ਗੁਲਾਬੀ ਰੁੱਤ ਦਾ ਜਸ਼ਨ

ਗੁਲਾਬੀ ਰੁੱਤ ਦਾ ਜਸ਼ਨ

ਪੰਜਾਬ ਦਾ ਉੱਘਾ ਲੋਕ ਧਾਰਾ ਵਿਗਿਆਨੀ ਸ. ਸ. ਵਣਜਾਰਾ ਵੇਦੀ ਲਿਖਦਾ ਹੈ, ‘ਭਾਵੇਂ ਰੁੱਤਾਂ ਸਾਲ ਬਾਅਦ ਫੇਰਾ ਪਾਉਂਦੀਆਂ ਨੇ ਤੇ ਹਰੇਕ ਰੁੱਤ ਨੂੰ ਅਸੀਂ ਉਤਨੀ ਵਾਰ ਹੀ ਹੰਢਾ ਚੁੱਕੇ ਹੁੰਦੇ ਹਾਂ, ਜਿਤਨੇ ਕੁ ਅਸੀਂ ਉਮਰ ਦੇ ਵਰ੍ਹੇ ਭੋਗੇ ਹੁੰਦੇ ਨੇ, ਪਰ ਰੁੱਤ ਜਦੋਂ ਬਦਲਦੀ ਹੈ, ਨਵੇਂ ਚੜ੍ਹੇ ਸੂਰਜ ਤੀ ਤਰ੍ਹਾਂ ਹਮੇਸ਼ਾ ਸੱਜਰੀ ਤੇ ਅਛੂਤੀ ਲੱਗਦੀ ਹੈ।’ ਅੱਸੂ ਕੱਤਕ ਦੀ ਗੁਲਾਬੀ ਤੇ ਮਿੱਠੀ ਰੁੱਤ ਬਾਰੇ ਉਨ੍ਹਾਂ ਦਾ ਕਥਨ ਹੈ ‘ਅੱਸੇ ਕੱਤੇ ਨਾ ਠੰਢੇ ਨਾ ਤੱਤੇ, ਖੁੱਲੀ ਬਹਾਰ। ਮਿੱਠੀ ਰੁੱਤ ਤੇ ਮਹਿਕੀ ਹੋਈ ਫਿਜ਼ਾ।’

ਦਰਅਸਲ, ਉੱਤਰੀ ਭਾਰਤ ਦਾ ਮੌਸਮੀ ਚੱਕਰ ਅੱਸੂ ਕੱਤਕ ਦੇ ਪੜਾਅ ਤੱਕ ਪਹੁੰਚ ਕੇ ਭੂਗੋਲਿਕ ਚੌਗਿਰਦੇ ਨੂੰ ਨਿਵੇਕਲੀਆਂ ਛੋਹਾਂ ਹੀ ਨਹੀਂ ਦਿੰਦਾ, ਸਗੋਂ ਇੱਥੋਂ ਦੀ ਜ਼ਿੰਦਗੀ ਦੇ ਸਮਾਜਿਕ, ਆਰਥਿਕ, ਧਾਰਮਿਕ ਤੇ ਸਭਿਆਚਾਰਕ ਸਰੋਕਾਰਾਂ ਨੂੰ ਵੀ ਵੰਨ ਸੁਵੰਨੀਆਂ ਛੋਹਾਂ ਦੇ ਕੇ ਘੁੱਗ ਵਸਦੀ ਜ਼ਿੰਦਗੀ ਦੀ ਤਸਵੀਰ ਨੂੰ ਖ਼ੂਬਸੂਰਤ ਬਣਾ ਦਿੰਦਾ ਹੈ। ਮੀਂਹ ਮੁੱਕ ਜਾਂਦੇ ਹਨ ਤੇ ਕੁਦਰਤ ਮਿੱਟੀ ਘੱਟੇ ਮੀਂਹ ਹਨੇਰੀ ਝੱਖੜਾਂ ਦੀ ਮਾਰ ਤੋਂ ਮੁਕਤ ਹੋ ਕੇ ਨਿੱਖਰੀ ਨਿੱਖਰੀ ਤੇ ਟਿਕਾਅ ਵਾਲੀ ਅਵੱਸਥਾ ’ਚ ਆ ਜਾਂਦੀ ਹੈ। ਨਿੱਖਰੇ ਹੋਏ ਨੀਲੇ ਆਸਾਮਾਨ ’ਤੇ ਸਵੇਰੇ ਸ਼ਾਮ ਚੜ੍ਹਦੇ ਤੇ ਢਲਦੇ ਸੂਰਜ ਦੇ ਸੁਰਖ਼ ਰੰਗਾਂ ’ਚ ਉਡਾਰੀਆਂ ਮਾਰਦੇ ਪੰਛੀ ਪਰਿੰਦਿਆਂ ਦੀ ਰੌਣਕ, ਟੋਭਿਆਂ ਤੇ ਢਾਬਾਂ ਦੇ ਨਿੱਤਰੇ ਹੋਏ ਪਾਣੀਆਂ ’ਚ ਚਾਨਣੀ ਰਾਤ ਨੂੰ ਝਾਤੀਆਂ ਮਾਰਦੇ ਚੰਨ ਨੂੰ ਤੱਕਣਾ ਤੇ ਮਾਣਨਾ ਰੂਹ ਨੂੰ ਸਕੂਨ ਦੇਣ ਵਾਲਾ ਅਹਿਸਾਸ ਹੁੰਦਾ ਹੈ। ਇਸ ਮੌਸਮ ਦੀਆਂ ਚਾਨਣੀਆਂ ਰਾਤਾਂ ’ਚ ਆਪਣੇ ਕੁਦਰਤੀ ਸੁਹੱਪਣ ਤੇ ਠੰਢਕ ਦਾ ਅਹਿਸਾਸ ਕਰਾਉਣ ਵਾਲੀ ਰੋਸ਼ਨੀ ਲੈ ਕੇ ਆਸਮਾਨ ’ਚ ਪੂਰੇ ਜਲੌਅ ਨਾਲ ਹਾਜ਼ਰੀ ਭਰ ਰਹੇ ਚੰਨ ਦੀ ਚਮਕ ਇਸ ਰੁੱਤ ਦੀ ਸਭ ਤੋਂ ਵੱਡੀ ਕੁਦਰਤੀ ਸੌਗਾਤ ਹੁੰਦੀ ਹੈ। ਗਰਮੀ, ਹੁੰਮਸ, ਮੱਖੀ, ਮੱਛਰ ਤੇ ਜ਼ਹਿਰੀਲੇ ਕੀੜੇ ਮਕੌੜਿਆਂ ਦੇ ਡਰ ਤੋਂ ਮੁਕਤ ਹੋਏ ਕੁਦਰਤੀ ਮਾਹੌਲ ’ਚ ਆਪਣੀ ਤੋਰ ਤੁਰ ਰਹੇ ਹੱਸਦੇ ਵੱਸਦੇ ਜਹਾਨ ’ਚ ਚੰਨ ਆਪਣੀਆਂ ਰਿਸ਼ਮਾਂ ਦੀਆਂ ਛੋਹਾਂ ਨਾਲ ਧਰਤੀ ਦੇ ਅੰਗ ਅੰਗ ਨੂੰ ਵਿਸਮਾਦ ਦਾ ਰੂਪ ਚਾੜ੍ਹ ਦਿੰਦਾ ਹੈ। ਸਰਦ ਰੁੱਤ ਨੂੰ ਆਪਣੀ ਤਾਜ਼ਗੀ ਤੇ ਸੁਹੱਪਣ ਨਾਲ ਖੁਸ਼ਆਮਦੀਦ ਕਹਿਣ ਵਾਲੇ ਫੁੱਲ ਬੂਟਿਆਂ ’ਤੇ ਮੌਸਮ ਬਦਲੀ ਨਾਲ ਆਇਆ ਸੱਜਰਾਪਣ ਤੇ ਨਿਖਾਰ ਸਹਿਜੇ ਹੀ ਦੇਖਿਆ ਜਾ ਸਕਦਾ ਹੈ। ਸ਼ਿਵ ਕੁਮਾਰ ਬਟਾਲਵੀ ਇਸ ਤਰ੍ਹਾਂ ਦੀ ਚਾਨਣੀ ਦੇ ਜਲੌਅ ਨੂੰ ਸ਼ਾਇਰਾਨਾ ਅੰਦਾਜ਼ ’ਚ ਬਿਆਨ ਕਰਦਿਆਂ ਲਿਖਦਾ ਹੈ :

ਠੀਕਰ ਪਹਿਰਾ ਦੇਣ ਸੁਗੰਧੀਆਂ,

ਲੋਰੀ ਦੇਣ ਹਵਾਵਾਂ,

ਮੈਂ ਰਿਸ਼ਮਾਂ ਦਾ ਵਾਕਿਫ਼ ਨਾਹੀ,

ਕਿਹੜੀ ਰਿਸ਼ਮ ਜਗਾਵਾਂ ਨੀਂ ਜਿੰਦੇ ਮੇਰੀਏ

ਰਾਤ ਚਾਨਣੀ ਮੈਂ ਟੁਰਾਂ ਮੇਰਾ ਨਾਲ ਟੁਰੇ ਪਰਛਾਵਾਂ

ਨੀਂ ਜਿੰਦੇ ਮੇਰੀਏ।

ਪੰਜਾਬ ਤੇ ਪੰਜਾਬੀਅਤ ਨੂੰ ਆਪਣੀ ਕਵਿਤਾ ਦੇ ਵਿਸ਼ਿਆਂ ’ਚ ਪਰੋਣ ਵਾਲੇ ਕਵੀ ਧਨੀ ਰਾਮ ਚਾਤ੍ਰਿਕ ਦੀ ਕਵਿਤਾ ‘ਪੰਜਾਬ’ ਵਿੱਚ ਇੱਥੋਂ ਦੀ ਚਾਨਣੀ ਰਾਤ ਦੀ ਅਲੌਕਿਕਤਾ ਨੂੰ ਵੀ ਸਹਿਜੇ ਮਹਿਸੂਸ ਕਰ ਸਕਦੇ ਹਾਂ:

ਜਦ ਰਾਤ ਚਾਨਣੀ ਖਿੜਦੀ ਹੈ,

ਕੋਈ ਰਾਗ ਇਲਾਹੀ ਛਿੜਦਾ ਹੈ

ਗਿੱਧੇ ਨੂੰ ਲੋਹੜਾ ਆਂਦਾ ਹੈ,

ਜੋਬਨ ਤੇ ਬਿਰਹਾ ਭਿੜਦਾ ਹੈ

ਵੰਝਲੀ ਵਹਿਣਾ ਵਿਚ ਰੁੜਦੀ ਹੈ,

ਜਦ ਤੂੰਬਾ ਸਿਰ ਧੁਣਿਆਂਦਾ ਹੈ

ਮਿਰਜ਼ਾ ਪਿਆ ਕੂੂਕਾਂ ਛਡਦਾ ਹੈ

ਤੇ ਵਾਰਸ ਹੀਰ ਸੁਣਾਂਦਾ ਹੈ...।

ਭਾਵੇਂ ਸਾਰੇ ਉੱਤਰੀ ਭਾਰਤ ’ਚ ਹਰ ਮਹੀਨੇ ਚੰਨ ਵੱਲੋਂ ਕੀਤੀ ਜਾਂਦੀ ਕੁਦਰਤੀ ਪਰਿਕਰਮਾ ਕਰਕੇ ਹਰ ਮਹੀਨੇ ਬੰਦੇ ਨੂੰ ਚਾਨਣੀ ਮਾਣਨ ਦਾ ਮੌਕਾ ਮਿਲਦਾ ਰਹਿੰਦਾ ਹੈ, ਪਰ ਪੰਜਾਬ ਵਰਗੇ ਮੈਦਾਨੀ ਖਿੱਤੇ ’ਚ ਕੱਤਕ ਮਹੀਨੇ ਦੇ ਸੁਖਾਵੇਂ ਤੇ ਟਿਕੇ ਹੋਏ ਮੌਸਮ ’ਚ ਚੰਨ ਦੀਆਂ ਰਿਸ਼ਮਾਂ ਵੱਲੋਂ ਰੂਹ ਨੂੰ ਲੋਰ ਚਾੜ੍ਹ ਦੇਣ ਵਾਲਾ ਮਾਹੌਲ ਸਾਲ ਦੇ ਕਿਸੇ ਹੋਰ ਮਹੀਨੇ ’ਚ ਨਹੀਂ ਮਿਲਦਾ। ਗਰਮੀ ਤੇ ਬਰਸਾਤ ਦੇ ਦਿਨਾਂ ਨੂੰ ਚਾਨਣੀ ਰਾਤ ਨੂੰ ਵੀ ਗਰਮੀ ਬੰਦੇ ਨੂੰ ਹਰ ਤਰ੍ਹਾਂ ਉਪਰਾਮ ਕਰੀ ਰੱਖਦੀ ਹੈ ਤੇ ਕੱਤਕ ਤੋਂ ਬਾਅਦ ਸਰਦੀ ਤਿੱਖੀ ਹੋਣ ਨਾਲ ਚਾਨਣੀਆਂ ਰਾਤਾਂ ਨੂੰ ਸਰਦੀ ਤੋਂ ਬਚਾਅ ਲਈ ਰਾਤ ਨੂੰ ਘਰਾਂ ਦੇ ਅੰਦਰ ਰਹਿਣਾ ਬੰਦੇ ਦੀ ਮਜਬੂਰੀ ਹੋ ਜਾਂਦੀ ਹੈ। ਇਸ ਕਰਕੇ ਕੱਤਕ ਦਾ ਖੁਸ਼ਗਵਾਰ ਮੌਸਮ ਹੀ ਕੁਦਰਤ ਨਾਲ ਮੋਹ ਪਾਲਣ ਵਾਲੇ ਹਰ ਸ਼ਖ਼ਸ ਲਈ ਸੁਖਾਵਾਂ ਮਾਹੌਲ ਹੁੰਦਾ ਹੈ ਜੋ ਭੂਗੋਲਿਕ ਤਬਦੀਲੀ ਦੇ ਨਾਲ ਨਾਲ ਜ਼ਿੰਦਗੀ ਦੀ ਤੋਰ ਨੂੰ ਵੀ ਉਤਸ਼ਾਹ ਦਾ ਰੰਗ ਚਾੜ੍ਹ ਦਿੰਦਾ ਹੈ।

