ਪ੍ਰੋ. ਵੇਦ ਪ੍ਰਕਾਸ਼ ਸ਼ਰਮਾ
ਪੰਜਾਬ ਅਤੇ ਭਾਰਤ ਦੇ ਹੋਰ ਭਾਗਾਂ ਵਿੱਚ ਖੇਤੀ ਆਰਡੀਨੈਂਸਾਂ ਦੇ ਪਾਸ ਹੋਣ ਤੋਂ ਬਾਅਦ ਕਿਸਾਨਾਂ ਦਾ ਕੁਦਰਤੀ ਕਰੋਪੀ ਦੇ ਸਮੇਂ ਸੜਕਾਂ ’ਤੇ ਉਤਰਨਾ ਅਤੇ ਸਰਕਾਰ ਦੇ ਇਨ੍ਹਾਂ ਕਾਨੂੰਨਾਂ ਵਿਰੁੱਧ ਉੱਠ ਰਿਹਾ ਵਿਦਰੋਹ ਇਹ ਜ਼ਾਹਰ ਕਰਦਾ ਹੈ ਕਿ ਕਿਸਾਨੀ ਉੱਤੇ ਆਉਣ ਵਾਲੇ ਦਿਨਾਂ ਵਿੱਚ ਦੁੱਖਾਂ ਦੇ ਪਹਾੜ ਟੁੱਟਣ ਵਾਲੇ ਹਨ। ਪੇਂਡੂ ਪਿਛੋਕੜ ਹੋਣ ਕਰਕੇ ਅਤੇ ਇਸ ਕਿੱਤੇ ਨਾਲ ਸਬੰਧਤ ਸਮੱਸਿਆਵਾਂ ਤੋਂ ਜਾਣੂ ਹੋਣ ਕਰਕੇ ਮੈਂ ਇਸ ਸੰਘਰਸ਼ ਦੌਰਾਨ ਵਾਰਤਾ ਲਿਖ ਕੇ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਿਹਾ ਹਾਂ ਤੇ ਇਸ ਸੰਘਰਸ਼ ਵਿੱਚ ਯੋਗਦਾਨ ਪਾ ਰਹੇ ਸਾਰੇ ਯੋਧਿਆਂ ਨੂੰ ਦਿਲੋਂ ਸਲਾਮ ਕਰਦਾ ਹਾਂ।
ਇੱਕ ਲੋਕ ਬੋਲੀ ਵਿੱਚ ਜ਼ਿਮੀਦਾਰ ਦੀ ਹਾਲਤ ਦਾ ਵਰਨਣ ਕੀਤਾ ਗਿਆ ਹੈ ਕਿ ‘ਜੱਟਾ ਤੇਰੀ ਜੂਨ ਬੁਰੀ, ਹਲ ਛੱਡ ਕੇ ਚਰ੍ਹੀ ਨੂੰ ਜਾਣਾ।’ ਕਿਸਾਨ ਦੇ ਸਿਰ ’ਤੇ 24 ਘੰਟੇ ਕੰਮਾਂ ਦਾ ਬੋਝ ਬਣਿਆ ਰਹਿੰਦਾ ਹੈ ਪਰ ਪ੍ਰਮਾਤਮਾ ਨੇ ਉਸ ਨੂੰ ਅਜਿਹਾ ਹੌਸਲਾ ਤੇ ਦਰਿਆਦਿਲੀ ਦਿੱਤੀ ਹੈ, ਕਿ ਉਹ ਸੰਕਟ ਵਿੱਚ ਵੀ ਨਹੀਂ ਡੋਲਦਾ। ਸਾਡਾ ਸਾਰਾ ਪਿੰਡ ਰੰਚਣਾ ਨੇੜੇ ਧੂਰੀ (ਬਹੁਮਤ) ਬ੍ਰਾਹਮਣਾਂ ਦਾ ਹੈ। ਸਾਰੇ ਘਰ ਜ਼ਮੀਨਾਂ ਜਾਇਦਾਦਾਂ ਵਾਲੇ ਹਨ। ਸਾਰਿਆਂ ਨੇ ਖੇਤੀ ਨਾਲ ਸਬੰਧਤ ਸਾਰੇ ਸੰਦ ਵੀ ਬਣਾ ਰੱਖੇ ਹਨ। ਮੇਰੇ ਖਿਆਲ ਮੁਤਾਬਕ ਜੋ ਪਰਿਵਾਰ ਖੇਤੀ ਕਰਦਾ ਹੈ, ਉਹ ਕਿਸਾਨ ਹੈ, ਜਾਤ-ਬਰਾਦਰੀ ਜੋ ਵੀ ਹੋਵੇ। ਇਸੇ ਕਰਕੇ ਸਾਡੇ ਪਿੰਡਾਂ ਦੇ ਆਲੇ-ਦੁਆਲੇ ਦੇ ਕਿਸਾਨ, ਸਾਡੇ ਪਿੰਡ ਦੇ ਕਿਸਾਨਾਂ ਨੂੰ ‘ਜੱਟ ਬ੍ਰਾਹਮਣ’ ਵੀ ਕਹਿ ਕੇ ਬੁਲਾਉਂਦੇ ਹਨ। ਪਿੰਡ ਦੇ ਕਿਸਾਨਾਂ ਵਿੱਚੋਂ ਮੈਨੂੰ ਗੁਰਦਿਆਲ ਸਿੰਘ ਦੇ ਨਾਵਲ ਵਾਲਾ ਪਰਸਾ ਦਿਖਾਈ ਦਿੰਦਾ ਹੈ।
ਮੈਨੂੰ ਅੱਜ ਵੀ ਯਾਦ ਹੈ, ਜਦੋਂ ਛੇ ਮਹੀਨਿਆਂ ਬਾਅਦ ਬਾਪੂ ਆੜ੍ਹਤੀਏ ਨਾਲ ਹਿਸਾਬ ਕਰਕੇ, ਕੁਝ ਨਹੀਂ ਬਚਿਆ, ਕੁਝ ਨਹੀਂ ਬਚਿਆ ਕਹਿੰਦਾ ਘਰੇ ਵੜਦਾ ਹੁੰਦਾ ਸੀ, ਫਿਰ ਦੂਜੇ ਦਿਨ ਉਹ ਹਿਸਾਬ ਦਿਆਲੇ ਸੀਰੀ ਨਾਲ ਕਾਪੀ ਖੋਲ੍ਹ ਕੇ ਕਰਿਆ ਕਰਦਾ ਸੀ, ਜਿਸ ਵਿੱਚ ਸਾਰਾ ਖ਼ਰਚਾ ਲਿਖਿਆ ਹੁੰਦਾ ਸੀ। ਉੱਥੇ ਵੀ ਬੱਚਤ ਸਿਫ਼ਰ ਹੀ ਨਿਕਲਦੀ ਹੁੰਦੀ ਸੀ। ਦੋ ਕੁ ਮਿੰਟ ਚੁੱਪ ਰਹਿਣ ਤੋਂ ਬਾਅਦ ਬਾਪੂ ਤੇ ਸੀਰੀ ਦਿਆਲਾ ਇਹ ਕਹਿ ਕੇ ਕੰਮ ’ਤੇ ਜੁੱਟ ਜਾਂਦੇ ਸਨ, ਕੋਈ ਗੱਲ ਨਹੀਂ, ਜੇ ਕੁਝ ਨਹੀਂ ਬਚਿਆ ਫਸਲ ’ਚੋਂ ਐਤਕੀਂ, ਆਪਾਂ ਤਾਂ ਬਚ ਗਏ, ਇਹੀ ਸ਼ੁਕਰ ਮਨਾਈਏ। ਇਸ ਤੋਂ ਵੱਡੀ ਜ਼ਿੰਦਾਦਿਲੀ ਦੀ ਨਿਸ਼ਾਨੀ ਹੋਰ ਕੀ ਹੋ ਸਕਦੀ ਹੈ।
