ਅਮ੍ਰਤ
ਨਿਕੋਲਾ ਟੈਸਲਾ ਅਤੇ ਥਾਮਸ ਐਡੀਸਨ ਸਮਕਾਲੀ ਸਨ। ਐਡੀਸਨ ਉਮਰ ’ਚ ਨੌਂ ਕੁ ਸਾਲ ਵੱਡਾ ਸੀ, ਪਰ ਦੋਵਾਂ ’ਚ ਟੱਕਰ ਬਰਾਬਰ ਦੀ ਸੀ। ਦੋਵੇਂ ਜਗਿਆਸੂ ਤੇ ਵਿਗਿਆਨੀ ਸਨ। ਨਿੱਤ ਨਵੀਆਂ ਖੋਜਾਂ ਕਰਦੇ ਤੇ ਪੁਰਾਣੀਆਂ ’ਚ ਸੁਧਾਰ ਲਈ ਤਰਲੋਮੱਛੀ ਹੁੰਦੇ। ਮੁਕਾਬਲਾ ਸਖ਼ਤ ਸੀ। ਕੋਈ ਕਿਸੇ ਨਾਲੋਂ ਘੱਟ ਨਹੀਂ ਸੀ, ਪਰ ਸਫ਼ਲਤਾ ਵਧੇਰੇ ਐਡੀਸਨ ਨੂੰ ਮਿਲੀ ਜਿਸ ਨੇ ਫਿਲਾਮੈਂਟ ਵਾਲੇ ਬੱਲਬ ਸਮੇਤ ਕਈ ਹੋਰ ਖੋਜਾਂ ਕੀਤੀਆਂ। ਹਾਲਾਂਕਿ ਇਸ ਬੱਲਬ ਨੂੰ ਚਲਾਉਣ ਵਾਲੇ ਆਲਟਰਨੇਟਿਵ ਕਰੰਟ ਦੀ ਕਾਢ ਟੈਸਲਾ ਦੀ ਸੀ। ਐਡੀਸਨ ਡਾਇਰੈਕਟ ਕਰੰਟ (ਡੀਸੀ) ਨਾਲ ਇਹ ਬੱਲਬ ਜਗਾਉਣਾ ਚਾਹੁੰਦਾ ਸੀ, ਪਰ ਵੋਲਟੇਜ ਦੀ ਸਮੱਸਿਆ ਕਾਰਨ ਉਸ ਦੀ ਮਨੋਕਾਮਨਾ ਪੂਰੀ ਨਾ ਹੋਈ, ਉਸੇ ਤਰ੍ਹਾਂ ਜਿਸ ਤਰ੍ਹਾਂ ਟੈਸਲਾ ਇਹ ਚਾਹੁੰਦਾ ਸੀ ਕਿ ਬਿਜਲੀ ਦੀ ਸਪਲਾਈ ਵਾਸਤੇ ਤਾਰਾਂ ਦੀ ਲੋੜ ਨਾ ਪਵੇ। ਮੈਂ ਸਵਿੱਚ ਦੱਬਾਂ ਤੇ ਕਰੰਟ ਆਪੇ ਆ ਜਾਵੇ। ਇਸ ਬਾਰੇ ਉਸ ਦੀ ਸੋਚ ਕੀ ਸੀ। ਇਹ ਗੱਲ ਕਦੇ ਫੇਰ ਕਰਾਂਗੇ।
ਪਿਛਲੀ ਡੇਢ ਸਦੀ ਦੌਰਾਨ ਕਈ ਨਵੀਆਂ ਖੋਜਾਂ ਹੋਈਆਂ, ਪਰ ਬਿਨਾਂ ਤਾਰ ਦੇ ਕਰੰਟ ਸਪਲਾਈ ਕਰਨ ਵਾਲੀ ਗੱਲ ਸਿਰੇ ਨਾ ਲੱਗੀ। ਅਜਿਹਾ ਨਹੀਂ ਕਿ ਜਗਿਆਸੂਆਂ ਨੇ ਇਸ ਦਾ ਖਿਆਲ ਹੀ ਛੱਡ ਦਿੱਤਾ ਹੋਵੇ, ਕਿਉਂਕਿ ਸੈਟੇਲਾਈਟ ਚੈਨਲ, ਮੋਬਾਈਲ ਫੋਨ ਤੇ ਕੇਵਲ ਸਿਗਨਲ ਰਾਹੀਂ ਚੱਲਣ ਵਾਲੀਆਂ ਕਈ ਖੋਜਾਂ ਸਾਡੇ ਸਾਹਮਣੇ ਹਨ। ਵਾਇਰਲੈੱਸ ਜਾਂ ਮੋਬਾਈਲ ਫੋਨ ਵਰਗੀ ਵਸਤੂ ਬਾਰੇ ਵੀ ਸਭ ਤੋਂ ਪਹਿਲਾਂ ਟੈਸਲਾ ਨੇ ਹੀ ਸੋਚਿਆ ਸੀ। ਇਧਰ ਤਾਂ ਗੱਲ ਅੱਗੇ ਵਧ ਗਈ ਪਰ ਕਰੰਟ ਵਾਲੇ ਮਾਮਲੇ ਦੇ ਖੜ੍ਹੇ ਪਾਣੀ ਵਿੱਚ ਪੱਥਰ ਦਿੱਲੀ ਵਿਧਾਨ ਸਭਾ ਚੋਣਾਂ ਵੇਲੇ ਸਾਡੇ ਗ੍ਰਹਿ ਮੰਤਰੀ ਨੇ ਮਾਰਿਆ ਜਦੋਂ ਉਨ੍ਹਾਂ ਕਿਹਾ, ‘‘ਬਟਨ ਯਹਾਂ ਦਬੇ, ਕਰੰਟ ਵਹਾਂ ਲਗੇ।’’ ਬੋਲ ਮੂੰਹੋਂ ਨਿਕਲੇ ਹੀ ਸਨ ਕਿ ਟੈਸਲਾ ਦੀ ਰੂਹ ਛਾਲ ਮਾਰ ਕੇ ਉੱਠ ਬੈਠੀ ਕਿ ਆਖਰ ਕੋਈ ਤਾਂ ਗੱਲ ਸਿਰੇ ਲਾਊੁਗਾ। ਉਦੋਂ ਨਹੀਂ ਤਾਂ ਹੁਣ ਸਹੀ, ਪਰ ਵੋਟਿੰਗ ਮਸ਼ੀਨਾਂ ਇਸ ਕੰਮ ’ਚ ਨਾਕਾਮ ਸਿੱਧ ਹੋਈਆਂ। ਸੋ ਕਰੰਟ ‘ਉੱਥੇ’ ਨਹੀਂ ਪਹੁੰਚਿਆ, ਪਰ ਕਰੰਟ ਉਦੋਂ ਬਿਨਾਂ ਬਟਨ ਦੱਬੇ ਤੋਂ ਹੀ ਕਿਤੇ ਹੋਰ ਪਹੁੰਚ ਗਿਆ ਜਦੋਂ ਗ੍ਰਹਿ ਮੰਤਰੀ ਜੀ ਨੇ ਕਿਹਾ, ‘‘ਮੈਂ ਜਬ ਜਬ ਜੰਮੂ ਔਰ ਕਸ਼ਮੀਰ ਬੋਲਤਾ ਹੂੰ, ਤਬ ਤਬ ਇਸ ਮੇਂ ਪੀਓਕੇ ਔਰ ਅਕਸਾਈ ਚਿਨ ਭੀ ਸ਼ਾਮਲ ਹੋਤਾ ਹੈ।’’
ਭਾਰਤ ਦੀ ਆਜ਼ਾਦੀ ਤੋਂ ਛੇਤੀ ਬਾਅਦ ਹੀ 1950ਵਿਆਂ ਦੇ ਅੰਤ ’ਚ ਅਕਸਾਈ ਚਿਨ ਵਿਵਾਦ ਸ਼ੁਰੂ ਹੋ ਗਿਆ ਸੀ, ਜਦੋਂ ਚੀਨੀ ਫ਼ੌਜ ਇਸ ਇਲਾਕੇ ਵਿਚ ਆ ਦਾਖਲ ਹੋਈ ਸੀ। ਉਦੋਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਇਸ ਵਿਵਾਦ ਨੂੰ ਟਾਲਣ ਦੇ ਕਈ ਯਤਨ ਕੀਤੇ ਸਨ। ਉਨ੍ਹਾਂ ਨੂੰ ਭਰੋਸਾ ਸੀ ਕਿ ਚੀਨ ਵੀ ਇਸ ’ਚ ਸਹਿਯੋਗ ਦੇਵੇਗਾ। ਉਨ੍ਹਾਂ ਇਹ ਵਿਵਾਦ ਖ਼ਤਮ ਕਰਨ ਵਾਸਤੇ ਲੋਕ ਸਭਾ ਵਿਚ ਕਿਹਾ ਸੀ ਕਿ ਉਸ ਇਲਾਕੇ ’ਚ ਘਾਹ ਦਾ ਤਿਣਕਾ ਵੀ ਨਹੀਂ ਉੱਗਦਾ ਤੇ ਉਹ ਚੀਨ ਨੂੰ ਦੇ ਦਿੱਤਾ ਜਾਵੇ, ਪਰ ਇਸ ਦਾ ਵਿਰੋਧ ਹੋਇਆ ਸੀ। ਉਦੋਂ ਕਾਂਗਰਸੀ ਆਗੂ ਮਹਾਵੀਰ ਤਿਆਗੀ ਨੇ ਇਹ ਦਲੀਲ ਦਿੱਤੀ ਸੀ ਕਿ ਉਨ੍ਹਾਂ ਦੇ ਸਿਰ ’ਤੇ ਕੋਈ ਵਾਲ ਨਹੀਂ ਹੈ ਤਾਂ ਕੀ ਇਹ ਵੀ ਦੁਸ਼ਮਣ ਨੂੰ ਦੇ ਦਿੱਤਾ ਜਾਵੇ। ਇਸ ਦਾ ਅੰਤ ਭਾਰਤ-ਚੀਨ ਦਰਮਿਆਨ 1962 ’ਚ ਹੋਏ ਯੁੱਧ ਤੋਂ ਬਾਅਦ ਵੀ ਨਹੀਂ ਹੋਇਆ ਤੇ ਰੇੜਕਾ ਹੁਣ ਤੱਕ ਜਾਰੀ ਹੈ।
ਗੱਲ ਹੋਰ ਪਾਸੇ ਚਲੀ ਗਈ। ਪਿੱਛੇ ਮੈਂ ਦੱਸਿਆ ਸੀ ਕਿ ਵਧੇਰੇ ਸਫ਼ਲਤਾ ਐਡੀਸਨ ਨੂੰ ਮਿਲੀ। ਉਹ ਟੈਸਲਾ ਤੋਂ ਵੱਧ ਸਿਆਣਾ ਤਾਂ ਨਹੀਂ ਸੀ, ਪਰ ਸਫ਼ਲ ਕਾਰੋਬਾਰੀ ਜ਼ਰੂਰ ਸੀ। ਉਸ ਨੂੰ ਅੱਜ ਦੀ ਭਾਸ਼ਾ ’ਚ ‘ਮਾਰਕੀਟਿੰਗ’ ਕਰਨੀ ਆਉਂਦੀ ਸੀ। ਉਹ ਕਿਸੇ ਵੀ ਵਸਤੂ ਨੂੰ ਬਰਾਂਡ ਬਣਾ ਸਕਦਾ ਸੀ। ਇਹ ਕਾਬਲੀਅਤ ਸਾਡੇ ਪ੍ਰਧਾਨ ਮੰਤਰੀ ਵਿਚ ਵੀ ਹੈ। ਇਹੋ ਉਨ੍ਹਾਂ ਦੀ ਸਫ਼ਲਤਾ ਦਾ ਰਾਜ਼ ਹੈ। ਊਨ੍ਹਾਂ ਦੇਸ਼ ਵਾਸੀਆਂ ਨੂੰ ‘ਬਰਾਂਡ ਮੋਦੀ’ ਦਿੱਤਾ ਹੈ। ਇਹ ਬਰਾਂਡ ਵੱਡੇ ‘ਫ਼ੈਸਲੇ’ ਲੈ ਸਕਦਾ ਹੈ, ਜੋ ਪਿਛਲੇ ਕਰੀਬ 70 ਸਾਲਾਂ ਵਿਚ ਕੋਈ ਸਰਕਾਰ ਨਹੀਂ ਲੈ ਸਕੀ। ਇਹ ਉਹ ਆਗੂ ਹੈ, ਜੋ ਕੋਈ ਵੀ ਕ੍ਰਿਸ਼ਮਾ ਕਰ ਸਕਦਾ ਹੈ। ਦੇਸ਼ ਵਾਸੀ ਤਾਂ ਉਸ ਦੀ ਹਰ ਗੱਲ ’ਤੇ ਫੁੱਲ ਚੜ੍ਹਾਉਂਦੇ ਹੀ ਹਨ ਸਗੋਂ ਵਿਦੇਸ਼ਾਂ ਵਿਚ ਵੀ ਉਸ ਦੀ ‘ਡਿਮਾਂਡ’ ਹੈ। ਉਨ੍ਹਾਂ ਜਿੰਨੇ ਵਿਦੇਸ਼ ਦੌਰੇ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਕੀਤੇ ਹੋਣੇ। ਕਈ ਵਾਰ ਅਮਰੀਕਾ, ਚੀਨ ਜਾ ਆਏ ਹਨ। ਚੀਨ ਦੇ ਜਿਨਪਿੰਗ ਨਾਲ ਤਾਂ ਖਾਸਾ ਹੀ ਮੋਹ ਹੈ। ਉਂਜ ਤਾਂ ਟਰੰਪ ਨੂੰ ਵੀ ਬਹੁਤ ਜੱਫੀਆਂ ਪਾਈਆਂ ਨੇ। ਪ੍ਰਧਾਨ ਮੰਤਰੀ 2014 ਤੋਂ ਹੁਣ ਤੱਕ 18 ਵਾਰ ਸ਼ੀ ਨੂੰ ਮਿਲ ਚੁੱਕੇ ਹਨ। ਪੰਜ ਵਾਰ ਤਾਂ ਚੀਨ ਵਿਚ ਹੀ ਮੁਲਾਕਾਤਾਂ ਹੋਈਆਂ ਹਨ। ਏਨੀ ਨੇੜਤਾ ਦੇ ਬਾਵਜੂਦ ਉਹ ਸ਼ੀ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕੇ। ਸ਼ੀ ਨੇ ਵੀ ਨਹੀਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਕਿੰਨਾ ਸੁਰੀਲਾ ਗਾਉਂਦੀ ਹੈ, ਨਹੀਂ ਤਾਂ ਕਿਸੇ ਫੇਰੀ ਮੌਕੇ ਮੋਦੀ ‘ਭਾਬੀ ਜੀ’ ਤੋਂ ਗਾਣਾ ਸੁਣਨ ਦੀ ਫ਼ਰਮਾਇਸ਼ ਕਰ ਸਕਦੇ ਸਨ। ਸਾਬਰਮਤੀ ’ਚ ਦਰਿਆ ਕਿਨਾਰੇ ਝੂਲਾ ਝੂਲਦਿਆਂ ਤਾਂ ਚੀਨੀ ਸੰਗੀਤ ਨੇ ਰੰਗ ਹੀ ਬੰਨ੍ਹ ਦੇਣਾ ਸੀ। ਦੁਨੀਆਂ ਕੁਝ ਹੋਰ ਦੀ ਹੋਰ ਹੋਣੀ ਸੀ। ਖੈਰ! ਇਹ ਰੀਝਾਂ ਵਿਚ ਹੀ ਰਹਿ ਗਈਆਂ।
