ਬੁਖਾਰ ਦੇ ਕਾਰਨ ਅਤੇ ਇਲਾਜ
ਮੇਰੀ ਉਮਰ ਵਾਲੇ ਵਿਅਕਤੀਆਂ ਦੀਆਂ ਮਾਵਾਂ ਅਕਸਰ ਆਖਦੀਆਂ ਹੁੰਦੀਆਂ ਸਨ, ‘‘ਵੇ ਤੈਨੂੰ ਤਾਪ ਚੜ੍ਹ ਜੇ, ਵੇ ਮਰਜਾਣਿਆਂ ਤੈਨੂੰ ਸੂਲ ਹੋ ਜੇ’’ ਆਦਿ ਕਿਉਂਕਿ ਤਾਪ ਕਸ਼ਟ ਦੇਣ ਵਾਲਾ ਹੁੰਦਾ ਹੈ। ਮਾਵਾਂ ਦੀਆਂ ਇਨ੍ਹਾਂ ਗਾਲ੍ਹਾਂ ਨੂੰ ‘ਘਿਓ ਦੀਆਂ ਨਾਲਾਂ’ ਕਿਹਾ ਜਾਂਦਾ ਸੀ।...
ਮੇਰੀ ਉਮਰ ਵਾਲੇ ਵਿਅਕਤੀਆਂ ਦੀਆਂ ਮਾਵਾਂ ਅਕਸਰ ਆਖਦੀਆਂ ਹੁੰਦੀਆਂ ਸਨ, ‘‘ਵੇ ਤੈਨੂੰ ਤਾਪ ਚੜ੍ਹ ਜੇ, ਵੇ ਮਰਜਾਣਿਆਂ ਤੈਨੂੰ ਸੂਲ ਹੋ ਜੇ’’ ਆਦਿ ਕਿਉਂਕਿ ਤਾਪ ਕਸ਼ਟ ਦੇਣ ਵਾਲਾ ਹੁੰਦਾ ਹੈ। ਮਾਵਾਂ ਦੀਆਂ ਇਨ੍ਹਾਂ ਗਾਲ੍ਹਾਂ ਨੂੰ ‘ਘਿਓ ਦੀਆਂ ਨਾਲਾਂ’ ਕਿਹਾ ਜਾਂਦਾ ਸੀ। ਬੁਖ਼ਾਰ ਨੂੰ ਭੈੜਾ ਜਾਂ ਖ਼ਤਰਨਾਕ ਸਮਝਿਆ ਜਾਂਦਾ ਹੈ। ਅਸਲ ਵਿੱਚ ਤਾਪ ਸਰੀਰ ਦੀ ਇੱਕ ਪ੍ਰਤੀਕਿਰਿਆ ਹੁੰਦੀ ਹੈ, ਜੋ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਦੇ ਵਿਰੁੱਧ ਹੁੰਦੀ ਹੈ ਤੇ ਇਹ ਪ੍ਰਤੀਕਿਰਿਆ ਹੁੰਦੀ ਹੈ ਤੰਦਰੁਸਤ ਰੋਗ ਪ੍ਰਤੀਰੋਧਕ ਪ੍ਰਣਾਲੀ (ਇਮਿਊਨ ਸਿਸਟਮ) ਕਰਕੇ।
ਜੇਕਰ ਇਹ ਪ੍ਰਣਾਲੀ ਖ਼ਰਾਬ ਹੋਵੇ ਤਾਂ ਇਨਫੈਕਸ਼ਨ ਦੌਰਾਨ ਬੁਖ਼ਾਰ ਹੋਵੇਗਾ ਹੀ ਨਹੀਂ ਤੇ ਜੀਵਾਣੂ (ਬੈਕਟੀਰੀਆ ਜਾਂ ਵਾਇਰਸ) ਬੇਰੋਕ ਵਧੀ ਜਾਣਗੇ ਜੋ ਵਿਅਕਤੀ ਨੂੰ ਜ਼ਿੰਦਾ ਨਹੀਂ ਛੱਡਣਗੇ। ਕੀ ਤੁਸੀਂ ਕਦੇ ਸੋਚਿਆ ਹੈ ਕਿ ਅੱਜਕੱਲ੍ਹ ਕਈ ਤਰ੍ਹਾਂ ਦੇ ਟੀਕਾਕਰਨ ਤੇ ਐਂਟੀਬਾਇਓਟਿਕ ਦਵਾਈਆਂ ਉਪਲਬਧ ਹਨ, ਪਰ ਜਿਹੜੇ ਸਮਿਆਂ ’ਚ ਦਵਾਈਆਂ ਨਹੀਂ ਸਨ ਹੁੰਦੀਆਂ ਉਦੋਂ ਲੋਕ ਕਿਵੇਂ ਜਿਊਂਦੇ ਹੋਣਗੇ? ਅਸਲ ’ਚ ਕੁਦਰਤ ਨੇ ਸਾਡੇ ਅੰਦਰ ਇੱਕ ਐਸਾ ਤੰਤਰ ਫਿੱਟ ਕੀਤਾ ਹੋਇਆ ਹੈ, ਜੋ ਖ਼ੁਦ-ਬ-ਖ਼ੁਦ ਸਰੀਰ ਦੀ ਰੱਖਿਆ ਕਰਦਾ ਹੈ। ਉਹ ਹੈ ਸਰੀਰ ਦੀ ਰੋਗ ਪ੍ਰਤੀਰੋਧਕ ਪ੍ਰਣਾਲੀ (Immune System)। ਬੁਖ਼ਾਰ ਹੋਣ ਦਾ ਮਤਲਬ ਹੈ ਸਰੀਰ ਦਾ ਤਾਪਮਾਨ ਸਾਧਾਰਨ ਨਾਲੋਂ ਵੱਧ ਹੋਣਾ। ਸਰੀਰ ਦਾ ਨਾਰਮਲ ਤਾਪਮਾਨ 98.6° ਫਾਰਨਹੀਟ (37° ਸੈਂਟੀਗ੍ਰੇਡ) ਹੁੰਦਾ ਹੈ, ਜਿਸ ਨੂੰ ਚੈੱਕ ਕਰਨ ਵਾਸਤੇ ਥਰਮਾਮੀਟਰ ਨੂੰ ਮੂੰਹ ’ਚ ਜੀਭ ਦੇ ਥੱਲੇ ਜਾਂ ਵਿਅਕਤੀ ਦੀ ਕੱਛ ਵਿੱਚ ਲਾਇਆ ਜਾਂਦਾ ਹੈ ਜਦੋਂਕਿ ਬਿਲਕੁਲ ਸਹੀ ਤਾਪਮਾਨ ਚੈੱਕ ਕਰਨ ਲਈ ਗੁਦਾ ਸਹੀ ਜਗ੍ਹਾ ਮੰਨੀ ਜਾਂਦੀ ਹੈ। ਇਨ੍ਹਾਂ ਵੱਖ-ਵੱਖ ਥਾਵਾਂ ’ਤੇ ਤਾਪਮਾਨ ਥੋੜ੍ਹਾ-ਬਹੁਤ ਵੱਧ-ਘੱਟ ਹੋ ਸਕਦਾ ਹੈ। ਗੁਦਾ ਵਾਲਾ ਤਾਪਮਾਨ ਥੋੜ੍ਹਾ ਜਿਹਾ ਵੱਧ ਹੁੰਦਾ ਹੈ, ਪਰ ਬਿਲਕੁਲ ਸਹੀ ਹੁੰਦਾ ਹੈ। ਕਰੋਨਾ ਦੌਰਾਨ ਮੱਥੇ ਉੱਤੇ ਇਨਫਰਾਰੈੱਡ ਜਾਂ ਟੱਚ-ਲੈੱਸ ਥਰਮਾਮੀਟਰ ਲਾ ਕੇ ਬੁਖ਼ਾਰ ਚੈੱਕ ਕੀਤਾ ਜਾਂਦਾ ਰਿਹਾ ਹੈ। ਵੈਸੇ ਆਮ ਕਰਕੇ ਮੂੰਹ ਦਾ ਤਾਪਮਾਨ ਹੀ ਲਿਆ ਜਾਂਦਾ ਹੈ। ਵਰਜਿਸ਼, ਜ਼ੋਰ ਵਾਲਾ ਕੰਮ ਕਰਨ, ਮਾਸਿਕ ਧਰਮ, ਗਰਮੀ-ਸਲ੍ਹਾਬੇ ਵਾਲੇ ਮੌਸਮ ਆਦਿ ਕਾਰਨਾਂ ਕਰਕੇ ਵੀ (ਕਿਸੇ ਬਿਮਾਰੀ ਤੋਂ ਬਗੈਰ) ਵਿਅਕਤੀ ਦਾ ਨਾਰਮਲ ਤਾਪਮਾਨ ਥੋੜ੍ਹਾ ਵੱਧ ਹੋ ਸਕਦਾ ਹੈ। ਮਨੁੱਖੀ ਸਰੀਰ ਦੇ ਤਾਪਮਾਨ ਨੂੰ ਕੰਟਰੋਲ ’ਚ ਰੱਖਣ ਲਈ ਕੁਦਰਤ ਨੇ ਸਾਡੇ ਦਿਮਾਗ ਵਿੱਚ ਇੱਕ ਥਰਮੋਸਟੈਟ ਲਾਇਆ ਹੋਇਆ ਹੈ ਜਿਸ ਨੂੰ ਹਾਈਪੋਥੈਲਮਸ (Hypothalamus) ਕਿਹਾ ਜਾਂਦਾ ਹੈ। ਦਿਮਾਗ਼ ਵਿੱਚ ਸਥਿਤ ਇਹ ਨਰਵਸ ਸਿਸਟਮ ਦਾ ਇੱਕ ਹਿੱਸਾ ਹੁੰਦਾ ਹੈ। ਕਿਸੇ ਤਰ੍ਹਾਂ ਦੀ ਇਨਫੈਕਸ਼ਨ ਕਰਕੇ ਜਦੋਂ ਸਰੀਰ ਵਿੱਚ ਬੈਕਟੀਰੀਆ ਜਾਂ ਵਾਇਰਸ ਵਧਣ ਲੱਗਦੇ ਹਨ ਤਾਂ ਇਹ ਥਰਮੋਸਟੈਟ ਬੈਕਟੀਰੀਆ ਜਾਂ ਵਾਇਰਸਾਂ ਦੀ ਗਿਣਤੀ ਨੂੰ ਘਟਾਉਣ ਵਾਸਤੇ ਸਰੀਰ ਦਾ ਤਾਪਮਾਨ ਵਧਾ ਦਿੰਦਾ ਹੈ। ਲੱਤਾਂ-ਬਾਹਾਂ ਦਾ ਵਧੇਰੇ ਖ਼ੂਨ ਅੰਦਰਲੇ ਅੰਗਾਂ ਵੱਲ ਨੂੰ ਚਲਾ ਜਾਂਦਾ ਹੈ, ਇਸੇ ਕਰਕੇ ਬੁਖ਼ਾਰ ਦੌਰਾਨ ਕਾਂਬਾ ਲੱਗਦਾ ਹੈ। ਵੱਧ ਤੋਂ ਵੱਧ ਬੁਖ਼ਾਰ 105° ਤੱਕ ਜਾ ਸਕਦਾ ਹੈ।
ਤਾਪ ਤੇਜ਼ ਹੋਵੇ ਤਾਂ ਸਾਰਾ ਸਰੀਰ ਬੜਾ ਗਰਮ ਲੱਗਦਾ ਹੈ, ਮੂੰਹ ਲਾਲ ਹੋ ਜਾਂਦਾ ਹੈ ਤੇ ਤਾਪ ਲੱਥਣ ਵੇਲੇ ਤਰੇਲੀਆਂ ਆਉਂਦੀਆਂ ਹਨ। ਕਈ ਵਾਰ ਤੇਜ਼ ਬੁਖ਼ਾਰ ਨਾਲ ਦੌਰੇ ਵੀ ਪੈ ਜਾਂਦੇ ਹਨ, ਖ਼ਾਸ ਕਰਕੇ ਛੋਟੇ ਬੱਚਿਆਂ ਵਿੱਚ। ਕਈ ਤਰ੍ਹਾਂ ਦੀਆਂ ਮਾਮੂਲੀ ਤੋਂ ਲੈ ਕੇ ਗੰਭੀਰ ਮੈਡੀਕਲ ਸਥਿਤੀਆਂ ਵਿੱਚ ਬੁਖ਼ਾਰ ਇੱਕ ਲੱਛਣ ਹੋ ਸਕਦਾ ਹੈ, ਜਿਵੇਂ ਬੈਕਟੀਰੀਆ ਜਾਂ ਵਾਇਰਸ ਦੀ ਇਨਫੈਕਸ਼ਨ (ਕਰੋਨਾ ਦੀ ਲਾਗ, ਡੇਂਗੂ ਬੁਖ਼ਾਰ, ਹੈਪੇਟਾਈਟਿਸ ਜਾਂ ਜਿਗਰ ਦੀ ਸੋਜ), ਮਲੇਰੀਆ, ਖੰਘ-ਜ਼ੁਕਾਮ, ਕੰਨ ਦੀ ਇਨਫੈਕਸ਼ਨ, ਫੋੜੇ-ਫਿਨਸੀਆਂ ਤੇ ਕੱਛਾਂ ਜਾਂ ਨਲਾਂ ’ਚ ਸੰਢਾ ਚੜ੍ਹਨਾ, ਨਿਮੂਨੀਆ, ਟੀ ਬੀ, ਐਪੈਂਡੀਸਾਈਟਿਸ, ਅਰਥਰਾਈਟਿਸ (ਜੋੜਾਂ ਦੀ ਪੀੜ ਤੇ ਇਨਫੈਕਸ਼ਨ), ਦਿਮਾਗ਼ ਦੀਆਂ ਝਿੱਲੀਆਂ ਦੀ ਸੋਜ (ਮੈਨਿੰਜਾਈਟਿਸ), ਦਿਮਾਗ਼ ਦੀ ਸੋਜ (ਇਨਸੈਫ਼ੇਲਾਈਟਿਸ), ਗੁਰਦਿਆਂ ਦੀ ਇਨਫੈਕਸ਼ਨ ਤੇ ਪਿਸ਼ਾਬ ਪ੍ਰਣਾਲੀ ਦੀ ਇਨਫੈਕਸ਼ਨ ਆਦਿ।
ਤਾਪ ਦੀਆਂ ਕਿਸਮਾਂ: ਲਗਾਤਾਰ ਬੁਖ਼ਾਰ ਸਾਰਾ ਦਿਨ 24 ਘੰਟੇ ਹੀ ਰਹਿੰਦਾ ਹੈ, ਪਰ ਕਦੇ ਕਦੇ ਇੱਕ ਡਿਗਰੀ ਉੱਪਰ-ਥੱਲੇ ਹੋ ਸਕਦਾ ਹੈ, ਲੱਥਦਾ ਨਹੀਂ। ਇਸ ਤਰ੍ਹਾਂ ਦਾ ਤਾਪ ਨਿਮੂਨੀਆ, ਮੈਨਿੰਜਾਈਟਿਸ, ਟਾਈਫਾਈਡ, ਪਿਸ਼ਾਬ ਪ੍ਰਣਾਲੀ ਦੀ ਇਨਫੈਕਸ਼ਨ ਆਦਿ ਵਿੱਚ ਹੁੰਦਾ ਹੈ। ਰੁਕ-ਰੁਕ ਕੇ ਹੋਣ ਵਾਲਾ ਬੁਖ਼ਾਰ- ਮਲੇਰੀਆ ਦੀਆਂ ਵੱਖ-ਵੱਖ ਕਿਸਮਾਂ ’ਚ ਹੁੰਦਾ ਹੈ ਜਿਵੇਂ ਤੀਸਰੇ ਦਿਨ ਚੜ੍ਹਨ ਵਾਲੇ ਮਲੇਰੀਏ ਤਾਪ ਨੂੰ ‘ਤੇਈਆ ਤਾਪ’ ਵੀ ਕਹਿੰਦੇ ਹਨ। ਮਲੇਰੀਏ ਦੀ ਇੱਕ ਹੋਰ ਕਿਸਮ ਵਿੱਚ 72 ਘੰਟਿਆਂ ਬਾਅਦ ਤਾਪ ਚੜ੍ਹਦਾ ਹੈ। ਇਸੇ ਤਰ੍ਹਾਂ, ਕਾਲਾ-ਆਜ਼ਾਰ ਤੇ ਸੈਪਟੀਸੀਮੀਆ ਵਿੱਚ ਵੀ ਰੁਕ-ਰੁਕ ਕੇ ਤਾਪ ਚੜ੍ਹਦਾ ਹੈ।
ਲਿੰਫ ਨੋਡਜ਼ ਦੇ ਕੈਂਸਰ (ਹੌਜਕਿਨ ਲਿੰਫੋਮਾ) ’ਚ ਤਾਪ ਚੜ੍ਹਨ ਦਾ ਇੱਕ ਖ਼ਾਸ ਵਤੀਰਾ (ਪੈਟਰਨ) ਹੁੰਦਾ ਹੈ, ਜਿਸ ਨੂੰ ਪੈਲ ਐਬਸਟੀਨ ਤਾਪ ਕਿਹਾ ਜਾਂਦਾ ਹੈ। ਇਹ ਪਹਿਲੇ ਹਫ਼ਤੇ ਵਿੱਚ ਤੇਜ਼, ਦੂਸਰੇ ਹਫ਼ਤੇ ਵਿੱਚ ਕੁਝ ਘੱਟ ਤੇ ਉਸ ਤੋਂ ਬਾਅਦ ਕੁਝ ਹੋਰ ਘੱਟ ਤੇ ਇੱਦਾਂ ਹੀ ਚੱਲਦਾ ਰਹਿੰਦਾ ਹੈ। ਇਹਦੇ ਨਾਲ ਰਾਤ ਨੂੰ ਤਰੇਲੀਆਂ ਵੀ ਆਉਂਦੀਆਂ ਹਨ। ਜਦੋਂ ਕੈਂਸਰ ਦੇ ਇਲਾਜ ਵਜੋਂ ਕੀਮੋਥੈਰੇਪੀ ਲੈ ਰਹੇ ਰੋਗੀਆਂ ਦੀ ਰੋਗ ਪ੍ਰਤੀਰੋਧਕ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ ਤਾਂ ਇਨਫੈਕਸ਼ਨ ਨਾਲ ਲੜਨ ਦੀ ਤਾਕਤ ਘਟ ਜਾਂਦੀ ਹੈ ਅਤੇ ਬੈਕਟੀਰੀਆ ਬੜੀ ਤੇਜ਼ੀ ਨਾਲ ਵਧਦੇ ਹਨ। ਇਸ ਲਈ ਅਜਿਹਾ ਬੁਖ਼ਾਰ ਖ਼ਤਰਨਾਕ ਸਾਬਿਤ ਹੋ ਸਕਦਾ ਹੈ ਤੇ ਇਸ ਵੱਲ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੁੰਦੀ ਹੈ। ਕਈ ਵਾਰੀ ਥੋੜ੍ਹਾ-ਥੋੜ੍ਹਾ ਬੁਖ਼ਾਰ ਰਹਿੰਦਾ ਹੈ, ਜਿਸ ਦੇ ਕਾਰਨ ਦਾ ਪਤਾ ਹੀ ਨਹੀਂ ਲੱਗਦਾ, ਪਰ ਸ਼ਾਇਦ ਵਧੇਰੇ ਥਕਾਵਟ ਵਾਲੇ ਕੰਮ ਨਾਲ ਸਰੀਰ ਟੁੱਟਦਾ ਹੋਵੇ ਤੇ ਨਾਲ ਥੋੜ੍ਹਾ ਜਿਹਾ ਬੁਖ਼ਾਰ ਮਹਿਸੂਸ ਹੋਵੇ, ਪਰ ਇਸ ਤਰ੍ਹਾਂ ਦਾ ਬੁਖ਼ਾਰ ਆਪਣੇ ਆਪ ਹੀ ਹਫ਼ਤੇ ਦਸਾਂ ਦਿਨਾਂ ’ਚ ਠੀਕ ਹੋ ਜਾਂਦਾ ਹੈ। 104° ਜਾਂ ਇਸ ਤੋਂ ਵੱਧ ਤਾਪ ਨੂੰ ਮੈਡੀਕਲ ਐਮਰਜੈਂਸੀ ਸਮਝਿਆ ਜਾਂਦਾ ਹੈ। ਰੋਗੀ ਨੂੰ ਫ਼ੌਰੀ ਤੌਰ ਉੱਤੇ ਇਲਾਜ ਵਾਸਤੇ ਹਸਪਤਾਲ ਦਾਖ਼ਲ ਕਰਵਾਉਣਾ ਚਾਹੀਦਾ ਹੈ ਤਾਂ ਕਿ ਜਾਂਚ ਤੋਂ ਬਾਅਦ ਲੋੜੀਂਦਾ ਇਲਾਜ ਕਰਵਾਇਆ ਜਾ ਸਕੇ। ਅਜਿਹੀ ਸਥਿਤੀ ਵਿੱਚ ਦਿਮਾਗ਼ ’ਚ ਖ਼ੂਨ-ਦਾ ਰਿਸਾਅ ਜਾਂ ਬ੍ਰੇਨ ਡੈੱਥ ਹੋ ਸਕਦੀ ਹੈ।
