ਕਾਂਗਰਸ ਦੀ ਬੇੜੀ ਵਿੱਚ ਵੱਟੇ...

ਕਾਂਗਰਸ ਦੀ ਬੇੜੀ ਵਿੱਚ ਵੱਟੇ...

ਰਸ਼ੀਦ ਕਿਦਵਈ*

ਕਾਂਗਰਸ ਦੇ 136 ਸਾਲਾ ਇਤਿਹਾਸ ਵਿੱਚ ਪਾਰਟੀ ਦੀ ਸਭ ਤੋਂ ਲੰਬਾ ਸਮਾਂ ਪ੍ਰਧਾਨ ਰਹਿਣ ਵਾਲੀ ਸੋਨੀਆ ਗਾਂਧੀ ਨੂੰ ਪਾਰਟੀ ਦੇ ਉਮਰਦਰਾਜ਼ ਆਗੂਆਂ ਦੀਆਂ ਸੇਵਾਵਾਂ ਦੀ ਲੋੜ ਪੈ ਗਈ ਹੈ, ਜਿਨ੍ਹਾਂ ਵਿੱਚ ਅੰਬਿਕਾ ਸੋਨੀ, ਦਿਗਵਿਜੇ ਸਿੰਘ, ਵੀਰੱਪਾ ਮੋਇਲੀ, ਏਕੇ ਐਂਟੋਨੀ, ਮੁਕੁਲ ਵਾਸਨਿਕ ਅਤੇ ਕੁਝ ਹੋਰ ਸ਼ਾਮਲ ਹਨ। ਦਿਗਵਿਜੇ ਸਿੰਘ ਨੂੰ ਭਾਜਪਾ ਸਰਕਾਰ ਖ਼ਿਲਾਫ਼ ਦੇਸ਼-ਵਿਆਪੀ ਅੰਦੋਲਨ ਜਥੇਬੰਦ ਕਰਨ ਬਾਰੇ ਕਮੇਟੀ ਦਾ ਮੁਖੀ ਥਾਪਿਆ ਗਿਆ ਹੈ, ਜਦੋਂਕਿ ਮੋਇਲੀ ਨੂੰ ਜਾਤ ਆਧਾਰਿਤ ਮਰਦਮਸ਼ੁਮਾਰੀ ਦੇ ਗੁੰਝਲਦਾਰ ਮਾਮਲੇ ਬਾਰੇ ਕਮੇਟੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਤਰ੍ਹਾਂ ਬੀਬੀ ਸੋਨੀ, ਐਂਟੋਨੀ ਅਤੇ ਵਾਸਨਿਕ ਉਸ ਛੇ-ਮੈਂਬਰੀ ਕਮੇਟੀ ਵਿੱਚ ਸ਼ਾਮਲ ਸਨ, ਜਿਹੜੀ ਅਗਸਤ 2020 ਵਿੱਚ ਉਦੋਂ ਕਾਇਮ ਕੀਤੀ ਗਈ ਸੀ, ਜਦੋਂ 23 ਕਾਂਗਰਸੀ ਆਗੂਆਂ ਦੇ ਇੱਕ ਗਰੁੱਪ ਨੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੀ ਆਲੋਚਨਾ ਕਰਦੀ ਇੱਕ ਚਿੱਠੀ ਲਿਖੀ ਸੀ। ਇਸ 23-ਮੈਂਬਰੀ ਗਰੁੱਪ (ਜੀ-23) ਨੇ ਪਾਰਟੀ ਦੀਆਂ ਅੰਦਰੂਨੀ ਚੋਣਾਂ ਕਰਾਉਣ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਿਆਪਕ ਸੁਧਾਰਾਂ ਦੀ ਮੰਗ ਕੀਤੀ ਸੀ।

