ਜੱਲ੍ਹਿਆਂਵਾਲੇ ਬਾਗ਼ ਦੀ ਵਿਸਾਖੀ

ਜੱਲ੍ਹਿਆਂਵਾਲੇ ਬਾਗ਼ ਦੀ ਵਿਸਾਖੀ

ਡਾ. ਹਰਨੇਕ ਸਿੰਘ ਕਲੇਰ

ਸਮਾਂ ਬੇਰੋਕ ਹੁੰਦਾ ਹੈ। ਉਸ ਦੀ ਚਾਲ ਧੀਮੀ ਨਹੀਂ ਹੁੰਦੀ। ਦਿਨ, ਮਹੀਨੇ, ਸਾਲ ਤੇ ਸਦੀਆਂ ਗੁਜ਼ਰ ਜਾਂਦੀਆਂ ਹਨ ਪਰ ਉਸ ਦੀਆਂ ਪੈੜਾਂ ਮਾਨਵਤਾ ਦੇ ਪਿੰਡੇ ’ਤੇ ਆਪਣੇ ਨਿਸ਼ਾਨ ਛੱਡ ਜਾਂਦੀਆਂ ਹਨ। 13 ਅਪਰੈਲ 1919 ਦਾ ਦਿਨ ਇਤਿਹਾਸ ਵਿਚ ‘ਕਾਲਾ ਦਿਨ’ ਕਰਕੇ ਮਨਾਇਆ ਜਾਂਦਾ ਹੈ। ਉਸ ਦਿਨ ਆਜ਼ਾਦੀ ਦੀ ਮੰਗ ਕਰਨ ਵਾਲੇ ਹਜ਼ਾਰਾਂ ਭਾਰਤੀ ਲੋਕਾਂ ਦਾ ਖ਼ੂਨ ਜੱਲ੍ਹਿਆਂਵਾਲੇ ਬਾਗ਼ ਦੀ ਧਰਤੀ ਨੂੰ ਪਵਿੱਤਰ ਕਰ ਗਿਆ ਸੀ। ਉਸ ਦਿਨ ਵਿਸਾਖੀ ਦਾ ਦਿਹਾੜਾ ਸੀ, ਜੋ ਪੰਜਾਬ ਦੀ ਸੰਸਕ੍ਰਿਤੀ ਵਿਚ ਸਭਿਆਚਾਰਕ ਤੇ ਧਾਰਮਿਕ ਮਹੱਤਤਾ ਰੱਖਦਾ ਹੈ।

ਵਿਦਵਾਨ ਕਥਨ ਕਰਦੇ ਹਨ ਕਿ ਇਸ ਖ਼ੂਨੀ ਕਾਂਡ ਦੇ ਇਤਿਹਾਸ ਨੂੰ ਪੜ੍ਹਨ ਤੇ ਵਿਚਾਰਨ ਨਾਲ ਮਾਨਵ ਦੀਆਂ ਕਰੂਰਤਾਂ ਤੇ ਪਸ਼ੂ ਬਿਰਤੀ ਦਾ ਖੁਲਾਸਾ ਸਹਿਜ ਸੁਭਾਅ ਹੋ ਜਾਂਦਾ ਹੈ। 13 ਅਪਰੈਲ 1919 ਦੀ ਵਿਸਾਖੀ ਨੂੰ ਜਨਰਲ ਰੈਨਲਡ ਐਡਵਰਡ ਡਾਇਰ (1864-1927) ਦੀ ਅਗਵਾਈ ਹੇਠ ਭਾਰਤੀ ਹਥਿਆਰਬੰਦ ਸਿਪਾਹੀਆਂ ਦੀ ਟੋਲੀ ਵੱਲੋਂ ਬਾਗ਼ ਵਿਚ ਰੋਸ ਜਲਸਾ ਕਰ ਰਹੇ ਭਾਰਤੀਆਂ ਦਾ ਅਣਮਨੁੱਖੀ ਕਤਲੇਆਮ ਕੀਤਾ ਗਿਆ। ਜਨਰਲ ਡਾਇਰ ਨੇ ਜੱਲ੍ਹਿਆਂਵਾਲਾ ਬਾਗ਼ ਨੂੰ ਜਾਂਦੀ ਤੰਗ ਗਲੀ ਵਿੱਚ ਮਸ਼ੀਨ ਗੰਨਾਂ ਬੀੜ ਕੇ ਬਾਹਰ ਜਾਣ ਦਾ ਇਕੋ-ਇਕ ਲਾਂਘਾ ਰੋਕ ਦਿੱਤਾ ਤੇ ਸ਼ਾਮ ਦੇ ਸਾਢੇ ਚਾਰ ਵਜੇ ਬਿਨਾਂ ਕਿਸੇ ਚਿਤਾਵਨੀ ਦੇ ਗੋਲੀਆਂ ਦੀ ਬੁਛਾੜ ਸ਼ੁਰੂ ਕਰ ਦਿੱਤੀ। ਕਿਸੇ ਨੂੰ ਵੀ ਬਚਾਅ ਲਈ ਰਾਹ ਨਾ ਮਿਲਿਆ। ਕਈ ਪ੍ਰਦਰਸ਼ਨਕਾਰਿਆਂ ਨੇ ਬਾਗ਼ ਵਾਲੇ ਖੂਹ ਵਿਚ ਛਾਲ ਮਾਰ ਦਿੱਤੀ ਅਤੇ ਬਹੁਤੇ ਗੋਲੀਆਂ ਲੱਗਣ ਕਾਰਨ ਥਾਂ ’ਤੇ ਹੀ ਸ਼ਹੀਦ ਹੋ ਗਏ। ਸ਼ਾਮ ਦਾ ਸਮਾਂ ਹੋਣ ਕਰਕੇ ਬਾਗ਼ ਵਿਚ ਗੋਲੀਆਂ ਦੀ ਮਾਰ ਹੇਠ ਆਏ ਜਲਸੇ ਵਿੱਚ ਪਹੁੰਚੇ ਬਹੁਤੇ ਲੋਕ ਤਾਂ ਸ਼ਹੀਦ ਦਾ ਦਰਜਾ ਪਾ ਗਏ ਪਰ ਗੋਲੀਆਂ ਦੀ ਪੀੜ ਸਹਿੰਦੇ ਤੜਪ ਰਹੇ ਅਤੇ ਜ਼ਖਮੀਆਂ ਦਾ ਸਾਰੀ ਰਾਤ ਚੀਕ-ਚਿਹਾੜਾ ਤੇ ਹਾਇ-ਕੁਰਲਾਹਟ ਹੁੰਦੀ ਰਹੀ। ਸਰਕਾਰੀ ਤੌਰ ’ਤੇ ਕੋਈ ਡਾਕਟਰੀ ਸਹਾਇਤਾ ਨਾ ਦਿੱਤੀ ਗਈ। ਅੰਮ੍ਰਿਤਸਰ ਯਤੀਮਖਾਨੇ ਦੇ ਵਿਦਿਆਰਥੀ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ’ਤੇ ਸ਼ਹੀਦ ਊਧਮ ਸਿੰਘ ਸ਼ਾਮਿਲ ਸੀ, ਆਪਣੇ ਵਿਦਿਆਰਥੀ ਸਾਥੀਆਂ ਨਾਲ ਜ਼ਖ਼ਮੀਆਂ ਦੀ ਮਦਦ ਕਰਨ ਲਈ ਅੱਗੇ ਆਏ। ਇਸ ਘਟਨਾ ਦਾ ਸ਼ਹੀਦ ਊਧਮ ਸਿੰਘ ਦੇ ਮਨ ’ਤੇ ਇੰਨਾ ਗਹਿਰਾ ਅਸਰ ਹੋਇਆ ਕਿ ਉਸ ਨੇ ਇਸ ਕਾਂਡ ਦਾ ਬਦਲਾ ਉਸ ਸਮੇਂ ਪੰਜਾਬ ਦੇ ਗਵਰਨਰ ਰਹੇ ਮਾਈਕਲ ਉਡਵਾਇਰ (1864-1940) ਨੂੰ ਲੰਡਨ ਦੇ ਕੈਕਟਸਨ ਹਾਲ ਵਿਚ ਹੋ ਰਹੀ ਸਭਾ ’ਚ ਮਾਰ ਕੇ ਲਿਆ। 

