ਗਿਆਨ ਵਿਗਿਆਨ

ਜਨਮ ਸ਼ਤਾਬਦੀ: ਪੰਜਾਬ ਦਾ ਪੁੱਤਰ ਹਰਗੋਬਿੰਦ ਖੁਰਾਣਾ

ਜਨਮ ਸ਼ਤਾਬਦੀ: ਪੰਜਾਬ ਦਾ ਪੁੱਤਰ ਹਰਗੋਬਿੰਦ ਖੁਰਾਣਾ

ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ

ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ

ਅੱਜ ਸਾਂਝੇ ਪੰਜਾਬ ਦੇ ਜ਼ਿਲ੍ਹਾ ਮੁਲਤਾਨ ਦੇ ਇਕ ਛੋਟੇ ਜਿਹੇ ਪਿੰਡ ਰਾਏਪੁਰ ਵਿਚ ਜਨਮੇ ਹਰਗੋਬਿੰਦ ਖੁਰਾਣਾ ਦੀ ਜਨਮ ਸ਼ਤਾਬਦੀ ਹੈ। ਉਸ ਦੇ ਪਿਤਾ ਗਣਪਤ ਰਾਏ ਨੇ ਆਪਣੇ ਪਿੰਡ ’ਚ ਪ੍ਰਾਇਮਰੀ ਸਕੂਲ ਸਥਾਪਤ ਕੀਤਾ ਤੇ ਆਪਣੇ ਬੱਚਿਆਂ ਨੂੰ ਉੱਚ ਵਿਦਿਆ ਦਿਵਾਈ। ਉਸ ਨੂੰ 46 ਵਰ੍ਹਿਆਂ ਦੀ ਉਮਰ ਵਿਚ ਨੋਬੇਲ ਪੁਰਸਕਾਰ ਮਿਲਿਆ। ਗੌਰਮਿੰਟ ਕਾਲਜ ਯੂਨੀਵਰਸਿਟੀ ਲਾਹੌਰ ਨੇ ਹਰਗੋਬਿੰਦ ਖੁਰਾਣਾ ਦੇ ਨਾਂ ’ਤੇ ਚੇਅਰ ਸਥਾਪਤ ਕਰਨ ਦਾ ਐਲਾਨ ਕੀਤਾ।

ਣਵੰਡੇ ਪੰਜਾਬ ਦੇ ਮੁਲਤਾਨ ਜ਼ਿਲ੍ਹੇ ਦੇ ਪਿੰਡ ਰਾਏਪੁਰ ’ਚ ਪਟਵਾਰੀ ਗਣਪਤ ਰਾਏ ਖੁਰਾਣਾ ਅਤੇ ਕ੍ਰਿਸ਼ਨਾ ਦੇਵੀ ਖੁਰਾਣਾ ਦੇ ਘਰ ਪੈਦਾ ਹੋਏ ਹਰਗੋਬਿੰਦ ਖੁਰਾਣਾ ਨੋਬੇਲ ਜੇਤੂ ਬਾਇਓਕੈਮਿਸਟ ਸਨ। ਇਹ ਉਨ੍ਹਾਂ ਦੀ ਮਿਹਨਤ ਤੇ ਨਿਮਰਤਾ ਦੀ ਲੰਬੀ ਕਹਾਣੀ ਹੈ ਕਿ ਇਕ ਹੋਣਹਾਰ ਵਿਦਿਆਰਥੀ ਕਿਵੇਂ ਬਰਤਾਨੀਆ ਅਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਜਾ ਕੇ ਵਿਗਿਆਨ ਦਾ ਖੋਜਾਰਥੀ ਬਣਿਆ ਤੇ ਦੁਨੀਆ ਦਾ ਸਭ ਤੋਂ ਵੱਡਾ ਪੁਰਸਕਾਰ ਨੋਬੇਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਅਫ਼ਸੋਸ ਦੀ ਗੱਲ ਇਹ ਹੈ ਕਿ ਅਸੀਂ ਪੰਜਾਬੀਆਂ ਨੇ ਆਪਣੇ ਇਸ ਰੌਸ਼ਨ ਦਿਮਾਗ਼ ਸਿਤਾਰੇ ਪੁੱਤਰ ਨੂੰ ਵਿਸਾਰ ਹੀ ਦਿੱਤਾ, ਕਦੇ ਯਾਦ ਨਹੀਂ ਕੀਤਾ। ਹਰਗੋਬਿੰਦ ਪੰਜਾਬੀ ਨੌਜਵਾਨ ਵਿਦਿਆਰਥੀਆਂ ਦੇ ਆਦਰਸ਼ ਬਣ ਸਕਦੇ ਸਨ ਕਿਉਂਕਿ ਉਨ੍ਹਾਂ ਦੀ ਪੂਰੀ ਕਹਾਣੀ ਉਸ ਸਫ਼ਰ ਦੀ ਕਹਾਣੀ ਹੈ ਜਿੱਥੇ ਮਿਹਨਤ ਅਤੇ ਸੰਘਰਸ਼ ਰਾਹੀਂ ਸਫ਼ਲਤਾ ਦੇ ਰਾਹ ਖੁੱਲ੍ਹਦੇ ਹਨ।

