ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਡਾ. ਕੁਲਦੀਪ ਸਿੰਘ
ਸੰਘਰਸ਼ ਦਾ ਰਾਹ

ਛੱਤੀਸਗੜ੍ਹ ਵਿਚ ‘ਸੰਘਰਸ਼ ਤੇ ਨਿਰਮਾਣ’ ਨਾਂ ਦਾ ਅੰਦੋਲਨ ਹੋਵੇ, ਨਾਗਰਿਕਤਾ ਸੋਧ ਕਾਨੂੰੂਨ ਖ਼ਿਲਾਫ਼ ਪ੍ਰਦਰਸ਼ਨ ਜਾਂ ਕਿਸਾਨ ਵਿਰੋਧੀ ਬਿੱਲਾਂ ਦਾ ਇਕਮੁੱਠ ਹੋ ਕੇ ਕੀਤਾ ਜਾ ਰਿਹਾ ਵਿਰੋਧ; ਸ਼ਹੀਦ ਭਗਤ ਸਿੰਘ ਸਦਾ ਹੀ ਲੋਕ ਸੰਘਰਸ਼ਾਂ ਲਈ ਪ੍ਰੇਰਨਾ ਸਰੋਤ ਰਿਹਾ ਹੈ। ਇਹ ਲੇਖ ਉਸ ਦੀ ਵਿਚਾਰਧਾਰਾ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਮਾਦੇ ਬਾਰੇ ਦੱਸਦਾ ਹੈ।

ਪਣੀ ਕਿਰਤ ਦਾ ਪੂਰਾ ਮੁੱਲ ਲੈਣ ਲਈ ਮਜ਼ਦੂਰਾਂ ਤੇ ਕਿਸਾਨਾਂ ਨੂੰ ਲਗਾਤਾਰ ਸੰਘਰਸ਼ ਵਿੱਚੋਂ ਗੁਜ਼ਰਨਾ ਪੈਂਦਾ ਹੈ, ਸੰਘਰਸ਼ ਦੀ ਬੁਨਿਆਦ ਸਰੋਤਾਂ ਉੱਤੇ ਕਾਬਜ਼ ਲੋਕਾਂ ਤੋਂ ਆਪਣੀ ਕਿਰਤ ਦਾ ਮੁੱਲ ਲੈਣ ਨਾਲ ਜੁੜੀ ਹੁੰਦੀ ਹੈ, ਜਦੋਂ ਤੱਕ ਸਮਾਜ ’ਚ ਕਾਣੀ ਵੰਡ ਰਹੇਗੀ, ਉਸ ਸਮੇਂ ਤੱਕ ਧਰਤੀ ਉੱਤੇ ਸੰਘਰਸ਼ ਚਲਦੇ ਰਹਿਣਗੇ।’’ ਇਹ ਸ਼ਬਦ ਫਾਂਸੀ ਦੇ ਤਖ਼ਤੇ ਉਪਰ ਪਹੁੰਚਣ ਤੋਂ ਪਹਿਲਾਂ ਭਗਤ ਸਿੰਘ ਨੇ ਕਹੇ ਸਨ। ‘‘ਇਸ ਲੰਮੀ ਲੜਾਈ ਰਾਹੀਂ ਬਰਾਬਰੀ ਵਾਲੇ ਸਮਾਜ ਦੀ ਜਿਊਂਦੀ ਜਾਗਦੀ ਮਿਸਾਲ ’ਚ ਤਬਦੀਲ ਕਰਨ ਲਈ ਮਜ਼ਦੂਰਾਂ ਨੂੰ ਸੰਘਰਸ਼ ਦੇ ਨਾਲ-ਨਾਲ ਆਪਣੀਆਂ ਲੋੜਾਂ ਦੀ ਪੂਰਤੀ ਲਈ ਨਿਰਮਾਣ ਦੇ ਕਾਰਜ ਵੀ ਹੱਥ ਲੈਣੇ ਪੈਣਗੇ ਜਿਹੜੇ ਉਨ੍ਹਾਂ ਦੀ ਸਿਹਤ, ਸਿੱਖਿਆ, ਵਾਤਾਵਰਨ ਤੇ ਸ਼ਰਾਬ ਤੋਂ ਮੁਕਤੀ ਨਾਲ ਸਬੰਧਿਤ ਹੋ ਸਕਦੇ ਹਨ। ਸੋ ਅਸੀਂ ਇਨ੍ਹਾਂ ਕਾਰਜਾਂ ਲਈ ਮਜ਼ਦੂਰਾਂ ਦੇ ਵੱਖ-ਵੱਖ ਵਿੰਗ ਬਣਾ ਕੇ ਸੰਘਰਸ਼ ਤੇ ਨਿਰਮਾਣ ਨੂੰ ਨਾਲੋ-ਨਾਲ ਲੈ ਕੇ ਚੱਲ ਰਹੇ ਹਾਂ।” ਇਹ ਸੋਚ ਸਮਾਜਿਕ ਤਬਦੀਲੀ ’ਚ ਕਾਰਜਸ਼ੀਲ ਸ਼ੰਕਰ ਗੁਹਾ ਨਿਓਗੀ (14 ਫਰਵਰੀ 1943 - 28 ਸਤੰਬਰ 1991) ਨੇ ਛੱਤੀਸਗੜ੍ਹ ਮੁਕਤੀ ਮੋਰਚਾ ਰਾਹੀਂ ਸਾਕਾਰ ਕੀਤੀ। ਮਜ਼ਦੂਰਾਂ ਦਾ ਸੰਘਰਸ਼ ਤੇ ਬਦਲਵਾਂ ਮਾਡਲ ਐਨਾ ਮਕਬੂਲ ਤੇ ਸਥਾਪਤ ਹੋ ਗਿਆ ਸੀ ਜਿਸ ਕਾਰਨ ਵੱਡੇ-ਵੱਡੇ ਸਨਅਤੀ ਘਰਾਣਿਆਂ ਵਿਸ਼ੇਸ਼ ਕਰਕੇ ਸ਼ਰਾਬ ਮਾਫ਼ੀਆਂ ਦੀਆਂ ਅੱਖਾਂ ’ਚ ਸ਼ੰਕਰ ਗੁਹਾ ਨਿਓਗੀ ਲਗਾਤਾਰ ਰੜਕਦਾ ਰਹਿੰਦਾ ਸੀ। ਸ਼ਹੀਦੇ-ਆਜ਼ਮ ਭਗਤ ਸਿੰਘ ਤੋਂ ਪ੍ਰੇਰਿਤ ਹੋ ਕੇ ਤਬਦੀਲੀ ਲਈ ਸੰਘਰਸ਼ਸ਼ੀਲ ਸ਼ੰਕਰ ਗੁਹਾ ਨਿਓਗੀ ਨੂੰ 28 ਸਤੰਬਰ 1991 ਨੂੰ ਕਤਲ ਕਰਵਾ ਦਿੱਤਾ ਗਿਆ ਸੀ।

ਸ਼ੰਕਰ ਗੁਹਾ ਨਿਓਗੀ ਦੀ ਅਗਵਾਈ ’ਚ ਸਨਅਤਕਾਰਾਂ ਖ਼ਿਲਾਫ਼ ਮਜ਼ਦੂਰਾਂ ਦੇ ਕੰਮ ਦੇ ਹਾਲਾਤ ਅਤੇ ਉਨ੍ਹਾਂ ਦੇ ਮਿਹਨਤ ਦੇ ਮੁੱਲ ਲਈ 1977 ਵਿਚ ਸੰਘਰਸ਼ ਲੜਿਆ ਜਾ ਰਿਹਾ ਸੀ। ਉਸ ਸੰਘਰਸ਼ ਦੌਰਾਨ ਟਕਰਾਅ ਐਨਾ ਹੋ ਗਿਆ ਕਿ ਸਨਅਤਕਾਰਾਂ ਦੀ ਰਾਖੀ ’ਚ ਉਤਰੀ ਪੁਲੀਸ ਨੇ 11 ਮਜ਼ਦੂਰਾਂ ਨੂੰ ਸ਼ਹੀਦ ਕਰ ਦਿੱਤਾ ਕਿਉਂਕਿ ਪੁਲੀਸ ਸ਼ੰਕਰ ਗੁਹਾ ਨਿਓਗੀ ਨੂੰ ਫੜ ਕੇ ਲੈ ਜਾਣਾ ਚਾਹੁੰਦੀ ਸੀ। ਸ਼ੰਕਰ ਗੁਹਾ ਨਿਓਗੀ ਨੇ ਮਜ਼ਦੂਰਾਂ ਨੂੰ ਸੰਘਰਸ਼ ਦੇ ਨਾਲ-ਨਾਲ ਇਸ ਕਾਰਜ ਲਈ ਵੀ ਪ੍ਰੇਰਿਆ ਕਿ ਇਨ੍ਹਾਂ ਮਜ਼ਦੂਰਾਂ ਦੀ ਯਾਦ ’ਚ ਹਸਪਤਾਲ ਦਾ ਨਿਰਮਾਣ ਕੀਤਾ ਜਾਵੇ ਜਿਸ ਤਹਿਤ ਮਜ਼ਦੂਰਾਂ ਨੇ ਮਿਹਨਤ ਮਜ਼ਦੂਰੀ ਕਰਦਿਆਂ ਚੰਦਾ ਇਕੱਤਰ ਕਰਕੇ ‘ਸ਼ਹੀਦ ਹਸਪਤਾਲ’ ਦਾ ਨਿਰਮਾਣ ਕੀਤਾ। ਇਸ ਹਸਪਤਾਲ ਵਿਚ ਮਜ਼ਦੂਰਾਂ ਤੇ ਆਮ ਲੋਕਾਂ ਦਾ ਇਲਾਜ ਹੋਣ ਲੱਗਾ ਤੇ ਮਜ਼ਦੂਰ ਹੀ ਇਸ ਦਾ ਸੰਚਾਲਨ ਕਰਨ ਲੱਗੇ। ਸਮਾਜਿਕ ਤਬਦੀਲੀ ’ਚ ਯਕੀਨ ਰੱਖਣ ਵਾਲੇ ਡਾ. ਵਿਨਾਇਕ ਸੈਨ ਤੇ ਹੋਰ ਡਾਕਟਰਾਂ ਨੇ ਇਸ ’ਚ ਕਾਰਜ ਕਰਨ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਉੱਪਰ ਉਠਾਈ। ਇਹ ਕਦਮ ਮਜ਼ਦੂਰਾਂ ਲਈ ਐਨਾ ਪ੍ਰੇਰਨਾਮਈ ਬਣਿਆ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਲਈ ਛੇ ਸਕੂਲ ਵੀ ਤਿਆਰ ਕਰ ਦਿੱਤੇ ਤਾਂ ਕਿ ਉਨ੍ਹਾਂ ਦੇ ਬੱਚੇ ਪੜ੍ਹਾਈ ਕਰ ਸਕਣ ਅਤੇ ਇਸੇ ਤਰ੍ਹਾਂ ਸ਼ਰਾਬਬੰਦੀ ਲਈ ਅਜਿਹੀ ਲਹਿਰ ਛੇੜੀ ਕਿ ਕਰੋੜਾਂ ਰੁਪਏ ਕਮਾ ਰਹੇ ਸ਼ਰਾਬ ਮਾਫ਼ੀਆ ਦਾ ਕਾਰੋਬਾਰ ਫੇਲ੍ਹ ਹੋ ਗਿਆ, ਠੇਕੇ ਬੰਦ ਹੋ ਗਏ। ਵੱਡੀ ਗਿਣਤੀ ’ਚ ਮਜ਼ਦੂਰਾਂ ਨੇ ਸ਼ਰਾਬ ਛੱਡ ਕੇ ਸਿਹਤ ਦਾ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਜਲ, ਜੰਗਲ ਤੇ ਜ਼ਮੀਨ ਭਾਵ ਵਾਤਾਵਰਨ ਦੀ ਰੱਖਿਆ ਤੇ ਸਮਾਜਿਕ ਤਬਦੀਲੀ ਲਈ ਸਰਗਰਮੀਆਂ ਵਿਚ ਜ਼ੋਰ-ਸ਼ੋਰ ਨਾਲ ਭਾਗ ਲੈਣਾ ਸ਼ੁਰੂ ਕਰ ਦਿੱਤਾ। ਵੱਖ-ਵੱਖ ਵਿਦਵਾਨਾਂ ਨੇ ਇਸ ਸੰਘਰਸ਼ ਅਤੇ ਨਿਰਮਾਣ ਦੀ ਪ੍ਰਕਿਰਿਆ ਨੂੰ ਨੇੜਿਓਂ ਵੇਖਿਆ ਅਤੇ ਇਸ ਅੰਦੋਲਨ ਵਿਚ ਭਾਗ ਲੈਣ ਲੱਗੇ। ਦੇਸ਼ ਦੇ ਕੋਨੇ-ਕੋਨੇ ਤਕ ‘ਸੰਘਰਸ਼ ਤੇ ਨਿਰਮਾਣ’ ਦੇ ਇਸ ਮਾਡਲ ਦੀ ਚਰਚਾ ਹੋਣ ਲੱਗੀ। ਕਈ ਮਾਹਿਰਾਂ ਨੇ ਲਿਖਿਆ: ਜਿਸ ਵੀ ਖਿੱਤੇ ’ਚ ਲੋਕ ਸੰਘਰਸ਼ ਕਰਦੇ ਹਨ, ਉਨ੍ਹਾਂ ਨੂੰ ਇਸ ਕਾਰਜ ਲਈ ਵੀ ਪ੍ਰੇਰਨਾ ਚਾਹੀਦਾ ਹੈ ਕਿ ਜਿੱਥੇ ਵੀ ਉਹ ਸੰਘਰਸ਼ ਕਰ ਰਹੇ ਹਨ, ਉੱਥੇ ਬਦਲਵੇਂ ਮਾਡਲ ਵੀ ਵਿਕਸਤ ਕਰਨ। ਇਸ ਨਾਲ ਲੋਕਾਂ ’ਚ ਵਿਸ਼ਵਾਸ ਉਤਪੰਨ ਹੋਵੇਗਾ ਕਿ ਅਸੀਂ ਕੱਲ੍ਹ ਨੂੰ ਵੱਡੀ ਤਬਦੀਲੀ ਲਈ ਲੜਦੇ ਹੋਏ ਨਵੇਂ ਸਮਾਜ ਦੇ ਨਿਰਮਾਣ ਵਿਚ ਸਫ਼ਲ ਹੋਵਾਂਗੇ।