ਇਸ ਖ਼ੂਨੀ ਕਾਂਡ ਤੋਂ ਪਹਿਲਾਂ ਜੋ ਘਟਨਾਕ੍ਰਮ ਚੱਲ ਰਿਹਾ ਸੀ, ਉਸ ਬਾਰੇ ਚਰਚਾ ਕਰਨੀ ਵੀ ਬਣਦੀ ਹੈ। ਪੰਜਾਬ ਵਿਚ ਰੋਲਟ ਐਕਟ ਬਾਰੇ ਅਸਹਿਣਸ਼ੀਲਤਾ ਲਹਿਰ ਉੱਠ ਖੜ੍ਹੀ ਸੀ। ਉਸ ਨੂੰ ਮਨਸੂਖ ਕਰਨ ਬਾਰੇ ਜਲਸੇ , ਹੜਤਾਲਾਂ ਅਤੇ ਰੋਸ ਪਰਦਰਸ਼ਨ ਚੱਲ ਰਹੇ ਸਨ ਕਿਉਂਕਿ ਇਸ ਦੇ ਪਾਸ ਹੋ ਜਾਣ ਨਾਲ ਕਿਸੇ ਵੀ ਕ੍ਰਾਂਤੀਕਾਰੀ ਨੂੰ ਬਿਨਾਂ ਕਾਰਨ ਦੱਸੇ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਇਸ ਸਬੰਧੀ ਅੰਮ੍ਰਿਤਸਰ ਵਿਚ 30 ਮਾਰਚ ਨੂੰ ਬੈਰਿਸਟਰ ਸੈਫੂਦੀਨ ਕਿਚਲੂ ਤੇ ਡਾ. ਸਤਿਆਪਾਲ ਨੇ ਲਗਪਗ 30 ਹਜ਼ਾਰ ਹਿੰਦੂ, ਸਿੱਖ ਤੇ ਮੁਸਲਮਾਨਾਂ ਨੂੰ ਨਾਲ ਲੈ ਕੇ  ਸ਼ਾਤਮਈ ਰੋਸ ਪ੍ਰਦਰਸ਼ਨ ਕੀਤਾ। ਛੇ ਅਪ੍ਰੈਲ ਨੂੰ ਪੰਜਾਬ ਵਿਚ ਹੜਤਾਲ ਕੀਤੀ ਗਈ। ਇਸ ਬਾਰੇ ਲਾਹੌਰ ਵਿਚ ਕਾਰਜਸ਼ੀਲ ਨੇਤਾਵਾਂ ਨੇ ਡਿਪਟੀ ਕਮਿਸ਼ਨਰ ਹਿਊ ਫਾਈਸਨ ਨੂੰ ਭਰੋਸਾ ਦਿੱਤਾ ਸੀ ਕਿ ਹੜਤਾਲ ਸ਼ਾਂਤਮਈ ਰਹੇਗੀ। ਫਿਰ ਨੌਂ ਅਪਰੈਲ ਨੂੰ ਰਾਮਨੌਮੀ ਦੇ ਤਿਉਹਾਰ ਮੌਕੇ ਵੀ ਵੱਡੀ ਗਿਣਤੀ ਵਿਚ ਹਿੰਦੂ, ਮੁਸਲਮਾਨ ਤੇ ਸਿੱਖਾਂ ਨੇ ਇਕੱਠੇ ਹੋ ਕੇ ਆਪਣੀ ਏਕਤਾ ਦਾ ਸਬੂਤ ਦਿੱਤਾ। ਇਸ ਏਕਤਾ ਤੋਂ ਸਰਕਾਰ ਬੁਖਲਾਹਟ ਵਿਚ ਆ ਗਈ। ਇਸ ਕਾਰਨ ਸਰਕਾਰ ਨੇ ਡਾ. ਸਤਿਆਪਾਲ ਤੇ ਬੈਰਿਸਟਰ ਸੈਫੂਦੀਨ ਕਿਚਲੂ ਨੂੰ ਨਜ਼ਰਬੰਦ ਕਰਕੇ ਸ਼ਹਿਰ ਤੋਂ ਦੂਰ ਭੇਜ ਦਿੱਤਾ, ਜਿਸ ਕਾਰਨ ਲੋਕ ਰੋਹ ਫੁਟ ਪਿਆ। ਦਸ ਅਪਰੈਲ ਨੂੰ ਹਰ ਵਰਗ ਦੇ ਲੋਕ ਸੜਕਾਂ ’ਤੇ ਆ ਗਏ। ਸਿੱਟੇ ਵਜੋਂ ਲੋਕਾਂ ਨੇ ਰੇਲਵੇ ਸਟੇਸ਼ਨ, ਪੋਸਟ ਆਫਿਸ ਤੇ ਬੈਂਕਾਂ ’ਤੇ ਹਮਲੇ ਕੀਤੇ। ਪ੍ਰਦਰਸ਼ਨਕਾਰੀਆਂ ਨੇ ਪੰਜ ਅੰਗਰੇਜ਼ ਮਾਰ ਦਿੱਤੇ। ਇਸ ਬਦਲੇ ਜਨਰਲ ਡਾਇਰ ਦੇ ਹਥਿਆਰਬੰਦ ਦਸਤਿਆਂ ਨੇ ਉਸ ਦਿਨ ਲਗਪਗ 40 ਪ੍ਰਦਰਸ਼ਨਕਾਰੀਆਂ ਨੂੰ ਮਾਰ ਦਿੱਤਾ। ਦੂਸਰੇ ਦਿਨ ਇਕ ਧਾਰਮਿਕ ਸਥਾਨ ਨੇੜੇ ਦਸ ਵਿਆਕਤੀ ਗੋਲੀ ਨਾਲ ਉੱਡਾ ਦਿੱਤੇ। 16 ਅਪਰੈਲ ਨੂੰ ਮਾਰਸ਼ਲ ਲਾਅ ਲਗਾ ਦਿੱਤਾ ਗਿਆ। ਇਸ ਸਭ ਦੇ ਬਾਵਜੂਦ ਸਰਕਾਰ ਨੇ 18 ਅਪਰੈਲ ਨੂੰ ਰੋਲਟ ਐਕਟ ਪਾਸ ਕਰ ਦਿੱਤਾ। ਪੰਜਾਬ ਦੇ ਗਵਰਨਰ ਨੂੰ ਹਥਿਆਰਬੰਦ ਦਸਤਿਆਂ ਵਲੋਂ ਕੀਤੀ ਫਾਇਰਿੰਗ ਦਾ ਵੇਰਵਾ ਦਿੰਦਿਆਂ ਦੱਸਿਆ ਗਿਆ ਕਿ 200 ਬੰਦੇ ਮਾਰੇ ਗਏ ਹਨ ਤਾਂ ਗਵਰਨਰ ਉਡਵਾਇਰ ਨੇ ਜਨਰਲ ਡਾਇਰ ਨੂੰ ਸ਼ਾਬਾਸ਼ ਦਿੱਤੀ। ਇਸ ਤੋਂ ਬਾਅਦ ਜਨਰਲ ਡਾਇਰ ਨੇ ਸ਼ਹਿਰ ਦਾ ਬਿਜਲੀ ਤੇ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ। ਲੋਕਾਂ ਨੂੰ ਰੀਂਗ ਕੇ ਚੱਲਣ ਲਈ ਮਜਬੂਰ ਕੀਤਾ। ਇਸ ਐਕਟ ਨੂੰ ਲਾਗੂ ਕਰਨ ਲਈ ਪਹਿਲਾਂ ਲੋਕਾਂ ਨੂੰ ਹਥਿਆਰਬੰਦ ਕਾਰਵਾਈ ਕਰਕੇ ਰੋਸ ਪ੍ਰਦਰਸ਼ਨ ਲਈ ਮਜਬੂਰ ਕੀਤਾ ਤੇ ਫਿਰ ਗੋਲੀ, ਹਵਾਈ ਹਮਲੇ ਅਤੇ ਮਾਰਸ਼ਲ ਲਾਅ ਲਗਾ ਕੇ ਸਥਿਤੀ ਨੂੰ ਆਮ ਵਾਂਗ ਬਣਾਉਣ ਲਈ ਅਣਮਨੁੱਖੀ ਤਸ਼ੱਦਦ ਕੀਤਾ। ਜੱਲ੍ਹਿਆਂਵਾਲਾ ਵਾਲੇ ਬਾਗ਼ ਦਾ ਕਤਲੇਆਮ ਵੀ ਇਸ ਕਾਰਵਾਈ ਦਾ ਹਿੱਸਾ ਸੀ।