ਇਸ ਛੇ-ਮੈਂਬਰੀ ਕਮੇਟੀ ਵਿੱਚ ਅਹਿਮਦ ਪਟੇਲ, ਸੋਨੀ, ਐਂਟੋਨੀ, ਵਾਸਨਿਕ, ਕੇਸੀ ਵੇਣੂਗੋਪਾਲ ਅਤੇ ਰਣਦੀਪ ਸਿੰਘ ਸੁਰਜੇਵਾਲਾ ਸ਼ਾਮਲ ਸਨ, ਜਿਸ ਨੇ ਉਸ ਦੌਰਾਨ ਕਈ ਪਾਰਟੀ ਆਗੂਆਂ ਨਾਲ ਮੀਟਿੰਗਾਂ ਕੀਤੀਆਂ। ਉਸ ਤੋਂ ਬਾਅਦ ਸੋਨੀਆ ਗਾਂਧੀ ਨੇ ਕਾਂਗਰਸ ਵਰਕਿੰਗ ਕਮੇਟੀ ਦਾ ਮੁੜਗਠਨ ਕੀਤਾ, ਜਿਸ ਦੌਰਾਨ ਜੀ-23 ਦੇ ਕੁਝ ਨਾਰਾਜ਼ ਆਗੂਆਂ ਨੂੰ ਵੀ ਕਾਂਗਰਸ ਵਰਕਿੰਗ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ। ਇਸ ਤੋਂ ਬਾਅਦ ਸੋਨੀਆ ਗਾਂਧੀ ਨੇ ਆਪਣੀ ਰਿਹਾਇਸ਼ ’ਤੇ ਦਸੰਬਰ 2020 ਵਿੱਚ ਜੀ-23 ਆਗੂਆਂ ਨਾਲ ਮੁਲਾਕਾਤ ਵੀ ਕੀਤੀ। ਇਸ ਦੌਰਾਨ ਨਵੰਬਰ 2020 ਵਿੱਚ ਪਟੇਲ ਦੀ ਮੌਤ ਹੋ ਗਈ ਅਤੇ ਦੱਸਿਆ ਜਾਂਦਾ ਹੈ ਕਿ ਛੇ-ਮੈਂਬਰੀ ਕਮੇਟੀ ਦੇ ਬਾਕੀ ਆਗੂਆਂ ਨੇ ਸੋਨੀਆ ਗਾਂਧੀ ਨੂੰ ਰਿਪੋਰਟ ਦਿੱਤੀ ਸੀ ਕਿ ਜੀ-23 ਆਗੂਆਂ ਨੇ ਆਪਣੀਆਂ ਸਰਗਰਮੀਆਂ ਬੰਦ ਕਰਨ ਲਈ ਹਾਮੀ ਭਰ ਦਿੱਤੀ ਸੀ। ਪਰ ਸਾਫ਼ ਹੈ ਕਿ ਅਜਿਹਾ ਨਹੀਂ ਹੋਇਆ, ਕਿਉਂਕਿ ਨਾਰਾਜ਼ ਆਗੂਆਂ ਨੇ ਪਾਰਟੀ ਵਿੱਚ ਵਿਆਪਕ ਸੁਧਾਰਾਂ ਦੀ ਮੰਗ ਕਰਦਿਆਂ ਆਪਣਾ ਅੰਦੋਲਨ ਤੇਜ਼ ਕਰ ਦਿੱਤਾ ਹੈ।

ਪਾਰਟੀ ਵਿੱਚ ਪੈਦਾ ਹੋਣ ਵਾਲੇ ਸੰਕਟਾਂ ਨਾਲ ਸਿੱਝਣ ਵਾਲਿਆਂ ਦੀ ਸੋਨੀਆ ਗਾਂਧੀ ਵੱਲੋਂ ਕੀਤੀ ਗਈ ਚੋਣ ਵੀ ਦਿਲਚਸਪ ਹੈ। ਮੋਇਲੀ ਤੇ ਵਾਸਨਿਕ ਦੋਵੇਂ ਹੀ ਚਿੱਠੀ ’ਤੇ ਦਸਤਖ਼ਤ ਕਰਨ ਵਾਲੇ ਜੀ-23 ਆਗੂਆਂ ਵਿੱਚ ਸ਼ਾਮਲ ਦੱਸੇ ਜਾਂਦੇ ਹਨ। ਇਸੇ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਅੰਬਿਕਾ ਸੋਨੀ ਨੇ ਵੀ ਸੋਨੀਆ ਗਾਂਧੀ ਨੂੰ ਅਗਸਤ 2019 ਵਿੱਚ ਇੱਕ ਈਮੇਲ ਭੇਜੀ ਸੀ, ਜਿਸ ਵਿੱਚ ਉਨ੍ਹਾਂ ਸਰਗਰਮ ਸਿਆਸਤ ਤੋਂ ਸੰਨਿਆਸ ਲੈਣ ਦੀ ਇੱਛਾ ਪ੍ਰਗਟਾਈ ਸੀ। ਪਰ ਸੋਨੀਆ ਗਾਂਧੀ ਨੇ ਨਾ ਸਿਰਫ਼ ਅੰਬਿਕਾ ਸੋਨੀ ਦੀ ਸੇਵਾਮੁਕਤੀ ਦੀ ਅਰਜ਼ੀ ਹੀ ਰੱਦ ਕਰ ਦਿੱਤੀ, ਸਗੋਂ ਉਨ੍ਹਾਂ ਨੂੰ ਨਾਰਾਜ਼ ਆਗੂਆਂ ਨੂੰ ਸ਼ਾਂਤ ਕਰਨ ਦੇ ਕੰਮ ਵੀ ਲਾ ਦਿੱਤਾ। ਐਂਟੋਨੀ ਦਾ ਕਾਂਗਰਸ ਪਰਿਵਾਰ ਵਿੱਚ ਭਾਰੀ ਸਤਿਕਾਰ ਹੈ, ਜਿਨ੍ਹਾਂ ਨੇ ਕਾਂਗਰਸ ਵਿੱਚ ਜਥੇਬੰਦਕ ਢਾਂਚੇ ਵਿੱਚ ਵਿਆਪਕ ਸੁਧਾਰਾਂ ਲਈ ਬਹੁਤ ਸਾਰੀਆਂ ਰਿਪੋਰਟਾਂ ਤਿਆਰ ਕੀਤੀਆਂ ਹਨ।

ਅੰਬਿਕਾ ਤੇ ਐਂਟੋਨੀ ਨੇ ਜਿਹੜੀ ਰਿਪੋਰਟ ਕੁੱਲ ਹਿੰਦ ਕਾਂਗਰਸ ਕਮੇਟੀ (ਏਆਈਸੀਸੀ) ਦੇ ਜਨਰਲ ਸਕੱਤਰ ਤੇ ਪਾਰਟੀ ਦੇ ਜਥੇਬੰਦਕ ਮਾਮਲਿਆਂ ਦੇ ਇੰਚਾਰਜ ਵੇਣੂਗੋਪਾਲ ਰਾਹੀਂ ਭੇਜੀ ਸੀ, ਉਸ ਦੇ ਵਿਸ਼ਾ-ਵਸਤੂ ਬਾਰੇ ਕੋਈ ਜਾਣਕਾਰੀ ਦੇਣ ਤੋਂ ਅੰਬਿਕਾ ਸੋਨੀ ਤੇ ਐਂਟੋਨੀ ਨੇ ਮੂੰਹ ਬੰਦ ਹੀ ਰੱਖਿਆ ਹੈ। ਅੰਬਿਕਾ ਸੋਨੀ ਤੇ ਐਂਟੋਨੀ ਨੇ ਪਾਰਟੀ ਆਗੂਆਂ ਨਾਲ ਆਪਣੀ ਗੱਲਬਾਤ ਦੇ ਆਧਾਰ ’ਤੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਬਾਰੇ ਵੀ ਪਾਰਟੀ ਲੀਡਰਸ਼ਿਪ ਨੂੰ ਜਾਣਕਾਰੀ ਦਿੱਤੀ ਸੀ। ਕਾਂਗਰਸ ਵੀ ਕਿਸ਼ੋਰ ਨੂੰ ਆਪਣੇ ਨਾਲ ਮਿਲਾਉਣ ਲਈ ਕਾਹਲੀ ਜਾਪਦੀ ਹੈ, ਪਰ ਚਾਹੁੰਦੀ ਹੈ ਕਿ ਸੋਨੀਆ ਗਾਂਧੀ ਵੱਲੋਂ ਏਆਈਸੀਸੀ ਸਕੱਤਰੇਤ ਵਿੱਚ ਉਨ੍ਹਾਂ ਦੀ ਭੂਮਿਕਾ ਤੇ ਰੁਤਬਾ ਸਾਫ਼ ਤੌਰ ’ਤੇ ਤੈਅ ਕੀਤਾ ਜਾਵੇ।

