‘ਬਾਰਡਰ 2’ ਨੇ ਪਹਿਲੇ ਦਿਨ 32 ਕਰੋੜ ਕਮਾਏ
ਬੌਲੀਵੁੱਡ ਦੀ ਫਿਲਮ ‘ਬਾਰਡਰ 2’ ਨੇ ਬਾਕਸ ਆਫਿਸ ’ਤੇ ਪਹਿਲੇ ਦਿਨ ਚੰਗੀ ਕਾਰਗੁਜ਼ਾਰੀ ਦਿਖਾਈ ਹੈ। ਫਿਲਮ ਵਿੱਚ ਸਨੀ ਦਿਓਲ ਨੇ ਮੁੱਖ ਭੂਮਿਕਾ ਅਦਾ ਕੀਤੀ ਹੈ। ਇਹ ਫਿਲਮ ਕੱਲ੍ਹ ਮੁਲਕ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਗਈ ਸੀ। ਪਹਿਲੇ ਦਿਨ...
ਬੌਲੀਵੁੱਡ ਦੀ ਫਿਲਮ ‘ਬਾਰਡਰ 2’ ਨੇ ਬਾਕਸ ਆਫਿਸ ’ਤੇ ਪਹਿਲੇ ਦਿਨ ਚੰਗੀ ਕਾਰਗੁਜ਼ਾਰੀ ਦਿਖਾਈ ਹੈ। ਫਿਲਮ ਵਿੱਚ ਸਨੀ ਦਿਓਲ ਨੇ ਮੁੱਖ ਭੂਮਿਕਾ ਅਦਾ ਕੀਤੀ ਹੈ। ਇਹ ਫਿਲਮ ਕੱਲ੍ਹ ਮੁਲਕ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਗਈ ਸੀ। ਪਹਿਲੇ ਦਿਨ ਹੀ ਇਸ ਫਿਲਮ ਨੇ ਬਾਕਸ ਆਫਿਸ ’ਤੇ ਕਮਾਲ ਦਿਖਾਇਆ। ਇਹ ਸਾਲ 2026 ਦੀ ਪਹਿਲੇ ਦਿਨ ਦੀ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਇਸ ਨੇ ਪਿਛਲੇ ਸਾਲ ਆਈ ‘ਛਾਵਾ’ (33.10 ਕਰੋੜ) ਦੇ ਕਰੀਬ ਬਰਾਬਰ ਕਮਾਈ ਕੀਤੀ ਹੈ। ਟਰੇਡ ਮਾਹਿਰ ਤਰਨ ਆਦਰਸ਼ ਅਨੁਸਾਰ ਇਹ ਫਿਲਮ ਹਾਲ ਹੀ ਰਿਲੀਜ਼ ਹੋਈਆਂ ਫਿਲਮਾਂ ਨਾਲੋਂ ਵੱਡੀ ਓਪਨਿੰਗ ਦਰਜ ਕਰਨ ਵਾਲੀ ਫਿਲਮ ਬਣ ਗਈ ਹੈ। ਜੰਗ ’ਤੇ ਆਧਾਰਿਤ ਇਸ ਫਿਲਮ ਨੇ ਪਹਿਲੇ ਦਿਨ ਹੀ 32.10 ਕਰੋੜ ਦੀ ਕਮਾਈ ਕੀਤੀ ਹੈ। ਇਸ ਫਿਲਮ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਉੱਤਰੀ ਭਾਰਤ ਵਿੱਚ ਮੀਂਹ ਦੇ ਮੌਸਮ ਕਾਰਨ ਇਸ ਫਿਲਮ ਦੀ ਪਹਿਲੇ ਦਿਨ ਦੀ ਕਮਾਈ ਪ੍ਰਭਾਵਿਤ ਹੋਈ ਹੈ। ਉਸ ਨੇ ਆਸ ਜ਼ਾਹਿਰ ਕੀਤੀ ਹਫ਼ਤੇ ਦੇ ਅੰਤ ਵਿੱਚ ਅਤੇ ਗਣਤੰਤਰ ਦਿਵਸ ਮੌਕੇ ਵੱਡੀ ਗਿਣਤੀ ਦਰਸ਼ਕ ਫਿਲਮ ਦੇਖਣ ਲਈ ਸਿਨੇਮਾ ਘਰਾਂ ਵਿੱਚ ਪੁੱਜਣਗੇ। ਸ਼ੁੱਕਰਵਾਰ ਨੂੰ ਸਵੇਰ ਦੇ ਸ਼ੋਅ ਦੌਰਾਨ ਸਿਨੇਮਾਘਰ ਹਾਊਸ ਫੁੱਲ ਸਨ। ਫਿਲਮ ਦੇਖ ਕੇ ਬਾਹਰ ਆਉਣ ਵਾਲੇ ਦਰਸ਼ਕਾਂ ਵਿੱਚੋਂ ਕਈਆਂ ਨੇ ਕਿਹਾ ਇਹ ਫਿਲਮ ਹਰ ਵਿਅਕਤੀ ਨੂੰ ਦੇਖਣੀ ਚਾਹੀਦੀ ਹੈ। ਫਿਲਮ ਸਾਲ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਵਾਪਰੀਆਂ ਸੱਚੀਆਂ ਘਟਨਾਵਾਂ ’ਤੇ ਆਧਾਰਿਤ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਥਲ, ਜਲ ਅਤੇ ਹਵਾਈ ਸੈਨਾਵਾਂ ਨੇ ਕਿਵੇਂ ਇੱਕ ਹੋ ਕੇ ਦੇਸ਼ ਦੀ ਰੱਖਿਆ ਕੀਤੀ ਸੀ। ਇਸ ਫਿਲਮ ਵਿੱਚ ਸਨੀ ਦਿਓਲ ਨੂੰ ਦੁਬਾਰਾ ਫ਼ੌਜ ਦੀ ਵਰਦੀ ਵਿੱਚ ਦਿਖਾਇਆ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ। ਇਸ ਵਿੱਚ ਸਨੀ ਦਿਓਲ ਤੋਂ ਇਲਾਵਾ ਦਿਲਜੀਤ ਦੋਸਾਂਝ ਅਤੇ ਵਰੁਨ ਧਵਨ ਨੇ ਵੀ ਅਹਿਮ ਭੂਮਿਕਾ ਅਦਾ ਕੀਤੀ ਹੈ।

