ਲੇਖ ਲੜੀ 1

ਬਾਬਾ ਫ਼ਰੀਦ-ਸਿੱਖ-ਗੁਰੂ-ਸਾਹਿਬਾਨ ਮਹਾਂ-ਸੰਵਾਦ

ਬਾਬਾ ਫ਼ਰੀਦ-ਸਿੱਖ-ਗੁਰੂ-ਸਾਹਿਬਾਨ ਮਹਾਂ-ਸੰਵਾਦ

ਸ਼ੇਖ਼ ਫਰੀਦ ਜੀ

ਸਵਰਾਜਬੀਰ

ਬਾਬਾ ਸ਼ੇਖ ਫ਼ਰੀਦ ਨੂੰ ਪੰਜਾਬੀ ਦਾ ਪ੍ਰਥਮ ਟਕਸਾਲੀ ਸਾਹਿਤਕਾਰ ਮੰਨਿਆ ਜਾਂਦਾ ਹੈ। ਉਨ੍ਹਾਂ ਤੋਂ ਪਹਿਲਾਂ ਨਾਥ ਜੋਗੀਆਂ ਦੀ ਪੰਜਾਬੀ ਵਿਚ ਲਿਖੀ ਬਾਣੀ ਵੀ ਮਿਲਦੀ ਹੈ ਪਰ ਸ਼ੇਖ ਫ਼ਰੀਦ ਦੀ ਲਿਖੀ ਗਈ ਪੰਜਾਬੀ ਪ੍ਰਮਾਣਿਕ ਸਾਹਿਤਕ ਬੋਲੀ ਹੈ। ਜਿਸ ਤਰ੍ਹਾਂ ਦੀ ਭਾਸ਼ਾ ਫ਼ਰੀਦ ਜੀ ਨੇ ਲਿਖੀ, ਉਸ ਨੂੰ ਪੜ੍ਹ ਕੇ ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਤੇਰ੍ਹਵੀਂ ਸਦੀ (ਬਾਬਾ ਫ਼ਰੀਦ ਜੀ ਦਾ ਸਮਾਂ) ਵਿਚ ਪੰਜਾਬੀ ਇਕ ਵਿਕਸਿਤ ਜ਼ੁਬਾਨ ਵਜੋਂ ਮੌਜੂਦ ਸੀ; ਜਿਸ ਤਰ੍ਹਾਂ ਦੀ ਸੰਗੀਤਮਈ ਅਤੇ ਵਿਚਾਰਧਾਰਕ ਘਣਤਾ ਵਾਲੀ ਭਾਸ਼ਾ ਬਾਬਾ ਫ਼ਰੀਦ ਜੀ ਨੇ ਲਿਖੀ, ਉਹ ਇਕਦਮ ਹੋਂਦ ਵਿਚ ਨਹੀਂ ਸੀ ਆ ਸਕਦੀ; ਅਜਿਹੀ ਭਾਸ਼ਾ ਵਿਕਸਿਤ ਹੋਣ ਵਿਚ ਸਦੀਆਂ ਲੱਗਦੀਆਂ ਹਨ। ਇਹ ਦਲੀਲ ਵੀ ਦਿੱਤੀ ਜਾ ਸਕਦੀ ਹੈ ਕਿ ਉਸ ਸਮੇਂ ਪੰਜਾਬੀ ਵਿਚ ਅਜਿਹੀ ਹੋਰ ਵੀ ਸ਼ਾਇਰੀ ਹੋਈ ਹੋਵੇਗੀ ਜਿਹੜੀ ਹੁਣ ਪ੍ਰਾਪਤ ਨਹੀਂ ਹੈ। ਬਾਬਾ ਫ਼ਰੀਦ ਜੀ ਦੀ ਬਾਣੀ ਇਕ-ਈਸ਼ਵਰਵਾਦ, ਸਾਂਝੀਵਾਲਤਾ, ਮਨੁੱਖੀ ਬਰਾਬਰੀ, ਨਿਮਰਤਾ, ਸਹਿਣਸ਼ੀਲਤਾ ਅਤੇ ਹੋਰ ਮਾਨਵੀ ਗੁਣਾਂ ਨੂੰ ਪ੍ਰਣਾਈ ਹੋਈ ਸੀ ਅਤੇ ਇਹੀ ਕਾਰਨ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦਾ ਸੰਪਾਦਨ ਕਰਦੇ ਸਮੇਂ ਉਨ੍ਹਾਂ ਦੀ ਬਾਣੀ ਨੂੰ ਇਸ ਮਹਾਨ ਗ੍ਰੰਥ ਵਿਚ ਸ਼ਾਮਲ ਕੀਤਾ। ਗੁਰੂ ਗ੍ਰੰਥ ਸਾਹਿਬ ਵਿਚ ਬਾਬਾ ਫ਼ਰੀਦ ਅਤੇ ਗੁਰੂ ਸਾਹਿਬਾਨ ਵਿਚਕਾਰ ਹੋਏ ਸੰਵਾਦ ਦੀਆਂ ਉਦਾਹਰਨਾਂ ਮਿਲਦੀਆਂ ਹਨ। ਇਸ ਸੰਵਾਦ ਦਾ ਮਤਲਬ ਆਹਮਣੇ-ਸਾਹਮਣੇ ਹੋਈ ਗੱਲਬਾਤ ਨਹੀਂ ਹੈ। ਇਸ ਸੰਵਾਦ ਦੇ ਅਰਥ ਇਹ ਹਨ ਕਿ ਗੁਰੂ ਸਾਹਿਬਾਨ ਸ਼ੇਖ ਫ਼ਰੀਦ ਜੀ ਦੇ ਸਲੋਕਾਂ ਤੇ ਵਿਚਾਰਾਂ ਨੂੰ ਵਿਚਾਰਦੇ/ਚਿਤਵਦੇ ਹੋਏ ਕਿਵੇਂ ਉਨ੍ਹਾਂ ਵਿਚ ਉਠਾਏ ਗਏ ਪ੍ਰਸ਼ਨਾਂ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹਨ।

ਉਪਰੋਕਤ ਅੰਤਰ-ਦ੍ਰਿਸ਼ਟੀ ਪ੍ਰੋਫ਼ੈਸਰ ਸਾਹਿਬ ਸਿੰਘ ਦੀਆਂ ਲਿਖ਼ਤਾਂ ’ਚੋਂ ਵਿਦਮਾਨ ਹੁੰਦੀ ਹੈ। ਆਪਣੀ ਕਿਤਾਬ ‘ਸਲੋਕ ਫ਼ਰੀਦ ਜੀ ਸਟੀਕ’ ਵਿਚ ਉਹ ਬਾਬਾ ਫ਼ਰੀਦ ਅਤੇ ਗੁਰੂ ਨਾਨਕ ਦੇਵ ਜੀ ਵਿਚਲੇ ਸੰਵਾਦ ਦਾ ਜ਼ਿਕਰ ਕਰਦੇ ਹਨ; ਕਿਵੇਂ ਗੁਰੂ ਨਾਨਕ ਦੇਵ ਜੀ ਸ਼ੇਖ ਫ਼ਰੀਦ ਦੁਆਰਾ ਉਚਾਰੇ ਸ਼ਬਦ ‘ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ।।’ ’ਤੇ ਵਿਚਾਰ ਕਰਦੇ ਹਨ ਅਤੇ ਫਿਰ ਉਸ ਸ਼ਬਦ ਵਿਚ ਉਠਾਏ ਗਏ ਪ੍ਰਸ਼ਨਾਂ ਬਾਰੇ ਆਪਣੇ ਸ਼ਬਦ ‘ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ।।’ ਵਿਚ ਆਪਣੇ ਵਿਚਾਰ ਪ੍ਰਗਟਾਉਂਦੇ ਹਨ। ਸ਼ੇਖ ਫ਼ਰੀਦ ਜੀ ਦਾ ਸ਼ਬਦ ਹੈ:

ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ।।

ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ।।੧।।

ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ।।੧।।ਰਹਾਉ।।

ਇਕ ਆਪੀਨੈ੍ ਪਤਲੀ ਸਹ ਕੇਰੇ ਬੋਲਾ।।

ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ।।੨।।

ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ।।

ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ।।੩।।

ਭਾਵ: ਹੇ ਮਨੁੱਖ, ਤੂੰ ਵੇਲੇ ਸਿਰ ਨਾਮ ਸਿਮਰਨ ਅਤੇ ਚੰਗੇ ਅਮਲਾਂ ਦਾ ਬੇੜਾ ਤਿਆਰ ਨਾ ਕਰ ਸਕਿਆ। ਜਦ ਵਿਕਾਰਾਂ ਦਾ ਤਲਾਬ ਨੱਕੋ-ਨੱਕ ਭਰ ਗਿਆ ਹੈ ਤਾਂ ਤਰਨਾ ਔਖਾ ਹੋ ਗਿਆ ਹੈ। ਹੇ ਮਿੱਤਰ, ਕਸੁੰਭੜੇ ਦੇ ਫੁੱਲ (ਕਸੁੰਭੜੇ ਦਾ ਫੁੱਲ ਮਾਇਆ ਦਾ ਪ੍ਰਤੀਕ ਹੈ) ਨੂੰ ਹੱਥ ਨਾ ਲਾ, ਇਹ ਤੈਨੂੰ ਜਲਾ ਦੇਵੇਗਾ। ਉਹ ਜੀਵ-ਇਸਤ੍ਰੀਆਂ (ਜਿਨ੍ਹਾਂ ਕਸੁੰਭੜੇ ਨੂੰ ਹੱਥ ਲਾਇਆ) ਆਪਣੇ ਆਪ ਵਿਚ ਪਤਲੀਆਂ/ਹੰਕਾਰੀ/ਚਤਰਬੁੱਧ ਹਨ ਅਤੇ ਇਸ ਕਾਰਨ ਉਨ੍ਹਾਂ ਨੂੰ ਪਰਮਾਤਮਾ ਦੇ ਅਨਾਦਰੀ ਦੇ ਬਚਨ (ਕੇ, ਰੇ) ਸੁਣਨੇ ਪੈਂਦੇ ਹਨ; ਉਨ੍ਹਾਂ ਦਾ ਨਾ ਮਿਲਾਪ ਹੁੰਦਾ ਹੈ ਅਤੇ ਨਾ ਹੀ ਉਨ੍ਹਾਂ ਦੀਆਂ ਛਾਤੀਆਂ ਵਿਚ ਦੁੱਧ ਉਤਰਦਾ ਹੈ (ਏਥੇ ਪਰਮਾਤਮਾ-ਜੀਵ ਮਿਲਾਪ ਨੂੰ ਮਰਦ-ਔਰਤ ਮਿਲਾਪ ਦੇ ਪ੍ਰਤੀਕ ਰਾਹੀਂ ਦਰਸਾਇਆ ਗਿਆ ਹੈ)। ਇਕ ਦਿਨ ਪ੍ਰਭੂ ਬੁਲਾਏਗਾ ਅਤੇ ਆਤਮਾ ਦੁਚਿੱਤੀ (ਡੁੰਮਣਾ) ਵਿਚ ਇਹ ਸਰੀਰ ਛੱਡੇਗੀ ਜੋ ਮਿੱਟੀ ਦੀ ਢੇਰੀ ਹੋ ਜਾਵੇਗਾ।

