ਐੱਸ ਪੀ ਸਿੰਘ*
ਆਮ ਨਾਗਰਿਕ ਆਪਣੇ ਕੰਮ ਧੰਦੇ ਵਿੱਚ ਰੁੱਝੇ ਹੁੰਦੇ ਹਨ – ਕਿਸਾਨ ਖੇਤ ਵਿੱਚ, ਦੁਕਾਨਦਾਰ ਬਾਜ਼ਾਰ ਵਿੱਚ, ਦਿਹਾੜੀ ਮਜ਼ਦੂਰ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ, ਅਧਿਆਪਕ ਸਕੂਲ ਵਿੱਚ। ਇਹ ਕਿਸਾਨ ਦਾ ਕੰਮ ਨਹੀਂ ਕਿ ਉਹ ਖੇਤੀ ਨੀਤੀਆਂ ਦਾ ਹਰਦਮ ਮੁਤਾਲਿਆ ਕਰੇ, ਖੇਤੀ ਬਿੱਲਾਂ ਦੀਆਂ ਮਦਾਂ ਵਿਚਲੀਆਂ ਬਰੀਕੀਆਂ ਨੂੰ ਪੜ੍ਹੇ ਸਮਝੇ। ਨਾ ਹੀ ਇਹ ਦੁਕਾਨਦਾਰਾਂ, ਮਜ਼ਦੂਰਾਂ, ਅਧਿਆਪਕਾਂ ਦਾ ਕੰਮ ਹੈ ਕਿ ਉਹ ਇਸ ਸਾਲ ਦੇ ਸ਼ੁਰੂ ਵਿੱਚ ਹੋਏ ਦਿੱਲੀ ਦੰਗਿਆਂ ਵਿੱਚ ਪੁਲੀਸ ਵੱਲੋਂ ਪੇਸ਼ ਕੀਤੀ ਗਈ 17,500 ਸਫ਼ਿਆਂ ਦੀ ਚਾਰਜਸ਼ੀਟ ਦੀ ਨਿਰਖਪਰਖ ਕਰਨ ਜਾਂ 11 ਲੱਖ ਸਫ਼ੇ ਉਲਟ-ਪਲਟ ਕੇ ਵੇਖਣ ਕਿ ਉਮਰ ਖ਼ਾਲਿਦ ਉੱਤੇ ਲਾਏ ਦੋਸ਼ ਸਹੀ ਹਨ ਜਾਂ ਮੂਲੋਂ ਝੂਠ ਦਾ ਪੁਲੰਦਾ। ਬਹੁਤੇ ਨਾਗਰਿਕ ਰਾਫ਼ੇਲ ਜਹਾਜ਼ਾਂ ਦੀ ਖਰੀਦ ਲਈ ਕੀਤੇ ਸੌਦੇ ਦੇ ਹਜ਼ਾਰਾਂ ਸਫ਼ਿਆਂ ਦੇ ਦਸਤਾਵੇਜ਼ ਨਾਲ ਨੱਥੀ ਕੀਤੇ ‘ਭਾਰਤ-ਫਰਾਂਸ ਗੁਪਤਤਾ ਸਮਝੌਤੇ’ ਦੇ ਸਫ਼ਾ ਨੰਬਰ 2416 ਤੋਂ 2425 ਵਿਚਲੀਆਂ ਮਦਾਂ ਦੀ ਫ਼ਰੋਲਾ-ਫ਼ਰੋਲੀ ਕਰਕੇ ਇਹ ਨਹੀਂ ਲੱਭ ਸਕਦੇ ਕਿ ਲੜਾਕੂ ਜਹਾਜ਼ ਦੀ ਕੀਮਤ ਦੇਸ਼ ਦੇ ਲੋਕਾਂ ਨੂੰ ਦੱਸੀ ਜਾ ਸਕਦੀ ਹੈ ਕਿ ਨਹੀਂ।
