ਕ੍ਰਾਂਤੀਕਾਰੀ ਬਾਣੀ ਦੇ ਰਚੇਤਾ ਭਗਤ ਰਵਿਦਾਸ

ਕ੍ਰਾਂਤੀਕਾਰੀ ਬਾਣੀ ਦੇ ਰਚੇਤਾ ਭਗਤ ਰਵਿਦਾਸ

ਦਲਬੀਰ ਸਿੰਘ ਧਾਲੀਵਾਲ

ਭਗਤ ਰਵਿਦਾਸ ਦਾ ਜੀਵਨ ਇਸ ਤੱਥ ਦੀ ਗਵਾਹੀ ਭਰਦਾ ਹੈ ਕਿ ਪ੍ਰਭੂ ਪ੍ਰਾਪਤੀ ਲਈ ਕਿਸੇ ਤਰ੍ਹਾਂ ਦੇ ਕਰਮ-ਕਾਂਡ, ਭੇਖ ਧਾਰਨ, ਧਾਰਮਿਕ ਚਿੰਨ੍ਹ ਧਾਰਨ, ਤੀਰਥ ਯਾਤਰਾ ਤੇ ਇਸ਼ਨਾਨ ਕਰਨ, ਵਰਤ ਰੱਖਣ, ਪੁਜਾਰੀਆਂ ਨੂੰ ਦਾਨ ਦੇਣ, ਸਰੀਰ ਨੂੰ ਕਸ਼ਟ ਦੇਣ ਵਾਲੇ ਤਪ ਸਾਧਨ, ਮੰਤਰਾਂ ਦੇ ਜਾਪ ਕਰਨ ਆਦਿ ਦੀ ਬਿਲਕੁਲ ਲੋੜ ਨਹੀਂ। ਹਿਰਦੇ ਦੀ ਨਿਰਮਲਤਾ, ਸ਼ਰਧਾ ਭਾਵਨਾ, ਸੱਚੀ-ਸੁੱਚੀ ਮਨੁੱਖੀ ਹਮਦਰਦੀ ਅਤੇ ਸੰਸਾਰਕ ਵਸਤਾਂ ਦਾ ਮੋਹ ਤਿਆਗਣ ਨਾਲ ਇਹ ਕਾਰਜ ਪੂਰਾ ਕੀਤਾ ਜਾ ਸਕਦਾ ਹੈ। ਜਦੋਂ ਭਗਤ ਰਵਿਦਾਸ ਦਾ ਜਨਮ ਹੋਇਆ ਤਾਂ ਪੁਜਾਰੀ ਅਤੇ ਪੁਰੋਹਿਤ ਸ਼੍ਰੇਣੀ ਨੇ ਯੋਜਨਾਬੱਧ ਢੰਗ ਨਾਲ ਧਾਰਮਿਕ ਗ੍ਰੰਥਾਂ ਰਾਹੀਂ ਮਨੁੱਖਾਂ ਵਿੱਚ ਵੰਡ ਪਾਈ ਹੋਈ ਸੀ। ਅਜਿਹਾ ਹੀ ਇੱਕ ਗ੍ਰੰਥ ਸੀ ‘ਮਨੂ ਸਿਮਰਤੀ’, ਜਿਸ ਵਿੱਚ ਲਿਖਿਆ ਸੀ ‘‘ਸ਼ੂਦਰ, ਗੰਵਾਰ, ਢੋਰ, ਔਰ ਨਾਰੀ ਇਹ ਚਾਰੋਂ ਤਾੜਨ ਕੇ ਅਧਿਕਾਰੀ।’’ ਇਸ ਵਿੱਚ ਇਹ ਵੀ ਲਿਖਿਆ ਸੀ ਕਿ ਜੇ ਕੋਈ ਸ਼ੂਦਰ ਵੇਦ ਪਾਠ ਸੁਣ ਲਏ ਤਾਂ ਉਸ ਦੇ ਕੰਨਾਂ ਵਿੱਚ ਸਿੱਕਾ ਢਾਲ ਦਿਉ ਅਤੇ ਜੇ ਉਹ ਵੇਦ ਪਾਠ ਉਚਾਰੇ ਤਾਂ ਉਸ ਦੀ ਜੀਭ ਕੱਟ ਦਿਓ। ਇਸ ਮਾਨਵਤਾ ਵਿਰੋਧੀ ਧਾਰਮਿਕ ਸ਼ੋਸ਼ਣ ਵਿਰੁੱਧ ਮੱਧਕਾਲ ਵਿੱਚ ਭਗਤੀ ਲਹਿਰ ਦਾ ਚੱਲਣਾ, ਇੱਕ ਚਮਤਕਾਰ ਤੋਂ ਘੱਟ ਨਹੀਂ ਸੀ। ਬਨਾਰਸ, ਜੋ ਬ੍ਰਾਹਮਣਵਾਦੀ ਪ੍ਰਚਾਰ ਦਾ ਕੇਂਦਰ ਸੀ, ਤੋਂ ਹੀ ਇਸ ਵਿਰੁੱਧ ਭਗਤੀ ਲਹਿਰ ਦਾ ਆਰੰਭ ਹੋਇਆ। ਇਸ ਲਹਿਰ ਦੇ ਮਹਾਪੁਰਖਾਂ ਭਗਤ ਨਾਮ ਦੇਵ, ਭਗਤ ਕਬੀਰ ਅਤੇ ਗੁਰੂ ਰਵਿਦਾਸ ਨੇ ਬੜੀ ਦ੍ਰਿੜਤਾ ਨਾਲ ਜਾਤ-ਪਾਤ ਨੂੰ ਆਪਣੀਆਂ ਸੁੱਘੜ ਦਲੀਲਾਂ ਨਾਲ ਵੰਗਾਰਿਆ ਅਤੇ ਗਲਤ ਵਿਚਾਰਧਾਰਾ ਦਾ ਖੰਡਨ ਕੀਤਾ। ਭਗਤ ਰਵਿਦਾਸ ਨੂੰ ਵੀ ਅਜਿਹੇ ਹੀ ਭ੍ਰਿਸ਼ਟ ਸਮਾਜਕ ਪ੍ਰਬੰਧ ਵਿੱਚ ਪੈਦਾ ਹੋਣ ਕਾਰਨ ‘ਅਛੂਤਾਂ’ ਉਪਰ ਹੁੰਦੇ ਜ਼ੁਲਮਾਂ ਨੂੰ ਆਪਣੇ ਪਿੰਡੇ ਹੰਢਾਉਣਾ ਪਿਆ, ਜਿਸ ਵਿਰੁੱਧ ਉਨ੍ਹਾਂ ਆਪਣੀ ਬਾਣੀ ਰਾਹੀਂ ਆਵਾਜ਼ ਚੁੱਕੀ। ਉਨ੍ਹਾਂ ਨੇ ਆਪਣੀ ਜਾਤ ਦੇ ਕੰਮ ਨੂੰ ਲੁਕਾਇਆ ਨਹੀਂ ਸਗੋਂ ਡੰਕੇ ਦੀ ਚੋਟ ’ਤੇ ਆਪਣੀ ਬਾਣੀ ਵਿੱਚ ਹਰ ਥਾਂ ਇਸ ਤੱਥ ਨੂੰ ਉਜਾਗਰ ਕੀਤਾ ਹੈ।