ਨੌਂ ਜਨਵਰੀ 1922 ਨੂੰ ਸਾਂਝੇ ਪੰਜਾਬ ਦੇ ਇਕ ਪਿੰਡ ’ਚ ਪੈਦਾ ਹੋਏ ਹਰਗੋਬਿੰਦ ਨੇ ਮੁਲਤਾਨ ਦੇ ਡੀ.ਏ.ਵੀ. ਮਿਡਲ ਸਕੂਲ ’ਚ ਪੜ੍ਹਨ ਤੋਂ ਬਾਅਦ ਲਾਹੌਰ ਸਥਿਤ ਪੰਜਾਬ ਯੂਨੀਵਰਸਿਟੀ ਤੋਂ ਰਸਾਇਣ ਵਿਗਿਆਨ ਵਿਚ ਬੀ.ਐੱਸਸੀ. ਤੇ ਐਮ.ਐੱਸਸੀ. ਕੀਤੀ। ਉਹ 1945 ਵਿਚ ਹਿੰਦੋਸਤਾਨੀ ਸਰਕਾਰ ਵੱਲੋਂ ਮਿਲੇ ਵਜ਼ੀਫੇ ’ਤੇ ਲਿਵਰਪੂਲ ਯੂਨੀਵਰਸਿਟੀ ’ਚ ਪੀਐੱਚ.ਡੀ. ਕਰਨ ਚਲੇ ਗਏ। 1948 ਵਿਚ ਆਪਣੀ ਪੀਐੱਚ.ਡੀ. ਦੀ ਡਿਗਰੀ ਲੈ ਕੇ ਵਾਪਸ ਭਾਰਤ ਆਏ ਸਨ। ਇਸ ਮਗਰੋਂ 1952 ’ਚ ਉਹ ਬ੍ਰਿਟਿਸ਼ ਕੋਲੰਬੀਆ ਵੈਨਕੂਵਰ ਚਲੇ ਗਏ। ਉਹ ਹੋਰ ਖੋਜ ਕਰਨ ਵਾਸਤੇ ਵਿਸਕੌਨਸਿਨਜ਼ ਯੂਨੀਵਰਿਸਟੀ ਆਫ ਐਨਜ਼ਾਈਮ ਰਿਸਰਚ ’ਚ ਗਏ ਤੇ ਫਿਰ ਇੱਥੇ ਹੀ ਅਮਰੀਕੀ ਨਾਗਰਿਕ ਬਣ ਗਏ ਸਨ। 1966 ਤੋਂ ਲੈ ਕੇ ਨੌਂ ਨਵੰਬਰ 2011 ਨੂੰ ਆਪਣੇ ਦੇਹਾਂਤ ਤੱਕ ਉਹ ਅਮਰੀਕੀ ਨਾਗਰਿਕ ਰਹੇ। ਉਹ ਪਹਿਲੇ ਅਜਿਹੇ ਵਿਗਿਆਨੀ ਸਨ ਜਿਨ੍ਹਾਂ ਦੀ ਮੌਤ ’ਤੇ ਨੋਬੇਲ ਅਕਾਦਮੀ ਨੇ ਕਿਹਾ ਸੀ, ‘‘ਇਤਿਹਾਸ ਯਾਦ ਰੱਖੇਗਾ ਕਿ ਇਕ ਨਿਮਰਤਾ ਦਾ ਪੁੰਜ, ਸਾਧਾਰਨ ਪਰਿਵਾਰ ’ਚੋਂ ਉੱਠਿਆ ਯੋਗ ਵਿਗਿਆਨੀ ਅਨੁਸ਼ਾਸਨ ਦੀ ਇਕ ਅਜਿਹੀ ਇਬਾਰਤ ਲਿਖ ਗਿਆ ਹੈ ਜੋ ਹਮੇਸ਼ਾ ਹੋਰ ਉੱਚੇ ਰੁਤਬਿਆਂ ਤੇ ਮਾਪਦੰਡਾਂ ਦਾ ਮਘਦਾ ਹੋਇਆ ਸੂਰਜ ਰਹੇਗੀ।’’