ਇਸ ਮਾਮਲੇ ਵਿੱਚ ਪਾਰਟੀ ਲਈ ਜ਼ਰੂਰੀ ਹੈ ਕਿ ਉਹ ਕਿਸ਼ੋਰ ਦੇ ਅਹੁਦੇ ਜਾਂ ਅਹੁਦੇ ਦੇ ਨਾਂ ਬਾਰੇ ਸੋਚਣ ਨਾਲੋਂ ਆਪਣੀ ਜਥੇਬੰਦਕ ਕਾਇਆ-ਕਲਪ ਨੂੰ ਵੱਧ ਤਰਜੀਹ ਦੇਵੇ ਅਤੇ ਇਸ ਤੋਂ ਬਾਅਦ ਟਿਕਟਾਂ ਦੀ ਵੰਡ ਦੇ ਢਾਂਚੇ, ਚੋਣ ਗੱਠਜੋੜਾਂ ਅਤੇ ਫੰਡ ਇਕੱਤਰ ਕਰਨ ਆਦਿ ਦੇ ਅਮਲ ਦਾ ਸੰਸਥਾਈਕਰਨ ਕੀਤਾ ਜਾਣਾ ਚਾਹੀਦਾ ਹੈ। ਪਾਰਟੀ ਵਿੱਚ ਕਿਸ਼ੋਰ ਨੂੰ ਫ਼ੌਰੀ ਤੌਰ ’ਤੇ ਸ਼ਾਮਲ ਕਰਨ ਦੇ ਮਾਮਲੇ ’ਤੇ ਸਾਫ਼ ਤੌਰ ’ਤੇ ਕੁਝ ਅੜਚਣ ਜਾਂ ਅੰਦਰੂਨੀ ਮਤਭੇਦ ਜਾਪਦੇ ਹਨ। ਇੱਕ ਵਿਚਾਰ ਇਹ ਹੈ ਕਿ ਦੋਵਾਂ ਧਿਰਾਂ ਨੂੰ ਇਸ ਮਾਮਲੇ ’ਤੇ ਹੋਰ ਸੋਚ-ਵਿਚਾਰ ਕਰਨੀ ਚਾਹੀਦੀ ਹੈ। ਜੇ ਇਹ ਸੋਚ ਅਗਾਂਹ ਤੁਰਦੀ ਹੈ ਤਾਂ ਹੋ ਸਕਦਾ ਹੈ ਕਿ ਕਿਸ਼ੋਰ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਅਤੇ ਮਨੀਪੁਰ ਦੀਆਂ ਵਿਧਾਨ ਸਭਾਈ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਕਾਂਗਰਸ ਵਿੱਚ ਸ਼ਾਮਲ ਹੋਣ।

ਸੀਵੋਟਰ ਵੱਲੋਂ ਕੀਤੇ ਗਏ ਹਾਲੀਆ ਚੋਣ ਸਰਵੇਖਣ ਵਿੱਚ ਆਗਾਮੀ ਚੋਣਾਂ ਵਾਲੇ ਸਾਰੇ ਹੀ ਸੂਬਿਆਂ - ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਤੇ ਮਨੀਪੁਰ ਵਿੱਚ ਕਾਂਗਰਸ ਦੀ ਹਾਲਤ ਕਾਫ਼ੀ ਪਤਲੀ ਦਿਖਾਈ ਦਿੰਦੀ ਹੈ। ਇਹ ਚੋਣ ਸਰਵੇਖਣ ਕਾਂਗਰਸ ਦੇ ਆਪਣੇ ਅੰਦਰੂਨੀ ਮੁਲਾਂਕਣ ਤੋਂ ਉਲਟ ਹੈ ਕਿਉਂਕਿ ਕਾਂਗਰਸੀ ਮੁਲਾਂਕਣ ਵਿੱਚ ਪੰਜਾਬ ਤੇ ਉੱਤਰਾਖੰਡ ਵਿੱਚ ਪਾਰਟੀ ਦੇ ਜੇਤੂ ਰਹਿਣ ਅਤੇ ਮਨੀਪੁਰ ਵਿੱਚ ਵਧੀਆ ਟੱਕਰ ਦੇ ਸਕਣ ਦੀ ਗੱਲ ਕਹੀ ਗਈ ਹੈ। ਕਾਂਗਰਸ ਲਈ ਹੋਰ ਵੀ ਵੱਧ ਪਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਸੀਵੋਟਰ-ਏਬੀਪੀ ਨਿਊਜ਼ ਨੇ ਇਸ ਸਰਵੇਖਣ ਰਾਹੀਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਜਾਰੀ ਅੰਦਰੂਨੀ ਲੜਾਈ ਅਤੇ ਨਾਲ ਹੀ ਇਸ ਦਾ ਸਿਖਰਲੀ ਲੀਡਰਸ਼ਿਪ ਦਾ ਸੰਕਟ (ਰਾਹੁਲ ਗਾਂਧੀ ਦਾ ਮੁੜ ਏਆਈਸੀਸੀ ਦਾ ਪ੍ਰਧਾਨ ਬਣਨ ਤੋਂ ਇਨਕਾਰੀ ਹੋਣਾ) ਪਾਰਟੀ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾ ਰਿਹਾ ਹੈ।

