ਚੀਸ

ਚੀਸ

ਚਰਨਜੀਤ ਕੌਰ

ਸਵੇਰ ਦੇ ਦਸ ਕੁ ਵਜੇ ਦਾ ਸਮਾਂ ਸੀ। ਬੱਚਿਆਂ ਨੇ ਰੌਲਾ ਪਾ ਦਿੱਤਾ ‘‘ਬਰਾਤ ਆ ਗਈ, ਬਰਾਤ ਆ ਗਈ’’। ਸਭ ਬਹੁਤ ਖ਼ੁਸ਼ ਸਨ। ਸਾਰੇ ਮਿਲਣੀ ਦੀ ਤਿਆਰੀ ਵਿੱਚ ਜੁਟ ਗਏ। ਸਭ ਨੂੰ ਬਾਹਰ ਬੁਲਾਇਆ ਕਿ ਆ ਜਾਓ ਬਰਾਤ ਆ ਗਈ ਹੈ, ਮਿਲਣੀ ਕਰਨੀ ਹੈ। ਜਦੋਂ ਬਰਾਤ ਬੂਹੇ ’ਤੇ ਆ ਗਈ ਤਾਂ ਨਾ ਲਾੜਾ ਤੇ ਨਾ ਉਸ ਦੇ ਘਰ ਦੇ ਖ਼ੁਸ਼ ਨਜ਼ਰ ਆਏ। ਉਨ੍ਹਾਂ ਦੇ ਮੂੰਹਾਂ ’ਤੇ ਗੁੱਸਾ ਝਲਕ ਰਿਹਾ ਸੀ। ਧੀ ਵਾਲਿਆਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਗੱਲ ਹੈ। ਮਿਲਣੀ ਸ਼ੁਰੂ ਹੋ ਗਈ ਤੇ ਸਭ ਨੂੰ ਪੈਸਿਆਂ ਦੇ ਲਿਫ਼ਾਫ਼ੇ ਤੇ ਕੰਬਲ ਫੜਾਏ ਗਏ। ਮਨਿੰਦਰ ਦੇ ਪਿਤਾ ਨੂੰ ਮੁੰਦਰੀ ਤੇ ਮਾਤਾ ਨੂੰ ਕੰਨਾਂ ਦੀਆਂ ਵਾਲੀਆਂ ਵੀ ਪਾਈਆਂ। ਇੰਨੀ ਦੇਰ ਵਿੱਚ ਮਨਿੰਦਰ ਨਾਰਾਜ਼ ਹੋ ਗਿਆ ਕਿ ਮੇਰੇ ਜੀਜੇ ਨੂੰ ਮੁੰਦਰੀ ਨਹੀਂ ਪਾਈ। ਪੰਮੀ ਦੇ ਪਰਿਵਾਰ ਵਾਲੇ ਹੈਰਾਨ ਸਨ ਕਿ ਇਹ ਕੀ ਗੱਲ ਬਣ ਗਈ। ਪੰਮੀ ਦੇ ਪੇਕੇ ਪਰਿਵਾਰ ਵਾਲੇ ਮੀਟ-ਅੰਡਾ ਨਹੀਂ ਖਾਂਦੇ ਸਨ ਤੇ ਨਾ ਹੀ ਉਸ ਦੇ ਘਰ ਵਿੱਚ ਸ਼ਰਾਬ ਚਲਦੀ ਸੀ। ਸੋ ਉਨ੍ਹਾਂ ਨੇ ਵੈਸ਼ਨੂੰ ਰੋਟੀ ਕੀਤੀ ਹੋਈ ਸੀ ਤਾਂ ਮਨਿੰਦਰ ਨੇ ਰੌਲਾ ਪਾ ਦਿੱਤਾ ਕਿ ਮੀਟ ਨਾਲ ਰੋਟੀ ਕਿਉਂ ਨਹੀਂ ਦਿੱਤੀ ਗਈ। ਘਰ ਦੇ ਸਭ ਉਦਾਸ ਹੋ ਗਏ। ਜਦੋਂ ਪੰਮੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਦੇ ਚਿਹਰੇ ਦੀ ਖ਼ੁਸ਼ੀ, ਉਦਾਸੀ ਵਿੱਚ ਬਦਲ ਗਈ। ਉਸ ਵਕਤ ਸਭ ਮਜਬੂਰ ਸਨ। ਉਨ੍ਹਾਂ ਨੇ ਕਿਹਾ ਕਿ ਜਿਹੜੇ ਤੁਹਾਡੇ ਮੀਟ ਖਾਣ ਵਾਲੇ ਬਰਾਤੀ ਹਨ, ਅਸੀਂ ਉਨ੍ਹਾਂ ਨੂੰ ਹੋਟਲ ’ਤੇ ਲੈ ਜਾਂਦੇ ਹਾਂ ਪਰ ਮਨਿੰਦਰ ਤਾਂ ਅੜਿਆ ਹੀ ਰਿਹਾ। ਹਰ ਰੀਤ ਸਮੇਂ ਉਹ ਅੱਗ ਬਗੂਲਾ ਹੋਈ ਜਾ ਰਿਹਾ ਸੀ।

