ਅਤੀਤ ਤੋਂ ਅੱਗੇ- ਨਵੀਂ ਪੀੜ੍ਹੀ ਲਈ ਪੰਜਾਬ ਦਾ ਮੁੜ ਨਿਰਮਾਣ
ਪੰਜਾਬ ਸਿਰਫ਼ ਇਕ ਭੂਗੋਲਿਕ ਖੇਤਰ ਦਾ ਨਾਮ ਨਹੀਂ, ਸਗੋਂ ਇਹ ਪੰਜਾਬੀਅਤ ਦੀ ਉਸ ਵਿਲੱਖਣ ਪਛਾਣ ਦਾ ਪ੍ਰਤੀਕ ਹੈ ਜੋ ਇੱਥੋਂ ਦੇ ਲੋਕਾਂ ਦੀਆਂ ਕਦਰਾਂ-ਕੀਮਤਾਂ, ਸੱਭਿਆਚਾਰ ਅਤੇ ਜੀਵਨ-ਦਰਸ਼ਨ ਵਿੱਚ ਵੱਸਦੀ ਹੈ। ਸਦੀਆਂ ਤੋਂ ਇਹ ਧਰਤੀ ਗੁਰੂਆਂ, ਪੀਰਾਂ ਅਤੇ ਫ਼ਕੀਰਾਂ ਦੀ ਕਰਮਭੂਮੀ...
ਪੰਜਾਬ ਸਿਰਫ਼ ਇਕ ਭੂਗੋਲਿਕ ਖੇਤਰ ਦਾ ਨਾਮ ਨਹੀਂ, ਸਗੋਂ ਇਹ ਪੰਜਾਬੀਅਤ ਦੀ ਉਸ ਵਿਲੱਖਣ ਪਛਾਣ ਦਾ ਪ੍ਰਤੀਕ ਹੈ ਜੋ ਇੱਥੋਂ ਦੇ ਲੋਕਾਂ ਦੀਆਂ ਕਦਰਾਂ-ਕੀਮਤਾਂ, ਸੱਭਿਆਚਾਰ ਅਤੇ ਜੀਵਨ-ਦਰਸ਼ਨ ਵਿੱਚ ਵੱਸਦੀ ਹੈ। ਸਦੀਆਂ ਤੋਂ ਇਹ ਧਰਤੀ ਗੁਰੂਆਂ, ਪੀਰਾਂ ਅਤੇ ਫ਼ਕੀਰਾਂ ਦੀ ਕਰਮਭੂਮੀ ਰਹੀ ਹੈ, ਜਿਨ੍ਹਾਂ ਨੇ ਸਦਾ ਮਨੁੱਖਤਾ, ਪ੍ਰੇਮ ਤੇ ਸਮਾਨਤਾ ਦਾ ਸੰਦੇਸ਼ ਦਿੱਤਾ ਹੈ। ਸ੍ਰੀ ਗੁਰੂ ਨਾਨਕ ਦੇਵ ਵੱਲੋਂ ਦਿੱਤਾ ਗਿਆ ਸਰਬੱਤ ਦੇ ਭਲੇ ਅਤੇ ਭਾਈਚਾਰੇ ਦਾ ਵਿਸ਼ਵਵਿਆਪੀ ਸਿਧਾਂਤ, ਸ੍ਰੀ ਗੁਰੂ ਅਰਜਨ ਦੇਵ ਤੇ ਸ੍ਰੀ ਗੁਰੂ ਤੇਗ ਬਹਾਦਰ ਵੱਲੋਂ ਧਰਮ ਅਤੇ ਮਨੁੱਖੀ ਮਰਿਆਦਾ ਦੀ ਰੱਖਿਆ ਲਈ ਦਿੱਤੀਆਂ ਮਹਾਨ ਸ਼ਹਾਦਤਾਂ ਤੇ ਸੂਫ਼ੀ ਸੰਤਾਂ ਦੀਆਂ ਸਿੱਖਿਆਵਾਂ ਨੇ ਮਿਲ ਕੇ ਪੰਜਾਬ ਨੂੰ ਵਿਭਿੰਨਤਾ ਨੂੰ ਗਲੇ ਲਗਾਉਣ ਵਾਲਾ ਤੇ ਹਰੇਕ ਦਾ ਸਵਾਗਤ ਕਰਨ ਵਾਲਾ ਸਮਾਜ ਬਣਾਇਆ ਹੈ।
ਭਾਰਤ ਦੇ ਨਕਸ਼ੇ ’ਤੇ ਪੰਜਾਬ ਦੀ ਭੂਗੋਲਿਕ ਸਥਿਤੀ ਵੀ ਇਸ ਨੂੰ ਹੋਰ ਰਾਜਾਂ ਤੋਂ ਵੱਖਰੀ ਪਛਾਣ ਦਿੰਦੀ ਹੈ। ਇੱਕ ਸਰਹੱਦੀ ਸੂਬੇ ਵਜੋਂ ਪੰਜਾਬ ਨੇ ਹਮੇਸ਼ਾ ਦੇਸ਼ ਦੀ ਪਹਿਲੀ ਸੁਰੱਖਿਆ ਕਤਾਰ ਦਾ ਫ਼ਰਜ਼ ਨਿਭਾਇਆ ਹੈ। ਇਹ ਭੂਮਿਕਾ ਕੇਵਲ ਸੈਨਿਕ ਪੱਖ ਤੱਕ ਸੀਮਤ ਨਹੀਂ ਰਹੀ, ਸਗੋਂ ਖੇਤੀਬਾੜੀ ਅਤੇ ਸਮਾਜਿਕ ਪੱਖੋਂ ਵੀ ਪੰਜਾਬ ਦੇਸ਼ ਦੀ ਮਜ਼ਬੂਤ ਨੀਂਹ ਰਿਹਾ ਹੈ। ਸਮੇਂ-ਸਮੇਂ ’ਤੇ ਸਰਹੱਦ ਪਾਰਲੀਆਂ ਤਾਕਤਾਂ ਨੇ ਸਮਾਜਿਕ ਦਰਾਰਾਂ ਦਾ ਫ਼ਾਇਦਾ ਉਠਾਉਂਦਿਆਂ ਗੁੰਮਰਾਹਕੁਨ ਜਾਣਕਾਰੀ ਫ਼ੈਲਾਉਣ ਅਤੇ ਲੋਕਾਂ ਵਿੱਚ ਬੇਭਰੋਸਗੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਰੀਕੇ ਭਾਵੇਂ ਬਦਲਦੇ ਰਹੇ ਹੋਣ, ਪਰ ਉਨ੍ਹਾਂ ਦਾ ਮਕਸਦ ਹਮੇਸ਼ਾ ਇੱਕੋ ਹੀ ਰਿਹਾ ਹੈ- ਪੰਜਾਬ ਦੇ ਵਸਨੀਕਾਂ ਵਿੱਚ ਵੰਡੀਆਂ ਪਾ ਕੇ ਇਸ ਸੂਬੇ ਨੂੰ ਡਾਵਾਂਡੋਲ ਕਰਨਾ।
ਅਤੀਤ ਨੂੰ ਭੁੱਲੇ ਬਿਨਾਂ ਅੱਗੇ ਵਧਣਾ
ਪੰਜਾਬ ਦੀ ਹਰ ਪੀੜ੍ਹੀ ਦੇ ਸੀਨੇ ਵਿੱਚ ਇੱਕ ਅਜਿਹੇ ਕਾਲੇ ਦੌਰ ਦੇ ਜ਼ਖ਼ਮ ਲੁਕੇ ਹੋਏ ਹਨ, ਜਿਸ ਨੇ ਇੱਥੋਂ ਦੇ ਸਮਾਜਿਕ ਤਾਣੇ-ਬਾਣੇ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਹ ਇੱਕ ਅਜਿਹਾ ਭਿਆਨਕ ਸਮਾਂ ਸੀ ਜਦੋਂ ਹਿੰਸਾ ਨੇ ਨਾ ਸਿਰਫ਼ ਅਮਨ-ਕਾਨੂੰਨ ਨੂੰ ਭੰਗ ਕੀਤਾ, ਸਗੋਂ ਮਨੁੱਖਤਾ ਦਾ ਵੀ ਵੱਡੇ ਪੱਧਰ ’ਤੇ ਘਾਣ ਕੀਤਾ। ਇਸ ਕੁੜੱਤਣ ਦਾ ਸਭ ਤੋਂ ਵੱਧ ਅਸਰ ਆਮ ਲੋਕਾਂ ’ਤੇ ਹੋਇਆ। ਖੇਤਾਂ ਵਿੱਚ ਪਸੀਨਾ ਵਹਾਉਣ ਵਾਲਾ ਕਿਸਾਨ, ਦੁਕਾਨਦਾਰ, ਕਲਮ ਦਾ ਧਨੀ ਪੱਤਰਕਾਰ, ਰਾਹ ਦਸੇਰਾ ਅਧਿਆਪਕ ਤੇ ਆਮ ਨਾਗਰਿਕ- ਸਾਰੇ ਹੀ ਬਿਨਾਂ ਕਿਸੇ ਕਸੂਰ ਤੋਂ ਇੱਕ ਅਜਿਹੇ ਭਾਵੁਕ ਅਤੇ ਖ਼ੌਫ਼ਨਾਕ ਤੂਫ਼ਾਨ ਵਿੱਚ ਘਿਰ ਗਏ, ਜਿਸ ਦੀ ਉਨ੍ਹਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ।