ਭਗਤ ਸਿੰਘ ਦਾ ਜੀਵਨ ਵਿਕਾਸ ਸੰਘਰਸ਼ ਅਤੇ ਵੱਡੀ ਤਬਦੀਲੀ ਲਈ ਸੰਕਟਮਈ ਸਥਿਤੀਆਂ ’ਚ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਦਾ ਹੈ। ਉਹ ਪੂਰੀ ਨੀਝ ਨਾਲ ਸਥਿਤੀਆਂ ਦਾ ਵਿਸ਼ਲੇਸ਼ਣ ਅਤੇ ਕਾਰਜ ਕਰਦਾ ਸੀ। ਭਗਤ ਸਿੰਘ ਨੇ 2 ਫਰਵਰੀ 1931 ਨੂੰ ਨੌਜਵਾਨ ਸਿਆਸੀ ਕਾਰਕੁਨਾਂ ਨੂੰ ਲਿਖੇ ਇਕ ਖ਼ਤ ’ਚ ਦਰਜ ਕੀਤਾ: “ਸਾਨੂੰ ਉਨ੍ਹਾਂ ਉਦੇਸ਼ਾਂ ਬਾਰੇ, ਜਿਨ੍ਹਾਂ ਦੀ ਪ੍ਰਾਪਤੀ ਲਈ ਅਸੀਂ ਲੜਦੇ ਹਾਂ ਸਪਸ਼ੱਟ ਖਿਆਲ ਹੋਣਾ ਚਾਹੀਦਾ ਹੈ... ਤੁਸੀਂ ਆਪਣੇ ਦੁਸ਼ਮਣ ਤੋਂ ਸੋਲ੍ਹਾਂ ਆਨੇ ਲੈਣ ਲਈ ਲੜ ਰਹੇ ਹੋ, ਤੁਹਾਨੂੰ ਇਕ ਆਨਾ ਮਿਲਦਾ ਹੈ, ਉਸ ਨੂੰ ਜੇਬ੍ਹ ਵਿਚ ਪਾਓ ਤੇ ਬਾਕੀ ਲਈ ਲੜਾਈ ਜਾਰੀ ਰੱਖੋ... ਇਨਕਲਾਬੀਆਂ ਨੂੰ ਹਮੇਸ਼ਾ ਇਹ ਗੱਲ ਮੰਨ ਕੇ ਚੱਲਣੀ ਚਾਹੀਦੀ ਹੈ ਕਿ ਉਹ ਮੁਕੰਮਲ ਇਨਕਲਾਬ ਲਈ ਲੜ ਰਹੇ ਹਨ, ਤਾਕਤ ਦੀ ਪੂਰੀ ਵਾਗਡੋਰ ਆਪਣੇ ਹੱਥਾਂ ਵਿਚ ਲੈਣੀ ਹੈ।”

ਉਹ ਅਕਸਰ ਕਿਹਾ ਕਰਦਾ ਕਿ ਸੰਘਰਸ਼ਾਂ ’ਚ ਜੁੜੇ ਲੋਕਾਂ ਨੂੰ ਆਪਣੇ ਸਮਾਜਿਕ ਪ੍ਰੋਗਰਾਮ ਦੀ ਪੂਰਤੀ ਲਈ ਸੁਖਾਵਾਂ ਤੇ ਅਨੁਕੂਲ ਮਾਹੌਲ ਬਣਾਉਣ ਲਈ ਘੋਲਾਂ ’ਚ ਹੀ ਵਧੀਆ ਸਿਖਲਾਈ ਤੇ ਵਿੱਦਿਆ ਦੇ ਸਕਦੇ ਹਾਂ। ਭਗਤ ਸਿੰਘ ਦੀ ਦ੍ਰਿਸ਼ਟੀ ਸਮਾਜਿਕ ਤਬਦੀਲੀ ਲਈ ਸਪਸ਼ੱਟ ਸੀ। ਉਹ ਅਕਸਰ ਆਖਦਾ ਕਿ ਜਨਤਾ ਐਨੀ ਭੋਲੀ ਨਹੀਂ ਹੁੰਦੀ, ਉਹ ਸੰਘਰਸ਼ ਦੌਰਾਨ ਹਰੇਕ ਪਾਰਟੀ ਤੇ ਲੀਡਰਸ਼ਿਪ ਦੀ ਨਿਰਖ-ਪਰਖ ਵੀ ਕਰ ਰਹੀ ਹੁੰਦੀ ਹੈ। ਉਸ ਮੁਤਾਬਿਕ: “ਅਗਰ ਲਾਰਡ ਰੀਡਿੰਗ ਦੀ ਥਾਂ ਭਾਰਤੀ ਸਰਕਾਰ ਦਾ ਮੋਹਰੀ ਸਰ ਪਰਸ਼ੋਤਮ ਦਾਸ ਠਾਕਰ ਦਾਸ ਹੋਵੇ ਤਾਂ ਜਨਤਾ ਨੂੰ ਕੀ ਫ਼ਰਕ ਪੈਂਦਾ ਹੈ? ਇਕ ਕਿਸਾਨ ਵਾਸਤੇ ਇਸ ਨਾਲ ਕੀ ਫ਼ਰਕ ਪਵੇਗਾ, ਜੇ ਲਾਰਡ ਇਰਵਿਨ ਦੀ ਥਾਂ ਸਰ ਤੇਜ ਬਹਾਦਰ ਸਪਰੂ ਆ ਜਾਂਦਾ ਹੈ। ਕੌਮੀ ਜਜ਼ਬਾਤ ਦੀ ਅਪੀਲ ਬਿਲਕੁਲ ਫਜ਼ੂਲ ਗੱਲ ਹੈ। ਤੁਸੀਂ ਕਿਸਾਨ ਨੂੰ ਆਪਣੇ ਕੰਮ ਵਾਸਤੇ ਨਹੀਂ ਵਰਤ ਸਕਦੇ, ਤੁਹਾਨੂੰ ਸੰਜੀਦਾ ਹੋਣਾ ਪਵੇਗਾ।” ਭਗਤ ਸਿੰਘ ਦੇ ਸਮੇਂ ’ਚ ਵੀ ਕਈ ਕਿਸਮ ਦੇ ਆਰਡੀਨੈਂਸ ਬਣਾਏ ਗਏ ਸਨ। ਜਿਉਂ ਜਿਉਂ ਭਗਤ ਸਿੰਘ ਤੇ ਉਸ ਦੇ ਸਾਥੀਆਂ ’ਤੇ ਪਾਏ  ਮੁਕੱਦਮਿਆਂ ਬਾਰੇ ਲੋਕਾਂ ਨੂੰ ਜਾਣਕਾਰੀ ਮਿਲ ਰਹੀ ਸੀ ਤਾਂ ਭਗਤ ਸਿੰਘ ਨੇ ਸਰਕਾਰ ਵੱਲੋਂ ਬਣਾਏ ਗਏ ਇਕ ਟ੍ਰਿਬਿਊਨਲ ਨੂੰ 2 ਮਈ 1930 ਨੂੰ ਇਕ ਪੱਤਰ ਲਿਖਿਆ: ‘‘ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਆਰਡੀਨੈਂਸਾਂ ਨਾਲ ਸਾਡੀਆਂ ਭਾਵਨਾਵਾਂ ਨੂੰ ਕੁਚਲਿਆ ਨਹੀਂ ਜਾ ਸਕਦਾ, ਬੇਸ਼ੱਕ ਤੁਸੀਂ ਕੁਝ ਇਨਸਾਨਾਂ ਨੂੰ ਕੁਚਲ ਦੇਣ ਵਿਚ ਕਾਮਯਾਬ ਹੋ ਜਾਓਗੇ, ਪਰ ਯਾਦ ਰੱਖੋ ਤੁਸੀਂ ਇਸ ਕੌਮ ਨੂੰ ਨਹੀਂ ਕੁਚਲ ਸਕਦੇ... ਅਸੀਂ ਤਾਂ ਸ਼ੁਰੂ ਤੋਂ ਹੀ ਕਹਿ ਰਹੇ ਹਾਂ ਕਿ ਇਹ ਕਾਨੂੰਨ ਇਕ ਰੰਗੀਨ ਧੋਖਾ ਹੈ। ਇਹ ਇਨਸਾਫ਼ ਨਹੀਂ ਦੇ ਸਕਦਾ।” ਇਸੇ ਤਰ੍ਹਾਂ ਸਪਸ਼ਟ ਰੂਪ ’ਚ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਕਮਿਸ਼ਨਰ (ਵਿਸ਼ੇਸ਼ ਟ੍ਰਿਬਿਊਨਲ, ਲਾਹੌਰ ਸਾਜ਼ਿਸ਼ ਕੇਸ) ਨੂੰ ਮਿਤੀ 05-05-1930 ਨੂੰ ਪੱਤਰ ਲਿਖਿਆ: “ਸਾਡਾ ਵਿਸ਼ਵਾਸ ਹੈ ਤੇ ਅਸੀਂ ਐਲਾਨ ਕਰਦੇ ਹਾਂ ਕਿ ਸਾਰੀ ਸੱਤਾ ਦਾ ਆਧਾਰ ਮਨੁੱਖ ਹੈ, ਕੋਈ ਵਿਅਕਤੀ ਜਾਂ ਸਰਕਾਰ ਕਿਸੇ ਉਸ ਕਿਸਮ ਦੀ ਸ਼ਕਤੀ ਦੀ ਹੱਕਦਾਰ ਨਹੀਂ ਜੋ ਜਨਤਾ ਨੇ ਉਨ੍ਹਾਂ ਨੂੰ ਨਾ ਦਿੱਤੀ ਹੋਵੇ... ਇਹ ਸਰਕਾਰ ਇਨ੍ਹਾਂ ਅਸੂਲਾਂ ਦੇ ਉਲਟ ਹੈ, ਇਸ ਕਰਕੇ ਇਸ ਦੀ ਹੋਂਦ ਹੀ ਉਚਿਤ ਨਹੀਂ। ਅਜਿਹੀਆਂ ਸਰਕਾਰਾਂ ਜੋ ਕੌਮਾਂ ਦੀ ਲੁੱਟ ਲਈ ਜਥੇਬੰਦ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਕੋਲ ਕਾਇਮ ਰਹਿਣ ਲਈ ਵਹਿਸ਼ੀ ਤਾਕਤ ਤੋਂ ਬਗੈਰ ਹੋਰ ਕੋਈ ਆਧਾਰ ਨਹੀਂ ਹੁੰਦਾ। ਇਸ ਕਰਕੇ ਵਹਿਸ਼ੀ ਤਾਕਤ ਨਾਲ ਉਹ ਮੁਕਤੀ ਤੇ ਆਜ਼ਾਦੀ ਵਾਲੇ ਵਿਚਾਰਾਂ ਤੇ ਲੋਕਾਂ ਦੀਆਂ ਜਾਇਜ਼ ਇੱਛਾਵਾਂ ਨੂੰ ਕੁਚਲਦੀ ਹੈ। ... ਹਰ ਮਨੁੱਖ ਨੂੰ ਆਪਣੀ ਮਿਹਨਤ ਦਾ ਫ਼ਲ ਮਾਨਣ ਦਾ ਹੱਕ ਅਤੇ ਹਰੇਕ ਕੌਮ ਨੂੰ ਆਪਣੇ ਬੁਨਿਆਦੀ ਕੁਦਰਤੀ ਸਾਧਨਾਂ ਦੀ ਪੂਰੀ ਮਾਲਕੀ ਦਾ ਹੱਕ ਹੈ। ਜੇ ਕੋਈ ਸਰਕਾਰ, ਜਨਤਾ ਨੂੰ ਇਨ੍ਹਾਂ ਬੁਨਿਆਦੀ ਹੱਕਾਂ ਤੋਂ ਵਾਂਝਿਆਂ ਰੱਖਦੀ ਹੈ ਤਾਂ ਲੋਕਾਂ ਦਾ ਕੇਵਲ ਹੱਕ ਹੀ ਨਹੀਂ ਸਗੋਂ ਫ਼ਰਜ਼ ਹੈ ਕਿ ਅਜਿਹੀ ਸਰਕਾਰ ਨੂੰ ਪਲਟ ਦੇਣ... ਸਾਡਾ ਵਿਸ਼ਵਾਸ ਹੈ ਕਿ ‘ਅਮਨ ਕਾਨੂੰਨ’ ਮਨੁੱਖ ਵਾਸਤੇ ਹੈ ਨਾ ਕਿ ਮਨੁੱਖ ‘ਅਮਨ ਕਾਨੂੰਨ’ ਵਾਸਤੇ।”

ਭਗਤ ਸਿੰਘ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਇਸ ਕਰਕੇ ਹੈ ਕਿਉਂਕਿ ਉਸ ਨੇ ਵੱਡੀ ਸਮਾਜਿਕ ਤਬਦੀਲੀ ਲਈ ਬੇਹੱਦ ਸੰਜੀਦਗੀ ਨਾਲ ਨੌਜਵਾਨਾਂ ਦੇ ਯੋਗਦਾਨ ਦੀ ਵਕਾਲਤ ਕੀਤੀ ਹੈ ਜਿਸ ਨੇ ਇਤਿਹਾਸ ਉੱਪਰ ਆਪਣੀ ਛਾਪ ਪਾਈ ਹੈ। ਗ੍ਰਹਿ ਵਿਭਾਗ ਦੀ ਸਿਆਸੀ ਮਸਲਿਆਂ ਸਬੰਧੀ ਫ਼ਾਈਲ ਨੰਬਰ 130 ਦੇ ਪੰਨਾ 5 ਅਨੁਸਾਰ ‘ਨੌਜਵਾਨ ਭਾਰਤ ਸਭਾ ਦੀ ਹੋਂਦ ਭਗਤ ਸਿੰਘ ਕਰਕੇ ਹੀ ਹੈ।’ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਨੌਜਵਾਨ ਭਾਰਤ ਸਭਾ ਦੇ ਉਦੇਸ਼ ਤੇ ਟੀਚਿਆਂ ਵਿਚ ਦਰਜ ਕੀਤਾ ਜੋ ਕਿ ਮੈਂਬਰਸ਼ਿਪ ਫਾਰਮ (ਜੂਨ, 1928) ’ਚ ਇਕ ਉਦੇਸ਼ ਇਹ ਹੈ, “ਆਰਥਿਕ, ਉਦਯੋਗਿਕ ਤੇ ਸਮਾਜਿਕ ਅੰਦੋਲਨਾਂ ਨਾਲ ਹਮਦਰਦੀ ਪ੍ਰਗਟਾਉਣੀ ਤੇ ਸਹਿਯੋਗ ਦੇਣਾ, ਜਿਹੜੇ ਫ਼ਿਰਕਾਪ੍ਰਸਤੀ ਦੀਆਂ ਭਾਵਨਾਵਾਂ ਤੋਂ ਮੁਕਤ ਹੋਣਗੇ ਅਤੇ ਜਿਨ੍ਹਾਂ ਦਾ ਉਦੇਸ਼ ਸਮੁੱਚੇ ਦੇਸ਼ ਦੇ ਮਜ਼ਦੂਰਾਂ ਤੇ ਕਿਸਾਨਾਂ ਦੇ ਸੰਪੂਰਨ ਸੁਤੰਤਰ ਲੋਕਤੰਤਰ ਉਸਾਰਨ ਦੇ ਆਦਰਸ਼ ਵੱਲ ਅੱਗੇ ਵਧਣ ਲਈ ਪ੍ਰੇਰਨਾ ਹੋਵੇਗਾ। ਇਸ ਦੇ ਨਾਲ ਹੀ ਮਜ਼ਦੂਰਾਂ ਤੇ ਕਿਸਾਨਾਂ ਨੂੰ ਸੰਗਠਿਤ ਕਰਨਾ ਹੋਵੇਗਾ।” ਇਸੇ ਤਰ੍ਹਾਂ ਨੌਜਵਾਨ ਭਾਰਤ ਸਭਾ ਦੇ ਅੰਤਲੇ ਪੈਰ੍ਹੇ ’ਚ ਦਰਜ ਕੀਤਾ, “ਨੌਜਵਾਨੋ, ਯਾਦ ਰੱਖੋ ਹਜ਼ਾਰਾਂ ਗੁੰਮਨਾਮ ਪੁਰਸ਼ਾਂ ਤੇ ਇਸਤਰੀਆਂ ਦੀਆਂ ਕੁਰਬਾਨੀਆਂ ਨਾਲ ਹੀ ਕੌਮਾਂ ਦਾ ਨਿਰਮਾਣ ਹੁੰਦਾ ਹੈ। ਇਹ ਉਹ ਯੋਧੇ ਹੁੰਦੇ ਹਨ 

ਜਿਹੜੇ ਆਪਣੇ ਸੁੱਖਾਂ, ਹਿੱਤਾਂ ਤੇ ਪਿਆਰਿਆਂ ਵੱਲ ਧਿਆਨ ਦੇਣ ਦੀ ਥਾਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਨ ਜਿਸ ਲਈ ਉਹ ਹਰ ਕੁਰਬਾਨੀ ਕਰਨ ਲਈ ਤਤਪਰ ਰਹਿੰਦੇ ਹਨ। ਇਸੇ ਤਰ੍ਹਾਂ ਬਰਦੋਲੀ ਕਿਸਾਨੀ ਸੱਤਿਆਗ੍ਰਹਿ ’ਚ ਜੂਨ 1928 ਵਿਚ ਨੌਜਵਾਨਾਂ ਨੇ ਵਧ ਚੜ੍ਹ ਕੇ 

ਹਿੱਸਾ ਲਿਆ ਤੇ ਇਸ ਸੱਤਿਆਗ੍ਰਹਿ ਨੂੰ ਬਰਤਾਨਵੀ ਸਾਮਰਾਜ ਵਿਰੁੱਧ ਕਿਸਾਨਾਂ ਦੀ ਬਗ਼ਾਵਤ ਦੱਸਿਆ।”

ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਤੋਂ ਬੇਹੱਦ ਪ੍ਰਭਾਵਿਤ ਸਨ ਕਿ ਅਠਾਰਾਂ ਸਾਲ ਦਾ ਇਹ ਨੌਜਵਾਨ ਜੋ ਹੱਸਦਿਆਂ ਫ਼ਾਂਸੀ ’ਤੇ ਚੜ੍ਹ ਸਕਦਾ ਹੈ, ਐਨੀ ਸਪਸ਼ਟਤਾ ਨਾਲ ਬਰਤਾਨਵੀ ਸਾਮਰਾਜ ਦਾ ਤਖ਼ਤਾ ਪਲਟਣ ਲਈ ਗ਼ਦਰ ਲਈ ਦਿਨ-ਰਾਤ ਇਕ ਕਰ ਸਕਦਾ ਹੈ, ਉਹ ਸਾਡੇ ਲਈ ਪ੍ਰੇਰਨਾ ਸਰੋਤ ਹੈ ਕਿ ਇਨਕਲਾਬੀ ਵਿਚ ਤਬਦੀਲੀ ਲਈ ਕਿੰਨੀ ਸਮਰੱਥਾ ਹੁੰਦੀ ਹੈ। ਇੱਥੇ ਅਸੀਂ ਇਕ ਘਟਨਾ ਸਾਂਝੀ ਕਰ ਰਹੇ ਹਾਂ: ਲਾਹੌਰ ਦੀ ਕੇਂਦਰੀ ਜੇਲ੍ਹ ਵਿਚ ਬਾਬਾ ਸੋਹਣ ਸਿੰਘ ਭਕਨਾ ਵੀ ਕੈਦ ਸਨ ਜਿਹੜੇ ਗਦਰ ਪਾਰਟੀ ਦੇ ਮੋਢੀ ਪ੍ਰਧਾਨ ਸਨ, ਉਨ੍ਹਾਂ (ਬਾਬਾ ਸੋਹਣ ਸਿੰਘ ਭਕਣਾ) ਨੇ ਇਨ੍ਹਾਂ ਦਿਨਾਂ ਬਾਰੇ ਆਪਣੇ ਸ਼ਬਦਾਂ ਵਿਚ ਲਿਖਿਆ ਹੈ:

“ਕਿਸੇ ਨਾ ਕਿਸੇ ਢੰਗ ਨਾਲ ਮੈਂ ਅਤੇ ਭਗਤ ਸਿੰਘ ਇਕੱਠੇ ਹੋ ਜਾਂਦੇ ਅਤੇ ਵਿਚਾਰ-ਵਟਾਂਦਰਾ ਕਰਦੇ॥ ਮੈਂ ਭਗਤ ਸਿੰਘ ਨੂੰ ਪੁੱਛਿਆ, ‘ਤੂੰ ਇਤਨਾ ਛੋਟਾ ਹੈਂ, ਪੜ੍ਹਿਆ-ਲਿਖਿਆ ਅਤੇ ਅਮੀਰ ਪਰਿਵਾਰ ਵਿਚੋਂ ਹੈਂ, ਇਹ ਉਮਰ ਤੇਰੇ ਹੱਸਣ-ਖੇਡਣ ਦੀ ਹੈ, ਤੂੰ ਇਸ ਪਾਸੇ ਕਿਵੇਂ ਚੱਲ ਪਿਆ?’ ਇਸ ਦਾ ਜਵਾਬ ਭਗਤ ਸਿੰਘ ਨੇ ਇਕ ਸ਼ਰਾਰਤੀ ਮੁਸਕਰਾਹਟ ਨਾਲ ਦਿੰਦਿਆਂ ਕਿਹਾ ਸੀ, “ਅਸਲ ਵਿਚ ਇਸ ਦਾ ਦੋਸ਼ ਤੁਹਾਡੇ ਅਤੇ ਤੁਹਾਡੇ ਸਾਥੀਆਂ ’ਤੇ ਲੱਗਦਾ ਹੈ।’ ‘ਕਿਵੇਂ?’ ਭਗਤ ਸਿੰਘ ਨੇ ਜਵਾਬ ਦਿੱਤਾ, ‘ਜੇਕਰ ਕਰਤਾਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਹੱਸ-ਹੱਸ ਕੇ ਫਾਂਸੀ ਦੇ ਰੱਸਿਆਂ ਨੂੰ ਨਾ ਚੁੰਮਿਆ ਹੁੰਦਾ ਅਤੇ ਜੇ ਤੁਹਾਡੇ ਵਰਗੇ ਯੋਧੇ ਕਾਲੇ-ਪਾਣੀ ਦੀਆਂ ਕਾਲ ਕੋਠੜੀਆਂ ਦੇ ਕੁੰਭੀ ਨਰਕ ਵਿਚ ਨਾ ਰਹੇ ਹੁੰਦੇ ਤਾਂ ਮੈਂ ਅੱਜ ਇੱਥੇ ਨਹੀਂ ਸੀ ਹੋਣਾ।’ ਜਦੋਂ ਵੀ ਮੈਂ ਭਗਤ ਸਿੰਘ ਨੂੰ ਮਿਲਿਆ, ਉਸ ਵਿਚੋਂ ਮੈਨੂੰ ਸਰਾਭੇ ਵਾਲੇ ਲੱਛਣ ਵਿਖਾਈ ਦਿੱਤੇ, ਉਹ ਦੂਜਾ ਸਰਾਭਾ ਸੀ।”

ਭਗਤ ਸਿੰਘ ਨੇ ਨੌਜਵਾਨਾਂ ਲਈ ਉਦੇਸ਼ ਹੀ ਨਹੀਂ ਮਿੱਥੇ ਸਗੋਂ ਇਕ ਵੱਡੀ ਤਬਦੀਲੀ ਲਈ ਬੌਧਿਕ ਤੌਰ ਉੱਤੇ ਹਕੀਕਤਾਂ ਨੂੰ ਜਾਣਨ ਤੇ ਤਿਆਰੀ ਕਰਨ ਵੱਖ-ਵੱਖ ਪੱਧਰ ਉੱਤੇ ਸਮਾਜਿਕ ਤੇ ਰਾਜਨੀਤਕ ਤਬਦੀਲੀ ਲਈ ਲਿਖੀਆਂ ਗਈਆਂ ਕਿਤਾਬਾਂ ਪੜ੍ਹੀਆਂ ਤੇ ਵਿਚਾਰਾਂ ਨੂੰ ਸਾਣ ’ਤੇ ਲਾਇਆ। ਅੱਜ ਸਮੇਂ ਦੀ ਲੋੜ ਹੈ ਕਿ ਨੌਜਵਾਨ ਵਰਗ ਵੀ ਭਗਤ ਸਿੰਘ ਵਰਗੀ ਸੋਚ ਰੱਖਦਿਆਂ ਸੰਘਰਸ਼, ਨਿਰਮਾਣ ਅਤੇ ਤਬਦੀਲੀ ਲਈ ਨਵੀਂ ਰੋਸ਼ਨੀ ਆਪਣੇ ਵਿਚ ਉਤਪੰਨ ਕਰਨ ਤਾਂ ਕਿ ਅਜੋਕੇ ਸੰਕਟਾਂ ’ਚੋਂ ਪਾਰ ਲੰਘਿਆ ਜਾ ਸਕੇ।

ਸੰਪਰਕ: 98151-15429

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All