ਚੀਨ ਦਾ ਹੈਰਾਨੀਜਨਕ ਵਿਕਾਸ
ਚੀਨ ਦਾ ਇਨਕਲਾਬ ਭਾਰਤ ਦੀ ਆਜ਼ਾਦੀ ਪ੍ਰਾਪਤੀ ਤੋਂ ਬਾਅਦ ਆਇਆ। ਭਾਰਤ 15 ਅਗਸਤ, 1947 ਨੂੂੰ ਆਜ਼ਾਦ ਹੋਇਆ ਅਤੇ ਚੀਨ ਦਾ ਇਨਕਲਾਬ ਪਹਿਲੀ ਅਕਤੂਬਰ, 1949 ਨੂੰ ਸਫਲ ਹੋਇਆ। ਹੈਰਾਨੀ ਜਿਹੀ ਹੋਈ ਕਿ ਚੀਨ ਨੇ 1964 ਵਿੱਚ ਉਪਗ੍ਰਹਿ ਪੁਲਾੜ ਵਿੱਚ ਭੇਜ ਦਿੱਤਾ...
ਚੀਨ ਦਾ ਇਨਕਲਾਬ ਭਾਰਤ ਦੀ ਆਜ਼ਾਦੀ ਪ੍ਰਾਪਤੀ ਤੋਂ ਬਾਅਦ ਆਇਆ। ਭਾਰਤ 15 ਅਗਸਤ, 1947 ਨੂੂੰ ਆਜ਼ਾਦ ਹੋਇਆ ਅਤੇ ਚੀਨ ਦਾ ਇਨਕਲਾਬ ਪਹਿਲੀ ਅਕਤੂਬਰ, 1949 ਨੂੰ ਸਫਲ ਹੋਇਆ। ਹੈਰਾਨੀ ਜਿਹੀ ਹੋਈ ਕਿ ਚੀਨ ਨੇ 1964 ਵਿੱਚ ਉਪਗ੍ਰਹਿ ਪੁਲਾੜ ਵਿੱਚ ਭੇਜ ਦਿੱਤਾ ਸੀ ਅਤੇ 1970 ਵਿੱਚ ਉਹ ਪਰਮਾਣੂ ਸ਼ਕਤੀ ਬਣ ਗਿਆ ਸੀ। 2024-25 ਵਿੱਚ ਸੰਸਾਰ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ਵਿੱਚੋਂ 13 ਚੀਨ ਦੀਆਂ ਹਨ। ਜਦੋਂਕਿ ਭਾਰਤ ਦੀ ਇੱਕ ਵੀ ਨਹੀਂ। ਕਦੇ ਕਦੇ ਕੋਈ ਆਈਆਈਟੀ ਜਾਂ ਕੋਈ ਕੇਂਦਰੀ ਖੋਜ ਸੰਸਥਾ ਪਹਿਲੀਆਂ 500 ਯੂਨੀਵਰਸਿਟੀਆਂ ਵਿੱਚ ਹੀ ਥਾਂ ਪ੍ਰਾਪਤ ਕਰਦੀ ਹੈ। ਇਹ ਵੀ ਉਹ ਹਨ ਜਿਹੜੀਆਂ ਪੰਡਤ ਜਵਾਹਰਲਾਲ ਨਹਿਰੂ ਨੇ ਬਣਾਈਆਂ ਸਨ। ਅਜਿਹਾ ਬਹੁਤ ਕੁਝ ਹੈ ਜਿਸ ਨੇ ਚੀਨ ਬਾਰੇ ਜਾਣਨ ਦੀ ਉਤਸੁਕਤਾ ਵਧਾਈ।