ਪਰ ਕਿਸਾਨ ਦਾ ਖੇਤੀ ਨੀਤੀਆਂ ਬਾਰੇ, ਨਵੇਂ ਖੇਤੀ ਬਿੱਲਾਂ ਬਾਰੇ ਆਗਾਹ ਰਹਿਣਾ, ਦੁਕਾਨਦਾਰਾਂ ਨੂੰ ਸਰਕਾਰਾਂ ਅਤੇ ਕਾਰਪੋਰੇਟ ਘਰਾਣਿਆਂ ਵਿਚਲੀ ਗੰਢ-ਤੁੱਪ ਦਾ ਪਤਾ ਲੱਗਣਾ, ਸਭਨਾਂ ਨੂੰ ਸਮਾਜਿਕ ਕਾਰਕੁਨਾਂ ਵਿਰੁੱਧ ਦਾਇਰ ਕੇਸਾਂ ਦੀ ਸੱਚਾਈ ਗਿਆਤ ਹੋਣਾ ਅਤੇ ਨਾਗਰਿਕਾਂ ਕੋਲ ਰਾਫ਼ੇਲ ਜਹਾਜ਼ਾਂ ਤੋਂ ਲੈ ਕੇ ‘ਪੀਐੱਮ ਕੇਅਰਜ਼’ ਤੱਕ ਪੈਸੇ-ਪੈਸੇ ਦੇ ਹਿਸਾਬ-ਕਿਤਾਬ ਦਾ ਕੱਚਾ ਚਿੱਠਾ ਹੋਣਾ ਲਾਜ਼ਿਮ ਦਰਕਾਰ ਹੈ। ਨਾਗਰਿਕ ਹੋਣਾ ਇਸੇ ਨੂੰ ਕਹਿੰਦੇ ਹਨ।
ਨਾਗਰਿਕ ਵੱਲੋਂ ਇਨ੍ਹਾਂ ਗੁੰਝਲਦਾਰ ਨੀਤੀਆਂ ਦਾ ਮੁਤਾਲਿਆ ਕਰਨ, ਹਜ਼ਾਰਾਂ ਸਫ਼ਿਆਂ ਦੇ ਦਸਤਾਵੇਜ਼ਾਂ ਦੀ ਬਰੀਕ ਪੜ੍ਹਤ ਕਰਨ ਅਤੇ ਹਰ ਹਕੂਮਤੀ ਕਾਰਵਾਈ ਦੀਆਂ ਪਰਤਾਂ ਉੱਤੇ ਬਾਜ਼-ਅੱਖ ਬਣਾਈ ਰੱਖਣ ਦੀ ਜ਼ਿੰਮੇਵਾਰੀ ਮੀਡੀਆ ਸਪੁਰਦ ਕੀਤੀ ਹੁੰਦੀ ਹੈ। ਹੱਥ ਵਿੱਚ ਕਲਮ, ਕੈਮਰਾ ਜਾਂ ਮਾਈਕ ਫੜੀ ਪੱਤਰਕਾਰ ਤੁਹਾਡੀਆਂ ਅੱਖਾਂ-ਕੰਨ-ਨੱਕ-ਜ਼ੁਬਾਨ ਹੁੰਦਾ ਹੈ। ਅਖ਼ਬਾਰ, ਟੀਵੀ, ਚੈਨਲ, ਰੇਡੀਓ, ਖ਼ਬਰੀ ਵੈੱਬਸਾਈਟਾਂ ਨਾਗਰਿਕਾਂ ਦੇ ਵਡੇਰੇ ਸ਼ਹਿਰ ਦਾ ਆਵਾਮੀ ਚੌਂਕ ਹੁੰਦਾ ਹੈ।