ਦੂਜੇ ਪਾਸੇ ਸ਼ੀ ਨੇ 56 ਇੰਚ ਸੀਨੇ ਦਾ ਚੰਗੀ ਤਰ੍ਹਾਂ ਨਾਪ ਲੈ ਲਿਆ। ਦਿਲ ਦੀਆਂ ਬੁੱਝ ਲਈਆਂ। ਚੀਨੀ ਤਕਨਾਲੋਜੀ ਨਾਲ ਤਿਆਰ ਸਕੈਨਿੰਗ ਰਿਪੋਰਟ ਜਦੋਂ ਪਾਕਿ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਸਮਝਾਇਆ ਕਿ ਸਿੱਧੀ ਭਾਸ਼ਾ ’ਚ ਅਜਿਹੇ ਬੰਦੇ ਨੂੰ ‘ਸ਼ੂਕਾ’ ਕਹਿੰਦੇ ਹਨ ਪਰ ਨਾਪ ਤੋਲ ਕੇ ਬੋਲੀਏ ਤਾਂ ਕਿਹਾ ਜਾਂਦਾ ਹੈ ਕਿ ਬੰਦਾ ਪਿਆਰ ਸਤਿਕਾਰ ਦਾ ਹੀ ਭੁੱਖੈ, ਮਾਣ ਬਖ਼ਸ਼ੋ। ਖੈਰ! ਸ਼ੀ ਨੇ ਮਹਾਂਬਲੀਪੁਰਮ (ਚੇਨਈ ਦੇ ਲਾਗੇ) ’ਚ ਫੋਟੋ ਸੈਸ਼ਨ ਦਾ ਪੂਰਾ ਮੌਕਾ ਦਿੱਤਾ। ਨਾਰੀਅਲ ਪਾਣੀ ਪੀਤਾ। ਠੰਢ ਰੱਖਣ ਦੇ ਭਰੋਸੇ ਦਿੱਤੇ, ਪਰ ਅੰਤ ਬੈਂਗਣੀ ਉਘੜ ਆਇਆ।
ਹੁਣ ਕੀੜੇ ਕੱਢਣ ਵਾਲੇ ਕਈ ਤਰ੍ਹਾਂ ਦੀਆਂ ਗੱਲਾਂ ਕਰੀ ਜਾਂਦੇ ਹਨ। ਅਖੇ ਜੱਫ਼ੀਆਂ ਦੀ ਰਾਜਨੀਤੀ ਕੰਮ ਨਹੀਂ ਆਈ। ਚੀਨ ਨੇ ਭਾਰਤ ਦੇ ਪਿੱਠ ’ਚ ਛੁਰਾ ਮਾਰ ’ਤਾ। ਉਹ ਵੀ ਉਦੋਂ ਜਦੋਂ ਮਹਾਮਾਰੀ ਫੈਲੀ ਹੋਈ ਹੈ ਤੇ ਆਰਥਿਕਤਾ ਸੁੰਗੜੀ ਹੋਈ ਹੈ। ਮੋਦੀ ਤਾਂ ਕਹਿੰਦੇ ਸੀ ਕਿ 21ਵੀਂ ਸਦੀ ’ਚ ਏਸ਼ੀਆ ਖਿੱਤੇ ’ਚ ਚੀਨ ਤੇ ਭਾਰਤ ਦੀ ਸਰਦਾਰੀ ਹੋਵੇਗੀ, ਪਰ ਹੋ ਕੁਝ ਹੋਰ ਹੀ ਗਿਆ। ਸੁਫ਼ਨੇ ਟੁੱਟ ਗਏ ਤੇ ਟੁੱਟੇ ਸੁਫ਼ਨਿਆਂ ਦੇ ਸ਼ੀਸ਼ੇ ਹੁਣ ਅੱਖਾਂ ਵਿਚ ਰੜਕੀ ਜਾਂਦੇ ਹਨ। ਇਹ ਕਾਫ਼ੀ ਦੁੱਖ ਦੇਣਗੇ। ਰੜਕ ਪੈਂਦੀ ਰਹੇਗੀ। ਗੁਰੂਦੇਵ ਤੁਸੀਂ ਵੀ ਚੋਖੇਰ ਬਾਲੀ (ਅੱਖ ਦੀ ਰੜਕ) ਲਿਖਿਆ ਸੀ, ਪਰ ਇੱਥੇ ਗੱਲ ਵਿਗਿਆਨ ਦੀ ਹੈ, ਸਾਹਿਤ ਦੀ ਕਦੇ ਫਿਰ ਸਹੀ।