ਪੰਜਾਬੀਆਂ ਲਈ ਹੋਰ ਵੀ ਮਾਯੂਸੀ ਦੀ ਗੱਲ ਸੀ ਕਿ ਇਸ ਖ਼ੂਨੀ ਕਾਂਡ ਨੂੰ ਕਈ ਸਰਕਾਰਪ੍ਰਸਤਾਂ ਨੇ ਉਚਿਤ ਠਹਿਰਾਇਆ। ‘ਕਾਰਤੂਸਾਂ ਦਾ ਬਾਗ਼’ ਪੁਸਤਕ ਅਨੁਸਾਰ ਅਜਿਹੇ ਲੋਕਾਂ ਵਿਚ ਲਾਹੌਰ ਦੇ ਅਮੀਰ ਰਾਇ ਬਹਾਦਰ ਲਾਲ ਚੰਦ, ਕੁੰਜ ਬਿਹਾਰੀ ਥਾਪਰ, ਉਮਰ ਹਿਆਤ ਖ਼ਾਨ ਇਤਿਆਦਿ ਨੇ ਗਵਰਨਰ ਉਡਵਾਇਰ ਨੂੰ ਸਨਮਾਨਿਤ ਕਰਕੇ ਥੈਲੀ ਦੇਣ ਲਈ ਲੱਖਾਂ ਰੁਪਏ ਇਕੱਠੇ ਕੀਤੇ। ਇਹ ਹੀ ਨਹੀਂ ਚੀਫ ਖਾਲਸਾ ਦੀਵਾਨ ਵੱਲੋਂ ਵੀ ਇਸ ਕਾਰਵਾਈ ਨੂੰ ਉਚਿਤ ਠਹਿਰਾਇਆ ਗਿਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਅਰੂੜ ਸਿੰਘ ਨੇ ਇਸ ਕਾਂਡ ਕਰਨ ਵਾਲੇ ਨੂੰ ਸਿੰਘ ਸਜਣ ਦੀ ਸਿੱਖਿਆ ਦਿੰਦਿਆਂ ਸਿਰੋਪਾਓ ਤੇ ਸ੍ਰੀ ਸਾਹਿਬ ਜੀ ਦੇ ਕੇ ਸਨਮਾਨਿਤ ਕੀਤਾ। ਇਸ ਖੂਨੀ ਸਾਕੇ ਬਾਰੇ ਜਿੱਥੇ ਸਾਹਿਤਕ ਖੇਤਰ ਦੇ ਲੇਖਕਾਂ ਨੇ ਲੋਕ ਭਾਵਨਾਵਾਂ ਵਜੋਂ ਰੋਸ ਦਰਜ ਕਰਵਾਇਆ ਉੱਥੇ ਫਿਲਮਕਾਰਾਂ ਨੇ ਘਟਨਾ ਨਾਲ ਸਬੰਧਤ ਫਿਲਮਾਂ ਵੀ ਬਣਾਈਆਂ। ਇਥੋਂ ਤੱਕ ਕਿ ਦੇਸ਼ ਨੂੰ ਪਿਆਰ ਕਰਨ ਵਾਲੀਆਂ ਸਖ਼ਸ਼ੀਅਤਾਂ ਨੇ ਅੰਗਰੇਜ਼ ਸਰਕਾਰ ਤੋਂ ਮਿਲੇ ਮਾਣ-ਸਨਮਾਨ ਵੀ ਵਾਪਸ ਕੀਤੇ। ਇਸ ਖ਼ੂਨੀ ਵਿਸਾਖੀ ਦੇ ਇਕ ਸਦੀ ਬੀਤ ਜਾਣ ਬਾਅਦ ਵੀ ਮਨੁੱਖਤਾ ਨੂੰ ਪਿਆਰ ਕਰਨ ਵਾਲੀਆਂ ਸ਼ਖਸੀਅਤਾਂ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਨਤਮਸਤਕ ਹੁੰਦੀਆਂ ਹਨ।

