ਬਾਬਾ ਗੋਲੂ

ਬਾਬਾ ਗੋਲੂ

ਜਿੰਦਰ

ਜੀਵਨ ਲੋਅ 9

ਬਾਬਾ ਗੋਲੂ ਆਉਂਦਾ ਤਾਂ ਸਾਰੇ ਪਰਿਵਾਰ ਦੇ ਮੱਥੇ ਤਿਊੜੀਆਂ ਪੈ ਜਾਂਦੀਆਂ ਕਿ ਇਹ ਕਿੱਥੋਂ ਆ ਗਿਆ। ਹੁਣ ਉਸ ਦਾ ਆਉਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ। ਉਹ ਮੇਰੇ ਭਾਪਾ ਜੀ ਦਾ ਸਕਾ ਮਾਮਾ ਸੀ।

ਤਿੰਨ ਭਰਾਵਾਂ ਤੇ ਇਕ ਭੈਣ ’ਚੋਂ ਉਹ ਹੀ ਬਾਕੀ ਬਚਿਆ ਸੀ। ਵੱਡਾ ਦਲੀਪਾ ਸੀ। ਵਿਚਕਾਰਲਾ ਰਾਮ ਦਿੱਤਾ। ਸਾਰਿਆਂ ਨਾਲੋਂ ਛੋਟਾ ਗੋਲੂ ਸੀ। ਤਿੰਨਾਂ ਭਰਾਵਾਂ ਦੀ ਇਕ ਭੈਣ ਸੀ ਜਿਸ ਦਾ ਨਾਂ ਸਰਦੀ ਸੀ। ਪਿੰਡ ਲੱਧੜਾਂ ਬੀਰੂ ਰਾਮ ਨੂੰ ਵਿਆਹੀ ਸੀ। ਬੀਰੂ ਦੀ ਕਿਸੇ ਬਿਮਾਰੀ ਨਾਲ ਮੌਤ ਹੋ ਗਈ। ਸਰਦੀ ਬੀਰੂ ਰਾਮ ਤੋਂ ਛੋਟੇ ਗੰਗਾ ਰਾਮ ਦੇ ਬਿਠਾ ਦਿੱਤੀ ਗਈ। ਜਿੰਨਾ ਚਿਰ ਸਰਦੀ ਜਿਊਂਦੀ ਰਹੀ, ਗੋਲੂ ਲਗਾਤਾਰ ਆਉਂਦਾ ਰਿਹਾ। ਉਹ ਜੇਠ ਮਹੀਨੇ ’ਚ ਆ ਜਾਂਦਾ। ਕੱਤੇ ’ਚ ਆਪਣੇ ਪਿੰਡ ਜਨੇਰ ਚਲਾ ਜਾਂਦਾ। ਮੱਖੂ ਤੋਂ  ਗਿੱਦੜਪਿੰਡੀ ਆਉਂਦਾ। ਉੱਥੋਂ ਗੱਡੀ ਚੜ੍ਹ ਕੇ ਗਾਂਧਰਾਂ ਦੇ ਸਟੇਸ਼ਨ ’ਤੇ ਆ ਉਤਰਦਾ। ਫੇਰ ਮੀਲ ਕੁ ਪੈਦਲ ਤੁਰ ਕੇ ਆਪਣੀ ਭੈਣ ਕੋਲ ਆਉਂਦਾ। ਦੋਹਾਂ ਭੈਣਾਂ ਭਰਾਵਾਂ ’ਚ ਬਹੁਤ ਪਿਆਰ ਸੀ। ਉਹ ਆਪਸ ’ਚ ਕਦੇ ਲੜੇ-ਝਗੜੇ ਨਹੀਂ ਸੀ। ਕਦੇ ਇਕ ਦੂਜੇ ਨੂੰ ਬੋਲ-ਕੁਬੋਲ ਨਹੀਂ ਕੀਤਾ ਸੀ। ਉਹ ਦੋਵੇਂ ਹਰ ਸਾਲ ਸਾਉਣ ਮਹੀਨੇ ਚਿੰਤਪੁਰਨੀ ਵਾਲੀ ਮਾਤਾ ਦੀ ਚੌਂਕੀ ਭਰਨ ਜਾਂਦੇ। ਪੰਜੀਰੀ, ਨਮਕੀਨ ਮੱਠੀਆਂ ਤੇ ਹੋਰ ਉਰਾ-ਪੁਰਾ ਬਣਾ ਕੇ ਉਹ ਹੁਸ਼ਿਆਰਪੁਰ ਤੱਕ ਬੱਸ ’ਤੇ ਜਾਂਦੇ। ਅਗਾਂਹ ਪੈਦਲ ਤੁਰਦੇ। ਇਹ ਸਿਲਸਿਲਾ ਉਦੋਂ ਤੱਕ ਚਲਦਾ ਰਿਹਾ ਜਦੋਂ ਤੱਕ ਉਹਦੀ ਭੈਣ ਦੀ ਘਰ ’ਚ ਚਲਦੀ ਰਹੀ ਸੀ ਜਾਂ ਉਸ ਦੇ ਹੱਡ-ਪੈਰ ਕਾਇਮ ਰਹੇ।

ਉਸ ਦੇ ਭਾਣਜਿਆਂ ਦਾ ਵੱਡਾ ਪਰਿਵਾਰ ਸੀ। ਵੱਡਾ ਹਰੀ ਚੰਦ ਸੀ। ਵਿਚਕਾਰਲੇ ਦਾ ਨਾਂ ਦੁਰਗਾ ਦਾਸ ਸੀ। ਛੋਟਾ ਚਾਨਣ ਰਾਮ ਸੀ। ਤਿੰਨਾਂ ਭਰਾਵਾਂ ਦੇ ਛੇ ਮੁੰਡੇ ਸੀ। ਅੱਠ ਕੁੜੀਆਂ ਸਨ। ਸਾਰੇ ਜਣੇ ਆਪੋ-ਆਪਣੇ ਪਰਿਵਾਰਾਂ ’ਚ ਮਸਤ ਸਨ। ਹੁਣ ਉਨ੍ਹਾਂ ਲਈ ਮਾਮੇ ਗੋਲੂ ਦੀ ਹੋਂਦ ਨਾਂ-ਮਾਤਰ ਸੀ। ਉਨ੍ਹਾਂ ਨੂੰ ਉਸ ਦੀ ਲੋੜ ਨਹੀਂ ਰਹੀ ਸੀ। ਉਨ੍ਹਾਂ ਦੀ ਮਾਂ ਦੀ ਮੌਤ ਤੋਂ ਬਾਅਦ ਉਸ ਦਾ ਆਉਣਾ-ਜਾਣਾ ਘਟਦਾ-ਘਟਦਾ ਬਿਲਕੁਲ ਹੀ ਘਟ ਗਿਆ ਸੀ।

