ਯਾਦ ਪਿਆਰੀ

ਵੱਡਾ ਦਰਵਾਜ਼ਾ

ਵੱਡਾ ਦਰਵਾਜ਼ਾ

ਡਾ. ਨੀਤਾ ਗੋਇਲ

ਮੈਂ ਰਸੋਈ ਵਿਚ ਸੀ ਜਦੋਂ ਆਪਣੇ ਵੱਡੇ ਭਰਾ ਨੂੰ ਫੋਨ ’ਤੇ ਗੱਲ ਕਰਦੇ ਸੁਣਿਆ। ਉਹ ਕਹਿ ਰਿਹਾ ਸੀ, ‘‘ਨਹੀਂ, ਨਹੀਂ, ਮੈਂ ਅਜੇ ਘਰੇ ਗੱਲ ਨਹੀਂ ਕੀਤੀ। ਪਰ ਤੁਸੀਂ ਆ ਜੋ। ਇਮੋਸ਼ਨਲ ਅਟੈਚਮੈਂਟ ਵੀ ਹੁੰਦੀ ਹੈ ਨਾ। ਪੁਰਾਣੀਆਂ ਚੀਜ਼ਾਂ ਨੂੰ ਢਾਹੁਣ ਦੀ ਗੱਲ ਕਰਨ ਲੱਗਿਆਂ ਔਖ ਹੁੰਦੀ ਹੈ।’’ ਮੇਰੇ ਅੰਦਰ ਇੱਕ ਛੱਲ ਉੱਠੀ ਸੀ। ਮੈਂ ਹੱਥਲਾ ਕੰਮ ਵਿਚਾਲੇ ਛੱਡ ਕੇ ਬਾਹਰ ਨੱਸੀ, ‘‘ਕੀ ਹੋਇਆ? ਕੌਣ ਸੀ? ਕੀ ਕਹਿੰਦਾ ਸੀ? ਕੀ ਢਾਹੁਣੈ?’’ ‘‘ਕੁਝ ਨਹੀਂ, ਮੇਰਾ ਕੋਈ ਜਾਣਕਾਰ ਸੀ। ਉਹ ਪਿੰਡ ਵਿੱਚ ਆਪਣਾ ਘਰ ਪਾ ਰਿਹੈ। ਪੁਰਾਣੀਆਂ ਚੀਜ਼ਾਂ ਦਾ ਸ਼ੌਕੀਨ ਐ। ਆਪਣਾ ਵੱਡਾ ਦਰਵਾਜ਼ਾ ਮੰਗਦੈ ਆਪਣੇ ਨਵੇਂ ਘਰ ਨੂੰ ਲਾਉਣ ਲਈ।’’

