ਡਾ. ਲਖਵੀਰ ਸਿੰਘ ਨਾਮਧਾਰੀ
ਜੰਗ-ਏ-ਆਜ਼ਾਦੀ ਦੇ ਮੋਢੀ, ਨਾ-ਮਿਲਵਰਤਨ ਅਤੇ ਸਵਦੇਸ਼ੀ ਲਹਿਰ ਦੇ ਬਾਨੀ ਤੇ ਮਹਾਨ ਸਮਾਜ ਸੁਧਾਰਕ ਸਤਿਗੁਰੂ ਰਾਮ ਸਿੰਘ ਵੱਲੋਂ ਦੇਸ਼ ਦੇ ਸੁਤੰਤਰਤਾ ਸੰਗਰਾਮ ਲਈ ਅੰਗਰੇਜ਼ ਸਾਮਰਾਜ ਵਿਰੁੱਧ ਵਿੱਢੇ ਬਾਈਕਾਟ ਸਬੰਧੀ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ 1935 ਈਸਵੀ ਵਿੱਚ ਆਪਣੇ ਇੱਕ ਲੇਖ ਵਿੱਚ ਲਿਖਦੇ ਹਨ, “ਸਤਿਗੁਰੂ ਰਾਮ ਸਿੰਘ ਜੀ ਸੁਤੰਤਰਤਾ ਕੋ ਭੀ ਧਰਮ ਕਾ ਅੰਗ ਸਮਝਤੇ ਥੇ। ਹਮਾਰੇ ਦੇਸ਼ ਮੇਂ ਮਹਾਤਮਾ ਗਾਂਧੀ ਨੇ ਜੋ ਅਸਿਹਯੋਗ ਇਤਨੇ ਜ਼ੋਰ ਸੇ ਚਲਾਇਆ ਹੈ, ਉਸ ਕਾ ਸਤਿਗੁਰੂ ਰਾਮ ਸਿੰਘ ਜੀ ਨੇ ਪ੍ਰਾਯ ਪਚਾਸ ਵਰਸ਼ ਪੂਰਵ ਹੀ ਨਾਮਧਾਰੀਓਂ ਮੇਂ ਪ੍ਰਚਾਰ ਕੀਆ ਥਾ। ਉਨ ਕੇ ਸਿਧਾਂਤੋਂ ਮੇਂ ਪਾਂਚ ਚੀਜ਼ੇਂ ਥੀ; ਸਰਕਾਰੀ ਨੌਕਰੀ ਕਾ ਬਹਿਸ਼ਕਾਰ। ਸਰਕਾਰੀ ਅਦਾਲਤੋਂ ਕਾ ਬਹਿਸ਼ਕਾਰ। ਸਰਕਾਰੀ ਸਕੂਲੋਂ ਕਾ ਬਹਿਸ਼ਕਾਰ। ਵਿਦੇਸ਼ੀ ਵਸਤਰੋਂ ਕਾ ਬਹਿਸ਼ਕਾਰ। ਐਸੇ ਕਾਨੂੰਨ ਮਾਨਨੇ ਸੇ ਇਨਕਾਰ ਜੋ ਅਪਨੀ ਆਤਮਾ ਕੇ ਵਿਰੁੱਧ ਹੋਂ।”
ਇੱਕ ਸਾਧਾਰਨ ਕਿਰਤੀ ਪਰਿਵਾਰ ਵਿੱਚ ਬਸੰਤ ਪੰਚਮੀ ਵਾਲੇ ਦਿਨ 1816 ਈ. ਨੂੰ ਪਿਤਾ ਜੱਸਾ ਸਿੰਘ ਅਤੇ ਮਾਤਾ ਸਦਾ ਕੌਰ ਦੀ ਕੁੱਖੋਂ ਪਿੰਡ ਰਾਈਆਂ ਭੈਣੀ, ਜ਼ਿਲ੍ਹਾ ਲੁਧਿਆਣਾ ਵਿੱਚ ਜਨਮੇ ਸਤਿਗੁਰੂ ਰਾਮ ਸਿੰਘ ਨੇ ਬਸਤੀਵਾਦੀ ਅੰਗਰੇਜ਼ ਸਾਮਰਾਜ ਦੀਆਂ ਭਾਰਤ ’ਚੋਂ ਜੜ੍ਹਾਂ ਪੁੱਟਣ ਲਈ ਸੁਤੰਤਰਤਾ ਸੰਗਰਾਮ ਨੂੰ ਪੰਜਾਬ ਦੀ ਧਰਤੀ ਤੋਂ ਰੂਸ ਦਰਬਾਰ ਤਕ ਫੈਲਾਅ ਦਿੱਤਾ। ਉਹ ਬਰਤਾਨੀਆ ਬਸਤੀਵਾਦੀਆਂ ਦੇ ਰਾਜ ਪ੍ਰਬੰਧ ਵਿਰੁੱਧ ਦੇਸ਼ ਨੂੰ ਗੁਲਾਮੀ ਦੀ ਜਿਲ੍ਹਣ ’ਚੋਂ ਕੱਢਣ ਲਈ ਲੜੀ ਜਾਣ ਵਾਲੀ ਜੰਗ ਦੇ ਪਲੇਠੇ ਝੰਡਾਬਰਦਾਰ ਹਨ। ਸਤਿਗੁਰੂ ਰਾਮ ਸਿੰਘ ਨੇ ਸਮਾਜ ਵਿੱਚ ਧਾਰਮਿਕ, ਸਦਾਚਾਰਕ ਅਤੇ ਰਾਜਨੀਤਿਕ ਚੇਤੰਨਤਾ ਦੇ ਨਾਲ-ਨਾਲ ਗੁਰਮਤਿ ਅਤੇ ਰੂਹਾਨੀ ਸ਼ਕਤੀਆਂ ਦਾ ਵੀ ਸੰਚਾਰ ਕੀਤਾ। ਉਨ੍ਹਾਂ ਦੇਸ਼ ਵਿੱਚ ਅਜਿਹੇ ਇਨਕਲਾਬ ਦੀ ਸਿਰਜਨਾ ਕੀਤੀ, ਜਿਸ ਨੂੰ ਆਧਾਰ ਬਣਾ ਕੇ ਭਾਰਤ ਤੋਂ ਬਾਅਦ ਹੋਰਾਂ ਦੇਸ਼ਾਂ ਨੇ ਵੀ ਸਾਮਰਾਜੀ ਗੁਲਾਮੀਆਂ ਤੋਂ ਛੁਟਕਾਰਾ ਪਾਇਆ। ਵਿਸ਼ਲੇਸ਼ਣ ਕਰੀਏ ਤਾਂ ਕਿਸਾਨੀ ਸੰਘਰਸ਼ ਦੇ ਮੌਜੂਦਾ ਹਾਲਾਤ ਵਿੱਚ ਕੂਕਾ ਅੰਦੋਲਨ ਦੇ ਸਿਧਾਂਤ ਅੱਜ ਵੀ ਉਸਾਰੂ ਮਾਰਗ ਦਿਖਾਉਣਯੋਗ ਹਨ।
ਉਨ੍ਹਾਂ ਦੇ ਜੀਵਨ ਕਾਲ ’ਤੇ ਝਾਤ ਮਾਰੀਏ ਤਾਂ ਬਚਪਨ ਵਿੱਚ ਹੀ ਜਿੱਥੇ ਉਹ ਆਪਣੇ ਪਿਤਾ ਨਾਲ ਖੇਤੀ ਅਤੇ ਸੇਪੀ ਦਾ ਕੰਮ ਕਰਾਉਂਦੇ, ਉਥੇ ਗੁਰਬਾਣੀ, ਸਿਮਰਨ ਅਤੇ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ। ਦੇਸ਼ ਵਿੱਚ ਘੋਰ ਗੁਲਾਮੀ ਸਮੇਂ 1837 ਈ. ਵਿੱਚ ਉਹ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਭਰਤੀ ਹੋ ਗਏ। 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਤਿਗੁਰੂ ਰਾਮ ਸਿੰਘ ਨੇ ਰਾਜਗੱਦੀ ਲਈ ਸ਼ਾਹੀ ਪਰਿਵਾਰ ਵਿੱਚ ਹੋਏ ਕਤਲੇਆਮ ਅਤੇ ਸਿੱਖ ਰਾਜ ਦੀ ਢਹਿੰਦੀ ਕਲਾ ਨੂੰ ਅੱਖੀਂ ਵੇਖਿਆ। ਉਸ ਦੁੱਖਦਾਈ ਸਮੇਂ ਵਿੱਚ ਦੇਸ਼ ਦੇ ਰਾਜੇ ਵੀ ਗੱਦਾਰ ਅਤੇ ਦੇਸ਼ ਧ੍ਰੋਹੀ ਹੋ ਗਏ ਸਨ। 1845 ਵਿੱਚ ਮੁਦਕੀ ਦੀ ਲੜਾਈ ਸਮੇਂ ਫ਼ੌਜ ਦੀ ਨੌਕਰੀ ਛੱਡ ਕੇ ਉਹ ਆਪਣੇ ਪਿੰਡ ਰਾਈਆਂ ਭੈਣੀ (ਲੁਧਿਆਣਾ) ਆ ਗਏ। ਸਭ ਤੋਂ ਪਹਿਲਾਂ ਉਨ੍ਹਾਂ ਨੇ ਸਿੱਖ ਧਰਮ ਵਿੱਚ ਵੱਡੇ ਸੁਧਾਰਾਂ ਲਈ ਨਿਯਮ ਉਲੀਕੇ। ਉਨ੍ਹਾਂ ਗੁਰੂ ਗੋਬਿੰਦ ਸਿੰਘ ਦੇ ਦਿਖਾਏ ਮਾਰਗ ’ਤੇ ਚੱਲਦਿਆਂ 12 ਅਪਰੈਲ 1857 ਨੂੰ ਕੂਕਾ ਅੰਦੋਲਨ ਦੀ ਨੀਂਹ ਰੱਖੀ। ਪੁਰਾਤਨ ਪੰਜਾਬ ਦੇ ਕੋਨੇ-ਕੋਨੇ ਵਿੱਚ ਵਸੀਹ ਪੈਮਾਨੇ ’ਤੇ ਗੁਰਮਤਿ ਦਾ ਪ੍ਰਚਾਰ ਕੀਤਾ। ਲੋਕਾਂ ਵਿੱਚ ਸਵੈਮਾਣ, ਆਤਮ-ਵਿਸ਼ਵਾਸ ਦਾ ਮਾਦਾ ਭਰਿਆ। ਅੰਧਵਿਸ਼ਵਾਸ, ਸਮਾਜ ਲਈ ਮਾਰੂ ਅਤੇ ਰੂੜ੍ਹੀਵਾਦੀ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਉਠਾਈ। ਲਾਹੌਰ ਦੇ ਦੀਵਾਨ ਬੂਟਾ ਸਿੰਘ ਦੀ ‘ਆਫਤਾਬ ਪ੍ਰੈੱਸ’ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਅਤੇ ਪੋਥੀਆਂ ਛਪਵਾ ਕੇ ਗੁਰਦੁਆਰਿਆਂ, ਧਰਮਸ਼ਾਲਾਵਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਇਆ ਅਤੇ ਸਮਾਜ ਨੂੰ ਗੁਰਬਾਣੀ ਨਾਲ ਜੋੜਿਆ। ਲੜਕੀਆਂ ਮਾਰਨ, ਵੇਚਣ, ਵੱਟਾ ਕਰਨ ਅਤੇ ਬਾਲ ਵਿਆਹ ’ਤੇ ਪਾਬੰਦੀ ਲਗਾਈ। ਵਿਧਵਾ ਵਿਆਹ ਯੋਗ ਠਹਿਰਾਇਆ। ਦਾਸੀ ਬਣ ਚੁੱਕੀ ਔਰਤ ਨੂੰ ਮਰਦ ਦੇ ਬਰਾਬਰ ਦਾ ਰੁਤਬਾ ਦੇ ਕੇ ਪਹਿਲੀ ਜੂਨ 1863 ਈ. ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। 3 ਜੂਨ 1863 ਈਸਵੀ ਨੂੰ ਖਰਚੀਲੀਆਂ ਵਿਆਹ ਰਸਮਾਂ ਨੂੰ ਤਿਲਾਂਜਲੀ ਦੇਣ ਲਈ ਗੁਰਮਤਿ ਅਨੰਦ ਕਾਰਜ ਦਾ ਪ੍ਰਅਰੰਭ ਕੀਤਾ। ਸਿਰਦਾਰ ਕਪੂਰ ਸਿੰਘ ਆਈ.ਸੀ.ਐੱਸ ਆਪਣੀ ਪੁਸਤਕ ‘ਸਪਤਸਿੰਗ’ ਵਿੱਚ ਸਤਿਗੁਰੂ ਰਾਮ ਸਿੰਘ ਸਬੰਧੀ ਲਿਖਦੇ ਹਨ, “ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੋਂ ਭਾਰਤ ਦੀ ਹਜ਼ਾਰਾਂ ਵਰ੍ਹਿਆਂ ਦੀ ਤਵਾਰੀਖ ਵਿੱਚ ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋਇਆ ਜਿਸ ਨੇ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਇਤਨਾ ਹਮਾਗੀਰ ਤੇ ਉੱਚਾ ਰੱਖਿਆ ਹੋਵੇ। ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੋਂ ਇਸ ਕਿਸਮ ਦੀ ਦਲੇਰ ਆਤਮਾ ਵਾਲਾ ਪੁਰਖ ਭਾਰਤ ਵਰਸ਼ ਵਿੱਚ ਬਾਬਾ ਰਾਮ ਸਿੰਘ ਹੀ ਹੋਇਆ ਹੈ।”
ਸਤਿਗੁਰੂ ਰਾਮ ਸਿੰਘ ਨੇ ਪੁਰਾਤਨ ਪੰਜਾਬ ਨੂੰ 22 ਹਿੱਸਿਆਂ ਵਿੱਚ ਵੰਡ ਕੇ 22 ਸੂਬੇ ਨਿਯੁਕਤ ਕੀਤੇ, ਜਿਨ੍ਹਾਂ ਵਿੱਚੋਂ ਬਹੁਤੇ ਉਨ੍ਹਾਂ ਦੇ ਫ਼ੌਜੀ ਜੀਵਨ ਵੇਲੇ ਦੇ ਪੁਰਾਣੇ ਸਾਥੀ ਸਨ, ਜੋ ਵੱਖ-ਵੱਖ ਇਲਾਕਿਆਂ ਵਿੱਚ ਗੁਰਮਤਿ ਅਤੇ ਕੂਕਾ ਅੰਦੋਲਨ ਦਾ ਪ੍ਰਚਾਰ ਕਰਦੇ। ਅੰਗਰੇਜ਼ ਬਸਤੀਵਾਦੀਆਂ ਦਾ ਪਤਨ ਕਰਕੇ ਸਿੱਖ ਸਵੈਰਾਜ ਮੁੜ ਸਥਾਪਤ ਕਰਨ ਲਈ ਸਤਿਗੁਰੂ ਰਾਮ ਸਿੰਘ ਦੇ ਇਸ ਅੰਗਰੇਜ਼ ਮੁਕਤੀ ਅੰਦੋਲਨ ਵਿੱਚ ਇਹ ਲਹਿਰ ਜਵਾਰਭਾਟੇ ਦਾ ਰੂਪ ਧਾਰਨ ਕਰ ਗਈ ਅਤੇ ਕਿਰਤੀ ਲੋਕਾਂ, ਸ਼ਾਹੀ ਘਰਾਣਿਆਂ, ਸਰਦਾਰਾਂ, ਜਗੀਰਦਾਰਾਂ ਦੀਆਂ ਸਫ਼ਾ ਵਿੱਚ ਫੈਲ ਗਈ। ਲੱਖਾਂ ਲੋਕ ਨਾਮਧਾਰੀ ਸਜ ਗਏ।
ਉਨ੍ਹਾਂ ਅੰਗਰੇਜ਼ ਸਾਮਰਾਜ ਵਿਰੁੱਧ ਹਥਿਆਰਬੰਦ ਲੜਾਈ ਦੀ ਥਾਂ ਨਾ-ਮਿਲਵਰਤਨ ਅਤੇ ਸਵਦੇਸ਼ੀ ਦਾ ਹਥਿਆਰ ਵਰਤਿਆ। ਉਨ੍ਹਾਂ ਦੇਸ਼ ਦੇ ਕੋਨੇ-ਕੋਨੇ ਵਿੱਚ ਇੱਕ ਹੋਣ ਅਤੇ ਅੰਗਰੇਜ਼ਾਂ ਦਾ ਪੂਰਨ ਬਾਈਕਾਟ ਕਰਨ ਦਾ ਹੋਕਾ ਦਿੱਤਾ। ਲੋਕਾਂ ਨੇ ਅੰਗਰੇਜ਼ੀ ਸਕੂਲਾਂ, ਅਦਾਲਤਾਂ, ਅੰਗਰੇਜ਼ ਦੀਆਂ ਮਿੱਲਾਂ ’ਚੋ ਬਣੇ ਮਾਲ ਦਾ ਬਾਈਕਾਟ ਕਰ ਦਿੱਤਾ ਅਤੇ ਰੇਲ ਗੱਡੀਆਂ ਦਾ ਸਫ਼ਰ ਬੰਦ ਕਰ ਦਿੱਤਾ ।
ਬਰਤਾਨੀਆ ਦੇ ਇਨਸਾਈਕਲੋਪੀਡੀਆ ਦੇ ਅੱਠਵੇਂ ਭਾਗ ਦੇ ਪੰਨਾ-142 ’ਤੇ ਸਤਿਗੁਰੂ ਰਾਮ ਸਿੰਘ ਸਬੰਧੀ ਪ੍ਰਮੁੱਖ ਤੌਰ ’ਤੇ ਲਿਖਿਆ ਹੈ, ‘‘ਸਤਿਗੁਰੂ ਰਾਮ ਸਿੰਘ ਸਿੱਖ ਦਾਰਸ਼ਨਿਕ, ਸੁਧਾਰਕ, ਅੰਗਰੇਜ਼ੀ ਵਪਾਰ ਅਤੇ ਨੌਕਰੀਆਂ ਪ੍ਰਤੀ ਨਾ-ਮਿਲਵਰਤਨ ਅਤੇ ਬਾਈਕਾਟ ਨੂੰ ਸਿਆਸੀ ਹਥਿਆਰ ਵਜੋਂ ਵਰਤਣ ਵਾਲਾ ਪਹਿਲਾ ਭਾਰਤੀ ਹੈ।”
