ਬਾਬਾ ਨਾਨਕ, ਚਿੰਤਾ ਅਤੇ ਚਿੰਤਨ

ਬਾਬਾ ਨਾਨਕ, ਚਿੰਤਾ ਅਤੇ ਚਿੰਤਨ

ਅਵਤਾਰ ਗੋਂਦਾਰਾ

ਬਾਬੇ ਨਾਨਕ ਦੇ ਪੈਰੋਕਾਰਾਂ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਜਾਨਣ ਦਾ ਦਾਅਵਾ ਕਰਨ ਵਾਲੇ ਕਥਾਕਾਰਾਂ, ਇਤਿਹਾਸਕਾਰਾਂ, ਪ੍ਰਚਾਰਕਾਂ ਦਾ ਲੰਬਾ ਸਿਲਸਿਲਾ ਹੈ। ਪਰ ਭਾਈਚਾਰੇ ਵਿੱਚ ਮਰਯਾਦਾ, ਸਿੱਖ ਅਤੇ ਸਿੰਘ ਦਾ ਰੱਟਾ ਉਲਝਿਆ ਹੋਇਆ ਹੈ। ਤ੍ਰਾਸਦੀ ਇਹ ਹੈ ਕਿ ਕਈ ਸਦੀਆਂ ਦੀ ਵਿਆਖਿਆ ਅਤੇ ਪ੍ਰਚਾਰ ਦੇ ਬਾਵਜੂਦ ਨਾਨਕਮੱਤ, ਪੈਰੋਕਾਰਾਂ ਦੇ ਅਮਲ ਵਿੱਚ ਰੂਪਾਂਤਰ ਹੋਇਆ ਦਿਖਾਈ ਨਹੀਂ ਦਿੰਦਾ। ਪੈਰੋਕਾਰਾਂ ਦਾ ਵੱਖਰੀ ਪਛਾਣ ’ਤੇ ਜ਼ੋਰ ਤਾਂ ਹੈ, ਪਰ ਵੱਖਰੇ ਕਿਰਦਾਰ ਦੀ ਦੇਸ ਦੇਸਾਂਤਰਾਂ ਵਿੱਚ ਕਿਤੇ ਟੋਹ ਨਹੀਂ ਮਿਲਦੀ। ਵਾਹ ਵਿੱਚ ਆਏ ਕਿਸੇ ਓਪਰੇ ਬੰਦੇ, ਨਾਲ ਕੰਮ ਕਰਦੇ ਸਹਿਕਰਮੀ ਨੂੰ ਪਤਾ ਹੀ ਨਹੀਂ ਲੱਗਦਾ ਕਿ ‘ਨਾਨਕ ਨਾਮ ਲੇਵਾ’ ਦਿਸ ਰਿਹਾ ਬੰਦਾ, ਉਸ ਨਾਲੋਂ ਵੱਖਰਾ ਹੈ। ਦੂਜਿਆਂ ਵਾਂਗ ਉਹ ਵੀ ਸਵੈ-ਕੇਂਦਰਿਤ, ਲਾਲਚੀ, ਕਰਮਕਾਂਡੀ, ਜਾਤ-ਹੰਕਾਰੀ, ਵਹਿਮੀ, ਨਿੱਕੀਆਂ ਵੱਡੀਆਂ ਹੇਰਾਫੇਰੀਆਂ ’ਚ ਗ੍ਰਸਿਆ ਦਿਸਦਾ ਹੈ। ਉਹ ਇਕੋ ਵੇਲੇ ਨਸ਼ਾ ਵਿਰੋਧੀ ਮੁਹਿੰਮ ’ਚ ਵੀ ਵਧ ਚੜ੍ਹ ਕੇ ਹਿੱਸਾ ਲੈ ਸਕਦਾ ਹੈ ਅਤੇ ਕਈ ਕਈ ਸ਼ਰਾਬ ਦੇ ਠੇਕਿਆਂ ਦਾ ਮਾਲਕ ਵੀ ਹੋ ਸਕਦਾ ਹੈ। ਭ੍ਰਿਸ਼ਟ ਹੁੰਦਿਆਂ, ਉਹ ਭ੍ਰਿਸ਼ਟਾਚਾਰ ਦੇ ਖਿਲਾਫ਼ ਧਰਨਾ ਵੀ ਲਾ ਸਕਦਾ ਹੈ।

ਸੁਆਲ ਪੈਦਾ ਹੁੰਦਾ ਹੈ ਕਿ ਅੱਜ ਦੁਨੀਆਂ ਭਰ ਵਿਚ ਫੈਲੇ ਕਰੋੜਾਂ ‘ਨਾਨਕ ਨਾਮ ਲੇਵਾ ਪੈਰੋਕਾਰਾਂ’ ਲਈ ਆਪਣੀ ‘ਪਛਾਣ’ ਹੀ ਮਸਲਾ ਕਿਉਂ ਬਣੀ ਹੋਈ ਹੈ? ਉਨ੍ਹਾਂ ਨੂੰ ਸਿੱਖ ‘ਬਣਨ’ ਨਾਲੋਂ, ਸਿੱਖ ‘ਦਿਸਣ’ ਲਈ ਪ੍ਰਚਾਰ ਸਾਧਨਾਂ ਦੀ ਲੋੜ ਕਿਉਂ ਪੈ ਰਹੀ ਹੈ? ਜੋ ਗੱਲ ਬਾਬਾ ਨਾਨਕ ਬਿਨਾਂ ਕਿਸੇ ਮੀਡੀਆ ਦੀ ਸਹਾਇਤਾ ਦੇ ਕਰ ਗਏ? ‘ਗੁਰਾਂ ਦੇ ਨਾਂ’ ਵਸਿਆ ਖਿੱਤਾ ‘ਬੇਗਮਪੁਰਾ’ ਕਿਉਂ ਨਹੀਂ ਬਣ ਸਕਿਆ?

ਕੀ ਬਾਕੀ ਧਰਮਾਂ ਵਾਂਗ, ਬਾਬੇ ਨਾਨਕ ਦੇ ਮੱਤ ਨਾਲ ਇਹੀ ਨਹੀਂ ਵਾਪਰਿਆ? ਪਾਠ ਨੂੰ ਪੜ੍ਹਨ ਤੇ ਗੱਲ ਨੂੰ ਸਮਝਣ ਦੀ ਥਾਂ ਪੂਜਾ ਜਾਂ ਮੰਤਰ ਬਣਾ ਲਿਆ ਹੈ। ਬਾਬਾ ਨਾਨਕ ਆਪਣੇ ਸਮੇਂ ਦੀ ਹਰ ਗੱਲ ’ਤੇ ਪ੍ਰਸ਼ਨ ਕਰਦੇ ਹਨ, ਅਸੀਂ ਸਭ ਪ੍ਰਸ਼ਨਾਂ ਨੂੰ ਸ਼ਰਧਾ ਦੀ ਚਾਦਰ ਨਾਲ ਢਕ ਦਿੱਤਾ ਹੈ।

ਬਾਬਾ ਨਾਨਕ ਦੇ ਦ੍ਰਿਸ਼ਟੀਕੋਣ ਦੀ ਥਾਹ ਪਾਉਣ ਤੋਂ ਪਹਿਲਾਂ, ਆਮ ਬੰਦੇ ਦੇ ਧਰਮ ਨਾਲ ਰਿਸ਼ਤੇ ਨੂੰ ਸਮਝਣਾ ਕੁਥਾਂ ਨਹੀਂ ਹੋਵੇਗਾ। ਜਨਮ ਤੋਂ ਹੀ ਬੱਚਾ ਸਿੱਖ, ਮੁਸਲਮਾਨ, ਇਸਾਈ ਜਾਂ ਹਿੰਦੂ ਬਣਾ ਦਿੱਤਾ ਜਾਂਦਾ ਹੈ। ਉਸ ਦੇ ਵਿਚਾਰਾਂ ਅਤੇ ਜ਼ਮੀਰ ਦੀ ਆਜ਼ਾਦੀ ’ਤੇ ਪਹਿਲਾ ਹਮਲਾ ਪਰਿਵਾਰ ਵੱਲੋਂ ਹੁੰਦਾ ਹੈ। ਇਹ ਵਰਤਾਰਾ ਸਰਬਵਿਆਪੀ ਅਤੇ ਸਰਬਪ੍ਰਵਾਣਿਤ ਹੋਣ ਕਰਕੇ ਕਿਸੇ ਨੂੰ ਅੱਖਰਦਾ ਨਹੀਂ।

