ਖ਼ਬਰ-ਬੇਖ਼ਬਰ

‘ਪਾਠਕ ਪੀਠ’ ਦਾ ਜੇਤੂ ਬੂਟਾ ਸਿੰਘ ਸ਼ਾਦ

‘ਪਾਠਕ ਪੀਠ’ ਦਾ ਜੇਤੂ ਬੂਟਾ ਸਿੰਘ ਸ਼ਾਦ

ਸਿੱਧੂ ਦਮਦਮੀ

ਸਿੱਧੂ ਦਮਦਮੀ

ਹੁੱਸੜ ਭਰਿਆ ਦਿਨ ਸੀ। ਘੱਗਰ ਦਰਿਆ ਦੇ ਬਾਗੜੀ ਪਸਾਰ ਵਿਚ ਫੈਲੀਆਂ ਦਰਜਨਾਂ ਢਾਣੀਆਂ ਵਿਚੋਂ ਅਸੀਂ ਇਕ ਉਸ ਦੀ ਭਾਲ ਕਰ ਰਹੇ ਸਾਂ ਜਿਸ ਵਿਚ, ਇਕ ਸੂਚਨਾ ਮੁਤਾਬਿਕ, ਬੂਟਾ ਸਿੰਘ ਸ਼ਾਦ ਆਪਣੀ ਜ਼ਿੰਦਗੀ ਦੀ ਆਥਣ ਕੱਟ ਰਿਹਾ ਸੀ।

ਇਤਫ਼ਾਕਨ, ਕੁਝ ਸਾਲ ਪਹਿਲਾਂ ਉਨ੍ਹਾਂ ਬਾਰੇ ਰਿਕਾਰਡ ਹੋ ਰਹੇ ਮੇਰੇ ਇਕ ਟੀਵੀ ਪ੍ਰੋਗਰਾਮ ਵਿਚ ਹੀ ਉਨ੍ਹਾਂ ਦੀ ਗੰਭੀਰ ਬਿਮਾਰੀ ਦੀਆਂ ਨਿਸ਼ਾਨੀਆਂ ਪ੍ਰਗਟ ਹੋਈਆਂ ਸਨ। ਤਦ ਪ੍ਰੋਗਰਾਮ ਵਿਚੇ ਛੱਡ ਕੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਲਈ ਜਾਣਾ ਪਿਆ ਸੀ। ਉਸ ਪਿੱਛੋਂ ਮੇਰੇ ਬਦੇਸ ਰਟਨ ਦੀ ਫਿਰਕੀ ’ਤੇ ਚੜ੍ਹ ਜਾਣ ਕਾਰਨ ਅਗਲੇ ਕਈ ਵਰ੍ਹੇ ਉਨ੍ਹਾਂ ਦੀ ਸੁੱਖਸਾਂਦ ਪੁੱਛਣ ਦਾ ਸਬੱਬ ਹੀ ਨਹੀਂ ਬਣ ਸਕਿਆ। ਬਿਮਾਰੀ ਕਾਰਨ ਉਹ ਖ਼ੁਦ ਵੀ ਲੋਕਾਂ ਤੋਂ ਕੱਟੇ ਰਹੇ।

ਇਸੇ ਦੌਰਾਨ ਉਨ੍ਹਾਂ ਦੇ ਆਪਣੇ ਭਤੀਜਿਆਂ ਕੋਲ ਸਿਰਸਾ ਜ਼ਿਲ੍ਹੇ ਦੀ ਕਿਸੇ ਢਾਣੀ ਵਿਚ ਚਲੇ ਜਾਣ ਦੀ ਕੱਚੀ-ਪੱਕੀ ਖ਼ਬਰ ਆਈ। ਪੱਤਰਕਾਰ ਮਿੱਤਰਾਂ ਤੋਂ ਖ਼ਬਰ ਦੀ ਪੁਸ਼ਟੀ ਕਰਵਾਈ ਤੇ ਅਸੀਂ ਉਨ੍ਹਾਂ ਨੂੰ ਮਿਲਣ ਲਈ ਚੱਲ ਪਏ।

ਰਾਜਸਥਾਨੀ ਕਾਲਮਨਵੀਸ ਭਾਰਤ ਭੂਸ਼ਨ ਸ਼ੂਨਯ, ਹਰਿਆਣਵੀ ਪੱਤਰਕਾਰ ਭੁਪਿੰਦਰ ਪੰਨੀਵਾਲੀਆ ਅਤੇ ਪ੍ਰਭਦਿਆਲ ਦੀ ਸੰਗਤ ਵਿਚ ਮੈਂ ਏਲਨਾਬਾਦ ਦੇ ਚਾਰ ਕੁ ਪਿੰਡਾਂ ਦੀ ਛੋਟੀ ਜਿਹੀ ਢਾਣੀ ਕੂਮਥਲਾ ਦਾ ਬੂਹਾ ਜਾ ਖੜਕਾਇਆ। ਖੇਤੀ ਦੇ ਵੱਡੇ-ਛੋਟੇ ਸੰਦਾਂ ਨਾਲ ਭਰਿਆ ਘਰ ਸੀ। ਸਾਡੀ ਆਮਦ ਦਾ ਸ਼ੋਰ ਸੁਣ ਕੇ ਬਾਕੀ ਘਰ ਨਾਲੋਂ ਹਟ ਕੇ ਬਣਾਈ ਬੈਠਕ ਵਿਚੋਂ ਬੁੱਢੇ ਸ਼ੇਰ ਦੀ ਗੁਰਾਹਟ ਜਿਹੀ ਸ਼ਾਦ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਉੱਠਣ ਦੀ ਕੋਸ਼ਿਸ਼ ਕੀਤੀ ਪਰ ਡਾਕਟਰੀ ਅਪਰੇਸ਼ਨਾਂ ਦੇ ਭੰਨੇ ਤੇ ਸਹਾਰਿਆਂ ਨਾਲ ਹੀ ਉੱਠਣ ਬੈਠਣ ਜੋਗਾ ਰਹਿ ਗਏ ਸਰੀਰ ਨੇ ਸਾਥ ਨਾ ਦਿੱਤਾ। ਉਸ ਮੁਤਾਬਿਕ ਉਸ ਦੀ ਬੰਬਈ ਵਿਚ ਹੋਈ ਓਪਨ ਹਾਰਟ ਸਰਜਰੀ ਨੇ ਜਿੱਥੇ ਗੱਲ ਸਾਂਭ ਲਈ ਸੀ ਉੱਥੇ ਬਠਿੰਡੇ ’ਚ ਹੋਏ ਪਰਾਸਟੇਟ ਗਲੈਂਡ ਦੇ ਓਪਰੇਸ਼ਨ ਨੇ ਵਿਗਾੜ ਦਿੱਤੀ।

ਵਾਕਰ ਨਾਲ ਸਰੀਰ ਨੂੰ ਕੁਝ ਹਰਕਤ ਦੇ ਕੇ ਤੇ ਚੇਤਨ ’ਤੇ ਜ਼ੋਰ ਪਾ ਕੇ ਨਾ ਕੇਵਲ ਉਸ ਨੇ ਮੈਨੂੰ ਪਛਾਣ ਲਿਆ ਸਗੋਂ ਹੌਲੀ ਹੌਲੀ ਬੀਤੇ ਦੀਆਂ ਗੱਲਾਂ ਦੀ ਬੱਤੀ ਵੀ ਮਘਾ ਲਈ ਸੀ।