ਉਨ੍ਹਾਂ ਅਦਾਲਤੀ ਫ਼ੈਸਲਿਆਂ ਲਈ ਸੂਬਾ ਰਤਨ ਸਿੰਘ ਮੰਡੀ ਕਲਾਂ ਨੂੰ ਜੱਜ ਨਿਯੁਕਤ ਕਰ ਦਿੱਤਾ, ਸੂਬਾ ਸਾਹਿਬ ਸਿੰਘ ਦੀ ਕਮਾਨ ਹੇਠ ਆਪਣਾ ਕੂਕਾ ਡਾਕ ਪ੍ਰਬੰਧ ਚਾਲੂ ਕੀਤਾ। ਪੜ੍ਹਾਈ ਡੇਰਿਆਂ ਅਤੇ ਧਰਮਸ਼ਾਲਾਵਾਂ ਵਿੱਚ ਹੋਣ ਲੱਗੀ। ਰੇਲ ਗੱਡੀਆਂ ਦੀ ਥਾਂ ਊਠਾਂ, ਘੋੜਿਆਂ ਅਤੇ ਗੱਡਿਆਂ ਦੀ ਸਵਾਰੀ ਹੋਣ ਲੱਗੀ। ਸਤਿਗੁਰੂ ਰਾਮ ਸਿੰਘ ਨੇ ਕਸ਼ਮੀਰ ਵਿੱਚ ਹੀਰਾ ਸਿੰਘ ਸਢੌਰਾ ਦੀ ਕਮਾਨ ਹੇਠ ‘ਕੂਕਾ ਪਲਟਨ’ ਦੀ ਫ਼ੌਜ ਟੁੱਕੜੀ ਦੀ ਸਥਾਪਨਾ ਕੀਤੀ। ਭਾਈ ਕਾਹਨ ਸਿੰਘ ਨਿਹੰਗ ਅਤੇ ਸੂਬਾ ਬਿਸ਼ਨ ਸਿੰਘ ਨੂੰ ਦੇਸ਼ੀ ਰਿਆਸਤਾਂ ਦੇ ਰਾਜਿਆਂ ਅਤੇ ਸਰਹੱਦੀ ਰਾਜਾਂ ਨਾਲ ਰਾਬਤਾ ਕਾਇਮ ਕਰਨ ਲਈ ਰਾਜਦੂਤ ਨਿਯੁਕਤ ਕਰ ਦਿੱਤਾ। ਉਨ੍ਹਾਂ ਰੂਸ, ਕਸ਼ਮੀਰ, ਹੈਦਰਾਬਾਦ, ਲਖਨਊ ਤੇ ਨੇਪਾਲ ਦੇ ਰਾਜਿਆਂ ਨਾਲ ਆਜ਼ਾਦੀ ਸਬੰਧੀ ਵਿਚਾਰ ਚਰਚਾਵਾਂ ਆਰੰਭ ਕਰ ਦਿੱਤੀਆਂ। ਅੰਗਰੇਜ਼ ਇਸ ਧਾਰਮਿਕ ਲਹਿਰ ਦੇ ਰਾਜਨੀਤਕ ਮਨਸੂਬੇ ਦੇਖ ਕੇ ਅੰਦਰ ਤਕ ਡਰ ਗਏ।
ਅੰਗਰੇਜ਼ ਅਫ਼ਸਰ ਐਡਵਾਰਡ ਬੇਲੀ ਆਪਣੀ 1868 ਈਸਵੀਂ ਦੀ ਇੱਕ ਚਿੱਠੀ ਵਿੱਚ ਲਿਖਦਾ ਹੈ, ‘‘ਰਾਮ ਸਿੰਘ ਬਹੁਤ ਖ਼ਤਰਨਾਕ ਵਿਅਕਤੀ ਹੈ, ਸ਼ਾਇਦ ਹੁਣ ਭਾਰਤ ਵਿੱਚ ਸਭ ਤੋਂ ਵੱਧ ਖ਼ਤਰਨਾਕ।”
ਸਤਿਗੁਰੂ ਰਾਮ ਸਿੰਘ ਅੰਮ੍ਰਿਤਸਰ ਵਿੱਚ ਵੱਡੇ ਇਕੱਠ ਨਾਲ ਦੀਪਮਾਲਾ ’ਤੇ ਗਏ। ਇਥੇ 80,000 ਮਾਲਾਵਾਂ ਵੰਡੀਆਂ। ਆਨੰਦਪੁਰ ਸਾਹਿਬ, ਖੋਟੇ, ਮਾਨਾਂਵਾਲੇ ਹੋਲਾ-ਮਹੱਲਾ ਮਨਾਇਆ। ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿੱਚ ਵੱਡੇ ਇਕੱਠਾਂ ਅਤੇ ਕੂਕਾ ਅੰਦੋਲਨ ਦੀਆਂ ਸਰਗਰਮੀਆਂ ਨੇ ਅੰਗਰੇਜ਼ਾਂ ਨੂੰ ਚਿੰਤਤ ਕਰ ਦਿੱਤਾ। ਅੰਗਰੇਜ਼ੀ ਫੌਜਾਂ ਨੂੰ ਗਊ ਮਾਸ ਮੁਹੱਈਆ ਕਰਨ ਅਤੇ ਪੰਜਾਬ ਵਿੱਚ ਥਾਂ-ਥਾਂ ਬੁੱਚੜਖਾਨੇ ਖੋਲ੍ਹਣ ਦਾ ਕੂਕਿਆਂ ਨੇ ਵਿਰੋਧ ਕੀਤਾ। ਅਜਿਹੇ ਟਕਰਾਅ ’ਚੋਂ ਖੂਨੀ ਸਾਕਿਆਂ ਨੇ ਜਨਮ ਲਿਆ। 15 ਜੁਲਾਈ 1871 ਈ. ਨੂੰ ਰਾਏਕੋਟ, 15 ਸਤੰਬਰ 1871 ਈ. ਨੂੰ ਅੰਮ੍ਰਿਤਸਰ, 26 ਨਵੰਬਰ 1871 ਈ. ਨੂੰ ਲੁਧਿਆਣਾ ਵਿੱਚ ਨਾਮਧਾਰੀ ਸਿੰਘਾਂ ਨੂੰ ਲੋਕਾਂ ਦੇ ਇਕੱਠਾਂ ਵਿੱਚ ਫਾਂਸੀਆਂ ’ਤੇ ਲਟਕਾ ਦਿੱਤਾ। ਇਸ ਟਕਰਾਅ ਦੀ ਆਖਰੀ ਇੰਤਹਾ ਉਦੋਂ ਹੋਈ, ਜਦੋਂ 17-18 ਜਨਵਰੀ 1872 ਈ. ਨੂੰ 65 ਸਿੰਘਾਂ ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ ਅਤੇ ਬਾਲਕ ਬਿਸ਼ਨ ਸਿੰਘ ਦੇ ਤਲਵਾਰਾਂ ਨਾਲ ਟੋਟੇ-ਟੋਟੇ ਕਰ ਦਿੱਤੇ। 18 ਜਨਵਰੀ 1872 ਈ. ਨੂੰ ਬਾਬਾ ਰਾਮ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕਾਲੇ ਪਾਣੀ ਭੇਜ ਦਿੱਤਾ। ਅੰਗਰੇਜ਼ਾਂ ਨੇ ਬਾਹਰੀ ਰੂਪ ਵਿੱਚ ਭਾਵੇਂ ਕੂਕਾ ਅੰਦੋਲਨ ਦੀਆਂ ਸਰਗਰਮੀਆਂ ਨੂੰ ਸਖ਼ਤੀਆਂ ਨਾਲ ਕੁਚਲ ਦਿੱਤਾ ਪਰ ਉਨ੍ਹਾਂ ਪ੍ਰਤੀ ਅੰਦਰੂਨੀ ਜੰਗ ਉਵੇਂ ਹੀ ਚੱਲਦੀ ਰਹੀ। 