ਗੁਰੂ ਨਾਨਕ ਦੇਵ ਜੀ

ਇਸ ਸਬੰਧ ਵਿਚ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ:

ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ।।

ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ।।੧।।

ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ।।੧।। ਰਹਾਉ ।।

ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ।।

ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ।।੨।।

ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ।।

ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ।।੩।।

ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ।।

ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ।।੪।।

ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ।।

ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ।।੫।।੨।।੪।।

ਪ੍ਰੋ. ਸਾਹਿਬ ਸਿੰਘ (ਕਿਤਾਬ ‘ਸਲੋਕ ਫ਼ਰੀਦ ਜੀ ਸਟੀਕ’, ਸਫ਼ਾ 114) ਅਨੁਸਾਰ, ‘‘ਏਸ ਸ਼ਬਦ ਦਾ ਇਕ ਇਕ ਪਦ ਫ਼ਰੀਦ ਜੀ ਦੇ ਸ਼ਬਦ ਦੇ ਇਕ ਇਕ ਪਦ ਦੇ ਭਾਵ ਖੋਲ੍ਹ ਰਿਹਾ ਹੈ।’’ ਇਸ ਸ਼ਬਦ ਦੇ ਅਰਥ ਹਨ: ‘‘ਤੂੰ ਸਾਹਿਬ ਦੇ ਸਿਮਰਨ ਅਤੇ ਕਰੜੀ ਘਾਲ ਦਾ ਬੇੜਾ ਬਣਾ ਜਿਸ ਨਾਲ ਤੂੰ ਵਗਦੀ ਹੋਈ ਨਦੀ ਤੋਂ ਪਾਰ ਹੋ ਜਾਵੇਂਗਾ। ਤੇਰਾ ਮਾਰਗ (ਪੰਥੁ) ਐਸ ਤਰ੍ਹਾਂ ਦਾ ਸੁਖਦਾਇਕ ਹੋਵੇਗਾ ਜਿਸ ਤਰ੍ਹਾਂ ਨਾ ਕੋਈ ਸਮੁੰਦਰ ਹੈ ਤੇ ਨਾ ਹੀ ਤੂਫ਼ਾਨ ਦੀਆਂ ਛੱਲਾਂ। ਕੇਵਲ ਪਰਮਾਤਮਾ ਨਾਮ ਹੀ ਮਜੀਠ (ਜੋ ਸਦਾ ਰਹਿਣ ਵਾਲਾ) ਹੈ, ਜਿਸ ਨਾਲ ਮੇਰਾ ਚੋਲਾ ਰੰਗਿਆ ਹੋਇਆ ਹੈ। ਇਹ ਰੰਗਤ ਹਮੇਸ਼ਾਂ ਰਹਿਣ ਵਾਲੀ ਹੈ। ਪਿਆਰੇ ਮਿੱਤਰ ਤੁਰ ਗਏ ਹਨ; ਉਹ ਕਿਸ ਤਰ੍ਹਾਂ ਪ੍ਰਭੂ ਨੂੰ ਮਿਲਣਗੇ? ਜੇਕਰ ਉਨ੍ਹਾਂ ਦੀਆਂ ਗੱਠੜੀਆਂ (ਅਮਲਾਂ) ਵਿਚ ਨੇਕੀਆਂ ਹਨ; ਤਦ ਉਹ ਪ੍ਰਭੂ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲਵੇਗਾ। ਇਕ ਵਾਰੀ ਦਾ ਮਿਲਿਆ ਹੋਇਆ ਪ੍ਰਾਣੀ ਮੁੜ ਪ੍ਰਭੂ ਤੋਂ ਨਹੀਂ ਵਿੱਛੜਦਾ, ਜੇਕਰ ਉਸ ਦਾ ਸਚਮੁੱਚ ਮਿਲਾਪ ਹੋ ਗਿਆ ਹੋਵੇ। ਉਹ ਸੱਚਾ ਸੁਆਮੀ ਆਉਣਾ ਅਤੇ ਜਾਣਾ ਖ਼ਤਮ ਕਰ ਦਿੰਦਾ ਹੈ। ਇਹ ਚੋਲਾ (ਜੋ ਰੱਤਾ ਹੈ) ਆਪਣੀ ਹੰਗਤਾ ਨੂੰ ਮਾਰ ਕੇ ਬਣਾਇਆ ਗਿਆ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਅੰਮ੍ਰਿਤਮਈ ਬੋਲਾਂ ਦਾ ਮੇਵਾ ਪ੍ਰਾਪਤ ਹੁੰਦਾ ਹੈ। ਗੁਰੂ ਜੀ ਫ਼ਰਮਾਉਂਦੇ ਹਨ, ਹੇ ਮੇਰੀ ਸਖੀਓ! ਮੇਰਾ ਕੰਤ (ਭਾਵ ਪਰਮਾਤਮਾ) ਬਹੁਤ ਹੀ ਪਿਆਰਾ ਹੈ; ਅਸੀਂ ਸਾਹਿਬ ਦੀਆਂ ਬਾਂਦੀਆਂ ਹਾਂ; ਉਹ ਸਾਡਾ ਸੱਚਾ ਸਿਰ ਦਾ ਸਾਈਂ ਹੈ।

ਪ੍ਰੋ. ਸਾਹਿਬ ਸਿੰਘ ਇਨ੍ਹਾਂ ਦੋ ਸ਼ਬਦਾਂ ਬਾਰੇ ਇਹ ਨਿਰਣਾ ਦਿੰਦੇ ਹਨ (ਕਿਤਾਬ ‘ਸਲੋਕ ਫ਼ਰੀਦ ਜੀ ਸਟੀਕ’, ਸਫ਼ਾ 120):

‘‘ਜਿਉਂ ਜਿਉਂ ਇਨ੍ਹਾਂ ਦੋਹਾਂ ਸ਼ਬਦਾਂ ਨੂੰ ਰਲਾ ਕੇ ਪੜ੍ਹੀਏ, ਇਹਨਾਂ ਦੀ ਡੂੰਘੀ ਸਾਂਝ ਵਧੀਕ ਵਧੀਕ ਸੁਆਦਲੀ ਲਗਦੀ ਹੈ। ਫਿਰ, ਵੇਖੋ, ਕਿਤਨੇ ਲਫ਼ਜ਼ ਭੀ ਸਾਂਝੇ ਵਰਤੇ ਹਨ - ਬੇੜਾ, ਸਰਵਰੁ, ਊਛਲੈ, (ਦੁਹੇਲਾ, ਸੁਹੇਲਾ), (ਕਸੁੰਭਾ, ਮੰਜੀਠ), ਢੋਲਾ, ਸਹ ਕੇ ਬੋਲਾ (ਰੇ, ਅੰਮ੍ਰਿਤ), ਸਹੇਲੀਹੋ, ਸਹੁ।

ਇਸ ਗੱਲ ਦੇ ਮੰਨਣ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਗੁਰੂ ਨਾਨਕ ਜੀ ਨੇ ਆਪਣਾ ਸ਼ਬਦ ਬਾਬਾ ਫ਼ਰੀਦ ਜੀ ਦਾ ਸ਼ਬਦ ਸਾਹਮਣੇ ਰੱਖ ਕੇ ਉਚਾਰਿਆ ਹੈ, ਤੇ ਦੋਹਾਂ ਨੇ ਰਲ ਕੇ ਜ਼ਿੰਦਗੀ ਦੇ ਦੋਵੇਂ ਪੱਖ ਇਨਸਾਨ ਦੇ ਅੱਗੇ ਰੱਖ ਦਿੱਤੇ ਹਨ। ਇਹ ਸ਼ਬਦ ਗੁਰੂ ਨਾਨਕ ਦੇਵ ਜੀ ਨੂੰ ਇਤਨਾ ਪਿਆਰਾ ਲੱਗਾ ਜਾਪਦਾ ਹੈ ਕਿ ਇਸ ਵਿਚ ਆਇਆ ਲਫ਼ਜ਼ ‘‘ਦੁਧਾ ਥਣੀ’’ ਫਿਰ ਹੋਰ ਥਾਂ ਆਪਣੀ ਬਾਣੀ ਵਿਚ ਭੀ ਵਰਤਦੇ ਹਨ।

ਜਿਵੇਂ ਇਹ ਖ਼ਿਆਲ ਹੁਣ ਤਕ ਬਣਾਇਆ ਗਿਆ ਹੈ ਕਿ ਭਗਤਾਂ ਦੇ ਸ਼ਬਦ ਗੁਰੂ ਅਰਜਨ ਸਾਹਿਬ ਨੇ ਪੰਜਾਬ ਦੇ ਲੋਕਾਂ ਪਾਸੋਂ ਸੁਣ-ਸੁਣਾ ਕੇ ਇਕੱਠੇ ਕੀਤੇ ਸਨ, ਜੇ ਇਹੀ ਖ਼ਿਆਲ ਫ਼ਰੀਦ ਜੀ ਦੇ ਇਸ ਸ਼ਬਦ ਬਾਰੇ ਭੀ ਵਰਤਿਆ ਜਾਵੇ ਤਾਂ ਗੁਰੂ ਨਾਨਕ ਸਾਹਿਬ ਦਾ ਸੂਹੀ ਰਾਗ ਦਾ ਸ਼ਬਦ ਫ਼ਰੀਦ ਜੀ ਦੇ ਸ਼ਬਦ ਨਾਲ ਹੂ-ਬੂ-ਹੂ ਮਿਲਵਾਂ ਨਹੀਂ ਹੋ ਸਕਦਾ। ਸੋ, ਫ਼ਰੀਦ ਜੀ ਦਾ ਇਹ ਸ਼ਬਦ ਗੁਰੂ ਨਾਨਕ ਸਾਹਿਬ ਨੇ ਆਪ ਪਾਕਪਟਨ ਤੋਂ ਲਿਆ, ਇਸ ਨੂੰ ਪਿਆਰ ਕੀਤਾ, ਤੇ ਜ਼ਿੰਦਗੀ ਦਾ ਜਿਹੜਾ ਪੱਖ ਫ਼ਰੀਦ ਜੀ ਨੇ ਛੱਡ ਦਿੱਤਾ ਸੀ, ਉਸ ਨੂੰ ਬਿਆਨ ਕਰ ਕੇ ਦੋਹਾਂ ਸ਼ਬਦਾਂ ਰਾਹੀਂ ਇਨਸਾਨੀ ਜ਼ਿੰਦਗੀ ਦੀ ਖ਼ੂਬਸੂਰਤ ਮੁਕੰਮਲ ਤਸਵੀਰ ਖਿੱਚ ਦਿੱਤੀ।

ਇਸ ਗੱਲ ਦੇ ਮੰਨਣ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਫ਼ਰੀਦ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਆਪ ਸਾਂਭ ਕੇ ਲਿਆਂਦੀ ਸੀ। ਕਿਉਂ? ਆਪਣੀ ਬਾਣੀ ਦੇ ਨਾਲ ਜੋੜ ਕੇ ਰੱਖਣ ਲਈ। ਸੋ, ਇਕ ਗੱਲ ਹੋਰ ਸਾਫ਼ ਹੋ ਗਈ ਕਿ ਗੁਰੂ ਨਾਨਕ ਦੇਵ ਜੀ ਦਾ ਹੀ ਆਪਣਾ ਸੰਕਲਪ ਸੀ, ਜੁ ਉਹਨਾਂ ਦੀ ਬਾਣੀ ਸਹੀ ਰੂਪ ਵਿਚ ਸਿੱਖ ਕੌਮ ਲਈ ਸਾਂਭ ਕੇ ਰੱਖੀ ਜਾਏ ਤੇ ਉਸ ਵਿਚ ਉਸ ਵਕਤ ਦੇ ਭਗਤਾਂ ਦੇ ਉਹ ਸ਼ਬਦ ਭੀ ਲਿਖੇ ਜਾਣ ਜੋ ਉਹ ਆਪ ਲਿਖ ਕੇ ਲਿਆਏ ਸਨ।’’

ਇਹੀ ਨਹੀਂ ਪ੍ਰੋ. ਸਾਹਿਬ ਸਿੰਘ ਦੇ ਕਥਨਾਂ ਦੀ ਤਾਈਦ ਗੁਰੂ ਗ੍ਰੰਥ ਸਾਹਿਬ ਵਿਚ ਮਿਲਦੇ ਉਸ ਸੰਵਾਦ ਤੋਂ ਹੁੰਦੀ ਹੈ ਜੋ ਸ਼ੇਖ ਫ਼ਰੀਦ ਅਤੇ ਗੁਰੂ ਨਾਨਕ ਦੇਵ ਜੀ ਵਿਚਕਾਰ ਹੋਰ ਥਾਵਾਂ ’ਤੇ ਮਿਲਦਾ ਹੈ। ਇਹ ਸੰਵਾਦ ਸਿਰਫ਼ ਸ਼ੇਖ ਫ਼ਰੀਦ ਅਤੇ ਬਾਬਾ ਨਾਨਕ ਜੀ ਵਿਚਕਾਰ ਨਹੀਂ ਸਗੋਂ ਇਸ ਮਹਾਂ-ਸੰਵਾਦ ਵਿਚ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਵੀ ਹਿੱਸਾ ਲੈਂਦੇ ਹਨ। ਗੁਰੁ ਅਰਜਨ ਦੇਵ ਜੀ ਦੀ ਮਹਾਨ ਸੰਪਾਦਨ-ਦ੍ਰਿਸ਼ਟੀ ਨੇ ਇਸ ਸੰਵਾਦ ਨੂੰ ਸਮਝਣ ਲਈ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਆਪਣੇ ਸਲੋਕ ‘ਸਲੋਕ ਸੇਖ ਫਰੀਦ ਕੇ’ ਵਿਚ ਇਸ ਤਰ੍ਹਾਂ ਦਰਜ ਕੀਤੇ ਹਨ ਕਿ ਸਾਨੂੰ ਇਹ ਸੰਵਾਦ ਪ੍ਰਤੱਖ ਦਿਖਾਈ ਦਿੰਦਾ ਹੈ। ਪਹਿਲਾਂ ਸ਼ੇਖ ਫ਼ਰੀਦ ਦਾ ਸਲੋਕ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਗੁਰੂ ਸਾਹਿਬਾਨ ਦੇ ਸਲੋਕ ਦਰਜ ਕੀਤੇ ਗਏ ਹਨ ਜੋ ਫ਼ਰੀਦ ਜੀ ਦੇ ਸਲੋਕ ਦੀ ਵਿਆਖਿਆ ਕਰਦੇ ਹਨ ਜਾਂ ਉਸ ਨੂੰ ਸਾਹਮਣੇ ਰੱਖ ਕੇ ਉਚਾਰੇ ਗਏ ਹਨ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਫ਼ਰੀਦ-ਗੁਰੂ ਸਾਹਿਬਾਨ ਦੇ ਸੰਵਾਦ ਨੂੰ ਪਛਾਣਿਆ ਅਤੇ ਉਸ ਨੂੰ ਉੱਘੜਵੇਂ ਨੈਣ-ਨਕਸ਼ ਦਿੱਤੇ ਹਨ।

ਫ਼ਰੀਦ ਜੀ ਦਾ ਸਲੋਕ ਹੈ:

ਸਾਹੁਰੈ ਢੋਈ ਨਾ ਲਹੈ ਪੇਈਐ ਨਾਹੀ ਥਾਉ।।

ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ।।੩੧।।

ਗੁਰੂ ਅਮਰਦਾਸ ਜੀ

ਭਾਵ: ਪਤੀ (ਪਰਮਾਤਮਾ) ਜਿਸ ਇਸਤਰੀ (ਜੀਵ) ਦੀ ਵਾਤ (ਹਾਲ) ਨਹੀਂ ਪੁੱਛਦਾ ਉਹ ਆਪਣਾ ਨਾਮ ਭਾਵੇਂ ਸੁਹਾਗਣ ਰੱਖੀ ਜਾਵੇ ਪਰ ਉਸ ਨੂੰ ਨਾ ਸਹੁਰੇ ਨਾ ਪੇਕੇ ਕੋਈ ਆਸਰਾ ਮਿਲਦਾ ਹੈ। ਪ੍ਰੋ. ਸਾਹਿਬ ਸਿੰਘ ਇਸ ਦੇ ਭਾਵ-ਅਰਥ ਦੱਸਦੇ ਹਨ ਕਿ ‘‘ਪ੍ਰਭੂ ਦੀ ਯਾਦ ਤੋਂ ਖੁੰਝੇ ਹੋਏ ਜੀਵ ਲੋਕ (ਪੇਕੇ) ਅਤੇ ਪਰਲੋਕ (ਸਹੁਰੇ) ਦੋਹੀਂ ਥਾਈਂ ਖੁਆਰ ਹੁੰਦੇ ਹਨ; ਬਾਹਰੋਂ ਬੰਦਗੀ ਵਾਲਾ (ਸੁਹਾਗਣ ਵਾਲਾ) ਵੇਸ ਸਹਾਇਤਾ ਨਹੀਂ ਕਰਦਾ।’’

