ਬੀਬੀ ਰਾਣੀ

ਬੀਬੀ ਰਾਣੀ

ਨੋਨੀ ਦੀ ਦਸੰਬਰ 2020 ਦੀ ਇਹ ਤਸਵੀਰ ਇਹਦੀ ਪ੍ਰਮੰਨੀ ਫ਼ੋਟੋਗਰਾਫ਼ਰ ਧੀ ਦਇਆਨੀਤਾ ਸਿੰਘ ਦੀ ਖਿੱਚੀ ਹੋਈ ਹੈ

ਅਮਰਜੀਤ ਚੰਦਨ

ਕਲਾ ਜੌਹਰੀ ਜ੍ਹੌਨ ਬਰਜਰ ਦਾ ਲਿਖਣਾ ਹੈ: ‘ਮੈਂ ਕਿਸੇ ਮੀਊਜ਼ਮ ਜਾਂ ਗੈਲਰੀ ਵਿਚ ਕੋਈ ਕਲਾ-ਕਿਰਤ ਵੇਖਣ ਤੋਂ ਬਾਅਦ ਖ਼ਿਆਲਾਂ ਵਿਚ ਹੀ ਕਲਾਕਾਰ ਦੀ ਕਹਾਣੀ ਸੁਣਨ ਲਈ ਉਹਦੇ ਸਟੂਡੀਓ ਵਿਚ ਪ੍ਰਵੇਸ਼ ਕਰਦਾ ਹਾਂ। ਮੈਂ ਅਪਣੇ ਆਪ ਨਾਲ਼ ਗੱਲਾਂ ਕਰਦਾ ਹਾਂ। ਮੈਨੂੰ ਸਟੂਡੀਓ ਤੋਂ ਬਾਹਰ ਦੀ ਦੁਨੀਆ ਦਾ ਖ਼ਿਆਲ ਆਉਂਦਾ ਹੈ ਤੇ ਮੈਂ ਅਪਣੇ ਜਾਣੇ-ਅਣਜਾਣੇ ਕਲਾਕਾਰ ਨਾਲ਼ ਗੱਲੀਂ ਲਗ ਜਾਂਦਾ ਹਾਂ। ਸਾਡੀ ਗੱਲ ਕਦੇ ਵੀ ਕਿਸੇ ਸਿਰੇ ਨਹੀਂ ਲਗਦੀ। ਕਦੇ-ਕਦੇ ਮੈਂ ਤੇ ਕਲਾਕਾਰ ਰਲ਼ ਕੇ ਗੁੰਝਲ਼ ਖੋਲ੍ਹਣ ਦਾ ਜਤਨ ਕਰਦੇ ਹਾਂ। ਬਾਣੀ ਹੋਣ ਤੋਂ ਪਹਿਲਾਂ ਜਿਵੇਂ ਰੋਕਿਆ-ਰੁਕਿਆ ਸਾਹ ਭਰੀਦਾ ਹੈ; ਅਸੀਂ ਦੋਹਵੇਂ ਡੂੰਘਾ ਸਾਹ ਭਰਦੇ ਹਾਂ। ਸਾਡੇ ਇਸ ਮੇਲ਼ ਵਿੱਚੋਂ ਕੀ ਨਿਕਲ਼ਦਾ ਹੈ, ਉਹ ਪਾਠਕ ਜਾਣੇ।’

ਮੈਂ ਬਰਜਰ ਤੋਂ ਵੀ ਪਿਛਾਂਹ ਜਾ ਕੇ ਸੋਚਦਾ ਹਾਂ - ਉਸ ਮਿਊਜ਼ਮ ਜਾਂ ਗੈਲਰੀ ਵਿਚ ਮੈਂ ਦੁਨੀਆ ਦੇ ਸਾਰੇ ਕੰਮ ਛੱਡ ਕੇ ਪੁੱਜਾ ਕਿਵੇਂ? ਮੈਨੂੰ ਕੀਹਨੇ ਸੱਦਾ ਦਿੱਤਾ ਸੀ? ਕਿਸੇ ਨਾਲ਼ ਇੰਜ ਮਿਲਣ ਦਾ ਵਾਅਦਾ ਕਿਵੇਂ ਹੋ ਜਾਂਦਾ ਹੈ?