ਧੁਰੋਂ ਮਿਲੇ ਗਿਆਨ ਦੀ ਗੱਲ ਇਹ ਵੀ ਹੈ ਕਿ ਹੁਣ ‘ਰਹਿਮਨ ਧਾਗਾ ਪ੍ਰੇਮ ਕਾ’ ਤਾਂ ਟੁੱਟ ਚੁੱਕਿਐ। ਦੁਬਾਰਾ ਗੰਢ ਪੈਣੀ ਵੀ ਔਖੀ ਲੱਗਦੀ ਹੈ। ਉਂਜ ਜਦੋਂ ਵਾਣ ਦੇ ਮੰਜੇ ਬਣਦੇ ਹਨ ਤਾਂ ਹਰ ਕੋਈ ਗੰਢ ਪਾ ਵੀ ਨਹੀਂ ਸਕਦਾ ਸੀ। ਪਿਛਲੇ ਸਮਿਆਂ ਵਿਚ ਨਰਸਿਮਹਾ ਰਾਓ, ਅਟਲ ਬਿਹਾਰੀ ਵਾਜਪਾਈ ਤੇ ਡਾ. ਮਨਮੋਹਨ ਸਿੰਘ ਨੇ ਨਾ ਤਾਂ ਧਾਗਾ ਟੁੱਟਣ ਦਿੱਤਾ ਤੇ ਨਾ ਹੀ ਗੰਢ ਮਾਰਨ ਦੀ ਲੋੜ ਪਈ। ਉਨ੍ਹਾਂ ਨੇ ਘਾਟਾ ਇਹ ਖਾਧਾ ਬਈ ਝੂਲੇ ਝੁਲਾਉਣ ਦਾ ਆਨੰਦ ਉਹ ਨਹੀਂ ਲੈ ਸਕੇ, ਪਰ ਉਦੋਂ ਕਦੇ ਚੀਨੀ ਫ਼ੌਜ ਵੀ 25 ਕਿਲੋਮੀਟਰ ਤੱਕ ਭਾਰਤੀ ਖੇਤਰ ਵਿਚ ਨਹੀਂ ਆਈ।
ਹਾਂ, ਟੈਸਲਾ ਬਾਰੇ ਯਾਦ ਆਇਆ। ਟੈਸਲਾ ਦੀ ਗੱਲ ਤਾਂ ਰਹਿ ਹੀ ਗਈ। ਉਸ ਦੀ ਯਾਦਦਾਸ਼ਤ ਕਮਾਲ ਦੀ ਸੀ ਤੇ ਉਹ ਜੇ ਕਿਸੇ ਮਸ਼ੀਨ ਦਾ ਡਿਜ਼ਾਈਨ ਤਿਆਰ ਕਰਦਾ ਤਾਂ ਉਸ ਦੇ ਹਰ ਹਿੱਸੇ ਪੁਰਜ਼ੇ ਬਾਰੇ ਮਨ ਹੀ ਮਨ ਸੋਚਦਾ ਰਹਿੰਦਾ। ਨਿੱਕੀ ਤੋਂ ਨਿੱਕੀ ਗੱਲ ਮਨ ’ਚ ਹੀ ਸਾਂਭਦਾ। ਉਹ ਉਦੋਂ ਤੱਕ ਇਸ ਨੂੰ ਅਮਲੀ ਰੂਪ ਨਹੀਂ ਸੀ ਦਿੰਦਾ, ਜਦੋਂ ਤੱਕ ਮਸ਼ੀਨ ਮਨ ’ਚ ਹੀ ‘ਸਟਾਰਟ’ ਨਹੀਂ ਹੋ ਜਾਂਦੀ ਸੀ। ਇਸ ਦੇ ਬਾਵਜੂਦ ਬਿਨਾਂ ਤਾਰ ਤੋਂ ਉਹ ਬਿਜਲੀ ਸਪਲਾਈ ਨਹੀਂ ਕਰ ਸਕਿਆ। ਜੇ ਵਿਧਾਨ ਸਭਾ ਚੋਣਾਂ ਵੇਲੇ ਸ਼ਾਹ ਦੀ ਜੁਗਤ ਕਾਮਯਾਬ ਹੋਈ ਹੁੰਦੀ ਤਾਂ ਫਿਰ ਅਸੀਂ ਬਟਨ ਦਿੱਲੀ ਤੋਂ ਦੱਬਦੇ ਤੇ ਕਰੰਟ ਸਰਹੱਦ ਟੱਪ ਕੇ ਆਈ ਚੀਨੀ ਫ਼ੌਜ ਨੂੰ ਜ਼ਰੂਰ ਵੱਜਦਾ।
ਸੰਪਰਕ: 98726-61846