ਚੀਨ ਦੇ ਹੈਰਾਨੀਜਨਕ ਵਿਕਾਸ ਵਿੱਚ ਉਸ ਦੇਸ਼ ਵੱਲੋਂ ਅਪਣਾਈਆਂ ਨੀਤੀਆਂ ਅਤੇ ਚੀਨੀ ਲੋਕਾਂ ਦੇ ਸੱਭਿਆਚਾਰ, ਸਮਾਜਿਕ ਬਣਤਰ, ਕਦਰਾਂ ਕੀਮਤਾਂ, ਪ੍ਰਸ਼ਾਸਕੀ ਢਾਂਚਾ, ਪਰੰਪਰਾਵਾਂ, ਆਰਥਿਕ ਨੀਤੀਆਂ ਅਤੇ ਸਮਾਜਵਾਦ ਦੀ ਵਿਚਾਰਧਾਰਾ ਸਰਕਾਰ ਦੀ ਬਣਤਰ ਆਦਿ ਕਿੰਨੇ ਹੀ ਕਾਰਨ ਹਨ, ਜਿਨ੍ਹਾਂ ਦੀ ਸੁਚੱਜੀ ਵਰਤੋਂ ਹੀ ਇਹ ਕਰਾਮਾਤ ਹੈ। ਚੀਨ ਨੇ ਜਦੋਂ ਵਿਕਾਸ ਦਾ ਸਫ਼ਰ ਸ਼ੁਰੂ ਕੀਤਾ ਤਾਂ ਉਸ ਦੀ ਹਾਲਤ ਭਾਰਤ ਨਾਲੋਂ ਵੱਖਰੀ ਨਹੀਂ ਸੀ। ਉਸ ਦੀ ਔਸਤ ਉਮਰ 36 ਵਰ੍ਹੇ ਸੀ। 1978 ਤੱਕ ਤਾਂ ਉਸ ਦੀ ਆਬਾਦੀ ਦਾ 80% ਪ੍ਰਤੀਸ਼ਤ ਖੇਤੀਬਾੜੀ ਉੱਤੇ ਆਧਾਰਿਤ ਸੀ, ਪਰ ਖਾਧ ਖੁਰਾਕ ਦਾ ਫਿਰ ਵੀ ਭਿਆਨਕ ਤੋੜਾ ਸੀ। ਖੰਡ, ਸਾਬਣ, ਅਨਾਜ, ਅੰਡੇ, ਮਾਸ, ਕੱਪੜਾ, ਤੇਲ ਸਭ ਕੁਝ ਰਾਸ਼ਨ ਕੂਪਨਾਂ ਉੱਤੇ ਸੀ।
ਇੱਕ ਪਰਿਵਾਰ ਲਈ ਸਰਕਾਰੀ ਰਿਹਾਇਸ਼ ਦੀ ਵਿਵਸਥਾ ਇਹ ਸੀ ਕਿ 20 ਵਰਗ ਮੀਟਰ ਦੇ ਕਮਰੇ ਵਿੱਚ ਰਸੋਈ ਅਤੇ ਲੈਵੇਟਰੀ ਦੀ ਵਿਵਸਥਾ ਨਹੀਂ ਸੀ। ਇਹ ਕਿਸੇ ਦੂਜੇ ਪਰਿਵਾਰ ਨਾਲ ਸਾਂਝੀਆਂ ਸਨ। ਖਾਣਾ ਪਕਾਉਣ ਲਈ ਕੋਲਿਆਂ ਦੀ ਅੰਗੀਠੀ ਜਲਾਉਣੀ ਪੈਂਦੀ ਸੀ, ਪਰ ਇਹ ਸਾਰਾ ਕੁਝ 1978 ਤੱਕ ਹੀ ਰਿਹਾ। ਚੀਨੀ ਇਨਕਲਾਬ ਤੋਂ ਬਾਅਦ 1978 ਤੱਕ ਚੀਨ ਲਈ ਵਿਚਾਰਧਾਰਕ ਸ਼ੁੱਧਤਾ ਅਤੇ ਰਾਸ਼ਟਰੀ ਸੁਰੱਖਿਆ ਹੀ ਪਹਿਲੀਆਂ ਤਰਜੀਹਾਂ ਸਨ। ਰੂਸੀ ਆਰਥਿਕ ਮਾਡਲ ਦੀ ਨਕਲ ਨੂੰ ਅੱਜ ਚੀਨੀ ਵਿਦਵਾਨ ਆਪਣੇ ਪੱਛੜੇ ਰਹਿਣ ਦਾ ਕਾਰਨ ਮੰਨਦੇ ਹਨ। ਮਾਓ ਜੇ ਤੁੰਗ ਨੂੰ ਚੀਨੀ ਆਪਣਾ ਰਾਸ਼ਟਰ ਪਿਤਾ ਮੰਨਦੇ ਹਨ। 1976 ਵਿੱਚ ਉਸ ਦੀ ਮੌਤ ਉਪਰੰਤ ਡੇਂਗ ਐਕਟੀਓਂਗ ਨੇ ਚੀਨ ਦੀ ਕਮਾਨ ਸੰਭਾਲੀ। ਕਮਿਊਨਿਸਟ ਸੱਤਾ ਦੇ ਢਾਂਚੇ ਵਿੱਚ ਉਹ ਵੀ ਹੇਠੋਂ ਤਰੱਕੀ ਕਰਕੇ ਕੇਂਦਰੀ ਜ਼ਿੰਮੇਵਾਰੀਆਂ ਤੱਕ ਪਹੁੰਚਿਆ ਸੀ। ਮਾਓ ਦੇ ਸਮੇਂ ਦੋ ਵਾਰ ਉਹਨੂੰ ਕੇਂਦਰੀ ਜ਼ਿੰਮੇਵਾਰੀਆਂ ਤੋਂ ਬਰਖ਼ਾਸਤ ਵੀ ਹੋਣਾ ਪਿਆ, ਪਰ ਪਾਰਟੀ ਨੇ ਮਾਓ ਤੋਂ ਬਾਅਦ ਇਸੇਡੇਂਗ ਜ਼ਿਆਓਪਿੰਗ ਨੂੰ ਦੇਸ਼ ਦੀ ਕਮਾਨ ਦਿੱਤੀ। ਉਸ ਨੇ ਪੱਛੜੀ ਆਰਥਿਕ ਹਾਲਤ ਨੂੰ ਵਿਕਸਤ ਆਰਥਿਕਤਾ ਵਿੱਚ ਬਦਲਣ ਦੀ ਹਿਮਾਲੀਅਨ ਚੁਣੌਤੀ ਦਾ ਟਾਕਰਾ ਕਰਨਾ ਸੀ। ਇੱਕ ਪਾਸੇ ਆਰਥਿਕ ਪੱਛੜਾਪਣ ਅਤੇ ਦੂਜੇ ਪਾਸੇ ਪੁਰਾਣੀ ਸਮਾਜਵਾਦੀ ਵਿਚਾਰਧਾਰਾ ਵਿੱਚ ਜੰਮੀ ਪਲੀ ਕੇਂਦਰੀ ਲੀਡਰਸ਼ਿਪ ਦੀ ਵੱਡੀ ਗਿਣਤੀ, ਦੋਵਾਂ ਦੀ ਘੁੰਮਣਘੇਰੀ ਦੇ ਦਰਿਆ ਤੋਂ ਪਾਰ ਜਾਣ ਲਈ ਉਸ ਨੇ ਟੋਹ ਟੋਹ ਕੇ ਕਦਮ ਵਧਾਏ, ਕਿਉਂਕਿ ਉਸ ਨੇ ‘ਸਮਾਜਵਾਦ ਅਤੇ ਪੂੰਜੀਵਾਦ ਤੋਂ ਅਗਾਂਹ ਦਾ ਮਾਡਲ’ ਸੋਚ ਰੱਖਿਆ ਸੀ। ਉਹ ਦ੍ਰਿੜਤਾ ਨਾਲ ਜਿਸ ਆਰਥਿਕ ਸੁਧਾਰ ਨੂੰ ਸ਼ੁਰੂ ਕਰਦਾ, ਉਸ ਦੀ ਸਾਰਥਿਕ ਪ੍ਰਾਪਤੀ ਉੱਤੇ ਪਾਰਟੀ ਲੀਡਰਸ਼ਿਪ ਦੇ ਪ੍ਰਤੀਕਰਮ ਨੂੰ ਬਰਾਬਰ ਪੜ੍ਹਦਾ ਅਤੇ ਆਪਣੀ ਵਧੀ ਮਕਬੂਲੀਅਤ ਦੇ ਬਲਬੂਤੇ ਅਗਲਾ ਕਦਮ ਚੁੱਕਦਾ ਗਿਆ। 1985 ਤੱਕ ਪੈਦਾਵਾਰ ਦੇ ਵਾਧੇ ਨਾਲ ਰਾਸ਼ਨ ਕੂਪਨ ਬੀਤੇ ਦੀ ਗੱਲ ਬਣ ਗਈ। 1978 ਉਪਰੰਤ ਡੇਂਗ ਨੇ ਸਰਕਾਰੀ ਸਖ਼ਤ ਅਗਵਾਈ ਅਧੀਨ ਨਿੱਜੀਕਰਨ ਨੂੰ ਬਰਾਬਰ ਮੁਕਾਬਲੇ ਵਿੱਚ ਉਤਰਨ ਲਈ ਹੱਲਾਸ਼ੇਰੀ ਅਤੇ ਸਰਕਾਰੀ ਸਹਾਇਤਾ ਦਿੱਤੀ। ਜਿਹੜੇ ਸਰਕਾਰੀ ਅਦਾਰੇ ਦੌੜ ਵਿੱਚ ਪੱਛੜ ਕੇ ਬੋਝ ਬਣ ਗਏ, ਉਨ੍ਹਾਂ ਨੂੰ ਦ੍ਰਿੜਤਾ ਨਾਲ ਬੰਦ ਕਰ ਦਿੱਤਾ ਕਿਉਂਕਿ ਪਾਰਟੀ ਦੀ ਬਣਤਰ ਅਨੁਸਾਰ ਹਰ ਮੈਂਬਰ ਹੇਠਾਂ ਭਰਤੀ ਹੁੰਦਾ ਹੈ। ਉਸ ਨੂੰ ਉਸ ਦੀ ਯੋਗਤਾ ਅਤੇ ਉਸ ਦੇ ਕੰਮ ਸੱਭਿਆਚਾਰ ਦੇ ਆਧਾਰ ਉੱਤੇ ਪ੍ਰਬੰਧਕੀ ਜ਼ਿੰਮੇਵਾਰੀ ਮਿਲਦੀ ਹੈ। ਫਿਰ ਉਸ ਦੀ ਅਗਵਾਈ ਵਾਲੇ ਅਦਾਰੇ ਦੀ ਕਾਰਗੁਜ਼ਾਰੀ ਨਾਲ ਉਸ ਦੀ ਕਿਸੇ ਹੋਰ ਅਦਾਰੇ ਵਿੱਚ ਬਦਲੀ ਅਤੇ ਤਰੱਕੀ ਹੁੰਦੀ ਹੈ। ਇਸ ਨਾਲ ਦੇਸ਼ ਦੀ ਆਰਥਿਕਤਾ, ਵਿਅਕਤੀ ਅਤੇ ਦੇਸ਼ ਨੂੰ ਲਾਭ ਮਿਲਦਾ ਹੈ। ਚੀਨ ਦਾ ਮੌਜੂਦਾ ਮੁਖੀ ਕੈਮੀਕਲ ਇੰਜਨੀਅਰ, ਕਾਨੂੰਨ ਵਿੱਚ ਡਾਕਟਰੇਟ ਅਤੇ ਦੇਸ਼ ਦੀ ਵਿਚਾਰਧਾਰਕ ਸੰਸਥਾ ਵਿੱਚੋਂ ਮਾਰਕਸਵਾਦੀ ਵਿਚਾਰਧਾਰਾ ਵਿੱਚ ਯੋਗਤਾ ਪ੍ਰਾਪਤ ਹੈ। ਅੱਜ ਦੇਸ਼ ਦੀ ਸ਼ਾਸਨ ਪ੍ਰਣਾਲੀ ਵਿੱਚ ਸਰਬਉੱਚ ਸ਼ਕਤੀ ਪੋਲਿਟਬਿਓਰੋ ਹੀ ਨਹੀਂ। ਕੇਂਦਰੀ ਕਮੇਟੀ ਵਿੱਚ 80% ਮੈਂਬਰ ਡਾਕਟਰੇਟ, ਡਿਗਰੀਧਾਰਕ, ਇੰਜਨੀਅਰ ਜਾਂ ਬਿਜ਼ਨਸ ਪ੍ਰਬੰਧ ਦੀ ਉੱਚ ਪੜ੍ਹਾਈ ਪ੍ਰਾਪਤ ਹਨ।
ਅੱਜ ਚੀਨ ਸੰਸਾਰ ਦੀ ਦੂਜੀ ਆਰਥਿਕ ਸ਼ਕਤੀ ਹੈ। ਭਾਰਤ ਪੰਜਵੀਂ ਹੈ, ਪਰ ਲੋਕਾਂ ਦੇ ਜੀਵਨ ਪੱਧਰ ਦਾ ਅੰਦਾਜ਼ਾ ਇਹ ਹੈ ਕਿ 70ਵੀਆਂ ਵਿੱਚ ਵਿਦੇਸ਼ ਪੜ੍ਹਾਈ ਲਈ ਗਿਆ ਚੀਨੀ ਵਿਦਿਆਰਥੀ ਵਾਪਸ ਦੇਸ਼ ਨਹੀਂ ਪਰਤਦਾ ਸੀ। 