ਸਾਂਝੇ ਪੰਜਾਬ ਦਾ ਸਾਂਝਾ ਨਾਇਕ ਚੌਧਰੀ ਛੋਟੂ ਰਾਮ : The Tribune India

ਲੋਕ-ਆਗੂ

ਸਾਂਝੇ ਪੰਜਾਬ ਦਾ ਸਾਂਝਾ ਨਾਇਕ ਚੌਧਰੀ ਛੋਟੂ ਰਾਮ

ਸਾਂਝੇ ਪੰਜਾਬ ਦਾ ਸਾਂਝਾ ਨਾਇਕ ਚੌਧਰੀ ਛੋਟੂ ਰਾਮ

ਚੌਧਰੀ ਛੋਟੂ ਰਾਮ

ਲਖਵਿੰਦਰ ਜੌਹਲ ਧੱਲੇਕੇ

ਕਿਸਾਨ ਪਰਿਵਾਰ ਵਿੱਚ ਪੈਦਾ ਹੋੲੇ ਚੌਧਰੀ ਛੋਟੂ ਰਾਮ ਵਿਦਿਆਰਥੀ ਜੀਵਨ ਤੋਂ ਹੀ ਸਿਆਸੀ ਤੌਰ ’ਤੇ ਚੇਤੰਨ ਤੇ ਸਰਗਰਮ ਸਨ। ਸਮਾਜਿਕ ਹਾਲਾਤ ਦੇਖ ਕੇ ਉਨ੍ਹਾਂ ਸਿਆਸਤ ’ਚ ਪੈਰ ਧਰਿਆ ਤੇ ਕਿਸਾਨਾਂ ਦੇ ਪੱਖ ਵਿੱਚ ਕਈ ਕਾਨੂੰਨ ਬਣਵਾਏ। ਇਹ ਲੇਖ ਦੀਨ ਬੰਧੂ ਅਤੇ ਕਿਸਾਨਾਂ ਦਾ ਮਸੀਹਾ ਆਖੇ ਜਾਣ ਵਾਲੇ ਇਸ ਆਗੂ ਦੇ ਜੀਵਨ ਬਾਰੇ ਦੱਸਦਾ ਹੈ।

ਚੌਧਰੀ ਛੋਟੂ ਰਾਮ ਦਾ ਜਨਮ 24 ਨਵੰਬਰ 1881 ਨੂੰ ਵਰਤਮਾਨ ਹਰਿਆਣਾ ਦੇ ਜ਼ਿਲ੍ਹਾ ਰੋਹਤਕ ਦੇ ਪਿੰਡ ਗੜ੍ਹੀ ਸਾਂਪਲਾ ਵਿੱਚ ਮਾਤਾ ਸਰਲਾ ਦੇਵੀ ਅਤੇ ਪਿਤਾ ਸੁਖੀ ਰਾਮ ਜਾਟ ਦੇ ਘਰ ਹੋਇਆ। ਮਾਪਿਆਂ ਨੇ ਪੂਰਾ ਨਾਂ ਰਾਮ ਰਛਪਾਲ ਰੱਖਿਆ ਸੀ, ਪਰ ਘਰ ਵਿੱਚ ਸਭ ਤੋਂ ਛੋਟਾ ਬੱਚਾ ਹੋਣ ਕਰਕੇ ਨਾਂ ਛੋਟੂ ਰਾਮ ਪੈ ਗਿਆ। ਛੋਟੂ ਰਾਮ ਨੇ ਮੁੱਢਲੀ ਪੜ੍ਹਾਈ ਸਾਂਪਲਾ ਦੇ ਪ੍ਰਾਇਮਰੀ ਸਕੂਲ ਤੋਂ ਹੀ ਪੂਰੀ ਕੀਤੀ। ਅੱਗੇ ਮਿਡਲ ਦੀ ਪੜ੍ਹਾਈ ਲਈ ਪਿੰਡ ਤੋਂ ਬਾਰਾਂ ਮੀਲ ਦੂਰ ਝੱਜਰ ਦੇ ਮਿਡਲ ਸਕੂਲ ਵਿੱਚ ਦਾਖਲਾ ਲਿਆ ਅਤੇ ਸਾਲ 1899 ਵਿੱਚ ਮਿਡਲ ਤੱਕ ਦੀ ਪੜ੍ਹਾਈ ਪੂਰੀ ਕਰ ਲਈ। ਅੱਗੇ ਮੈਟ੍ਰਿਕ ਕਲਾਸਾਂ ਵਿੱਚ ਦਾਖਲਾ ਲੈਣ ਲਈ ਪੈਸਿਆਂ ਦੀ ਤੰਗੀ ਸੀ। ਆਪਣੇ ਪੁੱਤਰ ਦੀ ਅੱਗੇ ਪੜ੍ਹਨ ਦੀ ਇੱਛਾ ਨੂੰ ਵੇਖ ਕੇ ਪਿਤਾ ਸੁਖੀ ਰਾਮ ਨੇ ਕਰਜ਼ਾ ਲੈਣ ਬਾਰੇ ਸੋਚਿਆ। ਦੋਵੇਂ ਪਿਓ ਪੁੱਤ ਸਾਂਪਲਾ ਦੇ ਹੀ ਸ਼ਾਹੂਕਾਰ ਘਾਸੀ ਰਾਮ ਕੋਲ ਪਹੁੰਚੇ। ਸ਼ਾਹੂਕਾਰ ਨੇ ਕਰਜ਼ਾ ਤਾਂ ਕੀ ਦੇਣਾ ਸੀ ਸਗੋਂ ਦੋਵਾਂ ਪਿਓ ਪੁੱਤ ਨੂੰ ਬੋਲ-ਕੁਬੋਲ ਵੀ ਬੋਲੇ। ਇਸ ਘਟਨਾ ਤੋਂ ਬਾਅਦ ਛੋਟੂ ਰਾਮ ਨੇ ਮਨ ਵਿੱਚ ਧਾਰ ਲਿਆ ਕਿ ਇੱਕ ਦਿਨ ਉਹ ਮਿਹਨਤੀ ਤੇ ਗ਼ਰੀਬ ਕਿਸਾਨਾਂ ਨੂੰ ਲੁੱਟ ਕੇ ਐਸ਼ ਕਰਨ ਵਾਲੇ ਸ਼ਾਹੂਕਾਰਾਂ ਨੂੰ ਸਬਕ ਸਿਖਾਉਣਗੇ ਅਤੇ ਇਨ੍ਹਾਂ ਦੇ ਚੁੰਗਲ ਵਿੱਚੋਂ ਕਿਸਾਨਾਂ ਨੂੰ ਆਜ਼ਾਦ ਕਰਾਉਣਗੇ। ਬਾਅਦ ਵਿੱਚ ਚਾਚਾ ਰਾਜਾ ਰਾਮ ਦੀ ਮਦਦ ਨਾਲ ਛੋਟੂ ਰਾਮ ਨੂੰ ਦਿੱਲੀ ਦੇ ਸੇਂਟ ਸਟੀਫਨਜ਼ ਕ੍ਰਿਸਚੀਅਨ ਮਿਸ਼ਨ ਹਾਈ ਸਕੂਲ ਵਿੱਚ ਦਾਖਲਾ ਮਿਲ ਗਿਆ। ਇੱਥੋਂ ਸਾਲ 1901 ਵਿੱਚ ਪਹਿਲੇ ਦਰਜੇ ਵਿੱਚ ਛੋਟੂ ਰਾਮ ਨੇ ਮੈਟ੍ਰਿਕ ਦੀ ਪੜ੍ਹਾਈ ਪੂਰੀ ਕੀਤੀ। ਦੋ ਸਾਲ ਬਾਅਦ 1903 ਵਿੱਚ ਸੇਂਟ ਸਟੀਫਨਜ਼ ਕਾਲਜ ਤੋਂ ਇੰਟਰ (ਐੱਫ.ਏ.) ਵੀ ਪਾਸ ਕਰ ਲਈ।

ਛੋਟੂ ਰਾਮ ਅੱਗੇ ਪੜ੍ਹਨਾ ਚਾਹੁੰਦੇ ਸਨ, ਪਰ ਪੈਸੇ ਦੀ ਤੰਗੀ ਕਾਰਨ ਕੁਝ ਸਮਾਂ ਪਿੰਡ ਵਾਪਸ ਆ ਗਏ। ਇੱਕ ਦਿਨ ਗ਼ਾਜ਼ੀਆਬਾਦ ਦੇ ਰੇਲਵੇ ਸਟੇਸ਼ਨ ’ਤੇ ਉਨ੍ਹਾਂ ਦੀ ਮੁਲਾਕਾਤ ਸੇਠ ਛੱਜੂ ਰਾਮ ਨਾਲ ਹੋਈ। ਸੇਠ ਛੱਜੂ ਰਾਮ ਉੱਪਰ ਛੋਟੂ ਰਾਮ ਦੀਆਂ ਗੱਲਾਂ ਦਾ ਅਜਿਹਾ ਅਸਰ ਹੋਇਆ ਕਿ ਉਨ੍ਹਾਂ ਨੇ ਛੋਟੂ ਰਾਮ ਨਾਲ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਾਲੀ ਮਦਦ ਕਰਨ ਦਾ ਵਾਅਦਾ ਕੀਤਾ। ਛੋਟੂ ਰਾਮ ਦੀ ਅਗਲੀ ਸਾਰੀ ਪੜ੍ਹਾਈ ਦਾ ਖ਼ਰਚਾ ਚੁੱਕ ਕੇ ਇਹ ਵਾਅਦਾ ਨਿਭਾਇਆ ਵੀ ਜਿਸ ਕਰਕੇ ਉਹ ਸੇਠ ਛੱਜੂ ਰਾਮ ਨੂੰ ਧਰਮ ਦੇ ਪਿਤਾ ਮੰਨਣ ਲੱਗ ਪਏ। ਸਾਲ 1905 ਵਿੱਚ ਸੇਂਟ ਸਟੀਫਨਜ਼ ਕਾਲਜ ਤੋਂ ਬੀ.ਏ. ਪਾਸ ਕਰਨ ਮਗਰੋਂ ਉਨ੍ਹਾਂ ਨੂੰ ਰਿਆਸਤ ਕਾਲਾਕੰਕਰ ਦੇ ਰਾਜਾ ਰਾਮਪਾਲ ਦੇ ਨਿੱਜੀ ਸਕੱਤਰ ਵਜੋਂ ਨੌਕਰੀ ਮਿਲ ਗਈ। ਰਾਜੇ ਦੇ ਪੱਤਰ ਵਿਹਾਰ ਦਾ ਸਾਰਾ ਕੰਮ ਛੋਟੂ ਰਾਮ ਸੰਭਾਲਦੇ ਸਨ। ਇੱਥੇ ਉਨ੍ਹਾਂ ਨੇ ਰਿਆਸਤ ਦੇ ‘ਹਿੰਦੋਸਤਾਨ’ ਅਖ਼ਬਾਰ ਦਾ ਸੰਪਾਦਨ ਵੀ ਕੀਤਾ। ਬਾਅਦ ਵਿੱਚ ਕੁਝ ਸਮਾਂ ਭਰਤਪੁਰ ਰਿਆਸਤ ਵਿੱਚ ਵੀ ਨੌਕਰੀ ਕੀਤੀ। ਸਾਲ 1911 ਵਿੱਚ ਆਗਰਾ ਲਾਅ ਕਾਲਜ ਤੋਂ ਐੱਲਐੱਲਬੀ ਦੀ ਡਿਗਰੀ ਪਹਿਲੇ ਦਰਜੇ ਵਿੱਚ ਹਾਸਲ ਕੀਤੀ ਅਤੇ ਆਗਰੇ ਵਿੱਚ ਹੀ ਵਕਾਲਤ ਸ਼ੁਰੂ ਕੀਤੀ। ਇੱਥੇ ਉਹ ਗ਼ਰੀਬ ਅਤੇ ਕਰਜ਼ਈ ਕਿਸਾਨਾਂ ਦੇ ਮੁਕੱਦਮੇ ਬਿਨਾਂ ਕੋਈ ਫ਼ੀਸ ਲਿਆਂ ਲੜਦੇ ਰਹੇ ਤੇ ਸਾਰੀ ਜ਼ਿੰਦਗੀ ਇੰਜ ਹੀ ਕੀਤਾ। ਆਗਰੇ ਵਿੱਚ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਵਿੱਚ ਆਪਣੇ ਨਾਂ ਦੀ ਧਾਂਕ ਜਮਾਉਣ ਤੋਂ ਬਾਅਦ ਰੋਹਤਕ ਆ ਗਏ। ਇੱਥੇ ਵੀ ਉਹ ਪ੍ਰਸਿੱਧ ਵਕੀਲ ਵਜੋਂ ਜਾਣੇ ਗਏ। ਛੋਟੂ ਰਾਮ ਖ਼ੁਦ ਕਿਸਾਨ ਪਰਿਵਾਰ ਤੋਂ ਹੋਣ ਕਰਕੇ ਕਿਸਾਨਾਂ ਨਾਲ ਐਨੇ ਘੁਲ ਮਿਲ ਜਾਂਦੇ ਸਨ ਕਿ ਕਈ ਵਾਰ ਦੋਵਾਂ ਧੜਿਆਂ ਦਾ ਫ਼ੈਸਲਾ ਅਦਾਲਤੋਂ ਬਾਹਰ ਹੀ ਕਰਵਾ ਦਿੰਦੇ ਸਨ।

ਬਚਪਨ ਵਿੱਚ ਛੋਟੂ ਰਾਮ ਨੂੰ ਮਿਡਲ ਦੀ ਪੜ੍ਹਾਈ ਤੋਂ ਬਾਅਦ ਅਗਲੇਰੀ ਪੜ੍ਹਾਈ ਦਿੱਲੀ ਜਾਣਾ ਪਿਆ ਸੀ। ਉਸ ਸਮੇਂ ਤੱਕ ਪੂਰੇ ਰੋਹਤਕ ਜ਼ਿਲ੍ਹੇ ਵਿੱਚ ਕੋਈ ਹਾਈ ਸਕੂਲ ਨਹੀਂ ਸੀ ਬਣਿਆ। ਆਮ ਮਾਪਿਆਂ ਵਾਂਗ ਉਨ੍ਹਾਂ ਦੇ ਮਾਪਿਆਂ ਨੂੰ ਵੀ ਦਿੱਲੀ ਵਰਗੇ ਸ਼ਹਿਰ ਵਿੱਚ ਆਪਣੇ ਬੱਚੇ ਦੇ ਵਿਗੜ ਜਾਣ ਦਾ ਡਰ ਸੀ। ਇਸੇ ਡਰ ਕਰਕੇ ਬਹੁਤੇ ਮਾਪੇ ਆਪਣੇ ਬੱਚਿਆਂ ਨੂੰ ਅੱਗੇ ਪੜ੍ਹਨ ਨਹੀਂ ਸਨ ਦਿੰਦੇ। ਛੋਟੂ ਰਾਮ ਦੇ ਯਤਨਾਂ ਨਾਲ ਸੰਨ 1913 ਵਿੱਚ ਜ਼ਿਲ੍ਹੇ ਦਾ ਪਹਿਲਾ ਹਾਈ ਸਕੂਲ (ਜਾਟ ਹਾਈ ਸਕੂਲ) ਖੋਲ੍ਹਿਆ ਗਿਆ। 1916 ਵਿੱਚ ਆਮ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਲਈ ਉਨ੍ਹਾਂ ਨੇ ਹਫ਼ਤਾਵਾਰੀ ਅਖ਼ਬਾਰ ‘ਜਾਟ ਗਜ਼ਟ’ ਸ਼ੁਰੂ ਕੀਤਾ। ਪਿੰਡਾਂ ਦੀਆਂ ਸੱਥਾਂ ਵਿੱਚ ਇਸ ਵਿੱਚ ਲਿਖੇ ਲੇਖ ਤੇ ਹੋਰ ਮਸਲੇ ਕਿਸਾਨ ਪੜ੍ਹਦੇ ਅਤੇ ਵਿਚਾਰਾਂ ਕਰਦੇ। ਇਸ ਤਰ੍ਹਾਂ ਕਿਸਾਨ ਛੋਟੂ ਰਾਮ ਦੇ ਪ੍ਰਸ਼ੰਸਕ ਬਣਦੇ ਗਏ। ਆਰਥਿਕ ਤੰਗੀ ਕਾਰਨ ਕੁਝ ਸਮਾਂ ਅਖ਼ਬਾਰ ਬੰਦ ਵੀ ਕਰਨਾ ਪਿਆ, ਪਰ ਬਾਅਦ ਵਿੱਚ ਕਾਫ਼ੀ ਚੰਦਾ ਇਕੱਠਾ ਹੋਣ ਕਰਕੇ ਅਖ਼ਬਾਰ ਦੁਬਾਰਾ ਸ਼ੁਰੂ ਹੋ ਗਿਆ ਅਤੇ ਪੂਰੇ ਪੰਜਾਬ ਦੇ ਦੂਰ-ਦੁਰਾਡੇ ਪਿੰਡਾਂ ਵਿੱਚ ਪਹੁੰਚਣ ਲੱਗ ਪਿਆ। ਪੰਜਾਬ ਵੰਡ ਤੱਕ ਵੀ ਇਹ ਅਖ਼ਬਾਰ ਪੰਜਾਬ ਦੇ ਕੋਨੇ ਕੋਨੇ ਵਿੱਚ ਪੜ੍ਹਿਆ ਜਾਂਦਾ ਸੀ।