ਜੇ ਪੱਤਰਕਾਰ ਆਪਣਾ ਕੰਮ ਨਹੀਂ ਕਰੇਗਾ ਤਾਂ ਤੁਸੀਂ ਅੰਨ੍ਹੇ, ਗੂੰਗੇ, ਬੋਲ਼ੇ ਹੋ ਜਾਓਗੇ; ਸਚਾਈ ਤੋਂ ਨਾਵਾਕਿਫ਼ ਰਹਿ ਜਾਓਗੇ; ਹਕੂਮਤੀ ਕਥਨ ਤੋਂ ਬਿਨਾਂ ਸਮਝਸਾਜ਼ੀ ਦੇ ਹੋਰ ਕਿਸੇ ਵੀ ਸ੍ਰੋਤ ਤੋਂ ਵਾਂਝੇ ਕਰ ਦਿੱਤੇ ਜਾਓਗੇ। ਪਰ ਫਿਰ ਤੁਹਾਨੂੰ ਪਤਾ ਨਹੀਂ ਲੱਗ ਜਾਵੇਗਾ ਕਿ ਤੁਹਾਡੀਆਂ ਅੱਖਾਂ ਵਿੱਚ ਘੱਟਾ, ਕੰਨਾਂ ਵਿੱਚ ਸਿੱਕਾ ਪਾ ਦਿੱਤਾ ਗਿਆ ਹੈ? ਤੁਹਾਨੂੰ ਸਾਹ ਨਹੀਂ ਆ ਰਿਹਾ, ਕੋਈ ਤੁਹਾਡੀ ਸੰਙੀ ਘੁੱਟੀ ਖੜ੍ਹਾ ਹੈ? ਇਸ ਲਈ ਸਰਕਾਰ ਕਦੀ ਅਜਿਹਾ ਨਹੀਂ ਕਰਦੀ। ਸਮੇਂ ਦੇ ਨਾਲ ਨਾਲ ਸਰਕਾਰਾਂ ਸਿਆਣੀਆਂ ਵੀ ਤਾਂ ਹੋ ਗਈਆਂ ਹਨ, ਅਸੀਂ ਕੋਈ ਐਵੇਂ ਹੀ ਥੋੜ੍ਹੇ ਵਿਸ਼ਵਗੁਰੂ ਬਣਨ ਤੱਕ ਦੇ ਖ਼ਵਾਬ ਵੇਖ ਰਹੇ ਹਾਂ?
ਆਵਾਮੀ ਚੌਕ ਵਿੱਚ ਹੁਣ ਘੜਮੱਸ ਪੈ ਗਿਆ ਹੈ। ਸੁਰਖ਼ੀਆਂ, ਖ਼ਬਰਾਂ, ਮੁਤਾਲਿਆ ਦਾ ਹੜ੍ਹ ਆ ਗਿਆ ਹੈ। ਕੈਮਰਿਆਂ ਅਤੇ ਮੂੰਹ ਨੂੰ ਆਉਂਦੇ ਮਾਈਕ੍ਰੋਫੋਨਾਂ ਨੇ ਕਾਵਾਂਰੌਲੀ ਪਾ ਦਿੱਤੀ ਹੈ। ਤੁਹਾਨੂੰ ਇੱਕ ਸੱਚ ਦੀ ਥਾਂ ਦੋ-ਦੋ, ਚਾਰ-ਚਾਰ ਸੱਚ ਵਿਖਾਈ ਦੇ ਰਹੇ ਹਨ। ਚੀਕਾਂ ਤੇ ਕਿਲਕਾਰੀਆਂ ’ਕੱਠੀਆਂ ਸੁਣਾਈ ਦੇ ਰਹੀਆਂ ਹਨ। ਉਸ ਫ਼ਿਲਮੀ ਕਲਾਕਾਰ ਨੇ ਆਤਮਹੱਤਿਆ ਵੀ ਕਰ ਲਈ ਹੈ, ਉਹਦਾ ਕਤਲ ਵੀ ਹੋ ਗਿਆ ਹੈ। ਹਾਥਰਸ ਵਿੱਚ ਨੌਜਵਾਨ ਕੁੜੀ ਵਹਿਸ਼ੀਆਂ ਦੀ ਹਵਸ ਦਾ ਸ਼ਿਕਾਰ ਹੋ ਗਈ ਹੈ ਪਰ ਦਾਅਵਾ ਇਹ ਵੀ ਹੈ ਕਿ ਬਲਾਤਕਾਰ ਹੋਇਆ ਹੀ ਨਹੀਂ, ਐਵੇਂ ਮੋਈ ਸਿਰ ਬਦਨਾਮੀ ਮੜ੍ਹੀ ਜਾ ਰਹੀ ਹੈ। ਰਾਫ਼ੇਲ ਜਹਾਜ਼ਾਂ ਨੇ ਦੇਸ਼ ਨੂੰ ਸੁਰੱਖਿਅਤ ਕੀਤਾ ਹੈ, ਇਹਦੀ ਕੀਮਤ ਬਾਰੇ ਵਾਵੇਲਾ ਖੜ੍ਹਾ ਕਰਨ ਵਾਲੇ ਫ਼ੌਜ ਦਾ ਮਨੋਬਲ ਵੀ ਤੋੜ ਸਕਦੇ ਹਨ। ਡੌਰ-ਭੌਰ ਅੱਖੀਆਂ ਕੋਲ਼ ਭਾਂਤ-ਭਾਂਤ ਦੇ ਸੱਚ ਹਨ। ਏਨੀ ਕਿਸਮ ਦੇ ਸੱਚ ਸੁਣ-ਸੁਣ ਕੰਨੀਂ ਪੀੜ ਪੈ ਰਹੀ ਹੈ। ਤਰਕਾਲ਼ਾਂ ਪੈਂਦੇ ਹੀ ਸਾਡਾ ਨਾਮ ਲੈ ਟੀਵੀ ਚੈਨਲਾਂ ’ਤੇ ਐਂਕਰ ਝਈਆਂ ਲੈ-ਲੈ, ਗਲਾ ਫਾੜ-ਫਾੜ ਇਨਸਾਫ਼ ਦੀ ਦੁਹਾਈ ਦੇ ਰਹੇ ਹਨ।
ਇਸ ਸਾਰੇ ਰੋਲ-ਘਚੋਲੇ ਵਿੱਚ ਕਿਵੇਂ ਪਤਾ ਲੱਗੇ ਕਿ ਸਾਡੀਆਂ ਆਪਣੀਆਂ ਅੱਖੀਆਂ ਕਿਹੜੀਆਂ ਹਨ? ਕਿਹੜੇ ਕੰਨੀਂ ਸੁਣੀਏ, ਕਿਹੜੇ ਨੱਕੀਂ ਸੁੰਘੀਏ? ਗੁੰਝਲਦਾਰ ਨੀਤੀਆਂ, ਹਜ਼ਾਰਾਂ ਸਫ਼ਿਆਂ ਦੀਆਂ ਚਾਰਜਸ਼ੀਟਾਂ, ਲੱਖਾਂ ਸਫ਼ਿਆਂ ਵਿੱਚ ਲੁਕੀਆਂ ਸੱਚਾਈਆਂ ਨੂੰ ਕਿਸ ਦੀ ਜ਼ੁਬਾਨੀ ਸਮਝੀਏ? ‘ਮੀਡੀਆ ਵਿਕ ਚੁੱਕਾ ਹੈ’, ‘ਕਲਮਾਂ ਕਿਰਾਏ ’ਤੇ ਹਨ’, ਅਤੇ ‘ਜਿਹੜੇ ਪਹਿਲਾਂ ਛਪ ਕੇ ਵਿਕਦੇ ਸਨ, ਹੁਣ ਵਿਕ ਕੇ ਛਪਦੇ ਹਨ’ ਵਰਗੀਆਂ ਫਬਤੀਆਂ ਵਿੱਚ ਤੁਹਾਡੇ ਅੰਨ੍ਹੇ-ਬੋਲ਼ੇ-ਗੂੰਗੇ-ਅਣਜਾਣ ਰਹਿ ਜਾਣ ਦੀ ਗਵਾਹੀ ਵੀ ਗੁੰਦੀ ਹੋਈ ਹੈ। ਫਬਤੀਆਂ ਵਿੱਚ ਕੁਝ ਸੱਚ ਜ਼ਰੂਰ ਹੈ, ਪਰ ਫਬਤੀਆਂ ਸੱਚਾਈ ਦਾ ਮੁਤਬਾਦਲ ਨਹੀਂ ਹੁੰਦੀਆਂ। ਕਾਵਾਂਰੌਲ਼ੀ ਵਿੱਚ ਸੱਚ ਲੱਭਣਾ, ਦੱਸਣਾ, ਉਹਦੇ ’ਤੇ ਡਟੇ ਰਹਿਣਾ ਔਖਾ ਕੰਮ ਹੈ। ਇਸ ਬਿਖੜੇ ਪੈਂਡੇ ਕੋਈ ਇਸੇ ਲਈ ਤੁਰਦਾ ਹੈ ਤਾਂ ਜੋ ਉਸਦੇ ਲੋਕ ਸੁਜਾਖੇ ਰਹਿਣ, ਉਹਨਾਂ ਦੀ ਆਵਾਜ਼ ਗੁਆਚ ਨਾ ਜਾਵੇ, ਦਬਾਈ ਨਾ ਜਾ ਸਕੇ। ਕਦੀ ਕਦੀ ਤਾਂ ਇਹਦੇ ਲਈ ਭਾਂਬੜ ਵਾਂਗ ਮਚਣਾ ਵੀ ਪੈ ਸਕਦਾ ਹੈ।
ਅਸੀਂ ਮਜ਼ਬੂਤ ਨੇਤਾਵਾਂ ਦੇ ਦੌਰ ਵਿੱਚ ਜੀਊਂ ਰਹੇ ਹਾਂ। ਸਾਡੇ ਆਪਣੇ ਹਿਰਦੇ ਸਮਰਾਟ ਨਰਿੰਦਰ ਮੋਦੀ, ਉਨ੍ਹਾਂ ਦੁਆਰਾ ਵਰੋਸਾਈ ‘ਅਬ ਕੀ ਬਾਰ ਟਰੰਪ ਸਰਕਾਰ’ ਵਾਲਾ ਡੋਨਲਡ ਟਰੰਪ, ਦੋਹਾਂ ਦਾ ਜੱਫੀ-ਭਰਾ ਵਲਾਦੀਮੀਰ ਪੂਤਿਨ, ਹੰਗਰੀ ਵਾਲਾ ਵਿਕਟਰ ਓਰਬਨ, ਅਤੇ ਇਸ ਸਾਲ 26 ਜਨਵਰੀ ’ਤੇ ਸਾਡਾ ਮੁਆਜ਼ੱਜ਼ ਮਹਿਮਾਨ ਬਣਿਆ ਬ੍ਰਾਜ਼ੀਲ ਵਾਲਾ ਜਾਈਰ ਬੋਲਸੋਨਾਰੋ, ਫਿਲਪੀਨੀ ਰੋਦ੍ਰਿਗੋ ਦੁਤੇਰਤ ਅਤੇ – ਗੁੱਸਾ ਨਾ ਕਰਿਆ ਜੇ – ਉੱਤਰੀ ਕੋਰੀਆ ਵਾਲਾ ਕਿਮ ਜੋਂਗ-ਉਨ – ਇਹ ਸਭ ਲੋਕ ਮਨਾਂ ’ਤੇ ਹਕੂਮਤ ਕਰਦੇ ਹਨ।
ਬੜੀਆਂ ਕਲਮਾਂ, ਕੈਮਰੇ, ਚੈਨਲਾਂ, ਅਖ਼ਬਾਰਾਂ ਇਨ੍ਹਾਂ ਦੇ ਸਤਿਕਾਰ ਵਿੱਚ ਆਪ-ਮੁਹਾਰੀਆਂ ਵਿਛ-ਵਿਛ ਜਾਂਦੀਆਂ ਹਨ। ਬਚੀਆਂ-ਖੁਚੀਆਂ ਰਣਤੱਤੇ ਵਿੱਚ ਕਿਵੇਂ ਮਘਦੀਆਂ, ਜਗਦੀਆਂ, ਜੀਊਂਦੀਆਂ ਰਹਿੰਦੀਆਂ ਹਨ, ਇਹ ਸ਼ੋਹਬੇ ਦੇ ਅੰਦਰ ਦੀ ਬਾਤ ਹੈ ਭਾਵੇਂ ਕਦੀ ਕਦੀ ਭਾਂਬੜ ਬਣ ਗੱਲ ਬਾਹਰ ਜ਼ਰੂਰ ਆ ਜਾਂਦੀ ਹੈ।
