ਆਜ਼ਾਦ ਹਿੰਦ ਫ਼ੌਜ ਅਤੇ ਦੇਸ਼ ਦੀ ਆਜ਼ਾਦੀ : The Tribune India

ਆਜ਼ਾਦ ਹਿੰਦ ਫ਼ੌਜ ਅਤੇ ਦੇਸ਼ ਦੀ ਆਜ਼ਾਦੀ

ਆਜ਼ਾਦ ਹਿੰਦ ਫ਼ੌਜ ਅਤੇ ਦੇਸ਼ ਦੀ ਆਜ਼ਾਦੀ

ਡਾ. ਹਰਕੀਰਤ ਸਿੰਘ

ਡਾ. ਹਰਕੀਰਤ ਸਿੰਘ

­ਜ਼ਾਦ ਹਿੰਦ ਫ਼ੌਜ ਦਾ ਇਤਿਹਾਸ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਦਾ ਇਕ ਦਿਲਚਸਪ ਹਿੱਸਾ ਹੈ ਜੋ ਅੰਗਰੇਜ਼ੀ ਸਰਕਾਰ ਵਿਰੁੱਧ ਇਨਕਲਾਬੀ ਸੰਘਰਸ਼ ਦਾ ਇਤਿਹਾਸ ਹੈ। ਆਜ਼ਾਦ ਹਿੰਦ ਫ਼ੌਜ ਅਤੇ ਸੁਭਾਸ਼ ਚੰਦਰ ਬੋਸ ਬਾਰੇ ਬਹੁਤ ਸਾਹਿਤ ਲਿਖਿਆ ਜਾ ਚੁੱਕਾ ਹੈ ਪਰ ਇਸ ਵਿਸ਼ੇ ਉੱਪਰ ਅਜੇ ਵੀ ਬਹੁਤ ਖੋਜ ਅਤੇ ਲਿਖਣ ਦੀ ਲੋੜ ਹੈ ਕਿਉਂ ਜੋ ਇਸ ਨਾਲ ਸਬੰਧਿਤ ਬਹੁਤ ਸਾਰੇ ਰਿਕਾਰਡ ਭਾਰਤ ਸਰਕਾਰ ਹੌਲੀ ਹੌਲੀ ਜਾਰੀ ਕਰ ਰਹੀ ਹੈ। ਇੱਥੇ ਆਜ਼ਾਦ ਹਿੰਦ ਫ਼ੌਜ ਦੇ ਦੋ ਅਹਿਮ ਪਹਿਲੂਆਂ- ਪੰਜਾਬੀਆਂ ਦਾ ਆਜ਼ਾਦ ਹਿੰਦ ਫ਼ੌਜ ਵਿੱਚ ਯੋਗਦਾਨ ਅਤੇ ਇਸ ਦਾ ਧਰਮ ਨਿਰਪੱਖ ਸਰੂਪ - ਬਾਰੇ ਖ਼ਾਸ ਤੌਰ ’ਤੇ ਗੱਲ ਕਰਨੀ ਬਣਦੀ ਹੈ। ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ ਪਿੱਛੇ ਗਿਆਨੀ ਪ੍ਰੀਤਮ ਸਿੰਘ, ਬਾਬਾ ਅਮਰ ਸਿੰਘ, ਭਗਵਾਨ ਸਿੰਘ, ਜਨਰਲ ਮੋਹਨ ਸਿੰਘ ਆਦਿ ਪੰਜਾਬੀਆਂ ਦੀ ਅਹਿਮ ਭੂਮਿਕਾ ਸੀ। ਗਿਆਨੀ ਪ੍ਰੀਤਮ ਸਿੰਘ ਪੰਜਾਬ ਦੇ ਪਿੰਡ ਨਾਗੋਕੇ ਦਾ ਰਹਿਣ ਵਾਲਾ ਇਨਕਲਾਬੀ ਸੀ ਜੋ ਗ਼ਦਰ ਪਾਰਟੀ ਦੀ ਅਸਫ਼ਲਤਾ ਤੋਂ ਬਾਅਦ ਥਾਈਲੈਂਡ ਚਲਿਆ ਗਿਆ ਸੀ। ਬੈਂਕਾਕ ਵਿਚ ਗਿਆਨੀ ਪ੍ਰੀਤਮ ਸਿੰਘ ਦੀ ਮੁਲਾਕਾਤ ਇਕ ਹੋਰ ਪੰਜਾਬੀ ਬਾਬਾ ਅਮਰ ਸਿੰਘ ਨਾਲ ਹੋਈ ਜੋ ਪਹਿਲਾਂ ਹੀ ਬ੍ਰਿਟਿਸ਼ ਸਰਕਾਰ ਖ਼ਿਲਾਫ਼ ਸਰਗਰਮ ਸੀ। ਦੋਵਾਂ ਨੇ ਮਿਲ ਕੇ ਆਜ਼ਾਦ ਹਿੰਦ ਸੰਘ ਦੀ ਸਥਾਪਨਾ ਕੀਤੀ ਜਿਸ ਨੂੰ ਬਾਅਦ ਵਿਚ ਇੰਡੀਅਨ ਇੰਡੀਪੈਂਡੈਂਸ ਲੀਗ ਕਿਹਾ ਜਾਣ ਲੱਗ ਪਿਆ। ਅਸਲ ਵਿਚ ਇਹ ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ ਦਾ ਬੀਜ ਸੀ। ਸ਼ੁਰੂ ਵਿਚ ਇਸ ਦੇ ਜ਼ਿਆਦਾਤਰ ਮੈਂਬਰ ਪੰਜਾਬੀ ਸਿੱਖ ਸਨ ਪਰ ਬਾਅਦ ਵਿਚ ਹੋਰ ਹਿੰਦੋਸਤਾਨੀ ਵੀ ਇਸ ਵਿਚ ਸ਼ਾਮਲ ਹੋ ਗਏ। ਗਿਆਨੀ ਪ੍ਰੀਤਮ ਸਿੰਘ ਨੇ ਹੋਰ ਹਿੰਦੋਸਤਾਨੀਆਂ ਨਾਲ ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਵਿਚ ਹਿੰਦੋਸਤਾਨ ਦੀ ਆਜ਼ਾਦੀ ਦੇ ਹੱਕ ਵਿਚ ਪ੍ਰਚਾਰ ਕੀਤਾ ਅਤੇ ਇੱਥੇ ਮੌਜੂਦ ਬ੍ਰਿਟਿਸ਼ ਦੇ ਹਿੰਦੋਸਤਾਨੀ ਸੈਨਿਕਾਂ ਵਿਚ ਰਾਸ਼ਟਰੀ ਭਾਵਨਾਵਾਂ ਉਤੇਜਿਤ ਕਰਨ ਲਈ ਕੰਮ ਕੀਤਾ।