ਪਰਿਵਾਰ ਵੱਲੋਂ ਪਰੋਸੀ ਗਈ ਚਾਹ ਦੇ ਨਾਲ ਨਾਲ ਸਾਹਿਤ ਤੇ ਫਿਲਮ ਜਗਤ ਵਾਰ ਵਾਰ ਉਸ ਦੀ ਚੇਤਨਾ ਵਿਚ ਜਗ-ਬੁਝ ਜਗ-ਬੁਝ ਕਰਨ ਲੱਗੇ। ਇਕੇਰਾਂ ਵੇਖਿਆ, ਬੰਬਈ ਦੇ ਸਮੁੰਦਰ ਕਿਨਾਰੇ ਖੜ੍ਹਾ 61 ਜੇਪੀ-1 ਵਰਸੋਵਾ ਵਾਲਾ ਸ਼ਾਦ ਦਾ ਅਪਾਰਟਮੈਂਟ ਮੈਨੂੰ ਯਾਦ ਆ ਰਿਹਾ ਸੀ। ਇਹ ਬੌਲੀਵੁੱਡ ਦੇ ਸਿਖਰਲੇ ਸਿਤਾਰਿਆਂ ਦਾ ਬਸੇਰਾ ਹੁੰਦਾ ਸੀ। ਇੱਥੇ ਹੀ ਰਹਿੰਦਿਆਂ ਉਸ ਨੇ ਪੰਜਾਬੀ ਮਾਂ ਬੋਲੀ ਵਿਚ ਚਾਲੀ ਨਾਵਲ ਤੇ ਸੱਤ ਕਹਾਣੀ ਸੰਗ੍ਰਹਿ ਰਚੇ... ਇੱਥੇ ਹੀ ਨਿਸ਼ਾਨ ਜਿਹੀਆਂ ਮਲਟੀਸਟਾਰਰ ਫਿਲਮਾਂ ਕਲਪੀਆਂ ਤੇ ਆਪਣੀ ਪਲੇਠੀ ਫਿਲਮ ‘ਕੁੱਲੀ ਯਾਰ ਦੀ’ ਸਮੇਤ ਅਨੇਕਾਂ ਪੰਜਾਬੀ ਫਿਲਮਾਂ ਵਿਉਂਤੀਆਂ... ਇੱਥੇ ਹੀ ਉਸ ਤੋਂ ਨਾਵਲ ਲਿਖਵਾਉਣ ਲਈ ਪੰਜਾਬੀ ਪ੍ਰਕਾਸ਼ਕ ਹਜ਼ਾਰਾਂ ਦਾ ਐਡਵਾਂਸ ਦੇਣ ਆਇਆ ਕਰਦੇ ਸਨ। ਉਹ ਨਿਸੰਗ ਕਹਿੰਦੇ ਹਨ ਕਿ ਇੱਥੇ ਹੀ ਫਿਲਮਾਂ ’ਚੋਂ ਉਨ੍ਹਾਂ ਨੇ ਮੋਟਾ ਪੈਸਾ ਕਮਾਇਆ ਅਤੇ ਲੋੜਵੰਦਾਂ ਦਰਮਿਆਨ ਵੰਡਿਆ ਵੀ।

ਸ਼ਾਦ ਹੋਰਾਂ ਦੀ ਜ਼ਿੰਦਗੀ ਨੇ ਹੱਦ ਦਰਜ਼ੇ ਦਾ ਕੰਟਾਰਸਟ ਭੋਗਿਆ ਹੈ: ਦਾਨ ਸਿੰਘ ਵਾਲਾ ਤੋਂ ਵਰਸੋਵਾ ਤਕ; ਵਰਸੋਵਾ ਦੀ ਫਿਲਮੀ ਦੁਨੀਆ ਦੀ ਰੌਣਕ ਤੋਂ ਲੈ ਕੇ ਛੋਟੀ ਜਿਹੀ ਢਾਣੀ ਦੀ ਇਕੱਲਤਾ ਤਕ।

ਗੱਲਾਂ ਕਰਦਿਆਂ ਮੈਂ ਮਹਿਸੂਸ ਕੀਤਾ ਕਿ ਏਨੀ ਰਚਨਾਤਮਿਕ ਤੇ ਆਰਥਿਕ ਅਮੀਰੀ ਦੇ ਬਾਵਜੂਦ ਸ਼ਾਦ ਦੀਆਂ ਅੱਖਾਂ ਵਿਚ ਅਤ੍ਰਿਪਤੀ ਦੇ ਗਲੇਡੂ ਅਟਕੇ ਹੋਏ ਸਨ। ਜੋ ਉਸ ਦੇ ਇਹ ਕਹਿੰਦਿਆਂ ਹੀ ਵਗ ਤੁਰੇ ਕਿ ‘2016 ਦੀ ਦੀਵਾਲੀ ਨੂੰ ਬੰਬਈ ਤੋਂ ਪੰਜਾਬ ’ਚ ਸ਼ਿਫਟ ਕਰਨ ਵੇਲੇ ਮੇਰੀ ਕਲਮ ਦੀ ਸਿਆਹੀ ਹਮੇਸ਼ਾਂ ਲਈ ਸੁੱਕ ਗਈ... ਹੱਥ ਲਿਖਣ ਤੋਂ ਇਨਕਾਰੀ ਹੋ ਬੈਠੇ...।’