ਲਾਵਾਂ ਦਾ ਸਮਾਂ ਹੋ ਗਿਆ। ਲਾਵਾਂ ਹੋ ਗਈਆਂ। ਜਦੋਂ ਪੰਮੀ ਦੀ ਮਾਂ ਸੋਨੇ ਦਾ ਕੜਾ ਮਨਿੰਦਰ ਨੂੰ ਪਾਉਣ ਲਈ ਡੱਬੀ ਕੱਢ ਕੇ ਲਿਆਈ ਤਾਂ ਉਸ ਨੇ ਕੜਾ ਪੁਆਉਣ ਤੋਂ ਨਾਂਹ ਕਰ ਦਿੱਤੀ। ਪੰਮੀ ਦੇ ਮਾਮਿਆਂ ਚਾਚਿਆਂ ਨੇ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨਿਆ। ਗੁੱਸੇ ਵਿੱਚ ਲਾਲ-ਪੀਲਾ ਹੋਈ ਜਾ ਰਿਹਾ ਸੀ। ਇੱਕ ਵਾਰ ਤਾਂ ਪੰਮੀ ਦੇ ਮਾਮਿਆਂ ਨੇ ਸੋਚਿਆ ਕਿ ਜੋ ਹੁੰਦਾ ਹੈ ਹੋ ਜਾਵੇ ਅਸੀਂ ਆਪਣੀ ਕੁੜੀ ਇਸ ਨਾਲ ਨਹੀਂ ਤੋਰਨੀ, ਜੇ ਅੱਜ ਇਸ ਦਾ ਇਹ ਹਾਲ ਹੈ ਤਾਂ ਕੱਲ੍ਹ ਕੀ ਕਰੇਗਾ। ਪਰ ਪੰਮੀ ਦੇ ਮਾਪਿਆਂ ਨੇ ਕਿਹਾ ਕਿ ਸਮਾਜ ਕੀ ਕਹੇਗਾ। ਬਸ ਸਮਾਜ ਬਾਰੇ ਸੋਚ ਕੇ ਉਹ ਚੁੱਪ ਕਰ ਗਏ ਤੇ ਡੋਲੀ ਵਿਦਾ ਕਰ ਦਿੱਤੀ।