2018 ਵਿਚ ਉਨ੍ਹਾਂ ਦੇ 96ਵੇਂ ਜਨਮ ਦਿਨ ’ਤੇ ਗੂਗਲ ਨੇ ਇਕ ਡੂਡਲ ਬਣਾ ਕੇ ਉਨ੍ਹਾਂ ਪ੍ਰਤੀ ਸਤਿਕਾਰ ਜ਼ਾਹਿਰ ਕੀਤਾ ਸੀ। ਡੀ.ਐੱਨ.ਏ. ਬਾਰੇ ਪਹਿਲੀ ਵਾਰੀ ਹਰਗੋਬਿੰਦ ਖੁਰਾਣਾ ਨੇ ਹੀ ਪੂਰੀ ਦੁਨੀਆ ਨੂੰ ਦੱਸਿਆ ਸੀ। ਅਸਲ ਵਿਚ ਉਹ ਜੀਵ ਵਿਗਿਆਨੀਆਂ ਦੀ ਮੂਹਰਲੀ ਸਫ਼ ਦੇ ਬੇਹੱਦ ਸਨਮਾਨਿਤ ਵਿਗਿਆਨੀ ਸਨ। ਉਨ੍ਹਾਂ ਨੇ ਇਹ ਸਿੱਧ ਕਰ ਕੇ ਵਿਖਾਇਆ ਸੀ ਕਿ ਡੀ.ਐੱਨ.ਏ. ਤੇ ਆਰ.ਐੱਨ.ਏ. ਦੇ ਮਿਲਣ ਨਾਲ ਇਕ ਨਵੀਂ ਸੰਰਚਨਾ ਹੁੰਦੀ ਹੈ ਜਿਸ ਤੋਂ ਭਵਿੱਖ ’ਚ ਬੇਹੱਦ ਖੋਜਾਂ ਕੀਤੀਆਂ ਜਾ ਸਕਦੀਆਂ ਹਨ। ਚਾਰ ਸੌ ਤੋਂ ਜ਼ਿਆਦਾ ਖੋਜ ਪੱਤਰਾਂ ਦੇ ਲੇਖਕ ਡਾ. ਹਰਗੋਬਿੰਦ ਖੁਰਾਣਾ ਨੂੰ ਪਹਿਲੀ ਮੌਲਿਕ ਖੋਜ ਦੇ ਵਿਗਿਆਨੀ ਵਜੋਂ ਵੀ ਯਾਦ ਕੀਤਾ ਜਾਂਦਾ ਹੈ।

ਆਪਣੇ ਪੰਜ ਭੈਣਾਂ-ਭਰਾਵਾਂ ’ਚੋਂ ਸਭ ਤੋਂ ਛੋਟੇ ਹਰਗੋਬਿੰਦ ਖੁਰਾਣਾ ਦਾ ਬਚਪਨ ਇਕ ਵੱਖਰੀ ਕਹਾਣੀ ਹੈ ਜੋ ਦੁਨੀਆਂ ਦੇ ਲੱਖਾਂ ਨੌਜਵਾਨਾਂ ਨੂੰ ਪ੍ਰੇਰਣਾ ਦੇਣ ਦੇ ਸਮਰੱਥ ਹੈ। ਉਨ੍ਹਾਂ ਦੇ ਪੀਐੱਚ.ਡੀ. ਦੇ ਗਾਈਡ ਵਿਗਿਆਨੀ ਰੋਜਰ ਜੇ.ਐੱਸ. ਬੀਅਰ ਨੇ ਕਿਹਾ ਸੀ, ‘‘ਮੇਰੇ ਸਾਰੇ ਵਿਦਿਆਰਥੀਆਂ ’ਚੋਂ ਇਹ ਹਿੰਦੋਸਤਾਨੀ ਲੜਕਾ ਸਭ ਤੋਂ ਤੇਜ਼ ਬੁੱਧੀ ਵਾਲਾ ਹੈ।’’ 1948 ’ਚ ਜਦੋਂ ਉਹ ਪੜ੍ਹਾਈ ਪੂਰੀ ਕਰ ਕੇ ਆਏ ਤਾਂ ਕੋਈ ਪੁੱਛਣ ਵਾਲਾ ਨਹੀਂ ਸੀ। 1952 ਵਿਚ ਵਾਪਸ ਯੂਰੋਪ ਜਾ ਕੇ ਡਾ. ਹਰਗੋਬਿੰਦ ਖੁਰਾਣਾ ਨੇ ਆਪਣੀ ਇਕ ਵਿਗਿਆਨੀ ਸਾਥੀ ਐਸਥਰ ਐਲਿਜ਼ਬੈੱਥ ਸਿਬਲਰ ਨਾਲ ਵਿਆਹ ਕੀਤਾ ਜੋ ਇਕ ਸਵਿੱਸ ਐਮ.ਪੀ. ਦੀ ਧੀ ਸੀ। ਉਸ ਦੇ ਸਾਥ ਨੇ ਡਾ. ਖੁਰਾਣਾ ਨੂੰ ਹੋਰ ਤਰਾਸ਼ਿਆ। ਉਨ੍ਹਾਂ ਦੀਆਂ ਤਿੰਨ ਧੀਆਂ ਐਲਿਜ਼ਬੈੱਥ, ਐਮਿਲੀ ਤੇ ਡੇਵ ਰਾਏ ਸਨ। ਡਾ. ਖੁਰਾਣਾ ਦੀ ਪਤਨੀ ਅਤੇ ਧੀ ਐਮਿਲੀ ਦੀ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦੀਆਂ ਦੋ ਧੀਆਂ ਅਮਰੀਕਾ ਵਿਚ ਰਹਿੰਦੀਆਂ ਹਨ।