ਜਦੋਂ ਕਦੇ ਮੋਗੇ, ਧਰਮਕੋਟ ਜਾਂ ਮਖੂ ਵੱਲ ਕੋਈ ਅਹਿਮ ਘਟਨਾ ਵਾਪਰਦੀ ਤਾਂ ਉਨ੍ਹਾਂ ਨੂੰ ਮਾਮਾ ਗੋਲੂ ਯਾਦ ਆਉਂਦਾ।

ਮੇਰੇ ਭਾਪਾ ਜੀ ਦੱਸਦੇ, ‘‘ਪਤਾ ਨ੍ਹੀਂ ਉਹ ਹੈਗਾ ਵੀ ਕਿ ਨ੍ਹੀਂ। ਉਹ ਬੜਾ ਦਲੇਰ ਸੀ। ਕਿਸੇ ਲਾਟੀ ਖਾਨ ਦੀ ਪ੍ਰਵਾਹ ਨਾ ਕਰਦਾ। ਅਸੀਂ ਜਨੇਰ ਬਟੇਰੇ ਫੜਣ ਜਾਂਦੇ। ਕਰਤਾਰੇ ਦੇ ਤਾਂਗੇ ’ਤੇ ਜਾਂਦੇ। ਹਫਤਾ-ਹਫਤਾ ਰਹਿੰਦੇ। ਪਿੰਡ ਦੀਆਂ ਫਿਰਨੀਆਂ ’ਤੇ ਕਰਤਾਰਾ ਘੋੜਾ ਭਜਾਉਂਦਾ। ਮਾਮੇ ਨੂੰ ਬਟੇਰਿਆਂ ਦਾ ਸ਼ੌਕ ਨ੍ਹੀਂ ਸੀ। ਪਰ ਜਦੋਂ ਅਸੀਂ ਦਿਨ ਚੜ੍ਹੇ ਵਾਪਸ ਆਉਂਦੇ ਤਾਂ ਆਉਂਦਿਆਂ ਨੂੰ ਮਾਮਾ ਚਾਹ-ਪਾਣੀ ਤਿਆਰ ਕਰੀ ਬੈਠਾ ਹੁੰਦਾ। ਹਮੇਸ਼ਾ ਪੁੱਛਦਾ- ‘ਤੁਹਾਨੂੰ ਕਿਸੇ ਨੇ ਜਾਲ ਪਾਉਣੋਂ ਤਾਂ ਨ੍ਹੀਂ ਰੋਕਿਆ।’ ਸਾਨੂੰ ਕਿਹਨੇ ਰੋਕਣਾ ਸੀ। ਮਾਮੇ ਦਾ ਰੋਹਬ ਸੀ। ਸਾਰਾ ਪਿੰਡ ਸਾਡੇ ’ਤੇ ਮਾਣ ਕਰਦਾ।’’

ਫੇਰ ਕਿੰਨੇ ਸਾਲਾਂ ਬਾਅਦ ਬਾਬਾ ਗੋਲੂ ਆਇਆ ਸੀ। ਉਸ ਦਾ ਆਉਣਾ ਤਿੰਨਾਂ ਪਰਿਵਾਰਾਂ ਲਈ ਅਚੰਭੇ ਵਾਲੀ ਗੱਲ ਸੀ। ਉਸ ਦੇ ਗਲ ਚਿੱਟਾ ਕੁੜਤਾ, ਤੇੜ ਚਿੱਟਾ ਚਾਦਰਾ, ਖੱਬੇ ਮੋਢੇ ’ਤੇ ਲਾਲ ਡੱਬੀਆਂ ਵਾਲਾ ਸਾਫਾ ਰੱਖਿਆ ਹੋਇਆ ਸੀ। ਪੈਰਾਂ ’ਚ ਕਾਲੇ ਰੰਗ ਦੇ ਖੁੱਸੇ ਪਾਏ ਸੀ। ਉਸ ਦੇ ਹਾਥੀ ਵਰਗੇ ਵੱਡੇ-ਵੱਡੇ ਕੰਨਾਂ ਨੂੰ ਦੇਖ ਕੇ ਸਾਨੂੰ ਵਾਰ-ਵਾਰ ਹਾਸਾ ਆਉਂਦਾ। ਪਰ ਉਸ ਦੀ ਡੀਲ-ਡੌਲ ਦੇਖ ਕੇ ਅਸੀਂ ਡਰ ਵੀ ਜਾਂਦੇ। ਉਹ ਅੰਤਾਂ ਦਾ ਸੁਹਣਾ ਸੀ। ਉਹ ਵਾਰੀ-ਵਾਰੀ ਤਿੰਨਾਂ ਭਰਾਵਾਂ ਦੇ ਘਰ ਗਿਆ। ਪਰਿਵਾਰ ਦੀ ਰਾਜ਼ੀ-ਬਾਜ਼ੀ, ਖੈਰ-ਸੁੱਖ ਪੁੱਛੀ। ਉਹਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਹੁਣ ਉਸ ਦੀ ਆਪਣੀ ਭੈਣ ਨਹੀਂ ਰਹੀ ਸੀ, ਇਸ ਲਈ ਉਸਦੀ ਪਹਿਲਾਂ ਜਿਹੀ ਆਉ-ਭਗਤ ਨਹੀਂ ਹੋਈ ਸੀ। ਉਸ ਵਿਚਕਾਰਲੇ ਤਾਇਆ ਜੀ ਦੀ ਹਵੇਲੀ ’ਚ ਡੇਰਾ ਲਾ ਲਿਆ। ਤਾਇਆ ਜੀ ਸੁਨਿਆਰਾ ਕੰਮ ਦੇ ਨਾਲ-ਨਾਲ ਲੁਹਾਰਾ-ਤਰਖਾਣਾ ਕੰਮ ਵੀ ਕਰਦੇ ਸੀ। ਭਾਵ ਸੇਪੀ ਦਾ ਕੰਮ ਕਰਦੇ ਸੀ।

