ਸਿਰ ਦਰਦ ਦੇ ਕਾਰਨ ਅਤੇ ਇਲਾਜ
ਸਿਰ ਦਰਦ ਇੱਕ ਆਮ ਰੋਗ ਹੈ। ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ, ਜਿਸ ਨੂੰ ਕਦੇ ਸਿਰ ਦਰਦ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ। ਪੁਰਸ਼ਾਂ ਦੇ ਮੁਕਾਬਲੇ ਔਰਤਾਂ ਵਿੱਚ ਇਹ ਸਮੱਸਿਆ ਵਧੇਰੇ ਵੇਖੀ ਜਾ ਸਕਦੀ ਹੈ, ਜਿਸ ਦਾ ਕਾਰਨ...
ਸਿਰ ਦਰਦ ਇੱਕ ਆਮ ਰੋਗ ਹੈ। ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ, ਜਿਸ ਨੂੰ ਕਦੇ ਸਿਰ ਦਰਦ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ। ਪੁਰਸ਼ਾਂ ਦੇ ਮੁਕਾਬਲੇ ਔਰਤਾਂ ਵਿੱਚ ਇਹ ਸਮੱਸਿਆ ਵਧੇਰੇ ਵੇਖੀ ਜਾ ਸਕਦੀ ਹੈ, ਜਿਸ ਦਾ ਕਾਰਨ ਐਸਟਰੋਜਨ ਦਾ ਪੱਧਰ ਘਟਣਾ ਜਾਂ ਵਧਣਾ ਦੱਸਿਆ ਜਾਂਦਾ ਹੈ। ਜੇਕਰ ਸਿਰ ਦਰਦ ਹੋਣ ਲੱਗ ਪਏ ਅਤੇ ਰੁਕਣ ਦੀ ਥਾਂ ਵਧਦਾ ਹੀ ਜਾਵੇ ਤਾਂ ਇਹ ਹਾਲਤ ਬਹੁਤ ਕਸ਼ਟਦਾਇਕ ਹੁੰਦੀ ਹੈ। ਆਮ ਤੌਰ ’ਤੇ ਜਦੋਂ ਸਿਰ ਦਰਦ ਹੁੰਦਾ ਹੈ ਤਾਂ ਅਸੀਂ ਇੱਕ-ਅੱਧੀ ਗੋਲੀ ਲੈ ਲੈਂਦੇ ਹਾਂ। ਇਸ ਨਾਲ ਵਕਤੀ ਰਾਹਤ ਤਾਂ ਮਿਲ ਜਾਂਦੀ ਹੈ, ਪਰ ਇਹ ਕੋਈ ਪੱਕਾ ਤੇ ਸਹੀ ਤਰੀਕਾ ਨਹੀਂ ਹੈ ਅਤੇ ਨਾ ਹੀ ਇਹ ਦੂਰਗਾਮੀ ਨਜ਼ਰੀਏ ਤੋਂ ਵਾਜਬ ਹੈ। ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਦਵਾਈ ਦਾ ਸਹਾਰਾ ਲਏ ਬਿਨਾਂ ਰੋਗ ਦੇ ਕਾਰਨਾਂ ਦਾ ਪਤਾ ਲਾ ਕੇ ਇਸ ਨੂੰ ਦੂਰ ਕੀਤਾ ਜਾਵੇ।
ਸਿਰ ਦਰਦ ਦੇ ਕਾਰਨ ਅਤੇ ਇਲਾਜ
ਕਬਜ਼: ਅੱਜਕੱਲ੍ਹ ਕਬਜ਼ ਇੱਕ ਆਮ ਸਮੱਸਿਆ ਬਣ ਗਈ ਹੈ। ਕਬਜ਼ ਕਾਰਨ ਸਰੀਰ ਵਿੱਚ ਗੈਸ ਬਣਦੀ ਹੈ ਅਤੇ ਇਸ ਦਾ ਦਬਾਅ ਸਿਰ ਤੱਕ ਜਾਂਦਾ ਹੈ, ਜਿਸ ਕਾਰਨ ਸਿਰ ਦਰਦ ਹੋਣ ਲੱਗ ਪੈਂਦਾ ਹੈ। ਇਸ ਲਈ ਕਬਜ਼ ਤੋਂ ਬਚਾਅ ਜ਼ਰੂਰੀ ਹੋ ਜਾਂਦਾ ਹੈ। ਕਬਜ਼ ਤੋਂ ਬਚਣ ਲਈ ਭੋਜਨ ਦਾ ਸਮਾਂ ਨਿਯਮਿਤ ਕਰੋ। ਸਵੇਰੇ ਨਾਸ਼ਤੇ ਵਿੱਚ ਨਿੰਬੂ ਦਾ ਰਸ ਲੈਣ ਦੀ ਆਦਤ ਪਾਓ। ਦਿਨ ਵਿੱਚ ਦੋ ਤੋਂ ਤਿੰਨ ਵਾਰੀ 20-20 ਗ੍ਰਾਮ ਗੁਲਕੰਦ ਲਓ। ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਇਸਬਗੋਲ ਦਾ ਛਿਲਕਾ ਇੱਕ ਗਲਾਸ ਗਰਮ ਪਾਣੀ ਜਾਂ ਗਰਮ ਦੁੱਧ ਨਾਲ ਇਸਤੇਮਾਲ ਕਰੋ। ਇਸ ਨਾਲ ਸਵੇਰੇ ਪੇਟ ਵਧੀਆ ਤਰੀਕੇ ਨਾਲ ਸਾਫ਼ ਹੋਵੇਗਾ ਅਤੇ ਸਿਰ ਦਰਦ ਤੋਂ ਰਾਹਤ ਮਿਲੇਗੀ।
ਅੱਖਾਂ ਦੀ ਰੌਸ਼ਨੀ ਕਮਜ਼ੋਰ ਪੈਣਾ: ਇਸ ਅਵਸਥਾ ਵਿੱਚ ਕੁਝ ਪੜ੍ਹਨ ਜਾਂ ਬਾਰੀਕ ਕੰਮ ਕਰਨ ਨਾਲ ਅੱਖਾਂ ਵਿੱਚ ਦਰਦ ਦੇ ਨਾਲ-ਨਾਲ ਸਿਰ ਦਰਦ ਹੋਣ ਲੱਗ ਪੈਂਦਾ ਹੈ। ਇਸ ਤੋਂ ਬਚਣ ਲਈ ਭੋਜਨ ਵਿੱਚ ਦੁੱਧ, ਵਿਟਾਮਿਨ ਏ ਯੁਕਤ ਫ਼ਲ ਅਤੇ ਸਬਜ਼ੀਆਂ ਦੀ ਮਾਤਰਾ ਵਧਾ ਦਿਓ। ਕਿਵੀ, ਪਪੀਤਾ, ਅੰਬ, ਸੇਬ, ਮੂੰਗਫਲੀ, ਗਾਜਰ, ਮੂਲੀ, ਪਾਲਕ, ਚੁਲਾਈ, ਬੰਦ ਗੋਭੀ ਆਦਿ ਫ਼ਲ ਤੇ ਸਬਜ਼ੀਆਂ ਆਪਣੇ ਭੋਜਨ ਵਿੱਚ ਸ਼ਾਮਿਲ ਕਰੋ।
ਮੂੰਹ ਵਿੱਚ ਪਾਣੀ ਭਰ ਕੇ ਅੱਖਾਂ ਵਿੱਚ ਠੰਢੇ ਸਾਫ਼ ਪਾਣੀ ਦੇ ਛਿੱਟੇ ਮਾਰੋ। ਇਹ ਕਿਰਿਆ ਦਿਨ ਵਿੱਚ ਤਿੰਨ-ਚਾਰ ਵਾਰ ਦੁਰਹਾਓ। ਖਾਣਾ ਖਾਣ ਤੋਂ ਪਹਿਲਾਂ ਤੇ ਬਾਅਦ ਚੰਗੀ ਤਰ੍ਹਾਂ ਹੱਥ ਧੋ ਕੇ ਅੱਖਾਂ ਉੱਤੇ ਤਿੰਨ-ਚਾਰ ਵਾਰ ਹੌਲੀ-ਹੌਲੀ ਫੇਰੋ। ਇਸ ਤਰ੍ਹਾਂ ਅੱਖਾਂ ਦੀ ਰੌਸ਼ਨੀ ਕਮਜ਼ੋਰ ਨਹੀਂ ਪਵੇਗੀ ਅਤੇ ਸਿਰ ਦਰਦ ਤੋਂ ਵੀ ਰਾਹਤ ਮਿਲੇਗੀ।
ਹਾਈ ਬਲੱਡ ਪ੍ਰੈੱਸ਼ਰ: ਇਸ ਵਿੱਚ ਖ਼ੂਨ ਦਾ ਦਬਾਅ ਸਿਰ ਦੀਆਂ ਨਸਾਂ ਉੱਪਰ ਪੈਣ ਕਾਰਨ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਸਥਿਤੀ ਵਿੱਚ ਆਪਣੇ ਖਾਣ-ਪੀਣ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਵਧੇਰੇ ਮਿੱਠੇ, ਮਿਰਚ, ਮਸਾਲੇ ਅਤੇ ਨਮਕ ਵਾਲੇ ਭੋਜਨ ਖਾਣ ਤੋਂ ਪਰਹੇਜ਼ ਕਰੋ। ਵਧੇਰੇ ਫੈਟ ਅਤੇ ਤਲੇ ਹੋਏ ਪਦਾਰਥ ਘੱਟ ਲਓ। ਆਪਣੇ ਡਾਕਟਰ ਦੇ ਸੰਪਰਕ ਵਿੱਚ ਰਹੋ।
ਨੀਂਦ ਪੂਰੀ ਨਾ ਹੋਣਾ: ਢੁਕਵੇਂ ਸਮੇਂ ਤੱਕ ਡੂੰਘੀ ਨੀਂਦ ਨਾ ਆਉਣ ਕਾਰਨ ਸਿਰ ਦੀਆਂ ਨਸਾਂ ਨੂੰ ਆਰਾਮ ਨਹੀਂ ਮਿਲਦਾ, ਜਿਸ ਨਾਲ ਸਿਰ ਦਰਦ ਸ਼ੁਰੂ ਹੋ ਜਾਂਦਾ ਹੈ। ਚੰਗੀ ਨੀਂਦ ਲੈਣ ਲਈ ਰਾਤ ਨੂੰ ਸਮੇਂ ਅਨੁਸਾਰ ਸੌਣ ਅਤੇ ਜਾਗਣ ਦਾ ਅਭਿਆਸ ਬਣਾਓ। ਗਰਮੀਆਂ ਦੇ ਮੌਸਮ ਨੂੰ ਛੱਡ ਕੇ ਹੋਰ ਮੌਸਮ ਵਿੱਚ ਦਿਨ ਦੇ ਸਮੇਂ ਨਾ ਸੌਂਵੋ। ਰਾਤ ਨੂੰ ਸੌਣ ਸਮੇਂ ਦਿਨ ਦੇ ਪ੍ਰੋਗਰਾਮਾਂ ਦੀ ਚਿੰਤਾ ਛੱਡ ਕੇ ਇਕਾਗਰ ਚਿੱਤ ਹੋ ਕੇ ਸੌਣ ਦਾ ਯਤਨ ਕਰੋ। ਰਾਤ ਨੂੰ ਭੋਜਨ ਹਲਕਾ ਲਓ। ਇਸ ਤਰ੍ਹਾਂ ਨੀਂਦ ਚੰਗੀ ਆਵੇਗੀ ਅਤੇ ਸਿਰ ਦਰਦ ਤੋਂ ਬਚਾਅ ਰਹੇਗਾ।