ਸ਼ਾਦ ਨਾਲ ਕੀਤੀਆਂ ਦੋ ਲੰਬੀਆਂ ਟੀਵੀ ਮੁਲਾਕਾਤਾਂ ਮੇਰੇ ਚੇਤੇ ਵਿਚ ਖੁੱਲ੍ਹਣ ਲੱਗੀਆਂ: ਕਿਵੇਂ ਚਿੜੀ ਦੇ ਪੌਂਚੇ ਜਿੱਡੇ ਪਿੰਡ ਦਾਨ ਸਿੰਘ ਵਾਲੇ ਦੇ ਗਲੀਆਂ ਵਿਚ ਖੇਡਣ ਵਾਲੇ ਇੱਕ ਅੜੀਅਲ ਮੁੰਡੇ ਨੇ ਰੰਗਦਾਰ ਸੁਫ਼ਨਾ ਲਿਆ ਤੇ ਸਿਰੇ ਚਾੜ੍ਹਿਆ... ਕਿਵੇਂ ਭਲੇ ਵਕਤਾਂ ਵਿਚ ਕੁਝ ਹਜ਼ਾਰ ਰੁਪਇਆਂ ਨਾਲ ਹੀ ਰੇਤਲੇ ਸ਼ਹਿਰ ਬਠਿੰਡੇ ਦੀ ਬੌਲੀਵੁੱਡ ਨਾਲ ਦੋਸਤੀ ਪਵਾਈ... ਕਿਵੇਂ ਫਿਲਮੀ ਸੰਸਾਰ ਦੀਆਂ ਰੰਜ਼ਿਸ਼ਾਂ ਭੁਗਤੀਆਂ ਤੇ ਪਿਆਰ ਪੁਗਾਏ...।

ਤੁਰਦਿਆਂ ਫਿਰਦਿਆਂ ਦੇ ਅੰਦਾਜ਼ ਵਿਚ ਕੀਤੀਆਂ ਟੀਵੀ ਮੁਲਾਕਾਤਾਂ ਵਿਚਲੇ ਛੇ ਫੁੱਟੇ ਸ਼ਾਦ ਨੂੰ ਹੁਣ ਵਾਕਰ ਦੀ ਮੁਥਾਜਗੀ ਸਹਾਰਦਿਆਂ ਵੇਖ ਉਦਾਸੀ ਦੀ ਇਕ ਛੱਲ ਮੇਰੇ ਅੰਦਰ ਉੱਠ ਪਈ। ਮੇਰੇ ਚੇਤੇ ਵਿਚ ਮੇਰੇ ਵਿਦਿਆਰਥੀ ਜੀਵਨ ਦਾ ਉਹ ਦਿਨ ਉਘੜ ਪਿਆ ਸੀ ਜਿਸ ਦਿਨ ‘ਆਰਸੀ’ ਦੇ ਇਕੋ ਅੰਕ ਵਿਚ ਮੇਰੀ ਪਲੇਠੀ ਕਵਿਤਾ ਤੇ ਸ਼ਾਦ ਹੋਰਾਂ ਦੀ ਚਰਚਿਤ ਕਹਾਣੀ ‘ਪੁੰਨਣ’ ਛਪੀ ਸੀ ਤੇ ਬਾਵਰਿਆਂ ਹਾਰ ਪਰਚਾ ਚੁੱਕੀ, ਖ਼ੁਸ਼ੀ ਸਾਂਝੀ ਕਰਨ ਲਈ ਮੈਂ ਉਨ੍ਹਾਂ ਨੂੰ ਬਠਿੰਡੇ ਦੇ ਗਲੀਆਂ ਬਾਜ਼ਾਰਾਂ ਵਿਚ ਲੱਭਦਾ ਫਿਰਿਆ ਸਾਂ। ਮਿਲਿਆ ਤਾਂ ਉਸ ਦੀ ਮੱਤ ਸੀ: ਗੱਠ ਬੰਨ੍ਹ ਲੈ- ਹੁਣ ਆਰਸੀ ਨਾਗਮਣੀ ਤੋਂ ਘੱਟ ਨਹੀਂ ਛਪਣਾ।

ਦਿਲਚਸਪ ਗੱਲ ਇਹ ਹੈ ਕਿ ਫਿਲਮੀ ਸੰਸਾਰ ਦੀ ਮਿਕਨਾਤੀਸੀ ਖਿੱਚ ਦੇ ਬਾਵਜੂਦ ਸ਼ਾਦ ਦਾ ਪਹਿਲਾ ਪਿਆਰ ਲਿਖਣਾ ਹੀ ਰਿਹਾ। ਉਸ ਦੇ ਪਾਠਕਾਂ ਦਾ ਮੰਨਣਾ ਹੈ ਕਿ ਦਹਾਕਿਆਂ ਪਿੱਛੋਂ ਵੀ ਉਸ ਦੇ ਰਚੇ ਬਿਰਤਾਂਤ ਅੰਦਰਲਾ ਕਥਾ ਰਸ, ਫ਼ਿਕਰਿਆਂ ’ਚ ਗਿੜਦੀ ਊਰਜਾ ਤੇ ਗੱਲਾਂ ’ਚ ਖੜਕਦਾ ਯਥਾਰਥ ਉਨ੍ਹਾਂ ਨੂੰ ਬੰਨ੍ਹਦਾ ਆ ਰਿਹਾ ਹੈ। ਸ਼ਾਇਦ ਉਹ ਪੰਜਾਬੀ ਦਾ ਵਿਕਲੋਤਰਾ ਕਥਾਕਾਰ ਹੈ ਜਿਸ ਦੇ ਨਾਵਲਾਂ/ਕਹਾਣੀਆਂ ਦੇ ਫ਼ਿਕਰੇ/ਜੁਮਲੇ ਤੇ ਕਥਾ-ਧਾਗੇ ਮੰਟੋ ਦੇ ਅਫ਼ਸਾਨਿਆਂ ਵਾਂਗ ਉਸ ਦੇ ਪਾਠਕਾਂ ਨੂੰ ਜ਼ੁਬਾਨੀ ਯਾਦ ਹੁੰਦੇ ਹਨ।

... ... ...

ਪੁਰਸਕਾਰਾਂ ਨਾਲ ਬਹੁ-ਸ਼ਿੰਗਾਰੇ ਉਸ ਦੇ ਕਈ ਸਮਕਾਲੀਆਂ ਦੇ ਉਲਟ, ਦਹਾਕਿਆਂ ਪਿੱਛੋਂ ਵੀ, ਸ਼ਾਦ ਦੇ ਨਾਵਲਾਂ ’ਚ ਬੁਢਾਪਾ ਤੇ ਕਹਾਣੀਆਂ ’ਚ ਪੁਰਾਣਾਪਣ ਨਹੀਂ ਝਲਕਦਾ।

ਨਿਰਸੰਦੇਹ, ਬੂਟਾ ਸਿੰਘ ਸ਼ਾਦ ਦੀਆਂ ਲਿਖਤਾਂ ਦੀ ਸਮਾਜਿਕ ਪ੍ਰਸੰਗਤਾ ਬਾਰੇ ਬਹਿਸ ਹੋ ਸਕਦੀ ਹੈ ਪਰ ਇਹ ਸੱਚ ਹੈ ਕਿ ਬੂਟਾ ਸਿਘ ਸ਼ਾਦ ਨੇ ਪੁਰਸਕਾਰ ਨਹੀਂ, ਪਾਠਕ ਕਮਾਏ ਹਨ। ਹਜ਼ਾਰਾਂ ਨਹੀਂ ਲੱਖਾਂ। ਸਿਰਫ਼ ਪੰਜਾਬ ਵਿਚ ਹੀ ਨਹੀਂ ਸਗੋਂ ਦੁਨੀਆਂ ਦੇ ਹਰ ਉਸ ਕੋਨੇ ’ਚੋਂ ਜਿੱਥੇ ਕਿਤੇ ਵੀ ਪੰਜਾਬੀ ਵੱਸਦੇ ਹਨ।