ਭਗਤ ਰਵਿਦਾਸ ਦੇ ਜਨਮ ਸਮੇਂ ਬਾਰੇ ਬੇਸ਼ੱਕ ਭਾਈ ਕਾਹਨ ਸਿੰਘ ਸਮੇਤ ਕਈ ਵਿਦਵਾਨਾਂ ਵਿੱਚ ਮੱਤਭੇਦ ਹਨ ਪਰ ਬਹੁਗਿਣਤੀ ਅਨੁਸਾਰ ਉਨ੍ਹਾਂ ਦਾ ਜਨਮ ਮਾਘ ਸੁਦੀ 15, ਸੰਮਤ 1433, ਸੰਨ 1376 ਈਸਵੀ ਵਿੱਚ ਮੰਨਿਆ ਗਿਆ ਹੈ। ਜਨਮ ਅਸਥਾਨ ਬਾਰੇ ਤਾਂ ਭਗਤ ਜੀ ਨੇ ਆਪਣੀ ਬਾਣੀ ਵਿੱਚ ਆਪ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਬਨਾਰਸ ਜਾਂ ਇਸ ਦੇ ਨੇੜੇ-ਤੇੜੇ ਦੇ ਵਸਨੀਕ ਸਨ, ‘‘ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ॥’’

ਉਨ੍ਹਾਂ ਦੇ ਮਾਤਾ-ਪਿਤਾ ਦੇ ਨਾਵਾਂ ਬਾਰੇ ਵੀ ਵਿਦਵਾਨਾਂ ਦੇ ਅਲੱਗ-ਅਲੱਗ ਵਿਚਾਰ ਹਨ। ਭਾਈ ਕਾਹਨ ਸਿੰਘ ਨਾਭਾ ਨੇ ਪਿਤਾ ਸੰਤੋਖਾ ਅਤੇ ਮਾਤਾ ਦਿਆਲੀ ਲਿਖਿਆ ਹੈ। ਇੱਕ ਹੋਰ ਵਿਦਵਾਨ ਨੇ ਵੀ ਪਿਤਾ ਦਾ ਨਾਂ ਸੰਤੋਖ ਦਾਸ ਪਰ ਮਾਤਾ ਦਾ ਨਾਂ ਕੌਂਸਾ ਦੇਵੀ ਲਿਖਿਆ ਹੈ। ਰਵਿਦਾਸ ਜੀ ਪ੍ਰਭੂ ਭਗਤੀ ਦੇ ਨਾਲ ਨਾਲ ਆਪਣਾ ਪਿਤਾ ਪੁਰਖੀ ਕਿੱਤਾ ਵੀ ਨੇਕ ਨੀਤੀ ਨਾਲ ਕਰਦੇ ਸਨ। ਇਸ ਸੱਚੀ-ਸੁੱਚੀ ਕਮਾਈ ’ਚੋਂ ਉਹ ਲੋੜਵੰਦਾਂ ਦੀ ਮਦਦ ਵੀ ਕਰਦੇ, ਜਿਸ ਨਾਲ ਉਨ੍ਹਾਂ ਦੀ ਲੋਕਪ੍ਰੀਅਤਾ ਵਧਦੀ ਵੇਖ ਕੇ ਖੁੰਧਕ ਵਜੋਂ ਕੱਟੜਪੰਥੀ ਪੁਜਾਰੀਆਂ ਨੇ ਸਮੇਂ ਦੇ ਹਾਕਮਾਂ ਕੋਲ ਸ਼ਿਕਾਇਤ ਕੀਤੀ ਕਿ (ਭਗਤ) ਰਵਿਦਾਸ ਨੀਵੀਂ ਜਾਤੀ ਦਾ ਹੋ ਕੇ ਧਾਰਮਿਕ ਉਪਦੇਸ਼ ਦਿੰਦਾ ਹੈ। ਇਸ ਦੇ ਬਾਵਜੂਦ ਉਨ੍ਹਾਂ ਦੀ ਦਿਆਲਤਾ ਅਤੇ ਪੂਰਨ ਪ੍ਰਭੂ ਭਗਤੀ ਨੇ ਉਨ੍ਹਾਂ ’ਤੇ ਕੋਈ ਆਂਚ ਨਾ ਆਉਣ ਦਿੱਤੀ ਸਗੋਂ ਚਿਤੌੜ ਦੀ ਰਾਣੀ ਉਨ੍ਹਾਂ ਦੇ ਦਰਸ਼ਨਾਂ ਲਈ ਆਈ ਅਤੇ ਉਨ੍ਹਾਂ ਦੀ ਪੱਕੀ ਸ਼ਰਧਾਲੂ ਵੀ ਬਣ ਗਈ। ਜੇ ਭਗਤ ਰਵਿਦਾਸ ਵੱਲੋਂ ਉਚਾਰਨ ਕੀਤੀ ਬਾਣੀ ਦਾ ਡੂੰਘਾ ਅਧਿਐਨ ਕਰੀਏ ਤਾਂ ਮਨੁੱਖੀ ਜ਼ਿੰਦਗੀ ਦਾ ਕੋਈ ਅਜਿਹਾ ਪੱਖ ਨਹੀਂ, ਜਿਸ ਪ੍ਰਤੀ ਗਿਆਨ ਇਸ ਬਾਣੀ ’ਚੋਂ ਝਲਕਦਾ ਨਾ ਹੋਵੇ। ਤਾਂ ਹੀ ਗੁਰੂ ਅਰਜਨ ਦੇਵ ਨੇ 1604 ਨੂੰ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਰਨ ਵੇਲੇ ਉਨ੍ਹਾਂ ਦੀ ਬਾਣੀ ਦੇ 40 ਸ਼ਬਦਾਂ ਨੂੰ ਬੜੇ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ, ਜਿਸ ਨੂੰ ਸਮੁੱਚੇ ਵਿਸ਼ਵ ਦੇ ਸ਼ਰਧਾਲੂ ਅੱਜ ਵੀ ਪੂਰੀ ਸ਼ਰਧਾ ਨਾਲ ਸਰਵਣ ਕਰਦੇ ਅਤੇ ਸੀਸ ਝੁਕਾਉਂਦੇ ਹਨ।

