ਬਸ਼ੀਰ ਬਦਰ: ਰੁਮਾਨੀ ਤੇ ਮਖ਼ਮਲੀ ਸ਼ਾਇਰੀ ਦੇ ਯੁੱਗ ਦਾ ਅੰਤ
ਪ੍ਰੋ. ਕ੍ਰਿਸ਼ਨ ਕੁਮਾਰ ਰੱਤੂ ਪਣੇ ਰੁਮਾਨੀ ਸ਼ਬਦਾਂ ਅਤੇ ਮਖ਼ਮਲੀ ਸ਼ਾਇਰੀ ਦੇ ਅਨੋਖੇ ਅੰਦਾਜ਼ ਨਾਲ ਪੂਰੀ ਦੁਨੀਆ ਦੀਆਂ ਧੜਕਣਾਂ ਵਿੱਚ ਵੱਸਣ ਵਾਲੇ ਤੇ ਮੁਸ਼ਾਇਰਿਆਂ ਦੀ ਸ਼ਾਨ ਪ੍ਰਸਿੱਧ ਸ਼ਾਇਰ ਬਸ਼ੀਰ ਬਦਰ ਹੁਣ ਇਸ ਦੁਨੀਆ ਤੋਂ ਵਿਦਾ ਹੋ ਗਏ ਹਨ। ਉਨ੍ਹਾਂ ਦੇ ਜਾਣ...
ਪ੍ਰੋ. ਕ੍ਰਿਸ਼ਨ ਕੁਮਾਰ ਰੱਤੂ
ਪਣੇ ਰੁਮਾਨੀ ਸ਼ਬਦਾਂ ਅਤੇ ਮਖ਼ਮਲੀ ਸ਼ਾਇਰੀ ਦੇ ਅਨੋਖੇ ਅੰਦਾਜ਼ ਨਾਲ ਪੂਰੀ ਦੁਨੀਆ ਦੀਆਂ ਧੜਕਣਾਂ ਵਿੱਚ ਵੱਸਣ ਵਾਲੇ ਤੇ ਮੁਸ਼ਾਇਰਿਆਂ ਦੀ ਸ਼ਾਨ ਪ੍ਰਸਿੱਧ ਸ਼ਾਇਰ ਬਸ਼ੀਰ ਬਦਰ ਹੁਣ ਇਸ ਦੁਨੀਆ ਤੋਂ ਵਿਦਾ ਹੋ ਗਏ ਹਨ। ਉਨ੍ਹਾਂ ਦੇ ਜਾਣ ਨਾਲ ਉਰਦੂ ਸ਼ਾਇਰੀ ਵਿੱਚ ਰੁਮਾਨੀਅਤ ਦਾ ਉਹ ਚਿਹਰਾ ਗਾਇਬ ਹੋ ਗਿਆ ਹੈ, ਜਿਸ ਦੇ ਸ਼ਬਦਾਂ ਦੀ ਜਾਦੂਗਰੀ ਉਸ ਦੇ ਹਰ ਸ਼ਿਅਰ ਨੂੰ ਮੁਹਾਵਰਿਆਂ ਵਿੱਚ ਬਦਲ ਦਿੰਦੀ ਸੀ। ਇਉਂ ਲੋਕਾਂ ਦੇ ਦਿਲਾਂ ਤੱਕ ਪਹੁੰਚਣ ਵਾਲੀ ਸ਼ਾਇਰੀ ਦਾ ਜਨੂੰਨ ਤੇ ਜਾਦੂਈ ਅੰਦਾਜ਼ ਉਸ ਨੂੰ ਹੋਰ ਸ਼ਾਇਰਾਂ ਤੋਂ ਅਲੱਗ ਕਰਦਾ ਸੀ।
ਡਾ. ਬਸ਼ੀਰ ਬਦਰ ਦੀ ਉਰਦੂ ਸ਼ਾਇਰੀ ਵਿੱਚ ਮੁਹੱਬਤ ਅਤੇ ਮਾਨਵੀ ਕਦਰਾਂ-ਕੀਮਤਾਂ ਦਾ ਅਦਭੁੱਤ ਸੁਮੇਲ ਸੀ। ਸਟੇਜ ’ਤੇ ਉਨ੍ਹਾਂ ਦੀ ਅਦਾਇਗੀ ਨੇ ਦੁਨੀਆ ਭਰ ’ਚ ਮੁਸ਼ਾਇਰੇ ਲੁੱਟ ਲਏ। ਉਹ ਲੋਕ ਮਨਾਂ ਦੀ ਧੜਕਣ ਤੇ ਆਵਾਜ਼ ਬਣ ਕੇ ਸਾਹਮਣੇ ਆਏ। ਬਸ਼ੀਰ ਬਦਰ ਉਸ ਪੀੜ੍ਹੀ ਦੀ ਨੁਮਾਇੰਦਗੀ ਕਰਦੇ ਸਨ, ਜਿਸ ਨੇ ਹਿੰਦੋਸਤਾਨ ਦੀ ਵੰਡ ਤੇ ਭਾਰਤ ਪਾਕਿਸਤਾਨ ਦੀ ਦੋਸਤੀ ਦੁਸ਼ਮਣੀ ਦੋਵੇਂ ਦੇਖੀਆਂ। ਉਨ੍ਹਾਂ ਦੀ ਸ਼ਾਇਰੀ ਵਿੱਚ ਮੁਹੱਬਤ ਦਾ ਜਨੂੰਨ ਤੇ ਦਿਲ ਦੇ ਧੁਰ ਅੰਦਰ ਤੱਕ ਜਾਣ ਵਾਲੇ ਅਹਿਸਾਸ ਸਮਾਏ ਸਨ। ਉਨ੍ਹਾਂ ਦੀਆਂ ਗ਼ਜ਼ਲਾਂ ਨੂੰ ਦੁਨੀਆ ਭਰ ਦੇ ਗ਼ਜ਼ਲ ਗਾਇਕਾਂ ਨੇ ਦਿਲ ਭਰ ਕੇ ਗਾਇਆ। ਡਾ. ਬਸ਼ੀਰ ਬਦਰ ਦੀ ਮੌਤ ਨਾਲ ਮੈਂ ਆਪਣਾ ਇੱਕ ਅਜਿਹਾ ਦੋਸਤ ਗੁਆਇਆ ਹੈ, ਜਿਸ ਨਾਲ ਦੋਸਤੀ ਦੇ ਨਾਲ ਨਾਲ ਪਰਿਵਾਰਕ ਸਾਂਝ ਦਾ ਪੁਲ ਵੀ ਬਣਿਆ ਰਿਹਾ। ਡਾਕਟਰ ਬਸ਼ੀਰ ਬਦਰ ਦੀ ਦੋਸਤੀ ਤੋਂ ਸਮੇਂ ਸਮੇਂ ’ਤੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਪਿਛਲੇ 50 ਵਰ੍ਹੇ ਉਨ੍ਹਾਂ ਨਾਲ ਦੁੱਖ ਸੁਖ ਦਾ ਸਾਥ ਰਿਹਾ। ਉਨ੍ਹਾਂ ਨਾਲ ਆਖ਼ਰੀ ਮੁਲਾਕਾਤ ਉਨ੍ਹਾਂ ਦੇ ਭੁਪਾਲ ਸਥਿਤ ਘਰ ਵਿੱਚ ਹੋਈ ਸੀ, ਜਦੋਂ ਉਨ੍ਹਾਂ ਨੇ ਮੇਰਾ ਖਲੂਸ ਨਾਲ ਸਵਾਗਤ ਕੀਤਾ ਤੇ ਉਰਦੂ ਅਕਾਦਮੀ, ਭੁਪਾਲ ’ਚ ਇੱਕ ਵੱਡੇ ਜਲਸੇ ਵਿੱਚ ਸਨਮਾਨ ਵੀ ਕੀਤਾ ਸੀ। ਡਾ. ਬਸ਼ੀਰ ਬਦਰ ਦੀ ਦੋਸਤੀ ’ਤੇ ਮੈਨੂੰ ਸਦਾ ਮਾਣ ਰਹੇਗਾ। ਉਨ੍ਹਾਂ ਦੇ ਜਾਣ ਨਾਲ ਮੈਨੂੰ ਨਿੱਜੀ ਤੌਰ ’ਤੇ ਵੱਡਾ ਘਾਟਾ ਪਿਆ ਹੈ ਕਿਉਂਕਿ ਉਸ ਮਿਹਰਬਾਨ ਦੋਸਤ ਦੀ ਦੋਸਤੀ ਦਾ ਕੋਈ ਬਦਲ ਹੋ ਹੀ ਨਹੀਂ ਸਕਦਾ।
91 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ’ਤੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਸੋਗਵਾਰ ਹਨ। ਉਨ੍ਹਾਂ ਨੂੰ ਆਧੁਨਿਕ ਉਰਦੂ ਗ਼ਜ਼ਲ ਦਾ ਉਸਤਾਦ ਮੰਨਿਆ ਜਾਂਦਾ ਹੈ। ਸਾਹਿਤ ਵਿੱਚ ਯੋਗਦਾਨ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਸੀ। ਬਸ਼ੀਰ ਬਦਰ ਦਾ ਜਨਮ 15 ਫਰਵਰੀ 1935 ਨੂੰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਹੋਇਆ ਸੀ।
ਬਸ਼ੀਰ ਬਦਰ ਦਾ ਅਸਲ ਨਾਮ ਸੱਯਦ ਮੁਹੰਮਦ ਬਸ਼ੀਰ ਸੀ। ਉਨ੍ਹਾਂ ਨੇ ਆਪਣੀ ਉੱਚ ਸਿੱਖਿਆ ਅਤੇ ਪੀਐੱਚ ਡੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ ਐੱਮ ਯੂ) ਤੋਂ ਪੂਰੀ ਕੀਤੀ ਅਤੇ ਉੱਥੇ ਉਰਦੂ ਦੇ ਪ੍ਰੋਫੈਸਰ ਵਜੋਂ ਵੀ ਸੇਵਾ ਨਿਭਾਈ। ਬਦਰ ਹੋਰੀਂ ਸਰਲ, ਰੁਮਾਨੀ ਅਤੇ ਪ੍ਰਭਾਵਸ਼ਾਲੀ ਬੋਲਚਾਲ ਵਾਲੀ ਭਾਸ਼ਾ ਵਿੱਚ ਗ਼ਜ਼ਲਾਂ ਲਿਖਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਗ਼ਜ਼ਲ ਸ਼ੈਲੀ ਵਿੱਚ ਬਹੁਤ ਸਾਰੇ ਨਵੇਂ ਅਤੇ ਵਿਲੱਖਣ ਸ਼ਬਦਾਂ ਨੂੰ ਪੇਸ਼ ਕੀਤਾ।
ਸੱਤ ਵਰ੍ਹਿਆਂ ਦੀ ਉਮਰ ਵਿੱਚ ਸ਼ਾਇਰੀ ਸ਼ੁਰੂ ਕਰਨ ਵਾਲੇ ਉਹ ਅਦਭੁੱਤ ਪ੍ਰਤਿਭਾ ਦੇ ਧਨੀ ਉਰਦੂ ਸ਼ਾਇਰ ਸਨ। ਬਸ਼ੀਰ ਬਦਰ ਦੀ ਸ਼ਾਇਰੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਉਸ ਵਿਚਲੀ ਸਾਦਗੀ ਅਤੇ ਸਹਿਜਤਾ ਹੈ। ਉਨ੍ਹਾਂ ਨੇ ਆਪਣੀਆਂ ਗ਼ਜ਼ਲਾਂ ਵਿੱਚ ਰੋਜ਼ਾਨਾ ਦੇ ਸ਼ਬਦਾਂ ਦੀ ਬੜੇ ਸੁਹਜ ਨਾਲ ਵਰਤੋਂ ਕੀਤੀ, ਜੋ ਰਵਾਇਤੀ ਉਰਦੂ ਸ਼ਾਇਰੀ ਵਿੱਚ ਨਹੀਂ ਮਿਲਦੇ ਸਨ। ਉਨ੍ਹਾਂ ਦੀਆਂ ਲਿਖੀਆਂ ਉਰਦੂ ਸ਼ਾਇਰੀ ਦੀਆਂ ਪੁਸਤਕਾਂ ਵਿੱਚ ‘ਇਮਕਾਨ’, ‘ਆਹਟੇਂ’, ‘ਕੁਲੀਆਤ-ਏ-ਬਸ਼ੀਰ ਬਦਰ’, ਅਤੇ ‘ਉਜਾਲੇ ਅਪਨੀ ਯਾਦੋਂ ਕੇ’ ਸ਼ਾਮਿਲ ਹਨ। ਆਪਣੇ ਪੇਸ਼ੇਵਰ ਜੀਵਨ ਦੌਰਾਨ ਉਨ੍ਹਾਂ ਨੇ ਦੋ ਆਲੋਚਨਾਤਮਕ ਕਿਤਾਬਾਂ ਲਿਖੀਆਂ: ‘ਆਜ਼ਾਦੀ ਕੇ ਬਾਅਦ ਉਰਦੂ ਗ਼ਜ਼ਲ ਕਾ ਤਨਕੀਦੀ ਮੁਤਾਲਾ’ ਅਤੇ ‘ਬੀਸਵੀਂ ਸਦੀ ਮੇਂ ਗ਼ਜ਼ਲ’। ਉਨ੍ਹਾਂ ਨੇ ਬਿਹਾਰ ਉਰਦੂ ਅਕਾਦਮੀ ਵਿੱਚ ਚੇਅਰਮੈਨ ਵਜੋਂ ਵੀ ਸੇਵਾ ਨਿਭਾਈ।
ਸ਼ਾਇਰੀ ਵਿੱਚ ਪੁਸਤਕਾਂ ਤੇ ਉਨ੍ਹਾਂ ਦੇ ਅਨੁਵਾਦ ਬੇਹੱਦ ਮਕਬੂਲ ਹੋਏ ਹਨ।
ਆਪਣੀ ਸ਼ਾਇਰੀ ਰਾਹੀਂ ਪਿਆਰ ਦੀ ਗੱਲ ਕਰਨ ਵਾਲੇ ਬਸ਼ੀਰ ਬਦਰ ਨੂੰ 1987 ਵਿੱਚ ਮੇਰਠ ’ਚ ਹੋਏ ਫ਼ਿਰਕੂ ਦੰਗਿਆਂ ਦੌਰਾਨ ਨਫ਼ਰਤ ਦਾ ਸਾਹਮਣਾ ਕਰਨਾ ਪਿਆ। ਉਸ ਮਗਰੋਂ ਹੋਈ ਹਿੰਸਾ ਵਿੱਚ ਉਨ੍ਹਾਂ ਦਾ ਘਰ ਸਾੜ ਦਿੱਤਾ ਗਿਆ, ਜਿਸ ਨਾਲ ਉਨ੍ਹਾਂ ਦੀਆਂ ਬਹੁਤ ਸਾਰੀਆਂ ਇਤਿਹਾਸਕ, ਅਣਪ੍ਰਕਾਸ਼ਿਤ ਰਚਨਾਵਾਂ ਅਤੇ ਕਵਿਤਾਵਾਂ ਤਬਾਹ ਹੋ ਗਈਆਂ। ਇਸ ਘਟਨਾ ਮਗਰੋਂ ਉਹ ਸਥਾਈ ਤੌਰ ’ਤੇ ਭੁਪਾਲ ਚਲੇ ਗਏ ਅਤੇ ਇੱਥੇ ਹੀ ਉਨ੍ਹਾਂ ਆਖ਼ਰੀ ਸਾਹ ਲਏ।
ਬਸ਼ੀਰ ਬਦਰ ਦੱਸਦੇ ਸਨ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਜ਼ੁਲਫਿਕਾਰ ਅਲੀ ਭੁੱਟੋ ਨੂੰ ਸ਼ਿਮਲਾ ਸਮਝੌਤੇ ਦੌਰਾਨ ਵੰਡ ਬਾਰੇ ਲਿਖਿਆ ਬਦਰ ਦਾ ਇੱਕ ਦੋਹਾ ਸੁਣਾਇਆ ਸੀ, ਜੋ ਉਨ੍ਹਾਂ ਦੇ ਸਭ ਤੋਂ ਮਸ਼ਹੂਰ ਸ਼ਿਅਰ ਵਿੱਚੋਂ ਸੀ:
ਦੁਸ਼ਮਨੀ ਜਮ ਕਰ ਕਰੋ ਲੇਕਿਨ ਯੇ ਗੁੰਜਾਇਸ਼ ਰਹੇ,
ਜਬ ਕਭੀ ਹਮ ਦੋਸਤ ਹੋ ਜਾਏਂ ਤੋ ਸ਼ਰਮਿੰਦਾ ਨ ਹੋਂ।
ਦੁਸ਼ਮਨੀ ਕਾ ਸਫ਼ਰ ਇਕ ਕ਼ਦਮ ਦੋ ਕ਼ਦਮ,
ਹਮ ਭੀ ਥਕ ਜਾਏਂਗੇ, ਤੁਮ ਭੀ ਥਕ ਜਾਓਗੇ।
ਬਾਅਦ ਵਿੱਚ ਉਨ੍ਹਾਂ ਨੂੰ ਡਿਮੈਂਸ਼ੀਆ (ਭੁੱਲਣ ਵਾਲੀ ਬਿਮਾਰੀ) ਹੋ ਗਿਆ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਹੁਣ ਪਤਨੀ ਡਾ. ਰਾਹਤ ਬਦਰ ਹੈ। ਉਨ੍ਹਾਂ ਦੇ ਪੁੱਤਰ ਨੁਸਰਤ ਬਦਰ ਦਾ 24 ਜਨਵਰੀ 2020 ਨੂੰ ਦੇਹਾਂਤ ਹੋ
ਗਿਆ ਸੀ।
ਬਸ਼ੀਰ ਬਦਰ ਦੇ ਸਭ ਤੋਂ ਮਸ਼ਹੂਰ ਸ਼ਿਅਰਾਂ ਦੀ ਇੱਕ ਵੰਨਗੀ ਦੇਖੋ:
- ਮੁਸਾਫ਼ਿਰ ਹੈਂ ਹਮ ਭੀ ਮੁਸਾਫ਼ਿਰ ਹੋ ਤੁਮ ਭੀ
ਕਿਸੀ ਮੋੜ ਪਰ ਫਿਰ ਮੁਲਾਕਾਤ ਹੋਗੀ
- ਜ਼ਿੰਦਗੀ ਤੂਨੇ ਮੁਝੇ ਕਬ੍ਰ ਸੇ ਕਮ ਦੀ ਹੈ ਜ਼ਮੀਂ
ਪਾਂਵ ਫੈਲਾਊਂ ਤੋ ਦੀਵਾਰ ਮੇਂ ਸਰ ਲਗਤਾ ਹੈ
- ਉਜਾਲੇ ਅਪਨੀ ਯਾਦੋਂ ਕੇ ਹਮਾਰੇ ਸਾਥ ਰਹਨੇ ਦੋ
ਨ ਜਾਨੇ ਕਿਸ ਗਲੀ ਮੇਂ ਜ਼ਿੰਦਗੀ ਕੀ ਸ਼ਾਮ ਹੋ ਜਾਏ
- ਸਰ ਝੁਕਾਓਗੇ ਤੋ ਪੱਥਰ ਦੇਵਤਾ ਹੋ ਜਾਏਗਾ,
ਇਤਨਾ ਮਤ ਚਾਹੋ ਉਸੇ ਵੋ ਬੇਵਫ਼ਾ ਹੋ ਜਾਏਗਾ
- ਕੋਈ ਹਾਥ ਭੀ ਨ ਮਿਲਾਏਗਾ ਜੋ ਗਲੇ ਮਿਲੋਗੇ ਤਪਾਕ ਸੇ,
ਯੇ ਨਏ ਮਿਜ਼ਾਜ ਕਾ ਸ਼ਹਰ ਹੈ ਜ਼ਰਾ ਫਾਸਲੇ ਸੇ ਮਿਲਾ ਕਰੋ
- ਦੁਸ਼ਮਨੋਂ ਕੇ ਸਾਥ ਭੀ ਮੇਰੇ ਤਾਅਲੁਕ ਅੱਛੇ ਹੈਂ,
ਮੇਰੀ ਫਿਤਰਤ ਮੇਂ ਨਫ਼ਰਤ ਕਾ ਕੋਈ ਕਾਮ ਨਹੀਂ।
ਡਾਕਟਰ ਬਸ਼ੀਰ ਬਦਰ ਦੇ ਚਲੇ ਜਾਣ ਦੇ ਨਾਲ ਊਰਦੂ ਸ਼ਾਇਰੀ ਦਾ ਵਿਹੜਾ ਸੁੰਨਾ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਉਰਦੂ ਸ਼ਾਇਰੀ ਦੀ ਇਹ ਰੁਮਾਨੀ ਆਵਾਜ਼ ਹੁਣ ਕਦੇ ਵੀ ਸੁਣਾਈ ਨਹੀਂ ਦੇਵੇਗੀ।
ਅਲਵਿਦਾ ਬਸ਼ੀਰ ਬਦਰ!

