ਜਿੰਦਰ
ਉਸ ਦਾ ਅਸਲੀ ਨਾਂ ਸੋਹਨ ਲਾਲ ਕੰਡਾ ਸੀ, ਪਰ ਉਹਨੂੰ ਆਪਣੇ ਆਪ ਨੂੰ ਬੋਲਾ ਭਲਵਾਨ ਅਖਵਾਉਣਾ ਚੰਗਾ ਲੱਗਦਾ ਸੀ। ਉਸ ਦੇ ਹੋਰ ਵੀ ਬਥੇਰੇ ਨਾਂ ਸਨ। ਸੋਹਨ ਤੂੰਬੀ ਮਾਸਟਰ। ਸੋਹਨ ਠਰਕੀ। ਸੋਹਨ ਬੋਲਾ। ਸੋਹਨ ਸਪੀਕਰ ਵਾਲਾ। ਡਾਕਟਰ ਸੋਹਨ।
ਉਹਨੂੰ ਜਲੰਧਰ ਆਇਆਂ ਪੰਜ ਕੁ ਸਾਲ ਹੋ ਗਏ ਸਨ। ਉਹਨੇ ਜ਼ਿੰਦਗੀ ਦੇ ਅੱਸੀ ਸਾਲਾਂ ’ਚ ਕੋਈ ਪੱਕਾ ਕੰਮ ਨਹੀਂ ਕੀਤਾ। ਪੱਕਾ ਕੀ, ਕਿਤੇ ਟਿਕ ਕੇ ਕੰਮ ਹੀ ਨਹੀਂ ਕੀਤਾ। ਪਰ ਉਹਦੀ ਜਲੰਧਰ ਆ ਕੇ ਬੁੱਤਾ ਸਾਰ ਮਾਰਕੀਟ ਬਣ ਗਈ। ਉਹਨੇ ਇੱਕ ਠੀਕ ਠਾਕ ਜਿਹੀ ਦੁਕਾਨ ਕਿਰਾਏ ’ਤੇ ਲੈ ਲਈ ਜਿਸਦੇ ਦਰਵਾਜ਼ੇ ਦੇ ਉੱਪਰ ਹੱਥ ਨਾਲ ਲਿਖਿਆ: ਕਵੀ ਸੋਹਨ ਠਰਕੀ। ਸੱਜੇ ਪਾਸੇ ਟੁੱਟੀ-ਫੁੱਟੀ ਪੰਜਾਬੀ ’ਚ ਲਿਖਵਾਇਆ ਹੋਇਆ: ਇੱਥੇ ਮਾਲਸ਼ਾਂ, ਟੁੱਟੀਆਂ ਭੱਜੀਆਂ ਹੱਡੀਆਂ ਤੇ ਗੋਡਿਆਂ-ਗਿੱਟਿਆਂ ਦੇ ਵਲ ਕੱਢੇ ਜਾਂਦੇ ਨੇ। ਰੀਅ, ਚੌਕ, ਧੈਰਨ, ਧੌਣ ਦੇ ਵਲ਼ ਕੱਢੇ ਜਾਂਦੇ ਨੇ।
ਉਹ ਮਾਲਿਸ਼ ਕਰਨ ਲੱਗਾ ਆਪਣੇ ਸਰੀਰ ਦੀ ਸਾਰੀ ਸਮਰੱਥਾ ਝੋਕ ਦਿੰਦਾ। ਕੋਲ ਬੈਠਾ ਕੋਈ ਟਕੋਰ ਕਰਦਾ, ‘‘ਡਾਕਟਰ ਸਾਹਿਬ ਜ਼ਰਾ ਹੌਲੀ। ਹੱਡੀ-ਪਸਲੀ ਨਾ ਹਿਲਾ ਦਿਉ।’’ ਉਹ ਹੋਰ ਵੀ ਜ਼ੋਰ ਦੀ ਮਾਲਿਸ਼ ਕਰਦਾ। ਕਹਿੰਦਾ, ‘‘ਦਸ ਸਾਲ ਭਲਵਾਨੀ ਕੀਤੀ। ਅਸੀਂ ਭਲਵਾਨ ਲੋਗ ਇੱਕ ਦੂਜੇ ਦੀਆਂ ਖੱਲੀਆਂ ਮਾਰਦੇ ਸੀ। ਆਹ ਕੰਮ ਤਾਂ ਹੈ ਹੀ ਚਿੜੀ ਦੀ ਬਿੱਠ ਜਿੰਨਾ।’’ ਉਹਦੇ ਭਰਾਵਾਂ ਤੇ ਸਹੁਰਿਆਂ ਨੂੰ ਇਹ ਗੱਲ ਹੈਰਾਨ ਕਰਦੀ ਕਿ ਉਸ ਦਾ ਇੱਥੇ ਆ ਕੇ ਦਿਲ ਕਿੱਦਾਂ ਲੱਗ ਗਿਆ? ਉਹ ਤਾਂ ਇੱਥੇ ਇੱਕ ਰਾਤ ਵੀ ਨਹੀਂ ਰੁਕਦਾ ਸੀ। ਪਿੰਡ ਨੂੰ ਦੌੜਦਾ ਸੀ। ਉਹ ਸ਼ਹਿਰ ਵਾਲਿਆਂ ਬਾਰੇ ਕਹਿੰਦਾ ਹੁੰਦਾ ਸੀ, ‘‘ਪਿੰਡ ਵਾਲੀ ਮੌਜ ਕਿੱਥੇ। ਸ਼ਹਿਰੀਏ ਲੋਕ ਤਾਂ ਰੁੱਖੇ। ਮੈਂ ਤਾਂ ਇਨ੍ਹਾਂ ਨੂੰ ਬੰਦਿਆਂ ਦੀ ਨਸਲ ’ਚੋਂ ਗਿਣਦਾ ਹੀ ਨ੍ਹੀਂ। ਮੰਨਦਾ ਹੀ ਨ੍ਹੀਂ।’’
ਪਿੰਡ ਉਹ ਆਪਣੇ ਜੱਦੀ ਘਰ ’ਚ ਇਕੱਲਾ ਰਹਿੰਦਾ ਸੀ ਜਿੱਥੇ ਬਿਜਲੀ ਦਾ ਕੁਨੈਕਸ਼ਨ ਕੱਟਿਆ ਹੋਇਆ ਸੀ।
ਕਿਸੇ ਦੇ ਵਿਆਹ ਸੁਧ ਹੁੰਦਾ ਜਾਂ ਅਖੰਡ ਪਾਠ ਜਾਂ ਕੋਈ ਮਹਿਫ਼ਲ ਜੁੜਦੀ ਤਾਂ ਉਹਨੂੰ ਆਵਾਜ਼ ਮਾਰ ਕੇ ਲੈ ਜਾਂਦੇ। ਉਹ ਰੰਨਾਂ ’ਚ ਧੰਨਾਂ ਬਣ ਬੈਠਦਾ। ਉਹ ਬੱਚੇ ਨਾਲ ਬੱਚਾ ਬਣ ਜਾਂਦਾ। ਜੁਆਨ ਨਾਲ ਜੁਆਨ। ਪਰ ਸਿਆਣੇ ਨਾਲ ਸਿਆਣਾ ਨਾ ਬਣਦਾ। ਉਹ ਆਪਣੀ ਹਵੇਲੀ ’ਚ ਬੈਠਾ ਕੱਦੂ ਦੀ ਬਣਾਈ ਤੂੰਬੀ ਨਾਲ ਗੀਤ ਗਾਉਂਦਾ। ਮਹਿਫ਼ਲ ’ਚੋਂ ਆਵਾਜ਼ ਆਉਂਦੀ, ‘‘ਭਲਵਾਨ ਜੀ, ਕੋਈ ਚੋਂਦਾ-ਚੋਂਦਾ ਹੋ ਜਾਵੇ।’’ ਉਹ ਪੁੱਛਦਾ, ‘‘ਭਾਬੀ ਵਾਲਾ? ਜੀਜਾ ਸਾਲੀ ਵਾਲਾ? ਚਾਚੀ-ਭਤੀਜੀ ਆਲਾ। ਸੱਸ ਵਾਲਾ? ਜਾਂ ਸਾਹਿਬਾਂ ਮਿਰਜ਼ਾ ਆਲਾ।’’ ਆਵਾਜ਼ ਆਉਂਦੀ, ‘‘ਕਿੰਦੇ ਦੀ ਝੋਟੀ ਵਾਲਾ।’’ (ਕਿੰਦਾ ਪਿੰਡ ਦਾ ਗ਼ਰੀਬ ਜ਼ਿੰਮੀਦਾਰ ਸੀ। ਜਿਸ ਰੁਪਈਆ ਰੁਪਈਆ ਜੋੜ ਕੇ ਗੁਰਾਇਆਂ ਤੋਂ ਤਾਜ਼ੀ ਸੂਈ ਝੋਟੀ ਖਰੀਦ ਕੇ ਲਿਆਂਦੀ ਸੀ। ਉਸ ਨਾਲ ਧੋਖਾ ਹੋਇਆ ਸੀ ਕਿਉਂ ਜੁ ਉਹਨੂੰ ਟੀਕਾ ਲਾ ਕੇ ਚੋਣਾ ਪੈਂਦਾ ਸੀ।) ਉਹ ਕੰਨ ’ਤੇ ਹੱਥ ਰੱਖ ਕੇ ਹੇਕ ਲਾਉਂਦਾ-
ਗੁਰਾਇਅਉਂ ਮੰਝੀ ਆਂਦੀ
ਸਿੰਙ ਮੀਣੇ ਅੱਖ ਕਾਣੀ
ਕਰਮਾਂ ਵਾਜ ਨਾ ਚਲਦੀ ਸੱਜਣੋ
ਚਾਟੀ ਵਿੱਚ ਮਧਾਣੀ
ਉਹਨੇ ਮਸ਼ਹੂਰ ਗ਼ਜ਼ਲਗੋ ਮਿਲਖਾ ਸਿੰਘ ਉਰਫ਼ ਉਲਫ਼ਤ ਬਾਜਵੇ ਤੇ ਰਾਮ ਲਾਲ ਨਾਲ ਰਲ ਕੇ ਗਾਉਣਾ ਸ਼ੁਰੂ ਕੀਤਾ। 1971 ਦੀ ਪਾਕਿਸਤਾਨ-ਭਾਰਤ ਜੰਗ ਵੇਲੇ ਜਲੰਧਰ ਦਾ ਡਿਪਟੀ ਕਮਿਸ਼ਨਰ ਆਇਆ। ਇਨ੍ਹਾਂ ਦੋਹਾਂ ਨੇ ਰਲ ਕੇ ਗੀਤ ਛੇੜਿਆ:
ਭੁੱਟੋ ਦੇ ਚੇਲਿਆਂ ਨੂੰ
ਸਾਡੇ ਯੋਧਿਆਂ ਨੇ ਰਸਤੇ ਪਾਇਆ
ਹੌਲੀ-ਹੌਲੀ ਉਹ ਗਾਇਕ ਬਣ ਗਿਆ। ਉਹਨੇ ਦੁੱਧ ਚਿੱਟੀ ਪੱਗ ਮਾਂਡੀ ਲਾ ਕੇ ਬੰਨ੍ਹਣੀ। ਉਪਰ ਤੁਰਲਾ ਛੱਡਣਾ। ਕਲੀਆਂ ਵਾਲਾ ਕੁੜਤਾ ਪਾਉਣਾ ਜਿਸ ਦੇ ਮੋਢਿਆਂ ’ਤੇ ਕਾਲੇ ਰੰਗ ਦੀ ਫੱਟੀ ਲੱਗੀ ਹੁੰਦੀ। ਚਾਦਰੇ ਦਾ ਹੇਠਲਾ ਲੜ ਧਰਤੀ ਸੁੰਵਰਦਾ ਜਾਂਦਾ। ਫੇਰ ਵਿਆਹ ਹੋਵੇ ਜਾਂ ਕੋਈ ਹੋਰ ਦਿਨ ਸੁਧ ਜਾਂ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਵੇਲੇ ਵਾਲਾ ਕੀਰਤਨ ਹੋਵੇ ਜਾਂ ਬਾਬੇ ਨਾਨਕ ਦਾ ਜਨਮ ਦਿਵਸ- ਉਹਦੀ ਮੰਗ ਵਧ ਜਾਂਦੀ। ਉਹ ਪੂਰੀ ਸੱਜ-ਧੱਜ ਨਾਲ ਜਾਂਦਾ। ਜਾਣ ਤੋਂ ਪਹਿਲਾਂ ਆਪਣੇ ਜੋਟੀਦਾਰਾਂ ਜੈਲਾ, ਜੀਤੂ, ਸਾਧੂ ਤੇ ਕਾਲੂ ਨੂੰ ਇੱਕ-ਇੱਕ ਰੁਪਏ ਦੇ ਪੰਜ-ਸੱਤ ਨੋਟ ਫੜਾ ਕੇ ਸਮਝਾਉਂਦਾ, ‘‘ਜਦੋਂ ਮੈਂ ਪਹਿਲਾ ਗੀਤ ਸ਼ੁਰੂ ਕੀਤਾ ਤਾਂ ਕਾਲੂ ਰੁਪਈਆ ਦਊਗਾ। ਜੇ ਉਸ ਤੋਂ ਬਾਅਦ ਕਿਸੇ ਹੋਰ ਨੇ ਪੈਸੇ ਦਿੱਤੇ ਤਾਂ ਤੁਹਾਡੇ ’ਚੋਂ ਕਿਸੇ ਨੇ ਕੋਈ ਰੁਪਈਆ ਨ੍ਹੀਂ ਦੇਣਾ। ਜੇ ਕੋਈ ਮਾਈ ਦਾ ਲਾਲ ਅੱਗੇ ਨਾ ਨਿਤਰਿਆ ਤਾਂ ਫੇਰ ਜੈਲਾ ਦਊ। ਫੇਰ ਸਾਧੂ।’’ ਗੱਲ ਤਾਂ ਸ਼ੁਰੂ ਹੋਣ ਦੀ ਹੁੰਦੀ ਸੀ- ਫੇਰ ਸ਼ਰਮੋ-ਸ਼ਰਮੀਂ ਬੈਠਿਆਂ ਨੂੰ ਇੱਕ-ਇੱਕ, ਦੋ-ਦੋ ਵਾਰ ਪੈਸੇ ਦੇਣੇ ਪੈਂਦੇ। ਉਹ ਪੈਸੇ ਦੇਣ ਵਾਲੇ ਦੀ ਗੁੱਡੀ ਅਸਮਾਨੇ ਚੜ੍ਹਾ ਦਿੰਦਾ। ਬਾਕੀ ਬਚੇ ਪੈਸੇ ਨਾ ਤਾਂ ਜੀਤ ਮੋੜਦਾ ਤੇ ਨਾ ਹੀ ਸਾਧੂ। ਜੇ ਉਹ ਖਹਿੜੇ ਹੀ ਪੈ ਜਾਂਦਾ ਤਾਂ ਉਹ ਕਹਿੰਦੇ, ‘‘ਸਾਡੇ ਕਰਕੇ ਤਾਂ ਤੇਰੀ ਮਹੀਨੇ ਦੀ ਕਮਾਈ ਹੋ ਗਈ। ਹੁਣ ਸਾਡੇ ਕੋਲੋਂ ਛਿੱਕੂ ਭਾਲਦਾਂ। ਸਮਾ ਤੇ ਹੋਰ ਦੇ।’’ ਘਰਦਿਆਂ ਨੇ ਗੁੱਸੇ ’ਚ ਆ ਕੇ ਉਹਦੀ ਤੂੰਬੀ ਦੀ ਤਾਰ ਤੋੜ ਦਿੱਤੀ ਪਰ ਉਸ ਦਾ ਅੰਦਰਲਾ ਤੁਕ-ਜੋੜ ਕਵੀ ਨਾ ਮਰਿਆ। ਜਲੰਧਰ ਆ ਕੇ ਵੀ ਉਹ ਸਰਹੱਦੀ ਦੀ ਸਭਾ ’ਚ ਮਹੀਨੇ ਬਾਅਦ ਤੁਕਬੰਦੀ ਸੁਣਾਉਂਦਾ:
ਹਿੰਦੋਸਤਾਨ ਦੇ ਦੇਖੋ ਕਾਨੂੰਨ ਕੈਸੇ
ਤਕੜਾ ਪਕੜ ਕਾਨੂੰਨ ਨੂੰ ਢਾਹ ਰਿਹਾ ਹੈ।
ਰਿਸ਼ਵਤਖੋਰਾਂ ਨੇ ਦੇਸ਼ ਬਰਬਾਦ ਕੀਤਾ
ਬੰਦਾ ਬੰਦੇ ਨੂੰ ਲੁੱਟ ਕੇ ਖਾ ਰਿਹਾ ਹੈ।
ਘਰ ’ਚੋਂ ਕੋਈ ਉਸ ਨੂੰ ਜਿੱਥੇ ਕਿਤੇ ਵੀ ਭੇਜਦਾ- ਉਹ ਜਾਂਦਾ। ਸ਼ਰਤ ਇਹ ਹੀ ਹੁੰਦੀ ਕਿ ਉਹਨੂੰ ਖੁੱਲ੍ਹਾ ਖਰਚਾ ਦਿੱਤਾ ਜਾਵੇ। ਐਦਾਂ ਹੀ ਲੁਧਿਆਣੇ ਗਏ ਨੇ ਆਪਣੇ ਮਾਮੇ ਨਾਲ ਅੱਟੀ-ਸੱਟੀ ਲਾ ਲਈ। ਵਿਚਲੀ ਗੱਲ ਇਹ ਵੀ ਸੀ ਕਿ ਉਹਦਾ ਮਾਮਾ ਆਪ ਉਸ ਦੇ ਵਿਹਲੇਪਣ ਤੋਂ ਔਖਾ ਸੀ। ਪਰਿਵਾਰ ਸਾਂਝਾ ਸੀ- ਇਸੇ ਕਰਕੇ ਦਬੜੂ-ਘੁਸੜੂ ਕਰਕੇ ਚਲੀ ਜਾਂਦਾ ਸੀ। ਬੱਚੇ ਵੱਡੇ ਹੋ ਰਹੇ ਸਨ। ਉਹਦੇ ਮਾਮੇ ਨੇ ਉਹਨੂੰ ਸਪੀਕਰ ਲੈ ਦਿੱਤਾ। ਉਹਦਾ ਰੁਜ਼ਗਾਰ ਚਲ ਪਿਆ। ਜੇ ਕੋਈ ਸਾਈ ਆ ਗਈ ਤਾਂ ਅੱਲ੍ਹਾ ਭਲੀ ਕਰਦਾ। ਜੇ ਵਿਹਲਾ ਹੁੰਦਾ ਤਾਂ ਸ਼ਾਮ ਨੂੰ ਮੁਹੰਮਦ ਸਦੀਕ ਦੀ ਆਵਾਜ਼ ਗੂੰਜਦੀ, ‘‘ਲਉ ਜੀ- ਫ਼ੌਜੀ ਛੁੱਟੀਉਂ ਆਇਆ। ਉਹਦੀ ਘਰਵਾਲੀ ਨੇ ਮੰਜੇ, ਨਹੀਂ ਮੰਜਾ ਕੋਠੇ ’ਤੇ ਡਾਹ ਦਿੱਤਾ…।’’ ਉਹ ਆਪ ਔਖਾ ਹੋ ਲੈਂਦਾ, ਪਰ ਨਵੇਂ ਤੋਂ ਨਵਾਂ ਰਿਕਾਰਡ ਅਵੱਸ਼ ਸਾਈਕਲ ’ਤੇ ਨਕੋਦਰੋਂ ਜਾ ਕੇ ਖਰੀਦਦਾ। ਇਹ ਰਿਕਾਰਡ ਉੱਨਾ ਚਿਰ ਲਗਾਤਾਰ ਚਲਦਾ ਰਹਿੰਦਾ ਜਿੰਨਾ ਚਿਰ ਉਸ ਦਾ ਆਪਣਾ ਮਨ ਨਾ ਭਰ ਜਾਂਦਾ। ਜਿਸ ਦਿਨ ਉਸ ਦਾ ਸਪੀਕਰ ਨਾ ਬੋਲਦਾ ਤਾਂ ਇਹ ਸਮਝ ਲਿਆ ਜਾਂਦਾ ਕਿ ਭਲਵਾਨ ਜਾਂ ਤਾਂ ਕਿਤੇ ਸਾਈ ’ਤੇ ਗਿਆ ਜਾਂ ਵਾਂਡੇ। ਫੇਰ ਉਹਦੀ ਰੀਸੇ ਪਿੰਡ ’ਚ ਦੋ ਹੋਰ ਮੁੰਡਿਆਂ ਨੇ ਸਪੀਕਰਾਂ ਦਾ ਕੰਮ ਤੋਰ ਲਿਆ। ਭਲਵਾਨ ਨੇ ਇਸ ਕੰਮ ਨੂੰ ਅਲਵਿਦਾ ਕਹਿ ਦਿੱਤੀ। ਹੁਣ ਉਸ ਆਪਣੇ ਸ਼ੌਕ ਲਈ ਮਸ਼ੀਨ ਤੇ ਰਿਕਾਰਡ ਰੱਖ ਲਏ। ਲੱਕੜਾਂ ਦਾ ਕੰਮ ਸ਼ੁਰੂ ਕਰ ਦਿੱਤਾ। ਉਹ ਖੜ੍ਹੀਆਂ ਟਾਹਲੀਆਂ ਦੇ ਸੌਦੇ ਮਾਰਦਾ। ਇਕੱਲਾ ਹੀ ਵੱਢਦਾ। ਕੁਝ ਜ਼ਿਆਦਾ ਹੀ ਭਾਰਾ ਕੰਮ ਹੁੰਦਾ ਤਾਂ ਉਹ ਆਬਾਦੀ ‘ਚੋਂ ਕਿਸੇ ਨੂੰ ਆਵਾਜ਼ ਮਾਰ ਲਿਆਉਂਦਾ। ਟਾਹਲੀ ਦੇ ਮੋਛੇ ਪਾ ਕੇ ਹਵੇਲੀ ਲਿਆ ਸੁੱਟਦਾ। ਉਹਦੀ ਢਾਹਣੀ ਦੇ ਮੁੰਡੇ, ਖਾਸ ਕਰਕੇ ਤਰਖਾਣਾਂ ਦੇ ਜ਼ੋਰ ਕਰਦੇ ਮੁੰਡੇ, ਜ਼ਿੱਦ-ਜ਼ਿੱਦ ਕੇ ਲੱਕੜਾਂ ਪਾੜਦੇ-ਪਾੜਦੇ ਪਸੀਨੋ ਪਸੀਨੀ ਹੋ ਜਾਂਦੇ। ਉਹ ਉਨ੍ਹਾਂ ਨੂੰ ਹੱਲਾਸ਼ੇਰੀ ਦੇ-ਦੇ ਕੇ ਲੱਕੜਾਂ ਪੜਵਾ ਲੈਂਦਾ। ਨਾਲੋ ਨਾਲ ਭਲਵਾਨੀ ਦੇ ਗੁਰ ਵੀ ਦੱਸਦਾ ਰਹਿੰਦਾ, ‘’ਲਓ ਜੀ, ਪਹਿਲੀ ਗੱਲ ਤਾਂ ਇਹ ਆ ਕਿ ਭਲਵਾਨ ਨੂੰ ਲੰਗੋਟੇ ਦਾ ਜਤੀ-ਸਤੀ ਹੋਣਾ ਚਾਹੀਦਾ। ਦੂਜਾ ਉਹਨੂੰ ਨਹਾਉਣ ਤੋਂ ਪਹਿਲਾਂ ਪੇਸ਼ਾਬ ਨ੍ਹੀਂ ਕਰਨਾ ਚਾਹੀਦਾ। ਮਨ ਨੂੰ ਕੰਟ੍ਰੋਲ ’ਚ ਰੱਖਣਾ ਪੈਂਦਾ। ਮਨ ਨੂੰ ਮਾਰਣਾ ਚਾਹੀਦਾ। ਭਲਵਾਨੀ ਦਾ ਸਮਾਂ ਦਸ-ਪੰਦਰ੍ਹਾਂ ਸਾਲ ਹੁੰਦਾ। ਲਉ ਮੈਂ ਅੱਜ ਜਤੀ-ਸਤੀ ਵਾਲੀ ਕਹਾਣੀ ਸੁਣਾਉਣਾਂ। ਕਹਿੰਦੇ ਕਿ ਪਾਕਿਸਤਾਨ ’ਚ ਇੱਕ ਮਾਈ ਸੀ। ਉਹ ਰੰਡੀ ਸੀ। ਉਸਦਾ ਇਕੋ-ਇਕ ਪੁੱਤ ਸੀ ਜਿਹਨੂੰ ਉਹਨੇ ਬੜੀਆਂ ਰੀਝਾਂ ਨਾਲ ਪਾਲਿਆ। ਦੱਬ ਕੇ ਖਿਲਾਇਆ। ਘਰ ਦੇ ਪੰਜਾਹ ਖੇਤ ਕਿਹੜੇ ਥੋੜ੍ਹੇ ਹੁੰਦੇ। ਪੰਜ ਮੱਝਾਂ ਸੀ। ਉਹ ਪੰਜੇ ਮੱਝਾਂ ਦਾ ਦੁੱਧ-ਘਿਓ ਮੁੰਡੇ ਨੂੰ ਚਾਰਦੀ। ਮੁੰਡੇ ਦੇ ਕਿਆ ਕਹਿਣੇ- ਉਹ ਭਲਵਾਨ ਬਣਿਆ, ਦਰਸ਼ਨੀ ਭਲਵਾਨ। ਪੈਂਤੀ ਪਿੰਡਾਂ ’ਚ ਉਹਦੀ ਭਲਵਾਨੀ ਦੀਆਂ ਗੱਲਾਂ ਹੁੰਦੀਆਂ। ਮੁੰਡੇ ਦੀ ਵਧਦੀ ਜਾਂਦੀ ਉਮਰ ਦੇਖ ਤੇ ਸ਼ਰੀਕਾਂ ਮਗਰ ਲੱਗ ਕੇ ਉਸ ਮੁੰਡੇ ਦਾ ਵਿਆਹ ਕਰ ਦਿੱਤਾ। ਦੋ ਸਾਲਾਂ ਮਗਰੋਂ ਮੁਕਲਾਵਾ ਲੈ ਆਂਦਾ। ਮਾਈ ਚਾਹੁੰਦੀ ਸੀ ਕਿ ਮੁੰਡਾ ਅਜੇ ਹੋਰ ਨਾਮਣਾ ਖੱਟੇ। ਮਾਈ ਦੀ ਨੂੰਹ ਉਹਦਾ ਸਿਰਾ ਨਿਕਲੀ। ਉਹ ਆਪਣੇ ਮੂੰਹ ’ਚੋਂ ਵੀ ਬੁਰਕੀ ਕੱਢ ਕੇ ਆਪਣੇ ਘਰਵਾਲੇ ਦੇ ਮੂੰਹ ’ਚ ਪਾਉਂਦੀ। ਮਾਈ ਵਿਹੜੇ ’ਚ ਮੰਜੇ ਡਾਹੁੰਦੀ। ਇੱਕ ਪਾਸੇ ਨੂੰਹ ਦਾ ਮੰਜਾ ਹੁੰਦਾ। ਵਿਚਕਾਰ ਮਾਈ ਦਾ। ਫੇਰ ਮੁੰਡੇ ਦਾ। ਉਹ ਨੂੰਹ ਦੀ ਪੈਰਵੀ ਰੱਖਦੀ। ਮੁੰਡੇ-ਨੂੰਹ ਨੂੰ ਮਿਲਣ ਨਾ ਦਿੰਦੀ। ਉਹ ਰਾਤ ਨੂੰ ਨਾ ਸੌਂਦੀ। ਪਾਸੇ ਮਾਰਦੀ ਰਹਿੰਦੀ। ਇੱਕ ਦਿਨ ਹੋਇਆ ਤਾਂ ਕੀ ਹੋਇਆ-ਥੱਕੀ ਹੋਈ ਮਾਈ ਨੂੰ ਨੀਂਦ ਆ ਗਈ। ਮੁੰਡੇ ਨੇ ਮਾਈ ਉਪਰ ਦੀ ਲੱਤ ਕੀਤੀ। ਨੂੰਹ ਲੱਤ ’ਤੇ ਚੜ੍ਹ ਕੇ ਆਪਣੇ ਘਰਵਾਲੇ ਕੋਲ ਜਾ ਪਹੁੰਚੀ। ਦੂਜੇ ਦਿਨ ਲਾਗਲੇ ਪਿੰਡ ਛਿੰਝ ਸੀ। ਲਉ ਜੀ- ਇਹ ਕੁਸ਼ਤੀ ਮੁੰਡੇ ਲਈ ਵੰਗਾਰ ਵਾਲੀ ਕੁਸ਼ਤੀ ਸੀ। ਉਹ ਪਿਛਲੇ ਪੰਜ ਸਾਲਾਂ ਤੋਂ ਸਿਰ ’ਤੇ ਪਟਕਾ ਬੰਨ੍ਹਦਾ ਆ ਰਿਹਾ ਸੀ। ਐਤਕੀਂ ਚੱਕਾਂ ਵਾਲੇ ਕਰਮੇ ਦਾ ਡਰ ਸੀ। ਇਹਨੇ ਕਰਮੇ ਨੂੰ ਦੋ ਵਾਰ ਪਹਿਲਾਂ ਚਿੱਤ ਕੀਤਾ ਸੀ। ਕਰਮਾਂ ਵੀ ਛੇ ਮਹੀਨਿਆਂ ਤੋਂ ਤਿਆਰੀ ਕਰੀ ਬੈਠਾ ਸੀ। ਉਸ ਵੰਗਾਰਿਆ ਸੀ- ‘ਵੱਡੇ ਭਲਵਾਨ ਨੂੰ ਢਾਹੁਣਾ ਆ। ਢਾਹੁਣਾ ਵੀ ਪਿੰਡ ਦੀ ਛਿੰਝ ’ਚ ਆ।’ ਇਹ ਇਸ ਇਲਾਕੇ ਦੀ ਸਭ ਤੋਂ ਵੱਡੀ ਛਿੰਝ ਹੁੰਦੀ ਸੀ। ਕਰਮੇ ਨੇ ਤਿੰਨ ਮਿੰਟਾਂ ’ਚ ਹੀ ਉਹਦੀਆਂ ਗੋਡਣੀਆਂ ਲਵਾ ਦਿੱਤੀਆਂ। ਮਾਈ ਨੂੰ ਆਪਣੀ ਹਾਰ ਦਿੱਸੀ। ਉਸ ਦੇ ਮੂੰਹੋਂ ਨਿਕਲਿਆ, ‘ਮੇਰੀ ਸਾਰੀ ਮਿਹਨਤ ਬੇਕਾਰ ਗਈ।’ ਤੇ ਫੇਰ ਮਾਈ ਨੇ ਮੁੰਡੇ ਨੂੰ ਕਿਹਾ, ‘‘ਪੁੱਤ, ਆਹ ਆਪਣਾ ਲੰਗੋਟਾ ਕੀਲੀ ’ਤੇ ਟੰਗ ਦੇ। ਹੁਣ ਤੂੰ ਖੇਤੀ ਕਰ।’’
