ਮਾਨਸਿਕ ਤੰਦਰੁਸਤੀ

ਬੋਰੀਅਤ ਦੀ ਬੋਰੀਅਤ

ਬੋਰੀਅਤ ਦੀ ਬੋਰੀਅਤ

ਨਰਿੰਦਰ ਸਿੰਘ ਕਪੂਰ

ਉਤਸ਼ਾਹ ਦੀ ਅਣਹੋਂਦ ਨੂੰ ਬੋਰੀਅਤ ਕਹਿੰਦੇ ਹਨ। ਬੋਰੀਅਤ, ਢਹਿੰਦੀਕਲਾ ਅਤੇ ਪਾਗਲਪਣ ਮਨ ਦੀਆਂ ਉਦਾਸ ਅਤੇ ਦੁਖੀ ਕਰਨ ਵਾਲੀਆਂ ਹਾਲਤਾਂ ਹੁੰਦੀਆਂ ਹਨ। ਕੋਈ ਵੀ ਵਿਅਕਤੀ ਲਗਾਤਾਰ ਪ੍ਰਸੰਨ ਨਹੀਂ ਹੋ ਸਕਦਾ ਅਤੇ ਕੋਈ ਲਗਾਤਾਰ ਬੋਰ, ਉਦਾਸ ਜਾਂ ਦੁਖੀ ਵੀ ਨਹੀਂ ਹੋ ਸਕਦਾ। ਜੇ ਪ੍ਰਸੰਨਤਾ ਅਤੇ ਉਦਾਸੀ ਬੇਮੁਹਾਰ ਹੋ ਜਾਣ ਤਾਂ ਮਨੁੱਖ ਵਿਚ ਪਾਗਲਪਣ ਦੇ ਲੱਛਣ ਉਭਰਨ ਲੱਗ ਪੈਂਦੇ ਹਨ। ਪਾਗਲਪਣ ਦੇ ਲੱਛਣਾਂ ਦਾ ਵਿਅਕਤੀ ਨੂੰ ਆਪ ਪਤਾ ਨਹੀਂ ਲੱਗਦਾ, ਇਸ ਦੀ ਪਛਾਣ ਦੂਜੇ ਕਰਦੇ ਹਨ। ਅਜਿਹਾ ਵਿਅਕਤੀ ਜੋ ਵਾਪਰ ਰਿਹਾ ਹੁੰਦਾ ਹੈ, ਉਸ ਦਾ ਵਿਰੋਧ ਕਰਨ ਲੱਗ ਪੈਂਦਾ ਹੈ। ਉਸ ਦੇ ਹਰੇਕ ਗੱਲ ਅਤੇ ਹਰੇਕ ਬੰਦੇ ਬਾਰੇ ਸ਼ਿਕਾਇਤਾਂ ਅਤੇ ਇਤਰਾਜ਼ ਵਧ ਜਾਂਦੇ ਹਨ। ਜੇ ਅਜਿਹੇ ਵਿਅਕਤੀ ਨੂੰ ਕੁਝ ਖਰੀਦਣ ਲਈ ਭੇਜੋ, ਪਹਿਲਾਂ ਤਾਂ ਜਾਏਗਾ ਹੀ ਨਹੀਂ, ਜੇ ਜਾਏਗਾ ਤਾਂ ਕਿਧਰੇ ਹੋਰ ਨਿਕਲ ਜਾਵੇਗਾ ਅਤੇ ਦੇਰ ਨਾਲ ਮੁੜੇਗਾ, ਜੋ ਖਰੀਦਣ ਲਈ ਭੇਜਿਆ ਜਾਂਦਾ ਹੈ, ਉਹ ਖਰੀਦੇ ਬਿਨਾਂ ਹੀ ਮੁੜ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਉਹ ਚੀਜ਼ ਮਿਲੀ ਨਹੀਂ ਜਾਂ ਪਸੰਦ ਨਹੀਂ ਆਈ। ਉਹ ਘਰ ਦੇ ਅੰਦਰ ਰਹਿਣ ਅਤੇ ਲੇਟੇ ਰਹਿਣ ਨੂੰ ਤਰਜੀਹ ਦਿੰਦਾ ਹੈ। ਉਹ ਹੱਥ ਧੋਂਦਾ ਹੈ ਤਾਂ ਧੋਈ ਜਾਂਦਾ ਹੈ, ਬੈਠਦਾ ਹੈ ਤਾਂ ਬੈਠਾ ਹੀ ਰਹਿੰਦਾ ਹੈ। ਜੋ ਵਾਪਰਿਆ ਹੁੰਦਾ ਹੈ, ਉਸ ਬਾਰੇ ਨੁਕਸ ਕੱਢਦਾ ਹੈ, ਜੋ ਨਹੀਂ ਵਾਪਰਿਆ ਹੁੰਦਾ, ਉਸ ਬਾਰੇ ਚਿੰਤਾ ਕਰਦਾ ਹੈ। ਹੋਰਾਂ ਨੂੰ ਲੱਗਦਾ ਹੈ ਜਿਵੇਂ ਊਹ ਲੜਨ ਦੇ ਬਹਾਨੇ ਲੱਭ ਰਿਹਾ ਹੈ। ਖ਼ੁਸ਼ੀ ਦੇ ਸਮਾਗਮ ਵਿਚ ਸ਼ਾਮਲ ਨਹੀਂ ਹੁੰਦਾ ਅਤੇ ਔਖੇ ਵੇਲਿਆਂ ਦੀਆਂ ਸੰਦਰਭ ਤੋਂ ਟੁੱਟੀਆਂ ਗੱਲਾਂ ਕਰਦਾ ਹੈ। ਇਹ ਉਦਾਸ ਅਤੇ ਦੁਖੀ ਹੋ ਕੇ ਆਪਣੇ ਆਪ ਨੂੰ ਮਹੱਤਵਪੂਰਨ ਸਮਝਦੇ ਹਨ। ਇਨ੍ਹਾਂ ਲਈ ਹਰ ਨਵਾਂ ਦਿਨ ਨਵੀਂ ਮੁਸੀਬਤ ਹੁੰਦੀ ਹੈ, ਹਰ ਕੰਮ ਜੱਦੋਜਹਿਦ ਹੁੰਦਾ ਹੈ। ਕਿਸੇ ਨੂੰ ਪ੍ਰਸੰਨ ਵੇਖ ਕੇ ਇਹ ਉਦਾਸੀ ਦੇ ਖੂਹ ਵਿਚ ਉਤਰ ਜਾਂਦੇ ਹਨ। ਇਹ ਬੋਰੀਅਤ ਤੋਂ ਪ੍ਰੇਸ਼ਾਨ ਹੁੰਦੇ ਹਨ।

ਮਨੁੱਖ ਸਮਾਜਿਕ ਜੀਵ ਹੈ। ਇਹ ਹੋਰਾਂ ਨਾਲ ਰਲ ਕੇ ਰਹਿਣ ਨਾਲ ਪ੍ਰਸੰਨ ਅਤੇ ਤੰਦਰੁਸਤ ਰਹਿੰਦਾ ਹੈ। ਚੰਗੀ ਤਰ੍ਹਾਂ ਜਿਊਣਾ ਸਭ ਕੰਮਾਂ ਤੋਂ ਵਧੇਰੇ ਮਹੱਤਵਪੂਰਨ ਹੁੰਦਾ ਹੈ। ਕਈਆਂ ਕੋਲ ਪੈਸਾ ਅਤੇ ਚੀਜ਼ਾਂ ਬਹੁਤੀਆਂ ਨਹੀਂ ਹੁੰਦੀਆਂ, ਪਰ ਉਨ੍ਹਾਂ ਕੋਲ ਆਪ ਕਰਨ ਵਾਲਾ ਅਤੇ ਹੋਰਾਂ ਨੂੰ ਦੇਣ ਵਾਲਾ ਬੜਾ ਕੁਝ ਹੁੰਦਾ ਹੈ। ਇਹ ਖਾਲੀ ਜੇਬ੍ਹ ਨਾਲ ਵੀ ਧਨਾਢਾਂ ਵਾਂਗ ਵਿਚਰਦੇ ਹਨ। ਜੇ ਕਿਸੇ ਦਾ ਭਾਂਡਾ ਖਾਲੀ ਹੋਵੇ ਤਾਂ ਅਰਥ ਇਹ ਨਹੀਂ ਕਿ ਉਹ ਮੰਗਣ ਚਲਿਆ ਹੈ। ਹੋ ਸਕਦਾ ਹੈ ਸਭ ਕੁਝ ਵੰਡ ਕੇ ਆਇਆ ਹੋਵੇ। ਲੌਕਡਾਊਨ ਇਕ ਵਿਸ਼ਵ-ਵਿਆਪੀ ਸੰਕਟ ਵਾਲੀ ਸਥਿਤੀ ਹੈ। ਸੰਕਟ ਦੌਰਾਨ ਜੇ ਪਰਿਵਾਰ ਆਪਣੇ ਘਰ ਵਿਚ ਹੋਵੇ ਤਾਂ ਉਸ ਵਿਚ ਤਣਾਓ ਅਤੇ ਦਬਾਓ ਬਰਦਾਸ਼ਤ ਕਰਨ ਦੀ ਸ਼ਕਤੀ ਵਧੇਰੇ ਹੁੰਦੀ ਹੈ। ਪਰਵਾਸੀ ਮਜ਼ਦੂਰ ਇਸੇ ਲਈ ਆਪਣੇ ਘਰਾਂ ਲਈ ਪੈਦਲ ਹੀ ਚੱਲਣ ਨੂੰ ਤਰਜੀਹ ਦਿੰਦੇ ਹਨ। ਜੇ ਪਰਿਵਾਰ ਇਕੱਠਾ ਹੋਵੇ ਤਾਂ ਘਰ ਇਕ ਕਿਲਾ ਬਣ ਜਾਂਦਾ ਹੈ। ਵਖਰੇਵੇਂ ਮੁੱਕ ਜਾਂਦੇ ਹਨ, ਸਾਂਝਾਂ ਜਾਗ ਪੈਂਦੀਆਂ ਹਨ। ਸੰਕਟ ਜਾਂ ਅਕੇਵੇਂ ਨਾਲ ਨਜਿੱਠਣ ਲਈ ਅੰਤਰੀਵ ਸਰੋਤ ਅਤੇ ਪਰਿਵਾਰਕ ਸਰੋਤ ਨਾ ਹੋਣ ਤਾਂ ਬਾਹਰੀ ਸਰੋਤ ਵੀ ਅਸਰ ਨਹੀਂ ਕਰਦੇ। ਸੰਕਟ ਦੌਰਾਨ, ਜੀਵਨ ਨਹੀਂ, ਹੋਂਦ ਮਹੱਤਵਪੂਰਨ ਹੋ ਜਾਂਦੀ ਹੈ। ਭੋਜਨ, ਪਹਿਰਾਵਾ ਆਦਿ ਸਭ ਕੁਝ ਨਿਊਨਤਮ ਪੱਧਰ ਅਤੇ ਮਾਤਰਾ ਵਾਲਾ ਹੋ ਜਾਂਦਾ ਹੈ। ਕਾਰਨ ਇਹ ਹੈ ਕਿ ਜੇ ਸਥਿਤੀ ਵਿਚ ਊਤਸ਼ਾਹ ਨਾ ਹੋਵੇ ਤਾਂ ਕੁਝ ਚੰਗਾ ਨਹੀਂ ਲੱਗਦਾ। ਬੋਰੀਅਤ ਜਾਂ ਅਕੇਵੇਂ ਵਿਚ ਆਲਾ-ਦੁਆਲਾ ਹੀ ਬਿਮਾਰ ਨਹੀਂ ਲੱਗਦਾ, ਮਨੁੱਖ ਆਪਣੇ ਆਪ ਨੂੰ ਵੀ ਕੋਝਾ ਮਹਿਸੂਸ ਕਰਦਾ ਹੈ ਅਤੇ ਜਾਇਦਾਦ, ਅਹੁਦੇ ਆਦਿ ਦਾ ਮਾਣ ਮੁੱਕ ਜਾਂਦਾ ਹੈ। ਕਰੋਨਾ ਦੀ ਬਿਮਾਰੀ ਸਬੰਧੀ ਹਰੇਕ ਵਿਅਕਤੀ ਸੁਚੇਤ ਹੈ। ਇਸ ਰੋਗ ਦਾ ਸਭ ਤੋਂ ਦੁਖਦਾਈ ਪੱਖ ਇਹ ਹੈ ਕਿ ਇਸ ਦਾ ਕੋਈ ਇਲਾਜ ਨਹੀਂ। ਜਦੋਂ ਲੋਕ ਵੱਡੀ ਗਿਣਤੀ ਵਿਚ ਮਰ ਰਹੇ ਹੋਣ ਤਾਂ ਮਨੁੱਖ ਉਨ੍ਹਾਂ ਦੇ ਮਰਨ ਬਾਰੇ ਨਹੀਂ ਸੋਚਦਾ, ਸੋਚਦਾ ਹੈ ਕਿ ਕੀ ਮੈਂ ਬਚ ਸਕਾਂਗਾ ਕਿ ਮੈਂ ਮਰ ਜਾਵਾਂਗਾ। ਮਰਨ ਦਾ ਤਣਾਓ ਅਤੇ ਤੌਖ਼ਲਾ ਏਨਾ ਪ੍ਰੇਸ਼ਾਨ ਕਰਦਾ ਹੈ ਕਿ ਤਣਾਓ ਤੋਂ ਮੁਕਤ ਹੋਣ ਲਈ ਮਨੁੱਖ ਮਰਨ ਲਈ, ਆਤਮਘਾਤ ਕਰਨ ਲਈ ਤਿਆਰ ਹੋ ਜਾਂਦਾ ਹੈ। ਮਾਨਸਿਕ ਸੰਤੁਲਨ ਦੇ ਵਿਗੜਨ ਕਾਰਨ ਦੁਰਘਟਨਾਵਾਂ ਅਤੇ ਹਾਦਸੇ ਵਧ ਜਾਂਦੇ ਹਨ। ਕਰੋਨਾ ਦੀ ਬਿਮਾਰੀ ਦਾ ਸੰਕਟ ਹਰ ਕਿਸੇ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਹਾਲਤ ਵਿਚ ਪਾਗਲ ਹੋਣ ਤੋਂ ਬਚਣਾ ਹੀ ਸਭ ਤੋਂ ਵੱਡਾ ਕੰਮ ਬਣ ਜਾਂਦਾ ਹੈ। ਉਂਜ ਜੀਵਨ ਦੀ ਕੋਈ ਵੀ ਸਥਿਤੀ ਹੋਵੇ, ਮੌਤ ਨਾਲੋਂ ਜੀਵਨ ਦੀ ਖਿੱਚ ਵਧੇਰੇ ਹੁੰਦੀ ਹੈ, ਪਰ ਅਜੋਕੀ ਸਥਿਤੀ ਵਿਚ ਮੌਤ ਦਾ ਭੈਅ ਬੜਾ ਨਿਰਦਈ ਹੈ ਕਿਉਂਕਿ ਹਰ ਕੋਈ ਗੋਤੇ ਖਾਣ ਵਾਲੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਬੋਰੀਅਤ ਤੋਂ ਪ੍ਰੇਸ਼ਾਨ ਹੈ।

ਮਨੁੱਖੀ ਜੀਵਨ ਦੀਆਂ ਚਾਰ ਮੁੱਖ ਹਾਲਤਾਂ ਹੁੰਦੀਆਂ ਹਨ: ਸਰੀਰਕ, ਭਾਵਕ, ਬੌਧਿਕ ਅਤੇ ਆਤਮਿਕ। ਸਰੀਰਕ ਹੋਂਦ ਜੀਵਨ ਦਾ ਬੁਨਿਆਦੀ ਪੱਖ ਹੈ ਅਤੇ ਮੁਨੱਖ ਦੀ ਤਸੱਲੀ ਦਾ ਮੁੱਢਲਾ ਆਧਾਰ ਹੈ। ਸਰੀਰਕ ਪੱਖੋਂ ਕਮਜ਼ੋਰ ਵਿਅਕਤੀ ਜਲਦੀ ਅੱਕ-ਥੱਕ ਜਾਂਦਾ ਹੈ। ਉਸ ਨੂੰ ਦੂਜੇ ਆਪਣੇ ਨਾਲ ਰਲਾਉਂਦੇ ਨਹੀਂ ਕਿਉਂਕਿ ਉਸ ਦਾ ਯੋਗਦਾਨ ਘੱਟ ਅਤੇ ਉਸ ਦੀਆਂ ਲੋੜਾਂ ਵਧੇਰੇ ਹੁੰਦੀਆਂ ਹਨ। ਸਰੀਰਕ ਤੰਦਰੁਸਤੀ ਦੇ ਚਾਰ ਮੁੱਖ ਲੱਛਣ ਹੁੰਦੇ ਹਨ: ਖਲੋ ਸਕਣਾ, ਟੁਰ ਸਕਣਾ, ਬੈਠ ਸਕਣਾ ਅਤੇ ਲੇਟ ਸਕਣਾ। ਜੇਕਰ ਇਨ੍ਹਾਂ ਵਿਚੋਂ ਇਕ ਵੀ ਕਮਜ਼ੋਰ ਹੋਵੇ ਤਾਂ ਅਜਿਹਾ ਵਿਅਕਤੀ ਸਾਂਭਣਾ ਪੈਂਦਾ ਹੈ। ਇਹ ਹੋਰਾਂ ਲਈ ਰੁਕਾਵਟ ਬਣਦਾ ਹੈ। ਅਜਿਹਾ ਵਿਅਕਤੀ ਆਜ਼ਾਦ ਨਹੀਂ ਹੁੰਦਾ। ਸਰੀਰਕ ਸਿਹਤ ਉਪਰੰਤ ਦੂਜਾ ਪੱਖ ਭਾਵਕ ਤੰਦਰੁਸਤੀ ਹੁੰਦੀ ਹੈ। ਭਾਵਕ ਪੱਖੋਂ ਤੰਦਰੁਸਤ ਵਿਅਕਤੀ ਬੋਰੀਅਤ ਨੂੰ ਖਿੜੇ-ਮੱਥੇ ਬਰਦਾਸ਼ਤ ਕਰਦਾ ਹੈ, ਘਬਰਾਉਂਦਾ ਨਹੀਂ, ਇਸ ਦੇ ਪੈਰ ਨਹੀਂ ਉਖੜਦੇ, ਇਹ ਸਥਿਤੀ ’ਤੇ ਕਾਬੂ ਪਾ ਲੈਂਦਾ ਹੈ। ਦ੍ਰਿੜ੍ਹਤਾ, ਸਿਦਕ ਅਤੇ ਸਿਰੜ ਮਨੁੱਖ ਦੀ ਸੰਕਟ ਵਿਚ ਢਾਲ ਬਣਦੇ ਹਨ। ਵਿਸ਼ੇਸ਼ ਕਰਕੇ ਬੁਢਾਪੇ ਵਿਚ ਜੇ ਵਿਅਕਤੀ ਦੀ ਦੇਖਭਾਲ ਹੁੰਦੀ ਰਹੇ ਤਾਂ ਉਹ ਭਾਵਕ ਪੱਖੋਂ ਆਪ ਤੰਦਰੁਸਤ ਰਹਿੰਦਾ ਹੈ ਅਤੇ ਹੋਰਾਂ ਨੂੰ ਡੋਲਣ ਨਹੀਂ ਦਿੰਦਾ। ਬਜ਼ੁਰਗ ਦੀ ਹਾਜ਼ਰੀ ਸਮੁੱਚੇ ਪਰਿਵਾਰ ਲਈ ਹੌਸਲੇ ਅਤੇ ਸਬਰ ਦਾ ਸਰੋਤ ਬਣਦੀ ਹੈ। ਜਿਨ੍ਹਾਂ ਪਰਿਵਾਰਾਂ ਵਿਚ ਬਜ਼ੁਰਗ ਹੁੰਦੇ ਹਨ, ਊਹ ਬੱਚੇ ਆਤਮਘਾਤ ਨਹੀਂ ਕਰਦੇ। ਬਜ਼ੁਰਗ, ਪਰਿਵਾਰ ਦਾ ਸੇਫਟੀਵਾਲਵ ਹੁੰਦੇ ਹਨ। ਤੀਜਾ ਪੱਖ ਬੌਧਿਕ ਸੰਤੁਲਨ ਹੁੰਦਾ ਹੈ। ਬੌਧਿਕ ਸ਼ਕਤੀ ਨਾਲ ਮਨੁੱਖ ਸਮੱਸਿਆ ਨੂੰ ਸਮਝਦਾ ਅਤੇ ਉਸ ਨੂੰ ਹੱਲ ਕਰਨ ਦੀ ਵਿਉਂਤ ਬਣਾਉਂਦਾ ਹੈ। ਜੇ ਵਿਅਕਤੀ ਬੌਧਿਕ ਪੱਖੋਂ ਤੰਦਰੁਸਤ ਹੋਵੇ ਤਾਂ ਉਹ ਆਪਣੀਆਂ ਹੀ ਨਹੀਂ, ਹੋਰਾਂ ਦੀਆਂ ਵੀ ਸਮੱਸਿਆਵਾਂ ਹੱਲ ਕਰਦਾ ਹੈ। ਬੌਧਿਕ ਪੱਖੋਂ ਤੰਦਰੁਸਤ ਵਿਅਕਤੀ ਬੋਰੀਅਤ ਦਾ ਸ਼ਿਕਾਰ ਨਹੀਂ ਹੁੰਦੇ ਕਿਉਂਕਿ ਉਹ ਆਪਣੇ ਲਈ ਰੁਝੇਵੇਂ ਉਪਜਾਉਂਦੇ ਰਹਿੰਦੇ ਹਨ। ਜੇ ਵਿਅਕਤੀ ਬੌਧਿਕ ਪੱਖੋਂ ਰਿਸ਼ਟ-ਪੁਸ਼ਟ ਨਾ ਹੋਵੇ ਤਾਂ ਉਹ ਤਿੰਨ ਚੀਜ਼ਾਂ ਪਸੰਦ ਨਹੀਂ ਕਰਦਾ। ਉਹ ਸੋਚਣਾ ਪਸੰਦ ਨਹੀਂ ਕਰਦਾ, ਉਸ ਕੋਲ ਵਿਚਾਰ ਨਹੀਂ ਹੁੰਦੇ। ਉਹ ਟੈਲੀਵਿਜ਼ਨ ਵਧੇਰੇ ਵੇਖਦਾ ਹੈ। ਟੈਲੀਵਿਜ਼ਨ ਵਿਖਾਉਂਦਾ ਬਹੁਤ ਕੁਝ ਹੈ, ਪਰ ਸੋਚਣ ਦੀ ਆਦਤ ਖੋਹ ਲੈਂਦਾ ਹੈ ਅਤੇ ਬੌਧਿਕ ਪੱਖੋਂ ਵਿਕਲਾਂਗ ਬਣਾ ਲੈਂਦਾ ਹੈ। ਇਹ ਲੋਕ ਬੋਰ ਆਪ ਹੁੰਦੇ ਹਨ ਅਤੇ ਬੋਰੀਅਤ ਦਾ ਦੋਸ਼ ਹੋਰਾਂ ’ਤੇ ਲਾਉਂਦੇ ਹਨ। ਇਹ ਕਿਸੇ ਕੰਮ ਨੂੰ ਕਰਨ ਦਾ ਠੀਕ ਢੰਗ ਨਹੀਂ ਅਪਣਾਉਂਦੇ, ਹਦਾਇਤਾਂ ਵੱਲ ਧਿਆਨ ਨਹੀਂ ਦਿੰਦੇ, ਧਿਆਨ ਨਾਲ ਸੁਣਦੇ ਨਹੀਂ। ਇਹ ਸੌਖਿਆਂ ਚਿੜ ਜਾਂਦੇ ਹਨ, ਇਨ੍ਹਾਂ ਨਾਲ ਰਹਿਣਾ ਸੌਖਾ ਨਹੀਂ ਹੁੰਦਾ। ਮਨੁੱਖੀ ਵਿਹਾਰ ਦਾ ਚੌਥਾ ਪੱਖ ਆਤਮਕ ਤੰਦਰੁਸਤੀ ਹੁੰਦਾ ਹੈ। ਆਤਮਕ ਤੰਦਰੁਸਤੀ ਦੇ ਅਰਥ ਪਾਠ ਕਰਨਾ ਜਾਂ ਭਜਨ-ਕੀਰਤਨ ਸੁਣਨਾ-ਕਰਨਾ ਨਹੀਂ, ਇਸ ਦੇ ਅਰਥ ਹਨ: ਹੋਰਨਾਂ ਦਾ ਧਿਆਨ ਰੱਖਣਾ, ਸਨੇਹਪੂਰਨ ਵਰਤਾਓ ਕਰਨਾ ਅਤੇ ਸਹਿਯੋਗ ਦੇਣਾ। ਇਹ ਸ਼ਾਂਤ ਹੁੰਦੇ ਹਨ, ਗੁੱਸੇ ਨੂੰ ਕਾਬੂ ਵਿਚ ਰੱਖਦੇ ਹਨ, ਇਹ ਬੁੱਢਿਆਂ ਵਾਲੀਆਂ ਸ਼ਿਕਾਇਤਾਂ ਨਹੀਂ ਕਰਦੇ, ਬਜ਼ੁਰਗਾਂ ਵਾਲੀ ਪ੍ਰੇਰਨਾ ਦਿੰਦੇ ਹਨ। ਜੇਕਰ ਪਿਤਾ, ਪਿਤਾ ਵਾਲੇ ਅਤੇ ਮਾਂ, ਮਾਂ ਵਾਲੇ ਕਰਤੱਵ ਨਿਭਾਏ ਤਾਂ ਇਹ ਉਨ੍ਹਾਂ ਦੇ ਆਤਮਕ ਪੱਖੋਂ ਤੰਦਰੁਸਤ ਹੋਣ ਦਾ ਪ੍ਰਮਾਣ ਹੁੰਦਾ ਹੈ। ਜੇ ਮਨੁੱਖ ਵਿਚ ਇਹ ਚਾਰ ਪੱਖ ਤੰਦਰੁਸਤ ਹੋਣ ਤਾਂ ਉਹ ਸਾਰੇ ਰਿਸ਼ਤਿਆਂ, ਕਰਤਵਾਂ, ਕਾਰਜਾਂ ਆਦਿ ਨੂੰ ਸਫ਼ਲਤਾ ਨਾਲ ਨਿਭਾਉਂਦਾ ਹੈ। ਉਸ ਨੂੰ ਵਿਸ਼ਵਾਸ ਹੁੰਦਾ ਹੈ ਕਿ ਇਹ ਸੰਕਟ ਵੀ ਗੁਜ਼ਰ ਜਾਵੇਗਾ। ਅਜਿਹਾ ਵਿਅਕਤੀ ਬੋਰੀਅਤ ਦਾ ਸ਼ਿਕਾਰ ਨਹੀਂ ਹੁੰਦਾ।

ਬਹੁਤ ਚੁਸਤ ਲੋਕਾਂ ਨੂੰ ਸੰਸਾਰ ਸੁਸਤ ਲੱਗਦਾ ਹੈ, ਪਰ ਇਹ ਅੱਕ ਜਲਦੀ ਜਾਂਦੇ ਹਨ ਕਿਉਂਕਿ ਇਨ੍ਹਾਂ ਨੂੰ ਜਿੰਨੀ ਉਤੇਜਨਾ ਦੀ ਲੋੜ ਹੁੰਦੀ ਹੈ, ਊਹ ਪ੍ਰਾਪਤ ਨਹੀਂ ਹੁੰਦੀ। ਇਸ ਪੱਖੋਂ ਅੱਕਿਆ ਹੋਇਆ ਵਿਅਕਤੀ ਦੱਸ ਨਹੀਂ ਸਕਦਾ ਕਿ ਉਸ ਦੀ ਸਮੱਸਿਆ ਕੀ ਹੈ। ਇਨ੍ਹਾਂ ਦੇ ਜੀਵਨ ਵਿਚ ਕਾਹਲ ਹੁੰਦੀ ਹੈ, ਇਹ ਭੱਜੇ ਫਿਰਦੇ ਹਨ। ਜੇ ਮਨੁੱਖ ਆਪਣੇ ਕੰਮ ਵੱਲ ਢੁਕਵਾਂ ਧਿਆਨ ਦੇਵੇ ਤਾਂ ਉਸ ਨੂੰ ਅਕੇਵਾਂ ਨਹੀਂ ਹੁੰਦਾ। ਮਹਿਲਾਵਾਂ, ਪੁਜਾਰੀ, ਭਾਈ, ਮਾਲੀ ਆਦਿ ਇਸ ਲਈ ਲੰਮਾ ਜੀਵਨ ਜਿਊਂਦੇ ਹਨ ਕਿਉਂਕਿ ਇਹ ਹੋਰਾਂ ਦੇ ਮੁਕਾਬਲੇ ਸੁਰੱਖਿਅਤ ਵਾਤਾਵਰਣ ਵਿਚ ਅਤੇ ਨੇਮਬੱਧ ਜੀਵਨ ਜਿਊਂਦੇ ਹਨ। ਸਮਾਜ ਵਿਚ ਮਹੱਤਵਪੂਰਨ ਪੁਰਸ਼ ਹੁੰਦੇ ਹਨ, ਪਰ ਵਧੇਰੇ ਗੱਲਾਂ ਅਕਸਰ ਮਹਿਲਾਵਾਂ ਬਾਰੇ ਕੀਤੀਆਂ ਜਾਂਦੀਆਂ ਹਨ। ਊਮਰ ਦਾ ਸਾਡੇ ਸਮੁੱਚੇ ਵਿਹਾਰ ’ਤੇ ਗੂੜ੍ਹਾ ਪ੍ਰਭਾਵ ਪੈਂਦਾ ਹੈ। ਜਵਾਨੀ ਵਿਚ ਰਾਤਾਂ ਚੰਗੀਆਂ ਲੱਗਦੀਆਂ ਹਨ, ਬੁਢਾਪੇ ਵਿਚ ਸਵੇਰਾ। ਇਸਤਰੀਆਂ ਹੋਰਾਂ ਵੱਲੋਂ ਆਪਣੇ ਬਾਰੇ ਗੱਲਾਂ ਕੀਤੀਆਂ ਜਾਣੀਆਂ ਪਸੰਦ ਨਹੀਂ ਕਰਦੀਆਂ, ਪਰ ਉਹ ਆਪਣੇ ਕੀਤੇ-ਕਹੇ ਦੀ ਪ੍ਰਸੰਸਾ ਸੁਣਨ ਦੀਆਂ ਚਾਹਵਾਨ ਹੁੰਦੀਆਂ ਹਨ। ਜਿਸ ਦੀ ਪ੍ਰਸੰਸਾ ਹੁੰਦੀ ਰਹੇ ਉਹ ਬੋਰੀਅਤ ਤੋਂ ਬਚਿਆ ਰਹਿੰਦਾ ਹੈ। ਕੁਝ ਰਿਸ਼ਤੇ, ਰਿਸ਼ਤੇ ਹੋਣ ਕਾਰਨ ਚੁੱਪ ਰਹਿੰਦੇ ਹਨ, ਕੁਝ ਲੋਕ ਚੁੱਪ ਹੁੰਦੇ ਹਨ ਇਸ ਲਈ ਉਨ੍ਹਾਂ ਨਾਲ ਰਿਸ਼ਤੇ ਨਿਭਦੇ ਹਨ। ਰਿਸ਼ਤੇ ਨਿਭਾਉਣ ਵਾਲਾ ਵਿਅਕਤੀ ਚੜ੍ਹਦੀਕਲਾ ਵਿਚ ਰਹਿੰਦਾ ਹੈ। ਲੰਗਰ ਵਰਤਾਉਣ ਵਾਲਿਆਂ ਵਿਚ ਆਪ ਰੱਜੇ ਹੋਣ ਕਾਰਨ, ਹੋਰਾਂ ਨੂੰ ਰਜਾਉਣ ਵਿਚ ਦਿਲਚਸਪੀ ਹੁੰਦੀ ਹੈ। ਵਪਾਰ ਪੁਰਸ਼ਾਂ ਨੂੰ ਅੱਕਣ-ਥੱਕਣ ਨਹੀਂ ਦਿੰਦਾ। ਘਰੇਲੂ ਰੁਝੇਵੇਂ ਇਸਤਰੀਆਂ ਨੂੰ ਉਦਾਸ-ਉਪਰਾਮ ਨਹੀਂ ਹੋਣ ਦਿੰਦੇ। ਦੋਧੀਆਂ ਅਤੇ ਅਖ਼ਬਾਰਾਂ ਵੰਡਣ ਵਾਲਿਆਂ ਨੂੰ ਬਿਮਾਰ ਹੋਣ ਲਈ ਦਿਨ ਨਹੀਂ ਲੱਭਦਾ। ਅਖ਼ਬਾਰਾਂ ਰਾਜਸੀ ਬੰਦਿਆਂ ਨੂੰ ਰੁਝਾਈ ਤੇ ਭਜਾਈ ਰੱਖਦੀਆਂ ਹਨ। ਜ਼ਿੰਮੇਵਾਰੀਆਂ, ਕੰਮ ਅਤੇ ਰੁਝੇਵੇਂ ਬੋਰੀਅਤ ਦਾ ਇਲਾਜ ਹੀ ਨਹੀਂ ਹੁੰਦੇ, ਇਹ ਬੋਰੀਅਤ ਉਪਜਣ ਹੀ ਨਹੀਂ ਦਿੰਦੇ। ਲੌਕਡਾਊਨ ਦੌਰਾਨ ਸਭ ਤੋਂ ਵਧੇਰੇ ਹਾਲ-ਦੁਹਾਈ ਸ਼ਰਾਬੀਆਂ ਨੇ ਪਾਈ ਹੈ ਅਤੇ ਸਭ ਤੋਂ ਵਧੇਰੇ ਭੁੱਖ, ਦੁੱਖ ਅਤੇ ਨਿਰਾਸਤਾ ਮਜ਼ੂਦਰ ਵਰਗ ਨੇ ਹੰਢਾਈ ਹੈ।

ਸਾਂਝੀ ਟੱਬਰਦਾਰੀ ਵਿਚ ਅਕੇਵਾਂ ਨਹੀਂ ਸੀ ਹੁੰਦਾ। ਅਕੇਵਾਂ ਵਿਅਕਤੀਵਾਦ ਨੇ ਪੈਦਾ ਕੀਤਾ ਹੈ। ਪਿੰਡਾਂ ਦੇ ਲੋਕ ਨਿਰੰਤਰ ਰੁੱਝੇ ਰਹਿਣ ਕਰਕੇ ਅਕੇਵਾਂ ਮਹਿਸੂਸ ਨਹੀਂ ਕਰਦੇ। ਮਹਿਲਾਵਾਂ ਦੇ ਕੰਮ ਮੁੱਕਦੇ ਹੀ ਨਹੀਂ। ਕਾਰਖਾਨਿਆਂ ਵਿਚ ਕੰਮ ਮਸ਼ੀਨਾਂ ਕਰਦੀਆਂ ਹਨ ਜਦੋਂਕਿ ਕਾਮੇ ਬੋਰੀਅਤ ਹੰਢਾਉਂਦੇ ਹਨ। ਕਾਨੂੰਨ ਅਨੁਸਾਰ ਮੁਜਰਿਮਾਂ ਨੂੰ ਵੱਧ ਤੋਂ ਵੱਧ ਪੰਦਰਾਂ ਦਿਨ ਕੋਠੀ ਵਿਚ ਬੰਦ ਰੱਖਿਆ ਜਾ ਸਕਦਾ ਹੈ। ਇਸ ਉਪਰੰਤ ਉਨ੍ਹਾਂ ਵਿਚ ਪਾਗਲਪਣ ਦੇ ਲੱਛਣ ਉਭਰਨ ਲੱਗ ਪੈਂਦੇ ਹਨ। ਅਕੇਵੇਂ ਦੇ ਸ਼ਿਕਾਰ ਆਗੂ ਜਾਂ ਗੱਦੀਓਂ ਲੱਥੇ ਨੇਤਾ ਕੋਈ ਅੰਦੋਲਨ ਆਰੰਭ ਦਿੰਦੇ ਹਨ। ਮਿਲਾਪ ਦੇ ਅਵਸਰ ਨਾ ਮਿਲਣ ਦੇ ਬਾਵਜੂਦ ਪ੍ਰੇਮੀ ਪ੍ਰਸੰਨ ਹੁੰਦੇ ਹਨ ਕਿਉਂਕਿ ਉਹ ਆਸਵੰਦ ਹੁੰਦੇ ਹਨ, ਪਰ ਪਤੀ ਬਣ ਕੇ ਉਹ ਵੀ ਅੱਕਣ ਲੱਗ ਪੈਂਦੇ ਹਨ। ਇਕ ਪੜਾਓ ਆ ਜਾਂਦਾ ਹੈ ਜਦੋਂ ਪਤੀ-ਪਤਨੀ ਵੱਖਰੇ-ਵੱਖਰੇ ਕਮਰੇ ਵਿਚ ਸੌਣ ਲੱਗ ਪੈਂਦੇ ਹਨ। ਮਾਵਾਂ ਦੇ ਲਾਡਲੇ, ਵਿਆਹ ਉਪਰੰਤ ਪਤਨੀ ਨਾਲੋਂ ਨਹੀਂ, ਮਾਂ ਨਾਲੋਂ ਵਿਛੋੜਾ ਭੁਗਤਦੇ ਹਨ। ਅੰਗਰੇਜ਼ੀ ਰਾਜ ਦੌਰਾਨ ਸੁਤੰਤਰਤਾ ਅੰਦੋਲਨ ਦੇ ਨਜ਼ਰਬੰਦ ਆਗੂ ਅਕੇਵੇਂ ਨੂੰ ਦੂਰ ਕਰਨ ਲਈ ਜੇਲ੍ਹ ਵਿਚ ਕਿਤਾਬਾਂ ਲਿਖਦੇ ਸਨ। ਅਜੋਕੇ ਮਨੁੱਖ ਵਿਚ ਸਭ ਕੁਝ ਬਣਿਆ-ਬਣਾਇਆ ਪ੍ਰਾਪਤ ਕਰਨ ਦੀ ਬਿਰਤੀ ਕਾਰਨ ਅਕੇਵਾਂ ਬਹੁਤ ਹੈ। ਲੌਕਡਾਊਨ ਤੋਂ ਪ੍ਰਾਪਤ ਹੋਇਆ ਅਨੁਭਵ ਸਾਡੇ ਸਮਾਗਮਾਂ, ਜਲਸਿਆਂ-ਜਲੂਸਾਂ, ਜਸ਼ਨਾਂ, ਮੇਲਿਆਂ, ਤਿਉਹਾਰਾਂ, ਪਾਰਟੀਆਂ, ਵਿਆਹਾਂ, ਭੋਗਾਂ ਆਦਿ ਸਭ ਦੇ ਸੁਭਾਅ ਨੂੰ ਬਦਲੇਗਾ। ਅਜੋਕੇ ਜੀਵਨ ਵਿਚ ਉਤੇਜਨਾ ਦੀ ਅਣਹੋਂਦ ਕਾਰਨ ਅਨੇਕਾਂ ਪੁੱਠੇ-ਸਿੱਧੇ ਅਤੇ ਹਾਸੋਹੀਣੇ ਕਾਰਜ ਕੀਤੇ ਜਾਂਦੇ ਹਨ। ਅਜੋਕੇ ਪਰਿਵਾਰਾਂ ਦੇ ਬੱਚੇ ਲਾਡ ਕਾਰਨ ਖਾਂਦੇ ਬਹੁਤ ਹਨ ਅਤੇ ਆਰਾਮ ਵਧੇਰੇ ਕਰਦੇ ਹਨ। ਕੋਈ ਕੰਮ ਨਾ ਕਰਨ ਕਰਕੇ ਦਿਮਾਗ਼ ਵਰਤਦੇ ਹੀ ਨਹੀਂ ਜਿਸ ਕਾਰਨ ਇਹ ਸੁਸਤ, ਢਿੱਲੜ ਅਤੇ ਮੋਟੇ ਹੋ ਜਾਂਦੇ ਹਨ ਅਤੇ ਸਮਾਜ-ਵਿਰੋਧੀ ਵਿਹਾਰ ਵਿਚ ਖਚਿਤ ਹੋ ਜਾਂਦੇ ਹਨ। ਜੇ ਕੁਝ ਕਰਨ ਲਈ ਨਾ ਹੋਵੇ ਤਾਂ ਮਾਨਸਿਕ ਖੜੋਤ, ਸੁਸਤੀ ਆਦਿ ਕਾਰਨ ਕੋਈ ਵੀ ਕੰਮ ਕਰਨ ਲਈ ਮਨ ਨਹੀਂ ਕਰੇਗਾ ਅਤੇ ਬੋਰੀਅਤ ਘੇਰ ਲਵੇਗੀ। ਬੋਰੀਅਤ ਸੁਸਤੀ ਨੂੰ, ਸੁਸਤੀ ਨੀਂਦਰ ਨੂੰ ਵਧਾਉਂਦੀ ਹੈ ਅਤੇ ਇਹ ਸਥਿਤੀ ਸਮੁੱਚੇ ਰੂਪ ਵਿਚ ਬੋਰੀਅਤ ਵਧਾਉਂਦੀ ਹੈ। ਬੋਰੀਅਤ ਹੁਣ ਇਕ ਵਿਸ਼ਵ-ਵਿਆਪੀ ਵਰਤਾਰਾ ਹੈ। ਬੋਰੀਅਤ, ਦਿਮਾਗ਼ੀ ਆਲਸ ਹੁੰਦਾ ਹੈ। ਇਸਤਰੀਆਂ ਨਾਲੋਂ ਪੁਰਸ਼ ਵਧੇਰੇ ਬੋਰ ਹੁੰਦੇ ਹਨ। ਸੇਵਾਮੁਕਤੀ ਉਪਰੰਤ ਬੋਰੀਅਤ ਵਿਅਕਤੀ ਨੂੰ ਘੇਰ ਲੈਂਦੀ ਹੈ ਅਤੇ ਚੌਕੀਦਾਰ ਵਾਂਗ ਅਜਿਹੇ ਵਿਅਕਤੀ ਦਾ ਵਕਤ ਗੁਜ਼ਰਦਾ ਹੀ ਨਹੀਂ। ਬੋਰੀਅਤ ਤੋਂ ਬਚਣ ਲਈ ਮਨੁੱਖ ਅਨੇਕਾਂ ਢੰਗ-ਤਰੀਕੇ ਵਰਤਦੇ ਹਨ। ਜੂਆ, ਤਾਸ਼, ਅਮਲ ਅਤੇ ਸ਼ਰਾਬ ਬੋਰੀਅਤ ਨਾਲ ਨਜਿੱਠਣ ਦੇ ਪੁਰਸ਼ਾਂ ਦੇ ਤਰੀਕੇ ਹਨ। ਉਂਜ ਕਿਹਾ ਜਾਂਦਾ ਹੈ ਕਿ ਕਿਸੇ ਚੀਜ਼ ਦਾ ਬਹੁਤ ਅਧਿਕ ਹੋਣਾ ਮਾੜਾ ਹੁੰਦਾ ਹੈ, ਪਰ ਸ਼ਰਾਬੀਆਂ ਲਈ ਸ਼ਰਾਬ ਕਦੇ ਏਨੀ ਹੁੰਦੀ ਹੀ ਨਹੀਂ ਕਿ ਇਹ ਮਾੜੀ ਹੋ ਜਾਵੇ। ਸ਼ਰਾਬੀਆਂ ਦੀ ਸੋਚ ਵੱਖਰੀ ਪੌੜੀ ਚੜ੍ਹ ਜਾਂਦੀ ਹੈ। ਸ਼ਰਾਬ ਦਾ ਇਕ ਸ਼ੌਕੀਨ ਬੋਤਲ ਲੈ ਕੇ ਮੋਟਰਸਾਈਕਲ ’ਤੇ ਜਾ ਰਿਹਾ ਸੀ, ਸੋਚਿਆ ਜੇ ਡਿੱਗ ਪਿਆ ਤਾਂ ਬੋਤਲ ਟੁੱਟ ਜਾਵੇਗੀ। ਮੋਟਰਸਾਈਕਲ ਰੋਕ ਕੇ ਉਸ ਨੇ ਸਾਰੀ ਬੋਤਲ ਪੀ ਲਈ। ਕਿਸੇ ਨੂੰ ਦੱਸ ਰਿਹਾ ਸੀ, ‘‘ਵੇਖੋ ਮੇਰਾ ਅਨੁਮਾਨ ਠੀਕ ਨਿਕਲਿਆ। ਮੋਟਰਸਾਈਕਲ ਤੋਂ ਤਿੰਨ ਵਾਰੀ ਡਿੱਗਿਆ।’’ ਲੌਕਡਾਊਨ ਦੌਰਾਨ ਸਭ ਤੋਂ ਵਧੇਰੇ ਹਾਲ-ਦੁਹਾਈ ਸ਼ਰਾਬੀਆਂ ਨੇ ਪਾਈ ਸੀ। ਸ਼ਰਾਬੀਆਂ ਦਾ ਦਿਨ ਤਾਂ ਲੰਘ ਜਾਂਦਾ ਹੈ, ਪਰ ਸ਼ਾਮ ਅਤੇ ਰਾਤ ਬਹੁਤ ਤੰਗ ਕਰਦੀ ਹੈ ਜਿਸ ਕਾਰਨ ਸ਼ਰਾਬੀ ਜਾਂ ਹੋਰ ਨਸ਼ੇ ਕਰਨ ਵਾਲੇ ਘਰਾਂ ਅੰਦਰ ਹਿੰਸਕ ਹੋ ਜਾਂਦੇ ਹਨ।

ਲੌਕਡਾਊਨ ਦੌਰਾਨ ਦੇਸ਼ ਅਤੇ ਸੰਸਾਰ ਕੇਵਲ ਮਾਨਸਿਕ ਬੋਰੀਅਤ ਵਿਚੋਂ ਹੀ ਨਹੀਂ ਲੰਘ ਰਿਹਾ ਸਗੋਂ ਡੂੰਘੇ ਵਿੱਤੀ ਸਦਮਿਆਂ ਵਿਚੋਂ ਵੀ ਗੁਜ਼ਰ ਰਿਹਾ ਹੈ। ਆਮਦਨ ਬੰਦ ਹੋਣ, ਆਵਾਜਾਈ ਵਸੀਲੇ ਰੁਕ ਜਾਣ, ਲੋਕ ਜਿੱਥੇ ਸਨ ਉੱਥੇ ਹੀ ਫਸ ਜਾਣ ਕਾਰਨ ਸਾਰਾ ਦੇਸ਼ ਅਜਿਹੀਆਂ ਮਾਨਸਿਕ ਉਲਝਣਾਂ ਵਿਚ ਲੰਘਿਆ ਹੈ ਜਿਨ੍ਹਾਂ ਦੇ ਚਰਚੇ ਲੰਮਾ ਅਰਸਾ ਹੁੰਦੇ ਰਹਿਣਗੇ। ਬੰਗਾਲ ਵਿਚ ਇਕ ਬਰਾਤ ਸੱਤਰ ਦਿਨ ਮਗਰੋਂ ਮੁੜੀ। ਦੇਸ਼ ਵੰਡ ਵੇਲੇ ਦੇ ਉਜੜੇ ਕਾਫ਼ਲਿਆਂ ਦੇ ਦੁਖਾਂਤ ਮੁੜ ਦੁਹਰਾਏ ਗਏ ਹਨ। ਜਿਹੜਾ ਜਿੱਥੇ ਸੀ ਉੱਥੇ ਹੀ ਫਸ ਗਿਆ, ਜਿਹੜਾ ਬੈਠਾ ਸੀ ਉੱਠ ਨਾ ਸਕਿਆ, ਜਿਹੜਾ ਖਲੋਤਾ ਸੀ ਉਹ ਜਾ ਨਾ ਸਕਿਆ, ਜਿਸ ਨੇ ਆਉਣਾ ਸੀ ਉਹ ਪਹੁੰਚ ਨਾ ਸਕਿਆ। ਕਿਰਾਏਦਾਰ ਕਿਰਾਇਆ ਨਾ ਦੇ ਸਕੇ, ਮਾਲਕਾਂ ਨੇ ਮਜ਼ਦੂਰਾਂ ਨੂੰ ਉਜਰਤ ਨਾ ਦਿੱਤੀ। ਲੱਖਾਂ ਮਜ਼ਦੂਰ ਭੁੱਖੇ-ਭਾਣੇ ਸੈਂਕੜੇ ਮੀਲ ਦੂਰ ਆਪਣੇ ਪਿੰਡਾਂ ਵੱਲ ਪੈਦਲ ਹੀ ਚੱਲ ਪਏ। ਅਨੇਕਾਂ ਰਸਤੇ ਵਿਚ ਹੀ ਮਰ ਗਏ। ਪੁਲੀਸ ਤੋਂ ਬਚਦੇ ਕਾਫ਼ਲੇ ਰੇਲ ਪਟੜੀ ’ਤੇ ਚਲਦੇ ਰਹੇ ਅਤੇ ਥੱਕ ਕੇ, ਪਟੜੀ ਨੂੰ ਅਣਵਰਤੀ ਸਮਝ ਕੇ ਉਸ ਉੱਤੇ ਹੀ ਸੌਂ ਗਏ ਅਤੇ ਰਾਤ ਨੂੰ ਮਾਲ ਗੱਡੀ ਦੇ ਪਹੀਏ ਉਨ੍ਹਾਂ ਦੀ ਜਾਨ ਲੈਣ ਆ ਗਏ। ਪਿੱਛੇ ਰਹਿ ਗਿਆਂ ਦਾ ਵੀ ਹਾਲ ਚੰਗਾ ਨਹੀਂ। ਦੋ ਮਹੀਨੇ ਮਗਰੋਂ ਜਦੋਂ ਇਕ ਕਰਿਆਨੇ ਵਾਲੇ ਨੇ ਦੁਕਾਨ ਖੋਲ੍ਹੀ ਤਾਂ ਦੁਕਾਨ ਵਿਚ ਸੱਪ ਹੀ ਸੱਪ ਵੇਖ ਕੇ ਉਹ ਦਹਿਸ਼ਤ ਨਾਲ ਹੀ ਮਰ ਗਿਆ। ਦੁਕਾਨ ਵਿਚ ਅਨਾਜ ਸੀ, ਅਨਾਜ ਕਾਰਨ ਚੂਹੇ ਆ ਗਏ ਅਤੇ ਚੂਹਿਆਂ ਕਾਰਨ ਸੱਪ ਆ ਗਏ।

