ਭਗਤ ਕਬੀਰ ਦੇ ਆਗਮਨ ਵੇਲੇ ਭਾਰਤੀ ਸਮਾਜ ਵਿੱਚ ਕਰਮ ਕਾਂਡ, ਪਾਖੰਡ, ਅੰਧ-ਵਿਸ਼ਵਾਸ, ਊਚ-ਨੀਚ ਦੀ ਨਫ਼ਰਤ ਅਤੇ ਤਰ੍ਹਾਂ ਤਰ੍ਹਾਂ ਦੇ ਧਾਰਮਿਕ ਭੇਖਾਂ ਦੇ ਜਨਮਦਾਤਾ ਮਨੂੁੰਵਾਦ ਦਾ ਬੋਲਬਾਲਾ ਸੀ। ਭਗਤ ਕਬੀਰ ਨੇ ਬੜੀ ਦਲੇਰੀ ਨਾਲ ਇਨ੍ਹਾਂ ਕਰਮ ਕਾਂਡਾ ਤੇ ਜਾਤ-ਪਾਤ ਦੇ ਵਿਤਕਰੇ ਨੂੰ ਲਲਕਾਰਿਆ ਵੀ ਤੇ ਪ੍ਰਭੂ ਭਗਤੀ ਦੇ ਸਹੀ ਮਾਰਗ ਦਾ ਪ੍ਰਚਾਰ ਵੀ ਕੀਤਾ। ਭਗਤੀ ਲਹਿਰ ਵਿੱਚ ਭਗਤ ਕਬੀਰ ਦਾ ਵਿਸ਼ੇਸ਼ ਸਥਾਨ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਦੇ 17 ਰਾਗਾਂ ਵਿੱਚ ਉਚਾਰੇ ਗਏ 227 ਸ਼ਬਦ ਅਤੇ 237 ਸ਼ਲੋਕ ਸ਼ਾਮਿਲ ਹਨ। ਭਗਤ ਕਬੀਰ ਦੇ ਜਨਮ ਇਤਿਹਾਸ ਬਾਰੇ ਬੇਸ਼ੱਕ ਵਿਦਵਾਨਾਂ ਵਿੱਚ ਮਤਭੇਦ ਹਨ ਪਰ ਭਾਈ ਕਾਨ੍ਹ ਸਿੰਘ ਨਾਭਾ ਦੇ ‘ਮਹਾਨਕੋਸ਼’ ਅਨੁਸਾਰ ਇਨ੍ਹਾਂ ਦਾ ਜਨਮ 1398 ਈ. (ਜੇਠ ਸੁਦੀ 15 ਸਮੰਤ 1455) ਨੂੰ ਬਨਾਰਸ ਵਿੱਚ ਹੋਇਆ। ਉਨ੍ਹਾਂ ਦਾ ਵਿਆਹ ਮਾਈ ਲੋਈ ਜੀ ਨਾਲ ਹੋਇਆ, ਜਿਨ੍ਹਾਂ ਦੀ ਕੁੱਖੋਂ ਇੱਕ ਬੇਟੇ ਤੇ ਇੱਕ ਬੇਟੀ ਨੇ ਜਨਮ ਲਿਆ। ਕਈ ਇਤਿਹਾਸਕਾਰਾਂ ਅਨੁਸਾਰ ਭਗਤ ਕਬੀਰ ਨੇ ਸੁਆਮੀ ਰਾਮਾਨੰਦ ਨੂੰ ਆਪਣਾ ਗੁਰੂ ਧਾਰਿਆ ਸੀ, ਜਿਸ ਨਾਲ ਇਹ ਚਰਚਾ ਵੀ ਪ੍ਰਚਲਿਤ ਕੀਤੀ ਗਈ ਕਿ ਰਾਮਾਨੰਦ ਜੋ ਮੂਲ ਰੂਪ ਵਿੱਚ ਗੌੜ ਬ੍ਰਾਹਮਣ ਤੇ ਵੇਦਾਂ ਸ਼ਾਸਤਰਾਂ ਦੇ ਗਿਆਤਾ ਸਨ, ਉਹ ਨੀਵੀਂ ਜਾਤੀ ਵਾਲਿਆਂ ਨੂੰ ਗੁਰੂ ਮੰਤਰ ਨਹੀਂ ਸੀ ਦਿੰਦੇ। ਇਸ ਲਈ ਕਬੀਰ ਜੀ ਇੱਕ ਪ੍ਰਭਾਤ ਨੂੰ ਉਨ੍ਹਾਂ ਦੇ ਰਸਤੇ ਵਿੱਚ ਲੇਟ ਗਏ। ਰਾਮਾਨੰਦ, ਜੋ ਰੋਜ਼ਾਨਾ ਦੀ ਤਰ੍ਹਾਂ ਗੰਗਾ ਨਦੀ ਵਿੱਚ ਇਸ਼ਨਾਨ ਕਰਨ ਜਾ ਰਹੇ ਸਨ, ਆਪਣੇ ਧਿਆਨ ਵਿੱਚ ਮਗਨ ਸਨ। ਹਨੇਰੇ ਵਿੱਚ ਉਨ੍ਹਾਂ ਦਾ ਪੈਰ ਕਬੀਰ ਜੀ ਨੂੰ ਲੱਗਿਆ ਤੇ ਉਨ੍ਹਾਂ ਨੇ ਕਬੀਰ ਜੀ ਨੂੰ ਉਠਾਇਆ। ਇੰਝ ਕਬੀਰ ਜੀ ਉਸ ਦੇ ਸ਼ਿਸ਼ ਬਣ ਗਏ। ਭਾਈ ਗੁਰਦਾਸ ਜੀ ਨੇ ਆਪਣੀ 10ਵੀਂ ਵਾਰ ਵਿੱਚ ਇਸ ਗੱਲ ਦਾ ਜ਼ਿਕਰ ਇੰਝ ਕੀਤਾ ਹੈ : –