ਜੱਟ ਦੀ ਹੋਰ ਵਰਗਾਂ ਨਾਲ ਸਾਂਝ ਮੈਂ ਅੱਖੀਂ ਦੇਖੀ ਹੈ। ਇਹ ਨਵੇਂ ਕਾਨੂੰਨ ਇਸ ਸਾਂਝ ਨੂੰ ਤਹਿਸ-ਨਹਿਸ ਕਰ ਕੇ ਰੱਖ ਦੇਣਗੇ। ਪਿੰਡਾਂ ਵਿੱਚ ਕਣਕ ਦੀ ਕਢਾਈ ਲਈ ਡਰੰਮੀ, ਥਰੈਸ਼ਰ ਤੇ ਕੰਬਾਇਨ ਤੱਕ ਦਾ ਸਫ਼ਰ ਦੇਖਿਆ ਹੈ। ਜੱਟ ਤੇ ਸੀਰੀ ਦੀ ਸਾਂਝ ਦੇਖੀ ਹੈ। ਕਣਕ ਵੱਢਦੇ ਕਾਮਿਆਂ ਨੂੰ ਬੀਰ ਸਿੰਘ ਮਸ਼ਕ ਨਾਲ ਪਾਣੀ ਪਿਲਾਉਂਦਾ ਦੇਖਿਆ, ਬਾਲ ਕਿਸ਼ਨ ਤਾਏ ਦਾ ਕਾਰਖਾਨਾ ਵੀ ਦੇਖਿਆ, ਜਿੱਥੋਂ ਵਾਢੀਆਂ ਦੌਰਾਨ ਦਾਤੀਆਂ ਦੇ ਦੰਦੇ ਕਢਾਉਣ ਦੀ ਜ਼ਿੰਮੇਵਾਰੀ ਮੇਰੀ ਹੁੰਦੀ ਸੀ। ਉਸ ਨੂੰ ਛੇ ਮਹੀਨਿਆਂ ਬਾਅਦ 10 ਪਨਸੇਰੀਆਂ ਕਣਕ ਤੇ ਪੰਜ ਪੰਡਾਂ ਤੂੜੀ ਲਿਜਾਂਦੇ ਵੀ ਦੇਖਿਆ। ਨਵੇਂ ਖੇਤੀ ਕਾਨੂੰਨ ਆਉਣ ਨਾਲ ਜੱਟ, ਸੀਰੀ, ਤਰਖਾਣਾਂ, ਘੁਮਿਆਰਾਂ, ਨਾਲ ਸਬੰਧਤ ਸਾਰੇ ਰਿਸ਼ਤੇ ਮਲੀਆਮੇਟ ਹੋ ਜਾਣਗੇ। ਜੱਟ ਤੇ ਸੀਰੀ ਦਾ ਰਿਸ਼ਤਾ ਕੇਵਲ ਖੇਤੀ ਦਾ ਸੀਰੀ ਨਹੀਂ, ਸਗੋਂ ਦੁੱਖਾਂ ਤਕਲੀਫਾਂ ਵਿੱਚ ਵੀ ਸੀਰੀ (ਸਾਂਝੀ) ਵਾਲਾ ਰਿਸ਼ਤਾ ਹੁੰਦਾ ਸੀ। ਮੈਨੂੰ ਯਾਦ ਹੈ ਜਿਨ੍ਹਾਂ ਦਿਨਾਂ ਵਿੱਚ ਸਾਡੇ ਸੀਰੀ ਰੁਲਦੂ ਦਾ ਵਿਆਹ ਧਰਿਆ ਹੋਇਆ ਸੀ, ਮੇਰੀ ਭੂਆ ਪਹਿਲੇ ਬੱਚੇ ਦੇ ਜਨਮ ਸਮੇਂ ਹੀ ਸਵਰਗ ਸੁਧਾਰ ਗਈ ਸੀ, ਉਸ ਸਮੇਂ ਰੁਲਦੂ ਦੇ ਬਾਪੂ ਨੇ ਰੁਲਦੂ ਦੇ ਵਿਆਹ ਉੱਤੇ ਲਾਊਡ ਸਪੀਕਰ ਅਤੇ ਬੈਂਡ-ਬਾਜੇ ਵਾਲਿਆਂ ਨੂੰ ਸਾਈ ਦੇ ਦਿੱਤੇ ਪੈਸੇ ਵਾਪਿਸ ਕਰਵਾ ਲਏ ਸਨ। ਸਾਡੇ ਦੁੱਖਾਂ ਦੇ ਸੀਰੀ ਹੋਣ ਦੀ ਮਿਸਾਲ ਦਿੱਤੀ ਸੀ।
ਅੱਜ ਵੀ ਮੈਨੂੰ ਸਾਡੇ ਨਾਲ ਰਹੇ ਸੀਰੀ ਦਿਆਲ ਸਿੰਘ, ਸੁੱਚਾ ਸਿੰਘ, ਕੈਲਾ, ਕਾਕਾ, ਨੇਕ, ਸੇਵਾ, ਦਰਬਾਰਾ ਤੇ ਭੋਲੀ ਯਾਦ ਹਨ। ਸੀਰੀ ਚਾਚੇ, ਤਾਏ ਸਨ, ਉਨ੍ਹਾਂ ਸਾਨੂੰ ਮੋਢਿਆਂ ਤੇ ਚੁੱਕ-ਚੁੱਕ ਕੇ ਖਿਡਾਇਆ, ਪਰ ਨਵੇਂ ਕਾਨੂੰਨਾਂ ਨਾਲ ਇਹ ਸਾਰੇ ਰਿਸ਼ਤੇ ਖਤਮ ਹੋ ਜਾਣਗੇ। ਤਾਇਆ ਬਾਬੂ ਸਿੰਘ ਜਦੋਂ ਲੱਕ ਨਾਲ ਸਰ੍ਹੋਂ ਦਾ ਬੀਜ ਬੰਨ੍ਹ ਕੇ ਹਲੀ ਨਾਲ ਕਣਕ ਦੇ ਵਿੱਚ ਜਦੋਂ ਸਰ੍ਹੋਂ ਦੀਆਂ ਆਡਾਂ ਕੱਢਣੀਆਂ ਸ਼ੁਰੂ ਕਰਦਾ ਸੀ ਤੇ ਨਾਲ ਗੁਣਗੁਣਾਉਂਦਾ ਸੀ, ਹਾਲੀ, ਪਾਲੀ ਦੇ ਭਾਗੀ, ਚਿੜੀ ਜਨੌਰ ਦੇ ਭਾਗੀ। ਅਜਿਹੀ ਅਰਦਾਸ ਕਰਨ ਵਾਲੇ ਰਿਸ਼ਤੇ ਮਿੱਟੀ ਵਿੱਚ ਮਿਲ ਜਾਣਗੇ। ਖੇਤਾਂ ਦੇ ਰਾਜੇ ਕਹਾਉਣ ਵਾਲੇ ਅਡਾਨੀਆ, ਅੰਬਾਨੀਆਂ, ਮਹਿੰਦਰਿਆਂ ਦੇ ਸੀਰੀ ਬਣ ਕੇ ਰਹਿ ਜਾਣਗੇ। ਪਰ ਇਹ ਰਿਸ਼ਤਾ, ਪੁਰਾਤਨ ਜੱਟ ਤੇ ਸੀਰੀ ਵਰਗਾ ਨਹੀਂ ਹੋਵੇਗਾ। ਪਿਆਰ ਦੀ ਥਾਂ ਮੁਨਾਫਾ ਮੁੱਖ ਹੋਵੇਗਾ। ਖੇਤੀ ਨਾਲ ਜੁੜੇ ਸਾਰੇ ਵਰਗਾਂ ਪੱਲੇਦਾਰਾਂ, ਆੜ੍ਹਤੀਆਂ, ਟਰਾਂਸਪੋਰਟਰਾਂ ਦੀਆਂ ਬਾਰੀਕ ਤੰਦਾਂ ਤਾਰ-ਤਾਰ ਹੋ ਜਾਣਗੀਆਂ।