ਛੋਟੂ ਰਾਮ ਤਨੋਂ ਮਨੋਂ ਗ਼ਰੀਬ ਕਿਸਾਨਾਂ ਅਤੇ ਹੋਰ ਪੇਂਡੂ ਵਰਗਾਂ ਦੀ ਭਲਾਈ ਦੇ ਕੰਮਾਂ ਵਿੱਚ ਜੁੱਟ ਗਏ। ਪਹਿਲੀ ਆਲਮੀ ਜੰਗ ਦੌਰਾਨ ਉਨ੍ਹਾਂ ਨੇ ਰੋਹਤਕ ਦੇ ਫ਼ੌਜੀ ਭਰਤੀ ਦਫ਼ਤਰ ਵਿੱਚ ਕੰਮ ਸੰਭਾਲਿਆ ਅਤੇ ਜ਼ਿਲ੍ਹੇ ਵਿੱਚੋਂ ਤਕਰੀਬਨ ਬਾਈ ਹਜ਼ਾਰ ਤੋਂ ਵੀ ਵੱਧ ਨੌਜਵਾਨਾਂ ਨੂੰ ਫ਼ੌਜ ਵਿੱਚ ਭਰਤੀ ਕਰਵਾਇਆ। ਇਸ ਲਈ ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ ਪੱਛਮੀ ਪੰਜਾਬ ਦੇ ਮਿੰਟਗੁਮਰੀ ਜ਼ਿਲ੍ਹੇ ਵਿੱਚ ਚਾਰ ਮੁਰੱਬੇ ਜ਼ਮੀਨ ਅਲਾਟ ਕੀਤੀ। ਉਨ੍ਹਾਂ ਨੇ ਸਰਕਾਰ ਅੱਗੇ ਸ਼ਰਤ ਰੱਖੀ ਕਿ ਤਿੰਨ ਹਜ਼ਾਰ ਏਕੜ ਜ਼ਮੀਨ ਪਹਿਲਾਂ ਦਲਿਤ ਵਰਗ ਦੇ ਕੰਮੀ ਅਤੇ ਬੇਜ਼ਮੀਨੇ ਲੋਕਾਂ ਲਈ ਮੁਫ਼ਤ ਅਲਾਟ ਕੀਤੀ ਜਾਵੇ। ਇਹ ਸ਼ਰਤ ਸਰਕਾਰ ਨੇ ਮੰਨ ਲਈ। ਇਸ ਤਰ੍ਹਾਂ ਸਦੀਆਂ ਦੇ ਦੱਬੇ ਕੁਚਲੇ ਲੋਕਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ। ਛੋਟੂ ਰਾਮ ਪਹਿਲਾਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ। 1920 ਵਿੱਚ ਮਹਾਤਮਾ ਗਾਂਧੀ ਦੇ ਅਸਿਹਯੋਗ ਅੰਦੋਲਨ ਵੇਲੇ ਕਲਕੱਤਾ (ਹੁਣ ਕੋਲਕਾਤਾ) ਦੇ ਇੱਕ ਸਮਾਗਮ ਵਿੱਚ ਕਾਂਗਰਸ ਨੇ ਮਤਾ ਪਾਸ ਕੀਤਾ ਕਿ ਭਾਰਤੀ ਅੰਗਰੇਜ਼ਾਂ ਵੱਲੋਂ ਮਿਲੇ ਮਾਣ-ਸਨਮਾਨ ਤਿਆਗ ਦੇਣ, ਨੌਕਰੀਆਂ ਤੋਂ ਅਸਤੀਫ਼ੇ ਦੇ ਦੇਣ, ਸਰਕਾਰੀ ਵਿੱਦਿਅਕ ਅਦਾਰਿਆਂ ਦਾ ਬਾਈਕਾਟ ਕਰਨ, ਸਰਕਾਰ ਨੂੰ ਕਿਸੇ ਵੀ ਕਿਸਮ ਦਾ ਕਰ ਅਦਾ ਨਾ ਕਰਨ। ਇਸੇ ਮਤੇ ਵਿੱਚ ਹੀ ਕਿਸਾਨਾਂ ਨੂੰ ਕਿਹਾ ਗਿਆ ਕਿ ਉਹ ਜ਼ਮੀਨਾਂ ’ਤੇ ਕੋਈ ਫ਼ਸਲ ਨਾ ਬੀਜਣ ਅਤੇ ਸਰਕਾਰ ਨੂੰ ਮਾਮਲਾ ਨਾ ਦੇਣ। ਮਤੇ ਦੇ ਇਸ ਭਾਗ ਦਾ ਛੋਟੂ ਰਾਮ ਨੇ ਡੱਟ ਕੇ ਵਿਰੋਧ ਕੀਤਾ। ਕਿਉਂਕਿ ਅੰਗਰੇਜ਼ ਸਰਕਾਰ ਕਿਸਾਨਾਂ ਨੂੰ ਮੁਜ਼ਾਰੇ ਅਤੇ ਆਪਣੇ ਆਪ ਨੂੰ ਜ਼ਮੀਨਾਂ ਦੀ ਮਾਲਕ ਸਮਝਦੀ ਸੀ। ਮਾਮਲਾ ਜਾਂ ਕਰ ਅਦਾ ਨਾ ਕਰਨ ਬਦਲੇ ਉਹ ਕਿਸੇ ਵੀ ਸਮੇਂ ਜ਼ਮੀਨਾਂ ਕੁਰਕ ਕਰ ਸਕਦੀ ਸੀ। ਬੋਲੀ ਲੱਗਦੀਆਂ ਇਨ੍ਹਾਂ ਜ਼ਮੀਨਾਂ ਦੇ ਮਾਲਕ ਬਾਅਦ ਵਿੱਚ ਸ਼ਾਹੂਕਾਰਾਂ ਅਤੇ ਹੋਰ ਭ੍ਰਿਸ਼ਟ ਲੋਕਾਂ ਨੇ ਹੀ ਬਣਨਾ ਸੀ। ਕਾਂਗਰਸ ਦੇ ਵਰਕਰ ਜਾਂ ਲੀਡਰ ਜ਼ਿਆਦਾਤਰ ਸ਼ਹਿਰੀ ਤਬਕੇ ਦੇ ਲੋਕ ਸਨ ਜੋ ਪੇਂਡੂਆਂ ਜਾਂ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਅਣਜਾਣ ਸਨ ਅਤੇ ਛੋਟੂ ਰਾਮ ਦੇ ਵਿਚਾਰਾਂ ਨੂੰ ਸਮਝ ਨਹੀਂ ਸਨ ਰਹੇ। ਇਸ ਸਭ ਦੇ ਚੱਲਦਿਆਂ ਉਨ੍ਹਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ।

ਸੰਨ 1921 ਵਿੱਚ ਪੰਜਾਬ ਕੌਂਸਲ ਦੀਆਂ ਚੋਣਾਂ ਵਿੱਚ ਉਹ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਹੋਏ ਅਤੇ ਇਹ ਚੋਣ ਹਾਰ ਗਏ। ਇਹ ਹਾਰ ਉਨ੍ਹਾਂ ਦੇ ਅਤੇ ਕਿਸਾਨ ਵਰਗ ਦੇ ਉੱਜਲੇ ਭਵਿੱਖ ਲਈ ਵਰਦਾਨ ਸਾਬਤ ਹੋਈ। ਅਗਲੀਆਂ ਚੋਣਾਂ ਤੱਕ ਉਨ੍ਹਾਂ ਨੂੰ ਪੰਜਾਬ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਨੇੜਿਓਂ ਜਾਣਨ ਦਾ ਮੌਕਾ ਮਿਲਿਆ। ਸੰਨ 1923 ਦੀਆਂ ਚੋਣਾਂ ਵਿੱਚ ਉਹ ਵੱਡੇ ਫ਼ਰਕ ਨਾਲ ਜਿੱਤੇ। ਇਸੇ ਸਾਲ ਉਨ੍ਹਾਂ ਦਾ ਮੇਲ ਫ਼ਜ਼ਲ-ਏ-ਹੁਸੈਨ ਅਤੇ ਸਿਕੰਦਰ ਹਯਾਤ ਖਾਨ ਨਾਲ ਹੋਇਆ। ਇਨ੍ਹਾਂ ਸਾਰਿਆਂ ਨੇ ਰਲ ਕੇ ਨੈਸ਼ਨਲ ਯੂਨੀਅਨਿਸਟ ਪਾਰਟੀ ਬਣਾਈ ਜੋ ਬਾਅਦ ਵਿੱਚ ਜ਼ਿਮੀਂਦਾਰਾ ਲੀਗ ਦੇ ਨਾਂ ਨਾਲ ਵੀ ਮਸ਼ਹੂਰ ਹੋਈ। ਇਸ ਪਾਰਟੀ ਦਾ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ‘ਸਭ ਦੇ ਆਰਥਿਕ ਹਿੱਤਾਂ ਦੀ ਰਾਖੀ’ ਇਸ ਪਾਰਟੀ ਦਾ ਨਾਅਰਾ ਸੀ। ਤਿੰਨਾਂ ਧਰਮਾਂ ਦੇ ਲੋਕ ਇਸ ਪਾਰਟੀ ਨਾਲ ਜੁੜ ਗਏ। ‘ਜਾਟ ਗਜ਼ਟ’ ਇਸ ਪਾਰਟੀ ਦਾ ਬੁਲਾਰਾ ਬਣ ਗਿਆ ਜਿਸ ਨਾਲ ਪੰਜਾਬ ਦੇ ਆਮ ਕਿਸਾਨਾਂ ਨੂੰ ਇਸ ਪਾਰਟੀ ਨਾਲ ਜੁੜਨ ਦਾ ਮੌਕਾ ਮਿਲਿਆ। ਫ਼ਜ਼ਲ-ਏ-ਹੁਸੈਨ ਦੇ ਸਹਿਯੋਗ ਨਾਲ 22 ਸਤੰਬਰ 1924 ਨੂੰ ਚੌਧਰੀ ਛੋਟੂ ਰਾਮ ਨੇ ਪੰਜਾਬ ਦੇ ਖੇਤੀਬਾੜੀ ਅਤੇ ਉਦਯੋਗ ਮੰਤਰੀ ਵਜੋਂ ਸਹੁੰ ਚੁੱਕੀ। 1925 ਵਿੱਚ ਸਿੱਖਿਆ ਵਿਭਾਗ ਵੀ ਉਨ੍ਹਾਂ ਨੂੰ ਮਿਲ ਗਿਆ। ਇਸ ਤਰ੍ਹਾਂ ਤਿੰਨ ਮਹਿਕਮਿਆਂ ਦੇ ਅਨੇਕਾਂ ਕੰਮ ਚੌਧਰੀ ਛੋਟੂ ਰਾਮ ਨੇ ਕੀਤੇ। 1937 ’ਚ ਪੰਜਾਬ ਦੀਆਂ ਸੂਬਾਈ ਚੋਣਾਂ ਦੇ ਐਲਾਨ ਹੋਣ ਤੋਂ ਤੁਰੰਤ ਬਾਅਦ ਉਹ ਚੋਣ ਮੁਹਿੰਮ ਵਿੱਚ ਰੁੱਝ ਗਏ। ਆਵਾਜਾਈ ਦੇ ਸੀਮਿਤ ਸਾਧਨ ਹੋਣ ਦੇ ਬਾਵਜੂਦ ਉਨ੍ਹਾਂ ਨੇ ਉਸ ਸਮੇਂ ਯੂਰਪ ਦੇ ਕਈ ਦੇਸ਼ਾਂ ਨਾਲੋਂ ਵੱਡੇ ਪੰਜਾਬ ਦਾ ਕੋਨਾ ਕੋਨਾ ਗਾਹ ਦਿੱਤਾ। ਉਹ ਜਿੱਥੇ ਵੀ ਜਾਂਦੇ ਧੜੱਲੇ ਨਾਲ ਭਾਸ਼ਣ ਦਿੰਦੇ। ਛੋਟੂ ਰਾਮ ਦੀ ਮਿਹਨਤ ਸਦਕਾ ਯੂਨੀਅਨਿਸਟ ਪਾਰਟੀ 175 ਵਿੱਚੋਂ 95 ਸੀਟਾਂ ਜਿੱਤ ਗਈ। ਕਾਂਗਰਸ ਨੂੰ 18 ਸੀਟਾਂ, ਅਕਾਲੀ ਦਲ ਨੂੰ 10 ਸੀਟਾਂ ਮਿਲੀਆਂ ਅਤੇ ਆਜ਼ਾਦ ਉਮੀਦਵਾਰ 51 ਸੀਟਾਂ ਜਿੱਤੇ। ਮੁਸਲਿਮ ਲੀਗ ਸਿਰਫ਼ ਇੱਕ ਸੀਟ ਹਾਸਲ ਕਰ ਸਕੀ। ਪੰਜਾਬ ਦੇ ਪ੍ਰੀਮੀਅਰ (ਉਸ ਸਮੇਂ ਮੁੱਖ ਮੰਤਰੀ ਨੂੰ ਪ੍ਰੀਮੀਅਰ ਕਿਹਾ ਜਾਂਦਾ ਸੀ) ਸਿਕੰਦਰ ਹਯਾਤ ਖ਼ਾਨ ਬਣੇ ਅਤੇ ਚੌਧਰੀ ਛੋਟੂ ਰਾਮ ਨੂੰ ਮਾਲ ਮਹਿਕਮਾ ਮਿਲਿਆ। ਇਸੇ ਸਾਲ ਉਨ੍ਹਾਂ ਦੀਆਂ ਪਿਛਲੀਆਂ ਸੇਵਾਵਾਂ ਦੇ ਮੱਦੇਨਜ਼ਰ ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ ‘ਸਰ’ ਦੀ ਉਪਾਧੀ ਦਿੱਤੀ।