ਕਿਸੇ ਬਿੰਬ ਕਿਸੇ ਤਸਵੀਰ ਵਿਚ ਪ੍ਰਵੇਸ਼ ਕਿਵੇਂ ਕਰੀਦਾ ਹੈ? ਇਹਦਾ ਅੰਗਰੇਜ਼ੀ ਸ਼ਬਦ ਐਂਟਰ ਕਰਨਾ ਹੈ। ਹਮੇਸ਼ਾਂ ਕਿਸੇ ਹੱਦ ਵਿਚ ਪ੍ਰਵੇਸ਼ ਕਰੀਦਾ ਹੈ। ਇਹ ਤਸਵੀਰ ਤਾਂ ਲਾਹੱਦ ਹੈ। ਇਹ ‘ਐਂਟਰ’ ਹੋਣ ਵਾਲ਼ੀ ਨਹੀਂ, ‘ਫ਼ੇਸ’ ਕਰਨ ਵਾਲ਼ੀ ਤਸਵੀਰ ਹੈ। ਜਿਵੇਂ ਤਾਕੀ ਖੋਲ੍ਹ ਕੇ ਪਹਾੜ ਦੇ ਦਰਸ਼ਨ ਹੁੰਦੇ ਹਨ। ਇਸ ਖੁੱਲ੍ਹੇ ਦੀ ਤਸਵੀਰ ਅੰਦਰ ਪ੍ਰਵੇਸ਼ ਕਰਕੇ ਨਹੀਂ, ਅੰਦਰੋਂ ਬਾਹਰ ਨਿਕਲ਼ ਕੇ ਵੇਖਣ ਵਾਲ਼ੀ ਤਸਵੀਰ ਹੈ।

ਤਸਵੀਰ ਅਪਣੇ ਵਲ ਕਿਵੇਂ ਖਿੱਚਦੀ ਹੈ? ਕੀ ਇਹ ਮੇਲ਼ ਵੀ ਧੁਰੋਂ ਹੀ ਲਿਖਿਆ ਹੁੰਦਾ ਹੈ? ਕਿਸੇ ਗੈਲਰੀ ਦੀ ਕੰਧ ’ਤੇ ਟੰਗੀ ਤਸਵੀਰ, ਜਾਂ ਕਿਸੇ ਕਿਤਾਬ ਵਿਚ ਛਪੀ ਜਾਂ ਘਰ ਦੀ ਐਲਬਮ ਵਿਚ ਸਾਂਭੀ ਪਈ ਤਸਵੀਰ। ਕਿਸੇ ਲਾਇਬ੍ਰੇਰੀ ਵਿਚ ਕਾਗ਼ਜ਼ਾਂ-ਪਤ੍ਰਾਂ ਵਿਚ ਅੰਨ੍ਹੇਰੇ ਵਿਚ ਹੋਰਨਾਂ ਕਾਗ਼ਜ਼ਾਂ ਦੀ ਸੰਗਤ ਵਿਚ ਪਈ ਚੁੱਪ ਤਸਵੀਰ। ਦੇਖੇ ਜਾਣ, ਗੱਲਾਂ ਕਰਨ ਨੂੰ ਤਾਂਘਦੀ ਤਸਵੀਰ। ਮੂੰਹੋਂ-ਬੋਲਦੀ ਤਸਵੀਰ ਦਾ ਮੁਹਾਵਰਾ ਹੈ। ਚੁੱਪ ਤਸਵੀਰ ਕਿਹੜੀ ਬੋਲੀ ਵਿਚ ਕਿੰਜ ਬੋਲਦੀ ਹੈ? ਰਿਕਾਰਡ ਹੋਏ ਨਾਦ ਵਿਚ, ਲਿਖੀ ਹੋਈ ਲਿੱਪੀ ਵਿਚ?

