ਪ੍ਰਿੰਸੀਪਲ ਵਿਜੈ ਕੁਮਾਰ
ਕੋਵਿਡ-19 ਦੇ ਚਲਦਿਆਂ ਦੂਜੇ ਖੇਤਰਾਂ ਵਾਂਗ ਸਾਡੀ ਸਿੱਖਿਆ ਵਿਵਸਥਾ ਵੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ| ਸਰਕਾਰੀ ਅਤੇ ਪ੍ਰਾਈਵੇਟ ਉਚੇਰੀ ਸਿੱਖਿਆ ਨਾਲ ਸਬੰਧਤ ਕਾਲਜ, ਤਕਨੀਕੀ ਸੰਸਥਾਵਾਂ, ਇੰਜਨੀਰਿੰਗ, ਫਾਰਮੇਸੀ, ਵਕਾਲਤ ਅਤੇ ਹੋਰ ਕਿੱਤਾ ਮੁਖੀ ਕਾਲਜ ਪਿੱਛਲੇ ਕਈ ਮਹੀਨਿਆਂ ਤੋਂ ਬੰਦ ਪਏ ਹਨ| ਜੇਕਰ ਗੱਲ ਉਚੇਰੀ ਸਿੱਖਿਆ ਨਾਲ ਸਬੰਧਤ ਹਰ ਤਰ੍ਹਾਂ ਦੇ ਪ੍ਰਾਈਵੇਟ ਕਾਲਜਾਂ ਦੀ ਕੀਤੀ ਜਾਵੇ ਤਾਂ ਉਹ ਸਿੱਖਿਆ ਪੱਖੋਂ ਹੀ ਨਹੀਂ ਸਗੋਂ ਹਰ ਤਰ੍ਹਾਂ ਪ੍ਰਭਾਵਿਤ ਹੋਏ ਹਨ| ਉਨ੍ਹਾਂ ਪ੍ਰਾਈਵੇਟ ਕਿੱਤਾ ਮੁਖੀ ਅਤੇ ਤਕਨੀਕੀ ਕਾਲਜਾਂ ਵਿੱਚ ਵਿਦਿਆਰਥੀਆਂ ਦਾ ਦਾਖਲਾ ਬਹੁਤ ਘੱਟ ਗਿਆ ਹੈ| ਵਿਦਿਆਰਥੀਆਂ ਦੀਆਂ ਫੀਸਾਂ ਨਹੀਂ ਆ ਰਹੀਆਂ| ਸਰਕਾਰਾਂ ਦੇ ਆਦੇਸ਼ਾਂ ਮੁਤਾਬਕ ਵਿਦਿਆਰਥੀਆਂ ਤੋਂ ਕਿਸੇ ਵੀ ਤਰ੍ਹਾਂ ਦੇ ਵਾਧੂ ਫੰਡ ਨਹੀਂ ਲਏ ਜਾ ਸਕਦੇ| ਉਨ੍ਹਾਂ ਪ੍ਰਾਈਵੇਟ ਕਾਲਜਾਂ ਦੀ ਆਮਦਨ ਦੇ ਜ਼ਰੀਏ ਘੱਟ ਗਏ ਹਨ ਪਰ ਉਨ੍ਹਾਂ ਨੂੰ ਸਟਾਫ ਦੀਆਂ ਤਨਖਾਹਾਂ ਅਤੇ ਹੋਰ ਖਰਚੇ ਉਸੇ ਤਰ੍ਹਾਂ ਕਰਨੇ ਪੈ ਰਹੇ ਹਨ| ਪ੍ਰਾਈਵੇਟ ਕਾਲਜਾਂ ਨੂੰ ਉਮੀਦ ਸੀ ਕਿ ਕੋਵਿਡ-19 ਦੀ ਇਸ ਮਹਾਮਾਰੀ ਦਾ ਸੰਕਟ ਛੇਤੀ ਹੀ ਖਤਮ ਹੋ ਜਾਵੇਗਾ| ਕਾਲਜ ਵੀ ਛੇਤੀ ਹੀ ਖੁੱਲ੍ਹ ਜਾਣਗੇ| ਵਿਦਿਆਰਥੀਆਂ ਦੀਆਂ ਫੀਸਾਂ ਆਉਣ ਲੱਗ ਪੈਣਗੀਆਂ| ਕਾਲਜਾਂ ਦੀ ਆਮਦਨ ਵਧ ਜਾਵੇਗੀ ਪਰ ਉਹ ਕੁੱਝ ਨਹੀਂ ਹੋਇਆ, ਜਿਸ ਦੀ ਪ੍ਰਾਈਵੇਟ ਕਾਲਜਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਉਮੀਦ ਸੀ| ਇਸ ਦਾ ਸਿੱਟਾ ਇਹ ਹੋਇਆ ਕਿ ਆਰਥਿਕ ਮੰਦਹਾਲੀ ਕਾਰਨ ਦੁਕਾਨਾਂ ਵਰਗੇ ਜਿਨ੍ਹਾਂ ਪ੍ਰਾਈਵੇਟ ਕਾਲਜਾਂ ਦੀ ਹਾਲਤ ਪਹਿਲਾਂ ਹੀ ਮਾੜੀ ਸੀ ਉਹ ਕਾਲਜ ਬੰਦ ਹੋਣ ਦੇ ਕਿਨਾਰੇ ਪਹੁੰਚ ਗਏ ਹਨ|