ਪੰਜਾਬੀ ਆਲੋਚਕਾਂ ਦਾ ਇਕ ਵਰਗ ਵਾਰ ਵਾਰ ਉਸ ਨੂੰ ‘ਪੰਜਾਬੀ ਦਾ ਗੁਲਸ਼ਨ ਨੰਦਾ’ ਕਹਿ ਕੇ ਸੰਜੀਦਾ ਸਾਹਿਤਕਾਰਾਂ ਦੀ ਸ਼੍ਰੇਣੀ ’ਚੋਂ ਬਾਹਰ ਰੱਖਣ ਦੀ ਕੋਸ਼ਿਸ ਕਰਦਾ ਰਿਹਾ ਹੈ ਪਰ ਹਕੀਕਤ ਇਹ ਹੈ ਕਿ ਆਪਣੀ ਪੀੜ੍ਹੀ ਵਿਚ ਨਾਨਕ ਸਿੰਘ ਤੇ ਜਸਵੰਤ ਸਿੰਘ ਕੰਵਲ ਪਿੱਛੋਂ ਉਹ ਪੰਜਾਬੀ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਤੇ ਵਿਕਣ ਵਾਲਾ ਨਾਵਲਕਾਰ ਹੈ।

ਇਸੇ ਲਈ ਪੁਸਤਕਾਂ ਦੇ ਥੱਬਿਆਂ ਨਾਲ ਪੰਜਾਬੀ ਸਾਹਿਤ ਦੀ ਝੋਲੀ ਨੂੰ ‘ਭਾਰੀ ਕਰਨ’ ਦੇ ਦਾਅਵੇਦਾਰ ਸਾਹਿਤਕਾਰ ਤਾਂ ਪੰਜਾਬੀ ਸਾਹਿਤ ਸੰਸਾਰ ’ਚ ਸੈਂਕੜੇ ਮਿਲ ਜਾਣਗੇ ਪਰ ਨਾਨਕ ਸਿੰਘ-ਕੰਵਲ ਦੀ ਪੀੜ੍ਹੀ ਪਿੱਛੋਂ ਇਸ ਨੂੰ ਲੱਖਾਂ ਪਾਠਕਾਂ ਨਾਲ ‘ਭਰਪੂਰ ਕਰਨ’ ਦਾ ਦਾਅਵਾ ਬੂਟਾ ਸਿੰਘ ਸ਼ਾਦ ਹੀ ਕਰ ਸਕਦਾ ਹੈ। ਇਸੇ ਲਈ ਕਿਹਾ ਜਾ ਸਕਦਾ ਹੈ ਕਿ ਗਿਆਨ-ਪੀਠ ਨਾ ਸਹੀ ਉਸ ਨੂੰ ਪੰਜਾਬੀ ਪਾਠਕ ਵਰਗ ਵੱਲੋਂ ‘ਪਾਠਕ ਪੀਠ’ ਪੁਰਸਕਾਰ ਤਾਂ ਦਿੱਤਾ ਹੀ ਜਾ ਚੁੱਕਾ ਹੈ।

ਮੁਲਾਕਾਤ ਲੰਬੀ ਹੋ ਜਾਣ ਕਾਰਨ ਸ਼ਾਦ ਦਾ ਬਿਮਾਰੀ ਖਾਧਾ ਸਰੀਰ ਥਕਾਵਟ ਮੰਨ ਰਿਹਾ ਲੱਗਦਾ ਸੀ। ਖੇਤਾਂ ’ਚ ਚੁਫੇਰੇ ਚੱਲ ਰਹੀਆਂ ਹਾਰਵੈਸਟ ਕੰਬਾਈਨਾਂ ਦੀ ਧੂੜ ਤੇ ਸ਼ੋਰ ਫੈਲ ਰਿਹਾ ਸੀ। ਬਾਹਰ ਨਿਕਲ ਕੇ ਮੈਂ ਢਾਣੀ ’ਚ ਚੁਫੇਰੇ ਨਿਗ੍ਹਾ ਮਾਰੀ ਤਾਂ ਵੇਖਿਆ ਕਿ ਘਰ ਦੇ ਜੀਅ ਆਪੋ-ਆਪਣੇ ਧੰਦੀਂ ਲੱਗ ਗਏ ਸਨ ਤੇ ਘਰ ਦੀ ਬਾਹਰਲੀ ਬੈਠਕ ਵਿਚੋਂ ਕੋਈ ਆਵਾਜ਼ ਨਹੀਂ ਆ ਰਹੀ ਸੀ...।

ਸੰਪਰਕ: 94170-13869

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All