ਜਦੋਂ ਮੈਂ ਬੁੱਢੇ ਨਾਲੇ ਨੂੰ ਜਵਾਨ ਦੇਖਿਆ ਸੀ
ਪੰਜਾਬ ਦੇ ਵਾਤਾਵਰਣ ਪ੍ਰੇਮੀਆਂ ਵਿੱਚ ਲੁਧਿਆਣੇ ਵਿੱਚੋਂ ਲੰਘਦੇ ਬੁੱਢੇ ਨਾਲੇ ਬਾਰੇ ਚਰਚਾ ਖ਼ੂਬ ਬਣੀ ਹੋਈ ਹੈ। ਇਸ ਦਾ ਮੁੱਖ ਕਾਰਨ ਬੁੱਢੇ ਨਾਲੇ ਵਿੱਚ ਪ੍ਰਦੂਸ਼ਿਤ ਪਾਣੀ ਅਤੇ ਉਸ ਵਿੱਚ ਗੰਦਗੀ ਦੇ ਵੱਡੇ ਢੇਰ ਹਨ। ਜਿਸ ਪਾਣੀ ਨੂੰ ਸ੍ਰੀ ਗੁਰੂ ਨਾਨਕ ਦੇਵ...
ਪੰਜਾਬ ਦੇ ਵਾਤਾਵਰਣ ਪ੍ਰੇਮੀਆਂ ਵਿੱਚ ਲੁਧਿਆਣੇ ਵਿੱਚੋਂ ਲੰਘਦੇ ਬੁੱਢੇ ਨਾਲੇ ਬਾਰੇ ਚਰਚਾ ਖ਼ੂਬ ਬਣੀ ਹੋਈ ਹੈ। ਇਸ ਦਾ ਮੁੱਖ ਕਾਰਨ ਬੁੱਢੇ ਨਾਲੇ ਵਿੱਚ ਪ੍ਰਦੂਸ਼ਿਤ ਪਾਣੀ ਅਤੇ ਉਸ ਵਿੱਚ ਗੰਦਗੀ ਦੇ ਵੱਡੇ ਢੇਰ ਹਨ। ਜਿਸ ਪਾਣੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਿਤਾ ਬਰਾਬਰ ਦੱਸਿਆ ਹੈ, ਉਸ ਵਿੱਚ ਗੰਦਗੀ ਦੇਖ ਕੇ ਹਰੇਕ ਦਾ ਮਨ ਦੁਖੀ ਹੋਣਾ ਸੁਭਾਵਿਕ ਹੀ ਹੈ। ਦਰਅਸਲ, ਲੁਧਿਆਣੇ ਵਿੱਚ ਅਨੇਕਾਂ ਸਨਅਤਾਂ ਹੋਣ ਕਾਰਨ ਉਨ੍ਹਾਂ ਦਾ ਗੰਦਾ ਪਾਣੀ ਅਤੇ ਰਹਿੰਦ-ਖੂੰਹਦ ਬੁੱਢੇ ਨਾਲੇ ਵਿੱਚ ਪੈਂਦੀ ਹੈ, ਜਿਸ ਕਾਰਨ ਵਾਤਾਵਰਣ ਪ੍ਰੇਮੀਆਂ ਦੀ ਚਿੰਤਾ ਦਿਨੋ-ਦਿਨ ਵਧਦੀ ਜਾ ਰਹੀ ਹੈ। ਕੁਝ ਚਿੰਤਤ ਲੋਕਾਂ, ਜਿਨ੍ਹਾਂ ਵਿੱਚ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਨਾਂ ਮੁੱਖ ਹੈ, ਨੇ ਵੀ ਬੁੱਢੇ ਨਾਲੇ ਦੀ ਤਕਦੀਰ ਨੂੰ ਬਦਲਣ ਦਾ ਉੱਦਮ ਕੀਤਾ ਹੈ, ਪਰ ਫਿਰ ਵੀ ਇਸ ਦੀ ਹਾਲਤ ਮਨੁੱਖ ਦੇ ਬਿਰਧ ਸਰੀਰ ਵਰਗੀ ਹੈ, ਜੋ ਲੱਖ ਯਤਨਾਂ ਨਾਲ ਵੀ ਸੁਖ ਦੇ ਸਾਹ ਲੈਣ ਲਈ ਤਰਸ ਰਿਹਾ ਹੋਵੇ। ਪਰ ਜੇ ਮਨੁੱਖ ਪੱਕੀ ਹਿੰਮਤ ਧਾਰ ਲਵੇ ਤਾਂ ਕਿਹੜਾ ਕੰਮ ਹੈ ਜੋ ਸੰਭਵ ਨਹੀਂ ਹੋ ਸਕਦਾ?