* * *

ਨੋਨੀ ਸਿੰਘ ਦੀ ਅਪਣੀ ਮਾਤਾ ਮਹਿੰਦਰ ਕੌਰ ਦੀ ਸੰਨ 1943 ਵਿਚ ਖਿੱਚੀ ਤਸਵੀਰ ਨੂੰ ਵੇਖੀ ਜਾਂਦਿਆਂ

ਮੈਂ ਪਹਿਲੀ ਵਾਰ ਲੰਦਨ ਦੀ ਵ੍ਹਾਈਟਚੈਪਲ ਗੈਲਰੀ ਵਿਚ ਨੋਨੀ ਨੂੰ - ਅਸਲ ਵਿਚ ਇਸ ਤਸਵੀਰ ਨੂੰ - ਮਿਲ਼ਿਆ ਸੀ। ਫਿਰ ਇਹ ਮੈਨੂੰ ਕਦੇ ਨਹੀਂ ਭੁੱਲੀ। ਇਹਨੂੰ ਪਹਿਲੀ ਵਾਰ ਤੱਕਦਿਆਂ ਸੋਚਿਆ ਸੀ, ਇਹੀ ਤਸਵੀਰ ਤਾਂ ਮੈਂ ਵੇਖਣ ਆਇਆ ਸੀ। ਕੀ ਇਸ ਤਸਵੀਰ ਨੂੰ ਵੀ ਮੇਰੀ ਉਡੀਕ ਸੀ? (ਏਥੇ ‘ਮੇਰੀ’ ਦਾ ਅਰਥ ਕਿਸੇ ਵੀ ਤਸਵੀਰਸ਼ਨਾਸ ਦਰਸ਼ਕ ਤੋਂ ਵੀ ਹੈ।)

ਸੰਨ 1943 ਦੀ ਖਿੱਚੀ ਇਸ ਤਸਵੀਰ ਦੀ ਕੋਈ ਬਹੁਤੀ ਲੰਮੀ-ਚੌੜੀ ਕਹਾਣੀ ਨਹੀਂ। ਇਹਦੇ ਨਾਲ਼ ਛਾਪੇ ਸਿਰਲੇਖ ਤੋਂ ਪਤਾ ਚਲਦਾ ਹੈ ਕਿ ਜ਼ਮੀਨ ’ਤੇ ਬੈਠੀ ਬੀਬੀ ਦਾ ਨਾਂ ਮਹਿੰਦਰ ਕੌਰ ਹੈ। ਨੋਨੀ (ਜਨਮ 1936, ਅਸਲ ਨਾਂ ਰਣਜੀਤ ਕੌਰ) ਦੀ ਮਾਂ। ਇਹ ਅਪਣੇ ਟੱਬਰ ਨਾਲ਼ ਮੋਟਰਕਾਰ ਵਿਚ ਰਾਵਲਪਿੰਡੀ ਕੋਲ਼ ਦੇ ਪਹਾੜ ਕੋਹ ਮੱਰੀ ਚੱਲੀ ਹੈ। ਭੁੱਖ ਲੱਗੀ ਹੋਈ ਹੈ। ਸਾਰੇ ਜੀਅ ਰਸਤੇ ਵਿਚ ਰੁਕ ਕੇ ਕੁਛ ਖਾਣ ਬੈਠੇ ਹਨ। ਕੈਮਰੇ ਦਾ ਚਮੜੇ ਦਾ ਢੱਕਣ, ਚਾਹ ਦੇ ਬਰਤਨ, ਟਿਫ਼ਨ ਕੈਰੀਅਰ ਦੇ ਡੱਬੇ, ਧੁੱਪ ਵਾਲ਼ੀ ਬੂਟੀਆਂ ਵਾਲ਼ੀ ਲੇਡੀਆਂ ਵਾਲ਼ੀ ਛੱਤਰੀ। ਕੱਚ ਦਾ ਗਲਾਸ। ਕੌਲੀ। ਪਾਣੀ ਨਾਲ਼ ਭਰੀ ਗੜਵੀ। ਮਹਿਕਦਾ ਰਿਜ਼ਕ - ਤਾਸੀ ਵਿਚ ਪਾਈ ਸੁੱਕੀ ਆਲੂ ਮੇਥੀ ਦੀ ਸਬਜ਼ੀ; ਪੋਣੇ ਵਿਚ ਲਪੇਟੀਆਂ ਪਰੌਂਠੀਆਂ। ਧੁੱਪ ਦੇ ਜ਼ਮੀਨ ’ਤੇ ਵਣ ਦੀ ਬਨਸਪਤ ’ਤੇ ਵਿਛੇ ਹੋਏ ਟੋਟੇ ਤੇ ਰੁੱਖੜੇ। ਸਭ ਵਸਤਾਂ ਸਭ ਕੁਝ ਐਨ ਥਾਂ-ਸਿਰ ਹੈ। ਇਸ ਵਿਚ ਫ਼ਰਾਂਸੀਸੀ ਚਿਤ੍ਰਕਾਰ ਮਾਨੇ ਦੀ ਕਿਸੇ ਪੇਂਟਿੰਗ ਦਾ ਝਉਲ਼ਾ ਪੈਂਦਾ ਹੈ।

