DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਰੋੜਾਂ ਰੁਪਏ ਅਤੇ ਬੰਦੇ ਖਾਣੀ ਭਾਖੜਾ ਨਹਿਰ

ਭਾਖੜਾ ਡੈਮ ਤੋਂ ਆ ਰਹੀ ਨੰਗਲ ਹਾਇਡਲ ਚੈਨਲ ਨਹਿਰ ਦਾ ਨਾਮ ਰੋਪੜ ਆ ਕੇ ਭਾਖੜਾ ਮੇਨ ਲਾਈਨ ਨਹਿਰ ’ਚ ਤਬਦੀਲ ਹੋ ਜਾਂਦਾ ਹੈ। ਸਾਲ 1954 ’ਚ ਬਣੀ ਇਸ ਨਹਿਰ ਦੀ ਨੀਂਹ ਤੋਂ ਉਚਾਈ 225.55 ਮੀਟਰ, ਬੰਨ੍ਹ ਦੇ ਉੱਪਰ ਦੀ ਲੰਬਾਈ...

  • fb
  • twitter
  • whatsapp
  • whatsapp
Advertisement

ਭਾਖੜਾ ਡੈਮ ਤੋਂ ਆ ਰਹੀ ਨੰਗਲ ਹਾਇਡਲ ਚੈਨਲ ਨਹਿਰ ਦਾ ਨਾਮ ਰੋਪੜ ਆ ਕੇ ਭਾਖੜਾ ਮੇਨ ਲਾਈਨ ਨਹਿਰ ’ਚ ਤਬਦੀਲ ਹੋ ਜਾਂਦਾ ਹੈ। ਸਾਲ 1954 ’ਚ ਬਣੀ ਇਸ ਨਹਿਰ ਦੀ ਨੀਂਹ ਤੋਂ ਉਚਾਈ 225.55 ਮੀਟਰ, ਬੰਨ੍ਹ ਦੇ ਉੱਪਰ ਦੀ ਲੰਬਾਈ 518.16, ਸਮੁੰਦਰ ਤਲ ਤੋਂ 518.16 ਮੀਟਰ ਉਚਾਈ ਹੈ। ਇਸ ਦੇ ਨਿਰਮਾਣ ਵਿੱਚ 13330 ਕਾਰੀਗਰਾਂ ਨੇ ਕੰਮ ਕੀਤਾ ਸੀ। ਇਹ 30 ਇੰਜਨੀਅਰਾਂ ਦੀ ਸਹਾਇਤਾ ਨਾਲ 14 ਸਾਲਾਂ ’ਚ ਤਿਆਰ ਹੋਈ ਸੀ। ਇਸ ਲਈ 371 ਪਿੰਡਾਂ ਦੇ ਲੋਕਾਂ ਦਾ ਉਜਾੜਾ ਹੋਇਆ ਸੀ। 11300 ਕਿਊਸਿਕ ਪਾਣੀ ਦੀ ਸਮੱਰਥਾ ਵਾਲੀ ਇਹ ਨਹਿਰ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਰੋਪੜ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚੋਂ ਦੀ ਗੁਜ਼ਰਦੀ ਹੋਈ 164 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਮੂਨਕ ਦੇ ਕਸਬੇ ਖਨੌਰੀ ਵਿਖੇ ਪਹੁੰਚਦੀ ਹੈ। ਨਹਿਰ ਦੇ ਇਸ ਪੜਾਅ ਨੂੰ ਖਨੌਰੀ ਹੈੱਡ ਵਰਕਸ ਦੇ ਨਾਂ ਨਾਲ ਜਾਂਦਿਆ ਹੈ।

ਇਸ ਸਥਾਨ ’ਤੇ ਹਰਿਆਣਾ ਦੇ ਇੱਕ ਖਿੱਤੇ ਦੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਖੜਾ ਵਿੱਚੋਂ ਨਰਵਾਣਾ-ਬਰਵਾਲਾ ਲਿੰਕ ਨਹਿਰ ਕੱਢੀ ਗਈ ਹੈ ਜਦ ਕਿ ਮੇਨ ਨਹਿਰ ਹਰਿਆਣਾ ਦੇ ਲੋਕਾਂ ਦੀਆਂ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰੀ ਕਰਦੀ ਹੋਈ ਰਾਜਸਥਾਨ ਵੱਲ ਵਧਦੀ ਹੈ। 11300 ਕਿਊਸਿਕ ਪਾਣੀ ਦੀ ਸਮੱਰਥਾ ਵਾਲੀ ਇਸ ਨਹਿਰ ਵਿੱਚੋਂ ਪੰਜਾਬ ਦੇ ਕਿਸਾਨਾਂ ਨੂੰ ਸਿੰਜਾਈ ਲਈ ਸਿਰਫ਼ 2088 ਕਿਊਸਿਕ ਪਾਣੀ ਹੀ ਮਿਲਦਾ ਹੈ। ਪੰਜਾਬ ਦੇ ਹਿੱਸੇ ਵਿੱਚੋਂ 750 ਕਿਊਸਿਕ ਪਾਣੀ ਪੰਜਾਬ ਦਾ ਰੋਪੜ ਥਰਮਲ ਪਲਾਂਟ ਪ੍ਰਾਪਤ ਕਰਦਾ ਹੈ ਅਤੇ 100 ਕਿਊਸਿਕ ਪਾਣੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਛੱਡਿਆ ਜਾਂਦਾ ਹੈ ਜਿੱਥੇ ਸਿੱਖ ਧਰਮ ਦੇ ਲੋਕ ਆਪਣੇ ਮ੍ਰਿਤਕਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਦੇ ਹਨ। 8362 ਕਿਊਸਿਕ ਪਾਣੀ ਹਰਿਆਣਾ ਅਤੇ ਰਾਜਸਥਾਨ ਨੂੰ ਜਾ ਰਿਹਾ ਹੈ।

Advertisement

ਸਾਲ 1954 ’ਚ ਬਣਾਈ ਗਈ ਭਾਖੜਾ ਨਹਿਰ ਦੇ ਕਿਨਾਰੇ ਤਕਰੀਬਨ ਖ਼ਤਮ ਹੋ ਚੁੱਕੇ ਹਨ। ਇਨ੍ਹਾਂ ਕਿਨਾਰਿਆਂ ਨੂੰ ਮਜ਼ਬੂਤ ਕਰਨ ਲਈ ਭਾਖੜਾ ਮੈਨੇਜਮੈਂਟ ਬੋਰਡ ਵੱਲੋਂ ਹਰ ਸਾਲ ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ। ਇਸ ਦੇ ਬਾਵਜੂਦ ਕਿਨਾਰੇ ਮਜ਼ਬੂਤ ਨਹੀਂ ਹੋ ਰਹੇ ਸਗੋਂ ਅਫ਼ਸਰਸ਼ਾਹੀ ਅਤੇ ਠੇਕੇਦਾਰਾਂ ਦੀਆਂ ਆਪਣੀਆਂ ਜੇਬ੍ਹਾਂ ਦੀ ਕਮਾਈ ਮਜ਼ਬੂਤ ਹੋ ਰਹੀ ਹੈ ਕਿਉਂਕਿ ਭਾਖੜਾ ਨਹਿਰ ਦੇ ਟੁੱਟ ਰਹੇ ਕਿਨਾਰਿਆਂ ਨੂੰ ਅਜਿਹੇ ਢੰਗ ਨਾਲ ਮਜ਼ਬੂਤ ਕੀਤਾ ਜਾਂਦਾ ਹੈ ਕਿ ਅਗਲੇ ਵਰ੍ਹੇ ਦੁਬਾਰਾ ਫਿਰ ਕਿਨਾਰੇ ਮਜ਼ਬੂਤ ਕਰਨ ਦੀ ਜ਼ਰੂਰਤ ਮਹਿਸੂਸ ਹੋਵੇ।

Advertisement

ਭਾਖੜਾ ਨਹਿਰ ਦੇ ਬਹੁਗਿਣਤੀ ਪੁਲਾਂ ਦੀ ਹਾਲਤ ਖ਼ਰਾਬ ਹੈ ਕਿਉਂਕਿ ਇਹ ਪੁਲ ਵੀ 1954 ਦੇ ਹੀ ਬਣੇ ਹੋਏ ਹਨ। ਭਾਖੜਾ ਨਹਿਰ ਦੀ ਡਵੀਜ਼ਨ ਪਟਿਆਲਾ ’ਚ ਜੋੜਾ ਮਾਜਰਾ ਮਵੀ ਪਿੰਡ ਨੂੰ ਜੋੜਨ ਵਾਲਾ ਪੁਲ ਅਕਤੂਬਰ 2025 ਦੌਰਾਨ ਭਾਖੜਾ ਨਹਿਰ ’ਚ ਡਿੱਗ ਪਿਆ। ਇਸ ਤੋਂ ਬਾਅਦ ਪਿੰਡ ਚੁਪਕੀ ਵਾਲਾ ਭਾਖੜਾ ਦਾ ਪੁਲ ਵੀ ਬੰਦ ਕਰ ਦਿੱਤਾ ਗਿਆ। ਜੇਕਰ ਸਮੁੱਚੇ ਪੰਜਾਬ ਅੰਦਰ ਨਜ਼ਰ ਮਾਰੀ ਜਾਵੇ ਤਾਂ ਦਰਜਨਾਂ ਪੁਲ ਖਸਤਾ ਹਾਲ ’ਚ ਮਿਲਣਗੇ।

