ ’ਤੇ ਹੁਣ ਬਹੁਤ ਸਾਰੇ ਹੋਰ ਦੇਸਾਂ ਵਿਚ ਇਹੋ ਜਿਹੇ ਸਾਹਿਤਕ ਮੇਲੇ ਵਿਉਂਤੇ ਜਾਣ ਲੱਗ ਪਏ ਹਨ ਜਿਨ੍ਹਾਂ ਵਿਚ ਸਾਡੇ ਦੇਸ ਵਿਚ ਹੋਣ ਵਾਲੇ ਜੈਪੁਰ ਅਤੇ ਤਿਰੂਵਨੰਤਪੁਰਮ ਦੇ ਸਾਹਿਤਕ ਮੇਲੇ ਵੀ ਸ਼ਾਮਲ ਹਨ।

ਜੁਲਾਈ ਦੀ ਜਿਸ ਦੁਪਹਿਰ ਮੈਂ ਹੇ ਔਨ ਵਾਏ ਪਹੁੰਚਿਆ, ਇਸ ਸਾਲ ਦਾ ਮੇਲਾ ਚਿਰੋਕਣਾ ਸੰਪੰਨ ਹੋ ਚੁੱਕਾ ਸੀ, ਪਰ ਤਾਂ ਵੀ ਮੇਰੇ ਵਰਗੇ ਪੁਸਤਕ ਪ੍ਰੇਮੀ ਸੈਲਾਨੀਆਂ ਦੀ ਚੋਖੀ ਗਹਿਮਾ ਗਹਿਮੀ ਸੀ। ਛੋਟੇ ਜਿਹੇ ਕਸਬੇ ਦੀ ਹਰੇਕ ਗਲੀ ਨੂੰ ਵੀ ਸਿਰਫ਼ ਪਾਰ ਕਰਨਾ ਹੋਵੇ ਤਾਂ ਘੰਟੇ ਤੋਂ ਵੱਧ ਦਾ ਸਮਾਂ ਨਾ ਲੱਗੇ, ਪਰ ਹਰ ਗਲੀ ਕਿਤਾਬਾਂ ਦੀਆਂ ਦੁਕਾਨਾਂ, ਨਿੱਕੇ ਨਿੱਕੇ ਕੈਫਿਆਂ-ਢਾਬਿਆਂ ਤੇ ਇਤਿਹਾਸਕ ਅਹਿਮੀਅਤ ਦੀਆਂ ਇਮਾਰਤਾਂ ਨਾਲ ਇੰਜ ਅੱਟੀ ਪਈ ਹੈ ਕਿ ਇਸ ਥਾਂ ਆਣ ਕੇ ਕਈ ਦਿਨ ਬਿਤਾਏ ਜਾ ਸਕਦੇ ਹਨ।

ਸਭ ਤੋਂ ਪਹਿਲਾਂ ਮੈਂ ਰਿਚਰਡ ਬੂਥ ਦੀ 1962 ਵਿਚ ਸ਼ੁਰੂ ਕੀਤੀ, ਹੇ ਔਨ ਵਾਏ ਦੀ ਪਹਿਲੀ ਕਿਤਾਬਾਂ ਦੀ ਦੁਕਾਨ ਦੇਖਣ ਗਿਆ। ਭਾਵੇਂ ਰਿਚਰਡ ਬੂਥ 2019 ਵਿਚ ਪੂਰਾ ਹੋ ਗਿਆ ਸੀ, ਤੇ ਮੌਤ ਤੋਂ ਕਈ ਸਾਲ ਪਹਿਲਾਂ (2005 ਵਿਚ) ਉਸ ਨੇ ਇਹ ਦੁਕਾਨ ਵੇਚ ਵੀ ਦਿੱਤੀ ਸੀ, ਪਰ ਉਸ ਦਾ ਨਾਂਅ ਅਜੇ ਵੀ ਵੱਡੇ ਅੱਖਰਾਂ ਵਿਚ ਇਮਾਰਤ ਦੇ ਮੱਥੇ ਉੱਤੇ ਸਭ ਤੋਂ ਉੱਪਰ ਲਿਖਿਆ ਨਜ਼ਰੀਂ ਪੈਂਦਾ ਹੈ। ਉਸ ਦੇ ਹੇਠਾਂ, ਦਰਵਾਜ਼ੇ ’ਤੇ ਸਿਰਫ਼ ਏਨਾ ਹੀ ਲਿਖਿਆ ਹੋਇਆ ਹੈ ‘ਪਹਿਲੋਂ ਵਰਤੀਆਂ ਤੇ ਨਵੀਆਂ ਕਿਤਾਬਾਂ’। ਇਹ ਲੰਮੀ ਚੌੜੀ ਦੁਕਾਨ ਤਿੰਨ ਮੰਜ਼ਲੀ ਹੈ ਤੇ ਪੁਸਤਕ ਪ੍ਰੇਮੀਆਂ ਲਈ ਸਾਹਿਤ ਦੀਆਂ ਅਥਾਹ ਵੰਨਗੀਆਂ ਦਾ ਪ੍ਰਭਾਵਸ਼ਾਲੀ ਭੰਡਾਰ ਹੈ। ਸੜਕ ਦੀ ਪੱਧਰ ’ਤੇ ਸਥਿਤ ਮੰਜ਼ਲ ਉੱਤੇ ਤਾਜ਼ਾ ਛਪੀਆਂ ਤੇ ਹਾਸਲ ਹੋਈਆਂ ਕਿਤਾਬਾਂ ਵੰਨਗੀ-ਵਾਰ ਰੱਖੀਆਂ ਗਈਆਂ ਹਨ ਅਤੇ ਏਸੇ ਮੰਜ਼ਲ ਦੇ ਇਕ ਹਿੱਸੇ ਨੂੰ ‘ਬਾਲਾਂ ਦਾ ਕਮਰਾ’ ਥਾਪਿਆ ਗਿਆ ਹੈ। ਕਿਤਾਬਾਂ ਨੂੰ ਕੁਝ ਇਸ ਢੰਗ ਨਾਲ ਚਿਣਿਆ ਤੇ ਰੱਖਿਆ ਗਿਆ ਹੈ ਕਿ ਛੋਟੀ ਉਮਰ ਦੇ ਬਾਲ ਵੀ ਆਪੇ ਹੀ ਆਪਣੀ ਦਿਲਚਸਪੀ ਦੀਆਂ ਕਿਤਾਬਾਂ ਕੱਢ-ਫਰੋਲ ਸਕਦੇ ਹਨ। ਏਸ ਮੰਜ਼ਲ ਤੋਂ ਹੇਠਲੀ, ਭੋਰਾ-ਮੰਜ਼ਲ ਵੱਲ ਲਹਿੰਦੀਆਂ ਪੌੜੀਆਂ ਦੇ ਮੱਥੇ ’ਤੇ ਹੀ ਦਰਜ ਹੈ ਕਿ ਉਸ ਤਹਿਖਾਨੇ ਵਿਚ ਤੁਸੀਂ ਕੀ ਕੁਝ ਲੱਭ ਸਕਦੇ ਹੋ: ਜੁਰਮ ਸਾਹਿਤ, ਵਿਗਿਆਨ ਸਾਹਿਤ, ਫੰਤਾਸੀ ਸਾਹਿਤ, ਇਤਿਹਾਸ ਸਾਹਿਤ, ਭੈਦਾਇਕ ਸਾਹਿਤ, ਰੋਮਾਂਸ ਅਤੇ ਤਸਵੀਰ ਸਾਹਿਤ (ਕੌਮਿਕਸ)। ਏਸੇ ਤਰ੍ਹਾਂ ਉਤਲੀ ਮੰਜ਼ਲ ਵੱਲ ਜਾਂਦੀਆਂ ਪੌੜੀਆਂ ਦੇ ਹਰ ਪੌਡੇ ਉੱਤੇ ਦਰਜ ਹੈ ਕਿ ਓਥੇ ਤੁਹਾਨੂੰ ਕਿਨ੍ਹਾਂ ਵਿਸ਼ਿਆਂ ਨਾਲ ਸਬੰਧਤ ਕਿਤਾਬਾਂ ਮਿਲ ਸਕਦੀਆਂ ਹਨ: ਕਲਾ, ਸੰਗੀਤ, ਫਿਲਮਾਂ, ਫੋਟੋਗ੍ਰਾਫੀ, ਇਮਾਰਤਕਾਰੀ, ਚਿਕਿਤਸਕੀ, ਧਰਮ ਸ਼ਾਸਤਰ, ਲੋਕ ਧਾਰਾ, ਹੋਰਨਾਂ ਜ਼ਬਾਨਾਂ ਦਾ ਸਾਹਿਤ, ਲੋਕ ਧਾਰਾ, ਇਤਿਆਦ। ਮੁੱਕਦੀ ਗੱਲ, ਤੁਹਾਡੀ ਦਿਲਚਸਪੀ ਦਾ ਖੇਤਰ ਕੋਈ ਵੀ ਹੋਵੇ; ਹਰ ਕਿਸਮ ਦੀਆਂ ਪੁਸਤਕਾਂ ਏਸ ਸੁਚੱਜ ਨਾਲ ਬੀੜੀ ਤੇ ਵਿਉਂਤੀ ਦੁਕਾਨ ਵਿਚ ਤੁਹਾਨੂੰ ਸਹਿਜੇ ਹੀ ਲੱਭ ਜਾਣਗੀਆਂ। ਸਮੇਂ ਦੀ ਘਾਟ ਦੇ ਬਾਵਜੂਦ (ਸ਼ਾਮ ਤੀਕ ਮੈਂ ਵੇਲਜ਼ ਦੇ ਕਿਸੇ ਹੋਰ ਸ਼ਹਿਰ ਪਹੁੰਚਣਾ ਸੀ) ਮੈਂ ਦੋ ਘੰਟੇ ਇਸ ਦੁਕਾਨ ਦੇ ਅਮੀਰ ਪੁਸਤਕ ਭੰਡਾਰ ਨੂੰ ਵਾਚਣ ਵਿਚ ਹੀ ਗੁਆਚਿਆ ਰਿਹਾ। ਫੇਰ ਖਿਆਲ ਆਇਆ ਕਿ ਅਜੇ ਤਾਂ ਹੋਰਨਾਂ ਕਈ ਦੁਕਾਨਾਂ ’ਤੇ ਵੀ ਝਾਤ ਮਾਰਨੀ ਹੈ।

ਹੇ ਔਨ ਵਾਏ ਦੀਆਂ ਬਾਕੀ ਦੁਕਾਨਾਂ ਰਿਚਰਡ ਬੂਥ ਵਾਲੀ ਦੁਕਾਨ ਜੇਡੀਆਂ ਵਿਸ਼ਾਲ ਤੇ ਬਹੁ-ਵਿਧਾਈ ਤਾਂ ਨਹੀਂ, ਪਰ ਤਕਰੀਬਨ ਹਰ ਇਕ ਦੀ ਆਪੋ-ਆਪਣੀ ਖਾਸੀਅਤ ਹੈ। ਇਕ ਦੁਕਾਨ ਸਿਰਫ਼ ਕਾਵਿ-ਸਾਹਿਤ ’ਤੇ ਕੇਂਦਰਤ ਸੀ, ਤੇ ਉਸ ਦੇ ਨਾਲ ਦੀ ਸਮਲਿੰਗਕਤਾ ਦੇ ਵਿਸ਼ੇ ਨਾਲ ਸਬੰਧਤ ਸਾਹਿਤ ਉੱਤੇ। ਏਸੇ ਤਰ੍ਹਾਂ ਇਕ ਹੋਰ ਦੁਕਾਨ ਦੀ ਵਿਸ਼ੇਸ਼ਤਾ ਇਹ ਸੀ ਕਿ ਓਥੇ ਹਰ ਪੁਸਤਕ ਦੀ ਕੀਮਤ ਸਿਰਫ਼ ਇਕ ਪੌਂਡ (95 ਰੁਪਏ) ਰੱਖੀ ਗਈ ਸੀ। ਏਥੇ ਦੋ ਕਿਸਮ ਦੀਆਂ ਕਿਤਾਬਾਂ ਮਿਲ ਰਹੀਆਂ ਸਨ: ਪਹਿਲੋਂ ਵਰਤੀਆਂ ਹੋਈਆਂ ਤੇ ਸੀਮਤ ਦਿਲਚਸਪੀ ਵਾਲੇ ਵਿਸ਼ਿਆਂ ਦੀਆਂ ਕੁਝ ਅਣਛੋਹੀਆਂ ਕਿਤਾਬਾਂ ਵੀ, ਜਿਨ੍ਹਾਂ ਦਾ ਪਿਆ ਸਟਾਕ ਸ਼ਾਇਦ ਪ੍ਰਕਾਸ਼ਕ ਛੇਤੀ ਕੱਢਣਾ ਚਾਹੁੰਦੇ ਹੋਣ। ਏਥੇ ਮੈਨੂੰ ਵੀ ਆਪਣੀ ਦਿਲਚਸਪੀ ਦੀਆਂ ਕਈ ਕਿਤਾਬਾਂ ਲੱਭ ਗਈਆਂ, ਪਰ ਏਨਾ ਭਾਰ ਕੌਣ ਚੁੱਕੇ। ਮੈਂ ਅਜੇ ਕਈ ਹੋਰ ਸ਼ਹਿਰਾਂ ਵਿਚ ਜਾਣਾ ਸੀ, ਤੇ ਫੇਰ ਦੇਸ ਵਾਪਸੀ ਸਮੇਂ ਸੀਮਤ ਭਾਰ ਖੜਨ ਦੀ ਇਜਾਜ਼ਤ ਦੇਂਦੀ ਉਡਾਣ ਵੀ ਭਰਨੀ ਸੀ। ਤਾਂ ਵੀ, ਸਿਰਫ਼ ਇਕ ਪੌਂਡ ਵਿਚ ਵਧੀਆ ਕਿਤਾਬਾਂ ਮਿਲਦੀਆਂ ਦੇਖ ਮੇਰੇ ਕੋਲੋਂ ਰਿਹਾ ਨਾ ਗਿਆ ਤੇ ਮੈਂ ਦੋ ਕਿਤਾਬਾਂ ਖ਼ਰੀਦ ਹੀ ਲਈਆਂ।

ਚਾਰ ਵੱਜ ਰਹੇ ਸਨ, ਤੇ ਪੰਜ ਵਜੇ ਤੀਕ ਮੈਂ ਅਗਲੇ ਸ਼ਹਿਰ ਲਈ ਚਾਲੇ ਵੀ ਪਾਉਣੇ ਸਨ। ਸ਼ਹਿਰ ਵਿਚ ਵੜਦੇ ਸਾਰ ਇਕ ਖ਼ੂਬਸੂਰਤ ਕਿਲ੍ਹੇ ਦੇ ਖੰਡਰ ਨਜ਼ਰੀਂ ਪਏ ਸਨ, ਤੇ ਸੋਚਿਆ ਸੀ ਕਿਤਾਬਾਂ ਦੀਆਂ ਦੁਕਾਨਾਂ ਦੀ ਫੇਰੀ ਮਗਰੋਂ ਇਸ ਕਿਲ੍ਹੇ ਨੂੰ ਦੇਖਣ ਜਾਵਾਂਗਾ। ਸਵੇਰ ਦੇ ਹਲਕੇ ਜਿਹੇ ਨਾਸ਼ਤੇ ਤੋਂ ਬਾਅਦ ਸਾਰਾ ਦਿਨ ਕੁਝ ਖਾਧਾ-ਪੀਤਾ ਵੀ ਨਹੀਂ ਸੀ ਤੇ ਹੁਣ ਭੁੱਖ ਚਮਕ ਪਈ ਸੀ। ਪਰ ਹਿਸਾਬ ਲਾਇਆ ਕਿ ਜੇ ਹੁਣ ਕੁਝ ਖਾਣ ਬਹਿ ਗਿਆ ਤਾਂ ਕਿਲ੍ਹੇ ਲਈ ਸਮਾਂ ਨਹੀਂ ਬਚਣ ਲੱਗਾ। ਚਲੋ, ਅੱਜ ਫਾਕਾ ਹੀ ਸਹੀ।

ਹੇ ਔਨ ਵਾਏ ਕਸਬਾ ਤਾਂ ਛੋਟਾ ਜਿਹਾ ਹੈ ਪਰ ਆਪਣੇ ਹਜ਼ਾਰ ਸਾਲ ਤੋਂ ਵੱਧ ਦੇ ਇਤਿਹਾਸ ਕਾਰਨ ਏਥੇ 150 ਅਜਿਹੀਆਂ ਇਮਾਰਤਾਂ ਹਨ ਜਿਨ੍ਹਾਂ ਨੂੰ ਇਤਿਹਾਸਕ ਮਹੱਤਵ ਦੀਆਂ ਕਰਾਰ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਬਹੁਤੀਆਂ 18ਵੀਂ ਤੇ 19ਵੀਂ ਸਦੀ ਵਿਚ ਉਸਾਰੀਆਂ ਗਈਆਂ ਸਨ, ਪਰ ਕਸਬੇ ਦੇ ਕੇਂਦਰੀ ਹਿੱਸੇ ਵਿਚ ਵਾਏ ਨਦੀ ਦੇ ਕੰਢੇ ਉਸਾਰਿਆ ਗਿਆ ਹੇ ਦਾ ਕਿਲ੍ਹਾ (ਵੇਲਸ਼ ਭਾਸ਼ਾ ਵਿਚ ਕਾਸਤੈਲ ਏ ਗੈਲੀ) ਇਨ੍ਹਾਂ ਵਿਚੋਂ ਸਭ ਤੋਂ ਪੁਰਾਣਾ ਹੈ। ਇਸ ਦੀ ਮੁੱਢਲੀ ਉਸਾਰੀ 11ਵੀਂ ਸਦੀ ਦੇ ਅੰਤ ਵਿਚ ਸ਼ੁਰੂ ਹੋਈ ਤੇ ਸੰਨ 1200 ਤਕ ਇਸ ਨੂੰ ਪੱਥਰਾਂ ਨਾਲ ਪੱਕੀ ਤਰ੍ਹਾਂ ਅੰਜਾਮ ਦੇ ਦਿੱਤਾ ਗਿਆ, ਪਰ ਅਗਲੇਰੀਆਂ 9 ਸਦੀਆਂ ਵਿਚ ਇਸ ਉੱਤੇ ਕਈ ਵਾਰ ਹਮਲੇ ਹੋਏ, ਇਹ ਕਈ ਵਾਰ ਨੁਕਸਾਨਿਆ ਤੇ ਮੁੜ ਸਥਾਪਤ ਕੀਤਾ ਗਿਆ। ਇੰਗਲੈਂਡ ਅਤੇ ਵੇਲਜ਼ ਦੀਆਂ ਬਰੂਹਾਂ ’ਤੇ ਖੜੋਤਾ ਇਹ ਕਿਲ੍ਹਾ ਮੱਧਕਾਲੀ ਸਮਿਆਂ ਵਿਚ ਇਨ੍ਹਾਂ ਦੋ ਹਮਸਾਇਆਂ ਵਿਚ ਹੋਏ ਹਰ ਯੁੱਧ ਦਾ ਗਵਾਹ ਰਿਹਾ, ਜਿਸ ਦੀਆਂ ਜ਼ਾਮਨ ਇਸ ਦੀਆਂ ਕੁਝ ਢੱਠੀਆਂ ਤੇ ਕੁਝ ਸਾਬਤ ਬਚੀਆਂ 6-6 ਫੁੱਟ ਮੋਟੀਆਂ ਕੰਧਾਂ ਹਨ। ਦਰਅਸਲ, ਕਈ ਸਦੀਆਂ ਦੇ ਵਕਫ਼ੇ ਉੱਤੇ ਖਿੱਲਰੀਆਂ ਅਤੇ ਵਾਰ ਵਾਰ ਹੋਈਆਂ ਜੰਗਾਂ ਦੀ ਮਾਰ ਨੇ ਤਾਂ ਕਿਲ੍ਹੇ ਦਾ ਨੁਕਸਾਨ ਕੀਤਾ ਹੀ, 1939 ਤੇ 1977 ਵਿਚ ਦੋ ਵਾਰ ਇਹ ਗੰਭੀਰ ਅੱਗਾਂ ਦੀ ਮਾਰ ਹੇਠ ਵੀ ਆਇਆ। 