ਪ੍ਰੋ. ਸਾਹਿਬ ਸਿੰਘ ਅਨੁਸਾਰ ਅਗਲਾ ਸਲੋਕ ਗੁਰੂ ਨਾਨਕ ਦੇਵ ਜੀ ਦਾ ਹੈ (ਕਿਤਾਬ, ‘ਸਲੋਕ ਫ਼ਰੀਦ ਜੀ ਸਟੀਕ’ ਸਫ਼ਾ 58) ਜਿਸ ਵਿਚ ਗੁਰੂ ਸਾਹਿਬ ਇਸ ਸਲੋਕ ਦੀ ਵਿਆਖਿਆ ਇਉਂ ਕਰਦੇ ਹਨ:

ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ।।

ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ।।੩੨।।

ਭਾਵ: ਉਹ ਪ੍ਰਭੂ ਅਗੰਮੁ (ਪਹੁੰਚ ਤੋਂ ਪਰ੍ਹੇ) ਅਤੇ ਅਥਾਹ (ਬਹੁਤ ਡੂੰਘਾ) ਹੈ; ਉਹੀ ਜੀਵ-ਇਸਤਰੀ ਅਸਲੀ ਰੂਪ ਵਿਚ ਸੁਹਾਗਣ ਹੈ ਜੋ ਬੇਪਰਵਾਹ ਪ੍ਰਭੂ ਨੂੰ ਪਿਆਰੀ ਲੱਗਦੀ ਹੈ।

ਫ਼ਰੀਦ ਜੀ ਦਾ ਸਲੋਕ ਹੈ:

ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ।।

ਜੋ ਜਾਗੰਨਿ੍ ਲਹੰਨਿ ਸੇ ਸਾਈ ਕੰਨੋ ਦਾਤਿ।।੧੧੨।।

ਭਾਵ: ਪਹਿਲਾ ਪਹਿਰ ਸੁਹਣਾ ਫੁੱਲ ਹੈ, ਪਿਛਲੀ ਰਾਤ ਦੀ ਬੰਦਗੀ ਫਲ ਹੈ; ਜੋ ਬੰਦੇ ਅੰਮ੍ਰਿਤ ਵੇਲੇ ਜਾਗਦੇ ਹਨ ਉਹ ਇਹ ਦਾਤ ਸਾਈਂ (ਪਰਮਾਤਮਾ) ਕੋਲੋਂ ਹਾਸਲ ਕਰਦੇ (ਲਹੰਨਿ) ਹਨ। ਪ੍ਰੋ. ਸਾਹਿਬ ਸਿੰਘ ਅਨੁਸਾਰ ਅਗਲਾ ਸਲੋਕ (ਨੰ. 113) ਗੁਰੂ ਨਾਨਕ ਦੇਵ ਜੀ ਦਾ ਹੈ (ਉਪਰੋਕਤ ਕਿਤਾਬ, ਸਫ਼ਾ 97-98) ਜਿਸ ਵਿਚ ਫ਼ਰੀਦ ਸਾਹਿਬ ਦੇ ਸਲੋਕ ਦੀ ਵਿਆਖਿਆ ਗੁਰੂ ਸਾਹਿਬ ਨੇ ਇੰਝ ਕੀਤੀ ਹੈ:

ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ।।

ਇਕਿ ਜਾਗੰਦੇ ਨਾ ਲਹਨਿ੍ ਇਕਨਾ੍ ਸੁਤਿਆ ਦੇਇ ਉਠਾਲਿ।।੧੧੩।।

ਗੁਰੂ ਰਾਮਦਾਸ ਜੀ

ਭਾਵ: ਦਾਤ (ਬਖਸ਼ਸ਼) ਸਾਹਿਬ (ਪਰਮਾਤਮਾ) ਨੇ ਦੇਣੀ ਹੈ; ਉਸ ਨਾਲ ਕਿਸੇ ਦਾ ਕੀ ਜ਼ੋਰ ਚੱਲ ਸਕਦਾ ਹੈ? ਕਈ (ਅੰਮ੍ਰਿਤ ਵੇਲੇ) ਜਾਗਦੇ ਵੀ ਇਹ ਦਾਤ ਨਹੀਂ ਲੈ ਸਕਦੇ ਅਤੇ ਕਈਆਂ ਸੁੱਤਿਆਂ ਨੂੰ ਵੀ ਪਰਮਾਤਮਾ ਜਗਾ ਦਿੰਦਾ ਹੈ। ਇਹ ਸਲੋਕ ਸਿਰੀਰਾਗੁ ਕੀ ਵਾਰ ਵਿਚ ਵੀ ਦਰਜ ਹੈ।

ਸ਼ੇਖ ਫ਼ਰੀਦ ਜੀ ਦਾ ਸਲੋਕ ਹੈ:

ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿ੍।।

ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨਿ੍।।੧੧੯।।

ਭਾਵ: ਮੇਰਾ ਸਰੀਰ ਭਾਵੇਂ ਤਨੂਰ ਵਾਂਗ ਤਪੇ ਅਤੇ ਹੱਡ ਬਾਲਣ ਵਾਂਗ ਬਲਣ, ਜੇ ਮੇਰੇ ਪੈਰ ਥੱਕ ਜਾਣ ਤਾਂ ਮੈਂ ਸਿਰ ਭਾਰ ਤੁਰਨ ਲੱਗ ਪਵਾਂਗਾ ਜੇ ਮੈਨੂੰ ਪਿਆਰੇ ਪਰਮਾਤਮਾ ਮਿਲ ਜਾਣ।

ਇਸ ਬਾਰੇ ਗੁਰੂ ਨਾਨਕ ਦੇਵ ਜੀ ਦਾ ਸਲੋਕ ਹੈ:

ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ।।

ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ।।੧੨੦।।

ਭਾਵ: ਸਰੀਰ ਤਨੂਰ ਵਾਂਗ ਨਾ ਸਾੜ ਤੇ ਨਾ ਹੱਡਾਂ ਨੂੰ ਬਾਲਣ ਵਾਂਗ ਬਾਲ; ਸਿਰ ਤੇ ਪੈਰਾਂ ਨੇ ਕੁਝ ਨਹੀਂ ਵਿਗਾੜਿਆ, ਪਰਮਾਤਮਾ ਨੂੰ ਆਪਣੇ ਅੰਦਰ ਵੇਖ। ਪ੍ਰੋ. ਸਾਹਿਬ ਸਿੰਘ ਸਪੱਸ਼ਟ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਫ਼ਰੀਦ ਜੀ ਦੇ ਸਲੋਕ ਦੀ ਵਿਆਖਿਆ ਕੀਤੀ ਹੈ। ਉਹ ਲਿਖਦੇ ਹਨ, ‘‘ਫ਼ਰੀਦ ਜੀ ਨੇ ਏਥੇ ਕਿਤੇ ਧੂਣੀਆਂ ਤਪਾਣ ਦੀ ਲੋੜ ਨਹੀਂ ਦੱਸੀ।’’ ਭਾਵ ਫ਼ਰੀਦ-ਸਲੋਕ ਵਿਚ ਤਨ ਦਾ ਤਨੂਰ ਵਾਂਗ ਤਪਣਾ ਅਤੇ ਹੱਡਾਂ ਦਾ ਬਾਲਣ ਵਾਂਗ ਬਲਣਾ ਪਰਮਾਤਮਾ ਦੇ ਮਿਲਣ ਦੀ ਸਿੱਕ ਦੀ ਤੀਬਰਤਾ ਨੂੰ ਪ੍ਰਗਟਾਉਂਦੇ ਹਨ। ਇਹ ਸਲੋਕ ‘ਸਲੋਕ ਵਾਰਾਂ ਤੇ ਵਧੀਕ ਮਹਲਾ ੧’ ਵਿਚ ਕੁਝ ਫ਼ਰਕ ਨਾਲ ਦਰਜ ਹੈ।

ਪ੍ਰੋ. ਸਾਹਿਬ ਸਿੰਘ ਅਨੁਸਾਰ ਇਸ ਤੋਂ ਬਾਅਦ ਵਾਲਾ ਸਲੋਕ ਗੁਰੂ ਰਾਮਦਾਸ ਜੀ (ਉਪਰੋਕਤ ਕਿਤਾਬ, ਸਫ਼ਾ 103) ਦਾ ਹੈ:

ਹਉ ਢੂਢੇਦੀ ਸਜਣਾ ਸਜਣੁ ਮੈਡੇ ਨਾਲਿ।।

ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਇ ਦਿਖਾਲਿ।।੧੨੧।।

ਭਾਵ: ਮੈਂ ਪ੍ਰਭੂ ਨੂੰ ਬਾਹਰ ਭਾਲ ਰਿਹਾ ਹਾਂ ਪਰ ਉਹ ਤਾਂ ਅੰਦਰ ਵਸਦਾ ਹੈ; ਉਸ (ਪ੍ਰਭੂ) ਦਾ ਕੋਈ ਲੱਛਣ ਪਤਾ ਨਹੀਂ, ਉਹ ਪਛਾਣਿਆ ਨਹੀਂ ਜਾ ਸਕਦਾ, ਗੁਰਮੁਖ (ਸਤਿਗੁਰੂ) ਵਿਖਾਲ ਦੇਂਦਾ ਹੈ। ਇਸ ਤੋਂ ਅਗਲਾ ਸਲੋਕ ਗੁਰੂ ਅਮਰਦਾਸ ਜੀ ਦਾ ਹੈ:

ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ।।

ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ।।੧੨੨।।

ਭਾਵ: ਹੰਸਾਂ ਨੂੰ ਤਰਦਿਆਂ ਵੇਖ ਬਗਲਿਆਂ ਨੂੰ ਵੀ ਤਰਨ ਦਾ ਚਾਅ ਉੱਠਿਆ; ਉਨ੍ਹਾਂ ਸਿਰ ਹੇਠਾਂ ਤੇ ਪੈਰ ਉੱਪਰ ਕਰ ਕੇ ਤਰਨਾ ਚਾਹਿਆ ਤੇ ਡੁੱਬ ਕੇ ਮਰ ਗਏ। ਪ੍ਰੋ. ਸਾਹਿਬ ਸਿੰਘ ਲਿਖਦੇ ਹਨ ਕਿ ਇੱਥੇ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਜਿਹੜੇ ਮਨੁੱਖ ਦੂਸਰਿਆਂ ਦੀ ਰੀਸ ਕਰ ਕੇ ਵਿਅਰਥ ਦੁੱਖ ਸਹੇੜਦੇ ਹਨ, ਉਨ੍ਹਾਂ ਦਾ ਪਾਜ ਉਘੜ ਜਾਂਦਾ ਹੈ। ਇਹ ਸਲੋਕ ‘ਵਡ ਹੰਸੁ ਕੀ ਵਾਰ’ ਵਿਚ ਵੀ ਦਰਜ ਹੈ।