ਬੇਸ਼ੱਕ ਪੰਜਾਬ ਵਿੱਚ ਨਹਿਰਾਂ ਦਾ ਜਾਲ ਵਿਛਿਆ ਹੋਇਆ ਹੈ, ਪ੍ਰੰਤੂ ਅੱਜ ਗੱਲ ਸਿਰਫ਼ ਭਾਖੜਾ ਮੇਨ ਲਾਈਨ ਨਹਿਰ ਦੇ ਪੰਜਾਬ ਵਿਚਲੇ ਅੰਤਲੇ ਪੜਾਅ ਖਨੌਰੀ ਹੈੱਡ ਵਰਕਸ ਦੀ ਹੀ ਕਰ ਰਹੇ ਹਾਂ। ਖਨੌਰੀ ਕਸਬੇ ਨਾਲ ਲੱਗਦਾ ਇਹ ਖਨੌਰੀ ਹੈੱਡ ਉਨ੍ਹਾਂ ਲੋਕਾਂ ਲਈ ਲਾਸ਼ਾਂ ਨੂੰ ਉਡੀਕਣ ਦਾ ਸਥਾਨ ਬਣਿਆ ਹੋਇਆ ਹੈ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਚੁੱਕੇ ਹੁੰਦੇ ਹਨ। ਹੈੱਡ ਲਾਗੇ ਨਹਿਰ ਦੇ ਕਿਨਾਰੇ ਬਣਿਆ ਛੋਟਾ ਜਿਹਾ ਕਮਰਾ (ਉਡੀਕ ਘਰ) ਜਿਸ ਦੇ ਅੰਦਰ ਜਾਂ ਬਾਹਰ ਬੈਠ ਕੇ ਪੀੜਤ ਪਰਿਵਾਰ ਦੇ ਮੈਂਬਰ ਨਹਿਰ ਵਿੱਚ ਤੈਰ ਕੇ ਆਉਣ ਵਾਲੀਆਂ ਲਾਸ਼ਾਂ ਦੀ ਉਡੀਕ ਕਰਦੇ ਹਨ। ਉਸ ਗੁੰਮਸ਼ਦਾ ਦੀ ਤਲਾਸ਼ ਦੇ ਪੋਸਟਰਾਂ ਨਾਲ ਭਰੇ ਪਏ ਕਮਰੇ ਲਾਗੇ ਹੀ ਨਹਿਰ ਦੇ ਕਿਨਾਰੇ ਕਿਸੇ ਸਮਾਜ ਸੇਵੀ ਸੰਸਥਾ ਵੱਲੋਂ ਲਗਾਏ ਬੈਂਚਾਂ ’ਤੇ ਬੈਠੇ ਲੋਕਾਂ ਦੀਆਂ ਅੱਖਾਂ ਵਿੱਚ ਪੱਥਰ ਬਣ ਚੁੱਕੇ ਹੰਝੂ ਦੱਸ ਦਿੰਦੇ ਹਨ ਕਿ ਉਨ੍ਹਾਂ ਅੰਦਰ ਆਪਣੇ ‘ਪਿਆਰਿਆਂ’ ਦੀਆਂ ਲਾਸ਼ਾਂ ਨੂੰ ਪ੍ਰਾਪਤ ਕਰਨ ਦੀ ਕਿੰਨੀ ਤਾਂਘ ਹੈ।

ਪੰਜਾਬ ਦੇ ਲੋਕ ਕਦੇ ਪਰਮਾਤਮਾ ਤੋਂ ਦੱਧ-ਪੁੱਤ ਦੀ ਦੁਆ ਕਰਦੇ ਸਨ, ਪ੍ਰੰਤੂ ਹੁਣ ਦੁਆ ਕਰਦੇ ਹਨ ਕਿ ਮੇਰਾ ਪੁੱਤ ਨਸ਼ਿਆਂ ਦੇ ਦੈਂਤ ਦੇ ਖੂਨੀ ਪੰਜਿਆਂ ਦਾ ਸ਼ਿਕਾਰ ਨਾ ਹੋ ਜਾਵੇ। ਉਸ ਨੂੰ ਛੇਤੀ ਕੋਈ ਰੁਜ਼ਗਾਰ ਮਿਲ ਜਾਵੇ ਜਾਂ ਵਿਦੇਸ਼ ਹੀ ਚਲਾ ਜਾਵੇ, ਪ੍ਰੰਤੂ ਇਹ ਖਨੌਰੀ ਹੈੱਡ ’ਤੇ ਬੈਠੇ ਲੋਕ ਕਦੇ ਨਹਿਰ ਦੇ ਪਾਣੀ ਵੱਲ ਟਿਕਟਿਕੀ ਲਗਾਉਂਦੇ ਹਨ ਤੇ ਕਦੇ ਅਸਮਾਨ ਵੱਲ ਝਾਕ ਕੇ ਉਸ ਮਾਲਕ ਤੋਂ ਹੋਰ ਕੁਝ ਨਹੀਂ ਮੰਗਦੇ ਬਲਕਿ ਆਪਣੇ ਵਿੱਛੜੇ ਦੀ ਲਾਸ਼ ਦੀ ਖੈਰ ਮੰਗਦੇ ਹਨ। ਜਿਨ੍ਹਾਂ ਨੀਤੀ ਘਾੜਿਆਂ ਦੀਆਂ ਗ਼ਲਤ ਨੀਤੀਆਂ ਦੇ ਨਤੀਜਿਆਂ ’ਚੋਂ ਪੈਦਾ ਹੋਈਆਂ ਸਥਿਤੀਆਂ ਵਿੱਚੋਂ ਹੀ ਲੋਕ ਖੁਦਕਸ਼ੀ ਦਾ ਰਾਹ ਅਪਣਾਉਣ ਦਾ ਸਖ਼ਤ ਫੈਸਲਾ ਲੈਂਦੇ ਹਨ, ਅੱਜ ਤਖ਼ਤਾਂ ’ਤੇ ਬੈਠੇ ਉਹੀ ਨੇਤਾ ਇਨ੍ਹਾਂ ਪੀੜਤ ਪਰਿਵਾਰਾਂ ਦੇ ਵਿੱਛੜਿਆਂ ਦੀਆਂ ਲਾਸ਼ਾਂ ਉਨ੍ਹਾਂ ਨੂੰ ਸੌਂਪਣ ਲਈ ਕੋਈ ਕਾਰਗਰ ਉਪਰਾਲੇ ਨਹੀਂ ਕਰ ਰਹੇ। ਨਤੀਜਨ ਮਨੁੱਖੀ ਲਾਸ਼ਾਂ ਨੂੰ ਕੁੱਤੇ ਨੋਚ-ਨੋਚ ਖਾ ਰਹੇ ਹਨ।

