ਭਗਤ ਕਬੀਰ ਦੀ ਬਾਣੀ ਹਰ ਯੁਗ ਵਿਚ ਸਾਰਥਿਕ : The Tribune India

ਭਗਤ ਕਬੀਰ ਦੀ ਬਾਣੀ ਹਰ ਯੁਗ ਵਿਚ ਸਾਰਥਿਕ

ਭਗਤ ਕਬੀਰ ਦੀ ਬਾਣੀ ਹਰ ਯੁਗ ਵਿਚ ਸਾਰਥਿਕ

ਡਾ. ਰਵਿੰਦਰ ਸਿੰਘ

ਭਗਤ ਕਬੀਰ ਜੀ ਭਾਰਤੀ ਸੰਸਕ੍ਰਿਤੀ ਵਿੱਚ ਸਥਾਪਤੀ ਵਿਰੁੱਧ ਵਿਦਰੋਹੀ ਵਿਚਾਰ ਪੇਸ਼ ਕਰਨ ਕਰਕੇ ਲੋਕਪ੍ਰਿਅਤਾ ਪ੍ਰਾਪਤ ਕਰਨ ਵਾਲੇ ਸ਼੍ਰੋਮਣੀ ਭਗਤ ਹਨ। ਭਗਤੀ ਲਹਿਰ ਦੀਆਂ ਬੁਲੰਦ, ਮਾਨਵਵਾਦੀ ਤੇ ਵਿਵੇਕੀ ਸੁਰਾਂ ਵਿੱਚੋਂ ਕਬੀਰ ਜੀ ਦੀ ਸੁਰ ਪ੍ਰਧਾਨ ਹੈ। ਉਨ੍ਹਾਂ ਜਾਤ-ਪਾਤ ਦੀਆਂ ਵੰਡੀਆਂ ਨੂੰ ਜੜ੍ਹੋਂ ਉਖਾੜਨ ਲਈ ਯੁੱਗ ਪਲਟਾਊ ਬੋਲ ਉਚਾਰੇ। ਉਹ ਰੂਹਾਨੀਅਤ ਨਾਲ ਸਰਸ਼ਾਰ ਸਨ ਪਰ ਸਮਾਜਿਕ ਅਸਮਾਨਤਾਂਵਾਂ ਨੂੰ ਖ਼ਤਮ ਕਰਨ ਵੱਲੋਂ ਬੇਧਿਆਨੀ ਨਹੀਂ ਕਰਦੇ ਸਨ। ਉਨ੍ਹਾਂ ਦੀ ਸਮੁੱਚੀ ਬਾਣੀ ਸਮਾਜ ਵਿੱਚੋਂ ਹਰ ਪ੍ਰਕਾਰ ਦੀ ਨਫ਼ਰਤ ਨੂੰ ਦੂਰ ਕਰਨ, ਸਮਾਜਿਕ ਸਮਾਨਤਾ ਦੇਣ ਅਤੇ ਅਛੂਤਾਂ ਲਈ ਧਾਰਮਿਕ ਦਰਵਾਜ਼ੇ ਖੋਲ੍ਹਣ ਦੀ ਕਰਦੀ ਚੇਸ਼ਟਾ ਰੱਖਦੀ ਹੈ। ਇਹ ਕਿਸੇ ਮਹਾਨ ਕ੍ਰਾਂਤੀ ਤੋਂ ਘੱਟ ਨਹੀਂ ਸੀ। ਉਹ ਫ਼ਿਰਕੇਦਾਰੀ, ਜਾਤ ਅਧਾਰਿਤ ਵਿਤਕਰੇ ਅਤੇ ਭੇਦ-ਭਾਵ ਦੇ ਵਿਰੁੱਧ ਸਨ। ਭਗਤੀ ਧਾਰਾ ਦੀ ਇਸੇ ਪ੍ਰਾਪਤੀ ਨੂੰ ਆਧਾਰ ਬਣਾ ਕੇ ਗੁਰਮਤਿ ਧਾਰਾ ਦੇ ਸੰਸਥਾਪਕਾਂ ਨੇ ਭਗਤੀ ਲਹਿਰ ਦੇ ਦਰਸ਼ਨ ‘ਤੇ ਗੁਰਮਤਿ ਦੀ ਨੀਂਹ ਰੱਖਣ ਲਈ ਉਪਯੋਗ ਕੀਤਾ ਹੈ। ਭਗਤਾਂ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਵੱਡੇ ਪੱਧਰ ’ਤੇ ਦਰਜ ਹੋਣਾ ਇਸ ਦਾ ਪ੍ਰਮਾਣ ਹੈ।