1885 ਈ. ਤਕ 96 ਨਾਮਧਾਰੀ ਅੰਗਰੇਜ਼ ਸਰਕਾਰ ਦੇ ਅਨੇਕਾਂ ਤਸ਼ੱਦਦ ਝੱਲਦੇ ਹੋਏ ਵੱਖ-ਵੱਖ ਸਮਿਆਂ ਵਿੱਚ ਸਤਿਗੁਰੂ ਰਾਮ ਸਿੰਘ ਕੋਲ ਰੰਗੂਨ ਪਹੁੰਚਦੇ ਰਹੇ। ਉਹ ਸਤਿਗੁਰੂ ਰਾਮ ਸਿੰਘ ਦੀਆਂ ਹੱਥ ਲਿਖਤਾਂ ਭੈਣੀ ਸਾਹਿਬ ਸਤਿਗੁਰੂ ਹਰੀ ਸਿੰਘ ਨੂੰ ਸੌਂਪਦੇ। ਇਨ੍ਹਾਂ ਚਿੱਠੀ-ਪੱਤਰਾਂ ਦਾ ਸਿਲਸਿਲਾ ਅੰਗਰੇਜ਼ਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਗੁਪਤ ਰੂਪ ਵਿੱਚ ਲੰਮਾ ਸਮਾਂ ਚੱਲਦਾ ਰਿਹਾ। ਇਨ੍ਹਾਂ ਲਿਖਤਾਂ ਰਾਹੀਂ ਵੀ ਕੂਕਾ ਅੰਦੋਲਨ ਦਾ ਘੋਲ ਪੰਜਾਬ ਅਤੇ ਭਾਰਤ ਤੋਂ ਬਾਹਰ ਅੰਤਰਰਾਸ਼ਟਰੀ ਪੱਧਰ ਤਕ ਫੈਲਿਆ। ਸਤਿਗੁਰੂ ਰਾਮ ਸਿੰਘ ਦੀਆਂ ਇਨ੍ਹਾਂ ਲਿਖਤਾਂ ਦੀ ਵੱਡੀ ਇਤਿਹਾਸਿਕ ਮਹੱਤਤਾ ਹੈ। ਇਨ੍ਹਾਂ ਲਿਖਤਾਂ ਦੀ ਗਿਣਤੀ 64 ਹੈ ਤੇ ਇਨ੍ਹਾਂ ਨੂੰ ਇਤਿਹਾਸਕਾਰਾਂ ਨੇ ਹੁਕਮਨਾਮਿਆਂ ਦਾ ਨਾਂ ਦਿੱਤਾ ਹੈ। ਸਤਿਗੁਰੂ ਰਾਮ ਸਿੰਘ ਦੇ ਆਰੰਭੇ ਇਸ ਘੋਲ ਤੋਂ ਆਜ਼ਾਦੀ ਸੰਘਰਸ਼ ਦੀਆਂ ਸਮੁੱਚੀਆਂ ਲਹਿਰਾਂ ਪ੍ਰਭਾਵਿਤ ਹੋਈਆਂ। ਗ਼ਦਰ ਲਹਿਰ ਦੇ ਮੋਢੀ ਬਾਬਾ ਸੋਹਣ ਸਿੰਘ ਭਕਨਾ ਲਿਖਦੇ ਹਨ, ‘‘ਸਤਿਗੁਰੂ ਰਾਮ ਸਿੰਘ ਇੱਕ ਉੱਚੇ ਸਿਆਸਤਦਾਨ ਵੀ ਸਨ। ਸੱਚ ਤਾਂ ਇਹ ਹੈ ਕਿ ਮੈਨੂੰ ਅੰਗਰੇਜ਼ੀ ਸਾਮਰਾਜ ਦੀ ਗੁਲਾਮੀ ਨਾਲ ਜੋ ਨਫ਼ਰਤ ਸੀ, ਉਹ ਨਾਮਧਾਰੀ ਅੰਦੋਲਨ ਤੋਂ ਵਿਰਸੇ ਵਿੱਚ ਮਿਲੀ ਸੀ ਅਤੇ 1907 ਈਸਵੀ ਦੀ ਪੰਜਾਬ ਦੀ ਐਜੀਟੇਸ਼ਨ ਨੇ ਏਸ ਨੂੰ ਹੋਰ ਮਜ਼ਬੂਤ ਕਰ ਦਿੱਤਾ। ਨਾਮਧਾਰੀਆਂ ਨੇ ਹੀ ਨਾ-ਮਿਲਵਰਤਨ, ਸਵਦੇਸ਼ੀ, ਅਹਿੰਸਾ ਅਤੇ ਸਿਵਲ ਨਾ ਫੁਰਮਾਨੀ ਆਦਿ ਦਾ ਆਰੰਭ ਕੀਤਾ।’’
ਸੰਪਰਕ: 98768-50680