ਇਸ ਰੁੱਤ ਵਿੱਚ ਸਭ ਤੋਂ ਵੱਡੇ ਉਤਸਵ ਮਨਾਏ ਜਾਂਦੇ ਹਨ। ਇਨ੍ਹਾਂ ਵਿੱਚ ਕਰਵਾਚੌਥ ਤੇ ਦੀਵਾਲੀ ਅਹਿਜੇ ਉਤਸਵ ਹਨ ਜਿਨ੍ਹਾਂ ਦਾ ਸਿੱਧਾ ਸਬੰਧ ਰੋਸ਼ਨੀ ਨਾਲ ਹੁੰਦਾ ਹੈ। ਕਰਵਾਚੌਥ ਔਰਤਾਂ ਲਈ ਇੱਕ ਤਰ੍ਹਾਂ ਮਿੱਠੀ ਤੇ ਪਿਆਰੀ ਰੁੱਤ ਦਾ ਮੌਸਮੀ ਜਸ਼ਨ ਹੁੰਦਾ ਹੈ। ਸੁਹਾਗਣਾਂ ਵੱਲੋਂ ਇਸ ਉਰਸ ਮੌਕੇ ਚੰਨ ਨੂੰ ਅਰਘ ਦੇਣ ਦਾ ਮੰਤਵ ਇਸ ਕੁਦਰਤੀ ਰੋਸ਼ਨੀ ਵੰਡਣ ਵਾਲੀ ਸ਼ੈਅ ਨੂੰ ਪੂਜਣਾ ਤੇ ਸਨਮਾਨ ਦੇਣਾ ਵੀ ਹੁੰਦਾ ਹੈ। ਕਰਵਾਚੌਥ ਮੌਕੇ ਚੰਨ ਨੂੰ ਪੂਜਣ ਦੇ ਨਾਲ ਕਰਵੇ ਵਿੱਚ ਵਰਤੇ ਪਾਣੀ ਨੂੰ ਵੀ ਪੂਜਣ ਤੇ ਸਤਿਕਾਰ ਦੇਣ ਦਾ ਮੰਤਵ ਵੀ ਇਹੀ ਹੁੰਦਾ ਹੈ ਕਿ ਪਾਣੀ ਹਰ ਯੁੱਗ ’ਚ ਜ਼ਿੰਦਗੀ ਦਾ ਸੋਮਾ ਰਿਹਾ ਹੈ ਤੇ ਇਸ ਨੇ ਮਨੁੱਖੀ ਸਭਿਆਤਾਵਾਂ ਦੇ ਨਿਰਮਾਣ ’ਚ ਹਮੇਸ਼ਾਂ ਅਹਿਮ ਯੋਗਦਾਨ ਪਾਇਆ। ਇਸ ਮੌਕੇ ਕਈ ਥਾਵਾਂ ’ਤੇ ਅਨਾਜ ਦੀ ਕੀਤੀ ਜਾਂਦੀ ਪੂਜਾ ਨੂੰ ਵੀ ਜ਼ਿੰਦਗੀ ’ਚ ਅਨਾਜ ਦੇ ਮਹੱਤਵ ਤੇ ਸਤਿਕਾਰ ਦੇਣ ਦੀ ਭਾਵਨਾ ਵਜੋਂ ਦੇਖਿਆ ਜਾ ਸਕਦਾ ਹੈ। ਥੋੜ੍ਹਾ ਗਹੁ ਨਾਲ ਦੇਖੀਏ ਤਾਂ ਚੰਨ ਦੀ ਚਾਨਣੀ ਜਾਂ ਚਮਕ ਦਾ ਸਬੰਧ ਕੇਵਲ ਕਰਵਾਚੌਥ ਦੇ ਵਰਤ ਨਾਲ ਹੀ ਨਹੀਂ ਸਗੋਂ ਆਦਿ ਕਾਲ ਤੋਂ ਹੀ ਚੰਨ, ਸੂਰਜ ਤੇ ਤਾਰੇ ਮਨੁੱਖੀ ਸੋਚ ਤੇ ਭਾਵਨਾ ਨੂੰ ਟੁੰਬਦੇ ਰਹੇ ਹਨ। ਵਿਦਵਾਨਾਂ ਦਾ ਮੱਤ ਹੈ ਕਿ ਸੂਰਜ ਦੀਆਂ ਨਿੱਘੀਆਂ ਤੇ ਚੰਨ ਦੀਆਂ ਸ਼ੀਤਲ ਕਿਰਨਾਂ ਮਨੁੱਖ ਦੇ ਸੁੱਖ ਤੇ ਮਾਨਸਿਕ ਸਥਿਤੀ ਨੂੰ ਸਦਾ ਪ੍ਰਭਾਵਿਤ ਕਰਦੀਆਂ ਹਨ। ਸੂਰਜ ਚੜ੍ਹਨ ਸਮੇਂ ਪੂਰਬ ਦਿਸ਼ਾ ’ਚ ਰੱਤਾ ਹੋਇਆ ਅਕਾਸ਼ ਮਨੁੱਖੀ ਕਲਪਨਾ ਨੂੰ ਝੰਜੋੜਦਾ ਰਹਿੰਦਾ ਹੈ, ਜੀਵਨ ’ਚ ਸੱਤੇ ਰੰਗ ਭਰਦਾ ਹੈ। ਚੰਨ ਦੀ ਦੁਧੀਆ ਚਾਨਣੀ ਆਪਣੀ ਬੁੱਕਲ ’ਚ ਵਲੇਟ ਕੇ ਕਿਸੇ ਅਨੂਠੇ ਰਾਂਗਲੇ ਸੁਪਨਿਆਂ ’ਚ ਲੈ ਜਾਂਦੀ ਹੈ। ਸੂਰਜ ਦਾ ਸੋਨੇ ਦੇ ਥਾਲ ਵਾਂਗ ਪੂਰਬ ਦੀ ਹਿੱਕ ’ਤੇ ਉੱਭਰਨਾ, ਅਕਾਸ਼ ਉੱਤੇ ਸ਼ਾਹਅਸਵਾਰੀ ਕਰਨਾ ਅਲੋਪ ਹੋਣਾ, ਚੰਨ ਦਾ ਨਿੱਤ ਘਟਦੇ ਵਧਦੇ ਰਹਿਣਾ ਮਨੁੱਖ ਲਈ ਅਲੋਕਾਰੀ ਗੱਲਾਂ ਹਨ। ਪੁਰਾਤਨ ਲੋਕ ਕਥਾਵਾਂ ’ਚ ਵੀ ਚੰਨ, ਸੂਰਜ ਤੇ ਤਾਰਿਆਂ ਨੂੰ ਵੱਖ ਵੱਖ ਰੂਪਾਂ ’ਚ ਚਿਤਵਿਆ ਤੇ ਮਾਣਿਆ ਗਿਆ ਹੈ। ਚੰਨ ਦੀ ਚਾਨਣੀ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਦੀਆਂ ਕਿਰਨਾਂ ’ਚ ਠੰਢਕ ਦਾ ਸਾਧਨ ਹੋਣ ਕਰਕੇ ਇਹ ਤਣਾਓ ਦੂਰ ਕਰਨ ਦਾ ਸਬੱਬ ਵੀ ਬਣਦੀਆਂ ਹਨ।

