ਹਰਪ੍ਰੀਤ ਕੌਰ ਦੁੱਗਰੀ
‘ਪੱਕ ਪਈਆਂ ਕਣਕਾਂ
ਲੁਕਾਠ ਰਸਿਆ
ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ
ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ
ਬੇਰੀਆਂ ਲਿਫਾਈਆਂ, ਟਹਿਣੀਆਂ ਦੇ ਭਾਰ ਨੇ
ਪੰਜਾਬ ਦੇ ਸੱਭਿਆਚਾਰ ਇਤਿਹਾਸ ਅਤੇ ਧਾਰਮਿਕ ਵਿਰਸੇ ਨਾਲ ਜੁੜੇ ਮੇਲਿਆਂ ਵਿਚੋਂ ਵਿਸਾਖੀ ਦੀ ਅਹਿਮ ਥਾਂ ਹੈ। ਇਹ ਹਾੜ੍ਹੀ ਦੀ ਫ਼ਸਲ ਨਾਲ ਜੁੜਿਆ ਵਾਢੀ ਦਾ ਤਿਉਹਾਰ ਹੈ। ਖੇਤਾਂ ਵਿਚ ਸੋਨੇ ਰੰਗੀਆਂ ਲਹਿਰਾਉਂਦੀਆਂ ਪੱਕੀਆਂ ਕਣਕਾਂ ਦੇਖ ਕੇ ਕਿਸਾਨ ਆਪਣੇ ਸਿਰਜੇ ਸੁਪਨਿਆਂ ਨੂੰ ਹਕੀਕਤ ਵਿਚ ਤਬਦੀਲ ਹੁੰਦੇ ਮਹਿਸੂਸ ਕਰਦਾ ਹੈ। ਵਿਸਾਖੀ ਦਾ ਮੇਲਾ ਹਰ ਸਾਲ 13 ਅਪਰੈਲ ਨੂੰ ਮਨਾਇਆ ਜਾਣ ਵਾਲਾ ਤਿਉਹਾਰ ਹੈ। ਪੁਰਾਣੇ ਸਮੇਂ ਵਿਚ ਕਿਸਾਨ ਆਪਣੇ ਖੇਤਾਂ ਵਿਚ ਵਾਢੀ ਸ਼ੁਰੂ ਕਰਨ ਤੋਂ ਪਹਿਲਾਂ ਸ਼ਗਨ ਕਰਦਾ ਹੁੰਦਾ ਸੀ। ਉਹ ਬੱਚਿਆਂ ਨੂੰ ਸ਼ਗਨ ਦੇ ਰੂਪ ਵਿਚ ਗੁੜ ਵੰਡਦਾ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਉਸ ਦੀ ਮਿਹਨਤ ਦਾ ਮੁੱਲ ਉਸ ਨੂੰ ਮਿਲ ਜਾਵੇ ਅਤੇ ਸਾਰੀ ਫ਼ਸਲ ਬਿਨਾਂ ਕਿਸੇ ਦਿੱਕਤ ਦੇ ਵੱਢੀ ਜਾਵੇ। ਕਿਸਾਨ ਆਪਣੇ ਖੇਤਾਂ ਦੀ ਸਾਰੀ ਵਾਢੀ ਵੱਢਣ ’ਤੇ ਜਦੋਂ ਪਿੜ ਚੁੱਕਦੇ ਤਾਂ ਪਿੜ ਚੁੱਕਣ ਤੋਂ ਪਹਿਲਾਂ ਬੱਚਿਆਂ ਵਿਚ ਕਣਕ ਵੰਡੀ ਜਾਂਦੀ ਸੀ ਜਿਸ ਨੂੰ ‘ਰੀੜੀ’ ਕਿਹਾ ਜਾਂਦਾ ਸੀ। ਕਿਸਾਨ ਉੱਚੀ-ਉੱਚੀ ਆਵਾਜ਼ਾਂ ਮਾਰ ਕੇ ‘ਰੀੜੀ’ ਵੰਡਦੇ ਹੁੰਦੇ ਸਨ ਅਤੇ ਜਦੋਂ ਸਾਰੀ ਫ਼ਸਲ ਮੁਕੰਮਲ ਵੱਢ ਦਿੱਤੀ ਜਾਂਦੀ ਤਾਂ ਅਖ਼ੀਰ ’ਤੇ ਕਣਕ ਦੀ ਥੋੜ੍ਹੀ ਵਾਢੀ ਗ਼ਰੀਬ ਲੋਕਾਂ ਲਈ ਛੱਡ ਦਿੱਤੀ ਜਾਂਦੀ ਜਿਸ ਨੂੰ ਕਣਕ ਦੀ ‘ਬੋਦੀ’ ਕਿਹਾ ਜਾਂਦਾ ਹੈ। ਇਸ ਦਾ ਮਤਲਬ ਕਣਕ ਦਾ ਸਭ ਤੋਂ ਅਖ਼ੀਰਲਾ ਹਿੱਸਾ ਗ਼ਰੀਬਾਂ ਨੂੰ ਦਾਨ ਕੀਤਾ ਜਾਂਦਾ ਸੀ। ਜਦੋਂ ਕਿਸਾਨ ਖ਼ਰੀਫ਼ ਦੀ ਫ਼ਸਲ ਵੇਚ ਵੱਟ ਕੇ ਸ਼ਾਹੂਕਾਰਾਂ ਦਾ ਹਿਸਾਬ ਕਰਕੇ ਆਪਣੇ ਘਰ ਆਉਂਦਾ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਹਿੰਦਾ।