ਡਾ. ਖੁਰਾਣਾ ਦੀ ਖੋਜ ਨਾਲ ਕਈ ਬਿਮਾਰੀਆਂ ਬਾਰੇ ਹੋਰ ਅਗਲੇਰੇ ਇਲਾਜ ਲਈ ਨਵੀਆਂ ਰਾਹਵਾਂ ਖੁੱਲ੍ਹੀਆਂ। 1968 ਵਿਚ ਜਦੋਂ ਵਿਗਿਆਨ ਦੇ ਇਸ ਖੇਤਰ ਵਿਚ ਉਪਲਬਧੀਆਂ ਲਈ ਉਨ੍ਹਾਂ ਨੂੰ ਨੋਬੇਲ ਪੁਰਸਕਾਰ ਦਿੱਤਾ ਗਿਆ ਤਾਂ ਭਾਰਤ ਸਰਕਾਰ ਵੀ ਜਾਗੀ ਅਤੇ ਡਾ. ਖੁਰਾਣਾ ਨੂੰ 1969 ਦਾ ਪਦਮ ਵਿਭੂਸ਼ਣ ਦੇਣ ਦਾ ਐਲਾਨ ਕੀਤਾ ਗਿਆ। ਇਸ ਦੇ ਬਾਵਜੂਦ ਸਾਡੇ ਪੰਜਾਬ ਦੇ ਲੋਕਾਂ ਤੇ ਪੰਜਾਬ ਸਰਕਾਰ ਨੇ ਕੋਈ ਮੁੱਲ ਨਹੀਂ ਪਾਇਆ। ਆਪਣੇ ਇਸ ਸੰਸਾਰ ਪ੍ਰਸਿੱਧ ਵਿਗਿਆਨੀ ਨੂੰ ਅਸੀਂ ਪੰਜਾਬੀਆਂ ਨੇ ਕਦੇ ਗੌਲਿਆ ਹੀ ਨਹੀਂ, ਪੰਜਾਬ ਯੂਨੀਵਰਸਿਟੀ ਨੇ ਵੀ ਨਹੀਂ। ਲਾਹੌਰ ਦੀ ਪੰਜਾਬ ਯੂਨੀਵਰਸਿਟੀ ਨੇ ਜ਼ਰੂਰ ਉਨ੍ਹਾਂ ਨੂੰ ਸਨਮਾਨਿਤ ਕੀਤਾ ਸੀ। ਹਾਲਾਂਕਿ ਬਾਅਦ ਵਿਚ ਵਿਗਿਆਨ ਦੇ ਖੇਤਰ ਵਿਚ ਦਿੱਤਾ ਜਾਣ ਵਾਲਾ ਵੱਡਾ ਪੁਰਸਕਾਰ ਅਲਬਰਟ ਲਾਸਕਰ ਪੁਰਸਕਾਰ ਤੇ ਕੈਨੇਡਾ ਸਰਕਾਰ ਵੱਲੋਂ ਪੁਰਸਕਾਰ ਗੇਰਡਨਰ ਫਾਊਂਡੇਸ਼ਨ ਇੰਟਰਨੈਸ਼ਨਲ ਐਵਾਰਡ ਦੇ ਵੱਕਾਰੀ ਪੁਰਸਕਾਰ ਵੀ ਹਾਸਲ ਹੋਏ। ਉਨ੍ਹਾਂ ਨੂੰ ਨੋਬੇਲ ਪੁਰਸਕਾਰ ਦੋ ਹੋਰ ਅਮਰੀਕੀ ਵਿਗਿਆਨੀਆਂ ਰੌਬਰਟ ਡਬਲਿਊ ਹਾਲੀ ਤੇ ਐਮ.ਡੀ. ਨੀਰੇਨਬਰਗ ਨਾਲ ਸਾਂਝੇ ਤੌਰ ’ਤੇ ਦਿੱਤਾ ਗਿਆ ਸੀ। ਡੀ.ਐੱਨ.ਏ. ਦਾ ਮੂਲ ਸਿਧਾਂਤ ਹਰਗੋਬਿੰਦ ਖੁਰਾਣਾ ਦੀ ਹੀ ਖੋਜ ਹੈ। ਬਾਇਓ-ਟੈਕਨਾਲੋਜੀ ਦੇ ਖੇਤਰ ਵਿਚ ਪਾਇਆ ਉਨ੍ਹਾਂ ਦਾ ਯੋਗਦਾਨ ਪੂਰੀ ਦੁਨੀਆ ਵਿਚ ਜਾਣਿਆ ਜਾਂਦਾ ਹੈ।