ਇਰੀਨਾ ਸਲਾਵੀਨਾ (Irina Slavina) 47 ਸਾਲਾਂ ਦੀ ਸੀ। ਮਜ਼ਬੂਤ ਨੇਤਾ ਦੀ ਤਾਕਤ ਤੋਂ ਭਲੀ ਭਾਂਤ ਵਾਕਫ਼, ਤਿੰਨ ਅਖ਼ਬਾਰਾਂ ਤੋਂ ਨੌਕਰੀਓਂ ਕੱਢੀ ਗਈ ਪਰ ਕਲਮ ਵੇਚਣ ਤੋਂ ਇਨਕਾਰੀ। ਪੂਤਿਨ ਦੇ ਰੂਸ ਵਿੱਚ ਬਹੁਤਾ ਸੱਚ ਲਿਖਣ ਵਾਲੀਆਂ ਕਲਮਾਂ ਹੁਣ ਅਖ਼ਬਾਰਾਂ ਜਾਂ ਚੈਨਲਾਂ ਦੇ ਹਾਸ਼ੀਏ ’ਤੇ ਹੀ ਆਪਣੀਆਂ ਨਿੱਜੀ ਵੈੱਬਸਾਈਟਾਂ ਜਾਂ ਸੋਸ਼ਲ ਮੀਡੀਆ ’ਤੇ ਹੀ ਆਵਾਜ਼ ਬੁਲੰਦ ਕਰ ਸਕਦੀਆਂ ਹਨ। ਸਲਾਵੀਨਾ ਨੇ ਵੀ ਇਹੋ ਕੀਤਾ। ਇੱਕ ਕਮਰਾ, ਕੰਪਿਊਟਰ ਅਤੇ ਕੱਲਮ-ਕੱਲੀ ਆਪੇ ਮੈਂ ਸੰਪਾਦਕ, ਆਪੇ ਪੱਤਰਕਾਰ। ਰੂਸ ਦੀ ਖ਼ੁਫ਼ੀਆ ਸੁਰੱਖਿਆ ਸੇਵਾ ਬਾਰੇ ਉਸ ਏਨੀ ਖੋਜੀ ਪੱਤਰਕਾਰੀ ਕੀਤੀ ਕਿ ਵਾਰ-ਵਾਰ ਰਾਤ-ਬਰਾਤੇ ਤਲਾਸ਼ੀਆਂ, ਜੁਰਮਾਨਿਆਂ, ਧਮਕੀਆਂ ਦੀ ਬਾਇਸ ਬਣੀ। ਫਿਰ ਵੀ ਨਾ ਟਲੀ। ਬੀਤੇ ਵੀਰਵਾਰ ਸਵੱਖਤੇ ਹੀ ਸਾਈਂ ਫਿਰ ਆ ਬਹੁੜੇ। ਤਲਾਸ਼ੀ ਲਈ, ਕੰਪਿਊਟਰ ਸਮੇਤ ਸਾਰਾ ਸਾਜ਼ੋ-ਸਾਮਾਨ ਚੁੱਕ ਲੈ ਗਏ। ਆਪਣੇ ਆਪ ਨੂੰ ਨਿਹੱਥਾ ਪਾ, ਸਲਾਵੀਨਾ ਨੂੰ ਜਾਪਿਆ ਹੋਣੈ ਕਿ ਲੋਕਾਈ ਨੂੰ ਆਖਰੀ ਖ਼ਬਰ ਘੱਲਣ ਦਾ ਵੇਲਾ ਆ ਗਿਐ। ਸ਼ੁੱਕਰਵਾਰ ਨੂੰ ਸ਼ਹਿਰ ਦੇ ਪੁਲਿਸ ਹੈੱਡਕੁਆਰਟਰ ਦੇ ਸਾਹਮਣੇ ਇਰੀਨਾ ਸਲਾਵੀਨਾ ਨੇ ਆਪਣੇ ਆਪ ਨੂੰ ਅੱਗ ਲਾ ਲਈ। ਇਹ ਸੁਰਖ਼ੀ ਲਿਖ ਕੇ ਸੜ ਮਰੀ ਹੈ ਕਿ ਮੇਰੀ ਮੌਤ ਲਈ ਰੂਸੀ ਹਕੂਮਤ ਜ਼ਿੰਮੇਵਾਰ ਹੈ।