ਸਮੱਸਿਆ ਗੰਭੀਰ ਹੈ ਤਾਂ ਉਪਰਾਲੇ ਵੀ ਵੱਡੇ ਪੱਧਰ ’ਤੇ ਕਰਨੇ ਪੈਣਗੇ। ਸਮਾਜ ਸੇਵੀ ਸੰਸਥਾਵਾਂ, ਸਰਕਾਰਾਂ ਅਤੇ ਵਾਤਾਵਰਣ ਪ੍ਰੇਮੀ ਸਾਂਝਾ ਹੰਭਲਾ ਮਾਰ ਕੇ ਹੀ ਇਸ ਦਾ ਕੋਈ ਸਾਰਥਿਕ ਹੱਲ ਲੱਭ ਸਕਦੇ ਹਨ। ਸਭ ਤੋਂ ਵੱਡੀ ਲੋੜ ਇਹ ਹੈ ਕਿ ਬੁੱਢਾ ਨਾਲਾ ਹਰ ਹਾਲਤ ਵਿੱਚ ਸਾਫ਼ ਹੋਣਾ ਚਾਹੀਦਾ ਹੈ। ਇਹ ਕੁਦਰਤੀ ਵਿਡੰਬਨਾ ਹੀ ਹੈ ਕਿ ਇਹ ਨਾਲਾ ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣੇ ਵਿੱਚੋਂ ਲੰਘਦਾ ਹੈ, ਜਿੱਥੇ ਸਫ਼ਾਈ ਦਾ ਕੰਮ ਘੱਟ ਅਤੇ ਇਸ ’ਚ ਗੰਦਗੀ ਪਾਉਣ ਦਾ ਕੰਮ ਵੱਡੇ ਪੱਧਰ ’ਤੇ ਹੁੰਦਾ ਹੈ। ਮਨੁੱਖ ਇੱਕ ਪਾਸੇ ਪਾਣੀ ਨੂੰ ਪਰਮਾਤਮਾ ਦਾ ਰੂਪ ਮੰਨਦਾ ਅਤੇ ਇਹ ਅਨੁਭਵ ਕਰਦਾ ਹੈ ਕਿ ਪਾਣੀ ਹੀ ਜੀਵਨ ਦਾ ਆਧਾਰ ਹੈ, ਪਰ ਦੂਜੇ ਪਾਸੇ ਇਸ ਨੂੰ ਗੰਦਾ ਕਰਨ ਅਤੇ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦਾ।
ਇਸ ਲੇਖ ਰਾਹੀਂ ਮੈਂ ਆਪਣੀ ਜ਼ਿੰਦਗੀ ’ਚ ਵਾਪਰੀ ਇੱਕ ਘਟਨਾ ਸਾਂਝੀ ਕਰ ਰਿਹਾ ਹਾਂ, ਜਦੋਂ ਸੰਨ 1971 ਵਿੱਚ ਮੈਨੂੰ ਮਾਛੀਵਾੜੇ ਦੇ ਇਲਾਕੇ ਵਿੱਚ ਸਰਕਾਰੀ ਸਕੂਲ ਵਿੱਚ ਅਧਿਆਪਕ ਵਜੋਂ ਨੌਕਰੀ ਮਿਲੀ ਸੀ। ਇਹ ਮੇਰੀ ਪਹਿਲੀ ਸਰਕਾਰੀ ਨੌਕਰੀ ਸੀ ਅਤੇ ਮੈਂ ਸਰਕਾਰੀ ਮਿਡਲ ਸਕੂਲ, ਸਹਿਜੋ ਮਾਜਰਾ ਵਿੱਚ ਮੁੱਖ ਅਧਿਆਪਕ ਵਜੋਂ ਸੇਵਾ ਸੰਭਾਲੀ। ਇਹ ਸਕੂਲ ਮੇਰੇ ਆਪਣੇ ਪਿੰਡ ਤੋਂ ਵੀਹ-ਪੰਝੀ ਮੀਲ ਦੂਰ ਪੈਂਦਾ ਸੀ, ਜਿਸ ਕਰਕੇ ਰੋਜ਼ਾਨਾ ਸਾਈਕਲ ’ਤੇ ਆਉਣਾ-ਜਾਣਾ, ਖ਼ਾਸਕਰ ਸਰਦੀ ਦੇ ਦਿਨਾਂ ਵਿੱਚ ਬਹੁਤ ਮੁਸ਼ਕਿਲ ਸੀ। ਅਜਿਹੇ ਵਿੱਚ ਕੁਦਰਤੀ ਤੌਰ ’ਤੇ ਇੱਕ ਪਰਿਵਾਰ ਨਾਲ ਸਾਡੀ ਰਿਸ਼ਤੇਦਾਰੀ ਨਿਕਲ ਆਈ ਅਤੇ ਉਸ ਪਰਿਵਾਰ ਨੇ ਮੈਨੂੰ ਘਰ ਦੇ ਮੈਂਬਰ ਵਰਗਾ ਮਾਣ ਦਿੰਦਿਆਂ ਆਪਣੇ ਘਰ ਹੀ ਠਹਿਰਨ ਲਈ ਆਖਿਆ। ਸਰਦੀ ਦੇ ਉਨ੍ਹਾਂ ਦਿਨਾਂ ਵਿੱਚ ਮੈਂ ਸਰਦਾਰ ਲਾਭ ਸਿੰਘ ਦੇ ਪਰਿਵਾਰ ਨਾਲ ਰਿਹਾ, ਜਿਨ੍ਹਾਂ ਨੇ ਮੈਨੂੰ ਅਥਾਹ ਪਿਆਰ ਅਤੇ ਸਤਿਕਾਰ ਬਖ਼ਸ਼ਿਆ।
ਲਾਭ ਸਿੰਘ ਦਾ ਛੋਟਾ ਭਰਾ ਅਮਰਜੀਤ ਕਾਲਜ ਵਿੱਚ ਪੜ੍ਹਦਾ ਸੀ ਅਤੇ ਲਾਭ ਸਿੰਘ ਦੇ ਬੱਚੇ ਮੇਰੇ ਹੀ ਸਕੂਲ ਵਿੱਚ ਪੜ੍ਹਦੇ ਸਨ, ਜਿਸ ਕਰਕੇ ਮੇਰਾ ਉੱਥੇ ਪੂਰਾ ਮਨ ਲੱਗ ਗਿਆ। ਇੱਕ ਦਿਨ ਮੈਂ ਅਤੇ ਅਮਰਜੀਤ ਪਿੰਡ ਦੇ ਉੱਤਰ ਵਾਲੇ ਪਾਸੇ ਉਨ੍ਹਾਂ ਦੀ ਜ਼ਮੀਨ ਵਿੱਚ ਗੇੜਾ ਮਾਰਨ ਗਏ ਤਾਂ ਅੱਗੇ ਪਾਣੀ ਦਾ ਨਾਲਾ ਵਗ ਰਿਹਾ ਸੀ। ਅਮਰਜੀਤ ਨੇ ਮੈਨੂੰ ਦੱਸਿਆ ਕਿ ਇਸ ਨੂੰ ‘ਬੁੱਢਾ ਨਾਲਾ’ ਕਹਿੰਦੇ ਹਨ ਅਤੇ ਇਹ ਮਾਛੀਵਾੜੇ ਤੋਂ ਹੁੰਦਾ ਹੋਇਆ ਲੁਧਿਆਣੇ ਵੱਲ ਚਲਾ ਜਾਂਦਾ ਹੈ। ਉਸ ਥਾਂ ਤੋਂ ਬੁੱਢੇ ਨਾਲੇ ਦਾ ਪਾਣੀ ਬਹੁਤ ਹੀ ਸਾਫ਼ ਅਤੇ ਸ਼ੁੱਧ ਲੱਗ ਰਿਹਾ ਸੀ, ਜਿਸ ਨੂੰ ਦੇਖ ਕੇ ਮੈਂ ਕਿਹਾ “ਅਮਰਜੀਤ, ਤੂੰ ਤਾਂ ਕਹਿੰਦਾ ਏਂ ਕਿ ਇਹ ਬੁੱਢਾ ਨਾਲਾ ਹੈ, ਪਰ ਇਹ ਤਾਂ ਬਹੁਤ ਜਵਾਨ ਜਾਪਦਾ ਹੈ, ਇਸ ਦਾ ਪਾਣੀ ਕਿੰਨਾ ਸਾਫ਼ ਅਤੇ ਪਵਿੱਤਰ ਲੱਗਦਾ ਹੈ!”
ਇਸ ਨਾਲੇ ਬਾਰੇ ਮੇਰੀ ਉਤਸੁਕਤਾ ਹੋਰ ਵਧ ਗਈ। ਇਲਾਕੇ ਦੇ ਮਾਸਟਰ ਰਘਬੀਰ ਸਿੰਘ ਨਾਲ ਗੱਲ ਕਰਨ ਤੋਂ ਪਤਾ ਲੱਗਿਆ ਕਿ ਇਹ ਨਾਲਾ ਅਸਲ ਵਿੱਚ ਅੰਗਰੇਜ਼ਾਂ ਨੇ ਸਰਹਿੰਦ ਨਹਿਰ ਦੇ ਸਮਾਨਾਂਤਰ ਕਸਬਾ ਬਹਿਲੋਲਪੁਰ ਤੋਂ ਵੀ ਅੱਗੇ ਬੇਟ ਦੇ ਇਲਾਕੇ ਵਿੱਚੋਂ ਸੇਮ ਦੇ ਪਾਣੀ ਦੀ ਨਿਕਾਸੀ ਲਈ ਬੜੀ ਸੂਝਵਾਨਤਾ ਨਾਲ ਬਣਾਇਆ ਸੀ। ਇਸ ਨਾਲ ਬੇਟ ਦੇ ਇਲਾਕੇ ਨੂੰ ਬਹੁਤ ਲਾਭ ਹੋਇਆ ਅਤੇ ਬਹਿਲੋਲਪੁਰ, ਪਵਾਤ, ਸਹਿਜੋਮਾਜਰਾ ਅਤੇ ਮਾਛੀਵਾੜੇ ਦੇ ਅਨੇਕਾਂ ਪਿੰਡ ਪਾਣੀ ਦੀ ਮਾਰ ਤੋਂ ਬਚ ਗਏ। ਇਸ ਤਰ੍ਹਾਂ ਇੱਕ ਬਹੁਤ ਵੱਡਾ ਇਲਾਕਾ ਸੇਮ ਦੀ ਮਾਰ ਤੋਂ ਸੁਰੱਖਿਅਤ ਹੋ ਗਿਆ ਅਤੇ ਅੱਜ ਉੱਥੇ ਭਰਪੂਰ ਖੇਤੀ ਹੁੰਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਸ ਸਮੇਂ ਬਹਿਲੋਲਪੁਰ ਮਾਛੀਵਾੜੇ ਦੀ ਤਰ੍ਹਾਂ ਇੱਕ ਵੱਡਾ ਕਸਬਾ ਹੁੰਦਾ ਸੀ, ਜੋ ਸੰਨ 1947 ਦੀ ਵੰਡ ਸਮੇਂ ਉੱਜੜ ਗਿਆ ਪਰ ਫਿਰ ਵੀ ਇਸ ਨੂੰ ਪੰਜਾਬ ਦੇ ਇੱਕ ਇਤਿਹਾਸਕ ਕਸਬੇ ਵਜੋਂ ਜਾਣਿਆ ਜਾਂਦਾ ਹੈ।
ਬੁੱਢੇ ਨਾਲੇ ਬਾਰੇ ਇਤਿਹਾਸ ਇਹ ਵੀ ਦੱਸਦਾ ਹੈ ਕਿ ਆਜ਼ਾਦੀ ਮਗਰੋਂ ਵਿਕਾਸ ਦੀ ਰਫ਼ਤਾਰ ਜਿਉਂ-ਜਿਉਂ ਤੇਜ਼ ਹੁੰਦੀ ਗਈ, ਤਿਉਂ-ਤਿਉਂ ਇਹ ਨਾਲਾ ਹੋਰ ਬੁੱਢਾ ਅਤੇ ਪ੍ਰਦੂਸ਼ਿਤ ਹੁੰਦਾ ਚਲਾ ਗਿਆ। ਅੱਜ ਜੇ ਅਸੀਂ ਮਾਛੀਵਾੜੇ ਤੋਂ ਲੈ ਕੇ ਲੁਧਿਆਣੇ ਤੱਕ ਦੇ ਬੇਟ ਦੇ ਇਲਾਕੇ ਦੀ ਗੱਲ ਕਰੀਏ ਤਾਂ ਵਿਕਾਸ ਪੱਖੋਂ ਇਹ ਸਾਰਾ ਖੇਤਰ ਵੱਖ-ਵੱਖ ਉਦਯੋਗਾਂ ਅਤੇ ਛੋਟੇ ਕਾਰਖਾਨਿਆਂ ਨਾਲ ਭਰਿਆ ਪਿਆ ਹੈ ਪਰ ਇਸ ਅੰਨ੍ਹੇਵਾਹ ਵਿਕਾਸ ਨੇ ਬੁੱਢੇ ਨਾਲੇ ਦੀ ਹਾਲਤ ਨੂੰ ਬਹੁਤ ਖਸਤਾ ਕਰ ਦਿੱਤਾ ਹੈ। ਭਾਵੇਂ ਅੱਜ ਅਸੀਂ ਇਸ ਬੁੱਢੇ ਨਾਲੇ ਨੂੰ ਉਸ ਦੀ ਮੁੱਢਲੀ ਜਵਾਨੀ ਅਤੇ ਕੁਦਰਤੀ ਸ਼ੁੱਧਤਾ ਵਿੱਚ ਵਾਪਸ ਨਹੀਂ ਲਿਆ ਸਕਦੇ, ਪਰ ਜੇਕਰ ਸਰਕਾਰਾਂ, ਪ੍ਰਸ਼ਾਸਨ ਅਤੇ ਆਮ ਲੋਕ ਸੁਹਿਰਦ ਹੋ ਕੇ ਹੰਭਲਾ ਮਾਰਨ ਤਾਂ ਇਸ ਨੂੰ ਚੰਗੀ ਸੰਭਾਲ ਅਤੇ ਸਾਰਥਕ ਉਪਰਾਲਿਆਂ ਨਾਲ ਸੁਰਜੀਤ ਜ਼ਰੂਰ ਕੀਤਾ ਜਾ ਸਕਦਾ ਹੈ। ਆਖ਼ਰਕਾਰ ਇਸ ਕੁਦਰਤੀ ਸਰੋਤ ਦੀ ਸੁਚੱਜੀ ਸੰਭਾਲ ਵਿੱਚ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਅਸਲ ਭਲਾ ਨਿਹਿਤ ਹੈ।
ਸੰਪਰਕ: 98764-52223