ਪਰਿਵਾਰਾਂ ਦੀ ਇਹ ਰਵਾਇਤ ਬਾਬਾ ਨਾਨਕ ਨੂੰ ਰੜਕਦੀ ਹੈ। ਉਹ ਆਪਣਾ ਵਿਰੋਧ, ਪਰਿਵਾਰ ਵੱਲੋਂ ਜਨੇਊ ਪਹਿਨਾਉਣ ਦੀ ਇੱਛਾ ਨੂੰ ਨਕਾਰਦਿਆਂ ਕਰਦੇ ਹਨ। ਪੁਸ਼ਤੈਨੀ ਸੰਸਕਾਰਾਂ ਦੇ ਖਿਲਾਫ਼ ਖੜ੍ਹਦਿਆਂ ਉਹ ਵਿਚਾਰਾਂ ਦੀ ਨਿੱਜੀ ਚੋਣ ਦੀ ਆਜ਼ਾਦੀ ਦੇ ਹੱਕ ਨੂੰ ਬੁਲੰਦ ਕਰਦੇ ਹਨ। ਆਜ਼ਾਦੀ, ਜੋ ਹਰ ਕਿਸਮ ਦੇ ਚਿੰਤਨ ਦੀ ਪਹਿਲੀ ਸ਼ਰਤ ਹੈ। ਇਹੀ ਆਜ਼ਾਦੀ ਕਿਸੇ ਨੂੰ ਈਸਾ, ਹਜ਼ਰਤ ਮੁਹੰਮਦ ਅਤੇ ਬੁੱਧ ਬਣਨ ਲਈ ਸਹਾਈ ਹੁੰਦੀ ਹੈ ਜੋ ਆਪੋ ਆਪਣੇ ਪਰਿਵਾਰਕ ਧਰਮਾਂ ਨੂੰ ਤਿਲਾਂਜਲੀ ਦਿੰਦੇ ਹਨ।

ਸ਼ਰਧਾ ਅਤੇ ਪ੍ਰਚਾਰ ਨੇ ਬਾਬਾ ਨਾਨਕ ਅਤੇ ਪੈਰੋਕਾਰਾਂ ਦਰਮਿਆਨ ਵਿੱਥ ਪਾ ਦਿੱਤੀ ਹੈ। ਬਾਬਾ ਨਾਨਕ ਨੇ ਅਜਿਹੇ ਲਾਈਲੱਗ ਤੇ ਝੁਕੇ ਹੋਏ ਸਿਰਾਂ ਵਾਲੇ ਪੈਰੋਕਾਰਾਂ ਦੀ ਕਲਪਨਾ ਨਹੀਂ ਸੀ ਕੀਤੀ। ਉਹ ਤਾਂ ‘ਰੱਬ’ ਤੋਂ ਵੀ ਡਰਨ ਦੇ ਹੱਕ ਵਿੱਚ ਨਹੀਂ, ਜਿਸ ਨੂੰ ‘ਬਾਬਰ ਬਾਣੀ’ ਵਿੱਚ ਦੋਸਤਾਂ ਵਾਂਗ ਉਲਾਂਂਭਾ ਦਿੰਦੇ ਹਨ। ਡਰਿਆ ਹੋਇਆ ਪੈਰੋਕਾਰ, ਆਪਣੀ ਹੋਣੀ ਦਾ ਆਪ ਮਾਲਕ ਨਹੀਂ ਬਣ ਸਕਦਾ, ਆਪਣੇ ਬਲਬੂਤੇ ਫ਼ੈਸਲੇ ਨਹੀਂ ਲੈ ਸਕਦਾ। ਆਪਣੀ ਬਹਾਦਰੀ ਦੀਆਂ, ਅਸੀਂ ਲੱਖ ਟਾਹਰਾਂ ਮਾਰੀਏ, ਪਰ ਅਸੀਂ ਡਰੇ ਹੋਏ, ਲੀਹੋਂ ਲੱਥੇ ਹੋਏ ਪੰਜਾਬੀ (ਸਿੱਖ) ਹਾਂ। ਇਸ ਦਾ ਸਬੂਤ ਇਹ ਹੈ ਕਿ ‘ਨਾਨਕ ਨਾਮ ਲੇਵਾ’ ਜੀਵ ‘ਗੁਰਾਂ ਦੇ ਨਾਂ’ ’ਤੇ ਵਸੇ ਇਸ ਖਿੱਤੇ ਨੂੰ ਛੱਡ ਕੇ, ਆਪ ਜਾਂ ਜੁਆਕਾਂ ਦੇ ਪਰਵਾਸ ਲਈ ਤਰਲੋਮੱਛੀ ਹੋ ਰਹੇ ਹਾਂ।