ਤਿੰਨਾਂ ਪਰਿਵਾਰਾਂ ਨੇ ਉਹਦੇ ਖਾਣ-ਪੀਣ ਦਾ ਸਮਾਂ ਬੰਨ੍ਹ ਲਿਆ। ਇਸ ਗੱਲ ਨੇ ਪਹਿਲਾਂ ਤਾਂ ਉਸ ਨੂੰ ਔਖਾ ਕੀਤਾ, ਫੇਰ ਉਸ ਵਕਤ ਦੇ ਨਾਲ ਸਮਝੌਤਾ ਕਰ ਲਿਆ। ਉਹ ਸਵੇਰ ਨੂੰ ਦਾਤਣ ਕਰਦਾ-ਕਰਦਾ ਜੰਗਲ-ਪਾਣੀ ਜਾ ਆਉਂਦਾ। ਵਾਪਸੀ ’ਤੇ ਮੈਂ ਉਹਨੂੰ ਚਾਹ ਦਾ ਗਲਾਸ ਤੇ ਦੇਸੀ ਘਿਉ ਵਾਲੇ ਚਾਰ ਪਰਾਉਂਠੇ ਫੜਾ ਆਉਂਦਾ। ਦੁਪਹਿਰ ਦੀ ਰੋਟੀ ਵਿਚਕਾਰਲੇ ਤਾਇਆ ਜੀ ਦੇ ਘਰੋਂ ਆ ਜਾਂਦੀ। ਰਾਤ ਦੀ ਵੱਡੇ ਤਾਇਆ ਜੀ ਦੇ ਘਰੋਂ।