1980 ਵਿਚ ਕੀਤੀ ਗਈ ਮੁਰੰਮਤ ਦੇ ਬਾਵਜੂਦ ਕਿਲ੍ਹੇ ਦਾ ਬਹੁਤਾ ਹਿੱਸਾ ਅਸਥਿਰ ਅਤੇ ਨਿੱਘਰਿਆ ਹੀ ਰਿਹਾ, ਇਮਾਰਤ ਦੀ ਹਾਲਤ ਏਨੀ ਖਸਤਾ ਸੀ ਕਿ ਅੰਦਰ ਵੜਨਾ ਵੀ ਖ਼ਤਰੇ ਤੋਂ ਖਾਲੀ ਨਹੀਂ ਸੀ। ਦੂਜੇ ਪਾਸੇ ਕਸਬਾ ਵੀ ਆਰਥਿਕ ਮੰਦਹਾਲੀ ਵਿਚੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਤੇ ਟੁੱਟ-ਭੱਜ ਹੇਠ ਆਈਆਂ ਇਮਾਰਤਾਂ ਵੱਲ ਧਿਆਨ ਦੇਣ ਲਈ ਨਾ ਸਮਾਂ ਸੀ, ਨਾ ਵਸੀਲੇ। ਪਰ ਜਿਉਂ ਜਿਉਂ ਹੇ ਔਨ ਵਾਏ ਦੀ ਪ੍ਰਸਿੱਧੀ ਅਤੇ ਸਾਲਾਨਾ ਸਾਹਿਤਕ ਮਿਲਣੀਆਂ ਲਈ ਆਉਣ ਵਾਲਿਆਂ ਦੀ ਗਿਣਤੀ ਵਧਦੀ ਗਈ, ਕਸਬੇ ਦੇ ਵਿਚਕਾਰ ਖੜੋਤੀ ਇਸ ਇਤਿਹਾਸਕ ਇਮਾਰਤ ਨੂੰ ਸੈਲਾਨੀ ਕੇਂਦਰ ਵਜੋਂ ਸਥਾਪਤ ਕਰਨ ਵੱਲ ਵੀ ਧਿਆਨ ਗਿਆ। 2011 ਵਿਚ ਹੇ ਕਾਸਲ ਟਰਸਟ ਦੀ ਸਥਾਪਨਾ ਹੋਈ ਜਿਸ ਨੇ ਇਸ ਨੂੰ ਕਲਾ, ਸਾਹਿਤ ਅਤੇ ਸਿਖਲਾਈ ਕੇਂਦਰ ਵਜੋਂ ਸਥਾਪਤ ਕਰਨ ਦੀ ਮੁਹਿੰਮ ਵਿੱਢੀ। 11 ਸਾਲ ਅਤੇ 50 ਲੱਖ ਪੌਂਡ (ਤਕਰੀਬਨ 47 ਕਰੋੜ ਰੁਪਏ) ਖਰਚ ਕੇ 26 ਮਈ 2022 ਨੂੰ ਇਸ ਸਾਲ ਦੇ ਸਾਹਿਤਕ ਮੇਲੇ ਮੌਕੇ ਕਿਲ੍ਹੇ ਦੇ ਦਰ ਸੈਲਾਨੀਆਂ ਲਈ ਖੋਲ੍ਹ ਦਿੱਤੇ ਗਏ। ਕਿਲ੍ਹੇ ਦਾ ਇਕ ਹਿੱਸਾ ਛੱਤੋਂ ਵਿਹੂਣਾ ਅਤੇ ਟੁੱਟੀਆਂ ਕੰਧਾਂ ਵਾਲਾ ਹੀ ਰਹਿਣ ਦਿੱਤਾ ਗਿਆ ਹੈ, ਭਾਵੇਂ ਉਸ ਵਿਚਲੀਆਂ ਪੌੜੀਆਂ ਅਤੇ ਕੰਧਾਂ ਨੂੰ ਇਵੇਂ ਪੱਕਾ ਕਰ ਦਿੱਤਾ ਗਿਆ ਹੈ ਕਿ ਉਸ ਅੰਦਰ ਘੁੰਮ ਸਕਣਾ ਸੰਭਵ ਹੋ ਗਿਆ ਹੈ। ਕਿਲ੍ਹੇ ਦੇ ਦੂਜੇ, ਤੇ ਵਡੇਰੇ ਹਿੱਸੇ ਨੂੰ ਅੰਦਰੋਂ ਪੂਰੀ ਤਰ੍ਹਾਂ ਨਵਿਆ ਕੇ ਪ੍ਰਦਰਸ਼ਨੀ ਕਮਰਿਆਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਜਿਨ੍ਹਾਂ ਵਿਚ ਹੇ ਔਨ ਵਾਏ ਦੇ ਇਤਿਹਾਸ ਨਾਲ ਜੁੜੀਆਂ ਵਸਤਾਂ ਨੂੰ ਦੇਖਿਆ ਜਾ ਸਕਦਾ ਹੈ। ਇਕ ਸੈਮੀਨਾਰ ਹਾਲ ਅਤੇ ਕੈਫੇ-ਰੈਸਤੋਰਾਂ ਵੀ ਬਣਾਏ ਗਏ ਹਨ। ਸ਼ਾਮ ਦੇ ਚਾਰ ਵਜੇ ਉਸ ਵਿਚ ਸਿਰਫ਼ ਕੇਕ ਤੇ ਚਾਹ-ਕੌਫੀ ਹੀ ਮਿਲ ਰਹੇ ਸਨ ਪਰ ਮੇਰੇ ਵਿਲਕਦੇ ਢਿੱਡ ਨੂੰ ਝੁਲਕਾਉਣ ਲਈ ਏਨਾ ਵੀ ਬਹੁਤ ਸੀ।

ਕੈਫੇ ਵਿਚ ਬਹਿ ਕੇ ਕੌਫੀ ਦੀਆਂ ਚੁਸਕੀਆਂ ਲੈਂਦਿਆਂ ਅਤੇ ਕਿਲ੍ਹੇ ਦੇ ਪਿਛਲੇ ਪਾਸੇ ਪਸਰੇ ਬਗੀਚੇ ਦਾ ਨਜ਼ਾਰਾ ਲੈਂਦਿਆਂ ਮੈਂ ਸੋਚ ਰਿਹਾ ਸਾਂ ਕਿ ਜੇ ਰਿਚਰਡ ਬੂਥ ਨੂੰ ਕਿਤਾਬਾਂ ਦੀ ਦੁਕਾਨ ਖੋਲ੍ਹਣ ਦਾ ਫੁਰਨਾ ਨਾ ਫੁਰਦਾ ਤਾਂ ਨਾ ਇਸ ਛੋਟੇ ਜਿਹੇ ਕਸਬੇ ਵਿਚ ਸਾਹਿਤਕ ਮੇਲੇ ਲੱਗਣੇ ਸਨ ਤੇ ਨਾ ਹੀ ਏਸ ਖੰਡਰ ਹੁੰਦੇ ਜਾਂਦੇ ਕਿਲ੍ਹੇ ਦੀ ਕਾਇਆ ਕਲਪ ਹੋਣੀ ਸੀ। ਇਕ ਬੰਦੇ ਦੀ ਲਗਨ ਆਖ ਲਓ ਜਾਂ ਖ਼ਬਤ, ਜਿਸ ਨੇ ਮੰਦਹਾਲੀ ਵੱਲ ਧੱਕੇ ਗਏ ਇਕ ਖਿੱਤੇ ਦੇ ਭਾਗ ਹੀ ਜਗਾ ਦਿੱਤੇ। ਮੇਰੇ ਜ਼ਿਹਨ ਵਿਚ ਪੰਜਾਬ ਦੇ ਅਨੇਕਾਂ ਅਜੇਹੇ ਪਿੰਡ ਵੀ ਉਭਰੇ ਜੋ ਨੌਜਵਾਨ ਵਸੋਂ ਤੋਂ ਖਾਲੀ ਹੁੰਦੇ ਜਾ ਰਹੇ ਹਨ, ਤੇ ਜਿਨ੍ਹਾਂ ਦੀਆਂ ਇਤਿਹਾਸਕ ਨਿਸ਼ਾਨੀਆਂ ਹੌਲੀ ਹੌਲੀ ਥੇਹਾਂ ਵਿਚ ਤਬਦੀਲ ਹੁੰਦੀਆਂ ਜਾ ਰਹੀਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All