ਪੰਜਾਬ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਆਪੋ-ਆਪਣਾ ਹੱਥ ਉੱਚਾ ਰੱਖਣ ਦੀ ਚੱਲ ਰਹੀ ਲੜਾਈ ਨੇ ਉੱਤਰਾਖੰਡ ਵਿੱਚ ਵੀ ਕਾਂਗਰਸ ਦੀਆਂ ਸੰਭਾਵਨਾਵਾਂ ’ਤੇ ਮਾੜਾ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਉੱਤਰਾਖੰਡ ਵਿੱਚ ਪਾਰਟੀ ਦੇ ਮੁੱਖ ਮੰਤਰੀ ਵਜੋਂ ਗ਼ੈਰਰਸਮੀ ਉਮੀਦਵਾਰ ਹਰੀਸ਼ ਰਾਵਤ ਹੀ ਪੰਜਾਬ ਵਿੱਚ ਪਾਰਟੀ ਦੇ ਮਾਮਲਿਆਂ ਦੇ ਇੰਚਾਰਜ ਹਨ। ਪੰਜਾਬ ਵਿੱਚ ਆਪਣੀ ਭਾਰੀ ਮਸਰੂਫ਼ੀਅਤ ਕਾਰਨ ਇਸ 73 ਸਾਲਾ ਆਗੂ ਕੋਲ ਆਪਣੇ ਜੱਦੀ ਸੂਬੇ ਉੱਤਰਾਖੰਡ ਨੂੰ ਦੇਣ ਲਈ ਨਾ ਤਾਂ ਬਹੁਤਾ ਸਮਾਂ ਬਚਦਾ ਹੈ ਤੇ ਨਾ ਹੀ ਤਾਕਤ। ਇੰਨਾ ਹੀ ਨਹੀਂ, ਦੋਵੇਂ ਸਿੱਧੂ ਤੇ ਕੈਪਟਨ ਧੜੇ ਰਾਵਤ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਵੀ ਜਾਪਦੇ ਹਨ, ਜਿਸ ਨਾਲ ਉੱਤਰਾਖੰਡ ਵਿੱਚ ਵੀ ਉਨ੍ਹਾਂ ਦੀ ਸਥਿਤੀ ਕਮਜ਼ੋਰ ਹੁੰਦੀ ਹੈ। ਸ਼ਾਇਦ ਇਸੇ ਕਾਰਨ ਰਾਵਤ ਪੰਜਾਬ ਦੀ ਜ਼ਿੰਮੇਵਾਰੀ ਤੋਂ ਸੁਰਖ਼ਰੂ ਕਰਨ ਦੀਆਂ ਅਪੀਲਾਂ ਕਰ ਰਹੇ ਹਨ, ਪਰ ਪਾਰਟੀ ਲੀਡਰਸ਼ਿਪ ਹਾਲੇ ਤੱਕ ਉਨ੍ਹਾਂ ਦਾ ਬਦਲ ਨਹੀਂ ਲੱਭ ਸਕੀ।