ਭਗਤੀ ਲਹਿਰ ਦੀ ਉਤਪਤੀ ਦੇ ਪਿਛੋਕੜ ਵਿੱਚ ਮਹੱਤਵਪੂਰਨ ਦਾਰਸ਼ਨਿਕ ਸਿਧਾਂਤ ਕਾਰਜਸ਼ੀਲ ਹਨ। ਇਹ ਸਮਾਂ ਧਾਰਮਿਕ, ਰਾਜਸੀ ਅਤੇ ਸਮਾਜਿਕ ਉਥਲ–ਪੁਥਲ ਦਾ ਸੀ। ਭਾਰਤ ਦੀ ਸਵਦੇਸ਼ੀ ਸੰਸਕ੍ਰਿਤੀ ਵਿੱਚ ਸ਼੍ਰਮਣਿਕ ਧਰਮਾਂ ਦਾ ਬੋਲਬਾਲਾ ਸੀ ਜਿਹੜੇ ਸਰੀਰਕ, ਮਾਨਸਿਕ ਅਤੇ ਅਧਿਆਤਮਕ ਘਾਲ ਘਾਲਦੇ ਸਨ ਅਤੇ ਮੁਕਤੀ ਦਾ ਸੰਕਲਪ ਸਿਰਜਦੇ ਸਨ। ਇਨ੍ਹਾਂ ਧਰਮਾਂ ਵਿੱਚ ਮੁੱਖ ਤੌਰ ’ਤੇ ਬੁੱਧਮੱਤ, ਜੈਨਮੱਤ ਅਤੇ ਚਾਰਵਾਕ ਆਉਂਦੇ ਸਨ। ਦੂਜੇ ਪਾਸੇ ਵੈਦਿਕ ਧਰਮ ਵਿੱਚ ਵਧੇਰੇ ਕਰਮ–ਕਾਂਡਾਂ, ਉਪਾਸਨਾ ਅਤੇ ਪੂਜਾ ਆਦਿ ‘ਤੇ ਜ਼ੋਰ ਸੀ। ਇਸਲਾਮੀ ਧਾੜਵੀਆਂ ਅਤੇ ਹਮਲਾਵਾਰਾਂ ਦੇ ਹਮਲਿਆਂ ਕਾਰਨ ਭਾਰਤੀ ਲੋਕਾਂ ’ਤੇ ਇਸਲਾਮ ਦਾ ਪ੍ਰਭਾਵ ਵਧ ਰਿਹਾ ਸੀ ਜਿਸ ਕਾਰਨ ਆਮ ਲੋਕ ਭਾਰਤੀ ਸੰਸਕ੍ਰਿਤੀ ਤੋਂ ਦੂਰ ਜਾ ਰਹੇ ਸਨ। ਉਹ ਫਜ਼ੂਲ ਕਰਮ–ਕਾਂਡਾਂ ਦੇ ਜਾਲ ਵਿੱਚ ਫਸੇ ਹੋਏ ਸਨ ਅਤੇ ਅਧਿਆਤਮਕ ਅਤੇ ਨੈਤਿਕ ਸਦਾਚਾਰ ਤੋਂ ਸੱਖਣੇ ਹੋ ਰਹੇ ਸਨ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਇਸ ਸਮੇਂ ਭਾਰਤ ਦੇ ਲਗਭਗ ਸਾਰੇ ਧਰਮ ਸਮਾਜ ਨਾਲੋਂ ਟੁੱਟ ਕੇ ਲੋਕਾਂ ਨੂੰ ਇਸ ਲੋਕ ਨੂੰ ਚੰਗਾ ਬਣਾਉਣ ਦੀ ਥਾਂ ਉਸ ਲੋਕ ਨੂੰ ਚੰਗਾ ਦਰਸਾ ਕੇ ਉਸਦੀ ਤਾਂਘ ਵੱਲ ਧੱਕ ਰਹੇ ਸਨ। ਲੋਕ ਇਸ ਜਗਤ ਤੋਂ ਨਿਰਾਸ਼ ਹੋ ਕੇ ਉਪਰਾਮਤਾ ਦੀ ਝੋਲੀ ਜਾ ਪਏ ਸਨ। ਬੁੱਧਮੱਤ ਅਤੇ ਵੇਦਾਂਤ ਦੇ ਫ਼ਲਸਫ਼ਿਆਂ ਨੇ ਲੋਕਾਂ ਅੰਦਰ ਸਚਾਈਆਂ ਤੋਂ ਮੂੰਹ ਮੋੜ ਕੇ ਭਾਂਜਵਾਦ ਨੂੰ ਅਪਣਾ ਲੈਣ ਦੀ ਰੁਚੀ ਨੂੰ ਜਨਮ ਦੇ ਦਿੱਤਾ ਸੀ। ਵੈਦਿਕ ਧਰਮ ਨਾਲ ਪਦਾਰਥਕ ਕੀਮਤਾਂ ਲੋਕਾਂ ਦੇ ਜੀਵਨ ‘ਤੇ ਭਾਰੂ ਪੈ ਰਹੀਆਂ ਸਨ। ਭਗਤੀ ਲਹਿਰ ਨੇ ਨਵੇਂ ਤੇ ਠੋਸ ਦਾਰਸ਼ਨਿਕ ਸਿਧਾਂਤ ਨੂੰ ਜਨਮ ਦਿੱਤਾ ਜਿਸਦਾ ਮੂਲ ਮੰਤਵ ਹਰ ਮਾਨਵ ਨੂੰ ਸਮਾਨਤਾ, ਸਾਂਝੀਵਾਤਾ, ਭਾਈਚਾਰਾ ਅਤੇ ਊਚ–ਨੀਚ ਦੇ ਵਿਤਕਰਿਆਂ ਤੋਂ ਛੁਟਕਾਰਾ ਦਿਵਾਉਣਾ ਹੈ। ਉਨ੍ਹਾਂ ਦਾ ਸੰਕਲਪ ਸਰਵ–ਧਰਮ–ਸਮਭਾਵ ਸੀ। ਭਾਰਤੀ ਸੰਵਿਧਾਨ ਵਿੱਚ ਵੀ ਭਗਤਾਂ ਦੁਆਰਾ ਉਲੀਕੀਆਂ ਗਈਆਂ ਕੀਮਤਾਂ ਦਾ ਹੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪ੍ਰਗਟਾਵਾ ਹੋਇਆ ਹੈ।