ਅਜੇ ਵੀ ਉਨ੍ਹਾਂ ਕਾਲਜਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਕਾਲਜਾਂ ਵਿੱਚ ਵਿਦਿਆਰਥੀਆਂ ਦਾ ਦਾਖਲਾ ਹੋ ਜਾਵੇਗਾ| ਕਾਲਜਾਂ ਦੀ ਆਰਥਿਕ ਹਾਲਤ ਸੁਧਰ ਜਾਵੇਗੀ| ਕਾਰਨ ਵਜੋਂ ਉਨ੍ਹਾਂ ਕਾਲਜਾਂ ਦੀਆਂ ਪ੍ਰਬੰਧਕ ਕਮੇਟੀਆਂ ਆਪਣੇ ਕਾਲਜਾਂ ਦਾ ਖਰਚਾ ਬਚਾਉਣ ਲਈ ਅਧਿਆਪਕਾਂ ਨੂੰ ਹਟਾ ਕੇ ਥੋੜੇ ਅਧਿਆਪਕਾਂ ਨਾਲ ਕੰਮ ਚਲਾ ਰਹੇ ਹਨ| ਜਿਹੜੇ ਰਹਿ ਵੀ ਗਏ ਹਨ ਉਨ੍ਹਾਂ ਨੂੰ ਬਹੁਤ ਘੱਟ ਤਨਖਾਹ ਦੇ ਰਹੇ ਹਨ| ਬੇਰੁਜ਼ਗਾਰੀ ਦੇ ਮਾਰੇ ਉਹ ਅਧਿਆਪਕ ਘੱਟ ਤਨਖਾਹ ਵਿੱਚ ਵੀ ਬੇਬੱਸੀ ਨਾਲ ਕੰਮ ਕਰ ਰਹੇ ਹਨ| ਅਜਿਹੀ ਸਥਿਤੀ ਵਿੱਚ ਉਹ ਅਧਿਆਪਕ ਵਿਦਿਆਰਥੀਆਂ ਨਾਲ ਕੀ ਇਨਸਾਫ਼ ਕਰਦੇ ਹੋਣਗੇ? ਇਨ੍ਹਾਂ ਦਿਨਾਂ ਵਿੱਚ ਪ੍ਰਾਈਵੇਟ ਕਾਲਜ ਆਪਣੇ ਕਾਲਜਾਂ ਦੀ ਹੋਂਦ ਨੂੰ ਬਚਾਉਣ ਲਈ ਅਨੇਕ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੇ ਹਨ| ਉਨ੍ਹਾਂ ਕਾਲਜਾਂ ਵਿੱਚ ਕੰਮ ਕਰਦੇ ਅਧਿਆਪਕ ਅਤੇ ਕਰਮਚਾਰੀ ਇੱਧਰੋਂ ਉਧਰੋਂ ਵਿਦਿਆਰਥੀਆਂ ਦੇ ਫੋਨ ਨੰਬਰ ਲੈ ਕੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਕੇ ਅਤੇ ਸੌ ਤਰ੍ਹਾਂ ਦੇ ਝੂਠ ਬੋਲ ਕੇ ਵਿਦਿਆਰਥੀਆਂ ਨੂੰ ਆਪਣੇ ਕਾਲਜਾਂ ਵਿੱਚ ਦਾਖ਼ਲ ਹੋਣ ਦਾ ਝਾਂਸਾ ਦੇ ਰਹੇ ਹਨ| ਉਹ ਵਿਦਿਆਰਥੀਆਂ ਨੂੰ ਭਰਮਾਉਣ ਲਈ ਅੱਧੀਆਂ ਫੀਸਾਂ ਕਰਨ, ਵਜ਼ੀਫ਼ੇ ਦੇਣ, ਕਾਲਜ ਵਿੱਚ ਹੀ ਕੰਪਨੀਆਂ ਵਿੱਚ ਨੌਕਰੀ ਲਗਵਾਉਣ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਆਪਣੇ ਕਾਲਜਾਂ ਵਿੱਚ ਦਾਖਲ ਹੋਣ ਲਈ ਪ੍ਰੇਰਿਤ ਕਰ ਰਹੇ ਹਨ| ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰਿੰਸੀਪਲਾਂ ਦੇ ਮਾਧਿਅਮ ਰਾਹੀਂ ਸੰਪਰਕ ਕਰ ਰਹੇ ਹਨ| ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਭੋਲੇ ਭਾਲੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਕੇ ਉਨ੍ਹਾਂ ਦੇ ਕਾਲਜਾਂ ਵਿੱਚ ਦਾਖਲਾ ਲੈ ਬੈਠਦੇ ਹਨ ਪਰ ਇੱਕ-ਅੱਧਾ ਸਮੈਸਟਰ ਲੰਘਣ ਤੋਂ ਬਾਅਦ ਜਦੋਂ ਵਿਦਿਆਰਥੀ ਕਿਤੇ ਹੋਰ ਜਾਣ ਜੋਗੇ ਨਹੀਂ ਰਹਿੰਦੇ ਤਾਂ ਉਹ ਉਨ੍ਹਾਂ ਤੋਂ ਵੱਧ ਫੀਸਾਂ ਦੀ ਮੰਗ ਕਰਨ ਲੱਗ ਪੈਂਦੇ ਹਨ| ਅਜਿਹੀ ਸਥਿਤੀ ਵਿੱਚ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਕੋਲ ਪੜ੍ਹਾਈ ਛੱਡਣ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ ਰਹਿੰਦਾ ਕਿਉਂਕਿ ਪ੍ਰਾਈਵੇਟ ਕਾਲਜਾਂ ਨੇ ਫੀਸਾਂ ਦੇ ਭੁਗਤਾਨ ਬਾਰੇ ਵਿਦਿਆਰਥੀਆਂ ਤੋਂ ਪਹਿਲਾਂ ਹੀ ਦਾਖਲਾ ਫਾਰਮ ’ਤੇ ਹਸਤਾਖਰ ਕਰਵਾ ਲਏ ਹੁੰਦੇ ਹਨ, ਜਿਸ ਦਾ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ|
ਹੁਣ ਸਵਾਲ ਇਹ ਹੈ ਕਿ ਕੋਵਿਡ-19 ਦੀ ਮਹਾਮਾਰੀ ਦੇ ਇਸ ਦੌਰ ਵਿੱਚ ਵਿਦਿਆਰਥੀਆਂ ਦੇ ਦਾਖਲਾ ਕੋਰਸਾਂ ਵਿੱਚ ਦਾਖਲਾ ਲੈਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਚਾਹੀਦਾ ਹੈ| ਸਭ ਤੋਂ ਪਹਿਲਾਂ ਤਾਂ ਵੇਖਣ ਵਾਲੀ ਗੱਲ ਇਹ ਹੈ ਕਿ ਜਿਸ ਕੋਰਸ ਵਿੱਚ ਵਿਦਿਆਰਥੀ ਨੇ ਦਾਖਲਾ ਲੈਣਾ ਹੈ ਉਸ ਨੂੰ ਪੂਰਾ ਕਰਨ ਮਗਰੋਂ ਨੌਕਰੀ ਮਿਲ ਸਕਦੀ ਹੈ ਕਿ ਨਹੀਂ| ਜਿਸ ਕਾਲਜ ਵਿੱਚ ਦਾਖਲਾ ਲੈਣਾ ਹੈ ਉਸ ਦਾ ਅਕਾਦਮਿਕ ਪੱਧਰ ਕੀ ਹੈ| ਉਸ ਕਾਲਜ ਵਿੱਚ ਪੜ੍ਹਾਉਣ ਵਾਲੀ ਫੈਕੇਲਟੀ ਦੀ ਕੀ ਸਥਿਤੀ ਹੈ| ਆਨਲਾਈਨ ਪੜ੍ਹਾਈ ਕਰਾਉਣ ਦਾ ਪੱਧਰ ਕੀ ਹੈ| ਕਾਲਜ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਆਨਲਾਈਨ ਪੜ੍ਹਾਈ ਕਰਾਉਣ ਦਾ ਕਿੰਨਾ ਕੁ ਅਨੁਭਵ ਹੈ| ਦਾਖਲੇ ਲਈ ਕਾਲਜ ਦੀ ਚੋਣ ਕਰਨ ਲੱਗਿਆਂ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਤੋਂ ਕਾਲਜ ਦੀ ਹਰ ਪੱਖੋਂ ਪੂਰੀ-ਪੂਰੀ ਜਾਣਕਾਰੀ ਲੈ ਲਈ ਜਾਵੇ| ਕਿਸੇ ਵੀ ਕੋਰਸ ਅਤੇ ਕਾਲਜ ਦੀ ਚੋਣ ਕਰਨ ਵੇਲੇ ਆਪਣੀ ਆਰਥਿਕ ਸਥਿਤੀ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਾ ਕੀਤਾ ਜਾਵੇ| ਕਿਸੇ ਵੀ ਦਾਖਲਾ ਕੋਰਸ ਦਾ ਫਾਰਮ ਭਰਨ ਲੱਗਿਆਂ ਉਸ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਜਾਵੇ| ਉਸ ਉੱਤੇ ਹਸਤਾਖਰ ਕਰਨ ਦੀ ਕਾਹਲ ਨਾ ਕੀਤੀ ਜਾਵੇ| ਜਿਸ ’ਤੇ ਹਸਤਾਖਰ ਕੀਤੇ ਜਾਣ ਉਸ ਦੀ ਕਾਪੀ ਆਪਣੇ ਕੋਲ ਰੱਖ ਲਈ ਜਾਵੇ| ਜਿਹੜੀਆਂ ਰਿਆਇਤਾਂ ਕਾਲਜ ਵਲੋਂ ਦਿੱਤੇ ਜਾਣ ਦੀ ਗੱਲ ਕਹੀ ਜਾਵੇ ਉਸ ਬਾਰੇ ਪਹਿਲਾਂ ਕਾਲਜ ਤੋਂ ਲਿਖਤੀ ਰੂਪ ਵਿੱਚ ਲੈ ਲਿਆ ਜਾਵੇ| ਕਾਲਜ ਰਾਹੀਂ ਵਿਦਿਆਰਥੀਆਂ ਨੂੰ ਨੌਕਰੀਆਂ ਮਿਲਣ ਦਾ ਸਟੇਟਸ ਵੀ ਵੇਖ ਲਿਆ ਜਾਵੇ| ਕਿਸੇ ਵੀ ਕੋਰਸ ਵਿੱਚ ਦਾਖਲਾ ਲੈਣ ਵਾਲੇ ਕਾਲਜ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਵਿਦਿਅਕ ਯੋਗਤਾ ਅਤੇ ਉਨ੍ਹਾਂ ਦਾ ਪੜ੍ਹਾਉਣ ਦਾ ਤਜਰਬਾ, ਉਨ੍ਹਾਂ ਦੀਆਂ ਖੋਜਾਂ ਅਤੇ ਪ੍ਰਾਪਤੀਆਂ, ਪ੍ਰਯੋਗਸ਼ਾਲਾਵਾਂ, ਵਾਧੂ ਗਤੀਵਿਧੀਆਂ, ਲਾਇਬ੍ਰੇਰੀ ਅਤੇ ਦੂਜੇ ਕਾਲਜਾਂ ਦੇ ਮੁਕਾਬਲੇ ਉਸ ਦੀ ਸਥਿਤੀ ਇਸ ਸਾਰੇ ਕੁੱਝ ਬਾਰੇ ਚੰਗੀ ਤਰ੍ਹਾਂ ਘੋਖ ਕਰ ਲਈ ਜਾਵੇ| ਆਪਣੇ ਮਿੱਤਰਾਂ ਦੋਸਤਾਂ ਦੇ ਪਿੱਛੇ ਲੱਗ ਕੇ ਕਿਸੇ ਵੀ ਦਾਖਲਾ ਕੋਰਸ ਦੀ ਚੋਣ ਨਾ ਕੀਤੀ ਜਾਵੇ| ਕੋਵਿਡ-19 ਦੇ ਇਸ ਦੌਰ ਵਿੱਚ ਵਿਦਿਆਰਥੀ ਵਰਗ ਨੂੰ ਬਹੁਤ ਹੀ ਸੂਝ ਬੂਝ ਨਾਲ ਕਿਸੇ ਵੀ ਦਾਖਲਾ ਕੋਰਸ ਦੀ ਚੋਣ ਕਰਨੀ ਚਾਹੀਦੀ ਹੈ |
ਸੰਪਰਕ: 9872627136