ਈਮੇਲ: drharnekkaler@gmail.com

ਇਸ ਖੂਨੀ ਵਿਸਾਖੀ ਬਾਰੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ’ਚ ਅਨੇਕਾਂ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ ਪਰ ਅੰਮ੍ਰਿਤਸਰ ਵਾਸੀ ਪੰਜਾਬੀ ਦੇ ਪ੍ਰਸਿੱਧ ਲੇਖਕ ਨਾਵਲਕਾਰ ਨਾਨਕ ਸਿੰਘ ਦੀ ਕਾਵਿ ਕਿਰਤ ਅੱਖੀਂ ਡਿਠਾ ਹਾਲ ਸੁਣਾਉਂਦੀ ਜਾਪਦੀ ਹੈ। ਇਹ ਕਵਿਤਾ 1920 ਵਿਚ ਲਿਖੀ ਗਈ। ਉਸ ਦੇ ਕੁਝ ਬੰਦ ਸਾਂਝੇ ਕਰ ਰਿਹਾ ਹਾਂ:

ਗੋਲੀ ਕੀ ਇਹ ਗੜਾ ਸੀ ਕਹਿਰ ਵਾਲਾ,

ਵਾਂਗ ਛੋਲਿਆਂ ਭੁੰਨ੍ਹੇ ਜਵਾਨ ਉੱਥੇ।

ਕਈ ਛਾਤੀਆਂ ਛਾਨਣੀ ਵਾਂਗ ਹੋਈਆਂ,

ਐਸੇ ਜ਼ਾਲਮਾਂ ਮਾਰੇ ਨਿਸ਼ਾਨ ਉੱਥੇ।

ਇਕ ਪਲ ਦੇ ਵਿਚ ਕੁਰਲਾਹਟ ਮੱਚਿਆ,

ਧੂਆਂ ਧਾਰ ਹੋ ਗਿਆ ਅਸਮਾਨ ਉੱਥੇ।

ਪਲ ਵਿਚ ਹੀ ਲੋਥਾਂ ਦੇ ਢੇਰ ਲੱਗ ਗੇ,

ਕੋਈ ਸਕੇ ਨਾ ਮੂਲ ਪਛਾਣ ਉੱਥੇ।

ਅੱਜ ਚਾੜ ਕੇ ਜੰਝ ਸਭ ਲਾੜਿਆਂ ਦੀ,

ਮਾਨੋ ਮੌਤ ਦੇ ਨਾਲ ਪਰਨਾ ਦਿੱਤੇ।

ਨਾਨਕ ਸਿੰਘ ਇਹ ਮੋਏ ਨਹੀਂ ਮੂਲ ਯਾਰੋ, 

ਸਗੋਂ ਮੋਏ ਵੀ ਇਨ੍ਹਾਂ ਜਗਾ ਦਿੱਤੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All