ਇਹ ਨਹਿਰ ਰੋਪੜ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚੋਂ ਦੀ ਲੰਘਦੀ ਖਨੌਰੀ ਪਹੁੰਚਦੀ ਹੈ ਸੁਭਾਵਿਕ ਹੀ ਇੱਥੇ ਪਹੁੰਚਦੀਆਂ ਲਾਸ਼ਾਂ ਇਨ੍ਹਾਂ ਜ਼ਿਲ੍ਹਿਆਂ ਦੇ ਖੁਦਕਸ਼ੀ ਕਰਨ ਵਾਲੇ ਵਿਅਕਤੀ ਦੀਆਂ ਹੀ ਹੋਣਗੀਆਂ। ਇਨ੍ਹਾਂ ਵਿੱਚੋਂ ਕੁਝ ਕੁ ਪ੍ਰਤੀਸ਼ਤ ਲਾਸ਼ਾਂ ਕਤਲ ਕਰਕੇ ਸੁੱਟੇ ਲੋਕਾਂ ਦੀਆਂ ਵੀ ਹੋ ਸਕਦੀਆਂ ਹਨ। ਅਕਸਰ ਜਦੋਂ ਸੜਕ ਹਾਦਸੇ ਦਾ ਸ਼ਿਕਾਰ ਵਾਹਨ ਇਸ ਨਹਿਰ ਵਿੱਚ ਡਿੱਗ ਜਾਂਦਾ ਹੈ ਤਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕੱਢਣ ਲਈ ਸਰਕਾਰ ਵੱਲੋਂ ਵਿਆਪਕ ਪ੍ਰਬੰਧ ਕੀਤੇ ਜਾਂਦੇ ਹਨ, ਪ੍ਰੰਤੂ ਖੁਦਕੁਸ਼ੀਆਂ ਕਰਨ ਵਾਲੇ ਲੋਕਾਂ ਦੀਆਂ ਲਾਸ਼ਾਂ ਨੂੰ ਕੱਢਣ ਲਈ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਨਹੀਂ ਕੀਤੇ ਜਾਂਦੇ। ਜਦੋਂ ਕੋਈ ਵੀ ਵਿਅਕਤੀ ਖੁਦਕੁਸ਼ੀ ਕਰਨ ਲਈ ਭਾਖੜਾ ਨਹਿਰ ਵਿੱਚ ਛਾਲ ਮਾਰਦਾ ਹੈ ਤਾਂ ਉਸ ਦੀ ਲਾਸ਼ 3-4 ਦਿਨ ਪਾਣੀ ਦੀ ਉੱਪਰਲੀ ਸਤਹਿ ਤੋਂ ਹੇਠ ਰਹਿੰਦੀ ਹੈ ਅਤੇ ਦਿਨ ਬ ਦਿਨ ਉੱਪਰ ਆਉਂਦੀ ਅੱਗੇ ਵਧਦੀ ਰਹਿੰਦੀ ਹੈ। ਫਿਰ ਕਰੀਬ 4-5 ਦਿਨਾਂ ਬਾਅਦ ਲਾਸ਼ ਪਾਣੀ ’ਤੇ ਤੈਰਦੀ ਹੋਈ ਅੱਗੇ ਵਧਦੀ ਹੈ।