ਅਤੀਤ ਦੇ ਇਹ ਤਜਰਬੇ ਇਸ ਲਈ ਯਾਦ ਰੱਖਣੇ ਲਾਜ਼ਮੀ ਹਨ ਤਾਂ ਜੋ ਅਸੀਂ ਉਨ੍ਹਾਂ ਤੋਂ ਸਬਕ ਸਿੱਖ ਕੇ ਸਹੀ ਕਦਮਾਂ ਨਾਲ ਅੱਗੇ ਵਧ ਸਕੀਏ। ਖ਼ਾਸ ਤੌਰ ’ਤੇ ਇਹ ਸਮਝਣ ਲਈ ਕਿ ਸ਼ਾਂਤੀ ਕਿੰਨੀ ਕੀਮਤੀ ਹੈ ਤੇ ਇਹ ਨਫ਼ਰਤ ਅਤੇ ਕੱਟੜਵਾਦ ਕਾਰਨ ਕਿੰਨੀ ਛੇਤੀ ਭੰਗ ਹੋ ਸਕਦੀ ਹੈ। ਪੰਜਾਬ ਨੇ ਆਪਣੇ ਇਤਿਹਾਸ ਵਿੱਚ ਬਹੁਤ ਦੁੱਖ ਤੇ ਦਰਦ ਦਾ ਸਾਹਮਣਾ ਕੀਤਾ ਹੈ ਤੇ ਇਹੀ ਤਜਰਬਾ ਸਾਨੂੰ ਹੋਰ ਦ੍ਰਿੜ੍ਹ ਬਣਾਉਂਦਾ ਹੈ ਤਾਂ ਜੋ ਮੁੜ ਅਜਿਹੇ ਹਾਲਾਤ ਪੈਦਾ ਨਾ ਹੋਣ ਦਿੱਤੇ ਜਾਣ।
ਇੱਥੇ ਪੰਜਾਬੀਆਂ ਦੀ ਉਸ ਅਸਾਧਾਰਨ ਸਮਰੱਥਾ ਤੇ ਚੜ੍ਹਦੀ ਕਲਾ ਦੇ ਜਜ਼ਬੇ ਦਾ ਜ਼ਿਕਰ ਕਰਨਾ ਵੀ ਓਨਾ ਹੀ ਲਾਜ਼ਮੀ ਹੈ, ਜਿਸ ਦੇ ਸਹਾਰੇ ਪੰਜਾਬੀਆਂ ਨੇ ਹਰ ਵੱਡੀ ਤ੍ਰਾਸਦੀ ਤੋਂ ਬਾਅਦ ਖ਼ੁਦ ਨੂੰ ਮੁੜ ਖੜ੍ਹਾ ਕੀਤਾ ਹੈ। ਹਰ ਕਾਲੀ ਰਾਤ ਤੋਂ ਬਾਅਦ ਇੱਥੋਂ ਦੇ ਲੋਕਾਂ ਨੇ ਨਵੇਂ ਸੁਪਨਿਆਂ ਤੇ ਅਟੁੱਟ ਉਮੀਦਾਂ ਨਾਲ ਜ਼ਿੰਦਗੀ ਦੇ ਵਿਹੜੇ ਨੂੰ ਦੁਬਾਰਾ ਸੰਵਾਰਿਆ। ਉਦਾਸ ਹੋਏ ਖੇਤਾਂ ਵਿੱਚ ਮੁੜ ਫ਼ਸਲਾਂ ਲਹਿਰਾਈਆਂ, ਉਦਯੋਗਾਂ ਨੇ ਨਵੀਂ ਰਫ਼ਤਾਰ ਫੜੀ, ਵਿੱਦਿਅਕ ਅਦਾਰਿਆਂ ਵਿੱਚ ਨਵੀਂ ਊਰਜਾ ਦਾ ਸੰਚਾਰ ਹੋਇਆ ਅਤੇ ਸਮਾਜ ਨੇ ਆਪਣੇ ਗੁਆਚੇ ਆਤਮ-ਵਿਸ਼ਵਾਸ ਨੂੰ ਮੁੜ ਬਹਾਲ ਕੀਤਾ। ਮਾੜੇ ਹਾਲਾਤ ਦੀ ਹਿੱਕ ’ਤੇ ਪੈਰ ਰੱਖ ਕੇ ਦੁਬਾਰਾ ਅੱਗੇ ਵਧਣ ਦੀ ਇਹ ਅਦੁੱਤੀ ਸਮਰੱਥਾ ਹੀ ਪੰਜਾਬੀਆਂ ਦਾ ਅਸਲ ਸੁਭਾਅ ਹੈ। ਮੁਸ਼ਕਲਾਂ ਪੰਜਾਬੀਆਂ ਦੀ ਪਰਖ ਤਾਂ ਕਰ ਸਕਦੀਆਂ ਹਨ, ਪਰ ਉਨ੍ਹਾਂ ਦੇ ਬੁਲੰਦ ਹੌਸਲੇ, ਅਣਥੱਕ ਮਿਹਨਤ ਅਤੇ ਉੱਦਮੀ ਸੁਭਾਅ ਨੂੰ ਕਦੇ ਮਾਤ ਨਹੀਂ ਦੇ ਸਕਦੀਆਂ।