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦਿਗਵਿਜੇ ਸਿੰਘ ਵੀ ਇੱਕ ਤਰ੍ਹਾਂ ਵਾਪਸੀ ਕਰ ਰਹੇ ਹਨ, ਜਿਨ੍ਹਾਂ ਨੂੰ ਕੇਂਦਰ ਸਰਕਾਰ ਖ਼ਿਲਾਫ਼ ਦੇਸ਼ ਵਿਆਪੀ ਅੰਦੋਲਨਾਂ ਦੀ ਰੂਪ-ਰੇਖਾ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਦਿਗਵਿਜੇ ਪਾਰਟੀ ਦੇ ਕੇਂਦਰੀ ਜਨਰਲ ਸਕੱਤਰ ਸਨ, ਪਰ ਉਨ੍ਹਾਂ ਨੂੰ 2017 ਵਿੱਚ ਅਹੁਦੇ ਤੋਂ ਲਾਹ ਦਿੱਤਾ ਗਿਆ ਸੀ। ਪਾਰਟੀ ਦੇ ਅੰਦਰੂਨੀ ਹਲਕਿਆਂ ਮੁਤਾਬਕ ਉਨ੍ਹਾਂ ਦਾ ਭਵਿੱਖੀ ਰੋਲ ‘ਸ਼ਾਂਤੀ-ਸਥਾਪਨਾ’ ਦਾ ਹੀ ਹੋਵੇਗਾ। ਇਸੇ ਤਰ੍ਹਾਂ ਗ਼ੈਰਰਸਮੀ ਤੌਰ ’ਤੇ ਕਮਲ ਨਾਥ ਵੀ ਇਨ੍ਹੀਂ ਦਿਨੀਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਤੇ ਸੂਬੇ ਦੇ ਮੰਤਰੀ ਟੀਐੱਸ ਸਿੰਘਦਿਓ ਦਰਮਿਆਨ ਅਮਨ ਬਹਾਲੀ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ।

ਕਾਂਗਰਸ ਵਿੱਚ ਵਾਪਰ ਰਹੀਆਂ ਘਟਨਾਵਾਂ ਦਾ ਇੱਕ ਖ਼ਾਸ ਰੰਗ-ਢੰਗ ਸਾਫ਼ ਦਿਖਾਈ ਦਿੰਦਾ ਹੈ। ਇੱਕ ਪਾਸੇ ਉਮਰਦਰਾਜ਼ ਆਗੂ ਪਾਰਟੀ ਵਿੱਚ ਅਮਨ ਬਹਾਲੀ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਹੋਏ ਹਨ, ਦੂਜੇ ਪਾਸੇ ਜੀ-23 ਵੱਲੋਂ ਨਾਰਾਜ਼ਗੀ ਭੜਕਾਈ ਜਾ ਰਹੀ ਹੈ, ਜਦੋਂਕਿ ਇਸ ਗਰੁੱਪ ਵਿੱਚ ਵੀ ਉਮਰਦਰਾਜ਼ ਆਗੂਆਂ ਦਾ ਹੀ ਇੱਕ ਵੱਖਰਾ ਧੜਾ ਸ਼ਾਮਲ ਹੈ। ਦੂਜੇ ਪਾਸੇ ਵੇਣੂਗੋਪਾਲ ਅਤੇ ਸੁਰਜੇਵਾਲਾ ਦੇ ਸੰਸਥਾਗਤ ਅਹੁਦਿਆਂ ਨੂੰ ਛੱਡ ਕੇ, ਰਾਹੁਲ ਤੇ ਉਨ੍ਹਾਂ ਦੀ ਟੀਮ ਦਾ ਕੋਈ ਟਿਕਾਣਾ ਨਹੀਂ ਹੈ।

*ਲੇਖਕ ਸੀਨੀਅਰ ਪੱਤਰਕਾਰ ਹੈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਚੰਨੀ ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿੱਚ ਭਾਜਪਾ ਸ਼ਾਮਲ ਨਾ ਹੋਈ; ...

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਫਾਰੂਕ ਅਬਦੁੱਲ੍ਹਾ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਕਰਨ ਦੇ ਦਿੱਤੇ ਗਏ ਸੁ...

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦਾ ਮੁਆਵਜ਼ਾ ਮੰਗਿਆ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਬਜਰੰਗ ਦਲ ਦੇ ਕਾਰਕੁਨਾਂ ਨੇ ਸੈੱਟ ’ਤੇ ਪਹੁੰਚ ਕੇ ਭੰਨਤੋੜ ਕੀਤੀ

ਸ਼ਹਿਰ

View All