ਸੱਤਾਂ ਵਰ੍ਹਿਆਂ ਦੀ ਧੀ ਨੋਨੀ ਨੇ ਅਪਣੇ ਪਿਤਾ ਦਾ ਦਿੱਤਾ ਬੌਕਸ ਕੈਮਰਾ ਨਿੱਕੜੇ ਹੱਥਾਂ ਵਿਚ ਇੰਜ ਪਕੜਿਆ ਹੋਇਆ ਹੈ, ਜਿਵੇਂ ਕਬੂਤਰ ਹੋਵੇ। ਸ਼ੀਸ਼ੇ ਵਿਚ ਝਾਕਦਿਆਂ ਕੈਮਰਾ ਟਿਕਾ ਕੇ ਬਟਣ ਦਬਾ ਦਿੱਤਾ ਹੈ। ਸਾਰਿਆਂ ਨੂੰ ਕੁਝ ਦਿਨਾਂ ਬਾਅਦ ਫ਼ਿਲਮ ਧੁਆ ਕੇ ਪਤਾ ਲੱਗਣਾ ਹੈ ਕਿ ਇਸ ਵੇਲੇ ਬੈਠੀ ਬੀਬੀ ਕਿੰਜ ਦੀ ਲਗਦੀ ਸੀ।

* * *

ਮੈਂ ਅਪਣੀ ਕਿਸੇ ਦੋਸਤ ਨੂੰ ਪੁੱਛਿਆ: ਦਸ ਇਸ ਫ਼ੋਟੋ ਵਿਚ ਕੀ ਹੈ?

- ਮੈਨੂੰ ਸੋਚਣ ਦਿਓ।

ਫੇਰ ਸੋਚ ਕੇ ਕਹਿੰਦੀ: ਰੋਟੀ ਖਾਂਦੀ ਇਸ ਔਰਤ ਨੂੰ ਕੌਣ ਯਾਦ ਆ ਰਿਹਾ ਹੈ? ਉਦਾਸ ਲਗਦੀ ਹੈ। ਖ਼ੁਸ਼ੀ ਨਹੀਂ ਏ ਇਹਦੇ ਮੂੰਹ ’ਤੇ।

- ਸੋਚਦਾ ਬੰਦਾ ਕੀ ਉਦਾਸ ਨਜ਼ਰ ਆਉਂਦਾ ਹੁੰਦੈ?

- ਨਹੀਂ। ਖ਼ੁਸ਼ ਵੀ ਹੁੰਦਾ। ਪਰ ਇਹ ਸੀਰੀਅਸ ਉਦਾਸ ਏ!

- ਜਦ ਆਖੀਦਾ ਏ: ਡੂੰਘੀ ਸੋਚ ਲੱਗੀ ਹੋਈ ਏ। ਇਹ ਸੋਚ ਖ਼ੁਸ਼ੀ ਵਾਲ਼ੀ ਨਹੀਂ ਹੋ ਸਕਦੀ? ਚਿੰਤਾ, ਚਿੰਤਨ ਤੇ ਫ਼ਿਕਰ ਦਾ ਮਤਲਬ ਉਦਾਸ, ਘੋਰ ਉਦਾਸੀ, ਰੋਗ ਕਿਉਂ ਬਣ ਗਿਆ?

* * *

ਇਸ ਕਾਲ਼ੀ-ਚਿੱਟੀ ਤਸਵੀਰ ਵਿਚ ਰੰਗ-ਲੀਲਾ ਮਚੀ ਹੋਈ ਹੈ। ਧੁੱਪ ਵਿਚ ਸਤ ਰੰਗ ਤਾਂ ਹੁੰਦੇ ਹੀ ਨੇ। ਬੀਬੀ ਦਾ ਲਿਬਾਸ ਵੀ ਧੁੱਪਰੰਗਾ ਹੈ। ਵਿੰਙੇ ਚੀਰ ਵਾਲ਼ੇ ਵਾਲ਼ਾਂ ਦਾ ਸ਼ਿਆਮ ਰੰਗ; ਕੰਨਾਂ ਦੀਆਂ ਡੰਡੀਆਂ ਵਾਲ਼ੀਆਂ, ਛਣਕਦੀਆਂ ਵੰਙਾਂ ਤੇ ਮੁੰਦਰੀ ਦਾ ਕੰਚਨੀ ਰੰਗ।