ਵੀਹਵੀਂ ਸਦੀ ਦੇ ਪਹਿਲੇ ਦੋ ਦਹਾਕਿਆਂ ਤੱਕ ਵੀ ਕਿਸਾਨਾਂ ਦੀ ਭਲਾਈ ਲਈ ਕੋਈ ਪੱਕਾ ਕਾਨੂੰਨ ਨਹੀਂ ਸੀ ਬਣਿਆ ਹੋਇਆ। ਸ਼ਾਹੂਕਾਰ ਵਰਗ ਕਿਸਾਨਾਂ ਨੂੰ ਮਨਮਰਜ਼ੀ ਦੇ ਵਿਆਜ ’ਤੇ ਕਰਜ਼ਾ ਦਿੰਦੇ ਸਨ। ਅਨਪੜ੍ਹ ਕਿਸਾਨ ਕੋਈ ਹਿਸਾਬ-ਕਿਤਾਬ ਵੀ ਨਹੀਂ ਸਨ ਰੱਖਦੇ ਤੇ ਸ਼ਾਹੂਕਾਰ ਨਾ ਹੀ ਉਨ੍ਹਾਂ ਨੂੰ ਕਦੇ ਕੁਝ ਦੱਸਦੇ ਸਨ। ਜਦੋਂ ਮੌਕਾ ਮਿਲਦਾ ਕਿਸਾਨ ਦਾ ਘਰ, ਜ਼ਮੀਨ, ਘਰੇਲੂ ਸਾਮਾਨ ਅਤੇ ਹੋਰ ਮਾਲ ਡੰਗਰ ਕੁਰਕ ਕਰਵਾ ਕੇ ਉਸ ’ਤੇ ਕਬਜ਼ਾ ਕਰ ਲੈਂਦੇ। ਇੱਥੋਂ ਤੱਕ ਕਿ ਹੋਰ ਕਿਰਤੀਆਂ ਤੋਂ ਵੀ ਰੋਜ਼ੀ ਰੋਟੀ ਕਮਾਉਣ ਵਾਲੇ ਸਾਧਨ ਵੀ ਖੋਹ ਕੇ ਲੈ ਜਾਂਦੇ। ਇਸ ਵਿੱਚ ਭ੍ਰਿਸ਼ਟ ਅਫ਼ਸਰ ਸ਼ਾਹੂਕਾਰਾਂ ਦਾ ਪੂਰਾ ਸਾਥ ਦਿੰਦੇ। ਜਦੋਂ ਛੋਟੂ ਰਾਮ ਨੇ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨੀ ਸ਼ੁਰੂ ਕੀਤੀ ਤਾਂ ਕਿਸਾਨਾਂ ਨੂੰ ਲੱਗਾ ਕਿ ਹੁਣ ਕੋਈ ਉਨ੍ਹਾਂ ਦੀ ਸਾਰ ਲੈਣ ਵਾਲਾ ਆ ਗਿਆ ਹੈ। ਉਨ੍ਹਾਂ ਦੀ ਅਗਵਾਈ ਵਿੱਚ ਉਹ ਯੂਨੀਅਨਿਸਟ ਪਾਰਟੀ/ਜ਼ਿਮੀਂਦਾਰਾ ਲੀਗ ਦੇ ਝੰਡੇ ਹੇਠ ਇਕੱਠੇ ਹੋਣ ਲੱਗੇ। ਛੋਟੂ ਰਾਮ ਨੇ 1930 ਤੋਂ 1945 ਦੌਰਾਨ ਕਿਸਾਨ ਭਲਾਈ ਦੇ 22 ਕਾਨੂੰਨ ਅਤੇ ਹੋਰ ਬਿੱਲ ਅੰਗਰੇਜ਼ਾਂ ਕੋਲੋਂ ਪਾਸ ਕਰਵਾਏ ਅਤੇ ਇਨ੍ਹਾਂ ਨੂੰ ਲਾਗੂ ਕਰਵਾਉਣ ਲਈ ਆਪਣੇ ਅੰਤਲੇ ਸਮੇਂ ਤੱਕ ਦਿਨ ਰਾਤ ਇੱਕ ਕਰ ਦਿੱਤਾ।