ਪੰਮੀ ਦੀ ਮਾਂ ਸਾਰੀ ਰਾਤ ਰੋਂਦੀ ਰਹੀ ਕਿ ਉਸ ਦੀ ਧੀ ਦਾ ਕੀ ਬਣੇਗਾ। ਉਹੀ ਹੋਇਆ ਜਿਸ ਦਾ ਡਰ ਸੀ। ਡੋਲੀ ਤੋਂ ਬਾਅਦ ਉਨ੍ਹਾਂ ਨੇ ਪੰਮੀ ਨੂੰ ਪੇਕੇ ਹੀ ਨਹੀਂ ਆਉਣ ਦਿੱਤਾ ਤੇ ਸਿੱਧਾ ਸਾਲ ਬਾਅਦ ਉਸ ਦੇ ਮੁੰਡਾ ਹੋਇਆ ਤਾਂ ਉਹ ਮੁੰਡੇ ਨੂੰ ਲੈ ਕੇ ਪੇਕੇ ਘਰ ਆਈ। ਉਸ ਦੌਰਾਨ ਕੁੜੀ ਨੂੰ ਡਿਪਰੈਸ਼ਨ ਹੋ ਗਿਆ ਕਿਉਂਕਿ ਉਸ ਨੂੰ ਪੇਕੇ ਗੱਲ ਵੀ ਨਹੀਂ ਕਰਨ ਦਿੱਤੀ ਜਾਂਦੀ ਸੀ। ਪੇਕੇ ਆ ਕੇ ਉਹ ਕੁਝ ਠੀਕ ਹੋ ਗਈ। ਖ਼ੁਸ਼ ਰਹਿਣ ਲੱਗੀ। ਉਸ ਨੂੰ ਆਇਆਂ ਮਹੀਨਾ ਕੁ ਹੋ ਗਿਆ। ਅਚਾਨਕ ਫੋਨ ਦੀ ਘੰਟੀ ਵੱਜੀ। ਪੰਮੀ ਦੀ ਛੋਟੀ ਭੈਣ ਨੇ ਫੋਨ ਚੁੱਕਿਆ ਕਿਉਂਕਿ ਪੰਮੀ ਤੇ ਉਸ ਦੀ ਮਾਤਾ ਜੀ ਦੋਵੇਂ ਉਸ ਦੀ ਪਸੰਦ ਦਾ ਸਾਮਾਨ ਲੈਣ ਬਾਜ਼ਾਰ ਗਈਆਂ ਹੋਈਆਂ ਸਨ ਕਿਉਂਕਿ ਆਖ਼ਰ ਤਾਂ ਉਸ ਨੇ ਸਹੁਰੇ ਘਰ ਵਾਪਸ ਜਾਣਾ ਸੀ। ਮਨਿੰਦਰ ਨੇ ਫੋਨ ’ਤੇ ਇਕਦਮ ਕਿਹਾ ਕਿ ‘ਆਪਣੇ ਮੰਮੀ ਪਾਪਾ ਨੂੰ ਕਹਿ ਦੇ ਡੇਢ-ਦੋ ਘੰਟੇ ਵਿੱਚ ਤੁਹਾਡੇ ਕੋਲ ਪਹੁੰਚ ਰਿਹਾ ਹਾਂ। ਪੰਮੀ ਨੂੰ ਤਿਆਰ ਰੱਖਿਓ ਮੈਂ ਲੈਣ ਆ ਰਿਹਾ ਹਾਂ। ਜੇ ਉਹ ਤਿਆਰ ਨਹੀਂ ਤਾਂ ਸਾਡੇ ਘਰ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹਨ।’ ਪੰਮੀ ਦੀ ਭੈਣ ਘਬਰਾ ਗਈ ਤੇ ਰੋਂਦੀ-ਰੋਂਦੀ ਆਪਣੇ ਪਿਤਾ ਜੀ ਕੋਲ ਦੁਕਾਨ ’ਤੇ ਚਲੀ ਗਈ। ਦੁਕਾਨ ਘਰ ਦੇ ਨੇੜੇ ਹੀ ਸੀ। ਪਿਤਾ ਜੀ ਨੂੰ ਬਹੁਤ ਗੁੱਸਾ ਚੜ੍ਹਿਆ ਕਿ ਇਹ ਕੀ ਗੱਲ ਹੈ ਪਈ ਜੇ ਮੈਂ ਚਾਰ ਧੀਆਂ ਦਾ ਬਾਪ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਮੈਨੂੰ ਹਰ ਜਗ੍ਹਾ ’ਤੇ ਦਬਾਈ ਜਾਵੇ। ਸ਼ਾਮ ਪੈ ਗਈ। ਸਭ ਘਰ ਆ ਗਏ। ਪੰਮੀ ਦਾ ਰੋ-ਰੋ ਕੇ ਬੁਰਾ ਹਾਲ ਸੀ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਕੀ ਹੋ ਰਿਹਾ ਹੈ। ਥੋੜ੍ਹੀ ਦੇਰ ਵਿੱਚ ਮਨਿੰਦਰ ਪਹੁੰਚ ਗਿਆ ਪਰ ਉਹ ਘਰ ਅੰਦਰ ਹੀ ਨਾ ਵੜਿਆ। ਆਖੇ ਕਿ ‘ਇਸ ਨੂੰ ਬਾਹਰ ਭੇਜ ਦਿਓ। ਮੈਂ ਅੰਦਰ ਨਹੀਂ ਆਉਣਾ’। ਪੰਮੀ ਦੇ ਪਿਤਾ ਅਤੇ ਭਰਾ ਨੂੰ ਬਹੁਤ ਗੁੱਸਾ ਆਇਆ। ਉਨ੍ਹਾਂ ਨੇ ਕਿਹਾ, ‘‘ਅਸੀਂ ਇਸ ਤਰ੍ਹਾਂ ਨਹੀਂ ਭੇਜਣੀ। ਅੰਦਰ ਆ ਕੇ ਇੱਜ਼ਤ ਨਾਲ ਲੈ ਕੇ ਜਾ।’’ ਮੁਹੱਲੇ ਵਿੱਚ ਰੌਲਾ ਪਾਉਂਦਾ ਰਿਹਾ ਤੇ ਅਖੀਰ ਵਾਪਸ ਚਲਾ ਗਿਆ। ਫਿਰ ਦੋ ਸਾਲ ਬੀਤ ਗਏ। ਮਹੀਨੇ ਕੁ ਬਾਅਦ ਫੋਨ ’ਤੇ ਧਮਕੀਆਂ ਦੇ ਦਿਆ ਕਰੇ ਕਿ ਜਿੱਥੇ ਤਿੰਨ ਧੀਆਂ ਵਿਆਹੁਣੀਆਂ ਹਨ, ਚੌਥੀ ਇਸ ਨੂੰ ਵੀ ਵਿਆਹ ਲੈਣਾ। ਪੰਮੀ ਦਾ ਹਰ ਦਿਨ ਰੋਂਦਿਆਂ ਬੀਤਦਾ। ਉਹ ਫਿਰ ਵੀ ਉਸ ਦਾ ਰਸਤਾ ਦੇਖਦੀ ਰਹਿੰਦੀ ਕਿ ਸ਼ਾਇਦ ਆ ਜਾਏ। ਉਸ ਦੇ ਪਿਤਾ ਜੀ ਤੇ ਭਰਾ ਉਸ ਨੂੰ ਬਹੁਤ ਸਮਝਾਉਂਦੇ ਤਾਂ ਉਹ ਕਹਿੰਦੀ ਕਿ ‘ਮੈਂ ਬੱਚੇ ਨਾਲ ਸਾਰੀ ਜ਼ਿੰਦਗੀ ਪੇਕੇ ਘਰ ਕਿਵੇਂ ਬਿਤਾਵਾਂਗੀ, ਕੱਲ੍ਹ ਨੂੰ ਭਰਾ ਦਾ ਵਿਆਹ ਹੋਣਾ ਹੈ। ਭਰਜਾਈ ਨੇ ਆ ਜਾਣਾ ਹੈ। ਮੇਰੀ ਇੱਥੇ ਕੀ ਇੱਜ਼ਤ ਰਹੇਗੀ’। ਪੰਮੀ ਦੀ ਮਾਂ ਵੀ ਇਹੀ ਸੋਚਦੀ। ਉਸ ਨੇ ਉਸ ਦੇ ਪਿਤਾ ਨੂੰ ਕਿਹਾ ਕਿ ਪੰਮੀ ਸਹੀ ਸੋਚਦੀ ਹੈ। ਪੰਮੀ ਦੇ ਪਿਤਾ ਨੇ ਕਿਹਾ, ‘‘ਜੇ ਤੁਸੀਂ ਦੋਵੇਂ ਇਹੀ ਚਾਹੁੰਦੀਆਂ ਹੋ ਤਾਂ ਮੈਂ ਉਸ ਦੇ ਪੈਰੀਂ ਪੈ ਕੇ ਉਸ ਨੂੰ ਕਹਿ ਦਿੰਦਾ ਹਾਂ ਕਿ ਮੇਰੀ ਕੁੜੀ ਨਾਲ ਜੋ ਮਰਜ਼ੀ ਕਰੋ ਲੈ ਜਾਓ। ਪਰ ਜੇ ਮੇਰੀ ਕੁੜੀ ਨੂੰ ਉਨ੍ਹਾਂ ਨੇ ਮਾਰ ਦਿੱਤਾ ਤਾਂ ਮੈਂ ਤੁਹਾਨੂੰ ਕਦੀ ਮੁਆਫ਼ ਨਹੀਂ ਕਰਾਂਗਾ।’’ ਉਹ ਬਹੁਤ ਲਾਲਚੀ ਸਨ। ਉਨ੍ਹਾਂ ਨੇ ਪੰਮੀ ਦੇ ਮਾਮਿਆਂ ਦੀ ਅਮੀਰੀ ਦੇਖੀ ਸੀ। ਉਹ ਸੋਚਦੇ ਸਨ ਕਿ ਉਨ੍ਹਾਂ ਦੀ ਭੈਣ ਵੀ ਇੰਨੀ ਹੀ ਅਮੀਰ ਹੋਵੇਗੀ। ਚਾਰ ਧੀਆਂ ਵਾਲਾ ਪਿਉ ਕਿੱਥੋਂ ਇੰਨਾ ਕਰ ਸਕਦਾ ਹੈ? ਪੰਮੀ ਦੇ ਮਾਤਾ ਜੀ ਚੁੱਪ ਕਰ ਗਏ।

ਅਖ਼ੀਰ ਅਚਾਨਕ ਇੱਕ ਦਿਨ ਪੂਰਾ ਪਰਿਵਾਰ ਲੈਣ ਆ ਗਿਆ। ਪੰਮੀ ਦੇ ਪਿਤਾ ਨੇ ਕੁਝ ਮੋਹਤਬਰ ਬੰਦੇ ਵਿੱਚ ਬਿਠਾਏ ਤੇ ਫ਼ੈਸਲਾ ਕਰ ਕੇ ਕੁੜੀ ਤੋਰ ਦਿੱਤੀ। ਪੰਮੀ ਦੇ ਸਹੁਰੇ ਨੂੰ ਅਧਰੰਗ ਹੋ ਗਿਆ। ਪੰਮੀ ਦਿਲ ਦੀ ਬਹੁਤ ਸਾਫ਼ ਸੀ। ਉਹ ਆਪਣੇ ਸਹੁਰੇ ਦੀ ਦਿਲੋਂ ਸੇਵਾ ਕਰਦੀ। ਜਦੋਂ ਸਹੁਰਾ ਉਸ ਨੂੰ ਸੇਵਾ ਕਰਦੀ ਨੂੰ ਦੇਖਦਾ ਤਾਂ ਕੰਬਦੇ ਹੱਥਾਂ ਨਾਲ ਉਸ ਤੋਂ ਮੁਆਫ਼ੀ ਮੰਗਦਾ। ਅੱਗੋਂ ਪੰਮੀ ਕਹਿੰਦੀ ਕਿ ‘ਤੁਸੀਂ ਮੇਰੇ ਪਿਤਾ ਜੀ ਹੋ, ਕੋਈ ਗੱਲ ਨਹੀਂ ਪਿਤਾ ਵੀ ਗੁੱਸੇ ਹੋ ਜਾਂਦੇ ਹਨ ਬੱਚਿਆਂ ਨਾਲ’। ਮਨਿੰਦਰ ਵਿੱਚ ਫਿਰ ਵੀ ਕੋਈ ਤਬਦੀਲੀ ਨਾ ਆਈ। ਪੰਮੀ ਦੇ ਮਾਪੇ ਜਦੋਂ ਕਿਸੇ ਤਿਉਹਾਰ ’ਤੇ ਸੌਗਾਤਾਂ ਲੈ ਕੇ ਜਾਂਦੇ ਤਾਂ ਉਹ ਉਨ੍ਹਾਂ ਦੇ ਘਰੋਂ ਨਿਕਲਣ ਤੋਂ ਬਾਅਦ ਉਸ ਨਾਲ ਲੜਦਾ, ਉਸ ’ਤੇ ਹੱਥ ਵੀ ਚੁੱਕਦਾ। ਉਹ ਸਭ ਕੁਝ ਸਹਿੰਦੀ ਤੇ ਰੱਬ ਅੱਗੇ ਹੱਥ ਜੋੜਦੀ ਕਿ ਹੁਣ ਤਾਂ ਸੁਣ ਲੈ ਰੱਬਾ, ਹੁਣ ਜੀਅ ਨਹੀਂ ਕਰਦਾ ਜਿਉਣ ਨੂੰ। ਪਰ ਬੱਚਿਆਂ ਕਰਕੇ ਦਿਲ ’ਤੇ ਪੱਥਰ ਰੱਖ ਲੈਂਦੀ। ਉਸ ਦੀਆਂ ਅੱਖਾਂ ਵਿੱਚ ਵੀਰਾਨਗੀ ਛਾ ਗਈ ਸੀ। ਉਸ ਨੂੰ ਘਰ ਵਿੱਚ ਵਿਆਹ ਕਾਰਨ ਜੁੜੇ ਰਿਸ਼ਤੇ ਚੈਨ ਹੀ ਨਹੀਂ ਲੈਣ ਦੇ ਰਹੇ ਸਨ। ਉਸ ਦਾ ਦਿਲ ਕਰਦਾ ਸੀ ਕਿ ਉੱਚੀ ਉੱਚੀ ਰੋਵੇ ਪਰ ਉਸ ਦਾ ਇਹ ਰੋਣਾ ਹਉਕਿਆਂ ਵਿੱਚ ਹੀ ਬਦਲ ਗਿਆ। ਉਸ ਦਾ ਬੇਟਾ ਜਦੋਂ ਆਪਣੇ ਪਿਤਾ ਨੂੰ ਮਾਂ ਨਾਲ ਲੜਦਾ ਵੇਖਦਾ ਤਾਂ ਉਹ ਵਿਚਾਰਾ ਤ੍ਰਹਿ ਕੇ ਰੋਣ ਲੱਗ ਜਾਂਦਾ। ਉਹ ਪੰਮੀ ਦੀ ਘਰ ਵਿੱਚ ਜ਼ਰਾ ਜਿੰਨੀ ਵੀ ਉੱਚੀ ਆਵਾਜ਼ ਨਿਕਲਣ ਨਹੀਂ ਦਿੰਦਾ ਸੀ। ਉਹ ਰਿਸ਼ਤੇਦਾਰਾਂ ਦੀਆਂ ਨਜ਼ਰਾਂ ਵਿੱਚ ਸੁਖੀ ਸੀ ਪਰ ਇਹ ਉਸ ਦੇ ਮਾਂ-ਬਾਪ, ਭੈਣ-ਭਰਾ ਨੂੰ ਛੱਡ ਕੇ ਕੋਈ ਨਹੀਂ ਜਾਣਦਾ ਸੀ ਕਿ ਉਹ ਨਰਕ ਭਰੀ ਜ਼ਿੰਦਗੀ ਜੀਅ ਰਹੀ ਸੀ। ਉਸ ਦੀ ਨਨਾਣ ਅਤੇ ਸੱਸ ਵੀ ਹਰ ਵੇਲੇ ਉਸ ਨਾਲ ਲੜਦੀਆਂ, ਉਸ ਤੋਂ ਨੌਕਰਾਣੀਆਂ ਦੀ ਤਰ੍ਹਾਂ ਕੰਮ ਲੈਂਦੀਆਂ, ਉਹ ਪਾਠ ਕਰਦਿਆਂ ਹਰ ਵੇਲੇ ਅਰਦਾਸ ਕਰਦੀ ਕਿ ਹੇ ਰੱਬਾ ਮੇਰੀ ਜ਼ਿੰਦਗੀ ਵੀ ਸੁਧਰ ਜਾਏ। ਅਖੀਰ ਰੱਬ ਨੇ ਉਸ ਦੀ ਸੁਣ ਲਈ।