ਕੱਤਕ ਦੇ ਮਹੀਨੇ ਮਨਾਏ ਜਾਂਦੇ ਵੱਡੇ ਤਿਓਹਾਰ ਦੀਵਾਲੀ ਮੌਕੇ ਭਾਵੇਂ ਚੰਨ ਆਸਮਾਨ ਤੋਂ ਗੈਰਹਾਜ਼ਰ ਹੁੰਦਾ ਹੈ, ਪਰ ਧਰਤੀ ਮਾਂ ਦੇ ਸੀਨੇ ’ਤੇ ਜ਼ਿੰਦਗੀ ਦੀ ਮੜਕਵੀ ਤੋਰ ਤੁਰਨ ਵਾਲਿਆਂ ਵੱਲੋਂ ਦੀਵਾਲੀ ਦੀ ਰਾਤ ਆਪਣੇ ਘਰਾਂ ਦੇ ਬਨੇਰਿਆਂ, ਰਾਹਾਂ, ਖੇਤਾਂ ਬੰਨਿਆਂ ’ਤੇ ਜ਼ਿੰਦਗੀ ਦੀ ਸਲਾਮਤੀ ਦੀ ਕਾਮਨਾ ਨਾਲ ਜਗਾਏ ਦੀਵੇ ਹਨੇਰ ਭਰੀ ਰਾਤ ’ਚ ਰੌਸ਼ਨੀਆਂ ਦਾ ਵੱਡਾ ਜਸ਼ਨ ਹੋ ਨਿੱਬੜਦੇ ਹਨ। ਦੀਵਾਲੀ ਦੀ ਇਸ ਹਨੇਰੀ ਰਾਤ ਨੂੰ ਮਿੱਟੀ ਦੇ ਚਿਰਾਗਾਂ ’ਚ ਜਗਮਗਾਉਂਦੀਆ ਰੋਸ਼ਨੀਆਂ ਜ਼ਿੰਦਗੀ ਦੇ ਨਾਂਹਪੱਖੀ ਵਰਤਾਰਿਆਂ ਨਾਲ ਬੇਉਮੀਦ ਤੇ ਉਪਰਾਮ ਹੋਈ ਜ਼ਿੰਦਗੀ ਨੂੰ ਜਗਣ ਤੇ ਆਪਣਾ ਸਫ਼ਰ ਉਤਸ਼ਾਹ ਨਾਲ ਚੱਲਦਾ ਰੱਖਣ ਦਾ ਭੇਦ ਸਿਖਾਉਂਦੀਆਂ ਮਨ ਮਸਤਕ ਨੂੰ ਹਿੰਮਤ ਤੇ ਉਮੀਦ ਦੇ ਦੀਵੇ ਸਦਾ ਜਗਾਈ ਰੱਖਣ ਦਾ ਸੁਨੇਹਾ ਦੇ ਜਾਂਦੀਆਂ ਹਨ। ਮਿੱਟੀ ਦੇ ਚਿਰਾਗਾਂ ’ਚ ਜਗਦੀਆਂ ਰੋਸ਼ਨੀਆਂ ਇਹ ਭੇਦ ਵੀ ਸਿਖਾਉਣ ਦਾ ਯਤਨ ਕਰਦੀਆਂ ਹਨ ਕਿ ਜੇ ਤੁਰਨ ਦੀ, ਜੇ ਜਗਣ ਦੀ ਇੱਛਾ ਹੋਵੇ ਤਾਂ ਗੂੜ੍ਹੇ ਤੋਂ ਗੂੜ੍ਹੇ ਹਨੇਰੇ ਨਾਲ ਮੱਥਾ ਲਾ ਕੇ ਉਮੀਦ ਦਾ ਸਿਰਨਾਮਾ ਲੱਭਿਆ ਜਾ ਸਕਦਾ ਹੈ। ਰੋਸ਼ਨੀਆਂ ਦੀ ਹਾਜ਼ਰੀ ਦੀਵਾਲੀ ਦੀ ਮੱਸਿਆ ਦੀ ਰਾਤ ਸਾਰੇ ਮੌਸਮਾਂ ਨਾਲੋਂ ਵੱਧ ਖੂਬਸੂਰਤ ਬਣ ਜਾਂਦੀ ਹੈ। ਬਦਲੀ ਹੋਈ ਫਿਜ਼ਾ ’ਚ ਜ਼ਿੰਦਗੀ ਜਿਊਣ ਤੇ ਮਾਣਨ ਦੀਆਂ ਪੈਂਦੀਆਂ ਬਾਤਾਂ ਨਾਲ ਬੁਝੇ ਹੋਏ ਮਨ ਵੀ ਚਹਿਕ ਉੱਠਦੇ ਹਨ।