ਇਸ ਭੰਬਲਭੂਸੇ ’ਚੋਂ ਨਿਕਲਣ ਲਈ ਚਿੰਤਨ ਦੀ ਲੋੜ ਹੈ ਅਤੇ ਚਿੰਤਨ ਲਈ ਸੁਆਲ ਕਰਨੇ ਜ਼ਰੂਰੀ ਹਨ। ਬਾਬਾ ਨਾਨਕ ਕਿਸੇ ਦੀਆਂ ਸਿਫ਼ਤਾਂ ਦੇ ਮੁਥਾਜ ਨਹੀਂ। ਬਾਬਾ ਨਾਨਕ ਨੂੰ ਸਮਝਣ ਲਈ ਸ਼ਰਧਾ ਨਹੀਂ, ਸੰਵਾਦ ਦੀ ਲੋੜ ਹੈ। ਪ੍ਰਚਾਰਕ ਬਾਬਾ ਨਾਨਕ ਵੱਲੋਂ ਜਨੇਊ ਨਾ ਪਾਉਣ, ਗੰਗਾ ਕਿਨਾਰੇ ਖੇਤਾਂ ਨੂੰ ਪਾਣੀ ਘੱਲਣ, ਪਾਂਧੇ ਨਾਲ ਸੁਆਲ ਜੁਆਬ ਦੀ ਚਰਚਾ ਤਾਂ ਕਰਦੇ ਹਨ, ਪਰ ਉਸ ਪਿੱਛੇ ਕੰਮ ਕਰਦੀ ਸੁਆਲ ਕਰਨ ਦੀ ਆਜ਼ਾਦੀ ਦੀ ਗੱਲ ਨਹੀਂ ਕਰਦੇ ਜਿਸ ਦੀ ਅਜੋਕੇ ਸਮੇਂ ਵਿੱਚ ਬੜੀ ਅਹਿਮੀਅਤ ਹੈ। ‘ਸੁਆਲ ਕਰਨ ਦੀ ਆਜ਼ਾਦੀ’ ਵਿੱਚ ਦਖਲ- ਪਰਿਵਾਰ, ਸਰਕਾਰ ਜਾਂ ਭਾਈਚਾਰੇ ’ਚੋਂ ਕਿਸੇ ਦਾ ਵੀ ਹੋਵੇ, ਉਹ ਬਾਬਾ ਨਾਨਕ ਦੀ ਪਹੁੰਚ ਨਾਲ ਮੇਲ ਨਹੀਂ ਖਾਂਦਾ:

- ਬਾਬਾ ਨਾਨਕ ਦੀ ਕਿਸੇ ਵੀ ਬਾਣੀ ਵਿੱਚ ਪਿਛਲੱਗ ਬਣਨ ਲਈ ਪ੍ਰੇਰਿਤ ਕਰਨ ਦਾ ਹਵਾਲਾ ਨਹੀਂ ਮਿਲਦਾ। ਜ਼ਰੂਰੀ ਨਹੀਂ ਕਿ ਵਿਅਕਤੀ ਪੁਸ਼ਤੈਨੀ ਜਾਂ ਮਾਂ ਪਿਉ ਵੱਲੋਂ ਮਿਲੇ ਸੰਸਕਾਰਾਂ ਦਾ ਹੀ ਪੈਰੋਕਾਰ ਬਣੇ। ਉਹ ਆਪਣਾ ਚਿਰਾਗ਼ ਖ਼ੁਦ ਬਣ ਸਕਦਾ ਹੈ। ਜਿਵੇਂ ਖ਼ੁਦ ਬਾਬਾ ਨਾਨਕ ਨੇ ਕੀਤਾ ਤੇ ‘ਨਾਨਕ ਮੱਤ’ ਦੀ ਨੀਂਹ ਰੱਖੀ। ਕੀ ਅਸੀਂ ਇਹ ਹੱਕ ਆਪਣੇ ਬੱਚਿਆਂ ਨੂੰ ਦੇਣ ਲਈ ਤਿਆਰ ਹਾਂ?

- ਬਾਬਾ ਨਾਨਕ ਪਾਂਧੇ ਨਾਲ ਵਿਵਾਦ ਕਿਉਂ ਕਰਦੇ ਹਨ? ਪਾਂਧਾ ਰਵਾਇਤ ਅਤੇ ਰੂੜ੍ਹੀ ਦਾ ਚਿੰਨ੍ਹ ਹੈ। ਰਵਾਇਤ ਹਮੇਸ਼ਾਂ ਹੀ ਪੈਰੋਕਾਰਾਂ ਦੇ ਪੈਰਾਂ ’ਚ ਪੈਖੜ ਹੁੰਦੀ ਹੈ। ਪਾਂਧਾ ਰਵਾਇਤ ਦੇ ਸਾਂਚੇ ਵਿੱਚ ਬਾਬਾ ਜੀ ਨੂੰ ਢਾਲਣਾ ਚਾਹੁੰਦਾ ਹੈ, ਪਰ ਉਹ ਕਿਤੂੰ ਕਰਦੇ ਹਨ, ਸੁਆਲ ਪੁੱਛਦੇ ਹਨ ਜਿਨ੍ਹਾਂ ਦਾ ਪਾਂਧੇ ਕੋਲ ਕੋਈ ਜੁਆਬ ਨਹੀਂ। ਉਹ ਚਾਹੁੰਦੇ ਹਨ, ਬੰਦਾ ਉਧਾਰੇ ਵਿਚਾਰਾਂ ਜਾਂ ਜੁਆਬਾਂ ਦੀ ਥਾਂ ਉਨ੍ਹਾਂ ਨੂੰ ਆਪ ਲੱਭੇ, ਉਨ੍ਹਾਂ ਲਈ ਆਪ ਖੌਝਲੇ। ਅਸੀਂ ਖੌਝਲਣ ਦੀ ਬਜਾਏ ਬਾਬਾ ਨਾਨਕ ਨੂੰ ਹਾਕਾਂ ਮਾਰਦੇ ਹਾਂ, ਸੁਆਲ ਮੇਰੇ ਹਨ, ਆ ਕੇ ਜੁਆਬ ਦੇ ਜਾਓ।