ਇੱਕ ਦਿਨ ਮਨਿੰਦਰ ਨੇ ਕਿਹਾ, ‘‘ਚੱਲ ਆਪਾਂ ਦੋਵੇਂ ਅੰਮ੍ਰਿਤ ਛਕ ਆਈਏ।’’ ਪੰਮੀ ਉਸ ਦਾ ਮੂੰਹ ਦੇਖਣ ਲੱਗੀ ਕਿ ਇਹ ਅਚਾਨਕ ਕੀ ਹੋ ਗਿਆ ਹੈ। ਉਹ ਖ਼ੁਸ਼ੀ-ਖ਼ੁਸ਼ੀ ਉਸ ਨਾਲ ਮੁਕਤਸਰ ਚਲੀ ਗਈ। ਉਹ ਉੱਥੇ ਪਹੁੰਚੇ ਹੀ ਸਨ ਕਿ ਪਿੱਛੋਂ ਪੰਮੀ ਦੇ ਪਾਪਾ ਜੀ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਜਦੋਂ ਉੱਥੇ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਉਹ ਅੰਮ੍ਰਿਤ ਛਕ ਕੇ ਸਿੱਧਾ ਪਾਪਾ ਜੀ ਕੋਲ ਹਸਪਤਾਲ ਪਹੁੰਚ ਗਏ। ਉਹ ਪਾਪਾ ਜੀ ਨੂੰ ਮਿਲਣ ਆਈ.ਸੀ.ਯੂ. ਵਿੱਚ ਪਹੁੰਚ ਗਏ। ਉਹ ਪੈਰਾਂ ਵੱਲ ਖੜ੍ਹਾ ਸੀ। ਪਾਪਾ ਜੀ ਨੇ ਮਨਿੰਦਰ ਵੱਲ ਬੜੀਆਂ ਤਰਸ ਭਰੀਆਂ ਨਜ਼ਰਾਂ ਨਾਲ ਵੇਖਿਆ। ਉਸ ਨੇ ਪਾਪਾ ਜੀ ਦੇ ਪੈਰੀਂ ਹੱਥ ਲਗਾ ਦਿੱਤੇ ਤੇ ਕਿਹਾ, ‘‘ਪਾਪਾ ਜੀ, ਮੈਂ ਤੁਹਾਡੇ ਨਾਲ ਬਹੁਤ ਜ਼ਿਆਦਤੀਆਂ ਕੀਤੀਆਂ ਹਨ। ਜਾਂਦੇ ਹੋਏ ਮੈਨੂੰ ਮੁਆਫ਼ ਕਰ ਦਿਓ।’’ ਪਾਪਾ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਤੇ ਉਹ ਆਪ ਵੀ ਰੋ ਰਿਹਾ ਸੀ। ਇੰਨਾ ਹੁੰਦੇ ਹੀ ਪਾਪਾ ਜੀ ਸਦਾ ਦੀ ਨੀਂਦ ਸੌਂ ਗਏ। ਸਮਾਂ ਬੀਤਦਾ ਗਿਆ।