ਸਾਰਾ ਦੇਸ਼ ਉਦਾਸ ਅਤੇ ਮਾਯੂਸ ਹੈ ਅਤੇ ਬੋਰੀਅਤ ਭੋਗ ਰਿਹਾ ਹੈ। ਪ੍ਰਸੰਨਤਾ ਗਾਇਬ ਹੈ, ਜ਼ਿੰਦਗੀ ਦਾ ਮੂੰਹ ਪਤਾ ਨਹੀਂ ਕਿਸ ਪਾਸੇ ਹੋ ਗਿਆ ਹੈ। ਲਗਾਤਾਰ ਘਰ ਅੰਦਰ ਬੰਦ ਰਹਿਣ ਦੀ ਮਜਬੂਰੀ ਨੇ ਹਰ ਕਿਸੇ ਨੂੰ ਬਿਮਾਰ ਕਰ ਦਿੱਤਾ ਹੈ। ਛੋਟੇ ਘਰਾਂ ਵਿਚ ਰਹਿਣ ਵਾਲੇ ਬਹੁਤ ਅਧਿਕ ਪ੍ਰੇਸ਼ਾਨ ਹਨ। ਮੌਤ ਨਹੀਂ, ਮੌਤ ਦਾ, ਮਰਨ ਦਾ ਡਰ ਪ੍ਰੇਸ਼ਾਨ ਕਰ ਰਿਹਾ ਹੈ। ਹਰ ਵੇਲੇ ਘਰਾਂ ਅੰਦਰ ਰਹਿਣ ਕਾਰਨ ਕੋਈ ਤਿਆਰ ਹੀ ਨਹੀਂ ਹੁੰਦਾ ਅਤੇ ਹਰ ਕੋਈ ਆਪਣੀ ਉਮਰ ਨਾਲੋਂ ਦਸ-ਬਾਰਾਂ ਸਾਲ ਵੱਧ ਉਮਰ ਦਾ ਲੱਗਣ ਪਿਆ ਹੈ। ਲਿਪਸਟਿਕ ਦੀ ਵਰਤੋਂ ਅਤੇ ਵਿਕਰੀ ਹਰ ਵੇਲੇ ਮਾਸਕ ਪਹਿਨਣ ਦੀ ਮਜਬੂਰੀ ਕਾਰਨ ਬੰਦ ਹੋ ਗਈ ਹੈ। ਕੋਈ ਕਿਸੇ ਦੇ ਘਰ ਜਾਂਦਾ ਨਹੀਂ ਅਤੇ ਕੋਈ ਚਾਹੁੰਦਾ ਵੀ ਨਹੀਂ ਕਿ ਕੋਈ ਆਵੇ। ਨਿਰਾਸਤਾ ਦੀ ਇਸ ਸਥਿਤੀ ਵਿਚੋਂ ਹਰ ਕੋਈ ਬਾਹਰ ਨਿਕਲਣਾ ਚਾਹੁੰਦਾ ਹੈ, ਪਰ ਰਾਹ ਨਹੀਂ ਲੱਭ ਰਿਹਾ। ਜ਼ਿੰਦਗੀ ਵਿਚੋਂ ਉਤਸ਼ਾਹ ਮੁੱਕ ਗਿਆ ਹੈ। ਸਥਿਤੀ ਨੂੰ ਸੁਧਾਰਨ ਲਈ ਰਲ ਕੇ ਹੰਭਲਾ ਮਾਰਨਾ ਪਏਗਾ। ਆਪਣਾ ਵਿਹਾਰ ਅਜਿਹਾ ਕਰਨਾ ਪਏਗਾ, ਜਿਸ ਨੂੰ ਹੋਰ ਹੀ ਨਹੀਂ ਤੁਹਾਡਾ ਪਰਿਵਾਰ ਵੀ ਪਸੰਦ ਕਰੇ। ਆਪਣੀ ਜ਼ਿੰਮੇਵਾਰੀ ਚੁੱਕੋ, ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਚੁੱਕੋ। ਹਰ ਕਿਸੇ ਨੂੰ ਮਹਿਸੂਸ ਹੋਣਾ ਚਾਹੀਦਾ ਹੈ ਕਿ ਮੇਰਾ ਧਿਆਨ ਰੱਖਣ ਵਾਲਾ ਕੋਈ ਹੈ। ਤੁਹਾਡੇ ਹੱਥ ਉੱਚਾ ਕਰਨ ਨਾਲ ਲੋਕਾਂ ਦਾ ਹੌਸਲਾ ਚੁਬਾਰੇ ਚੜ੍ਹ ਜਾਣਾ ਚਾਹੀਦਾ ਹੈ। ਪ੍ਰੇਸ਼ਾਨ ਕਰਨ ਵਾਲੀਆਂ ਸਮੱਸਿਆਵਾਂ ਪਹਿਲਾਂ ਹੱਲ ਕਰੋ। ਅਸਫ਼ਲਤਾਵਾਂ ਯਾਦ ਕਰ-ਕਰ ਕੇ ਅਗਲੇਰੀ ਸਫ਼ਲਤਾ ਦਾ ਰਸਤਾ ਨਾ ਰੋਕੋ। ਚੰਗੇਰੇ ਭਵਿੱਖ ਵਿਚ ਵਿਸ਼ਵਾਸ ਨਾਲ ਬੋਰੀਅਤ ਵਿਚੋਂ ਉਵੇਂ ਰਾਹ ਨਿਕਲ ਆਵੇਗਾ ਜਿਵੇਂ ਹਨੇਰੀ ਸੁਰੰਗ ਵਿਚੋਂ ਵੇਖਿਆ ਰਾਹ ਦਿੱਸਣ ਲੱਗ ਪੈਂਦਾ ਹੈ। ਕੰਮ ਮੁਸ਼ਕਲ ਜ਼ਰੂਰ ਹੈ, ਪਰ ਅਸੰਭਵ ਨਹੀਂ। ਆਪਣਾ ਭਾਰ ਸਾਨੂੰ ਆਪ ਹੀ ਚੁੱਕਣਾ ਪਏਗਾ ਕਿਉਂਕਿ ਹਰੇਕ ਸਵਾਰੀ ਆਪਣੇ ਸਾਮਾਨ ਦੀ ਆਪ ਜ਼ਿੰਮੇਵਾਰ ਹੁੰਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All