ਸੰਨ 1930 ਵਿੱਚ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦੀ ਸਮੱਸਿਆ ਹੱਲ ਕਰਨ ਲਈ ‘ਦਿ ਪੰਜਾਬ ਰੈਗੂਲੇਸ਼ਨ ਆਫ ਅਕਾਊਂਟਸ ਐਕਟ 1930’ ਬਣਵਾਇਆ। ਇਸ ਵਿੱਚ ਹਰ ਕਿਸਾਨ ਦੇ ਖਾਤੇ ਬਾਰੇ ਪੂਰੀ ਜਾਣਕਾਰੀ ਦੇ ਕੇ ਛਿਮਾਹੀ ਸਰਕਾਰੀ ਨਿਰੀਖਣ ਕਰਵਾਉਣਾ ਜ਼ਰੂਰੀ ਕਰ ਦਿੱਤਾ। 1934 ਵਿੱਚ ‘ਦਿ ਪੰਜਾਬ ਰਿਲੀਫ਼ ਆਫ ਇਨਡੈਬਟਡਨੈੱਸ ਐਕਟ’ ਰਾਹੀਂ ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਦਿਵਾਈ। ਇਸ ਵਿੱਚ ‘ਦਾਮ ਦੁੱਪੜ’ ਨੀਤੀ ਨਾਲ ਮੂਲ ਰਾਸ਼ੀ ਨਾਲੋਂ ਦੁੱਗਣਾ ਵਿਆਜ ਭਰ ਦੇਣ ’ਤੇ ਖਾਤਾ ਬੰਦ ਹੋ ਜਾਣਾ ਸੀ। ਮਾਲ ਡੰਗਰ ਤੇ ਖੇਤੀ ਸੰਦਾਂ ਦੀ ਕੁਰਕੀ ਅਤੇ ਕਿਸਾਨਾਂ ਦੀ ਗ੍ਰਿਫ਼ਤਾਰੀ ਉੱਤੇ ਰੋਕ ਲਗਾ ਦਿੱਤੀ ਗਈ ਸੀ। ਇਨ੍ਹਾਂ ਵਿੱਚੋਂ ਸਭ ਤੋਂ ਪਹਿਲੇ ਕਾਨੂੰਨ ਦੇ ਪਾਸ ਹੋਣ ਉਪਰੰਤ ਪੰਜਾਬ ਵਿੱਚ ਕਈ ਥਾਂਈਂ ਸ਼ਾਹੂਕਾਰਾਂ ਵੱਲੋਂ ਵਹੀਆਂ-ਖਾਤੇ ਸਾੜਨ ਦੀਆਂ ਘਟਨਾਵਾਂ ਦਾ ਜ਼ਿਕਰ ਵੀ ਮਿਲਦਾ ਹੈ। ਛੋਟੂ ਰਾਮ ਦੇ ਪਾਸ ਕਰਵਾਏ ਕਾਨੂੰਨਾਂ ਵਿੱਚੋਂ ਇੱਕ ‘ਦਿ ਪੰਜਾਬ ਰੈਸਟੀਟਿਊਸ਼ਨ ਆਫ ਮਾਰਟਗੇਜਡ ਲੈਂਡ ਐਕਟ 1938’ ਸੀ। ਇਸ ਕਾਨੂੰਨ ਰਾਹੀਂ 8 ਜੂਨ 1901 ਤੋਂ ਲੈ ਕੇ 1938 ਤੱਕ ਅਸਲ ਮਾਲਕਾਂ ਦੀ ਸ਼ਾਹੂਕਾਰ ਕੋਲ ਗਹਿਣੇ ਪਈ ਜ਼ਮੀਨ ਇਸ ਕਾਨੂੰਨ ਦੇ ਪਾਸ ਹੁੰਦੇ ਹੀ ਅਸਲ ਮਾਲਕ ਦੀ ਹੋ ਜਾਣੀ ਸੀ। ਇਸ ਜ਼ਮੀਨ ਨੂੰ ਜੇ ਗਹਿਣੇ ਪਿਆਂ 20 ਸਾਲ ਹੋ ਗਏ ਹੋਣ ਅਤੇ ਸ਼ਾਹੂਕਾਰ ਦੋ ਦਹਾਕੇ ਜਾਂ ਇਸ ਤੋਂ ਵੀ ਵੱਧ ਸਮਾਂ ਇਸ ਜ਼ਮੀਨ ਦੀ ਆਮਦਨ ਖਾ ਚੁੱਕਿਆ ਹੈ ਤਾਂ ਹੁਣ ਉਸ ਨੂੰ ਇਸ ਜ਼ਮੀਨ ’ਤੇ ਕਬਜ਼ਾ ਰੱਖਣ ਦਾ ਕੋਈ ਅਧਿਕਾਰ ਨਹੀਂ ਸੀ। ਅਸਲ ਮਾਲਕ ਨੇ ਆਪਣੀ ਜ਼ਮੀਨ ਦਾ ਵੇਰਵਾ ਇੱਕ ਸਾਦੇ ਕਾਗਜ਼ ’ਤੇ ਲਿਖ ਕੇ ਡਿਪਟੀ ਕਮਿਸ਼ਨਰ ਨੂੰ ਅਰਜ਼ੀ ਦੇਣੀ ਹੁੰਦੀ ਸੀ, ਨਿਸ਼ਚਿਤ ਸਮੇਂ ਵਿੱਚ ਇਸ ਦੀ ਪੜਤਾਲ ਪਿੱਛੋਂ ਇਹ ਜ਼ਮੀਨ ਅਸਲ ਮਾਲਕ ਦੀ ਹੋ ਜਾਣੀ ਸੀ। ਕਿਸਾਨ ਨੂੰ ਪੱਲਿਓਂ ਕੋਈ ਖਰਚ ਨਹੀਂ ਕਰਨਾ ਪੈਂਦਾ ਸੀ। ਨਤੀਜਾ ਇਹ ਹੋਇਆ ਕਿ 8 ਲੱਖ 35 ਹਜ਼ਾਰ ਏਕੜ ਜ਼ਮੀਨ ਜਿਸ ਦੀ ਆਮਦਨ ਵੀਹ ਸਾਲ ਜਾਂ ਉਸ ਤੋਂ ਵੀ ਵੱਧ ਸਮੇਂ ਤੋਂ ਸ਼ਾਹੂਕਾਰ ਕੇਵਲ 4 ਲੱਖ 13 ਹਜ਼ਾਰ ਰੁਪਏ ਕਰਜ਼ਾ ਦੇ ਕੇ ਖਾਂਦੇ ਰਹੇ ਸਨ, 3 ਲੱਖ 65 ਹਜ਼ਾਰ ਕਿਸਾਨਾਂ ਨੂੰ ਮੁਫ਼ਤ ਵਿੱਚ ਵਾਪਸ ਮਿਲ ਗਈ।

ਚੌਧਰੀ ਛੋਟੂ ਰਾਮ ਨੇ ਕਿਸਾਨ ਭਲਾਈ ਫੰਡ ਦੀ ਸਥਾਪਨਾ ਵੀ ਕੀਤੀ। ਇਸ ਫੰਡ ਵਿੱਚੋਂ ਹੜ੍ਹਾਂ, ਸੋਕਿਆਂ ਅਤੇ ਹੋਰ ਕਿਸੇ ਨੁਕਸਾਨ ਨਾਲ ਖ਼ਰਾਬ ਹੋਈ ਫ਼ਸਲ ਦੇ ਮਾਲਕ ਕਿਸਾਨਾਂ ਨੂੰ ਕੁਝ ਰਾਹਤ ਮਿਲਣ ਲੱਗੀ। ਇਸ ਫੰਡ ਵਿੱਚੋਂ ਹੀ ਪੇਂਡੂ ਵਰਗ ਦੇ ਕਿਸਾਨ ਅਤੇ ਹੋਰ ਵਰਗਾਂ ਦੇ ਬੱਚਿਆਂ ਲਈ ਵਜ਼ੀਫ਼ਾ ਸ਼ੁਰੂ ਹੋਇਆ। ਭੌਤਿਕ ਵਿਗਿਆਨ ਵਿੱਚ ਨੋਬੇਲ ਪੁਰਸਕਾਰ ਹਾਸਲ ਕਰਨ ਵਾਲੇ ਪਾਕਿਸਤਾਨੀ ਵਿਗਿਆਨੀ ਡਾ. ਅਬਦੁਸ ਸਲਾਮ ਇਸੇ ਵਜ਼ੀਫ਼ੇ ਸਦਕਾ ਵਿਦੇਸ਼ ਵਿੱਚ ਉੱਚ ਵਿੱਦਿਆ ਹਾਸਲ ਕਰ ਸਕੇ। ਅਗਸਤ 1995 ਵਿੱਚ ਚੌਧਰੀ ਛੋਟੂ ਰਾਮ ਦੀ 50ਵੀਂ ਬਰਸੀ ਮੌਕੇ ਡਾ. ਅਬਦੁਸ ਸਲਾਮ ਨੇ ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ ‘ਡਾਅਨ’ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। 1925 ਵਿੱਚ ਸਿੱਖਿਆ ਮੰਤਰੀ ਹੁੰਦਿਆਂ ਉਨ੍ਹਾਂ ਨੇ ਲੜਕੀਆਂ ਦੀ ਸਿੱਖਿਆ ਲਈ ਕਈ ‘ਗੁਰੂਕੁਲ’ ਖੁੱਲ੍ਹਵਾਏ। ਉਸ ਸਮੇਂ ਕਿਸਾਨ ਪਰਿਵਾਰਾਂ ਦੀਆਂ ਔਰਤਾਂ ਨੂੰ ਕਾਨੂੰਨ ਮੁਤਾਬਿਕ ਕਾਸ਼ਤਕਾਰ ਦਾ ਦਰਜਾ ਨਹੀਂ ਮਿਲਦਾ ਸੀ। ਜੇ ਕਿਸੇ ਕਿਸਾਨ ਦੀ ਮੌਤ ਹੋ ਜਾਣੀ ਤਾਂ ਉਸ ਦੀ ਪਤਨੀ ਦਾ ਘਰ ’ਤੇ ਕੋਈ ਹੱਕ ਨਹੀਂ ਸੀ ਰਹਿ ਜਾਂਦਾ। ਉਨ੍ਹਾਂ ਨੇ ਔਰਤਾਂ ਨੂੰ ਕਾਸ਼ਤਕਾਰ ਦਾ ਕਾਨੂੰਨੀ ਦਰਜਾ ਦਿਵਾ ਕੇ ਹਜ਼ਾਰਾਂ ਪਰਿਵਾਰਾਂ ਨੂੰ ਸੜਕ ’ਤੇ ਆਉਣ ਤੋਂ ਬਚਾਇਆ।