ਸਾਡਾ ਘਰ ਵੱਡੇ ਦਰਵਾਜ਼ੇ ਵਾਲਾ ਘਰ ਵੱਜਦਾ ਹੈ, ਕਿੱਲਾਂ ਵਾਲੇ ਵੱਡੇ ਦਰਵਾਜ਼ੇ ਵਾਲਾ ਘਰ। ਉਂਝ ਘਰ ਤਾਂ ਇੱਕ ਭਾਵਨਾਤਮਕ ਹੋਂਦ ਹੈ, ਇਸ ਲਈ ਜੇਕਰ ਇਮਾਰਤੀ ਬਣਤਰ ਦੇ ਹਿਸਾਬ ਨਾਲ ਕਹਾਂ ਤਾਂ ਇਹ ਇੱਕ ਹਵੇਲੀ ਹੈ ਜੋ ਆਪਣੇੇ ਦਰਵਾਜ਼ੇ ਕਰਕੇ ਜਾਣੀ ਜਾਂਦੀ ਹੈ। 1890 ਦੇ ਨੇੜੇ-ਤੇੜੇ ਬਣੀ ਇਸ ਹਵੇਲੀ ਦਾ ਪਹਿਰੇਦਾਰ ਇਹ ਬਾਰਾਂ ਫੁੱਟ ਉੱਚਾ ਦਰਵਾਜ਼ਾ ਹਵੇਲੀ ਦੇ ਮਹਿਰਾਬਦਾਰ ਮੱਥੇ ਦੀ ਸੋਭਾ ਹੈ। ਇਸ ਦੇੇ ਤਕਰੀਬਨ ਸਵਾ ਚਾਰ ਫੁੱਟ ਚੌੜੇ ਅਤੇ ਦੋ ਇੰਚ ਮੋਟੇ ਲੱਕੜ ਦੇ ਦੋ ਪੱਲਿਆਂ ਨੂੰ ਸਿਖਰੋਂ ਲੈ ਕੇ ਥੱਲੇ ਤੀਕਰ ਨਿੱਕੇ-ਨਿੱਕੇ ਵਰਗ ਬਣਾਉਂਦੀਆਂ ਲੋਹੇ ਦੀਆਂ ਪੱਤੀਆਂ ਦੇ ਜਾਲ ਨੇ ਮੜ੍ਹਿਆ ਹੋਇਆ ਹੈ ਅਤੇ ਵਰਗਾਂ ਦੇ ਮਿਲਾਨ ਬਿੰਦੂਆਂ ’ਤੇ ਪਿੱਤਲ ਦੀਆਂ ਕਿੱਲਾਂ ਜੜੀਆਂ ਹਨ ਜੋ ਕਦੇ ਸੋਨੇ ਵਾਂਗ ਚਮਕਦੀਆਂ ਸਨ। ਮੈਂ ਅੱਜ ਵੀ ਉਨ੍ਹਾਂ ਦਿਨਾਂ ਨੂੰ ਨਿੱਘੀ ਹਸਰਤ ਨਾਲ ਯਾਦ ਕਰਦੀ ਹਾਂ ਜਦੋਂ ਛੁੱਟੀ ਤੋਂ ਬਾਅਦ ਸਕੂਲੋਂ ਮੇਰੇ ਕਈ ਸਾਥੀ ਬਾਲ ਇਸ ਦਰਵਾਜ਼ੇ ਦੀਆਂ ਕਿੱਲਾਂ ’ਤੇ ਚੜ੍ਹ ਕੇ ਇਸ ਦੇ ਸਿਖਰ ਤਕ ਪਹੁੰਚਣ ਦੀ ਖੇਡ ਖੇਡਣ ਲਈ ਮੇਰੇ ਨਾਲ ਆਉਂਦੇ ਸਨ। ਬੂਟ-ਜੁਰਾਬਾਂ ਲਾਹ ਕੇ ਨੰਗੇ ਪੈਰੀਂ ਦੁਪਹਿਰ ਦੇ ਚਾਨਣ ਵਿੱਚ ਲਿਸ਼ਕਦੀਆਂ ਕਿੱਲਾਂ ਉੱਤੇ ਬੋਚ-ਬੋਚ ਕੇ ਛੋਟੇ-ਛੋਟੇ ਪੱਬ ਧਰਦੇ ਅਸੀਂ ਜਦੋਂ ਓਸ ਉੱਚੇ ਦਰਵਾਜ਼ੇ ਦੀ ਚੋਟੀ ’ਤੇ ਪਹੁੰਚਦੇ ਤਾਂ ਉਸ ਜਿੱਤ ਦਾ ਅਹਿਸਾਸ ਮਾਊਂਟ ਐਵਰੈਸਟ ਨੂੰ ਫ਼ਤਹਿ ਕਰਨ ਨਾਲੋਂ ਕਿਸੇ ਤਰੀਕੇ ਘੱਟ ਨਹੀਂ ਸੀ ਹੁੰਦਾ।

