ਬਲੱਡ ਪ੍ਰੈੱਸ਼ਰ: ਭਰੋਸੇਯੋਗ ਨਿਗਰਾਨੀ ਅਤੇ ਡਾਕਟਰੀ ਸਲਾਹ ਜ਼ਰੂਰੀ
ਬਲੱਡ ਪ੍ਰੈੱਸ਼ਰ ਦਿਲ ਅਤੇ ਖ਼ੂਨ ਦੀਆਂ ਨਾੜੀਆਂ ਦੀ ਸਿਹਤ ਦਾ ਇੱਕ ਮਹੱਤਵਪੂਰਨ ਸੰਕੇਤ ਹੈ। ਇਸ ਨੂੰ ਅਕਸਰ ‘ਖ਼ਾਮੋਸ਼ ਕਾਤਲ’ (Silent Killer) ਕਿਹਾ ਜਾਂਦਾ ਹੈ ਕਿਉਂਕਿ ਹਾਈ ਬਲੱਡ ਪ੍ਰੈੱਸ਼ਰ ਕਈ ਵਾਰ ਕੋਈ ਸਪੱਸ਼ਟ ਲੱਛਣ ਪੈਦਾ ਨਹੀਂ ਕਰਦਾ। ਇਸ ਨਾਲ ਸਵਾਲ ਪੈਦਾ...
ਬਲੱਡ ਪ੍ਰੈੱਸ਼ਰ ਦਿਲ ਅਤੇ ਖ਼ੂਨ ਦੀਆਂ ਨਾੜੀਆਂ ਦੀ ਸਿਹਤ ਦਾ ਇੱਕ ਮਹੱਤਵਪੂਰਨ ਸੰਕੇਤ ਹੈ। ਇਸ ਨੂੰ ਅਕਸਰ ‘ਖ਼ਾਮੋਸ਼ ਕਾਤਲ’ (Silent Killer) ਕਿਹਾ ਜਾਂਦਾ ਹੈ ਕਿਉਂਕਿ ਹਾਈ ਬਲੱਡ ਪ੍ਰੈੱਸ਼ਰ ਕਈ ਵਾਰ ਕੋਈ ਸਪੱਸ਼ਟ ਲੱਛਣ ਪੈਦਾ ਨਹੀਂ ਕਰਦਾ। ਇਸ ਨਾਲ ਸਵਾਲ ਪੈਦਾ ਹੁੰਦਾ ਹੈ: ਕੀ ਬਲੱਡ ਪ੍ਰੈਸ਼ਰ ਮਾਪਣ ਵਾਲੀ ਮਸ਼ੀਨ ਤੋਂ ਬਗ਼ੈਰ ਅਸੀਂ ਜਾਣ ਸਕਦੇ ਹਾਂ ਕਿ ਸਾਡਾ ਬਲੱਡ ਪ੍ਰੈੱਸ਼ਰ ਵਧਿਆ ਹੋਇਆ ਹੈ? ਜਵਾਬ ਹੈ- ਭਰੋਸੇਯੋਗ ਢੰਗ ਨਾਲ ਨਹੀਂ ਮਾਪ ਸਕਦੇ। ਕੋਈ ਵਿਅਕਤੀ ਸਿਰਫ਼ ਆਪਣੀ ਨਬਜ਼ ਟੋਹ ਕੇ, ਚਿਹਰੇ ਨੂੰ ਦੇਖ ਕੇ, ਅੱਖਾਂ ਦੀ ਜਾਂਚ ਕਰਕੇ ਜਾਂ ਆਪਣੇ ਸਰੀਰ ਦੇ ਅਹਿਸਾਸ ਦੇ ਆਧਾਰ ’ਤੇ ਬਲੱਡ ਪ੍ਰੈੱਸ਼ਰ ਦਾ ਸਹੀ ਅੰਦਾਜ਼ਾ ਨਹੀਂ ਲਾ ਸਕਦਾ। ਕਈ ਵਾਰ ਬਲੱਡ ਪ੍ਰੈੱਸ਼ਰ ਕਾਫ਼ੀ ਵਧਿਆ ਹੋਣ ਦੇ ਬਾਵਜੂਦ ਵਿਅਕਤੀ ਬਿਲਕੁਲ ਸਹਿਜ ਮਹਿਸੂਸ ਕਰ ਰਿਹਾ ਹੁੰਦਾ ਹੈ। ਦੂਜੇ ਪਾਸੇ, ਸਾਧਾਰਨ ਬਲੱਡ ਪ੍ਰੈੱਸ਼ਰ ਵਾਲੇ ਵਿਅਕਤੀ ਨੂੰ ਵੀ ਸਿਰਦਰਦ, ਚੱਕਰ ਜਾਂ ਘਬਰਾਹਟ ਵਰਗੇ ਲੱਛਣ ਹੋ ਸਕਦੇ ਹਨ। ਬਹੁਤ ਜ਼ਿਆਦਾ ਬਲੱਡ ਪ੍ਰੈੱਸ਼ਰ ਨਾਲ ਤੇਜ਼ ਸਿਰਦਰਦ, ਨਜ਼ਰ ਵਿੱਚ ਧੁੰਦਲਾਪਣ, ਛਾਤੀ ਵਿੱਚ ਬੇਚੈਨੀ, ਸਾਹ ਲੈਣ ਵਿੱਚ ਮੁਸ਼ਕਿਲ, ਕਮਜ਼ੋਰੀ ਜਾਂ ਉਲਝਣ ਵਰਗੇ ਲੱਛਣ ਜੁੜੇ ਹੋ ਸਕਦੇ ਹਨ ਪਰ ਇਹ ਲੱਛਣ ਸਿਰਫ਼ ਬਲੱਡ ਪ੍ਰੈੱਸ਼ਰ ਕਰਕੇ ਹੀ ਨਹੀਂ ਹੁੰਦੇ। ਇਸ ਲਈ ਇਨ੍ਹਾਂ ਨੂੰ ਬਲੱਡ ਪ੍ਰੈੱਸ਼ਰ ਮਾਪਣ ਦਾ ਬਦਲ ਨਹੀਂ ਮੰਨਣਾ ਚਾਹੀਦਾ।
ਬਲੱਡ ਪ੍ਰੈੱਸ਼ਰ ਮਾਪਣਾ ਕਿਉਂ ਜ਼ਰੂਰੀ: ਬਲੱਡ ਪ੍ਰੈੱਸ਼ਰ ਦਿਨ ਦੇ ਵੱਖ-ਵੱਖ ਸਮਿਆਂ ਵਿੱਚ ਬਦਲਦਾ ਰਹਿੰਦਾ ਹੈ। ਸਰੀਰਕ ਗਤੀਵਿਧੀ, ਤਣਾਅ, ਨੀਂਦ, ਭਾਵਨਾਵਾਂ, ਕੈਫੀਨ, ਦਵਾਈਆਂ ਅਤੇ ਹੋਰ ਕਈ ਕਾਰਕ ਇਸ ’ਤੇ ਪ੍ਰਭਾਵ ਪਾ ਸਕਦੇ ਹਨ। ਸਰੀਰ ਵਿੱਚ ਮਹਿਸੂਸ ਹੋਣ ਵਾਲਾ ਕੋਈ ਇੱਕ ਅਹਿਸਾਸ ਨਾੜੀਆਂ ਦੇ ਅੰਦਰਲੇ ਅਸਲ ਦਬਾਅ ਬਾਰੇ ਸਹੀ ਜਾਣਕਾਰੀ ਨਹੀਂ ਦੇ ਸਕਦਾ। ਬਲੱਡ ਪ੍ਰੈੱਸ਼ਰ ਮਾਪਣ ਵਾਲੀ ਮਸ਼ੀਨ ਦੋ ਮਹੱਤਵਪੂਰਨ ਪੈਮਾਨੇ ਦੱਸਦੀ ਹੈ। ਪਹਿਲਾ ਸਿਸਟੋਲਿਕ ਪ੍ਰੈੱਸ਼ਰ- ਜਦੋਂ ਦਿਲ ਸੁੰਗੜਦਾ ਹੈ ਅਤੇ ਖ਼ੂਨ ਨੂੰ ਅੱਗੇ ਪੰਪ ਕਰਦਾ ਹੈ, ਉਸ ਸਮੇਂ ਨਾੜੀਆਂ ਵਿੱਚ ਬਣਨ ਵਾਲਾ ਦਾ ਦਬਾਅ। ਡਾਇਸਟੋਲਿਕ ਪ੍ਰੈੱਸ਼ਰ- ਜਦੋਂ ਦਿਲ ਧੜਕਣਾਂ ਦੇ ਵਿਚਕਾਰ ਆਰਾਮ ਕਰਦਾ ਹੈ, ਉਸ ਸਮੇਂ ਨਾੜੀਆਂ ਵਿੱਚ ਰਹਿਣ ਵਾਲਾ ਦਬਾਅ।