ਪੰਜਾਬ ਅਤੇ ਹਰਿਆਣਾ ਦੇ ਕਿਸਾਨ ਸਰਦੀਆਂ ਦੀ ਫ਼ਸਲ ਕੱਟ ਲੈਣ ਤੋਂ ਬਾਅਦ ਨਵੇਂ ਸਾਲ ਦੀਆਂ ਖ਼ੁਸ਼ੀਆਂ ਮਨਾਉਂਦੇ। ਵਿਸਾਖੀ ਪੰਜਾਬ ਅਤੇ ਆਸ-ਪਾਸ ਦੇ ਪ੍ਰਦੇਸ਼ਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ। ਇਹ ਖ਼ਰੀਫ਼ ਦੀ ਫ਼ਸਲ ਦੇ ਪੱਕਣ ਦੀ ਖ਼ੁਸ਼ੀ ਦਾ ਪ੍ਰਤੀਕ ਹੈ। ਧਨੀ ਰਾਮ ਚਾਤ੍ਰਿਕ ਨੇ ਆਪਣੀ ਕਵਿਤਾ ‘ਵਿਸਾਖੀ ਦਾ ਮੇਲਾ’ ਵਿਚ ਪੰਜਾਬ ਦੀਆਂ ਫ਼ਸਲਾਂ ਅਤੇ ਸੱਭਿਆਚਾਰ ਦੇ ਰੰਗ ਨੂੰ ਇੰਜ ਪੇਸ਼ ਕੀਤਾ ਹੈ:
ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ
ਲੰਬੜਾਂ ਅਤੇ ਸ਼ਾਹਾਂ ਦਾ ਹਿਸਾਬ ਕੱਟ ਕੇ
ਪੱਗ ਝੱਗਾ ਚਾਦਰਾ ਨਵਾਂ ਸਵਾਇਕੇ
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ
ਕੱਛੇ ਮਾਰ ਵੰਝਲੀ ਆਨੰਦ ਛਾ ਗਿਆ
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ
ਵਿਸਾਖੀ ਦਾ ਤਿਉਹਾਰ ਕੇਵਲ ਪੰਜਾਬ ’ਚ ਹੀ ਨਹੀਂ ਬਲਕਿ ਦੇਸ਼ਾਂ- ਵਿਦੇਸ਼ਾਂ ’ਚ ਵੀ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ। ਪੰਜਾਬ ਦੇ ਵੱਖ- ਵੱਖ ਇਲਾਕਿਆਂ ’ਚ ਮੇਲੇ ਲੱਗਦੇ ਹਨ ਅਤੇ ਲੋਕ ਖੁਸ਼ੀ-ਖੁਸ਼ੀ ਆਪਣੇ ਪਰਿਵਾਰਾਂ ਸਮੇਤ ਇਨ੍ਹਾਂ ਮੇਲਿਆਂ ਦਾ ਆਨੰਦ ਮਾਣਦੇ ਹਨ। ਇਸ ਸਮੇਂ ਪੰਜਾਬ ਦਾ ਪਰੰਪਰਾਗਤ ਨਾਚ ਭੰਗੜਾ ਵੀ ਪਾਇਆ ਜਾਂਦਾ ਅਤੇ ਢੋਲ ਦੇ ਡੱਗੇ ’ਤੇ ਜੱਟ ਲੁੱਡੀ ਪਾ ਕੇ ਨੱਚਦੇ ਸਨ। ਵਿਸਾਖੀ ਸਾਡੇ ਦੇਸ਼ ਦਾ ਪੁਰਾਣਾ ਅਤੇ ਪ੍ਰਸਿੱਧ ਤਿਉਹਾਰ ਹੈ, ਪਰ ਇਸ ਦਾ ਸਬੰਧ ਹਾੜੀ ਦੀ ਫ਼ਸਲ ਪੱਕਣ ਨਾਲ ਨਹੀਂ ਬਲਕਿ ਇਸ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਵੀ ਹੈ। ਰਤਨ ਸਿੰਘ ਜੱਗੀ ਲਿਖਦੇ ਹਨ:
ਪੰਜ ਵਜੇ ਅਪ੍ਰੈਲ ਦੀ ਤੇਰਵੀਂ ਨੂੰ
ਲੋਕੀ ਬਾਗ ਵੱਲ ਹੋਏ ਰਵਾਨਾ ਚੱਲੇ
ਦਿਲਾਂ ਵਿੱਚ ਇਨਸਾਫ਼ ਦੀ ਆਸ ਰੱਖ ਕੇ
ਸਾਰੇ ਸਿੱਖ, ਹਿੰਦੂ, ਮੁਸਲਮਾਨ ਚੱਲੇ।
ਇਸੇ ਹੀ ਦਿਨ ਜੱਲ੍ਹਿਆਂ ਵਾਲੇ ਬਾਗ਼ ਅੰਮ੍ਰਿਤਸਰ ਦਾ ਖ਼ੂਨੀ ਸਾਕਾ ਵਾਪਰਿਆ ਸੀ। ਇਸ ਨੂੰ ਭਲਾਂ ਕੌਣ ਭੁੱਲ ਸਕਦਾ? 13 ਅਪਰੈਲ 1919 ਨੂੰ ਵਿਸਾਖੀ ਵਾਲੇ ਦਿਨ ਜੱਲ੍ਹਿਆਂਵਾਲੇ ਬਾਗ ਵਿਖੇ ਇਕੱਠੇ ਹੋਏ ਨਿਹੱਥੇ ਭਾਰਤੀਆਂ ਨੂੰ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਇਸ ਸਾਕੇ ਵਿਚ ਕਿੰਨੇ ਹੀ ਬੱਚੇ, ਔਰਤਾਂ, ਬਜ਼ੁਰਗ ਮਾਰੇ ਗਏ ਸਨ। ਅੰਤ ਵਿਚ ਸ. ਊਧਮ ਸਿੰਘ ਨੇ 21 ਸਾਲ ਬਾਅਦ ਇਸ ਦਾ ਬਦਲਾ ਲੈ ਕੇ ਬੇਕਸੂਰੇ ਪੰਜਾਬੀਆਂ ਦੇ ਖ਼ੂਨ ਅਤੇ ਬੇਇੱਜ਼ਤੀ ਦਾ ਬਦਲਾ ਲੈ ਕੇ ਉਨ੍ਹਾਂ ਦੀ ਆਤਮਾ ਨੂੰ ਸਾਂਤੀ ਦਿੱਤੀ। ਇਸੇ ਹੀ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਵਿਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਜਿਸ ਵਿਚ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਉਨ੍ਹਾਂ ਕੋਲੋਂ ਆਪ ਵੀ ਅੰਮ੍ਰਿਤ ਪਾਨ ਕਰਕੇ ਗੁਰੂ ਅਤੇ ਚੇਲੇ ਦੇ ਫ਼ਰਕ ਨੂੰ ਹੀ ਮਿਟਾ ਕੇ ਸਭ ਨੂੰ ਇਕ ਸਮਾਨ ਦਰਜਾ ਦਿੱਤਾ। ਖ਼ਾਲਸਾ ਪੰਥ ਦੀ ਸਾਜਨਾ ਦਾ ਮਨੋਰਥ ਜਾਤ-ਪਾਤ ਨੂੰ ਮਿਟਾਉਣਾ, ਜ਼ੁਲਮ ਦਾ ਵਿਰੋਧ ਕਰਨਾ, ਨਿਹੱਥੇ ਬੇਸਹਾਰਾ ਲੋਕਾਂ ਲਈ ਲੜਨਾ, ਗਊ -ਗ਼ਰੀਬ ਦੀ ਰੱਖਿਆ ਕਰਨੀ, ਔਰਤਾਂ ਦੀ ਹਿਫ਼ਾਜ਼ਤ ਕਰਨੀ, ਭਾਈਚਾਰਕ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਹੈ ਖਾਲਸਾ ਪੰਥ। ਇਸੇ ਚੇਤਨਾ ਸਦਕਾ ਮਾਧੋ ਦਾਸ ਬੈਰਾਗੀ ਗੁਰੂ ਗੋਬਿੰਦ ਸਿੰਘ ਜੀ ਦਾ ਬਾਬਾ ਬੰਦਾ ਸਿੰਘ ਬਣਿਆ ਜਿਸ ਨੇ ਨਿਹੱਥੇ ਲੋਕਾਂ ਲਈ ਸੰਘਰਸ਼ ਕੀਤਾ ਅਤੇ ਉਨ੍ਹਾਂ ਵਿਚੋਂ ਉਨ੍ਹਾਂ ਨੇ ਧਨਾਢ ਜਾਗੀਰਦਾਰੀ ਲੋਕਾਂ ਵਿਰੁੱਧ ਸੰਘਰਸ਼ ਕਰਕੇ ਕਿਰਤੀ ਕਿਸਾਨਾਂ ਨੂੰ ਜ਼ਮੀਨਾਂ ਦੇ ਅਸਲੀ ਮਾਲਕ ਬਣਾ ਦਿੱਤਾ ਸੀ। ਖ਼ਾਲਸਾ ਪੰਥ ਦੀ ਸਾਜਨਾ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਤਕ ਅਤੇ ਬਾਬਾ ਬੰਦਾ ਸਿੰਘ ਜੀ ਤੋਂ ਜਦੋਂ ਅਸੀਂ ਅਜੋਕੇ ਸਮੇਂ ਵਿਚ ਪਹੁੰਚਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਖਾਲਸਾ ਪੰਥ ਦੀ ਚੇਤਨਾ ਸਦਕਾ ਅੱਜ ਸਾਡੇ ਦੇਸ਼ ਦੇ ਕਿਰਤੀ ਲੋਕ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਆਪਣੀ ਰੋਜ਼ੀ-ਰੋਟੀ ਦੀ ਲੜਾਈ ਲੜ ਰਹੇ ਹਨ। ਇਹ ਲੋਕ ਆਪਣੀ ਧਰਤੀ ਮਾਂ ਨੂੰ ਬਚਾਉਣ ਦੀ ਹਰ ਕੋਸ਼ਿਸ਼ ’ਤੇ ਲੱਗੇ ਹੋਏ ਹਨ ਜਿਸ ਵਿਚ ਹਰ ਵਰਗ ਦੇ ਕਿਸਾਨ, ਨੌਜਵਾਨ, ਬੱਚੇ, ਬਜ਼ੁਰਗਾਂ, ਔਰਤਾਂ ਦੀ ਵੱਡੇ ਪੱਧਰ ’ਤੇ ਸ਼ਮੂਲੀਅਤ ਵੇਖਣ ਨੂੰ ਮਿਲ ਰਹੀ ਹੈ। ਇਹ ਸੰਘਰਸ਼ ਆਪਣੇ ਹੱਕਾਂ ਦੀ ਲੜਾਈ ਲੜਦਾ ਹੋਇਆ ਕੌਮਾਂਤਰੀ ਸੰਘਰਸ਼ ਬਣ ਗਿਆ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਜਦੋਂ ਸਾਡੇ ਸਮਾਜ ਦੇ ਲੋਕਾਂ ’ਤੇ ਭਿਆਨਕ ਸਮਾਂ ਆਉਂਦਾ ਹੈ ਤਾਂ ਸਾਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਖਾਲਸਾ ਪੰਥ ਦਾ ਸੰਕਲਪ ਯਾਦ ਕਰਵਾਉਂਦਾ ਹੈ। ਖਾਲਸਾ ਪੰਥ ਦੇ ਸੰਕਲਪ ਨੇ ਵਿਸਾਖੀ ਦੇ ਤਿਉਹਾਰ ਨੂੰ ਸਦੀਵੀ ਬਣਾ ਦਿੱਤਾ। ਵਿਸਾਖੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਆਓ, ਆਪਾ ਸਾਰੇ ਰਲ਼- ਮਿਲ ਕੇ ਆਪਣੀ ਧਰਤੀ ਮਾਂ ਨੂੰ ਬਚਾਉਣ ਲਈ ਹੋਰ ਹੰਭਲਾ ਮਾਰੀਏ।
ਸੰਪਰਕ: 94782-38443