ਕੁਝ ਲਾਸ਼ਾਂ ਰਸਤੇ ਵਿੱਚ ਵੀ ਅਟਕੀਆਂ ਰਹਿ ਜਾਂਦੀਆਂ ਹਨ। ਜਦੋਂ ਕੋਈ ਤੈਰਦੀ ਹੋਈ ਲਾਸ਼ ਇਸ ਖਨੌਰੀ ਹੈੱਡ ’ਤੇ ਪਹੁੰਚਦੀ ਹੈ ਤਾਂ ਉੱਥੇ ਉਡੀਕ ਕਰ ਰਹੇ ਵਾਰਿਸ ਤੁਰੰਤ ਹਰਕਤ ਵਿੱਚ ਆ ਜਾਂਦੇ ਹਨ। ਜੇਕਰ ਲਾਸ਼ ਉਨ੍ਹਾਂ ਦੇ ਵਿੱਛੜੇ ਪਿਆਰੇ ਦੀ ਹੁੰਦੀ ਹੈ ਤਾਂ ਉਹ ਉੱਥੇ ਲਿਖੇ ਪਿੰਡ ਦੇ ਹੀ ਗੋਤਾਖੋਰਾਂ ਦੇ ਮੋਬਾਈਲ ਨੰਬਰਾਂ ’ਤੇ ਸੰਪਰਕ ਕਰਕੇ ਉਨ੍ਹਾਂ ਨੂੰ ਬੁਲਾ ਲੈਂਦੇ ਹਨ। ਕਈ ਵਾਰ ਤਾਂ ਲਾਸ਼ ਹਰਿਆਣਾ, ਰਾਜਸਥਾਨ ਵੱਲ ਜਾ ਰਹੀ ਮੇਨ ਲਾਈਨ ਨਹਿਰ ਦੇ ਗੇਟਾਂ ’ਤੇ ਅਟਕ ਜਾਂਦੀ ਹੈ ਅਤੇ ਕਈ ਵਾਰ ਨਰਵਾਨਾ/ਬਰਵਾਲਾ ਵੱਲ ਜਾ ਰਹੀ ਲਿੰਕ ਨਹਿਰ ਨੂੰ ਜਾ ਰਹੇ ਪਾਣੀ ਦੀ ਡੂੰਘੀ ਝਾਲ ਵੱਲ ਨੂੰ ਹੋ ਕੇ ਅੱਗੇ ਲੰਘ ਜਾਂਦੀ ਹੈ ਜਿਸ ਦੇ ਪਿੱਛੇ ਜਾ ਕੇ ਗੋਤਾਖੋਰ ਉਸ ਨੂੰ ਕੱਢ ਲਿਆਉਂਦੇ ਹਨ, ਪ੍ਰੰਤੂ ਉਹ ਤੈਰਦੀਆਂ ਲਾਸ਼ਾਂ ਜਿਨ੍ਹਾਂ ਦਾ ਇੱਥੇ ਕੋਈ ਵਾਰਿਸ ਨਹੀਂ ਹੁੰਦਾ, ਅੱਗੇ ਲੰਘ ਜਾਂਦੀਆਂ ਹਨ। ਇਸੇ ਤਰ੍ਹਾਂ ਉਹ ਲਾਸ਼ਾਂ ਜੋ ਅਜੇ ਤੱਕ ਪਾਣੀ ਦੀ ਉੱਪਰਲੀ ਸਤਹਿ ’ਤੇ ਨਹੀਂ ਆਈਆਂ ਹੁੰਦੀਆਂ, ਉਹ ਵੀ ਪਾਣੀ ਦੇ ਹੇਠਾਂ ਦੀ ਲੰਘ ਜਾਂਦੀਆਂ ਹਨ। ਬੇਸ਼ੱਕ ਉਨ੍ਹਾਂ ਦੇ ਵਾਰਿਸ ਵੀ ਉੱਥੇ ਹੀ ਬੈਠੇ ਹੋਣ। ਵੱਡੀ ਗਿਣਤੀ ਵਿੱਚ ਲਾਸ਼ਾਂ ਬਗੈਰ ਰੋਕੇ ਹੀ ਇੱਥੋਂ ਭਾਖੜਾ ਮੇਨ ਲਾਈਨ ਅਤੇ ਬਰਵਾਲਾ ਲਿੰਕ ਨਹਿਰ ਵੱਲ ਲੰਘ ਜਾਂਦੀਆਂ ਹਨ ਜਿਨ੍ਹਾਂ ਵਿੱਚ ਕੁੱਝ ਹੈੱਡ ਤੋਂ ਤਿੰਨ ਕਿਲੋਮੀਟਰ ਦੂਰ ਜ਼ਿਲ੍ਹਾ ਜੀਂਦ ਵਿੱਚ ਬਰਵਾਲਾ ਲਿੰਕ ਨਹਿਰ ਉੱਤੇ ਪਦਾਰਥ ਖੇੜਾ ਪੁਲ ’ਤੇ ਰੁਕਦੀਆਂ ਹਨ ਜਿਨ੍ਹਾਂ ਨੂੰ ਅਕਸਰ ਕੁੱਤੇ ਬਾਹਰ ਕੱਢ ਰਹੇ ਹੁੰਦੇ ਹਨ।

ਪੁਲ ਨੇੜੇ ਵੱਡੀ ਗਿਣਤੀ ’ਚ ਪਏ ਮ੍ਰਿਤਕਾਂ ਦੇ ਬੂਟ ਅਤੇ ਚੱਪਲਾਂ, ਨੇੜਲੇ ਖੇਤਾਂ ਵਿੱਚ ਪਈਆਂ ਮਨੁੱਖੀ ਹੱਡੀਆਂ ਅਤੇ ਖੋਪੜੀਆਂ ਦਿਲ ਦਹਿਲਾਂ ਦੇਣ ਵਾਲਾ ਦ੍ਰਿਸ਼ ਪੇਸ਼ ਕਰਦੀਆਂ ਹਨ। ਇੱਥੇ ਕਈ ਸਾਲਾਂ ਤੋਂ ਬੱਕਰੀਆਂ ਚਾਰ ਰਹੇ ਆਜੜੀ ਹੁਕਮ ਸਿੰਘ ਸਮੇਤ ਲੰਘ ਰਹੇ ਕਈ ਵਿਅਕਤੀਆਂ ਨੇ ਦੱਸਿਆ ਕਿ ਹਰ ਰੋਜ਼ ਇੱਕ ਲਾਸ਼ ਤਾਂ ਆ ਕੇ ਅਟਕਦੀ ਹੀ ਹੈ ਤੇ ਕਦੇ ਕਦੇ ਤਾਂ ਇੱਕ ਦਿਨ ਵਿੱਚ ਚਾਰ-ਚਾਰ ਲਾਸ਼ਾਂ ਇੱਥੇ ਪਹੁੰਚਦੀਆਂ ਹਨ। ਜਿਨ੍ਹਾਂ ਨੂੰ ਇੱਥੋਂ ਕੁੱਤੇ ਬਾਹਰ ਕੱਢਦੇ ਰਹਿੰਦੇ ਹਨ। ਖਿਲਰੀਆਂ ਹੱਡੀਆਂ ਤੇ ਖੋਪੜੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ।