ਪਹਿਲਾਂ ਕਿਸਾਨਾਂ ਦੀ ਫ਼ਸਲ ਨੂੰ ਮੰਡੀਆਂ ਵਿੱਚ ਆੜ੍ਹਤੀਏ ਤੇ ਵਪਾਰੀ ਜਾਣਬੁੱਝ ਕੇ ਮਨਮਰਜ਼ੀ ਦੇ ਮੁੱਲ ’ਤੇ ਖਰੀਦਦੇ ਸਨ। ਕਿਸਾਨਾਂ ਦੀ ਹੁੰਦੀ ਇਹ ਲੁੱਟ ਰੋਕਣ ਲਈ ਉਨ੍ਹਾਂ ਨੇ 1939 ਵਿੱਚ ‘ਦਿ ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕੀਟਿੰਗ ਐਕਟ’ ਪਾਸ ਕਰਵਾਇਆ। ਇਸ ਰਾਹੀਂ ਜਿਣਸ ਦਾ ਪੂਰਾ ਬਣਦਾ ਮੁੱਲ ਦਿਵਾਉਣ ਲਈ ਮਾਰਕੀਟ ਕਮੇਟੀਆਂ ਸਥਾਪਿਤ ਕੀਤੀਆਂ ਗਈਆਂ। ਅਨਾਜ ਦੀ ਖੁੱਲ੍ਹੀ ਬੋਲੀ ਲਾਉਣਾ ਤੇ ਕਿਸਾਨਾਂ ਨੂੰ ਸਹੂਲਤਾਂ ਦੇਣਾ ਇਸ ਦੇ ਮੁੱਖ ਮਨਸ਼ੇ ਸਨ। ਕਿਸਾਨਾਂ ਨੂੰ ਉਨ੍ਹਾਂ ਦੀ ਜਿਣਸ ਦੇ ਮਿਲਦੇ ਘੱਟ ਤੋਂ ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਸ਼ੁਰੂਆਤ ਕਰਨ ਵਾਲੇ ਵੀ ਚੌਧਰੀ ਛੋਟੂ ਰਾਮ ਹੀ ਸਨ। ਦੂਜੀ ਸੰਸਾਰ ਜੰਗ ਸਮੇਂ ਵਾਇਸਰਾਇ ਲਾਰਡ ਵੇਵਲ ਨੇ ਭਾਰਤ ਦੇ ਸਾਰੇ ਸੂਬਿਆਂ ਦੇ ਖੇਤੀਬਾੜੀ ਮੰਤਰੀਆਂ ਦੀ ਮੀਟਿੰਗ ਬੁਲਾਈ ਤਾਂ ਉਸ ਨੇ ਭਾਰਤ ਤੋਂ ਵਿਦੇਸ਼ ਭੇਜੀ ਜਾਣ ਵਾਲੀ ਕਣਕ ਦਾ ਮੁੱਲ ਛੇ ਰੁਪਏ ਮਣ ਰੱਖਣਾ ਚਾਹਿਆ। ਮੰਡੀ ਵਿੱਚ ਕਣਕ ਦਸ ਰੁਪਏ ਮਣ ਵਿਕ ਰਹੀ ਸੀ। ਇਸ ਤੋਂ ਪਹਿਲਾਂ ਸਰਕਾਰ ਬੰਗਾਲ ਦੇ ਕਿਸਾਨਾਂ ਕੋਲੋਂ ਚੌਲ ਬਹੁਤ ਸਸਤੇ ਭਾਅ ਖਰੀਦ ਚੁੱਕੀ ਸੀ ਅਤੇ 30 ਲੱਖ ਬੰਗਾਲੀ ਭੁੱਖਮਰੀ ਦਾ ਸ਼ਿਕਾਰ ਹੋ ਗਏ ਸਨ। ਛੋਟੂ ਰਾਮ ਇਸ ਤੋਂ ਚੰਗੀ ਤਰ੍ਹਾਂ ਜਾਣੂੰ ਸੀ। ਉਹ ਪੰਜਾਬ ਨੂੰ ਬੰਗਾਲ ਵਾਲੇ ਹਾਲਾਤ ਵਿੱਚ ਹਰਗਿਜ਼ ਧੱਕਣਾ ਨਹੀਂ ਚਾਹੁੰਦੇ ਸਨ। ਉਨ੍ਹਾਂ ਨੇ ਵਾਇਸਰਾਇ ਨੂੰ ਕਿਹਾ ਕਿ ਪੰਜਾਬ ਤੋਂ ਕਣਕ ਦਾ ਦਾਣਾ ਵੀ 10 ਰੁਪਏ ਮਣ ਤੋਂ ਘੱਟ ਕੀਮਤ ’ਤੇ ਬਾਹਰ ਨਹੀਂ ਜਾਵੇਗਾ ਅਤੇ ਜੇ ਕਿਸੇ ਕਿਸਮ ਦਾ ਵੀ ਧੱਕਾ ਕੀਤਾ ਗਿਆ ਤਾਂ ਪੰਜਾਬੀ ਆਪਣੀ ਖੜ੍ਹੀ ਫ਼ਸਲ ਨੂੰ ਅੱਗ ਲਾ ਦੇਣਗੇ। ਵਾਇਸਰਾਇ ਅੱਗ ਬਗੂਲਾ ਹੋ ਕੇ ਉੱਠ ਕੇ ਚਲਾ ਗਿਆ। ਵਾਇਸਰਾਇ ਨੇ ਪੰਜਾਬ ਦੇ ਗਵਰਨਰ ਨੂੰ ਹੁਕਮ ਦਿੱਤਾ ਕਿ ਛੋਟੂ ਰਾਮ ਤੋਂ ਮੰਤਰੀ ਦਾ ਅਹੁਦਾ ਵਾਪਸ ਲੈ ਲਿਆ ਜਾਵੇ। ਗਵਰਨਰ ਨੇ ਵਾਇਸਰਾਇ ਨੂੰ ਸਲਾਹ ਦਿੰਦਿਆਂ ਕਿਹਾ, ‘‘ਜੇ ਅਜਿਹਾ ਹੋਇਆ ਤਾਂ ਪੰਜਾਬ ਹੀ ਨਹੀਂ ਸਗੋਂ ਬਾਹਰ ਵੀ ਗੜਬੜ ਹੋ ਜਾਵੇਗੀ।’’ ਫਿਰ ਅੰਗਰੇਜ਼ ਸਰਕਾਰ ਨੂੰ ਕਣਕ 10 ਰੁਪਏ ਮਣ ਹੀ ਖਰੀਦਣੀ ਪਈ।