ਹੋਇ ਬਿਰਕਤੁ ਬਨਾਰਸੀ ਰਹਿੰਦਾ ਰਾਮਾਨੰਦੁ ਗੁਸਾਈਂ।
ਅੰਮ੍ਰਿਤ ਵੇਲੇ ਉਠਿ ਕੈ ਜਾਂਦਾ ਗੰਗਾ ਨ੍ਹਾਵਣ ਤਾਈਂ।
ਅਗੋ ਹੀ ਦੇ ਜਾਇ ਕੈ ਲੰਮਾ ਪਿਆ ਕਬੀਰ ਤਿਥਾਈਂ।
ਪੈਰੀ ਟੁੰਬ ਉਠਾਲਿਆ ਬੋਲਹੁ ਰਾਮ ਸਿਖ ਸਮਝਾਈ
ਪਰ ਇੱਥੇ ਇਹ ਵਿਚਾਰਨ ਦਾ ਵਿਸ਼ਾ ਹੈ ਕਿ ਇਤਿਹਾਸ ’ਚ ਅਜਿਹੀਆਂ ਕਰਮਕਾਂਡੀ ਘਟਨਾਵਾਂ ਤੇ ਮਿਥਿਹਾਸਿਕ ਸਾਖੀਆਂ ਸਾਡੇ ਕਈ ਮਹਾਂ ਪੁਰਖਾਂ ਨਾਲ ਜੋੜ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦਾ ਅਰਥ ਉਸ ਸੱਚਾਈ ਨਾਲ ਮੇਲ ਨਹੀਂ ਖਾਂਦਾ ਜੋ ਸੰਦੇਸ਼ ਜਾਂ ਵਿਚਾਰਧਾਰਾ ਉਨ੍ਹਾਂ ਮਹਾਂਪੁਰਖਾਂ ਵੱਲੋਂ ਉਚਾਰਨ ਕੀਤੀ ਬਾਣੀ ਦੇ ਉਪਦੇਸ਼ਾਂ ਅਤੇ ਜੀਵਨ ਸ਼ੈਲੀ ’ਚੋਂ ਝਲਕਦੀ ਹੈ। ਇਹ ਸਾਡੇ ਧਾਰਮਿਕ ਖੋਜਕਾਰਾਂ ਲਈ ਵਿਸ਼ੇਸ਼ ਵਿਚਾਰਨ ਦਾ ਵਿਸ਼ਾ ਹੈ।
ਭਗਤ ਕਬੀਰ ਨੇ ਉਸ ਵੇਲੇ ਦੇ ਪ੍ਰਚੱਲਿਤ ਪਾਖੰਡਾਂ ਵਿਰੁੱਧ ਬਾਣੀ ਉਚਾਰੀ।
1. ਕਰਮ ਕਾਂਡਾਂ ਤੇ ਵਰਤ ਵਿਰੁੱਧ ਉਨ੍ਹਾਂ ਆਖਿਆ:
ਛੋਡਿਹ ਅੰਨੁ ਕਰਹਿ ਪਾਖੰਡ।।
ਨਾ ਸੋਹਾਗਨਿ ਨਾ ਓਹਿ ਰੰਡ।।
2. ਤੀਰਥ ਇਸ਼ਨਾਨਾਂ ਬਾਰੇ:
ਅੰਤਰਿ ਮੈਲੁ ਜੇ ਤੀਰਥ ਨਾਵੈ, ਤਿਸੁ ਬੈਕੁੰਠ ਨ ਜਾਨਾਂ ।।
ਲੋਕ ਪਤੀਣੇ ਕਛੂ ਨ ਹੋਵੈ, ਨਾਹੀ ਰਾਮੁ ਅਯਾਨਾ ।।
3. ਮੂਰਤੀ ਪੂਜਾ/ਪੱਥਰ ਪੂਜਾ ਬਾਰੇ:
ਕਬੀਰ ਠਾਕੁਰੁ ਪੂਜਹਿ ਮੋਲਿ ਲੇ,
ਮਨਹਠਿ ਤੀਰਥ ਜਾਹਿ ।।
ਦੇਖਾ ਦੇਖੀ ਸ੍ਵਾਂਗੁ ਧਰਿ,
ਭੂਲੇ ਭਟਕਾ ਖਾਹਿ ।।
4. ਧਾਰਮਿਕ ਭੇਖਾਂ ਬਾਰੇ:
ਨਗਨ ਫਿਰਤ ਜੌ ਪਾਈਐ ਜੋਗੁ ।।
ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ।।
5. ਸਵਰਗ-ਨਰਕ ਬਾਰੇ:
ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ।।
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ।।
ਭਗਤ ਕਬੀਰ ਨੇ ਜਾਤ ਪਾਤ ਦਾ ਖੰਡਨ ਕਰਦੇ ਹੋਏ ਬ੍ਰਾਹਮਣਵਾਦ ਨੂੰ ਜਿਹੜੇ ਕਠੋਰ ਸ਼ਬਦ ਕਹੇ, ਉਸ ਤੋਂ ਵੀ ਇਨ੍ਹਾਂ ਦੀ ਗੁਰੂ ਧਾਰਨ ਵਾਲੇ ਵਿਸ਼ੇ ਦੀ ਸਾਫ ਪੁਸ਼ਟੀ ਹੁੰਦੀ ਹੈ ਅਤੇ ਇਸ ਤੋਂ ਉਨ੍ਹਾਂ ਦੀ ਸਮਾਜ ਸੁਧਾਰਕ ਉੱਚ ਕੋਟਿ ਦੀ ਦਲੇਰਆਨਾ ਤੇ ਕ੍ਰਾਂਤੀਕਾਰੀ ਵਿਚਾਰਧਾਰਾ ਦਾ ਪਤਾ ਲਗਦਾ ਹੈ। ਜਿਵੇਂ:
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ।।
ਤਉ ਆਨ ਬਾਟ ਕਾਹੇ ਨਹੀ ਆਇਆ।।
ਭਾਵ ਸਾਰੇ ਜੀਵਾਂ ਦੀ ਉਤਪਤੀ ਪ੍ਰਮਾਤਮਾ ਦੇ ਅੰਸ਼ ਤੇ ਮਾਤਾ ਦੇ ਪੇਟ ’ਚੋਂ ਹੀ ਹੁੰਦੀ ਹੈ। ਉਦੋਂ ਉਸ ਦੀ ਕੋਈ ਜਾਤ ਨਹੀਂ ਹੁੰਦੀ। ਜੇ ਬ੍ਰਾਹਮਣ ਦੂਜੇ ਮਨੁੱਖਾਂ ਤੋਂ ਉੱਚਾ ਕਹਾਉਂਦਾ ਹੈ ਤਾਂ ਉਸ ਨੇ ਕਿਸੇ ਹੋਰ ਰਸਤੇ ਕਿਉਂ ਨਹੀਂ ਜਨਮ ਲਿਆ।
ਸਾਡਾ ਸਮਾਜ ਹਾਲੇ ਵੀ ਜਾਤ-ਪਾਤ, ਉੂਚ-ਨੀਚ ਦਾ ਵਿਤਕਰਾ, ਸਵਰਗਾਂ-ਨਰਕ ਤੇ ਮਨੁੱਖਤਾ ਵਿਰੋਧੀ ਗਲਤ ਰੀਤੀ ਰਿਵਾਜ਼ਾਂ ਵਿੱਚ ਉਲਝਿਆ ਪਿਆ ਹੈ, ਉਸ ਦੇ ਸੁਧਾਰ ਲਈ ਅੱਜ ਸਾਨੂੰ ਇਹ ਵਿਚਾਰਨ ਦੀ ਸਖ਼ਤ ਲੋੜ ਹੈ ਕਿ ਅਜਿਹੀਆਂ ਕੁਰੀਤੀਆਂ ਵਿਰੁੱਧ ਭਗਤ ਕਬੀਰ ਨੇ 622 ਸਾਲ ਪਹਿਲਾਂ ਹੀ ਬਾਣੀ ਦੀ ਰਚਨਾ ਕਰ ਦਿੱਤੀ ਸੀ, ਜਿਸ ਨੂੰ ਅੱਜ ਸਿਰਫ ਮੱਥੇ ਟੇਕਣਾ ਹੀ ਕਾਫੀ ਨਹੀਂ ਬਲਕਿ ਉਸ ’ਤੇ ਅਮਲ ਕਰਨਾ ਵੀ ਅਤਿ ਜ਼ਰੂਰੀ ਹੈ ।
ਸੰਪਰਕ: 99155-21037