ਸੂਰਜ ਦਾ, ਲਿਬਾਸ ਦਾ ਰੰਗ ਇਸ ਬਿੰਬ ਦਾ ਧੁਰਾ ਹੈ। ਪੋਠੋਹਾਰ ਦੀ ਪੱਬੀ ਵਿਚ ਕੋਈ ਲੋਅ ਦਾ ਚਸ਼ਮਾ ਫੁੱਟਦਾ ਪਿਆ ਹੈ। ਧੁੱਪ ਝਰਨੇ ਵਾਂਙ ਡਿਗਦੀ ਨਹੀਂ; ਵਗਦੀ ਵਗਦੀ ਅਪਣੇ ਆਪ ਵਿਚ ਡੁੱਲ੍ਹਦੀ ਜਾਂਦੀ ਹੈ।

ਇਹ ਤਸਵੀਰ ਕਿਤਾਬ ਵਿਚ ਛਪੀ, ਕੰਪੀਊਟਰ ਦੀ ਸਕ੍ਰੀਨ ਦੇ ਦਿਸਦੇ ਹਾਸ਼ੀਏ ਨੂੰ ਫ਼ਰੇਮ ਨੂੰ ਤੋੜਦੀ ਹੈ। ਫੇਰ ਮੇਜ਼ ਤੇ ਕਮਰੇ ਦੀ ਵਲਗਣ ਨੂੰ, ਮੈਂ ਜਿੱਥੇ ਬੈਠਾ ਇਸ ਵੇਲੇ ਇਹ ਅੱਖਰ ਪਾ ਰਿਹਾ ਹਾਂ।

ਸੋਭੀ, ਜਬ੍ਹੇ ਵਾਲ਼ੀ, ਦਾਨੀ-ਬੀਨੀ ਬੀਬੀ ਮਹਿੰਦਰ ਕੌਰ ਮੈਨੂੰ ਅਪਣੀ ਮਾਂ ਅਪਣੀ ਭੈਣ ਲਗਦੀ ਹੈ।

* * *

ਇਹ ਫ਼ੋਟੋ ਸੰਨ 1943 ਦੀ ਹੈ। ਓਦੋਂ ਆਜ਼ਾਦੀ ਦੇ ਆਖ਼ਿਰੀ ਹੱਲੇ ਦੀ ਲਹਿਰ ਚਲ ਰਹੀ ਸੀ। ਬੰਗਾਲ ਵਿਚ ਪਏ ’ਕਾਲ਼ ਵਿਚ ਹਜ਼ਾਰਾਂ ਲੋਕ ਭੁੱਖੇ ਮਰ ਰਹੇ ਸਨ। ਹਿਟਲਰ ਨੇ ਦੁਨੀਆ ਨੂੰ ਵਖਤ ਪਾਇਆ ਹੋਇਆ ਸੀ। ਹੋਰ ਚਾਰ ਵਰ੍ਹਿਆਂ ਨੂੰ ਰਾਵਲਪਿੰਡੀ ਕੋਹ ਮੱਰੀ ਫ਼ਸਾਦੀਆਂ ਨੇ ਲਹੂ-ਲੁਹਾਣ ਕਰ ਦੇਣਾ ਸੀ। ਸਮੇਂ ਇਤਿਹਾਸ ਦੇ ਸ਼ੂਕਦੇ ਵਹਿੰਦੇ ਦਰਿਆ ਵਿਚ ਇਕ ਬੂੰਦ ਇਕ ਬਿੰਦ ਦੀ ਇਸ ਸ਼ਾਂਤ ਤਸਵੀਰ ਦਾ ਹਰ ਕਿਸਮ ਦੀ ਹਿੰਸਾ ਤੇ ਕੁਹਜ ਦੇ ਖ਼ਿਲਾਫ਼ ਸਤ੍ਰਯ-ਆਗ੍ਰਹ ਹੈਰਾਨ ਕਰਦਾ ਹੈ। ਦੇਖੋ, ਸੁਹਜ ਦਾ ਕਾਰਜ ਇਤਨਾ ਰਾਜਨੀਤਕ ਵੀ ਹੋ ਸਕਦਾ ਹੈ।

ਬੀਬੀ ਰਾਣੀ ਦੀ ਇਹ ਤਸਵੀਰ ਸਰਬਤ ਦੀ ਸੁੱਖ-ਸ਼ਾਂਤੀ, ਸ਼ੁਕਰਾਨੇ ਦੀ ਚੁੱਪ ਅਰਦਾਸ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All