ਮੁਸਲਮਾਨਾਂ ਲਈ ਵੱਖਰੇ ਮੁਲਕ ਦੀ ਮੰਗ ਕਰਨ ਵਾਲੀ ਮੁਸਲਿਮ ਲੀਗ ਅਤੇ ਇਸ ਦੇ ਨੇਤਾ ਮੁਹੰਮਦ ਅਲੀ ਜਿਨਾਹ ਨੂੰ ਮੁਸਲਿਮ ਬਹੁਗਿਣਤੀ ਸੂਬੇ ਪੰਜਾਬ ਵਿੱਚ ਧਰਮ ਨਿਰਪੱਖ ਪਾਰਟੀ ਯੂਨੀਅਨਿਸਟ ਪਾਰਟੀ/ਜਿਮੀਂਦਾਰਾ ਲੀਗ ਦਾ ਸੱਤਾ ਵਿੱਚ ਆਉਣਾ ਹਜ਼ਮ ਨਹੀਂ ਹੋ ਰਿਹਾ ਸੀ। ਉਹ ਵੱਖਰੇ ਮੁਲਕ ਦੀ ਮੰਗ ਦੇ ਰਾਹ ਵਿੱਚ ਚੌਧਰੀ ਛੋਟੂ ਰਾਮ ਨੂੰ ਇੱਕ ਵੱਡਾ ਰੋੜਾ ਸਮਝਦਾ ਸੀ। ਫ਼ਜ਼ਲ-ਏ-ਹੁਸੈਨ ਅਤੇ ਸਿਕੰਦਰ ਹਯਾਤ ਖਾਨ ਨੂੰ ਵਰਗਲਾਉਣ ਵਿੱਚ ਉਹ ਪੂਰੀ ਤਰ੍ਹਾਂ ਅਸਫ਼ਲ ਹੋ ਗਿਆ ਸੀ। ਨਤੀਜੇ ਵਜੋਂ ਉਸ ਨੇ ਚੌਧਰੀ ਛੋਟੂ ਰਾਮ ਨੂੰ ਵਰਗਲਾਉਣਾ ਚਾਹਿਆ। ਮਮਦੋਟ ਵਿਲਾ ਵਿੱਚ ਦੋਹਾਂ ਲੀਡਰਾਂ ਦਰਮਿਆਨ ਮੀਟਿੰਗ ਰੱਖੀ ਗਈ। ਜਿਨਾਹ ਨੇ ਉਨ੍ਹਾਂ ਨੂੰ ਪੰਜਾਬ ਦੀ ਵਜ਼ਾਰਤ ਵਿੱਚ ਬਹੁਗਿਣਤੀ ਮੁਸਲਮਾਨ ਮੈਂਬਰ ਹੋਣ ਦਾ ਹਵਾਲਾ ਦਿੰਦਿਆਂ ਮੁਸਲਿਮ ਲੀਗ ਨਾਲ ਮਿਲ ਕੇ ਚੱਲਣ ਦੀ ਸਲਾਹ ਦਿੱਤੀ। ਇਹ ਵੀ ਲਾਲਚ ਦਿੱਤਾ ਕਿ ਮੁਸਲਿਮ ਲੀਗ ਦੀ ਸਰਕਾਰ ਵਿੱਚ ਉਨ੍ਹਾਂ ਦਾ ਮੰਤਰੀ ਵਜੋਂ ਅਹੁਦਾ ਬਰਕਰਾਰ ਰਹੇਗਾ, ਪਰ ਛੋਟੂ ਰਾਮ ਨੇ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ‘ਪੰਜਾਬ ਵਿੱਚ ਯੂਨੀਅਨਿਸਟ ਸਰਕਾਰ ਹਿੰਦੂ, ਮੁਸਲਮਾਨ ਅਤੇ ਸਿੱਖਾਂ ਦੀ ਸਾਂਝੀ ਸਰਕਾਰ ਹੈ। ਜੇ ਕੁਝ ਮੁਸਲਮਾਨ ਮੈਂਬਰ ਸਾਡੇ ਵਿਰੋਧ ਵਿੱਚ ਚਲੇ ਵੀ ਜਾਣ ਤਾਂ ਓਨੇ ਹੀ ਹੋਰ ਵਿਰੋਧੀ ਮੈਂਬਰ ਸਾਡੇ ਨਾਲ ਆ ਜਾਣਗੇ। ਸਾਡੀ ਸਰਕਾਰ ਟੁੱਟਣ ਦੀ ਬਜਾਏ ਹੋਰ ਮਜ਼ਬੂਤ ਹੋਵੇਗੀ।’ ਜਿਨਾਹ ਨੇ ਦੋ ਵਾਰ ਉਨ੍ਹਾਂ ਨਾਲ ਮੁਲਾਕਾਤ ਕੀਤੀ। ਦੂਜੀ ਵਾਰ ਜਿਨਾਹ ਨੇ ਹਾਂ ਜਾਂ ਨਾਂਹ ਵਿੱਚ ਜਵਾਬ ਮੰਗਿਆ ਤਾਂ ਛੋਟੂ ਰਾਮ ਨੇ ਮੇਜ਼ ’ਤੇ ਮੁੱਕਾ ਮਾਰ ਕੇ ਠੋਕਵਾਂ ਜਵਾਬ ਦਿੱਤਾ, “ਨਹੀਂ, ਨਹੀਂ, ਕਦੇ ਨਹੀਂ, ਮਿਸਟਰ ਜਿਨਾਹ!” ਅਤੇ ਉੱਥੋਂ ਉੱਠ ਕੇ ਆ ਗਏ। ਜਿਨਾਹ ਨੂੰ ਕਿਸੇ ਕੋਲੋਂ ਵੀ ਐਨੇ ਕੋਰੇ ਜਵਾਬ ਦੀ ਆਸ ਨਹੀਂ ਸੀ। ਜਿਨਾਹ ਇਸ ਤੋਂ ਬਾਅਦ ਹਰ ਜਗ੍ਹਾ ਚੌਧਰੀ ਛੋਟੂ ਰਾਮ ਬਾਰੇ ਜ਼ਹਿਰ ਉਗਲਣ ਲੱਗਾ। ਛੋਟੂ ਰਾਮ ਨੇ ਉਸ ਨੂੰ ਚੌਵੀ ਘੰਟੇ ਦੇ ਵਿੱਚ ਵਿੱਚ ਪੰਜਾਬ ਤੋਂ ਬਾਹਰ ਜਾਣ ਦਾ ਹੁਕਮ ਦੇ ਦਿੱਤਾ ਅਤੇ ਜਿਨਾਹ ਅਗਲੇ ਹੀ ਦਿਨ ਕਸ਼ਮੀਰ ਪਹੁੰਚ ਗਿਆ। ਫ਼ਜ਼ਲ-ਏ-ਹੁਸੈਨ ਅਤੇ ਸਿਕੰਦਰ ਹਯਾਤ ਖਾਨ ਦੋਵਾਂ ਦੇ ਦੇਹਾਂਤ ਤੋਂ ਬਾਅਦ ਯੂਨੀਅਨਿਸਟ ਪਾਰਟੀ ਦੀ ਸਾਰੀ ਜ਼ਿੰਮੇਵਾਰੀ ਚੌਧਰੀ ਛੋਟੂ ਰਾਮ ਦੇ ਸਿਰ ਸੀ। ਪੰਜਾਬ ਵਿੱਚ ਫ਼ਿਰਕੂ ਤਾਕਤਾਂ ਭਾਰੂ ਹੋ ਰਹੀਆਂ ਸਨ। ਅਜਿਹੇ ਨਾਜ਼ੁਕ ਦੌਰ ਵਿੱਚ ਉਨ੍ਹਾਂ ਨੇ ਖ਼ਿਜ਼ਰ ਹਯਾਤ ਖਾਨ ਟਿਵਾਣਾ ਨੂੰ ਪੰਜਾਬ ਦਾ ਪ੍ਰੀਮੀਅਰ ਬਣਾਇਆ। ਪਾਰਟੀ ਦੇ ਕਈ ਲੀਡਰਾਂ ਦੇ ਪੁੱਤਰ ਮੁਸਲਿਮ ਲੀਗ ਵੱਲ ਹੋ ਗਏ। ਸਿਕੰਦਰ ਹਯਾਤ ਖਾਨ ਦਾ ਲੜਕਾ ਸ਼ੌਕਤ ਹਯਾਤ ਖਾਨ ਵੀ ਮੁਸਲਿਮ ਲੀਗ ਦੀ ਹਮਾਇਤ ਕਰਨ ਲੱਗਾ। ਖ਼ਿਜ਼ਰ ਨੇ ਉਸ ਨੂੰ ਆਪਣੀ ਵਜ਼ਾਰਤ ਵਿੱਚ ਮੰਤਰੀ ਬਣਾ ਲਿਆ ਤਾਂ ਜੋ ਉਹ ਇਸ ਪਾਸੇ ਹੀ ਰਹੇ, ਪਰ ਉਹ ਵਜ਼ਾਰਤ ਦੇ ਸਾਰੇ ਭੇਤ ਜਿਨਾਹ ਨੂੰ ਦੇਣ ਲੱਗਿਆ। ਆਖ਼ਰ ਚੌਧਰੀ ਛੋਟੂ ਰਾਮ ਤੇ ਖ਼ਿਜ਼ਰ ਹਯਾਤ ਖਾਨ ਟਿਵਾਣਾ ਨੇ ਉਸ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ। ਜੋ ਹਿੰਦੂ ਤੇ ਸਿੱਖ ਨੇਤਾ ਪਹਿਲਾਂ ਛੋਟੂ ਰਾਮ ਦੇ ਵਿਰੋਧ ਵਿੱਚ ਸਨ, ਉਹ ਹੁਣ ਉਨ੍ਹਾਂ ਦੀ ਸ਼ਰਨ ਵਿੱਚ ਆ ਗਏ ਕਿਉਂਕਿ ਫ਼ਿਰਕੂ ਆਧਾਰ ’ਤੇ ਪੰਜਾਬ ਵੰਡ ਦੀ ਵਿਰੋਧੀ ਇਕੱਲੀ ਯੂਨੀਅਨਿਸਟ ਪਾਰਟੀ ਹੀ ਸੀ। ਇਨ੍ਹੀਂ ਦਿਨੀਂ ਚੌਧਰੀ ਛੋਟੂ ਰਾਮ ਦੀ ਸਿਹਤ ਖ਼ਰਾਬ ਰਹਿਣ ਲੱਗੀ, ਡਾਕਟਰਾਂ ਨੇ ਆਰਾਮ ਕਰਨ ਦੀ ਸਲਾਹ ਦਿੱਤੀ। ਉਹ ਫਿਰ ਵੀ ਪੰਜਾਬ ਦੇ ਕੋਨੇ ਕੋਨੇ ਵਿੱਚ ਜਾ ਕੇ ਤਕਰੀਰਾਂ ਕਰਦੇ ਅਤੇ ਲੋਕਾਂ ਨੂੰ ਸਮਝਾਉਂਦੇ ਕਿ ਇਕੱਠੇ ਰਹਿਣ ਵਿੱਚ ਹੀ ਸਭ ਦਾ ਭਲਾ ਹੈ।

ਉੱਤਰੀ ਭਾਰਤ ਨੂੰ ਰੌਸ਼ਨ ਕਰਨ ਵਾਲਾ ਭਾਖੜਾ ਡੈਮ ਅਸਲ ਵਿੱਚ ਚੌਧਰੀ ਛੋਟੂ ਰਾਮ ਦੀ ਹੀ ਦੇਣ ਹੈ। ਆਜ਼ਾਦੀ ਤੋਂ ਬਾਅਦ ਨਵੀਆਂ ਬਣੀਆਂ ਸਰਕਾਰਾਂ ਨੇ ਇਸ ਦਾ ਸਿਹਰਾ ਵੀ ਬੜੀ ਚਲਾਕੀ ਨਾਲ ਆਪਣੇ ਸਿਰ ਸਜਾ ਲਿਆ। ਭਾਖੜਾ ਡੈਮ ਯੋਜਨਾ ਨੂੰ ਲੈ ਕੇ ਸਾਲ 1944 ਵਿੱਚ ਪੰਜਾਬ ਸਰਕਾਰ ਅਤੇ ਰਿਆਸਤ ਬਿਲਾਸਪੁਰ ਵਿੱਚ ਲਿਖਤੀ ਸਮਝੌਤਾ ਛੋਟੂ ਰਾਮ ਹੋਰਾਂ ਦੇ ਯਤਨਾਂ ਸਦਕਾ ਹੀ ਸਿਰੇ ਚੜ੍ਹਿਆ ਸੀ। ਸਮਝੌਤੇ ਦੀ ਹਰੇਕ ਸ਼ਰਤ ਨੂੰ ਕਲਮਬੱਧ ਕਰਕੇ ਅੰਤਿਮ ਰੂਪ ਵਿੱਚ 8 ਜਨਵਰੀ 1945 ਨੂੰ ਉਨ੍ਹਾਂ ਨੇ ਇਸ ਉੱਤੇ ਦਸਤਖ਼ਤ ਕੀਤੇ। ਇਸ ਯੋਜਨਾ ਦੇ ਕਰਤਾ ਧਰਤਾ ਚੌਧਰੀ ਛੋਟੂ ਰਾਮ ਦਾ ਅਗਲੇ ਹੀ ਦਿਨ 9 ਜਨਵਰੀ ਦੀ ਸਵੇਰ ਨੂੰ ਲਾਹੌਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਯੂਨੀਅਨਿਸਟ ਪਾਰਟੀ ਦੇ ਪਤਨ ਦਾ ਮੁੱਢ ਬੱਝ ਗਿਆ। ਫ਼ਿਰਕੂ ਤਾਕਤਾਂ ਦਿਨੋਂ ਦਿਨ ਭਾਰੂ ਪੈਂਦੀਆਂ ਗਈਆਂ। ਚੌਧਰੀ ਛੋਟੂ ਰਾਮ ਦਾ ਦਿੱਲੀ ਤੋਂ ਰਾਵਲਪਿੰਡੀ ਤੱਕ ਪੰਜਾਬ ਨੂੰ ਇੱਕ ਰੱਖਣ ਦਾ ਸੁਪਨਾ ਚੂਰ ਚੂਰ ਹੋ ਗਿਆ। ਮੁਸਲਿਮ ਲੀਗ ਨੇ ਖ਼ਿਜ਼ਰ ਸਰਕਾਰ ਦੇ ਪੈਰ ਨਾ ਲੱਗਣ ਦਿੱਤੇ ਅਤੇ ਪੰਜਾਬ ਦੀ ਵੰਡ ਦਾ ਰਾਹ ਪੱਧਰ ਹੋ ਗਿਆ। ਚੌਧਰੀ ਛੋਟੂ ਰਾਮ ਦੀ ਇੰਨੀ ਘਾਲਣਾ ਕਾਰਨ ਲੋਕ ਅੱਜ ਵੀ ਉਨ੍ਹਾਂ ਨੂੰ ਦੀਨਬੰਧੂ, ਰਹਿਬਰ-ਏ-ਆਜ਼ਮ ਅਤੇ ਕਿਸਾਨਾਂ ਦੇ ਮਸੀਹਾ ਵਜੋਂ ਯਾਦ ਕਰਦੇ ਹਨ।