ਅੱਜ ਕੁੱਲ ਰੂਸ ਵਿੱਚ ਇਰੀਨਾ ਸਲਾਵੀਨਾ ਲਈ ਖ਼ਲਕਤ ਧਾਅ ਕੇ ਬਾਹਰ ਨਿਕਲੀ ਹੈ। ਜਨਤਾ ਨੂੰ ਪਤਾ ਲੱਗਿਆ ਹੈ ਕਿ ਉਹ ਲੋਕਾਂ ਦੀ ਅੱਖ-ਕੰਨ ਸੀ। ਸਾਡੇ ਏਥੇ ਵੀ ਕੁਝ ਸਿਰਲੱਥੀਆਂ ਕਲਮਾਂ ਜੂਝ ਰਹੀਆਂ ਹਨ। ਬੜੀਆਂ ਉਹ ਹਨ ਜਿਹੜੀਆਂ ਅਖ਼ਬਾਰਾਂ ਚੈਨਲਾਂ ਨੂੰ ਪੁੱਗਦੀਆਂ ਹੀ ਨਹੀਂ। ਕੁਝ ਬੋਚ-ਬੋਚ ਕਦਮ ਰੱਖ ਰਹੀਆਂ ਹਨ ਤਾਂ ਜੋ ਜਦੋਂ ਤੱਕ ਹੋ ਸਕੇ, ਵੱਡੇ ਪਲੇਟਫਾਰਮਾਂ ਤੋਂ ਲੋਕਹਿੱਤ ਦੀ ਬਾਤ ਪਾ ਸਕਣ। ਕੁਝ ਨੇ ਆਜ਼ਾਦਾਨਾ ਆਵਾਜ਼ ਨੂੰ ਕਾਇਮ ਰੱਖਣ ਲਈ ਆਵਾਮੀ ਚੌਂਕ ਵਿੱਚ ਵੈਬਸਾਈਟ ਨੁਮਾ ਖੋਖਾ ਖੋਲ੍ਹ ਲਿਆ ਹੈ। ਕੋਈ ਰੋਟੀ-ਟੁੱਕਰ ਲਈ ਵੀ ਇਹੋ ਜਿਹਾ ਓਹੜ-ਪੋਹੜ ਕਰ ਰਿਹਾ ਹੈ। ਕੁਝ ਕਲਮਾਂ ਦਿਲ ’ਤੇ ਪੱਥਰ ਰੱਖ, ਕਾਰ ਫਲੈਟ ਦੀ ਕਿਸ਼ਤ ਜਾਂ ਬੱਚੇ ਦੀ ਸਕੂਲ ਫ਼ੀਸ ਦਾ ਧਿਆਨ ਧਰ, ‘ਰੋਟੀਆਂ ਕਾਰਨ ਪੂਰੇ ਤਾਲ’ ਦੀ ਤਰਜ਼ ’ਤੇ ਹਾਥਰਸ ਤੋਂ ਲੈ ਕੇ ਜੰਤਰਮੰਤਰ ਤੱਕ ਭੱਜੀਆਂ ਫਿਰਦੀਆਂ ਹਨ। ਇਸ ਸਭ ਵਿਚਕਾਰ ਉਹ ਕਾਰਕੁਨ ਕਲਮਾਂ ਵੀ ਹਨ ਜੋ ਇਸ ਬਹਿਸ ’ਤੇ ਹੱਸਦੀਆਂ ਹਨ ਕਿ ਸਹਾਫ਼ਤ ਕਿੱਥੇ ਖ਼ਤਮ ਹੁੰਦੀ ਹੈ ਅਤੇ ਐਕਟੀਵਿਜ਼ਮ ਕਿੱਥੋਂ ਸ਼ੁਰੂ ਹੁੰਦਾ ਹੈ, ਪੁੱਛਦੀਆਂ ਹਨ ਕਿ ਜਦੋਂ ਇਰੀਨਾ ਸਲਾਵੀਨਾ ਨੇ ਆਪਣਾ ਸਸਕਾਰ ਆਪ ਕੀਤਾ ਸੀ ਤਾਂ ਭਾਂਬੜ ਸੁਰਖ਼ੀ ਲਿਖ ਰਹੇ ਸਨ ਕਿ ਧਰਨਾ ਮਾਰ ਰਹੇ ਸਨ?