ਸਹਾਰਾ ਚੈਰੀਟੇਬਲ ਟਰੱਸਟ ਖਨੌਰੀ ਵੱਲੋਂ ਖਨੌਰੀ ਹੈੱਡ ’ਤੇ ਇੱਕ ਧਰਮਸ਼ਾਲਾ ਬਣਾਈ ਗਈ ਹੈ। ਜਿੱਥੇ ਲਾਸ਼ਾਂ ਦੀ ਉਡੀਕ ਕਰਨ ਲਈ ਆਉਣ ਵਾਲੇ ਲੋਕਾਂ ਲਈ ਰਹਿਣ, ਖਾਣੇ ਦਾ ਪ੍ਰਬੰਧ ਕੀਤਾ ਹੋਇਆ ਹੈ। ਲਾਸ਼ ਨੂੰ ਮ੍ਰਿਤਕ ਦੇ ਪਿੰਡ ਸ਼ਹਿਰ ਤੱਕ ਛੱਡ ਕੇ ਆਉਣ ਲਈ ਐਂਬੂਲੈਂਸ ਸੇਵਾਵਾਂ ਵੀ ਦਿੱਤੀਆ ਜਾਂਦੀਆਂ ਹਨ। ਫਿਰ ਵੀ ਬੇਨਾਮ ਲਾਸ਼ਾਂ ਦੀ ਇਹ ਦੁਰਦਸ਼ਾ ਪਿਛਲੇ ਕਈ ਸਾਲਾਂ ਤੋਂ ਇਸੇ ਤਰ੍ਹਾਂ ਹੀ ਜਾਰੀ ਹੈ। ਬੇਨਾਮ ਲਾਸ਼ਾਂ ਦੇ ਨਿਪਟਾਰੇ ਅਤੇ ਲਾਸ਼ਾਂ ਨੂੂੰ ਅੱਗੇ ਜਾਣ ਤੋਂ ਰੋਕਣ ਲਈ ਲਾਇਰਜ ਆਫ ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ 2012 ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਸਿਵਲ ਰਿੱਟ ਪਟੀਸ਼ਨ ’ਤੇ ਅਦਾਲਤ ਨੇ ਫੈਸਲਾ ਦਿੰਦਿਆਂ ਸਰਕਾਰ ਨੂੰ ਆਦੇਸ਼ ਦਿੱਤਾ ਸੀ ਕਿ ਇਸ ਹੈੱਡ ’ਤੇ ਪਾਣੀ ਦੇ ਬਾਹਰ ਅਤੇ ਅੰਦਰ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣ। ਉੱਥੇ ਦੋ ਪੁਲੀਸ ਕਰਮਚਾਰੀਆਂ ਦੀ ਡਿਊਟੀ ਲਗਾ ਕੇ ਉੱਥੇ ਪਾਣੀ ਦੇ ਉੱਪਰ ਜਾਂ ਹੇਠਾਂ ਦੀ ਆਉਂਦੀਆਂ ਲਾਸ਼ਾ ਦੀ ਨਿਗਰਾਨੀ ਕੀਤੀ ਜਾਵੇ।