ਉਹ ਸਾਰਾ ਦਿਨ ਟਾਹਲੀ ਹੇਠ ਪਏ ਮੰਜੇ ’ਤੇ ਰੱਖ ਕੇ ਪਿਆ ਰਹਿੰਦਾ। ਜੇ ਕਦੇ ਤਾਇਆ ਜੀ ਪੱਖਾ ਗੇੜਣ ਲਈ ਹਾਕ ਮਾਰ ਲੈਂਦੇ ਤਾਂ ਉਹ ਔਖਾ-ਸੌਖਾ ਹੋ ਕੇ ਪੱਖਾ ਗੇੜਣ ਬੈਠ ਜਾਂਦਾ। ਜਦੋਂ ਉਹਦੀ ਪੱਖਾ ਗੇੜਣ ਦੀ ਸਪੀਡ ਘਟ ਜਾਂਦੀ ਤਾਂ ਤਾਇਆ ਜੀ ਲਾਲ-ਪੀਲੇ ਹੁੰਦੇ ਹੋਏ ਕਹਿੰਦੇ, ‘‘ਲੰਗਰ ਤਾਂ ਚੌਂਹ ਜਣਿਆਂ ਜਿੰਨਾ ਪਾੜ ਜਾਨਾਂ- ਪੱਖਾ ਗੇੜਣ ਲੱਗਿਆਂ ਕਿਉਂ ਤੇਰੀ ਜਾਨ ਨਿਕਲਦੀ ਆ।’’ ਉਹ ਕੁਝ ਚਿਰ ਚੁੱਪ ਰਹਿੰਦਾ। ਐਦਾਂ ਦਿਖਾਉਂਦਾ ਜਿੱਦਾਂ ਉਸਨੂੰ ਸੁਣਿਆ ਹੀ ਨਾ ਹੋਵੇ। ਪਰ ਜਦੋਂ ਤਾਇਆ ਜੀ ਕਹਿਣੋ ਨਾ ਹਟਦੇ ਤਾਂ ਉਹ ਪੱਖਾ ਗੇੜਣੋਂ ਹਟ ਜਾਂਦਾ। ਗੁੱਸੇ ’ਚ ਬੋਲਦਾ, ‘’ਲੈ- ਗੜਾ ਲੈ ਮੈਥੋਂ ਪੱਖਾ।’’ ਕਹਿੰਦਾ, ‘‘ਮੈਂ ਕੋਈ ਤੇਰਾ ਨੌਕਰ ਲੱਗਾਂ। ਹੁਣ ਤੇਰਾ ਪੱਖਾ ਗੇੜਦਾ...।’’ ਜੇ ਕੋਈ ਲਾਗੇ ਬੈਠਾ ਹੁੰਦਾ ਤਾਂ ਤਾਇਆ ਜੀ ਚੁੱਪ ਵੱਟ ਲੈਂਦੇ। ਜੇ ਇਕੱਲੇ ਹੁੰਦੇ ਤਾਂ ਕਹਿੰਦੇ, ‘‘ਰੱਸੀ ਜਲ ਗਈ ਪਰ ਵਟ ਨ੍ਹੀਂ ਗਏ।’’ ਉਹ ਦੋਵੇਂ ਮਿਹਣੋ-ਮਿਹਣੀ ਹੁੰਦੇ। ਗਾਲ੍ਹੀ-ਗਲੋਚ ਹੁੰਦੇ। ਤਾਇਆ ਜੀ ਕਹਿੰਦੇ, ‘‘ਮੈਨੂੰ ਇਕ ਗੱਲ ਦੱਸ। ਕਦੇ ਤੁਹਾਡੇ ਖਾਨਦਾਨ ਨੇ ਕੋਈ ਚੰਗਾ ਕੰਮ ਕੀਤਾ। ਕਿੰਨੀ ਵਾਰੀ ਤੁਹਾਡੇ ਪਰਦੇ ਢੱਕੇ। ਚੇਤਾ ਆ ਜਦੋਂ ਮਾਂ ਮਰੀ ਸੀ ਤਾਂ ਤੁਸੀਂ ਦੋਵੇਂ ਭਰਾ ਕਫ਼ਨ ਲੈ ਕੇ ਆਏ ਸੀ। ਮਾਮਾ ਰਾਮਦਿੱਤਾ ਤੇ ਤੂੰ ਲੜ ਪਏ। ਇੱਧਰ ਸਾਡੀ ਮਾਂ ਮਰੀ ਪਈ ਸੀ ਤੇ ਉੱਧਰ ਤੁਸੀਂ ਦੋਵੇਂ ਜੂਤ ਪਤਾਨ ਹੋ ਗਏ। ਮਾਮਾ ਰਾਮਦਿੱਤਾ ਕਫ਼ਨ ਲੈ ਕੇ ਗੱਡੀ ਚੜ੍ਹ ਗਿਆ। ਅਸੀਂ ਤਿੰਨਾਂ ਭਰਾਵਾਂ ਨੇ ਪੈਸੇ ਪਾ ਕੇ ਮਾਂ ਦੇ ਕਫ਼ਨ ਦਾ ਕੱਪੜਾ ਨਕੋਦਰੋਂ ਲਿਆਂਦਾ। ਤੁਹਾਡੀ ਲਾਜ ਰੱਖ ਲਈ।’’ ਗੋਲੂ ਉੱਚੀ-ਉੱਚੀ ਬੋਲਦਾ, ‘‘ਸਾਡੀ ਨ੍ਹੀਂ ਆਪਣੀ ਕਹੋ। ਤੁਹਾਨੂੰ ਕੌਣ ਕੁੜੀ ਦਾ ਸਾਕ ਦਿੰਦਾ ਸੀ। ਉਦੋਂ ਤਾਂ ਸੌ ਮਿੰਨਤਾਂ ਕਰਦੇ ਫਿਰਦੇ ਸੀ ਮੇਰੂ ਤੇ ਬੀਰੂ। ਇਹ ਤਾਂ ਸਾਡੇ ਕਰਕੇ ਤੁਹਾਡੇ ਖਾਨਦਾਨ ਦਾ ਵਾਧਾ ਹੋਇਆ। ਨ੍ਹੀਂ ਤਾਂ ਤੁਸੀਂ ਵੀ ਆਹ ਦੁਨੀਆ ਨਾ ਦੇਖਦੇ।’’ ਤਾਇਆ ਜੀ ਦੇ ਹੱਥ ’ਚ ਛੰਨੀ ਫੜੀ ਹੁੰਦੀ। ਉਹ ਗੋਲੂ ਦੇ ਮਾਰਣ ਲਈ ਪਿਛਾਂਹ ਨੂੰ ਘੁੰਮਦੇ। ਫੇਰ ਕੁਝ ਸੋਚ ਕੇ ਮੁੜ ਪਹਿਲਾਂ ਵਾਲੀ ਥਾਂ ’ਤੇ ਬੈਠ ਜਾਂਦੇ, ‘‘ਹੋਰ ਜੋ ਮਰਜੀ ਬਕਵਾਸ ਕਰੀ ਜਾ। ਮੇਰੀ ਮਾਂ ਬਾਰੇ ਇਕ ਸ਼ਬਦ ਨ੍ਹੀਂ ਬੋਲਣਾ। ਨ੍ਹੀਂ ਤਾਂ ਆਪਣਾ ਪੜ੍ਹਿਆ ਵਿਚਾਰ ਲਈਂ।’’ ਗੋਲੂ ਵੀ ਢੈਲਾ ਪੈ ਜਾਂਦਾ, ‘‘ਭਾਣਜੇ ਦੱਸ, ਮੈਂ ਕਦੇ ਖਾਲੀ ਹੱਥ ਆਇਆਂ। ਹੁਣ ਮੈਂ ਮੁਥਾਜ ਹੋ ਗਿਆ। ਨ੍ਹੀਂ ਤਾਂ ਤੇਰੀਆਂ ਐਨੀਆਂ ਗੱਲਾਂ ਨਾ ਸੁਣਦਾ। ਲਿਆ ਫੜਾ ਆਪਣਾ ਗੁੱਟ। ਜੇ ਤੂੰ ਛੁਡਾ ਲਿਆ ਤਾਂ ਮੈਂ ਤੇਰੀ ਲੱਤ ਹੇਠੋਂ ਦੀ ਲੰਘ ਜਾਊਂਗਾ।’’ ਉਹ ਪਤਾ ਨਹੀਂ ਕੀ ਦਾ ਕੀ ਬੋਲੀ ਜਾਂਦੇ। ਪਰ ਤਾਇਆ ਜੀ ਨੇ ਇਹ ਗੱਲ ਕਦੇ ਨਹੀਂ ਕਹੀ ਕਿ ਉਹਦੇ ਘਰੋਂ ਚਲਾ ਜਾਵੇ। ਇਕ-ਦੋ ਦਿਨ ਰੋਸਾ ਰਹਿੰਦਾ। ਤੀਜੇ ਚੌਥੇ ਦਿਨ ਉਹ ਆਪ ਹੀ ਤਾਇਆ ਜੀ ਨੂੰ ਬੁਲਾ ਲੈਂਦਾ, ‘‘ਦੁਰਗਿਆ, ਨਾਈ ਨੂੰ ਤਾਂ ਕੇਰਾਂ ਸੱਦੀਂ। ਮੈਂ ਹਜਾਮਤ ਬਣਾਉਣੀ ਐ।’’