ਭਗਤ ਰਵਿਦਾਸ ਪ੍ਰਭੂ ਭਗਤੀ ਵਿੱਚ ਇੰਨੇ ਲੀਨ ਹੋ ਚੁੱਕੇ ਸਨ ਕਿ ਪ੍ਰਮਾਤਮਾ ਉਨ੍ਹਾਂ ਲਈ ਕੋਈ ਰਹੱਸ ਨਹੀਂ ਸੀ ਰਹਿ ਗਿਆ। ਉਹ ਪ੍ਰਮਾਤਮਾ ਨੂੰ ਕਣ-ਕਣ ਵਿੱਚ ਅਤੇ ਆਪਣੇ ਅੰਗ-ਸੰਗ ਅਨੁਭਵ ਕਰਦੇ ਸਨ। ਉਹ ਲਿੱਖਦੇ ਹਨ:

ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ।।

ਕਨਕ ਕਟਿਕ ਜਲ ਤਰੰਗ ਜੈਸਾ।।

ਇਹ ਮੰਨਣਾ ਵੀ ਠੀਕ ਹੈ ਕਿ ਭਗਤ ਰਵਿਦਾਸ ਮੁੱਖ ਰੂਪ ਵਿੱਚ ਅਧਿਆਤਮਕ ਵਿਅਕਤੀ ਸਨ ਪਰ ਉਨ੍ਹਾਂ ਦੀ ਸਮੁੱਚੀ ਬਾਣੀ ਨੂੰ ਘੋਖਣ ਤੋਂ ਸਪੱਸ਼ਟ ਹੁੰਦਾ ਹੈ ਕਿ ਸਮਾਜਕ ਮੁਕਤੀ ਉਨ੍ਹਾਂ ਦਾ ਮੁੱਖ ਨਿਸ਼ਾਨਾ ਸੀ। ਇਸੇ ਕਰਕੇ ਹੀ ਉਹ ਲਤਾੜੇ-ਪਛਾੜੇ ਲੋਕਾਂ ਦੇ ਮਸੀਹਾ ਬਣ ਗਏ। ਉਨ੍ਹਾਂ ਦੀ ਬਾਣੀ ’ਚੋਂ ਅਧਿਆਤਮਕਪਣ ਤੋਂ ਵਧੇਰੇ ਕਰਕੇ ਕ੍ਰਾਂਤੀ ਅਤੇ ਸੰਘਰਸ਼ ਦੀ ਪ੍ਰੇਰਨਾ ਮਿਲਦੀ ਹੈ। ਇਸੇ ਕਰਕੇ ਹੀ ਸਿੱਖ ਗੁਰੂ ਸਾਹਿਬਾਨ ਵੱਲੋਂ ਉਨ੍ਹਾਂ ਦੀ ਬਾਣੀ ਨੂੰ ਵਿਸ਼ੇਸ਼ ਸਤਿਕਾਰ ਦਿੱਤਾ ਗਿਆ। ਉਨ੍ਹਾਂ ਨੇ ਪਹਿਲਾਂ ਪ੍ਰੱਚਲਿਤ ਧਰਮ ਪ੍ਰੰਪਰਾਵਾਂ ਨੂੰ ਰੱਦ ਕੀਤਾ। ਉਨ੍ਹਾਂ ਨੇ ਮਨੂਵਾਦੀ ਗ੍ਰੰਥਾਂ ਵੱਲੋਂ ਸੰਚਾਲਤ ਬ੍ਰਾਹਮਣਵਾਦੀ ਵਿਚਾਰਧਾਰਾ ਦੀ ਜੜ੍ਹ, ਜਾਤ-ਪ੍ਰਥਾ ਉਪਰ ਜ਼ੋਰਦਾਰ ਹਮਲਾ ਕਰਦੇ ਹੋਏ ਛੋਟੀਆਂ ਜਾਤਾਂ ਕਹੇ ਜਾਂਦੇ ਲੋਕਾਂ ਦੀ ਜ਼ਮੀਰ ਨੂੰ ਝੰਜੋੜਿਆ ਕਿ ਨੀਵੀਂ ਜਾਤੀ ਵਿੱਚ ਪੈਦਾ ਹੋਣ ਦੇ ਬਾਵਜੂਦ ਜੇ ਕਿਰਤ ਨੇਕ ਹੋਵੇ ਤਾਂ ਇਸ ਤੋਂ ਹੀਣ ਭਾਵਨਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਆਪਣੀ ਕਿਰਤ ਦਾ ਪ੍ਰਗਟਾਵਾ ਬਗੈਰ ਕਿਸੇ ਭੈਅ ਤੋਂ ਕੀਤਾ:

ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ॥

ਰਿਦੈ ਰਾਮ ਗੋਬਿੰਦ ਗੁਨ ਸਾਰੰ।।

ਅਫ਼ਸੋਸ ਹੈ ਕਿ ਭਗਤ ਰਵਿਦਾਸ ਦੀ ਬਾਣੀ ਦਾ ਜੋ ਉੱਤਮ ਰਾਜਨੀਤਕ, ਕ੍ਰਾਂਤੀਕਾਰੀ ਤੇ ਸਮਾਜ ਸੁਧਾਰਕ ਪੱਖ ਹੈ, ਉਸ ਨੂੰ ਸਮੇਂ ਦੇ ਉੱਚ-ਸ਼੍ਰੇਣੀ ਕਹਾਉਂਦੇ ਲੋਕਾਂ ਵੱਲੋਂ ਬਹੁਤ ਘੱਟ ਵਾਚਿਆ, ਪ੍ਰਚਾਰਿਆ ਅਤੇ ਗ੍ਰਹਿਣ ਕੀਤਾ ਗਿਆ। ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕਰੀਬ 645 ਵਰ੍ਹੇ ਪਹਿਲਾਂ ਭਗਤ ਰਵਿਦਾਸ ਵੱਲੋਂ ਉਚਾਰਨ ਕੀਤੀ ਬਾਣੀ ਅੱਜ ਵੀ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸ੍ਰੋਤ ਹੈ।