2000 ਤੋਂ 2019 ਤੱਕ ਪੰਜ ਲੱਖ ਵਿਦਿਆਰਥੀ ਸਾਲਾਨਾ ਵਿਦੇਸ਼ ਪੜ੍ਹਨ ਗਏ, ਇਨ੍ਹਾਂ ਵਿੱਚੋਂ 80% ਵਤਨ ਆ ਗਏ ਕਿਉਂਕਿ ਦੇਸ਼ ਉਨ੍ਹਾਂ ਨੂੰ ਵਿਦੇਸ਼ਾਂ ਬਰਾਬਰ ਵੇਤਨ ਅਤੇ ਅੱਗੇ ਵਧਣ ਦੇ ਮੌਕੇ ਦਿੰਦਾ ਹੈ। ਚੀਨ ਵਿਗਿਆਨ, ਖੇਡਾਂ, ਸੈਨਿਕ ਸ਼ਕਤੀ ਵਿੱਚ ਅਮਰੀਕਾ ਦੇ ਬਰਾਬਰ ਬਣ ਚੁੱਕਾ ਹੈ। ਦੇਸ਼ ਦੀ ਆਬਾਦੀ ਦਾ ਵੱਡਾ ਹਿੱਸਾ (80%) ਸੇਵਾਵਾਂ ਅਤੇ ਉਦਯੋਗਿਕ ਪੈਦਾਵਾਰ ਵਿੱਚ ਹੈ। ਹਾਰਵਰਡ ਕੈਨੇਡੀ ਸਕੂਲ ਵੱਖ ਵੱਖ ਮੁੱਦਿਆਂ ਉੱਤੇ ਸਰਵੇ ਕਰਦਾ ਹੈ, ਜਿਸ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਉੱਤੇ 2003 ਵਿੱਚ 86% ਚੀਨੀ ਲੋਕ ਸੰਤੁਸ਼ਟ ਸਨ। 2017 ਵਿੱਚ ਇਹ ਅੰਕੜਾ 95% ਹੈ ਅਤੇ ਅਮਰੀਕਾ ਦੇ 2017 ਵਿੱਚ 43% ਲੋਕ ਸਰਕਾਰ ਤੋਂ ਸੰਤੁਸ਼ਟ ਸਨ।
ਚੀਨ ਦੇ ਇਸ ਵਿਕਾਸ ਪਿੱਛੇ ਕਾਰਕ ਰੌਚਕ ਅਤੇ ਵਿਚਾਰਨਯੋਗ ਹਨ। ਇੱਕ ਸਥਾਈ ਸ਼ਕਤੀਸ਼ਾਲੀ ਚੁਣੌਤੀ ਰਹਿਤ ਸਰਕਾਰ ਅਤੇ ਇਸ ਦੀ ਬਾਕੀ ਸਾਰੇ ਕਾਰਕਾਂ ਨੂੰ ਸਰਗਰਮ ਰੱਖਣ ਦੀ ਯੋਗਤਾ ਪਹਿਲਾ ਕਾਰਕ ਹੈ। ਚੀਨੀ ਦਾਰਸ਼ਨਿਕ ਕਨਫੂਸ਼ੀਅਸ (551-479 BC) ਦੇ ਵਿਅਕਤੀ ਅਤੇ ਸਮਾਜ ਬਾਰੇ ਵਿਚਾਰ ਚੀਨੀ ਸੱਭਿਆਚਾਰ ਦਾ ਆਧਾਰ ਹਨ। ਕਨਫੂਸ਼ੀਅਸ ਸਖ਼ਤ ਮਿਹਨਤ, ਸਾਂਝੇ ਪਰਿਵਾਰ, ਸੰਜਮ, ਗਿਆਨ ਅਤੇ ਵਿਦਵਤਾ, ਉੱਚ ਚਾਲ ਚਲਣ, ਨੈਤਿਕਤਾ ਅਤੇ ਰਾਜਾਂ ਦੀ ਸਰਬ ਉੱਚ ਸੰਸਥਾ ਦਾ ਸਤਿਕਾਰ ਅਤੇ ਮਾਂ-ਬਾਪ ਦੀ ਸੇਵਾ ਉਸ ਦੀਆਂ ਸਿੱਖਿਆਵਾਂ ਹਨ। ਅੱਜ ਵੀ ਚੀਨੀ ਲੋਕ ਸਰਕਾਰ ਨੂੰ ਪਿਤਾ ਦਾ ਦਰਜਾ ਦਿੰਦੇ ਹਨ। ਹੈਰਾਨੀ ਹੋਵੇਗੀ ਚੀਨ ਵਿੱਚ ਸਿਖਰਲੀ ਅਫ਼ਸਰਸ਼ਾਹੀ ਦੀ ਨਿਯੁਕਤੀ ਜਨਮ ਆਧਾਰਿਤ ਨਾ ਹੋ ਕੇ ਕੌਮੀ ਪ੍ਰੀਖਿਆ ਰਾਹੀਂ 605 ਈਸਵੀ ਤੋਂ ਸ਼ੁਰੂ ਸੀ। ਜੋ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਨੇ 1885 ਵਿੱਚ ਬਰਤਾਨਵੀ ਪੈਟਰਨ ਉੱਤੇ ਸ਼ੁਰੂ ਕੀਤੀ। ਜਿਸ ਨੇ ਖ਼ੁਦ ਚੀਨ ਨੂੰ ਅਪਣਾਇਆ ਸੀ। ਅਨੁਸ਼ਾਸਨ ਅਤੇ ਪ੍ਰਸ਼ਾਸਨ ਦਾ ਸਤਿਕਾਰ ਕਨਫੂਸ਼ੀਅਸ ਦੀ ਸਿੱਖਿਆ ਦਾ ਹਿੱਸਾ ਹੈ, ਪਰ ਉਹ ਰਾਜੇ ਪਾਸੋਂ ਜਨਤਾ ਲਈ ਹਮਦਰਦੀ, ਆਗੂ ਅਤੇ ਅਧਿਆਪਕ ਹੋਣ ਦੀ ਤਵੱਕੋਂ ਵੀ ਕਰਦਾ ਸੀ।
ਚੀਨ ਨੇ ਆਰਥਿਕ ਸੁਧਾਰ ਖੇਤੀ ਸੈਕਟਰ ਤੋਂ ਸ਼ੁਰੂ ਕੀਤੇ। ਕਮਿਊਨ ਖੇਤੀ ਦੀ ਬਾਂਹ ਖੇਤੀ ਨੂੰ ਪਰਿਵਾਰਕ ਜ਼ਿੰਮੇਵਾਰੀ ਵਿੱਚ ਬਦਲ ਕੇ 1978 ਤੋਂ 1984 ਤੱਕ ਪੈਦਾਵਾਰ 50% ਵਧ ਗਈ। ਕਮਿਊਨਿਸਟ ਸਰਕਾਰ ਨੇ ਕੌਮੀ ਮਿਸਾਲੀ ਵਰਕਰ, ਕੌਮੀ ਬੁੱਧੀਜੀਵੀ, ਕੌਮੀ ਇੰਜਨੀਅਰ, ਕੌਮੀ ਵਿਗਿਆਨੀ, ਕੌਮੀ ਅਧਿਆਪਕ ਅਤੇ ਕੌਮੀ ਡਾਕਟਰ ਦੇ ਕੌਮੀ ਖਿਤਾਬ ਸ਼ੁਰੂ ਕੀਤੇ। ਅਜਿਹੇ ਖਿਤਾਬ ਧਾਰਕ ਨੂੰ ਪਾਰਟੀ ਅਤੇ ਪ੍ਰਸ਼ਾਸਨ ਦੀਆਂ ਉੱਚ ਪੱਧਰੀ ਕਮੇਟੀਆਂ ਵਿੱਚ ਥਾਂ ਦਿੱਤੀ ਜਾਣ ਲੱਗੀ। ਸਪੈਸ਼ਲ ਇਕਨੌਮਿਕਸ ਜ਼ੋਨ ਬਣਾ ਕੇ ਉਦਯੋਗਾਂ ਵਿੱਚ ਬੇਹਿਸਾਬ ਵਾਧਾ ਕੀਤਾ ਗਿਆ। ਇਹ ਦੂਜਾ ਸੁਧਾਰ ਸੀ।
ਤੀਜਾ ਸੁਧਾਰ ਘਾਟੇ ਵਾਲੀਆਂ ਸਰਕਾਰੀ ਕੰਪਨੀਆਂ ਨੂੰ ਬੰਦ ਕਰਨਾ ਸੀ। 1994 ਤੱਕ 40% ਸ਼ਹਿਰੀ ਰੁਜ਼ਗਾਰ ਨਿੱਜੀ ਖੇਤਰ ਕੋਲ ਚਲਾ ਗਿਆ ਜੋ ਅੱਜ 80% ਹੈ। ਚੌਥਾ ਸੁਧਾਰ 2001 ਵਿੱਚ ਚੀਨ ਦਾ ਡਬਲਯੂਟੀਓ ਮੈਂਬਰ ਬਣਨਾ ਗਿਣਿਆ ਗਿਆ ਹੈ। 160 ਸੇਵਾਵਾਂ ਵਿੱਚੋਂ 100 ਵਿੱਚ ਨਿੱਜੀਕਰਨ ਨੂੰ ਆਗਿਆ ਦਿੱਤੀ ਗਈ ਹੈ, ਪਰ ਇਹ ਸਾਰਾ ਕੁਝ ਸਰਕਾਰ ਦੀ ਅਜਿਹੀ ਨਿਗਰਾਨੀ ਵਿੱਚ ਹੈ ਕਿ ਲੋੜ ਪੈਣ ਉੱਤੇ ਰਾਤੋ ਰਾਤ ਨਿਯਮ ਤੇ ਕਾਨੂੰਨ ਵੀ ਬਦਲ ਅਤੇ ਲਾਗੂ ਕਰ ਦਿੱਤੇ ਜਾਂਦੇ ਹਨ। ਇਸ ਨੂੰ ਡਿਰਿਜਿਸਟੇ ਮਾਡਲ (DIRIGISTE MODEL) ਕਿਹਾ ਜਾਂਦਾ ਹੈ। ਇਹ ਸਮਾਜਵਾਦ ਅਤੇ ਪੂੰਜੀਵਾਦ ਤੋਂ ਉੱਪਰ ਮਾਡਲ ਦਾ ਤਜਰਬਾ ਹੈ। ਇਸ ਨਾਲ ਜਿੱਥੇ ਪਹਿਲੇ ਤਿੰਨ ਦਹਾਕਿਆਂ ਵਿੱਚ ਗ਼ਰੀਬੀ ਚੁੱਕੀ ਗਈ, ਅਮੀਰੀ ਗ਼ਰੀਬੀ ਦਾ ਪਾੜਾ ਘਟਿਆ ਰਿਹਾ, ਉੱਥੇ ਹੁਣ ਇਹ ਮਾਡਲ ਚੀਨ ਵਿੱਚ ਕਰੋੜਪਤੀ ਵੀ ਪੈਦਾ ਕਰਨ ਲੱਗ ਪਿਆ ਹੈ। ਅਮੀਰੀ-ਗ਼ਰੀਬੀ ਦਾ ਪਾੜਾ ਵੀ ਮੁੜ ਵਧਣ ਲੱਗ ਗਿਆ ਹੈ, ਪਰ ਚੀਨੀ ਲੋਕਾਂ ਨੂੰ ਉਮੀਦ ਹੈ ਕਿ ਉਹ ਇਨ੍ਹਾਂ ਸਭ ਵਿਗਾੜਾਂ ਦਾ ਇਲਾਜ ਕਰ ਲੈਣਗੇ ਕਿਉਂਕਿ ਸਰਕਾਰ ਨੂੰ ਵੀ ਪਤਾ ਹੈ ਕਿ ਕਨਫੂਸ਼ੀਅਸ ਦੀ ਵਿਚਾਰਧਾਰਾ ਅਨੁਸਾਰ ਉਹ ਚੀਨੀ ਅਵਾਮ ਦਾ ਪਿਤਾ ਹੈ।
ਸੰਪਰਕ: 94176-52947