ਉਸ ਵਿੱਚ ਹਰ ਦਿਨ ਤਬਦੀਲੀ ਆਉਂਦੀ ਗਈ। ਉਹ ਹਰ ਵੇਲੇ ਬਾਣੀ ਪੜ੍ਹਨ ਲੱਗਾ। ਕੰਮ ’ਤੇ ਜਾਂਦਾ ਵੀ ਬਾਣੀ ਪੜ੍ਹਦਾ ਸੀ। ਉਸ ਨੂੰ ਆਪਣਾ ਅੰਦਰ ਬਹੁਤ ਤੰਗ ਕਰਦਾ। ਉਹ ਪੰਮੀ ਨੂੰ ਪੁੱਛਦਾ ਕਿ ਤੇਰੇ ਘਰਦਿਆਂ ਨੇ ਮੈਨੂੰ ਦਿਲੋਂ ਮੁਆਫ਼ ਕਰ ਦਿੱਤਾ ਹੈ ਕਿ ਨਹੀਂ? ਪੰਮੀ ਦੇ ਮਾਤਾ ਜੀ ਤੇ ਭੈਣ ਭਰਾ ਉਸ ਦੀਆਂ ਸਭ ਜ਼ਿਆਦਤੀਆਂ ਨੂੰ ਭੁਲਾ ਚੁੱਕੇ ਸਨ। ਉਹ ਸੋਚਦੇ ਸਨ ਕਿ ਉਨ੍ਹਾਂ ਦੀ ਧੀ ਖ਼ੁਸ਼ ਹੈ ਬਸ ਠੀਕ ਹੈ। ਸਮਾਂ ਆਪਣੀ ਚਾਲੇ ਚੱਲੀ ਜਾ ਰਿਹਾ ਸੀ। ਇੱਕ ਦਿਨ ਅਚਾਨਕ ਪੰਮੀ ਦਾ ਫੋਨ ਆਇਆ। ਉਹ ਉੱਚੀ-ਉੱਚੀ ਰੋਣ ਲੱਗੀ। ਉਸ ਤੋਂ ਗੱਲ ਨਹੀਂ ਸੀ ਹੋ ਰਹੀ। ਹੌਸਲਾ ਦੇਣ ’ਤੇ ਉਸ ਨੇ ਦੱਸਿਆ ਕਿ ਮਨਿੰਦਰ ਦੇ ਦਿਮਾਗ਼ ਵਿੱਚ ਰਸੌਲੀ ਹੋ ਗਈ ਹੈ। ਡਾਕਟਰ ਨੂੰ ਦਿਖਾਇਆ ਤਾਂ ਉਸ ਨੇ ਦੱਸਿਆ ਕਿ ਕੈਂਸਰ ਬਹੁਤ ਵਧ ਚੁੱਕਿਆ ਹੈ। ਘਰਦਿਆਂ ਨੇ ਉਸ ਦੇ ਇਲਾਜ ਦੀ ਕੋਈ ਕਸਰ ਨਾ ਛੱਡੀ। ਹਰ ਪਾਸਿਓਂ ਜਵਾਬ ਮਿਲ ਗਿਆ ਕਿ ਹੁਣ ਕੁਝ ਨਹੀਂ ਹੋ ਸਕਦਾ, ਇਸ ਦਾ ਅਪਰੇਸ਼ਨ ਵੀ ਨਹੀਂ ਹੋ ਸਕਦਾ, ਇਹ ਦਿਮਾਗ਼ ਦੀ ਐਸੀ ਜਗ੍ਹਾ ’ਤੇ ਹੈ ਜਿੱਥੇ ਆਪਰੇਸ਼ਨ ਵੀ ਅਸੰਭਵ ਹੈ। ਫਿਰ ਵੀ ਇੱਕ ਆਸ ਸਹਾਰੇ ਪੰਮੀ ਦੇ ਘਰ ਦੇ ਉਸ ਨੂੰ ਇੱਕ ਤੋਂ ਦੂਜੇ ਹਸਪਤਾਲ ਲੈ ਕੇ ਜਾਂਦੇ ਰਹੇ। ਪੰਮੀ ਦਾ ਰੋ ਰੋ ਕੇ ਬੁਰਾ ਹਾਲ ਸੀ। ਉਹ ਕਹੇ ਕਿ ‘ਅਠਾਰਾਂ ਵੀਹ ਸਾਲ ਇਸ ਇਨਸਾਨ ਨੇ ਮੇਰੇ ਨਾਲ ਵਧੀਕੀਆਂ ਕਰ ਕੇ ਕੱਟ ਦਿੱਤੇ। ਹੁਣ ਜਦੋਂ ਮੇਰੇ ਸੁਖ ਦੇ ਦਿਨ ਆਏ ਤਾਂ ਇਹ ਹੁਣ ਮੈਨੂੰ ਛੱਡ ਕੇ ਜਾ ਰਿਹਾ ਹੈ।’ ਅਖੀਰ ਕੁਝ ਮਹੀਨੇ ਬੀਤੇ ਤੇ ਇੱਕ ਰਾਤ ਉਹ ਸਦਾ ਦੀ ਨੀਂਦ ਸੌਂ ਗਿਆ। ਪੰਮੀ ਦੀਆਂ ਅੱਖਾਂ ਵਿੱਚੋਂ ਅੱਥਰੂ ਬਿਨਾਂ ਰੁਕੇ ਵਗ ਰਹੇ ਸੀ। ਉਸ ਦੇ ਮਨ ਵਿੱਚ ਚੀਸ ਉੱਠ ਰਹੀ ਸੀ ਜਿਸ ਦੀ ਨਾ ਕੋਈ ਦਵਾ ਸੀ ਨਾ ਦੁਆ।
ਸੰਪਰਕ: 98887-85390

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ

ਰਾਸ਼ਟਰਮੰਡਲ ਖੇਡਾਂ: ਬੈਡਮਿੰਟਨ ਖਿਡਾਰੀਆਂ ਨੇ ਭਾਰਤ ਨੂੰ ਦਿਵਾਏ ਤਿੰਨ ਸੋਨ ਤਗ਼ਮੇ

ਰਾਸ਼ਟਰਮੰਡਲ ਖੇਡਾਂ: ਬੈਡਮਿੰਟਨ ਖਿਡਾਰੀਆਂ ਨੇ ਭਾਰਤ ਨੂੰ ਦਿਵਾਏ ਤਿੰਨ ਸੋਨ ਤਗ਼ਮੇ

ਖੇਡਾਂ ਦੇ ਸਮਾਪਤੀ ਸਮਾਰੋਹ ’ਚ ਸ਼ਰਤ ਕਮਲ ਤੇ ਨਿਖਤ ਜ਼ਰੀਨ ਹੋਣਗੇ ਭਾਰਤੀ ...

ਲੋਕ ਸਭਾ ਵਿੱਚ ਬਿਜਲੀ ਸੋਧ ਬਿੱਲ-2022 ਪੇਸ਼

ਲੋਕ ਸਭਾ ਵਿੱਚ ਬਿਜਲੀ ਸੋਧ ਬਿੱਲ-2022 ਪੇਸ਼

ਮੰਤਰੀ ਨੇ ਬਿੱਲ ਨੂੰ ਸਥਾਈ ਕਮੇਟੀ ਨੂੰ ਭੇਜਣ ਦੀ ਅਪੀਲ ਕੀਤੀ

ਰਾਸ਼ਟਰਮੰਡਲ ਖੇਡਾਂ: ਭਾਰਤੀ ਪੁਰਸ਼ ਹਾਕੀ ਟੀਮ ਨੂੰ ਚਾਂਦੀ ਦਾ ਤਗ਼ਮਾ

ਰਾਸ਼ਟਰਮੰਡਲ ਖੇਡਾਂ: ਭਾਰਤੀ ਪੁਰਸ਼ ਹਾਕੀ ਟੀਮ ਨੂੰ ਚਾਂਦੀ ਦਾ ਤਗ਼ਮਾ

ਫਾਈਨਲ ਵਿੱਚ ਆਸਟਰੇਲੀਆ ਨੇ 7-0 ਨਾਲ ਹਰਾਇਆ

ਭਗਵੰਤ ਮਾਨ ਵੱਲੋਂ ਬਿਜਲੀ ਸੋਧ ਬਿੱਲ-2022 ਦਾ ਸਖ਼ਤ ਵਿਰੋਧ

ਭਗਵੰਤ ਮਾਨ ਵੱਲੋਂ ਬਿਜਲੀ ਸੋਧ ਬਿੱਲ-2022 ਦਾ ਸਖ਼ਤ ਵਿਰੋਧ

ਬਿੱਲ ਸੂਬਿਆਂ ਦੇ ਅਧਿਕਾਰਾਂ ’ਤੇ ਇੱਕ ਹੋਰ ਹਮਲਾ ਕਰਾਰ

ਸ਼ਹਿਰ

View All