
ਲੋਕਾਂ ਨੂੰ ਸੁਧਾਰ ਦੀ ਆਸ
ਪੰਜਾਬ ਵਿੱਚ ਸੱਤਾ ਤਬਦੀਲੀ ਨੂੰ ਇਨਕਲਾਬ ਦਾ ਨਾਂ ਦੇ ਕੇ ਵੱਡੇ ਬਹੁਮਤ ਨਾਲ ‘ਆਪ’ ਸਰਕਾਰ ਬਣੀ ਹੈ। ਸਰਮਾਏਦਾਰੀ ਦੇ ਇਸ ਗਲਬੇ ਹੇਠ ‘ਆਪ’ ਕੋਈ ਇਨਕਲਾਬ ਤਾਂ ਨਹੀਂ ਕਰ ਸਕਦੀ ਪਰ ਛੋਟੇ-ਮੋਟੇ ਸੁਧਾਰਾਂ ਲਈ ਆਮ ਲੋਕਾਂ ਨੂੰ ਇਸ ਤੋਂ ਵੱਡੀਆਂ ਆਸਾਂ ਹਨ। ਸਰਕਾਰ ਸਾਹਮਣੇ ਵੱਡੀਆਂ ਚੁਣੌਤੀਆਂ ਵੀ ਹਨ। ਕੇਂਦਰ ਸਰਕਾਰ ਜੋ ਪੰਜਾਬ ਨਾਲ ਧੱਕੇਸ਼ਾਹੀ ਕਰ ਰਹੀ ਹੈ, ਉਸ ਖਿਲਾਫ ਕਾਨੂੰਨੀ ਤੇ ਜਨਤਕ ਲੜਾਈ ਲੜਨੀ ਪਵੇਗੀ। ਰੇਤ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਸਕੂਲ ਮਾਫ਼ੀਆ ਨੂੰ ਨੱਥ ਪਾਉਣੀ ਪਵੇਗੀ। ਸਮਾਜ ਦੇ ਸਭ ਤੋਂ ਵੱਧ ਸ਼ੋਸ਼ਿਤ ਮਜ਼ਦੂਰ ਵਰਗ ਦੀ ਬਿਹਤਰੀ ਲਈ ਸਾਰਥਿਕ ਤੇ ਮਿਸਾਲੀ ਫੈਸਲੇ ਲੈਣੇ ਪੈਣਗੇ। ਉਨ੍ਹਾਂ ਦੇ ਕਰਜ਼ਿਆਂ ’ਤੇ ਲੀਕ ਮਾਰ ਕੇ ਮਨਰੇਗਾ ਨੂੰ ਸੁਚੱਜੇ ਢੰਗ ਨਾਲ ਚਲਾਉਣਾ ਹੋਵੇਗਾ। ਨੌਜਵਾਨੀ ਲਈ ਸਭ ਤੋਂ ਪਹਿਲਾਂ ਰੁਜ਼ਗਾਰ ਪੈਦਾ ਕਰਨਾ ਹੋਵੇਗਾ। ਭਿਆਨਕ ਨਸ਼ੇ (ਚਿੱਟੇ) ਨੂੰ ਖਤਮ ਕਰਨਾ ਪਵੇਗਾ। ਪੰਜਾਬ ਵਿੱਚ ਗੈਂਗਸਟਰ ਗਰੁੱਪਾਂ ਦਾ ਖ਼ਾਤਮਾ ਵੀ ਬਹੁਤ ਜ਼ਰੂਰੀ ਹੈ।
ਰੁਪਿੰਦਰ ਸਿੰਘ, ਰਸੂਲਪੁਰ (ਮੱਲ੍ਹਾ), ਜਗਰਾਓਂ।
ਗੁੰਡਾਗਰਦੀ ਰੋਕਣਾ ਵੱਡੀ ਚੁਣੌਤੀ
ਕੁਝ ਸਮਾਂ ਪਹਿਲਾਂ ਸੱਤਾ ’ਚ ਆਈ ‘ਆਪ’ ਦੀ ਸਰਕਾਰ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਰਪੇਸ਼ ਹਨ। ਪੰਜਾਬ ਵਿੱਚ ਰਿਸ਼ਵਤਖੋਰੀ, ਬੇਰੁਜ਼ਗਾਰੀ, ਨਸ਼ਾ, ਕਰਜ਼ਾ, ਗੈਂਗਸਟਰ, ਸ਼ਰੇਆਮ ਕਤਲੇਆਮ ਆਦਿ ਚੁਣੌਤੀਆਂ ਦਾ ਸਰਕਾਰ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਹਰ ਦਿਨ ਕਿੰਨੇ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਬੇਰੁਜ਼ਗਾਰੀ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਚੁਣੌਤੀ ਹੈ। ਸਰਕਾਰ ਨੂੰ ਨੌਕਰੀਆਂ ਦੇਣ ਲਈ ਨਿਵੇਸ਼ ਦੀ ਜ਼ਰੂਰਤ ਹੈ ਪਰ ਸਰਕਾਰ ਦਾ ਖ਼ਜ਼ਾਨਾ ਖਾਲੀ ਹੈ। ਸਰਕਾਰ ਨੂੰ ਆਪਣੇ ਕੀਤੇ ਵਾਅਦਿਆਂ 300 ਯੂਨਿਟ ਬਿਜਲੀ ਮੁਆਫ਼, ਔਰਤਾਂ ਨੂੰ 1000 ਰੁਪਏ ਹਰ ਮਹੀਨੇ ਭੱਤਾ ਆਦਿ ਨੂੰ ਲਾਗੂ ਕਰਨਾ ਬਹੁਤ ਚੁਣੌਤੀਪੂਰਨ ਰਹੇਗਾ। ਪਿਛਲੇ ਦਿਨੀਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਕਰਕੇ ‘ਆਪ’ ਸਰਕਾਰ ਨੂੰ ਲੋਕ ਅਤੇ ਬਾਕੀ ਸਿਆਸੀ ਪਾਰਟੀਆਂ ਬੁਰੀ ਤਰ੍ਹਾਂ ਭੰਡ ਰਹੀਆਂ ਹਨ। ਉਮੀਦ ਹੈ ਕਿ ਸਰਕਾਰ ਗੁੰਡਾਗਰਦੀ ਰੋਕਣ ਵਿੱਚ ਕਾਮਯਾਬ ਹੋ ਸਕੇ।
ਕਰਮਜੀਤ ਕੌਰ ਕੁਲਾਰ, ਪਿੰਡ ਕੁਲਾਰਾਂ,
ਪਟਿਆਲਾ। ਸੰਪਰਕ: 81988-62486
ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦਾ ਉਪਰਾਲਾ ਜ਼ਰੂਰੀ
ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਨੂੰ ਭਾਰੀ ਬਹੁਮਤ ਨਾਲ ਸੱਤਾ ਵਿੱਚ ਬਿਠਾਇਆ ਹੈ। ਇਹ ਜਿੱਤ ਜਾਂ ਬਦਲਾਅ ਰਵਾਇਤੀ ਪਾਰਟੀਆਂ ਤੋਂ ਅੱਕੇ ਲੋਕਾਂ ਨੇ ਵਿਕਾਸ ਦੇ ਮੁੱਦੇ ’ਤੇ ਪਾਰਟੀ ਨੂੰ ਦਿੱਤਾ ਹੈ। ਅੱਜ ਪੰਜਾਬ ਚੌਤਰਫਿਉਂ ਚੁਣੌਤੀਆਂ ਨਾਲ ਘਿਰਿਆ ਪਿਆ ਹੈ। ਸਰਕਾਰ ਨੂੰ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਲਈ ਸਭ ਤੋਂ ਪਹਿਲਾਂ ਉਪਰਾਲਾ ਕਰਨਾ ਚਾਹੀਦਾ ਹੈ। ਜਵਾਨੀ ਨਸ਼ੇ ਤੇ ਬੇਰੁਜ਼ਗਾਰੀ ਕਾਰਨ ਤਣਾਅ ਵਿੱਚ ਹੈ। ਰੁਜ਼ਗਾਰ ਨਾ ਮਿਲਣ ਕਾਰਨ ਨੌਜਵਾਨੀ ਦਾ ਪਰਵਾਸ ਵੱਲ ਝੁਕਾਅ ਵਧ ਰਿਹਾ ਹੈ। ਕਿਸਾਨੀ ਖੇਤੀ ਆਮਦਨ ਘਟਣ ਨਾਲ ਖ਼ੁਦਕੁਸ਼ੀਆਂ ਕਰ ਰਹੀ ਹੈ। ਕਿਸਾਨੀ ਨੂੰ ਕਰਜ਼ਾ ਮੁਕਤ ਕਰ ਕੇ ਤੇ ਨਵੀਂਆ ਤਕਨੀਕਾਂ ਰਾਹੀਂ ਖੇਤੀ ਵਿਭਿੰਨਤਾ ਨਾਲ ਖੇਤੀ ਨੂੰ ਸੰਕਟ ਵਿਚੋਂ ਕੱਢਿਆ ਜਾ ਸਕਦਾ ਹੈ। ਸਰਕਾਰ ਸਭ ਤੋਂ ਪਹਿਲਾਂ ਨਸ਼ਾ ਮੁਕਤ ਪੰਜਾਬ ਮੁਹਿੰਮ ਸ਼ੁਰੂ ਕਰੇ, ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦੇਵੇ, ਤਾਂ ਜੋ ਪੈਸਾ ਨਸ਼ੇ ਤੇ ਵਿਦੇਸ਼ ਜਾਣ ਲਈ ਵਰਤਿਆ ਜਾਂਦਾ ਹੈ, ਉਹ ਪੰਜਾਬ ਦੀ ਆਰਥਿਕ ਮਜ਼ਬੂਤੀ ਲਈ ਲੱਗੇਗਾ।
ਸੁਖਜੀਤ ਸਿੰਘ ਰਟੋਲ, ਮਲੇਰਕੋਟਲਾ।
ਸੰਪਰਕ: 99151-41257
ਵਾਅਦੇ ਵਫ਼ਾ ਹੋਣ ਦੀ ਉਡੀਕ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਅੰਦਰ ਉਮੀਦ ਦਾ ਚਿਰਾਗ਼ ਜਗਿਆ ਹੈ। ਸਰਕਾਰ ਵੱਲੋਂ ਵੋਟਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਉਡੀਕ ਲੋਕ ਕਰ ਰਹੇ ਹਨ। ‘ਆਪ’ ਸਰਕਾਰ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ। ਪਹਿਲੀ ਚੁਣੌਤੀ ਪੰਜਾਬ ਦੇ ਸਕੂਲਾਂ ਤੇ ਕਾਲਜਾਂ ਵਿਚ ਮਿਆਰੀ ਵਿਦਿਆ ਦੀ ਹੈ। ਦੂਜੀ ਚੁਣੌਤੀ ਰੁਜ਼ਗਾਰ ਦੀ ਹੈ। ਤੀਜੀ ਨੌਜਵਾਨਾਂ ਦਾ ਪਰਵਾਸ ਰੋਕਣ ਦੀ, ਚੌਥੀ ਚੁਣੌਤੀ ਨਸ਼ਿਆਂ ਨੂੰ ਠੱਲ੍ਹਣ ਦੀ ਹੈ। ਪੰਜਵੀਂ ਚੁਣੌਤੀ ਭ੍ਰਿਸ਼ਟਾਚਾਰ ਖ਼ਤਮ ਕਰਨ ਦੀ ਹੈ ਅਤੇ ਛੇਵੀਂ ਚੁਣੌਤੀ ਪੰਜਾਬ ਦੇ ਨੌਜਵਾਨਾਂ ਦੇ ਹੁਨਰ ਨੂੰ ਉਨ੍ਹਾਂ ਦੀ ਤਰੱਕੀ ਵਿਚ ਵਰਤਣ ਦੀ ਹੈ।
ਗੁਰਭੇਜ ਸਿੰਘ, ਵਿਦਿਆਰਥੀ ਟੌਹੜਾ ਇੰਸਟੀਚਿਊਟ, ਬਹਾਦਰਗੜ੍ਹ, ਪਟਿਆਲਾ। ਸੰਪਰਕ: 74139-28374
(ਇਹ ਵਿਚਾਰ ਚਰਚਾ ਅਗਲੇ ਅੰਕ ਵਿਚ ਜਾਰੀ ਰਹੇਗੀ)
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