ਫੇਰ ਉਹ ਪੱਕਾ ਜਲੰਧਰ ਵਾਸੀ ਬਣ ਗਿਆ। ਪਿੰਡ ਉਹਨੂੰ ਭੁੱਲਿਆ ਤਾਂ ਨਹੀਂ, ਪਰ ਉਹ ਪਿੰਡ ਵੱਲ ਨੂੰ ਮੂੰਹ ਨਾ ਕਰਦਾ।
ਕੋਈ ਇਸ ਦਾ ਰਾਜ਼ ਪੁੱਛ ਲਵੇ ਤਾਂ ਉਹ ਇਹੀ ਉੱਤਰ ਦਿੰਦਾ, ‘‘ਕੀ ਕਰਾਂ, ਆਹ ਪੋਤਰੇ ਦੇ ਮੋਹ ਨੇ ਮਾਰ ਲਿਆ। ਮੈਂ ਇਹਨੂੰ ਭਲਵਾਨ ਬਣਾਉਣਾ। ਜੇ ਇਹਦੀ ਪਰਵਰਿਸ਼ ਨਾ ਹੋਈ ਤਾਂ ਇਹਦੇ ਹੱਡ ਨਿਕਲ ਆਉਣੇ। ਸੱਚ ਦੱਸਾਂ, ਮੈਨੂੰ ਤਾਂ ਇਸ ਬੱਚੇ ਨੇ ਨੂੜ ਪਾ ਲਿਆ। ਹੁਣ ਮੈਂ ਇਹਦੇ ਕਰਕੇ ਹੀ ਕੰਮ ਕਰ ਰਿਹਾਂ।’’
ਉਹ ਪੋਤਰੇ ਨੂੰ ਹਿੱਕ ’ਤੇ ਲੰਬਾ ਪਾ ਕੇ ਲੰਬੀਆਂ ਤਾਣ ਕੇ ਸੌਂ ਜਾਂਦਾ। ਜਦੋਂ ਪੋਤਰੇ ਨੂੰ ਅੱਧੀ ਰਾਤ ਨੂੰ ਦੁੱਧ ਦੀ ਲੋੜ ਪੈਂਦੀ ਤਾਂ ਉਹ ਆਪ ਹੀ ਗੈਸ ’ਤੇ ਦੁੱਧ ਨੂੰ ਕੋਸਾ ਜਿਹਾ ਕਰਦਾ। ਬੋਤਲ ’ਚ ਪਾਉਂਦਾ ਤੇ ਨਿਪਲ ਉਹਦੇ ਮੂੰਹ ’ਚ ਪਾ ਕੇ ਉਸ ਨਾਲ ਸਲਾਹੀਂ ਪੈ ਜਾਂਦਾ, ‘‘ਹਾਂ ਤੇ ਸ਼ੇਰਾ, ਤੇਰੀ ਇੱਕ ਹੋਰ ਅਸਲੀ ਦਾਦੀ ਹੁੰਦੀ ਸੀ- ਬੁੱਝ ਤਾਂ ਉਸਦਾ ਕੀ ਨਾਂ ਹੋਊ? ਲੈ- ਤੂੰ ਕੀ ਬੁੱਝਣਾਂ? ਤੂੰ ਤਾਂ ਅਜੇ ਬੋਲਣ ਨ੍ਹੀਂ ਲੱਗਾ। ਲੋਕਾਂ ਭਾਣੇ ਮੈਂ ਉਹਨੂੰ ਭੁੱਲ ਗਿਆਂ। ਮੈਂ ਉਹਨੂੰ ਨ੍ਹੀਂ ਭੁੱਲਿਆ। ਕੀ ਪਤਾ ਉਹ ਵੀ ਨਾ ਭੁੱਲੀ ਹੋਵੇ। ਉਹਦਾ ਨਾਂ ਸੀ ਦੁਰਗੀ।’’
ਉਹ ਅੰਦਰ ਹੀ ਅੰਦਰ ਰੋਂਦਾ। ਸੁੰਙੀਆਂ ਕੰਧਾਂ ਨੂੰ ਉਪਰਿਆਂ ਵਾਂਗ ਦੇਖਦਾ। ਕੰਧ ’ਤੇ ਇੱਕ ਪਰਛਾਵੇਂ ਦਾ ਆਕਾਰ ਫੈਲਦਾ। ਉਹ ਕਾਹਲੀ-ਕਾਹਲੀ ਕਹਿੰਦਾ, ‘‘ਕਮਲੀਏ, ਵਿਆਹ ਕਰਾਉਣ ਤੋਂ ਪਹਿਲਾਂ ਇਕ ਵਾਰ ਮੈਨੂੰ ਪੁੱਛ ਤਾਂ ਲੈਂਦੀ।’’
ਸੰਪਰਕ: 98148-03254