ਇਸ ਤੋਂ ਬਾਅਦ ਉਨ੍ਹਾਂ 6.5 ਲੱਖ ਰੁਪਏ ਦੀ ਲਾਗਤ ਨਾਲ ਪਾਣੀ ਦੇ ਬਾਹਰ ਤਾਂ ਕੈਮਰੇ ਲਗਾ ਦਿੱਤੇ, ਪ੍ਰੰਤੂ ਹਾਈਕੋਰਟ ਦੇ ਆਦੇਸ਼ਾਂ ਦੇ 14 ਸਾਲ ਬਾਅਦ ਵੀ ਪਾਣੀ ਹੇਠ ਕੈਮਰੇ ਨਹੀਂ ਲਗਾਏ ਗਏ। ਇੱਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਹਾਈ ਕੋਰਟ ਦੇ ਆਦੇਸ਼ਾਂ ਨੂੰ ਮੰਨਦਿਆਂ ਭਾਖੜਾ ਮੇਨ ਲਾਈਨ ਸਰਕਲ ਪਟਿਆਲਾ ਨੇ ਏਨੀ ਵੱਡੀ ਇਸ ਨਹਿਰ ਨੂੰ 10 ਅਪਰੈਲ 2013 ਤੋਂ 23 ਅਪਰੈਲ 2013 ਤੱਕ ਕੈਮਰੇ ਲਗਾਉਣ ਲਈ ਬੰਦ ਰੱਖਿਆ, ਪਰ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਅਜਿਹਾ ਨਹੀਂ ਕਰ ਸਕਿਆ, ਨਾ ਹੀ ਉੱਥੇ ਦੋ ਪੁਲੀਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਤਾਂ ਜੋ ਅਣਪਛਾਤੀਆਂ ਮ੍ਰਿਤਕ ਦੇਹਾਂ ਦੀ ਨਿਗਰਾਨੀ ਕਰ ਕੇ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ ਕੀਤੀ ਜਾਵੇ। ਹੁਣ ਸਿਰਫ਼ ਇੱਕ ਪੁਲੀਸ ਮੁਲਾਜ਼ਮ ਹੀ ਰਜਿਸਟਰ ਵਿੱਚ ਉਨ੍ਹਾਂ ਲਾਸ਼ਾਂ ਦੇ ਇੰਦਰਾਜ ਕਰ ਰਹੇ ਰਿਹਾ ਹੈ ਜਿਨ੍ਹਾਂ ਨੂੰ ਪਛਾਣ ਕੇ ਉਨ੍ਹਾਂ ਦੇ ਵਾਰਿਸ ਬਾਹਰ ਕੱਢ ਲੈਂਦੇ ਹਨ। ਬਾਕੀ ਲਾਸ਼ਾਂ ਉਸੇ ਤਰ੍ਹਾਂ ਭਾਖੜਾ ਦੇ ਵਹਾ ਨਾਲ ਹਰਿਆਣਾ ਅਤੇ ਰਾਜਸਥਾਨ ਜਾ ਰਹੀਆਂ ਹਨ ਜਾਂ ਫਿਰ ਕੁਝ ਲਾਸ਼ਾਂ ਬਰਵਾਲਾ ਲਿੰਕ ਉਤੇ ਪਦਾਰਥ ਖੇੜਾ ਪੁਲ (ਜ਼ਿਲ੍ਹਾ ਜੀਂਦ) ਨੇੜੇ ਕੁੱਤਿਆਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ।

ਹੈੱਡ ’ਤੇ ਤਾਇਨਾਤ ਹੌਲਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਪੁਲੀਸ ਵੱਲੋਂ ਇੱਥੇ ਪਹੁੰਚਦੀਆਂ ਲਾਸ਼ਾਂ ਦੇ ਇੰਦਰਾਜ ਲਈ ਇੱਕ ਰਜਿਸਟਰ ਲਗਾਇਆ ਹੋਇਆ ਹੈ ਜਿਸ ਵਿੱਚ ਹਰ ਮਹੀਨੇ 10 ਤੋਂ 12 ਮਿਲੀਆਂ ਲਾਸ਼ਾਂ ਦੇ ਨਾਮ ਪਤੇ ਦਰਜ ਹੋ ਰਹੇ ਹਨ। ਇਨ੍ਹਾਂ ਖੁਦਕਸ਼ੀ ਕਰ ਚੁੱਕੇ ਲੋਕਾਂ ਦੀ ਉਮਰ ਆਮ ਤੌਰ ’ਤੇ 20 ਤੋਂ 50 ਸਾਲ ਦੀ ਹੁੰਦੀ ਹੈ। ਇੱਥੇ ਹਰ ਰੋਜ਼ 20 ਕੁ ਬੰਦੇ ਆਪਣਿਆਂ ਦੀ ਭਾਲ ਵਿੱਚ ਆਉਂਦੇ ਹਨ। ਕਦੇ-ਕਦੇ ਤਾਂ ਇਹ ਗਿਣਤੀ 100 ਤੱਕ ਵੀ ਪਹੁੰਚ ਜਾਂਦੀ ਹੈ। ਇੱਥੇ ਔਸਤਨ 60 ਕੁ ਲਾਸ਼ਾਂ ਪ੍ਰਤੀ ਮਹੀਨਾ ਪਹੁੰਚ ਰਹੀਆਂ ਹਨ। ਸਾਲਾਨਾ 700 ਤੋਂ ਘੱਟ ਨਹੀਂ, ਜਿਨ੍ਹਾਂ ’ਚੋਂ ਕੁਝ ਕੁ ਲਾਸ਼ਾਂ ਨੂੰ ਬਾਹਰ ਕੱਢਿਆ ਜਾਂਦਾ ਹੈ।