ਬੁਖ਼ਾਰ ਦੇ ਲੱਛਣ: ਸਰੀਰ ’ਚੋਂ ਸੇਕ ਨਿਕਲਣਾ, ਠੰਢ ਲੱਗਣੀ, ਕਈ ਵਾਰ ਕਾਂਬਾ ਛਿੜ ਜਾਣਾ, ਮੂੰਹ ਦਾ ਸਵਾਦ ਖ਼ਰਾਬ ਹੋਣਾ, ਭੁੱਖ ਨਾ ਲੱਗਣੀ, ਮੂੰਹ ਸੁੱਕਣਾ (ਇਸ ਵਾਸਤੇ ਤਰਲ ਪਦਾਰਥ ਲੈਂਦੇ ਰਹਿਣਾ ਚਾਹੀਦਾ ਹੈ), ਢਹਿੰਦੀ ਕਲਾ ਵਾਲਾ ਮੂਡ, ਸਰੀਰ ’ਚ ਪੀੜਾ, ਸੁਸਤੀ, ਕਮਜ਼ੋਰੀ, ਨੀਂਦ ਆਈ ਜਾਣੀ ਤੇ ਮੁੜ੍ਹਕਾ ਆਉਣਾ ਆਦਿ। ਹਾਇਪਰਥਰਮੀਆ ਵਿੱਚ ਵੀ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ, ਪਰ ਉਹ ਬੁਖ਼ਾਰ ਨਹੀਂ ਹੁੰਦਾ। ਇਸ ਦੀਆਂ ਉਦਾਹਰਣਾਂ ਹਨ- ਲੂ ਲੱਗਣੀ ਜਾਂ ਹੀਟ-ਸਟਰੋਕ, ਗੰਭੀਰ ਕਿਸਮ ਦੇ ਡਰੱਗ ਰਿਐਕਸ਼ਨ ਆਦਿ।
ਤਾਪ ਵਾਲੇ ਵਿਅਕਤੀ ਦੀ ਮੁਕੰਮਲ ਜਾਂਚ ਕਰਵਾਉਣ ਤੋਂ ਬਾਅਦ ਹੀ ਇਲਾਜ ਕੀਤਾ ਜਾਂਦਾ ਹੈ। ਸਰੀਰ ਦੀ ਛੋਟੀ-ਮੋਟੀ ਢਿੱਲ-ਮੱਠ ਕਾਰਨ ਹੋਏ ਬੁਖ਼ਾਰ ਲਈ ਭਾਵੇਂ ਤੁਸੀਂ ਕੋਈ ਵੀ ਦਵਾ ਨਾ ਲਓ ਤੇ ਸਰੀਰ ਦੀ ਰੋਗ ਪ੍ਰਤੀਰੋਧਕ ਪ੍ਰਣਾਲੀ ਨੂੰ ਕੰਮ ਕਰਨ ਦਿਓ। ਦਵਾਈ ਵਜੋਂ ਇਬੂਪ੍ਰੋਫੈਨ (Ibuprofen) ਜਾਂ ਐਸਟਾਮਿਨੋਫੈਨ (Acetaminophen/ Paracetamol) ਵਰਤੀ ਜਾ ਸਕਦੀ ਹੈ। ਦਵਾਈਆਂ ਤੋਂ ਇਲਾਵਾ ਠੰਢੀਆਂ ਪੱਟੀਆਂ ਕਰਨੀਆਂ, ਕਮਰੇ ਦੇ ਤਾਪਮਾਨ ਨੂੰ ਘੱਟ ਕਰਨਾ ਤੇ ਵਾਧੂ ਕੱਪੜੇ ਲਾਹ ਦੇਣਾ ਆਦਿ। ਡਾਕਟਰ ਦੀ ਸਲਾਹ ਨਾਲ ਜਾਂਚ ਤੋਂ ਬਾਅਦ ਇਲਾਜ ਕਰਵਾਉਣਾ ਚਾਹੀਦਾ ਹੈ। ਅਜਿਹੇ ਦੌਰਾਨ ਫ਼ਲ, ਫ਼ਲਾਂ ਦਾ ਰਸ, ਸਾਫ਼ ਪਾਣੀ, ਪੌਸ਼ਟਿਕ ਭੋਜਨ ਦਾ ਸੇਵਨ ਜ਼ਰੂਰੀ ਹੈ।
ਸੰਪਰਕ: 98728-43491