ਗਰਮੀ ਅਤੇ ਸਰਦੀ: ਜੇਕਰ ਗਰਮੀ ਕਰ ਕੇ ਸਿਰ ਦਰਦ ਕਰਦਾ ਹੈ ਤਾਂ ਸਿਰ ਵਿੱਚ ਹੌਲੀ-ਹੌਲੀ ਠੰਢਾ ਪਾਣੀ ਪਾਓ, ਦਰਦ ਤੋਂ ਛੇਤੀ ਰਾਹਤ ਮਿਲੇਗੀ। ਰਾਤ ਨੂੰ ਸੌਂਦੇ ਸਮੇਂ ਪੈਰਾਂ ਦੀਆਂ ਤਲੀਆਂ ’ਤੇ ਮਹਿੰਦੀ ਲਾਓ ਅਤੇ ਸਵੇਰੇ ਪਾਣੀ ਨਾਲ ਸਾਫ਼ ਕਰ ਦਿਓ। ਠੰਢਾ ਅਤੇ ਤਰਾਵਟ ਵਾਲਾ ਭੋਜਨ ਲਓ। ਮੱਥੇ ’ਤੇ ਨਾਰੀਅਲ ਤੇਲ ਜਾਂ ਦੇਸੀ ਘਿਓ ਦੀ ਮਾਲਸ਼ ਕਰੋ। ਸਰਦੀਆਂ ਵਿੱਚ ਸਿਰ ਨੂੰ ਢੱਕ ਕੇ ਰੱਖੋ ਅਤੇ ਤਰਲ ਗਰਮ ਪਦਾਰਥਾਂ ਦਾ ਸੇਵਨ ਕਰਦੇ ਰਹੋ।
ਹੋਰ ਕਾਰਨ: ਬੇਵਕਤ ਭੋਜਨ ਕਰਨਾ, ਹਰ ਸਮੇਂ ਤਣਾਅ ਵਿੱਚ ਰਹਿਣਾ, ਜ਼ਿਆਦਾ ਅਤੇ ਨਕਾਰਾਤਮਕ ਸੋਚਣਾ, ਪੇਟ ਵਿੱਚ ਗੈਸ ਅਤੇ ਤੇਜ਼ਾਬ ਦਾ ਬਣਨਾ ਅਤੇ ਜ਼ਿਆਦਾ ਚਿਕਨਾਈ ਜਾਂ ਭਾਰੀ ਭੋਜਨ ਲੈਣਾ, ਉੱਚੀ ਜਾਂ ਤੇਜ਼ ਰੌਸ਼ਨੀ, ਬਹੁਤ ਜ਼ਿਆਦਾ ਸਕਰੀਨ ਟਾਈਮ ਆਦਿ ਵੀ ਅਕਸਰ ਸਿਰ ਦਰਦ ਦਾ ਕਾਰਨ ਬਣਦੇ ਹਨ।
ਇਨ੍ਹਾਂ ਉਪਾਵਾਂ ’ਚ ਜੋ ਤੁਹਾਨੂੰ ਅਨੁਕੂਲ ਅਤੇ ਜ਼ਰੂਰੀ ਜਾਪਣ, ਅਮਲ ਵਿੱਚ ਲਿਆਓ। ਜਦੋਂ ਤੱਕ ਆਹਾਰ-ਵਿਹਾਰ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ, ਸਿਰ ਦਰਦ ਵਰਗੀਆਂ ਸਮੱਸਿਆਵਾਂ ਤੋਂ ਬਚਾਅ ਰਹੇਗਾ।
ਈੇਮੇਲ: sukhmandertoor55@gmail.com