ਇਸ ਤੋਂ ਅਗਲਾ ਸਲੋਕ ਵੀ ਗੁਰੂ ਅਮਰਦਾਸ ਜੀ ਦਾ ਹੈ:

ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ।।

ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ।।੧੨੩।।

ਭਾਵ: ਮੈਂ ਤਾਂ ਸੋਚਿਆ ਸੀ ਕਿ ਇਹ ਕੋਈ ਵੱਡਾ ਹੰਸ ਹੈ ਜਿਸ ਕਾਰਨ ਮੈਂ ਇਸ ਦਾ ਸੰਗ (ਸੰਗਤ) ਕੀਤਾ ਪਰ ਜੇ ਮੈਨੂੰ ਪਤਾ ਹੁੰਦਾ ਕਿ ਇਹ ਕੋਈ ਨਕਾਰਾ ਬਗ (ਬਗਲਾ) ਹੈ ਤਾਂ ਮੈਂ ਪੂਰਾ ਜਨਮ/ਜੀਵਨ ਇਸ ਦੇ ਨੇੜੇ ਨਾ ਢੁਕਦਾ/ਢੁਕਦੀ।

ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦਾ ਫ਼ਰੀਦ ਜੀ ਦੇ ਸਲੋਕ ਨੂੰ ਸਾਹਮਣੇ ਰੱਖ ਕੇ ਉਚਾਰਿਆ ਹੋਇਆ ਸਲੋਕ (ਇਹ ਸਲੋਕ ਸਿਰੀਰਾਗੁ ਕੀ ਵਾਰ ਵਿਚ ਵੀ ਹੈ) ਦਰਜ ਹੈ:

ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ।।

ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ।।੧੨੪।।

ਭਾਵ: ਹੰਸ ਹੋਵੇ ਜਾਂ ਬਗਲਾ ਜਿਸ ’ਤੇ ਪ੍ਰਭੂ ਦੀ ਨਦਰਿ (ਕਿਰਪਾ) ਹੁੰਦੀ, ਉਹ ਉਨ੍ਹਾਂ ਨੂੰ ਆਪਣੇ ਬਣਾ ਲੈਂਦਾ ਹੈ। ਬਾਬਾ ਨਾਨਕ ਜੀ ਹੰਸ ਤੇ ਬਗਲੇ ਵਿਚਲੇ ਅੰਤਰ ਨੂੰ ਖ਼ਤਮ ਕਰ ਦਿੰਦੇ ਹਨ ‘ਕਿਆ ਹੰਸੁ ਕਿਆ ਬਗੁਲਾ’ ਭਾਵ ਸਮਾਜਿਕ ਬਰਾਬਰੀ ਅਤੇ ਪਰਮਾਤਮਾ ਦੀ ਸਭ ’ਤੇ ਬਰਾਬਰ ਮਿਹਰ ਦੇ ਸਿਧਾਂਤ ਨੂੰ ਦ੍ਰਿੜ੍ਹ ਕਰਦੇ ਹਨ। ਅਗਲੀ ਸਤਰ ਦੇ ਅਰਥ ਹਨ: ਜੇ ਪਰਮਾਤਮਾ ਨੂੰ ਚੰਗਾ ਲੱਗੇ ਤਾਂ ਉਹ ਕਾਂ ਤੋਂ ਭੀ ਹੰਸ ਬਣਾ ਲੈਂਦਾ ਹੈ। ਇਨ੍ਹਾਂ ਸਤਰਾਂ ਵਿਚ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੇ ਮਿਹਰਬਾਨ, ਗਰੀਬ ਨਿਵਾਜ਼ ਤੇ ਦਿਆਲੂ ਹੋਣ ਦੇ ਸਿਧਾਂਤ ਨੂੰ ਸਥਾਪਿਤ ਕਰ ਰਹੇ ਹਨ ਜੋ ਭਾਰਤ ਵਿਚ ਪਹਿਲਾਂ ਪਣਪੇ ਧਾਰਮਿਕ ਦ੍ਰਿਸ਼ਟੀਕੋਣਾਂ/ਸਿਧਾਂਤਾਂ ਵਿਚ ਮੌਜੂਦ ਨਹੀਂ ਸੀ।

ਉੱਪਰ ਲਿਖੇ ਤੋਂ ਪ੍ਰਤੱਖ ਹੈ ਕਿ ਫ਼ਰੀਦ ਜੀ ਦੇ ਸਲੋਕ ‘ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿ੍’ ’ਤੇ ਹੋਏ ਸੰਵਾਦ ਵਿਚ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਨੇ ਹਿੱਸਾ ਲਿਆ ਅਤੇ ਇਕ ਅੰਤਰ-ਯੁੱਗੀ ਸੰਵਾਦ ਸਿਰਜਿਆ ਹੈ। ਇਸ ਸੰਵਾਦ ਦਾ ਕਾਲ ਵਿਸਥਾਰ 13ਵੀਂ ਤੋਂ 16ਵੀਂ ਸਦੀ ਤਕ ਹੈ ਅਤੇ ਇਹ ਆਉਣ ਵਾਲੇ ਸਮਿਆਂ ਲਈ ਵੱਡੇ ਅਰਥਾਂ ਦਾ ਧਾਰਨੀ ਹੈ।
(ਬਾਕੀ ਅਗਲੇ ਐਤਵਾਰ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All