ਅੱਜ ਪੰਜਾਬ ਸਾਹਮਣੇ ਨਵੇਂ ਦੌਰ ਦੀਆਂ ਵੱਖਰੀਆਂ ਚੁਣੌਤੀਆਂ ਖੜ੍ਹੀਆਂ ਹਨ।
ਪੰਜਾਬੀ ਨੌਜਵਾਨ ਆਪਣੇ ਲਈ ਸਫ਼ਲ ਕਰੀਅਰ ਬਣਾਉਣਾ ਚਾਹੁੰਦੇ ਹਨ। ਉਸ ਵਿੱਚ ਉੱਚ ਸਿੱਖਿਆ ਹਾਸਲ ਕਰਨ ਅਤੇ ਜੀਵਨ ਵਿੱਚ ਅੱਗੇ ਵਧਣ ਦੀ ਤੀਬਰ ਲਾਲਸਾ ਹੈ। ਉਹ ਆਪਣੇ ਹੀ ਸੂਬੇ ਵਿੱਚ ਰਹਿ ਕੇ ਉਦਯੋਗ ਅਤੇ ਕਾਰੋਬਾਰ ਸਥਾਪਤ ਕਰਨ ਤੇ ਤੇਜ਼ੀ ਨਾਲ ਬਦਲ ਰਹੀ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਬਣਾਉਣਾ ਚਾਹੁੰਦਾ ਹੈ। ਕਿਸਾਨ ਲਾਹੇਵੰਦ ਖੇਤੀ ਦੀ ਉਮੀਦ ਰੱਖਦੇ ਹਨ, ਵਪਾਰੀ ਅਜਿਹਾ ਮਾਹੌਲ ਚਾਹੁੰਦੇ ਹਨ ਜੋ ਨਿਵੇਸ਼ ਲਈ ਪ੍ਰੇਰਿਤ ਕਰੇ ਤੇ ਪਰਿਵਾਰ ਬਿਹਤਰ ਸਿਹਤ ਸੇਵਾਵਾਂ, ਗੁਣਵੱਤਾ ਭਰਪੂਰ ਸਿੱਖਿਆ ਤੇ ਪ੍ਰਭਾਵਸ਼ਾਲੀ ਸਰਕਾਰੀ ਸੇਵਾਵਾਂ ਦੀ ਆਸ ਰੱਖਦੇ ਹਨ। ਇਹੀ ਉਹ ਮੁੱਦੇ ਹਨ ਜਿਨ੍ਹਾਂ ਉੱਤੇ ਗੰਭੀਰਤਾ ਨਾਲ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ।
ਸਥਿਰਤਾ ਅਤੇ ਸਾਂਝੀ ਖੁਸ਼ਹਾਲੀ
ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਭਵਿੱਖ ਇਸ ਗੱਲ ’ਤੇ ਵੀ ਨਿਰਭਰ ਕਰੇਗਾ ਕਿ ਸੂਬੇ ਨੂੰ ਕਿਸ ਤਰ੍ਹਾਂ ਦਾ ਸ਼ਾਸਨ ਅਤੇ ਪ੍ਰਸ਼ਾਸਨ ਮਿਲਦਾ ਹੈ। ਪੰਜਾਬ ਨੂੰ ਅਜਿਹੇ ਪ੍ਰਭਾਵਸ਼ਾਲੀ ਪ੍ਰਸ਼ਾਸਨ ਦੀ ਲੋੜ ਹੈ ਜੋ ਫੌਰੀ ਸਿਆਸੀ ਲਾਹਿਆਂ ਦੀ ਥਾਂ ਲੰਬੇ ਸਮੇਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਫ਼ੈਸਲੇ ਲਵੇ। ਸਥਿਰਤਾ ਲੋਕਾਂ ਦੇ ਨਾਲ-ਨਾਲ ਸੰਭਾਵੀ ਨਿਵੇਸ਼ਕਾਂ, ਉਦਯੋਗਪਤੀਆਂ ਅਤੇ ਆਪਣੇ ਭਵਿੱਖ ਦੀ ਯੋਜਨਾ ਬਣਾਉਣ ਵਾਲੇ ਨੌਜਵਾਨ ਵਰਗ ਵਿੱਚ ਵੀ ਭਰੋਸਾ ਪੈਦਾ ਕਰਦੀ ਹੈ।
ਦੇਸ਼ ਦੇ ਇੱਕ ਅਹਿਮ ਸਰਹੱਦੀ ਸੂਬੇ ਵਜੋਂ ਪੰਜਾਬ ਦੀ ਵਿਕਾਸ ਯਾਤਰਾ ਕੌਮੀ ਤਰਜੀਹਾਂ ਨਾਲ ਸਿੱਧੇ ਤੌਰ ’ਤੇ ਜੁੜੀ ਹੋਈ ਹੈ। ਸਰਹੱਦੀ ਖੇਤਰਾਂ ਦਾ ਵਿਕਾਸ, ਅੰਦਰੂਨੀ ਸੁਰੱਖਿਆ, ਖੇਤੀਬਾੜੀ, ਵਪਾਰ ਅਤੇ ਉਦਯੋਗ, ਉੱਚ ਸਿੱਖਿਆ ਅਤੇ ਸੰਪਰਕ ਬੁਨਿਆਦੀ ਢਾਂਚੇ ਵਰਗੇ ਖੇਤਰਾਂ ਵਿੱਚ ਰਾਜ ਅਤੇ ਕੇਂਦਰ ਸਰਕਾਰ ਵਿਚਾਲੇ ਤਾਲਮੇਲ ਬੇਹੱਦ ਜ਼ਰੂਰੀ ਹੈ। ਕੇਂਦਰ ਨਾਲ ਲਗਾਤਾਰ ਸੰਵਾਦ ਬਣਾ ਕੇ ਸੂਬੇ ਦੇ ਵਿਕਾਸ ਲਈ ਸਮੇਂ-ਸਿਰ ਲੋੜੀਂਦਾ ਸਹਿਯੋਗ ਪ੍ਰਾਪਤ ਕਰਨ ਦੀ ਲੋੜ ਹੈ। ਅਜਿਹੇ ਸ਼ਾਸਨ ਦੀ ਲੋੜ ਹੈ ਜੋ ਟਕਰਾਅ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਵਿਕਾਸ ਅਤੇ ਨਤੀਜੇ ਦੇਣ ’ਤੇ ਕੇਂਦਰਿਤ ਰਹੇ। ਪ੍ਰਸ਼ਾਸਨਿਕ ਸਥਿਰਤਾ ਦੇ ਨਾਲ-ਨਾਲ ਕੇਂਦਰ ਨਾਲ ਸੁਖਾਵੇਂ ਅਤੇ ਸਹਿਯੋਗੀ ਸਬੰਧ ਬਣਾਉਣ, ਨਿਵੇਸ਼ ਤੇ ਰੁਜ਼ਗਾਰ ਦੇ ਮੌਕਿਆਂ ਲਈ ਲੋੜੀਂਦਾ ਅਨੁਕੂਲ ਮਾਹੌਲ ਤਿਆਰ ਕਰਨ ਦੀ ਵੱਡੀ ਲੋੜ ਹੈ। ਪੰਜਾਬ ਦੇ ਇਤਿਹਾਸਕ ਮਹੱਤਵ ਤੇ ਮੌਜੂਦਾ ਭੂਮਿਕਾ ਨੂੰ ਦੇਖਦਿਆਂ ਸਹਿਯੋਗੀ ਸ਼ਾਸਨ ਸਮੇਂ ਦੀ ਵੱਡੀ ਲੋੜ ਹੈ।
* ਲੇਖਕ ਰਾਜ ਸਭਾ ਮੈਂਬਰ ਹੈ।
ਈ-ਮੇਲ: satnam.sandhu@sansad.nic.in