ਆੜ੍ਹਤੀਏ ਜੋ ਜੱਟ ਦੀ ਪੱਤ ਰੱਖਣ ਦਾ ਸਬੱਬ ਬਣਦੇ ਸਨ, ਮਾਰਕੀਟ ਵਿੱਚੋਂ ਗਾਇਬ ਹੋ ਜਾਣਗੇ। ਜੱਟ ਤੇ ਆੜ੍ਹਤੀਏ ਦੇ ਰਿਸ਼ਤੇ ਦੀ ਵੀ ਗਾਥਾ ਯਾਦ ਹੈ। ਜਦੋਂ ਸਾਡੇ ਗੁਆਂਢੀ ਪਾਲੇ ਦੀ ਦਾਦੀ ਸਵਰਗ ਸੁਧਾਰ ਗਈ ਸੀ ਤਾਂ ਪਾਲੇ ਦਾ ਬਾਪੂ ਸਿਵਿਆਂ ਵਿੱਚੋਂ ਮਾਂ ਦੇ ਫੁੱਲ ਚੁਗ ਕੇ ਚਿੱਟੀ ਪੋਟਲੀ ਵਿੱਚ ਬੰਨ੍ਹ ਕੇ ਆੜ੍ਹਤੀਏ ਦੀ ਦੁਕਾਨ ਵਿੱਚ ਜਾ ਵੜਿਆ ਸੀ, ਹਰਿਦੁਆਰ ਫੁੱਲ ਤਾਰਨ ਲਈ ਕਿਰਾਏ ਦੇ ਪੈਸੇ ਆੜ੍ਹਤੀਏ ਤੋਂ ਲੈ ਕੇ ਹੀ ਤੁਰਿਆ ਸੀ। ਆੜ੍ਹਤੀਏ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਸੀ, ਮਾਤਾ ਤੁਹਾਡੀ ਪੂਰੀ ਨਹੀਂ ਹੋਈ, ਇਹ ਤਾਂ ਸਾਡੀ ਮਾਂ ਹੀ ਪੂਰੀ ਹੋਈ ਹੈ। ਹੁਣ ਫੁੱਲ ਪਾਉਣ ਤੋਂ ਲੈ ਕੇ ਭੋਗ ਤੱਕ ਖਰਚਾ ਮੈਨੂੰ ਪਤਾ ਮੈਂ ਹੀ ਕਰਾਂਗਾ, ਤੁਹਾਡੇ ਨਾਲ ਹਾੜੀ, ਸਾਉਣੀ ਹੀ ਸਮਝਾਗਾਂ। ਬੜੇ ਲੰਮੇ ਸਮੇਂ ਤੋਂ ਆੜ੍ਹਤੀਏ ਕਿਸਾਨਾਂ ਦੇ ਏਟੀਐਮ ਬਣੇ ਆ ਰਹੇ ਹਨ।
ਜਿਸ ਦਿਨ ਖੇਤ ਵਿੱਚ ਥਰੈਸ਼ਰ ਜਾਂ ਡਰੰਮੀ ਨਾਲ ਕਣਕ ਕੱਢਣ ਦਾ ਮਹੂਰਤ ਹੁੰਦਾ ਸੀ, ਵਿਆਹ ਵਰਗਾ ਦਿਨ ਲੱਗਦਾ ਸੀ। ਖੇਤ ਵਿੱਚ ਜਿੱਥੇ ਥਰੈਸ਼ਰ ਫਿੱਟ ਕਰਨਾ ਹੁੰਦਾ ਸੀ, ਹਫਤਾ ਪਹਿਲਾਂ ਹੀ ਪਿੜ ਘੜਣ ਦੀ ਤਿਆਰੀ ਹੋ ਜਾਂਦੀ। ਜਦੋਂ ਕਣਕ ਦੀਆਂ ਛੱਲਾਂ ਡਰੰਮੀ ਦੇ ਪਾੜਸੇ ’ਚੋਂ ਤਸਲੇ ਵਿੱਚ ਡਿਗਦੀਆਂ ਸਨ, ਉਹ ਨਜ਼ਾਰਾ ਪੇਸ਼ ਕਰਨਾ ਮੁਸ਼ਕਿਲ ਹੈ। ਥਰੈਸ਼ਰ ਦੇ ਚੱਲਦੇ ਸਮੇਂ ਸੀਰੀਆਂ ਨੂੰ ਭਰੇ ਚੁਕਾਉਣ ਦੀ ਜ਼ਿੰਮੇਵਾਰੀ ਮੈਂ ਵੀ ਨਿਭਾਈ ਹੈ ਤੇ ਨਾਲੋ ਨਾਲ ਖਾਲੀ ਹੁੰਦੇ ਖੇਤਾਂ ਵਿੱਚੋਂ ‘‘ਸੰਤੋ’’ ਤਾਈ ਦੁਆਰਾ ਬੱਲੀਆਂ ਚੁਗ-ਚੁਗ ਕੇ ਖਾਣ ਜੋਗੀ ਸਾਲ ਭਰ ਦੀ ਕਣਕ ਇਕੱਠੀ ਕਰ ਲੈਣਾ ਅੱਜ ਵੀ ਮੈਨੂੰ ਕੱਲ੍ਹ ਦੀਆਂ ਗੱਲਾਂ ਲੱਗਦੀਆਂ ਹਨ। ਨਵੇਂ ਕਾਨੂੰਨ ਇਹ ਸਭ ਰਿਸ਼ਤੇ ਖਤਮ ਕਰ ਦੇਣਗੇ। ਹੁਣ ਵੀ ਜਦੋਂ ਪਿੰਡ ਕਣਕ ਜਾਂ ਝੋਨਾ ਕੱਟਣ ਲਈ ਕੰਬਾਇਨ ਆਉਣੀ ਹੁੰਦੀ ਹੈ, ਮੈਂ ਵਾਰ-ਵਾਰ ਫੋਨ ਕਰਕੇ ਪਿੰਡੋਂ ਪੁੱਛਦਾ ਹਾਂ ਕਿ ਖੂਹ ਵਾਲੇ ਖੇਤੋਂ ਕਿੰਨੀਆਂ ਟਰਾਲੀਆਂ ਹੋ ਗਈਆਂ ਅਤੇ ਨਹਿਰੋਂ ਪਾਰੋਂ ਕਿੰਨੀਆਂ, ਨਵੇਂ ਕਾਨੂੰਨ ਲਾਗੂ ਹੋਣ ਨਾਲ ਇਨ੍ਹਾਂ ਟਰਾਲੀਆਂ ਦਾ ਚਾਅ ਕਿਸਾਨੀ ਪਰਿਵਾਰਾਂ ਨਾਲ ਜੁੜੇ ਮੇਰੇ ਵਰਗਿਆਂ ਨੂੰ ਪਟਿਆਲਾ ਬੈਠਿਆਂ ਨੂੰ ਨਹੀਂ ਹੋਵੇਗਾ ਸਗੋਂ, ਅੰਬਾਨੀਆਂ, ਅਡਾਨੀਆਂ ਅਤੇ ਉਨ੍ਹਾਂ ਦੇ ਮੈਨੇਜਰਾਂ ਨੂੰ ਹੋਵੇਗਾ। ਜਦੋਂ ਮੰਡੀ ਵਿੱਚ ਪੱਲੇਦਾਰ ਕਣਕ ਦੀਆਂ ਬੋਰੀਆਂ ਭਰ ਕੇ ਲੰਬੀਆਂ ਲਾਈਨਾਂ ਲਾ ਦਿੰਦੇ ਸਨ ਤਾਂ ਕਿਸਾਨ ਇੱਕ-ਇੱਕ ਕਰਕੇ ਆੜ੍ਹਤੀਏ ਦੇ ਮੁਨੀਮ ਨਾਲ ਬੋਰੀਆਂ ਗਿਣ ਕੇ ਜੋ ਮਹਿਸੂਸ ਕਰਦਾ ਸੀ, ਉਹ ਸਾਰੇ ਚਾਅ ਦਿਲ ਵਿੱਚ ਹੀ ਦਬ ਕੇ ਰਹਿ ਜਾਣਗੇ। ਮਾਲਿਕਾਨਾ ਹੱਕਾਂ ਵਾਲੀ ਚੌਧਰ ਖ਼ਤਮ ਹੋ ਜਾਵੇਗੀ।
ਬੇਰੁਜ਼ਗਾਰੀ ਦੀ ਮਾਰ ਝੱਲਦਾ ਜਦੋਂ ਮੇਰਾ ਭਤੀਜਾ ‘ਵਿਵੇਕ’ ਦੇਸ਼ ਛੱਡ ਕੇ ਪਰਦੇਸੀ ਬਣ ਨਿਊਜ਼ੀਲੈਂਡ ਵਿੱਚ ਬੈਠਾ ਫੇਸਬੁੱਕ ’ਤੇ ਮੋਟਰ ਵਾਲੇ ਕੋਠੇ ’ਤੇ ਲਹਿਰਾਉਂਦੀ ਕਣਕ ਦੀਆਂ ਤਸਵੀਰਾਂ ਪਾਉਂਦਾ ਹੈ ਅਤੇ ਥੱਲੇ ਕੈਪਸ਼ਨ ਲਿਖਦਾ ਹੈ ਕਿ ਕਦੇ ਸਾਡੇ ਵੀ ਮੋਟਰਾਂ ਦੇ ਕੋਠੇ ਤੇ ਖੇਤ ਹੁੰਦੇ ਸਨ, ਪੜ੍ਹ ਕੇ ਅੱਖਾਂ ਭਰ ਆਉਂਦੀਆਂ ਹਨ। ਹੁਣ ਨਵੇਂ ਕਾਨੂੰਨ ਆਉਣ ਨਾਲ ਪਤਾ ਨਹੀਂ ਹੋਰ ਕਿੰਨੇ ਕੁ ਨੌਜਵਾਨਾਂ ਨੂੰ ਜਨਮ ਭੂਮੀ ਛੱਡ ਕੇ ਪਰਦੇਸੀ ਬਣਨਾ ਪਵੇਗਾ ਤੇ ਪਿੰਡਾਂ ਦਾ ਹੇਰਵਾ ਸਹਿਣਾ ਪਵੇਗਾ।
ਸਖ਼ਤ ਮਿਹਨਤਾਂ ਨਾਲ ਕੱਲਰਾਂ ਵਾਲੀਆਂ ਜ਼ਮੀਨਾਂ ਵਿੱਚ ਜਿਪਸਮ ਦੀਆਂ ਪਾਈਆਂ ਟਰਾਲੀਆਂ ਨਾਲ ਉਪਜਾਊ ਕੀਤੀ ਜ਼ਮੀਨ ’ਤੇ ਕਿਸਾਨਾਂ ਦੇ ਟਰੈਕਟਰ ਨਹੀਂ ਚੱਲਣਗੇ ਸਗੋਂ ਧਨਾਡਾਂ ਦੇ ਬੁਲਡੋਜ਼ਰ ਚੱਲਣਗੇ। ਮੈਨੂੰ ਅੱਜ ਵੀ ਕੱਲਰਾਂ ਵਾਲੀ ਜ਼ਮੀਨ ਚਾਲੂ ਕਰਨ ਸਮੇਂ, ਮਾਤਾ ਦੇ ਵਿਹੜੇ ਵਿੱਚ ਬਣੇ ਚੁੱਲ੍ਹੇ ਉੱਤੇ ਮੰਜਾ ਖੜ੍ਹਾ ਕੇ ਕੀਤੀ ਛਾਂ ਵਿੱਚ ਦਿਹਾੜੀਆਂ ਲਈ ਲਾਹੀਆਂ ਮਣਾਂ-ਮੂੰਹੇ ਰੋਟੀਆਂ ਯਾਦ ਹਨ, ਇਹ ਸਭ ਖੂਹ ਖਾਤੇ ਪੈ ਜਾਣਗੀਆਂ। ਮੌਜੂਦਾ ਕਾਨੂੰਨ ਖੇਤਾਂ ਦੇ ਰਾਜੇ ਨੂੰ ਭਿਖਾਰੀ ਬਣਾ ਦੇਣਗੇ। ਕਿਸਾਨ ਘਰਾਂ ਵਿੱਚੋਂ ਡੱਬਿਆਂ ਵਿੱਚ ਰੋਟੀਆਂ ਪਾ ਕੇ ਕੰਟਰੈਕਟ ਫਾਰਮਿੰਗ ਦੇ ਅਧੀਨ ਧਨਾਢਾਂ ਦੇ ਖੇਤਾਂ ਵਿੱਚ ਕੰਮ ਕਰਿਆ ਕਰਨਗੇ।
ਪਟਿਆਲੇ ਵਿੱਚ ਜਦੋਂ ਕਿਸਾਨਾਂ ਦੇ ਇਨ੍ਹਾਂ ਕਾਲੇ ਕਾਨੂੰਨਾਂ ਵਿਰੁੱਧ ਧਰਨੇ ਦੀ ਲਾਈਵ ਟੈਲੀਕਾਸਟ ਦੇਖੀ ਅਤੇ ਉੱਥੇ ਹੁੰਦੇ ਭਾਸ਼ਣ ਤੇ ਜੋਗਿੰਦਰ ਸਿੰਘ ਉਗਰਾਹਾਂ ਦੀ ਚੈਨਲ ਨੂੰ ਦਿੱਤੀ ਇੰਟਰਵਿਊ ਸੁਣੀ ਤਾਂ ਮਨ ਖਿੜ ਗਿਆ। ਪਿੰਡਾਂ ਵਿੱਚੋਂ ਹੁੰਮ-ਹੁੰਮਾ ਕੇ ਉਮੜੀ ਭੀੜ ਵਿਚ ਸ਼ਾਮਲ ਬੀਬੀਆਂ, ਨਾਲ ਦੇ ਪਿੰਡਾਂ ਵਿੱਚੋਂ ਚੌਲਾਂ ਦੇ ਕੜਾਹੇ ਆਉਣ ਦੀ ਅਨਾਊਂਸਮੈਂਟ ਨੇ ਇਹ ਅਹਿਸਾਸ ਕਰਵਾ ਦਿੱਤਾ ਕਿ ਲੋਕ ਸ਼ਕਤੀ ਅੱਗੇ ਰਾਜ ਸ਼ਕਤੀ ਟਿੱਕ ਨਹੀਂ ਸਕੇਗੀ। ਨਾਲੇ ਇਤਿਹਾਸ ਤੇ ਮਿਥਿਹਾਸ ਗਵਾਹ ਹੈ ਕਿ ਧੰਨਾ ਭਗਤ ਜਦੋਂ ਅੜੀ ਫੜ ਲਵੇ ਤਾਂ ਉਹ ਪੱਥਰ ਦੇ ਠਾਕੁਰ ਨੂੰ ਵੀ ਭੋਗ ਲਗਵਾ ਕੇ ਹਟਦਾ। ਇਹ ਸਰਕਾਰਾਂ ਤਾਂ ਫਿਰ ਕਿਹੜੇ ਬਾਗ ਦੀ ਮੂਲੀ ਹਨ।
*ਮੁਖੀ, ਰਾਜਨੀਤੀ ਸ਼ਾਸਤਰ ਵਿਭਾਗ,
ਮੋਦੀ ਕਾਲਜ, ਪਟਿਆਲਾ।
ਸੰਪਰਕ: 94178-51707