ਜਦੋਂ ਉੱਨੀਵੀਂ ਸਦੀ ਦੇ ਪਿਛਲੇ ਦਹਾਕਿਆਂ ਵਿਚ ਮੇਰੇ ਦਾਦਾ ਜੀ ਦੇ ਦਾਦਾ ਜੀ ਨੇ ਇਸ ਹਵੇਲੀ ਦੀ ਉਸਾਰੀ ਆਰੰਭੀ ਸੀ, ਉਹ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਅੰਗਰੇਜ਼ਾਂ ਦੇ ਅਧੀਨ ਆਏ ਪੰਜਾਬ ਵਿਚ ਕਨਾਲ ਕਲੋਨੀਆਂ ਅਤੇ ਮੰਡੀਕਰਣ ਦੇ ਵਿਕਾਸ ਦਾ ਦੌਰ ਸੀ। ਨਹਿਰਾਂ, ਮੰਡੀਆਂ ਅਤੇ ਰੇਲਾਂ ਦੇ ਜਾਲ ਨੇ ਪੰਜਾਬ ਦੀ ਖੇਤੀ ਦਾ ਵਪਾਰੀਕਰਨ ਕੀਤਾ ਸੀ ਅਤੇ ਇਸੇ ਦੌਰਾਨ ਕਦੇ ਖਿਦਰਾਣੇ ਦੀ ਢਾਬ ਕਹੇ ਜਾਂਦੇ ਮੁਕਤਸਰ ਨੇੇ ਕਸਬੇ ਦਾ ਰੂਪ ਲਿਆ ਸੀ। ਸਾਡੇ ਲੱਕੜਦਾਦਾ ਜੀ ਨੇ ਸ਼ਾਇਦ ਉਦੋਂ ਹੀ ਇੱਥੋਂ ਅਨਾਜ ਖਰੀਦ ਕੇ ਹਿੰਦੋਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜਣ ਦੀ ਸੋਚੀ ਹੋਵੇਗੀ ਅਤੇ ਹਵੇਲੀ ਨੂੰ ਪੂਰੀ ਟਰਾਲੀ ਅੰਦਰ ਲਿਆਉਣ ਜਿੰਨਾ ਵੱਡਾ ਦਰਵਾਜ਼ਾ ਲੁਆਇਆ ਹੋਵੇਗਾ।

ਵੀਹਵੀਂ ਸਦੀ ਦੇ ਪਹਿਲੇ ਅੱਧ ਵਿੱਚ ਦੇਸ਼ ਦੇ ਸੁਤੰਤਰਤਾ ਸੰਗਰਾਮ ਦਾ ਤਾਂ ਸ਼ਾਇਦ ਖਿੱਤੇ ਦੇ ਦੁਰਾਡੇ ਖੜ੍ਹੇ ਇਸ ਦਰਵਾਜ਼ੇ ਨੂੰ ਬਹੁਤਾ ਨਾ ਪਤਾ ਲੱਗਿਆ ਹੋਵੇ, ਪਰ ਮੇਰੀ ਦਾਦੀ ਦੇ ਦੱਸਣ ਅਨੁਸਾਰ, ‘‘1947 ਦੀ ਮੰਦਭਾਗੀ ਵੰਡ ਵੇਲੇੇ ਲਹਿੰਦੇ ਵੱਲਿਓਂ ਉੱਜੜ ਕੇ ਆਏ ਅਨੇਕਾਂ ਪਰਿਵਾਰਾਂ ਨੂੰ ਇਸ ਨੇ ਆਪਣੀ ਬੁੱਕਲ ਵਿੱਚ ਸਮੇਟਿਆ ਸੀ।’’ ਮੈਂ ਕਿੰਨੀ ਹੈਰਾਨ ਹੋਈ ਸੀ ਜਦੋਂ ਦਾਦੀ ਨੇ ਦੱਸਿਆ ਸੀ ਕਿ ਹੋਸ਼ ਸੰਭਾਲਦੇ ਤੋਂ ਜਿਸ ਬੀਰਾਂ ਭੂਆ ਨੂੰ ਮੈਂ ਆਪਣੇ ਪਰਿਵਾਰ ਦਾ ਹਿੱਸਾ ਜਾਣਦੀ ਆਈ ਸੀ, ਉਨ੍ਹਾਂ ਦਾ ਟੱਬਰ ਵੀ ਅਸਲ ਵਿੱਚ ਉਨ੍ਹੀਂ ਦਿਨੀਂ ਸਾਡੇ ਨਾਲ ਜੁੜਿਆ ਸੀ। ਬੀਰਾਂ ਭੂਆ ਦੇ ਦੇਹਾਂਤ ਦੇ ਵਰ੍ਹਿਆਂ ਬਾਅਦ ਜਦੋਂ ਇੱਕ ਵਾਰ ਕਿਸੇ ਇੰਟਰਵਿਊ ਲਈ ਮੈਂ ਆਪਣੇ ਪਿਤਾ ਜੀ ਨਾਲ ਦੇਹਰਾਦੂਨ ਗਈ ਤਾਂ ਅਸੀਂ ਭੂਆ ਦੇ ਭਰਾ ਦੇ ਘਰ ਗਏ। ਭੂਆ ਦੀ ਭਾਬੀ, ਜਿਸ ਨੇ ਮੈਨੂੰ ਤਾਂ ਕਦੇ ਦੇਖਿਆ ਵੀ ਨਹੀਂ ਸੀ, ਅਤੇ ਮੇਰੇ ਪਿਤਾ ਜੀ ਵੀ ਜਿਨ੍ਹਾਂ ਨੂੰ ਇਕ ਗੱਭਰੂ ਵਜੋਂ ਹੀ ਯਾਦ ਸਨ, ਉਨ੍ਹਾਂ ਦੇ ਸਾਰੇ ਪਰਿਵਾਰ ਨੇ ਫ਼ਕਤ ਵੱਡੇ ਦਰਵਾਜ਼ੇ ਵਾਲੀ ਹਵੇਲੀ ਅਤੇ ਮੇਰੇ ਦਾਦਾ ਜੀ ਦਾ ਨਾਂ ਸੁਣ ਕੇ ਨਾ ਸਿਰਫ਼ ਸਾਨੂੰ ਆਪਣੇ ਘਰ ਠਹਿਰਣ ਲਈ ਮਜਬੂਰ ਕੀਤਾ ਸਗੋਂ ਸਾਡੀ ਇੰਝ ਟਹਿਲ ਕੀਤੀ ਜਿਵੇਂ ਕੋਈ ਪਹਿਲੀ ਵਾਰ ਘਰ ਆਏ ਜਵਾਈ ਦੀ ਕਰਦਾ ਹੈ। ਮੈਨੂੰ ਸੱਚਮੁੱਚ ਉਹ ਕਿਸੇ ਦੂਸਰੀ ਦੁਨੀਆ ਦੇ ਲੋਕ ਜਾਪੇ ਸਨ।