ਰੇਲਾਂ ਰੋਕੀ ਬੈਠੇ ਕਿਸਾਨਾਂ-ਮਜ਼ਦੂਰਾਂ-ਕਾਮਿਆਂ ਲਈ; ਹਾਥਰਸ ਦੀ ਧੀ ਦੇ ਪਰਿਵਾਰ ਲਈ; ਮਹਿੰਗੇ ਹਸਪਤਾਲਾਂ ਸਾਹਵੇਂ ਮਰਦੇ ਲਾਚਾਰ ਮਰੀਜ਼ਾਂ ਲਈ; ਹਕੂਮਤੀ ਲਾਪ੍ਰਵਾਹੀ ਅਤੇ ਬੇਗਾਨਗੀ ਦੇ ਮਾਰੇ ਕੋਵਿਡ ਨੂੰ ਅਫ਼ਵਾਹ ਦੱਸਦੇ ਅਤੇ ਹਸਪਤਾਲ ਨਾ ਜਾਣ ਦਾ ਫੈਸਲਾ ਕਰੀ ਬੈਠੇ ਘਰੇ ਡਰੇ ਬੀਮਾਰ ਲਈ; ਰੋਜ਼ੀ ਰੋਟੀ ਤੋਂ ਆਤੁਰ ਗਰੀਬ ਹਮਾਤੜ ਸਾਥੀ ਲਈ; ਚਿਰਾਂ ਤੋਂ ਬੇਆਵਾਜ਼ ਕਰ ਦਿੱਤੇ ਗਏ ਹਾਸ਼ੀਏ-ਧੱਕੇ ਦਲਿਤ ਆਦਿਵਾਸੀ ਇਨਸਾਨ ਲਈ; ਹਾਲੇ ਜੰਮਣਾ ਏ ਜਿਨ੍ਹਾਂ ਉਹਨਾਂ ਦੀ ਨੰਨ੍ਹੀ ਜਾਨ ਲਈ ਆਪਣੀਆਂ ਅੱਖੀਆਂ, ਕੰਨ, ਨੱਕ, ਜ਼ੁਬਾਨ ਦਾ ਧਿਆਨ ਕਰੋ। ਸੁਰਖ਼ੀ ਪੜ੍ਹਨੋਂ ਰਹਿ ਗਏ ਤਾਂ ਭਾਂਬੜ ਬਾਲ ਵੀ ਪੜ੍ਹਾ ਦਿਆਂਗੇ ਪਰ ਯਾਦ ਰੱਖੋ, ਜੇ ਇਹ ਨਾ ਬਚੇ ਤਾਂ ਤੁਹਾਡੀ ਵੀ ਮੌਤ ਨਿਸ਼ਚਿਤ ਹੈ। ਬਿਨ ਅੱਖੀਆਂ ਕੰਨ ਨੱਕ ਜ਼ੁਬਾਨ ਜੀਊਂ ਕੇ ਕੀ ਕਰੋਗੇ? ਮਜ਼ਬੂਤ ਨੇਤਾ ਨਾਲ ਸੈਲਫ਼ੀ ਖਿਚਵਾਓਗੇ?
*(ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਅੱਜ ਤੱਕ ਸ਼ੋਹਬੇ ਵਿੱਚ ਕਿਸੇ ਐਸੇ ਨੂੰ ਨਹੀਂ ਮਿਲਿਆ ਜਿਹੜਾ ਆਪਣੇ ਆਪ ਨੂੰ ਜੂਨੀਅਰ ਪੱਤਰਕਾਰ ਦੱਸੇ ਅਤੇ ਆਜ਼ਾਦ ਕਲਮ ਹੋਣ ਦਾ ਦਾਅਵਾ ਨਾ ਕਰਦਾ ਹੋਵੇ।)