ਕੱਤਕ ਦੇ ਮਹੀਨੇ ਦੀ ਪੂਰਨਮਾਸ਼ੀ ਨੂੰ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਾਰਮਿਕ ਜੋਸ਼ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਪ੍ਰਕਾਸ਼ ਪੁਰਬ ਵੀ ਇਸ ਮਹੀਨੇ ਦੀ ਸੁਖਾਵੀਂ ਫਿਜ਼ਾ ਨੂੰ ਰੂਹਾਨੀਅਤ ਦੇ ਰੰਗ ਵਿੱਚ ਰੰਗ ਦਿੰਦਾ ਹੈ। ਇਸ ਪੂਰਨਮਾਸ਼ੀ ਨੂੰ ਪਵਿੱਤਰ ਨਦੀਆਂ ਤੇ ਸਰੋਵਰਾਂ ’ਚ ਇਸ਼ਨਾਨ ਕਰਨਾ ਵੀ ਇਨਸਾਨੀ ਜ਼ਿੰਦਗੀ ਲਈ ਸ਼ੁਭ ਮੰਨਿਆ ਜਾਂਦਾ ਹੈ।

ਅੱਜ ਆਧੁਨਿਕ ਸਹੂਲਤਾਂ ਦੇ ਅੰਬਾਰ ’ਤੇ ਚੜ੍ਹੇ ਇਨਸਾਨ ਕੋਲ ਆਪਣੀਆਂ ਦੁਨਿਆਵੀ ਤੇ ਪਦਾਰਥਕ ਲੋੜਾਂ ਦੇ ਬੇਲਗਾਮ ਘੋੜੇ ਨੂੰ ਤੇਜ਼ ਰਫ਼ਤਾਰ ਨਾਲ ਦੌੜਾਉਂਦਿਆਂ ਚੰਨ ਤਾਰਿਆਂ ਦੀਆਂ ਜਗਮਗਾਉਂਦੀਆਂ ਰੋਸ਼ਨੀਆਂ ਤੇ ਢਲਦੇ ਉੱਗਦੇ ਸੂਰਜ ਦੇ ਸੁਰਖ ਰੰਗਾਂ ਨੂੰ ਮਾਣਨ ਦੀ ਵਿਹਲ ਨਹੀਂ ਰਹੀ। ਅੱਜ ਦੇ ਬੰਦੇ ਕੋਲ ਸੋਚਣ ਲਈ ਏਨਾ ਵਕਤ ਵੀ ਨਹੀਂ ਰਿਹਾ ਕਿ ਵੱਡੇ ਵੱਡੇ ਵਾਹਨ ਤੇ ਯੰਤਰਾਂ ਦੀ ਵਰਤੋਂ ਨਾਲ ਹੱਦੋਂ ਵਧ ਰਿਹਾ ਪ੍ਰਦੂਸ਼ਣ ਕੁਦਰਤੀ ਸਾਧਨਾਂ ਨੂੰ ਪ੍ਰਦੂਸ਼ਿਤ ਕਰਕੇ ਜੀਵਨ ਦੀ ਹੋਂਦ ਲਈ ਖ਼ਤਰਾ ਬਣ ਰਿਹਾ ਹੈ। ਜੀਵਨ ਦੀ ਕੁਦਰਤੀ ਨੁਹਾਰ ਨੂੰ ਅਖੌਤੀ ਆਧੁਨਿਕਤਾ ਤੇ ਆਪਹੁਦਰੇਪਨ ਦਾ ਗ੍ਰਹਿਣ ਲੱਗ ਰਿਹਾ ਹੈ। ਖਪਤ ਪਦਾਰਥਾਂ ਦੀ ਪ੍ਰਾਪਤੀ ਤੇ ਉਨ੍ਹਾਂ ਨੂੰ ਮਾਣਨ ਲਈ ਵਸੀਲੇ ਪੈਦਾ ਕਰਨ ਲਈ ਲੋੜੋਂ ਵੱਧ ਵਰਤੀ ਜਾ ਰਹੀ ਸਿਆਣਪ ਤੇ ਹੁਸ਼ਿਆਰੀ ਬੰਦੇ ਦੇ ਮਾਨਸਿਕ ਤੇ ਮਨੋਵਿਗਿਆਨਕ ਕਸ਼ਟਾ ਦਾ ਕਾਰਨ ਬਣ ਰਹੀ ਹੈ।

ਸੋ, ਆਓ! ਕੁਦਰਤ ਦੀ ਖ਼ੂਬਸੂਰਤੀ ਨਾਲ ਇਕਮਿਕ ਹੋ ਕੇ ਖਪਤ ਸੱਭਿਆਚਾਰ ਤੋਂ ਦੂਰ ਹੋ ਕੇ ਕੁਦਰਤ ਦੀ ਬੁੱਕਲ ਦਾ ਨਿੱਘ ਮਾਣੀਏ। ਕੁਦਰਤ ਦੀ ਗੋਦ ਵਿੱਚ ਜੋ ਨਿੱਘ ਹੈ, ਉਹ ਦੁਨੀਆ ਦੀ ਹੋਰ ਕਿਸੇ ਵੀ ਸ਼ੈਅ ਵਿੱਚ ਨਹੀਂ ਹੈ। ਮੌਸਮ ਵਿੱਚ ਸਰਦੀ ਵਧਣ ਤੋਂ ਪਹਿਲਾਂ-ਪਹਿਲਾਂ ਇਸ ਗੁਲਾਬੀ ਰੁੱਤ ਦਾ ਮਿਲ ਕੇ ਜਸ਼ਨ ਮਨਾਈਏ।

ਸੰਪਰਕ: 70877-87700

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟਿਆ, ਸਰਕਾਰ ਤੋਂ ਬਣਦਾ ਮੁਆਵਜ਼ਾ ...

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੁਦਰਤੀ ਆਫ਼ਤ ਰਾਹਤ ਫੰਡ ਦੇ ਪੈਮਾਨੇ ’ਚ ਤਬਦੀਲੀ ਕਰਕੇ ਕਿਸਾਨਾਂ ਲਈ 60 ਹ...

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਪੱਛਮੀ ਬੰਗਾਲ ’ਚ ਵੀ ਡੀਜ਼ਲ ਨੇ ਸੈਂਕੜਾ ਜੜਿਆ

ਸ਼ਹਿਰ

View All