ਕਬੀਰ ਜੀ ਦਾ ਮੁੱਖ ਮਨੋਰਥ ਭਾਰਤੀਆਂ ਦੀ ਜੀਵਨ ਪ੍ਰਤੀ ਖ਼ਤਮ ਹੋ ਰਹੀ ਇੱਛਾ–ਸ਼ਕਤੀ ਨੂੰ ਮਜ਼ਬੂਤ ਕਰਨਾ ਸੀ ਤਾਂ ਜੋ ਉਹ ਜੀਵਨ ਦੇ ਸੰਘਰਸ਼ ਲਈ ਤਿਆਰ ਹੋ ਸਕਣ। ਇਸ ਹਾਲਤ ਵਿੱਚ ਮੱਧਕਾਲੀਨ ਭਾਰਤ ਦੇ ਸੰਤਾਂ ਨੇ ਧਾਰਮਿਕ ਫਲਸਫੇ ਨੂੰ ਸਮਕਾਲੀਨ ਲੋੜ ਦੇ ਅਨੁਕੂਲ ਨਵਾਂ ਤੇ ਸੱਜਰਾ ਬਣਾਉਣ ਦਾ ਯਤਨ ਕੀਤਾ। ਬੇਕਾਰ ਤੇ ਖੁੰਢੀਆਂ ਹੋ ਚੁੱਕੀਆਂ ਕਦਰਾਂ–ਕੀਮਤਾਂ ਤੇ ਸਮਾਜਿਕ ਮੁੱਲਾਂ ਨੂੰ ਨਵੇਂ ਸਿਰਿਓਂ ਸਿਰਜ ਕੇ ਭਾਰਤੀ ਸਮਾਜ ਨੂੰ ਨਵਾਂ ਤੇ ਸੱਜਰਾ ਢਾਂਚਾ ਪ੍ਰਦਾਨ ਕੀਤਾ। ਧਾਰਮਿਕ ਜੀਵਨ ਵਿੱਚ ਨਵੇਂ ਫਲਸਫੇ ਦੀ ਰੂਹ ਫੂਕੀ। ਉਨ੍ਹਾਂ ਨੇ ਲੋਕਾਂ ਨੂੰ ਸੰਨਿਆਸ ਤੇ ਉਪਰਾਮਤਾ ਦਾ ਤਿਆਗ ਕਰਕੇ ਗ੍ਰਹਿਸਥ ਤੇ ਸਮਾਜਿਕ ਜੀਵਨ ਵੱਲ ਪ੍ਰੇਰਿਆ ਅਤੇ ਅਮਲੀ ਜੀਵਨ ਦੀਆਂ ਸਿਧਾਂਤਕ ਜੁਗਤਾਂ ਪ੍ਰਦਾਨ ਕੀਤੀਆਂ।