ਜਦੋਂ ਉਹ ਚੰਗੇ ਮੂਡ ’ਚ ਹੁੰਦਾ ਤਾਂ ਸਾਰਾ ਦਿਨ ਟਿਕ ਕੇ ਨਾ ਬੈਠਦਾ। ਮੱਝਾਂ ਨੂੰ ਪਾਣੀ ਪਿਲਾਉਂਦਾ। ਨਹਾਉਂਦਾ। ਫਹੁੜੇ ਨਾਲ ਗੋਹਾ ਪਿਛਾਂਹ ਹਟਾ ਦਿੰਦਾ। ਬਾਜਰੇ ਦੀ ਭਰੀ ਕੁਤਰ ਦਿੰਦਾ। ਵਿਹੜੇ ’ਚ ਪਾਣੀ ਛਿੜਕਾਉਂਦਾ। ਮੰਜਿਆਂ ਦੀਆਂ ਦੌਣਾਂ ਕੱਸ ਦਿੰਦਾ। ਛੱਲੀਆਂ ਉਗੇਰਣ ਲੱਗ ਜਾਂਦਾ। ਦਰੀਆਂ ਜਾਂ ਖੇਸਾਂ ਦੇ ਬੰਬਲ ਵੱਟਣ ਲਈ ਘਰੇ ਸੁਨੇਹਾ ਭੇਜਦਾ। ਤਿੰਨਾਂ ਘਰਾਂ ’ਚ ਗੇੜਾ ਮਾਰਦਾ। ਬੱਚਿਆਂ ਨੂੰ ਮੋਢਿਆਂ ’ਤੇ ਚੁੱਕ ਕੇ ਬੁੱਲ੍ਹਾਂ ’ਤੇ ਪੁੱਠਾ ਹੱਥ ਰੱਖ ਕੇ ਬੁਭ-ਬੁਭ ਕਰਦਾ। ਹੋਈਆਂ ਬੀਤੀਆਂ ਗੱਲਾਂ ਛੇੜਦਾ। ਆਪਣੀ ਮੋਈ ਭੈਣ ਦੀਆਂ ਸਿਫ਼ਤਾਂ ਕਰਦਾ। ਆਪਣੇ ਭਾਣਜਿਆਂ ’ਤੇ ਮਾਣ ਜਤਾਉਂਦਾ। ਬਾਰ ਬਾਰੇ ਦੱਸਦਾ। ਜੇ ਔਖਾ ਹੁੰਦਾ ਤਾਂ ਸਾਰਾ ਦਿਨ ਮੰਜੇ ’ਤੇ ਪਿਆ ਨਾ ਉੱਠਦਾ। ਮੂੰਹ ਤੋਂ ਸਾਫਾ ਨਾ ਲਾਹੁੰਦਾ, ਪਰ ਖਾਣ-ਪੀਣ ਤੋਂ ਨਾਂਹ ਨਾ ਕਰਦਾ। ਇਕ ਆਵਾਜ਼ ਮਾਰੀ ’ਤੇ ਉੱਠ ਬੈਠਦਾ।

ਇਕ ਦਿਨ ਮੈਨੂੰ ਬਾਬੇ ਗੋਲੂ ਕੋਲੋਂ ਉਸ ਦੇ ਮਨ ਦੀਆਂ ਗੱਲਾਂ ਜਾਣਨ ਦੀ ਰਮਜ਼ ਸਮਝ ਆ ਗਈ। ਜੇਠ ਮਹੀਨੇ ਦਾ ਕੋਈ ਦਿਨ। ਆਖਰਾਂ ਦੀ ਗਰਮੀ। ਸਮਾਂ ਗਿਆਰ੍ਹਾਂ ਕੁ ਵਜੇ ਦਾ। ਮੈਂ ਨੇਚਾ ਮਿੱਟੀ ਨਾਲ ਮਾਂਜਿਆ। ਉਸ ਦੇ ਹੁੱਕੇ ਦਾ ਪਾਣੀ ਬਦਲਿਆ। ਨੜੀ ’ਤੇ ਲਪੇਟਿਆ ਕੱਪੜਾ ਖੋਲ੍ਹ ਕੇ ਧੋਤਾ। ਘੁਟ ਕੇ ਦੁਬਾਰਾ ਬੰਨਿਆ। ਭਾਪਾ ਜੀ ਦੇ ਤਲਵਨੋਂ ਲਿਆਂਦੇ ਤੰਬਾਕੂ ਨੂੰ ਚਿਲਮ ’ਚ ਰੱਖਿਆ। ਵੱਡੇ ਪਿੱਪਲ ਹੇਠੋਂ ਸੁੱਕੇ ਸੱਕ ਚੁਗ ਲਿਆਇਆ। ਚਿਲਮ ਧਰ ਕੇ ਕਿਹਾ, ‘‘ਬਾਬਾ, ਹੁਣ ਘੁੱਟ ਖਿਚ ਕੇ ਦੇਖ, ਸੁਰਗਾਂ ਦੇ ਝੂਟੇ ਆਉਣਗੇ।’’ ਉਹ ਪ੍ਰਸੰਨ ਹੋ ਗਿਆ। ਮੈਂ ਦੌੜ ਕੇ ਘਰ ਗਿਆ। ਬੀਬੀ ਜੀ ਨੂੰ ਕਿਹਾ ਕਿ ਬਾਬੇ ਲਈ ਗੜਵੀ ਭਰ ਕੇ ਚਾਹ ਦੀ ਬਣਾਓ। ਬੀਬੀ ਜੀ ਨੇ ਨਾਂਹ ਕਰ ਦਿੱਤੀ। ਮੈਂ ਉਨ੍ਹਾਂ ਨੂੰ ਬਾਬੇ ਬਾਰੇ ਦੱਸਿਆ ਕਿ ਜੇ ਉਨ੍ਹਾਂ ਚਾਹ ਨਾ ਬਣਾ ਕੇ ਦਿੱਤੀ ਤਾਂ ਉਹ ਕਹਿੰਦਾ ਕਿ ਉਹਨੇ ਤੁਹਾਡੇ ਪੇਕਿਆਂ ਦਾ ਕੱਚਾ ਚਿੱਠਾ ਖੋਲ੍ਹ ਦੇਣਾ। ਬੀਬੀ ਜੀ ਇਸ ਗੱਲੋਂ ਡਰ ਗਏ। ਉਨ੍ਹਾਂ ਵਾਹਵਾ ਸਾਰੀ ਪੱਤੀ ਤੇ ਮਿੱਠਾ ਤੇਜ਼ ਪਾ ਕੇ ਚਾਹ ਬਣਾਈ। ਮੈਂ ਗੜਵੀ ਬਾਬੇ ਕੋਲ ਲਿਆ ਰੱਖੀ। ਉਸ ਮੇਰੇ ਨਾਲ ਸੁਲਾਹ ਮਾਰੀ, ‘‘ਇਕ ਬਾਟੀ ਤੂੰ ਵੀ ਪੀ ਲੈ।’’ ਮੈਂ ਕਿਹਾ ਕਿ ਉਹ ਪਹਿਲਾਂ ਪੀ ਲਵੇ। ਮੈਂ ਬਚੀ ਹੋਈ ਪੀ ਲਵਾਂਗਾ। ਉਹ ਸਾਰੀ ਪੀ ਗਿਆ। ਮੈਨੂੰ ਢੇਰ ਸਾਰੀਆਂ ਅਸੀਸਾਂ ਦਿੱਤੀਆਂ।  ਮੈਂ ਉਹਦੇ ਢਿੱਡ ’ਤੇ ਸਿਰ ਰੱਖ ਕੇ ਪੈ ਗਿਆ। ਫੇਰ ਉਹਦੀ ਪਿੱਠ ’ਤੇ ਖਾਜ ਕਰਦਿਆਂ-ਕਰਦਿਆਂ ਪੁੱਛਿਆ, ‘‘ਬਾਬਾ, ਆਪਣੇ ਪਿੰਡ ਬਾਰੇ ਤੂੰ ਕਦੇ ਦੱਸਿਆ ਹੀ ਨ੍ਹੀਂ।’’

ਉਹ ਸ਼ੁਰੂ ਹੋ ਗਿਆ, ‘‘ਪਾੜ੍ਹਿਆ ਕਿਸੇ ਗਰੀਬ-ਗੁਰਬੇ, ਬੇਸਹਾਰੇ ਨੂੰ ਤੰਗ ਨ੍ਹੀਂ ਕਰਨਾ ਚਾਹੀਦਾ। ਕਿਸੇ ਬਜ਼ੁਰਗ, ਲੂਲੇ ਲੰਗੜੇ ਨੂੰ ਮਜਾਕ ਨ੍ਹੀਂ ਕਰੀਦਾ। ਇਨ੍ਹਾਂ ਦੀ ਗੱਲ ਇਹ ਮਾਤ ਲੋਕ ਵਾਲੇ ਨ੍ਹੀਂ ਸੁਣਦੇ, ਪਰ ਧੁਰ ਦਰਗਾਹੀਂ ਸੁਣੀ ਜਾਂਦੀ ਐ। ਸਾਡਾ ਪਿੰਡ ਜਨੇਰ ਐ। ਮਖੂ ਕੋਲ। ਇਕ ਵਾਰ ਇਹ ਗਰਕ ਗਿਆ ਸੀ। ਇਕ ਘਰ ’ਚ ਨਨਾਣ-ਭਰਜਾਈ  ਰਹਿੰਦੀਆਂ ਸੀ। ਜਿੰਨਾ ਚਿਰ ਕੁੜੀ ਦੀ ਮਾਂ ਜਿਉਂਦੀ ਰਹੀ, ਉਹ ਆਪਣੀ ਧੀ ਨੂੰ ਰੱਜਵੀਂ ਰੋਟੀ ਖਾਣ ਨੂੰ ਦਿੰਦੀ। ਜਦੋਂ ਮਾਂ ਮਰ ਗਈ ਤਾਂ ਭਰਜਾਈ ਕੁੜੀ ਨੂੰ ਬਹੁਤ ਤੰਗ ਕਰਨ ਲੱਗੀ। ਉਸ ਵਿਚਾਰੀ ਨੂੰ ਰੱਜ ਕੇ ਰੋਟੀ ਨਾ ਦਿੰਦੀ। ਕੁੜੀ ਨਾ ਰੱਜਿਆਂ ’ਚ ਰਹਿੰਦੀ। ਨਾ ਭੁੱਖਿਆਂ ’ਚ। ਹੌਲੀ ਹੌਲੀ ਉਹ ਕੁੜੀ ਨੂੰ ਅੱਧੀ ਰੋਟੀ ਦੇਣ ਲੱਗ ਪਈ। ਭੁੱਖੀ ਕੁੜੀ ਦੀ ਕੋਈ ਪੇਸ਼ ਨਾ ਗਈ। ਕੁੜੀ ਨੇ ਆਂਢ-ਗੁਆਂਢ ’ਚ ਫਰਿਆਦ ਕੀਤੀ। ਭਰਜਾਈ ਸੁਭਾਅ ਦੀ ਤੇਜ਼ ਸੀ। ਲੜਾਕੀ ਸੀ। ਉਸ ਤੋਂ ਡਰਦਾ ਮਾਰਾ ਕੋਈ ਲਾਗੇ ਨਾ ਆਇਆ। ਆਖਿਰ ਤੰਗ ਆ ਕੇ ਕੁੜੀ ਨੇ ਪਿੰਡ ਛੱਡ ਦਿੱਤਾ। ਦੁਰਅਸੀਸ ਦਿੱਤੀ- ਜਾਹ ਪਿੰਡ ਖੇੜਿਆ, ਜਿੱਥੇ ਧੀ-ਧਿਆਣੀ ਦੀ ਐਨੀ ਦੁਰਦਸ਼ਾ ਹੁੰਦੀ ਐ, ਉਹ ਗਰਕ ਜਾਵੇ। ਇੱਧਰ ਕੁੜੀ ਨੇ ਆਪਣਾ ਘਰ ਛੱਡਿਆ, ਉੱਧਰ ਪਿੰਡ ਗਰਕਣ ਲੱਗਾ। ਕਿਸੇ ਨੇ ਪਿੱਛੋਂ ਆਵਾਜ਼ ਮਾਰੀ- ‘ਤੂੰ ਪਿੱਛੇ ਮੁੜ ਕੇ ਦੇਖ। ਪਿੰਡ ਦਾ ਕੀ ਹਾਲ ਹੋ ਰਿਹੈ।’ ਉਸ ਨੇ ਪਿਛਾਂਹ ਮੁੜ ਕੇ ਨਾ ਦੇਖਿਆ। ਕਿਹਾ- ‘ਪਿੰਡ ਦਾ ਇਹੀ ਹਾਲ ਹੋਣਾ ਐਂ’।’’

ਬਾਬੇ ਗੋਲੂ ਨੇ ਹੁੱਕੇ ਦਾ ਲੰਬਾ ਘੁਟ ਖਿੱਚਿਆ। ਫੇਰ ਦੱਸਣ ਲੱਗਾ, ‘‘ਜਦੋਂ ਮੇਰੀ ਭੈਣ ਜਿਉਂਦੀ ਸੀ ਇਸ ਘਰ ਦਾ ਪੱਤਾ ਵੀ ਸਾਡੀ ਇੱਛਾ ਨਾਲ ਹਿਲਦਾ ਸੀ। ਮੈਂ ਇਸ ਘਰ ਲਈ ਟੁੱਟ-ਟੁੱਟ ਮਰਿਆਂ, ਪਰ ਮੇਰੇ ਭਾਣਜਿਆਂ ਨੇ ਮੇਰਾ ਗੁਣ ਨ੍ਹੀਂ ਜਾਣਿਆ।  ਇਕ ਵਾਰ ਪਿਛਲਾ ਦਲਾਨ ਪੱਕਾ ਬਣਾਉਣ ਲੱਗੇ। ਇੱਟਾਂ ਦਾ ਗੱਡਾ ਘਰ ਤੀਕ ਨ੍ਹੀਂ ਆਉਂਦਾ ਸੀ। ਟੋਕਰੇ ’ਚ ਇੱਟਾਂ ਰੱਖ ਕੇ ਲਿਆਉਣੀਆਂ ਪੈਂਦੀਆਂ। ਮੈਂ ਕੱਲੇ ਨੇ ਸਿਰ ’ਤੇ ਸਾਰੀਆਂ ਇੱਟਾਂ ਢੋਈਆਂ। ਇਕ ਦਿਨ ਲੰਬੜਾਂ ਦੇ ਜੱਗੂ ਨਾਲ ਸ਼ਰਤ ਲੱਗ ਗਈ। ਉਹ ਇਕ ਫੇਰੇ ’ਚ ਬਾਈ ਇੱਟਾਂ ਲੈ ਕੇ ਆਇਆ। ਮੈਂ ਪੰਝੀ ਲੈ ਕੇ ਆਇਆ। ਗਿਣਤੀ ਤੀਹਾਂ ਤੱਕ ਪਹੁੰਚ ਗਈ। ਜੱਗੂ ਟੋਕਰਾ ਸੁੱਟ ਕੇ ਭੱਜ ਗਿਆ, ਮੈਥੋਂ ਨ੍ਹੀਂ ਮੁਕਾਬਲਾ ਹੁੰਦਾ।’’

‘‘ਬਾਬਾ, ਕਹਿੰਦੇ ਤੂੰ ਸਬੂਤਾ ਬੱਕਰਾ ਖਾ ਗਿਆ ਸੀ?’’ ਮੈਂ ਪੁੱਛਿਆ। ‘‘ਕਾਹਨੂੰ, ਮੈਂ ਕੱਲੇ ਨੇ ਨ੍ਹੀਂ ਖਾਧਾ। ਮੇਰੇ ਨਾਲ ਸਾਡੇ ਗੁਆਂਢੀਆਂ ਦਾ ਰੱਲਾ ਵੀ ਸੀ। ਮੈਂ ਨਾਮੇ ਝਿਊਰ ਕੋਲੋਂ ਬੱਕਰੀ ਦੇ ਦੁੱਧ ਦੀ ਕੱਪੀ ਮੰਗੀ। ਉਸ ਸਿੱਧਾ ਜੁਆਬ ਦਿੱਤਾ, ‘ਤੈਨੂੰ ਤਾਂ ਇਕ ਬੂੰਦ ਵੀ ਨ੍ਹੀਂ ਦੇਣਾ।’ ਮੈਂ ਝੂਠਾ ਜਿਹਾ ਹੋ ਕੇ ਘਰੇ ਮੁੜ ਆਇਆ। ਪੰਜਵੇਂ ਦਿਨ ਉਸ ਦੇ ਇੱਜੜ ’ਚੋਂ ਬੋਕ ਖਿਸਕਾ ਲਿਆ। ਪਿਛਲੇ ਅੰਦਰ ਲਿਜਾ ਕੇ ਝਟਕਾ ਦਿੱਤਾ। ਮੈਂ ਤੇ ਰੱਲੇ ਨੇ ਦੋ ਦਿਨ ’ਚ ਖਿਚਤਾ। ਸਾਡਾ ਦੋ ਵਾਰ ਫੇਰ ਦਾਅ ਲੱਗ ਗਿਆ। ਜੁਆਨੀ ਦੇ ਦਿਨ ਸੀ। ਨਾਮਾ ਝਿਊਰ ਕਿਹੜੇ ਬਾਗ ਦੀ ਮੂਲੀ ਸੀ,’’ ਉਸ ਹੌਲੀ-ਹੌਲੀ ਦੱਸਿਆ।

‘‘ਬਾਬਾ, ਤੇਰੇ ਭਰਾ ਦਲੀਪੇ ਵਾਲੀ ਗੱਲ ਸੱਚ ਆ?’’ ਮੈਂ ਡਰਦਿਆਂ-ਡਰਦਿਆਂ ਪੁੱਛਿਆ।

‘‘ਸੱਚੀ ਆ। ਮੈਨੂੰ ਪਤਾ ਇਹ ਗੱਲ ਵੱਡੇ ਦੀ ਘਰਵਾਲੀ ਧੰਨਦਈ ਨੇ ਦੱਸੀ ਹੋਣੀ ਆ। ਪਾੜ੍ਹਿਆ, ਉਦੋਂ ਵਿਆਹ ਘੱਟ ਹੁੰਦੇ ਸੀ। ਐਤਰਾਂ-ਉਤਰਾਂ ਹੀ ਜਨਾਨੀਆਂ ਕੱਢ ਲਿਆਉਂਦੇ। ਸਾਡੇ ਦੋਹਾਂ ਭਰਾਵਾਂ ਦੀ ਵੱਡੀ ਗਲਤੀ ਇਹੀ ਸੀ ਕਿ ਸਾਡੇ ਕੋਲੋਂ ਐਨੀ ਸੁਨੱਖੀ ਜਨਾਨੀ ਸੰਭਾਲੀ ਨਾ ਗਈ। ਜੇ ਸੰਭਾਲੀ ਗਈ ਹੁੰਦੀ ਤਾਂ ਅਸੀਂ ਵੀ ਜੁਆਕਾਂ ਵਾਲੇ ਹੁੰਦੇ। ਹੁਣ ਵਾਂਗੂੰ ਐਂ ਨਾ ਰੁਲਦੈ।’’

‘‘ਤੂੰ ਫੇਰ ਵਿਆਹ ਕਿਉਂ ਨ੍ਹੀਂ ਕਰਵਾਇਆ?’’