ਐਸੀ ਲਾਲ ਤੁਝ ਬਿਨੁ ਕਉਨੁ ਕਰੈ।।

ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰ ਧਰੈ।।

ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੂਹੀਂ ਢਰੈ।।

ਨੀਚਹ ਉੂਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨਾ ਡਰੈ।।

ਭਾਵ ‘ਗਰੀਬ ਨਿਵਾਜ’ ਨੇ ਦਲਿਤ ਲੋਕਾਂ ਨੂੰ ਵੀ ਰਾਜਸੀ ਕੰਮਾਂ ਵਿੱਚ ਅਗਵਾਈ ਕਰਨ ਦਾ ਪੂਰਾ ਅਧਿਕਾਰ ਬਖਸ਼ਿਆ ਹੈ। ਇਸ ਤਰ੍ਹਾਂ ਉਨ੍ਹਾਂ ਨੇ ਜਮਹੂਰੀ ਸ਼ਾਸਕ ਅਤੇ ਪ੍ਰਸ਼ਾਸਕ ਤੇ ਸੁਚਾਰੂ ਰਾਜਭਾਗ ਦਾ ਹੋਕਾ ਕਰੀਬ ਸਾਢੇ ਛੇ ਸੌ ਸਾਲ ਪਹਿਲਾਂ ਹੀ ਦੇ ਦਿੱਤਾ ਸੀ। ਅੱਜ ਜੋ ਮਨੁੱਖੀ ਹੱਕਾ-ਹਕੂਕਾਂ ਤੇ ਲੋਕਤੰਤਰ ਦੀ ਗੱਲ ਕੀਤੀ ਜਾਂਦੀ ਹੈ, ਉਸ ਦਾ ਪੂਰਨਾ ਵੀ ਉਨ੍ਹਾਂ ਨੇ ਉਦੋਂ ਹੀ ਆਪਣੀ ਬਾਣੀ ਰਾਹੀਂ ਪਾ ਦਿੱਤੀ ਸੀ:

ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨੁ।

ਛੋਟ ਬੜੇ ਸਬ ਸੰਗ ਬਸੈ, ਰਵਿਦਾਸ ਰਹੈਂ ਪ੍ਰਸੰਨ।

ਉਨ੍ਹਾਂ ਆਪਣੀ ਬਾਣੀ ਵਿੱਚ ਆਦਰਸ਼ਵਾਦੀ ਰਾਜ ਪ੍ਰਬੰਧ ਦਾ ਵੀ ਚਿਤਰਣ ਕੀਤਾ:

ਬੇਗਮ ਪੁਰਾ ਸਹਰ ਕੋ ਨਾਉ।।

ਦੂਖੁ ਅੰਦੋਹੁ ਨਹੀ ਤਿਹਿ ਠਾਉ।।

ਨਾਂ ਤਸਵੀਸ ਖਿਰਾਜੁ ਨ ਮਾਲੁ।।

ਖਉਫੁ ਨਾ ਖਤਾ ਨ ਤਰਸੁ ਜਵਾਲੁ।।

ਅਬ ਮੋਹਿ ਖੁੂਬ ਵਤਨ ਗਹ ਪਾਈ।।

ਊੁਹਾਂ ਖੈਰਿ ਸਦਾ ਮੇਰੇ ਭਾਈ।।

ਕਾਇਮ ਦਾਇਮੁ ਸਦਾ ਪਾਤਿਸਾਹੀ।।

ਦੋਮ ਨ ਸੋਮ ਏਕ ਸੋ ਆਹੀ।।

ਆਬਾਦਾਨੁ ਸਦਾ ਮਸਹੂਰ।।

ਉੂਹਾਂ ਗਨੀ ਬਸਹਿ ਮਾਮੂਰ ।।

ਤਿਉ ਤਿਉ ਸੈਲ ਕਰਹਿ ਜਿਉ ਭਾਵੈ।।

ਮਹਰਮ ਮਹਲ ਨ ਕੋ ਅਟਕਾਵੈ।।

ਕਹਿ ਰਵਿਦਾਸ ਖਲਾਸ ਚਮਾਰਾ।।

ਜੋ ਹਮ ਸਹਰੀ ਸੁ ਮੀਤੁ ਹਮਾਰਾ।।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਭਗਤ ਰਵਿਦਾਸ ਦੀ ਵਿਚਾਰਧਾਰਾ ਅਪਣਾ ਕੇ ਸਾਰੇ ਭੁਲੇਖਿਆ ਦਾ ਪੂਰਨ ਤੌਰ ’ਤੇ ਇਲਾਜ ਹੋ ਸਕਦਾ ਹੈ।
ਸੰਪਰਕ: 99155-21037

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All