ਉਦੋਂ ਤੋਂ ਲੈ ਕੇ ਅੱਜ ਤਾਈਂ ਸ਼ਹਿਰ ਵਿੱਚ ਮੇਲਜੋਲ ਦੌਰਾਨ ਆਪਣਾ ਪਰਿਚੈ ਦੇਣ ਲਈ, ਕਿਸੇ ਨਵੇਂ ਬੰਦੇ ਨੂੰ ਆਪਣਾ ਪਤਾ ਸਮਝਾਉਣ ਲਈ ਅਤੇ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਵੱਸੀ ਅਗਲੀ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਚੇਤੇ ਕਰਵਾਉਣ ਲਈ ਇਹ ਵੱਡਾ ਦਰਵਾਜ਼ਾ ਸਦਾ ਹੀ ਸਾਡਾ ਸਹਾਰਾ ਬਣਿਆ ਹੈ। ਪਰ ਪਤਾ ਨਹੀਂ ਹੁਣ ਕਿੰਨਾ ਕੁ ਸਮਾਂ ਹੋਰ, ਇੱਕ ਸਦੀ ਤੋਂ ਜ਼ਿਆਦਾ ਦੇਸ਼ ਅਤੇ ਲੋਕ, ਦੋਹਾਂ ਦੇ ਬਦਲਦੇ ਹਾਲਾਤ ਅਤੇ ਮਿਜਾਜ਼ ਦਾ ਗਵਾਹ, ਇਹ ਵੱਡਾ ਦਰਵਾਜ਼ਾ ਸਾਡੀ ਪਛਾਣ ਬਣਿਆ ਰਹੇਗਾ?

ਗੁਰੂ ਨਾਨਕ ਕਾਲਜ, ਮੁਕਤਸਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਮੁੱਖ ਖ਼ਬਰਾਂ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਸੁਪਰੀਮ ਕੋਰਟ ਤਕ ਪਹੁੰਚ ਲਈ ਦਿੱਤਾ ਤਿੰਨ ਦਿਨਾਂ ਦਾ ਸਮਾਂ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੋਮਵਾਰ ਨੂੰ ਅੰਤਿਰਮ ਜ਼ਮਾਨਤ ਖਾਰ...

ਸ਼ਹਿਰ

View All