2011 ਵਿਚ ਅਮਰੀਕਾ ਦੇ ਮੈਸਾਚੂਸੈਟਸ ਵਿਖੇ ਡਾ. ਹਰਗੋਬਿੰਦ ਖੁਰਾਣਾ ਨੇ ਆਖ਼ਰੀ ਸਾਹ ਲਏ।

ਅਸੀਂ ਭੁੱਲ ਗਏ ਕਿ ਉਹ ਪੰਜਾਬ ਦਾ ਇਕ ਮਹਾਨ ਪੁੱਤਰ ਸੀ ਜਿਸ ਨੇ ਡੀ.ਐੱਨ.ਏ. ਦੇ ਗਹਿਰੇ ਰਹੱਸਾਂ ਨੂੰ ਵਿਗਿਆਨਕ ਖੋਜਾਂ ਰਾਹੀਂ ਜੱਗ ਜ਼ਾਹਰ ਕੀਤਾ ਅਤੇ ਇਹ ਸਿੱਧ ਕੀਤਾ ਕਿ ਭਵਿੱਖ ਦੀਆਂ ਨਸਲਾਂ ਲਈ ਅਸੀਂ ਆਪਣੇ ਜੀਵ ਵਾਇਰਸ ਨਾਲ ਕਈ ਬਿਮਾਰੀਆਂ ਦਾ ਇਲਾਜ ਕਰ ਸਕਦੇ ਹਾਂ।

ਪਿਛਲੇ ਪੰਜਾਹ ਵਰ੍ਹਿਆਂ ’ਚ ਅਸੀਂ ਪੰਜਾਬੀਆਂ ਨੇ ਆਪਣੇ ਜਨ-ਜੀਵਨ ਦੇ ਬਹੁ-ਪਾਸਾਰੀ ਦਿਸਹੱਦਿਆਂ ਦੀ ਖੋਜ ਨਹੀਂ ਕੀਤੀ ਤੇ ਉਨ੍ਹਾਂ ਦੇ ਯੋਗਦਾਨ ਨੂੰ ਮੂਲੋਂ ਵਿਸਾਰ ਦਿੱਤਾ ਹੈ। ਅਸੀਂ ਆਪਣੀ ਜ਼ਮੀਨ, ਪਾਣੀ ਤੇ ਵਾਤਾਵਰਨ ਨੂੰ ਨਸ਼ਟ ਕਰ ਕੇ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਵਿਦੇਸ਼ੀ ਧਰਤੀ ਦੇ ਕਾਮੇ ਬਣਾ ਦਿੱਤਾ ਹੈ। ਕੀ ਕਦੇ ਕਿਸੇ ਸਕੂਲ, ਕਾਲਜ ਜਾਂ ਸੰਸਥਾ ਨੇ ਦੱਸਿਆ ਹੈ ਕਿ ਅੱਜ ਦੇ ਚਰਚਿਤ ਡੀ.ਐੱਨ.ਏ. ਦੀ ਮੁੱਢਲੀ ਖੋਜ ਕਰਨ ਵਾਲਾ ਨੋਬੇਲ ਜੇਤੂ ਵਿਗਿਆਨੀ ਸਾਡੀ ਆਪਣੀ ਧਰਤੀ ਪੰਜਾਬ ਦਾ ਪੁੱਤਰ ਸੀ।

ਇਸ ਭੁੱਲੇ-ਵਿਸਰੇ ਵਿਗਿਆਨੀ ਪੁੱਤਰ ਡਾ. ਹਰਗੋਬਿੰਦ ਖੁਰਾਣਾ ਦਾ ਅੱਜ ਸੌਵਾਂ ਜਨਮ ਦਿਨ ਹੈ। ਉਨ੍ਹਾਂ ਦੀਆਂ ਅਸਾਧਾਰਨ ਪ੍ਰਾਪਤੀਆਂ ਅਤੇ ਇਕ ਵਿਅਕਤੀ ਵਜੋਂ ਨਿਮਰਤਾ ਦੇ ਪੁੰਜ ਉਸ ਸ਼ਖ਼ਸੀਅਤ ਨੂੰ ਯਾਦ ਕਰਦਿਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦੇ ਸਰੋਤ ਵਜੋਂ ਪ੍ਰਚਾਰਿਆ ਜਾਵੇ। ਪੰਜਾਬੀ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਇਹ ਮਾਣ ਕਰ ਸਕਣ ਕਿ ਉਨ੍ਹਾਂ ਦਾ ਇਕ ਪੁਰਖਾ ਮਹਾਨ ਵਿਗਿਆਨੀ ਸੀ।