ਈ-ਮੇਲ: johallakwinder@gmail.com

ਸੰਪਰਕ: 98159-59476

ਚੌਧਰੀ ਛੋਟੂ ਰਾਮ ਅਤੇ ਸਿਕੰਦਰ ਹਯਾਤ ਖਾਨ। -ਫੋਟੋਆਂ: ਲੇਖਕ

ਚੌਧਰੀ ਛੋਟੂ ਰਾਮ ਤਨੋਂ ਮਨੋਂ ਗ਼ਰੀਬ ਕਿਸਾਨਾਂ ਅਤੇ ਹੋਰ ਪੇਂਡੂ ਵਰਗਾਂ ਦੀ ਭਲਾਈ ਦੇ ਕੰਮਾਂ ਵਿੱਚ ਜੁਟ ਗਏ। ਪਹਿਲੀ ਆਲਮੀ ਜੰਗ ਦੌਰਾਨ ਉਨ੍ਹਾਂ ਨੇ ਰੋਹਤਕ ਦੇ ਫ਼ੌਜੀ ਭਰਤੀ ਦਫ਼ਤਰ ਵਿੱਚ ਕੰਮ ਸੰਭਾਲਿਆ ਅਤੇ ਜ਼ਿਲ੍ਹੇ ਵਿੱਚੋਂ ਤਕਰੀਬਨ ਬਾਈ ਹਜ਼ਾਰ ਤੋਂ ਵੀ ਵੱਧ ਨੌਜਵਾਨਾਂ ਨੂੰ ਫ਼ੌਜ ਵਿੱਚ ਭਰਤੀ ਕਰਵਾਇਆ। ਇਸ ਲਈ ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ ਪੱਛਮੀ ਪੰਜਾਬ ਦੇ ਮਿੰਟਗੁਮਰੀ ਜ਼ਿਲ੍ਹੇ ਵਿੱਚ ਚਾਰ ਮੁਰੱਬੇ ਜ਼ਮੀਨ ਅਲਾਟ ਕੀਤੀ। ਉਨ੍ਹਾਂ ਨੇ ਸਰਕਾਰ ਅੱਗੇ ਸ਼ਰਤ ਰੱਖੀ ਕਿ ਤਿੰਨ ਹਜ਼ਾਰ ਏਕੜ ਜ਼ਮੀਨ ਪਹਿਲਾਂ ਦਲਿਤ ਵਰਗ ਦੇ ਕੰਮੀ ਅਤੇ ਬੇਜ਼ਮੀਨੇ ਲੋਕਾਂ ਲਈ ਮੁਫ਼ਤ ਅਲਾਟ ਕੀਤੀ ਜਾਵੇ। ਇਹ ਸ਼ਰਤ ਸਰਕਾਰ ਨੇ ਮੰਨ ਲਈ।

ਸੰਨ 1921 ਵਿੱਚ ਪੰਜਾਬ ਕੌਂਸਲ ਦੀਆਂ ਚੋਣਾਂ ਵਿੱਚ ਉਹ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਹੋਏ ਅਤੇ ਇਹ ਚੋਣ ਹਾਰ ਗਏ। ਇਹ ਹਾਰ ਉਨ੍ਹਾਂ ਦੇ ਅਤੇ ਕਿਸਾਨ ਵਰਗ ਦੇ ਉੱਜਲੇ ਭਵਿੱਖ ਲਈ ਵਰਦਾਨ ਸਾਬਤ ਹੋਈ। ਅਗਲੀਆਂ ਚੋਣਾਂ ਤੱਕ ਉਨ੍ਹਾਂ ਨੂੰ ਪੰਜਾਬ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਨੇੜਿਓਂ ਜਾਣਨ ਦਾ ਮੌਕਾ ਮਿਲਿਆ। ਸੰਨ 1923 ਦੀਆਂ ਚੋਣਾਂ ਵਿੱਚ ਉਹ ਵੱਡੇ ਫ਼ਰਕ ਨਾਲ ਜਿੱਤੇ। ਇਸੇ ਸਾਲ ਉਨ੍ਹਾਂ ਦਾ ਮੇਲ ਫ਼ਜ਼ਲ-ਏ-ਹੁਸੈਨ ਅਤੇ ਸਿਕੰਦਰ ਹਯਾਤ ਖਾਨ ਨਾਲ ਹੋਇਆ। ਇਨ੍ਹਾਂ ਸਾਰਿਆਂ ਨੇ ਰਲ ਕੇ ਨੈਸ਼ਨਲ ਯੂਨੀਅਨਿਸਟ ਪਾਰਟੀ ਬਣਾਈ ਜੋ ਬਾਅਦ ਵਿੱਚ ਜ਼ਿਮੀਂਦਾਰਾ ਲੀਗ ਦੇ ਨਾਂ ਨਾਲ ਵੀ ਮਸ਼ਹੂਰ ਹੋਈ। ਇਸ ਪਾਰਟੀ ਦਾ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ‘ਸਭ ਦੇ ਆਰਥਿਕ ਹਿੱਤਾਂ ਦੀ ਰਾਖੀ’ ਇਸ ਪਾਰਟੀ ਦਾ ਨਾਅਰਾ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਮੁੱਖ ਖ਼ਬਰਾਂ

ਪਹਿਲਵਾਨ 15 ਜੂਨ ਤੱਕ ਸੰਘਰਸ਼ ਮੁਅੱਤਲ ਕਰਨ ਲਈ ਸਹਿਮਤ

ਪਹਿਲਵਾਨ 15 ਜੂਨ ਤੱਕ ਸੰਘਰਸ਼ ਮੁਅੱਤਲ ਕਰਨ ਲਈ ਸਹਿਮਤ

ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਕੀਤੀ ਮੁਲਾਕਾਤ

ਬਿਹਾਰ: ਪਟਨਾ ਵਿੱਚ ਹੁਣ 23 ਨੂੰ ਮਿਲਣਗੇ ਵਿਰੋਧੀ ਪਾਰਟੀਆਂ ਦੇ ਆਗੂ

ਬਿਹਾਰ: ਪਟਨਾ ਵਿੱਚ ਹੁਣ 23 ਨੂੰ ਮਿਲਣਗੇ ਵਿਰੋਧੀ ਪਾਰਟੀਆਂ ਦੇ ਆਗੂ

ਰਾਹੁਲ, ਮਮਤਾ, ਕੇਜਰੀਵਾਲ ਤੇ ਸਟਾਲਿਨ ਮੀਟਿੰਗ ’ਚ ਸ਼ਾਮਲ ਹੋਣ ਲਈ ਰਾਜ਼ੀ...

ਯੂਪੀ: ਮੁਖਤਾਰ ਅੰਸਾਰੀ ਦੇ ਗੈਂਗ ਮੈਂਬਰ ਦੀ ਅਦਾਲਤ ’ਚ ਹੱਤਿਆ

ਯੂਪੀ: ਮੁਖਤਾਰ ਅੰਸਾਰੀ ਦੇ ਗੈਂਗ ਮੈਂਬਰ ਦੀ ਅਦਾਲਤ ’ਚ ਹੱਤਿਆ

ਵਕੀਲ ਦੇ ਪਹਿਰਾਵੇ ’ਚ ਆਏ ਵਿਅਕਤੀ ਨੇ ਮਾਰੀ ਗੋਲੀ; ਘਟਨਾ ’ਚ ਦੋ ਸਾਲਾਂ ...

ਸ਼ਹਿਰ

View All