ਭਾਖੜਾ ਨਹਿਰ ਵਿੱਚ ਰੁੜ੍ਹ ਕੇ ਆਉਣ ਵਾਲੀਆਂ ਲਾਸ਼ਾਂ ਨੂੰ ਖਨੌਰੀ ਹੈੱਡ ’ਤੇ ਹੀ ਰੋਕਣ ਦੇ ਪ੍ਰਬੰਧ ਕਰਨ ਦੀ ਜ਼ਰੂਰਤ ਹੈ। ਇਸ ਲਈ ਵਧੇਰੇ ਨਿਗਰਾਨੀ ਸਟਾਫ ਅਤੇ ਗੋਤਾ ਖੋਰਾਂ ਦਾ ਪ੍ਰਬੰਧ ਕਰਦੇ ਹੋਏ ਪਾਣੀ ਦੀਆਂ ਹੇਠਲੀਆਂ ਸਤਿਹਾਂ ’ਚ ਗੁਜ਼ਰਦੀਆਂ ਲਾਸ਼ਾਂ ਨੂੰ ਵੇਖਣ ਲਈ ਅੰਡਰ ਵਾਟਰ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣ ਦੀ ਤੁਰੰਤ ਜ਼ਰੂਰਤ ਹੈ ਤਾਂ ਕਿ ਹੇਠੋਂ ਲੰਘਦੀ ਲਾਸ਼ ਦਾ ਪਤਾ ਲੱਗਣ ’ਤੇ ਗੋਤਾਖੋਰ ਅੱਗੇ ਜਾ ਕੇ ਤੁਰੰਤ ਉਸ ਨੂੰ ਬਾਹਰ ਕੱਢ ਲਿਆਉਣ। ਕੰਪਿਊਟਰ ਯੁੱਗ ਦਾ ਫਾਇਦਾ ਉਠਾਉਂਦਿਆਂ ਇੱਕ ਵੈੱਬਸਾਸੀਟ ਬਣਾ ਕੇ ਅਣਪਛਾਤੀਆਂ ਲਾਸ਼ਾਂ ਦੀਆਂ ਤਸਵੀਰਾਂ ਤੁਰੰਤ ਉਸ ਉੱਤੇ ਪਾਈਆਂ ਜਾਣ। ਨੈਤਿਕਤਾ ਮੰਗ ਕਰਦੀ ਹੈ ਕਿ ਮਨੁੱਖੀ ਦੇਹ ਦਾ ਸਤਿਕਾਰ ਕੀਤਾ ਜਾਵੇ। ਸਿਰਫ਼ ਲਾਸ਼ ਦੀ ਪਛਾਣ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾਣੀ ਚਾਹੀਦੀ, ਸਗੋਂ ਮੌਤ ਦੇ ਕਾਰਨ ਵੀ ਜਾਣਨੇ ਚਾਹੀਦੇ ਹਨ ਅਤੇ ਸਰਕਾਰ ਨੂੰ ਇਨ੍ਹਾਂ ਲਾਸ਼ਾਂ ਨਾਲ ਇਨਸਾਫ ਕਰਨਾ ਚਾਹੀਦਾ ਹੈ। ਪਰ ਇੱਥੇ ਸਭ ਕੁਝ ਉਲਟ ਹੋ ਰਿਹਾ ਹੈ।

ਜਰਨੈਲੀ ਸੜਕ ’ਤੇ ਮਰੇ ਹੋਏ ਪਸ਼ੂਆਂ ਦੇ ਹੱਡ ਸੰਭਾਲਣ ਲਈ ਹੱਡਾ ਰੋੜੀ ’ਤੇ ਖਾਸ ਤੌਰ ’ਤੇ ਪ੍ਰਬੰਧ ਕੀਤਾ ਗਿਆ ਹੈ, ਪਰ ਭਾਖੜਾ ਨਹਿਰ ’ਚ ਰੁਲਣ ਵਾਲੀਆਂ ਲਾਸ਼ਾਂ ਦੀ ਕੋਈ ਸੰਭਾਲ ਨਹੀਂ ਕੀਤੀ ਜਾਂਦੀ। ਜਿਨ੍ਹਾਂ ਨੂੰ ਜਾਨਵਰ ਹੀ ਖਾ ਜਾਂਦੇ ਹਨ। ਮਨੁੱਖੀ ਅਧਿਕਾਰੀ ਦੀ ਹੋ ਰਹੀ ਇਸ ਉਲੰਘਣਾ ਵੱਲ ਪ੍ਰਸ਼ਾਸਨ ਕੋਈ ਬਹੁਤਾ ਧਿਆਨ ਨਹੀਂ ਦੇ ਰਿਹਾ। ਭਾਖੜਾ ਕਿਨਾਰੇ ਲਾਸ਼ਾਂ ਨੂੰ ਸਾਂਭਣ ਲਈ ਵਾਤਾਅਨੁਕੂਲ ਮੁਰਦਾਘਰ ਦੀ ਸਥਾਪਨਾ ਕਰਨ ਦੀ ਤੁਰੰਤ ਜ਼ਰੂਰਤ ਹੈ। ਇੱਥੇ ਪੋਸਟਮਾਰਟਮ ਦੀ ਸਹੂਲਤ ਦੇ ਕੇ ਵੀ ਵਾਰਿਸਾਂ ਨੂੰ ਖੱਜਲ-ਖੁਆਰੀ ਤੋਂ ਬਚਾਇਆ ਜਾ ਸਕਦਾ ਹੈ। ਭਾਖੜਾ ਵਿੱਚ ਮਿਲੀ ਹਰ ਬੇਨਾਮ ਲਾਸ਼ ਦੀ ਫੋਟੋਗਰਾਫੀ, ਉਂਗਲਾਂ ਦੇ ਨਿਸ਼ਾਨ, ਡੀਐੱਨਏ ਨਮੂਨਾ ਲਿਆ ਜਾਵੇ। ਲਾਸ਼ ਦੀ ਫੋਟੋ ਪ੍ਰਚੱਲਿਤ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਕੀਤੀ ਜਾਵੇ। ਨਿਰਧਾਰਿਤ ਸਮਾਂ ਸੀਮਾ ਤੋਂ ਬਾਅਦ ਉਸ ਦਾ ਸਤਿਕਾਰ ਸਹਿਤ ਅੰਤਮ ਸੰਸਕਾਰ ਕੀਤਾ ਜਾਣਾ ਚਾਹੀਦਾ ਹੈ।

ਸੰਪਰਕ: 98761-01698

Advertisement
×