ਇਸ ਦੌਰ ਵਿੱਚ ਰਾਜ ਸ਼ਕਤੀ ਧਾਰਮਿਕ ਲੋਕਾਂ ਦੇ ਹੱਥ ਵਿੱਚ ਸੀ ਜਿਸ ਕਾਰਨ ਧਾਰਮਿਕ ਆਗੂ ਕੱਟੜ, ਦੰਭੀ ਅਤੇ ਰਿਸ਼ਵਤਖੋਰ ਹੋ ਗਏ ਸਨ। ਇਨ੍ਹਾਂ ਕੋਲੋਂ ਨਿਆਂ, ਭਲਾਈ ਅਤੇ ਨੈਤਿਕਤਾ ਦੀ ਆਸ ਕਰਨੀ ਗਲਤ ਸੀ। ਵੱਖ-ਵੱਖ ਧਰਮਾਂ ਦੇ ਪ੍ਰਚਾਰਕ ਜ਼ਿੰਦਗੀ ਦੇ ਸਾਰ - ਗਰਭਿਤ ਅਤੇ ਮਾਨਵੀ ਅਰਥਾਂ ਦੀ ਥਾਂ ਫੋਕੀਆਂ ਰਸਮਾਂ, ਧਾਰਮਿਕ ਆਡੰਬਰਾਂ, ਪਾਖੰਡਾਂ ਅਤੇ ਭੇਖਾਂ ਵਿੱਚ ਵਿਚਰਨ ਲੱਗੇ ਸਨ। ਕਬੀਰ ਜੀ ਦਾ ਇਹ ਸ਼ਬਦ ਵਾਚਣ ਯੋਗ ਹੈ:

ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ।।

ਉਇ ਲੇ ਜਾਰੇ ਉਇ ਲੇ ਗਾਡੇ ਤੇਰੀ ਗਤਿ ਦੁਹੂ ਨਾ ਪਾਈ।।

ਮਨ ਰੇ ਸੰਸਾਰ ਅੰਧ ਗਹੇਰਾ।।

ਚਹੁ ਦਿਸ ਪਸਰਿਓ ਹੈ ਜਮ ਜੇਵਰਾ।। ਰਹਾਉ।।

ਕਬੀਰ ਜੀ ਹਿੰਦੂ ਤੇ ਮੁਸਲਮਾਨ ਦੋਹਾਂ ਧਰਮਾਂ ਦੀਆਂ ਬੁਰਾਈਆਂ ’ਤੇ ਵਾਰ ਕਰਦੇ ਹਨ ਪਰ ਉਨ੍ਹਾਂ ਦੇ ਧਾਰਮਿਕ ਗ੍ਰੰਥਾਂ ਪ੍ਰਤੀ ਸਤਿਕਾਰ ਦੀ ਭਾਵਨਾ ਰੱਖਦੇ ਸਨ। ਉਨ੍ਹਾਂ ਦੀ ਸਮੁੱਚੀ ਬਾਣੀ ਸਾਰੀ ਖ਼ਲਕਤ ਨੂੰ, ਮਿੱਧੀ ਹੋਈ ਮਾਨਵਤਾ ਨੂੰ, ਅਗਿਆਨਤਾਮਈ ਅਤੇ ਹਊਮੇਗ੍ਰਸਤ ਵਿਸ਼ਿਸਟ ਜਾਤੀਆਂ ਨੂੰ ਸੰਬੋਧਿਤ ਹੈ। ਉਨ੍ਹਾਂ ਦੁਆਰਾ ਉਚਾਰੇ ਗਏ ਬੋਲ ਸਰਬਕਾਲੀ ਸੱਚ ‘ਤੇ ਟਿਕੇ ਹੋਏ ਹਨ। ਉਨ੍ਹਾਂ ਨੇ ਲੋਕਾਂ ਨੂੰ ਸਵੈਮਾਣ ਦੀ ਰੱਖਿਆ ਕਰਨ ਲਈ ਤਿਆਰ ਕੀਤਾ।

ਕਬੀਰ ਜੀ ਦੀ ਸਮਾਜ ਵਿੱਚ ਵਧ ਰਹੀ ਮਾਣ ਅਤੇ ਪ੍ਰਤਿਸ਼ਠਾ ਤੋਂ ਦੁਖੀ ਹੋ ਕੇ ਧਰਮ ਤੇ ਸਮਾਜ ਦੇ ਠੇਕੇਦਾਰਾਂ ਨੇ ਉਨ੍ਹਾਂ ਦੇ ਮਾਤਾ-ਪਿਤਾ ਬਾਰੇ ਗਲਤ ਮਿੱਥਾਂ ਪ੍ਰਚਲਿਤ ਕੀਤੀਆਂ। ਸਮੇਂ ਦੇ ਹਾਕਮਾਂ ਵੱਲੋਂ ਸਰੀਰਕ ਤੇ ਮਾਨਸਿਕ ਤਸ਼ੱਦਦ ਕੀਤਾ ਗਿਆ। ਦਿੱਲੀ ਦੇ ਬਾਦਸ਼ਾਹ ਸਿਕੰਦਰ ਲੋਧੀ ਜਦੋਂ ਬਨਾਰਸ ਦੌਰੇ ’ਤੇ ਗਏ ਤਾਂ ਉਨ੍ਹਾਂ ਮਜ਼ਹਬੀ ਈਰਖਾ ਕਾਰਨ ਆਪ ਨੂੰ ਬਹੁਤ ਕਸ਼ਟ ਦਿੱਤੇ। ਇਬਰਾਹੀਮ ਲੋਧੀ ਨੇ ਆਪ ਨੂੰ ਕੈਦ ਰੱਖਿਆ ਪਰ ਇਹ ਸੱਚ ਹੈ ਕਿ ਜਿਵੇਂ-ਜਿਵੇਂ ਭਾਰਤੀ ਜਨਤਾ ਵਿੱਚ ਜਾਗ੍ਰਿਤੀ ਵਧੇਗੀ ਕਬੀਰ ਬਾਣੀ ਦੀ ਸਾਰਥਿਕਤਾ ਵੱਧਦੀ ਜਾਵੇਗੀ।

*ਅਸਿਸਟੈਂਟ ਪ੍ਰੋਫੈਸਰ, ਯੂਨੀਵਰਸਿਟੀ ਕਾਲਜ, ਘਨੌਰ।

ਸੰਪਰਕ: 99887–22785

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਰਾਜ ਰਾਣੀ

ਰਾਜ ਰਾਣੀ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਸ਼ਹਿਰ

View All