- ਜਨੇਊ ਪਹਿਨਣ ਤੋਂ ਇਨਕਾਰ ਸਮਕਾਲੀ ਮਰਯਾਦਾ ਪ੍ਰਤੀ ਨਾਬਰੀ ਹੈ। ਹਰ ਦੌਰ ਦੀ ਸੱਤਾ, ਪੁਲੀਸ ਅਤੇ ਜੇਲ੍ਹਾਂ ਨਾਲ ਹੀ ਨਹੀਂ, ਮਰਯਾਦਾ ਦੇ ਅਣਦਿਸਦੇ ਸੰਗਲਾਂ ਨਾਲ ਬੰਦੇ ਨੂੰ ਜਕੜਦੀ ਹੈ। ਇਸ ਮਾਨਸਿਕ ਗੁਲਾਮੀ ਦਾ ਕਿਸੇ ਵੀ ਧਰਮ ਦੇ ਅਨੁਯਾਈ ਨੂੰ ਅਹਿਸਾਸ ਹੀ ਨਹੀਂ ਹੁੰਦਾ। ਉਹ ਦੂਜੇ ਧਰਮਾਂ ਦੇ ਕਰਮਕਾਂਡਾਂ ਦੀ ਖਿੱਲੀ ਉਡਾਉਂਦਿਆਂ, ਆਪਣੇ ਕਰਮਕਾਂਡਾਂ ਦਾ ਮਹਿਮਾਗਾਨ ਕਰਦਾ ਹੈ। ਕੋਈ ਵੀ ਚਿੰਨ੍ਹ, ਚਿਹਨਤ ਹੋ ਰਹੇ ਸੱਚ ਦਾ ਥਾਂ ਨਹੀਂ ਲੈ ਸਕਦਾ।

ਸਾਡੇ ਨਾਲ ਇਹੀ ਵਾਪਰ ਰਿਹਾ ਹੈ। ਅਸੀਂ ਬਾਬਾ ਨਾਨਕ ਵਾਂਗ ਆਪਣਾ ਪੱਥ ਆਪ ਲੱਭਣ ਦੀ ਥਾਂ ਸ਼ਰਧਾਲੂ, ਸਰੋਤਾ, ਰਸਮੀ ਪੈਰੋਕਾਰ ਬਣਨ ਦਾ ਸੌਖਾ ਰਾਹ ਅਖਤਿਆਰ ਕਰ ਲਿਆ ਹੈ। ਫ਼ੈਸਲਾ ਕਰਨ ’ਤੇ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਨਹੀਂ ਲੈਣੀ। ਸਾਰਾ ਕੁਝ ‘ਗੁਰੂ’, ‘ਰੱਬ’ ਜਾਂ ‘ਅੱਲਾ’ ’ਤੇ ਹੀ ਸੁੱਟ ਦਿੱਤਾ ਜਾਂਦਾ ਹੈ। ਭੁੱਲ ਬਖਸ਼ਾ ਲਈ ਜਾਂਦੀ ਹੈ। ਸ਼ਰਧਾ ਦੇ ਇਸ ਵਹਿਣ ਵਿੱਚ ਵਹਿ ਕੇ ਪੈਰੋਕਾਰਾਂ ਨੇ ਆਪਣੇ ਬੱਚਿਆਂ ਵਿਚਲੇ ‘ਨਾਨਕ’ ਦੇ ਵਿਗਸਣ ਦੀਆਂ ਸੰਭਾਵਨਾਵਾਂ ਨੂੰ ਸਦਾ ਲਈ ਖ਼ਤਮ ਕਰ ਦਿੱਤਾ ਹੈ। ਨਾਨਕ, ਜੋ ਸੁਆਲ ਕਰਦਾ ਹੈ, ਪਿੱਤਰੀ ਮਰਯਾਦਾ ਨੂੰ ਨਹੀਂ ਮੰਨਦਾ; ਜੋ ਸਥਾਪਤੀ ਨੂੰ ਚੁਣੌਤੀ ਦਿੰਦਾ ਹੈ, ਸੱਤਾ ਨੂੰ ਲਲਕਾਰਦਾ ਹੈ। ਅਜੋਕੇ ਪੰਜਾਬ ਦੇ ਪਤਨ ਦੀਆਂ ਜੜ੍ਹਾਂ ਇਸੇ ਪਹੁੰਚ ਦੀ ਗ਼ੈਰਹਾਜ਼ਰੀ ਵਿਚ ਲੱਭੀਆਂ ਜਾ ਸਕਦੀਆਂ ਹਨ।
ਸੰਪਰਕ: 98552-05818

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All