ਸੰਪਰਕ: 94787-30156

‘‘ਘਰ ਦੀ ਗੱਪਸ਼ੱਪ ਦੱਸਦੀ ਹੈ ਕਿ ਇਹ ਸ਼ਰਾਰਤੀ ਬੱਚਾ ਕਮਾਦ ’ਚੋਂ ਚੋਰੀ ਗੰਨੇ ਭੰਨ ਲਿਆਉਂਦਾ ਸੀ। ਮੇਰਾ ਦਾਦਾ ਦੱਸਦਾ ਹੁੰਦਾ ਸੀ ਕਿ ਸਾਡੇ ਘਰ ਦੇ ਇਕ ਕੋਨੇ ਵਿਚ ਰਸੋਈ ਤੇ ਸੌਣ ਵਾਲੇ ਕਮਰੇ ਸਨ ਅਤੇ ਦੂਜੇ ਕੋਨੇ ਵਿਚ ਗਾਈਆਂ ਤੇ ਘੋੜੇ ਬੱਝਦੇ ਸਨ। ਚੰਗੀ ਕਿਸਮਤ ਸੀ ਕਿ ਗੋਬਿੰਦ ਨੂੰ 1945 ਵਿਚ ਪੜ੍ਹਨ ਲਈ ਇੰਗਲੈਂਡ ਭੇਜਿਆ ਗਿਆ... ਇਸ ਨੇ ਉਸ ਨੂੰ ਉਸ ਜਨੂੰਨ, ਜਿਸ ਨੇ ਪੰਜਾਬ ਨੂੰ ਅਗਸਤ 1947 ਵਿਚ ਜਕੜ ਲਿਆ ਸੀ ਤੋਂ ਬਚਾ ਲਿਆ। ਪਰਿਵਾਰ ਨੂੰ ਮੁਲਤਾਨ, ਜਿਹੜਾ ਸਦੀਆਂ ਤੋਂ ਉਨ੍ਹਾਂ ਦਾ ਘਰ ਸੀ ਛੱਡਣਾ ਪਿਆ। ਮੁਸਲਮਾਨ ਮਿੱਤਰਾਂ ਦੀ ਮਿਹਰਬਾਨੀ ਨਾਲ ਪਰਿਵਾਰ ਰਾਜ਼ੀ-ਖ਼ੁਸ਼ੀ ਸਰਹੱਦ ਪਾਰ ਕਰ ਕੇ 1947 ’ਚ ਦਿੱਲੀ ਜਾ ਵਸਿਆ। ਅਫ਼ਸੋਸ ਦੀ ਗੱਲ ਹੈ ਕਿ ਗੋਬਿੰਦ ਨਾ ਤਾਂ ਬਾਅਦ ਵਿਚ ਆਪਣੇ ਪਿੰਡ ਜਾ ਸਕਿਆ ਤੇ ਨਾ ਆਪਣੇ ਕਮਾਦ ਦੇ ਖੇਤਾਂ ਨੂੰ ਵੇਖ ਸਕਿਆ।’’

- ਆਲੋਕ ਖੁਰਾਣਾ, ਕੇਸ ਵੈਸਟਰਨ ਰਿਜ਼ਰਵ ਯੂਨੀਵਰਸਿਟੀ ਕਲੀਵਲੈਂਡ, ਓਹਾਈਓ ਵਿਚ ਮੈਡੀਸਨ ਦਾ ਪ੍ਰੋਫ਼ੈਸਰ। ਹਰਗੋਬਿੰਦ ਖੁਰਾਣਾ ਰਿਸ਼ਤੇ ਵਿਚ ਉਸ ਦਾ ਦਾਦਾ ਲੱਗਦਾ ਸੀ।

‘ਡਾਅਨ’ ’ਚੋਂ ਧੰਨਵਾਦ ਸਹਿਤ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਮੁੱਖ ਖ਼ਬਰਾਂ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਸੁਪਰੀਮ ਕੋਰਟ ਤਕ ਪਹੁੰਚ ਲਈ ਦਿੱਤਾ ਤਿੰਨ ਦਿਨਾਂ ਦਾ ਸਮਾਂ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੋਮਵਾਰ ਨੂੰ ਅੰਤਿਰਮ ਜ਼ਮਾਨਤ ਖਾਰ...

ਸ਼ਹਿਰ

View All