‘‘ਵਿਆਹ ਤਾਂ ਕਰਵਾਉਣਾ ਸੀ ਪਰ ਕੋਈ ਜਨਾਨੀ ਥਿਆਹੀ ਹੀ ਨ੍ਹੀਂ। ਅਜੇ ਵੀ ਜਨਾਨੀ ਨੂੰ ਤਰਸਦਾਂ। ਪਰ ਮੇਰੀ ਵਿਥਿਆ ਸੁਣਨ ਵਾਲਾ ਕੋਈ ਨ੍ਹੀਂ। ਇਹ ਗੱਲਾਂ ਘਰ ਜਾ ਕੇ ਨਾ ਦੱਸੀਂ। ਜੇ ਦੱਸੀਆਂ ਤਾਂ ਮੈਂ ਵੀ ਉਨ੍ਹਾਂ ਦਾ ਭੇਤ ਦੱਸ ਦੇਣਾ।’’

ਮੈਂ ਉਸ ਨੂੰ ਘੁੱਟ ਕੇ ਜੱਫੀ ਪਾ ਲਈ।  ਕਿਹਾ, ‘‘ਬਾਬਾ, ਤੇਰੇ ਕੋਲ ਸਾਡੇ ਪਰਿਵਾਰ ਦੇ ਬਹੁਤ ਸਾਰੇ ਭੇਤ ਆ। ਇਨ੍ਹਾਂ ’ਚੋਂ ਇਕ ਤਾਂ ਦੱਸ ਦੇ।’’ ‘‘ਲੈ ਫੇਰ ਸੁਣ। ਤੇਰੇ ਨਾਨੇ ਕ੍ਰਿਪੇ ਨੇ ਤੇਰੀ ਨਾਨੀ ਬੰਤੀ ਮਾਹਿਲਪੁਰ ਨੇੜੇ ਜੇਜੋਂ ਤੋਂ ਕੱਢ ਕੇ ਲਿਆਂਦੀ ਸੀ। ਦੁਰਗੇ ਤੇ ਹਰੀ ਦਾਸ ਦੀ ਸੱਸ ਦਾ ਨਾਂ ਰਲੀ ਸੀ। ਸਹੁਰੇ ਦਾ ਨਾਂ ਗੁਜਰਮੱਲ। ਗੁਜਰਮੱਲ ਰਲੀ ਨੂੰ ਕੱਢ ਕੇ ਲਿਆਇਆ ਸੀ। ਉਹ ਜਾਤ ਦੀ ਛੀਂਬੀ ਸੀ। ਬੰਤੀ ਜੱਟੀ। ਉਨ੍ਹਾਂ ਦੇ ਬੰਦੇ ਸਿਆਣੇ ਸੀ। ਮੌਕਾ ਸਾਂਭ ਗਏ। ਅਸੀਂ ਕਮਲੇ ਨਿਕਲੇ। ਮਾਰ ਖਾ ਗਏ। ਪਾੜ੍ਹਿਆ ਜਨਾਨੀ ਪਿਆਰ-ਮੁਹੱਬਤ ਨਾਲ ਵਸਦੀ ਐ, ਜ਼ੋਰ ਡੰਡੇ ਨਾਲ ਨ੍ਹੀਂ। ਉਹ ਉਸੇ ਦੀ ਹੁੰਦੀ ਐ ਜਿਹੜਾ ਉਸ ਦੀ ਗੱਲ ਸੁਣਦੈ। ਦੇਖਭਾਲ ਕਰਦੈ। ਅਸੀਂ ਹੋਏ ਲੜਾਕੂ। ਸਾਡੇ ਕੋਲੋਂ ਚੌਂਹ ਪਿੰਡਾਂ ਦੇ ਬੰਦੇ ਤਾਂ ਡਰਦੇ ਸੀ, ਪਰ ਸਾਡੀ ਆਪਣੀ ਜਨਾਨੀ ਪਤਰਾ ਵਾਚ ਗਈ।’’

ਮੈਂ ਦੇਖਿਆ ਸੀ ਕਿ ਬਾਬੇ ਗੋਲੂ ਦੀਆਂ ਅੱਖਾਂ ਭਰ ਆਈਆਂ। ਉਸ ਨਲਕੇ ’ਤੇ ਜਾ ਕੇ ਮੂੰਹ ’ਤੇ ਪਾਣੀ ਦੇ ਛਿੱਟੇ ਮਾਰੇ ਤੇ ਮੰਜੇ ’ਤੇ ਪੈਂਦਿਆਂ ਕਿਹਾ, ‘‘ਮੈਂ ਥੱਕ ਗਿਆਂ। ਦੋ ਬਿੰਦ ਲਈ ਲੱਕ ਸਿੱਧਾ ਕਰ ਲਵਾਂ। ਬਾਕੀ ਗੱਲਾਂ ਕਦੇ ਫੇਰ ਕਰ ਲਵਾਂਗੇ...।’’ ਫੇਰ ਉਸ ਆਪਣਾ ਮੂੰਹ-ਸਿਰ ਚਾਦਰ ’ਚ ਲਪੇਟ ਲਿਆ।

ਬਾਬਾ ਗੋਲੂ ਕਦੋਂ ਮਰਿਆ? ਕਿੱਥੇ ਮਰਿਆ? ਸਾਡੇ ਤਿੰਨਾਂ ਪਰਿਵਾਰਾਂ ’ਚੋਂ ਕੋਈ ਨਹੀਂ ਜਾਣਦਾ। ਇਕ ਦਿਨ ਮੈਂ ਆਪਣੀ ਪਤਨੀ ਨੂੰ ਉਸ ਬਾਰੇ ਦੱਸਿਆ। ਅੱਗੋਂ ਸੁਣਨ ਨੂੰ ਮਿਲਿਆ, ‘‘ਹੋਊ ਤੁਹਾਡੇ ਭਾਪੇ ਦਾ ਮਾਮਾ। ਸਾਨੂੰ ਉਸ ਨਾਲ ਕੀ.....।’’

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ਼ਹਿਰ

View All