ਇਹ ਦੋਵੇਂ ਪੈਮਾਨੇ ਸਾਨੂੰ ਅਜਿਹੀ ਜਾਣਕਾਰੀ ਦਿੰਦੇ ਹਨ ਜੋ ਸਿਰਫ਼ ਬਾਂਹ ਦੀ ਨਬਜ਼ ਟੋਹ ਕੇ ਜਾਂ ਧੜਕਣ ਨੂੰ ਮਹਿਸੂਸ ਕਰਕੇ ਪ੍ਰਾਪਤ ਨਹੀਂ ਕੀਤੀ ਜਾ ਸਕਦੀ।
ਕੀ ਨਬਜ਼ ਤੋਂ ਕੁਝ ਪਤਾ ਲੱਗ ਸਕਦਾ ਹੈ? ਨਬਜ਼ ਟੋਹਣ ਨਾਲ ਦਿਲ ਦੀ ਧੜਕਣ ਦੀ ਗਤੀ ਅਤੇ ਲੈਅ ਬਾਰੇ ਕੁਝ ਜਾਣਕਾਰੀ ਮਿਲ ਸਕਦੀ ਹੈ ਪਰ ਇਸ ਨਾਲ ਬਲੱਡ ਪ੍ਰੈੱਸ਼ਰ ਦਾ ਪੱਧਰ ਪਤਾ ਨਹੀਂ ਲੱਗ ਸਕਦਾ। ਤੇਜ਼ ਨਬਜ਼ ਦਾ ਮਤਲਬ ਇਹ ਨਹੀਂ ਕਿ ਬਲੱਡ ਪ੍ਰੈੱਸ਼ਰ ਵਧਿਆ ਹੋਇਆ ਹੈ। ਇਸੇ ਤਰ੍ਹਾਂ ਹੌਲੀ ਨਬਜ਼ ਦਾ ਅਰਥ ਇਹ ਨਹੀਂ ਕਿ ਬਲੱਡ ਪ੍ਰੈੱਸ਼ਰ ਘੱਟ ਹੈ। ਇਹ ਫ਼ਰਕ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਲੋਕ ਇਹ ਮੰਨ ਲੈਂਦੇ ਹਨ ਕਿ ‘ਤੇਜ਼ ਨਬਜ਼’ ਹਾਈ ਬਲੱਡ ਪ੍ਰੈੱਸ਼ਰ ਦੀ ਨਿਸ਼ਾਨੀ ਹੈ ਪਰ ਇਹ ਮਾਪਣ ਦਾ ਭਰੋਸੇਯੋਗ ਤਰੀਕਾ ਨਹੀਂ ਹੈ।
ਸਮਾਰਟਫੋਨ ਅਤੇ ਸਮਾਰਟਵਾਚ: ਆਧੁਨਿਕ ਵੇਅਰਏਬਲ ਡਿਵਾਈਸ (Wearable devices) ਸਿਹਤ ਨਾਲ ਸਬੰਧਿਤ ਕਈ ਮਾਪਦੰਡਾਂ ਦੀ ਨਿਗਰਾਨੀ ਕਰ ਸਕਦੇ ਹਨ ਅਤੇ ਤਕਨਾਲੋਜੀ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ। ਕੁਝ ਉਪਕਰਨ ਬਲੱਡ ਪ੍ਰੈੱਸ਼ਰ ਦਾ ਅੰਦਾਜ਼ਾ ਲਾਉਣ ਦਾ ਦਾਅਵਾ ਕਰਦੇ ਹਨ ਪਰ ਉਨ੍ਹਾਂ ਦੇ ਨਤੀਜਿਆਂ ਦੇ ਸਹੀ ਹੋਣ ਦੀ ਗਾਰੰਟੀ ਮਸ਼ੀਨ ਦੀ ਗੁਣਵੱਤਾ ਅਤੇ ਵਿਅਕਤੀਗਤ ਹਾਲਾਤ ਅਨੁਸਾਰ ਬਦਲ ਸਕਦੀ ਹੈ। ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈੱਸ਼ਰ ਦੀ ਸਹੀ ਅਤੇ ਨਿਯਮਿਤ ਜਾਂਚ ਦੀ ਲੋੜ ਹੈ, ਉਨ੍ਹਾਂ ਲਈ ਸਹੀ ਆਕਾਰ ਦੇ ਕਫ਼ ਵਾਲਾ ਪ੍ਰਮਾਣਿਤ ਬਲੱਡ ਪ੍ਰੈੱਸ਼ਰ ਮੌਨੀਟਰ ਹੀ ਸਭ ਤੋਂ ਭਰੋਸੇਯੋਗ ਵਿਕਲਪ ਹੈ। ਤਕਨਾਲੋਜੀ ਇਸ ਵਿੱਚ ਮਦਦ ਜ਼ਰੂਰ ਕਰ ਸਕਦੀ ਹੈ ਪਰ ਇਸ ਦੇ ਆਧਾਰ ’ਤੇ ਡਾਕਟਰੀ ਜਾਂਚ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਚਿਤਾਵਨੀ ਸੰਕੇਤ: ਭਾਵੇਂ ਸਿਰਫ਼ ਲੱਛਣਾਂ ਦੇ ਆਧਾਰ ’ਤੇ ਹਾਈ ਬਲੱਡ ਪ੍ਰੈੱਸ਼ਰ ਦੀ ਪਛਾਣ ਨਹੀਂ ਕੀਤੀ ਜਾ ਸਕਦੀ ਪਰ ਕੁਝ ਲੱਛਣ ਤੁਰੰਤ ਡਾਕਟਰੀ ਸਹਾਇਤਾ ਦੀ ਮੰਗ ਕਰਦੇ ਹਨ। ਛਾਤੀ ਵਿੱਚ ਤੇਜ਼ ਦਰਦ, ਸਾਹ ਲੈਣ ਵਿੱਚ ਗੰਭੀਰ ਮੁਸ਼ਕਿਲ, ਅਚਾਨਕ ਕਮਜ਼ੋਰੀ ਜਾਂ ਸੁੰਨਾਪਣ, ਬੋਲਣ ਵਿੱਚ ਦਿੱਕਤ, ਗੰਭੀਰ ਉਲਝਣ ਜਾਂ ਨਜ਼ਰ ਵਿੱਚ ਅਚਾਨਕ ਤਬਦੀਲੀ ਵਰਗੇ ਲੱਛਣਾਂ ਨੂੰ ਐਮਰਜੈਂਸੀ ਹਾਲਾਤ ਵਜੋਂ ਲੈਣਾ ਚਾਹੀਦਾ ਹੈ ਅਤੇ ਸਿਰਫ਼ ਬਲੱਡ ਪ੍ਰੈੱਸ਼ਰ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ। ਮਹੱਤਵਪੂਰਨ ਗੱਲ ਇਹ ਹੈ ਕਿ ਲੱਛਣਾਂ ਦੇ ਨਾ ਹੋਣ ਦਾ ਮਤਲਬ ਇਹ ਨਹੀਂ ਕਿ ਕੋਈ ਖ਼ਤਰਾ ਨਹੀਂ ਹੈ। ਹਾਈ ਬਲੱਡ ਪ੍ਰੈੱਸ਼ਰ ਬਿਨਾਂ ਕਿਸੇ ਚਿਤਾਵਨੀ ਦੇ ਚੁੱਪ-ਚੁਪੀਤੇ ਦਿਲ, ਦਿਮਾਗ਼, ਗੁਰਦਿਆਂ ਅਤੇ ਖ਼ੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਨਿਯਮਿਤ ਜਾਂਚ ਜ਼ਰੂਰੀ: ਅੱਖਾਂ ਨੂੰ ਦੇਖ ਕੇ, ਨਬਜ਼ ਟੋਹ ਕੇ ਜਾਂ ਸਰੀਰ ਦੇ ਕਿਸੇ ਹੋਰ ਬਾਹਰੀ ਸੰਕੇਤ ਨੂੰ ਦੇਖ ਕੇ ਸਹੀ ਬਲੱਡ ਪ੍ਰੈੱਸ਼ਰ ਦੱਸਣ ਵਾਲਾ ਕੋਈ ਭਰੋਸੇਯੋਗ ਕੁਦਰਤੀ ਟੈਸਟ ਨਹੀਂ ਹੈ। ਸਭ ਤੋਂ ਸੁਰੱਖਿਅਤ ਤਰੀਕਾ ਹੈ- ਬਲੱਡ ਪ੍ਰੈੱਸ਼ਰ ਨੂੰ ਮਾਪਣਾ। ਜਿਨ੍ਹਾਂ ਲੋਕਾਂ ਨੂੰ ਆਪਣੇ ਬਲੱਡ ਪ੍ਰੈੱਸ਼ਰ ਬਾਰੇ ਚਿੰਤਾ ਹੈ, ਉਨ੍ਹਾਂ ਲਈ ਨਿਯਮਿਤ ਨਿਗਰਾਨੀ, ਸਿਹਤਮੰਦ ਭੋਜਨ, ਸਰੀਰਕ ਸਰਗਰਮੀ, ਪੂਰੀ ਨੀਂਦ, ਤੰਬਾਕੂ ਤੋਂ ਦੂਰ ਰਹਿਣਾ, ਨਮਕ ਘੱਟ ਵਰਤਣਾ ਅਤੇ ਡਾਕਟਰੀ ਸਲਾਹ ਦੀ ਪਾਲਣਾ ਕਰਨਾ ਦਿਲ ਅਤੇ ਖੂਨ ਦੀਆਂ ਨਾੜੀਆਂ ਦੀ ਸਿਹਤ ਲਈ ਲਾਭਦਾਇਕ ਹੋ ਸਕਦਾ ਹੈ। ਬਲੱਡ ਪ੍ਰੈੱਸ਼ਰ ਹਮੇਸ਼ਾ ਕਿਸੇ ਲੱਛਣ ਰਾਹੀਂ ਆਪਣੀ ਮੌਜੂਦਗੀ ਦਾ ਐਲਾਨ ਨਹੀਂ ਕਰਦਾ। ਕਈ ਵਾਰ ਸਰੀਰ ਬਿਲਕੁਲ ਸ਼ਾਂਤ ਰਹਿੰਦਾ ਹੈ ਜਦਕਿ ਬਲੱਡ ਪ੍ਰੈੱਸ਼ਰ ਵਧਿਆ ਹੋਇਆ ਹੋ ਸਕਦਾ ਹੈ। ਇਸ ਲਈ ਬਲੱਡ ਪ੍ਰੈੱਸ਼ਰ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਇਸ ਨੂੰ ਸਹੀ ਢੰਗ ਨਾਲ ਮਾਪਣਾ ਹੀ ਸਭ ਤੋਂ ਭਰੋਸੇਯੋਗ ਹੱਲ ਹੈ।
ਸੰਪਰਕ: 94656-82110