ਦੂਸਰੇ ਪਾਸੇ ਦੂਜੀ ਆਲਮੀ ਜੰਗ ਦੌਰਾਨ ਇੰਗਲੈਂਡ ਵਿਰੁੱਧ ਲੜ ਰਹੀ ਜਾਪਾਨ ਦੀ ਸਰਕਾਰ ਨੇ ਹਿੰਦੋਸਤਾਨੀਆਂ ਦੇ ਇਸ ਜੋਸ਼ ਦਾ ਫ਼ਾਇਦਾ ਉਠਾਉਣ ਦੇ ਮਕਸਦ ਨਾਲ ਮੇਜਰ ਫੁਜੀਵਾਰਾ ਨੂੰ ਹਿੰਦੋਸਤਾਨੀਆਂ ਨਾਲ ਸੰਪਰਕ ਕਰਨ ਲਈ ਦੱਖਣੀ ਪੂਰਬੀ ਏਸ਼ਿਆਈ ਦੇਸ਼ਾਂ ਵਿਚ ਭੇਜਿਆ। ਮੇਜਰ ਫੁਜੀਵਾਰਾ ਨੇ ਗਿਆਨੀ ਪ੍ਰੀਤਮ ਸਿੰਘ ਅਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਹਿੰਦੋਸਤਾਨੀ ਸੈਨਿਕਾਂ ਵਿਚ ਬ੍ਰਿਟਿਸ਼ ਵਿਰੋਧੀ ਭਾਵਨਾਵਾਂ ਦਾ ਪ੍ਰਚਾਰ ਕੀਤਾ। ਉਨ੍ਹਾਂ ਦੀਆਂ ਸਰਗਰਮੀਆਂ ਦਾ ਮੁੱਖ ਖੇਤਰ ਉੱਤਰੀ ਮਲੇਸ਼ੀਆ ਅਤੇ ਦੱਖਣੀ ਥਾਈਲੈਂਡ ਸੀ ਜਿੱਥੇ ਵੱਡੀ ਗਿਣਤੀ ਵਿਚ ਬਰਤਾਨਵੀ ਸਰਕਾਰ ਦੇ ਹਿੰਦੋਸਤਾਨੀ ਫ਼ੌਜੀ ਠਹਿਰੇ ਹੋਏ ਸਨ। ਹਿੰਦੋਸਤਾਨੀਆਂ ਦੇ ਇਸ ਪ੍ਰਚਾਰ ਨੇ ਫ਼ੌਜੀਆਂ ਦੇ ਮਨ ਬਦਲਣ ਵਿਚ ਬਹੁਤ ਹਾਂ-ਪੱਖੀ ਭੂਮਿਕਾ ਨਿਭਾਈ। ਯੁੱਧ ਖੇਤਰ ਵਿਚ ਅੰਗਰੇਜ਼ਾਂ ਦੀ ਮਾੜੀ ਹਾਲਤ ਨੂੰ ਦੇਖਦਿਆਂ ਹਿੰਦੋਸਤਾਨੀ ਸੈਨਿਕ ਜਾਪਾਨੀ ਕੈਂਪਾਂ ਵਿਚ ਸ਼ਰਨ ਲੈਣ ਲੱਗੇ ਸਨ। ਬਰਤਾਨਵੀ ਭਾਰਤ ਦੇ ਇਤਿਹਾਸ ਵਿਚ ਹਿੰਦੋਸਤਾਨੀ ਸੈਨਿਕ ਕਦੇ ਇੰਨੇ ਨਿਰ-ਉਤਸ਼ਾਹਿਤ ਨਹੀਂ ਹੋਏ ਸਨ ਜਿੰਨੇ ਦੱਖਣ-ਪੂਰਬੀ ਏਸ਼ੀਆ ਵਿਚ ਹੋਏ ਸਨ। ਨਤੀਜੇ ਵਜੋਂ 1/14 ਪੰਜਾਬ ਰੈਜੀਮੈਂਟ ਦੇ ਕੈਪਟਨ ਮੋਹਨ ਸਿੰਘ ਅਤੇ ਹੋਰ ਫ਼ੌਜੀਆਂ ਨੇ ਨਿਸ਼ਚਾ ਕੀਤਾ ਕਿ ਹਿੰਦੋਸਤਾਨੀ ਸੈਨਿਕਾਂ ਨੂੰ ਅੰਗਰੇਜ਼ਾਂ ਲਈ ਨਹੀਂ ਲੜਨਾ ਚਾਹੀਦਾ ਸਗੋਂ ਜਾਪਾਨ ਨਾਲ ਮਿਲ ਕੇ ਹਿੰਦੋਸਤਾਨ ਦੀ ਆਜ਼ਾਦੀ ਲਈ ਅੰਗਰੇਜ਼ਾਂ ਵਿਰੁੱਧ ਲੜਨਾ ਚਾਹੀਦਾ ਹੈ। ਜਾਪਾਨੀਆਂ ਨੇ ਕੈਪਟਨ ਮੋਹਨ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਉਹ ਹਿੰਦੋਸਤਾਨ ਦੀ ਆਜ਼ਾਦੀ ਦੀ ਲੜਾਈ ਵਿਚ ਹਿੰਦੋਸਤਾਨੀਆਂ ਦੀ ਮਦਦ ਕਰਨਗੇ। ਸਿੱਟੇ ਵਜੋਂ 15 ਦਸੰਬਰ 1940 ਨੂੰ 1/14 ਪੰਜਾਬ ਰੈਜੀਮੈਂਟ ਦੇ ਕੈਪਟਨ ਮੋਹਨ ਸਿੰਘ ਨੇ ਆਪਣੇ 54 ਸਾਥੀਆਂ ਨਾਲ ਜਾਪਾਨੀਆਂ ਅੱਗੇ ਆਤਮ ਸਮਰਪਣ ਕਰ ਦਿੱਤਾ। ਇਹ ਇਤਿਹਾਸਕ ਪਲ ਆਜ਼ਾਦ ਹਿੰਦ ਫ਼ੌਜ ਦੇ ਜਨਮ ਵੱਲ ਇਕ ਮਹੱਤਵਪੂਰਨ ਕਦਮ ਸਾਬਿਤ ਹੋਇਆ। ਇਸ ਤੋਂ ਬਾਅਦ ਘਟਨਾਵਾਂ ਨੇ ਬਹੁਤ ਤੇਜ਼ੀ ਨਾਲ ਮੋੜ ਲਿਆ ਅਤੇ 73000 ਬ੍ਰਿਟਿਸ਼ ਫ਼ੌਜੀਆਂ ਨੇ ਜਾਪਾਨੀਆਂ ਅੱਗੇ ਆਤਮ-ਸਮਰਪਣ ਕਰ ਦਿੱਤਾ। ਇਨ੍ਹਾਂ ਵਿਚੋਂ 45,000 ਹਿੰਦੋਸਤਾਨੀ ਸਨ ਜਿਨ੍ਹਾਂ ਨੂੰ ਜਾਪਾਨੀਆਂ ਨੇ ਕੈਪਟਨ ਮੋਹਨ ਸਿੰਘ ਦੇ ਸਪੁਰਦ ਕਰ ਦਿੱਤਾ। ਕੈਪਟਨ ਮੋਹਨ ਸਿੰਘ ਨੇ ਇਨ੍ਹਾਂ ਫੌਜੀਆਂ ਵਿਚ ਰਾਸ਼ਟਰੀ ਭਾਵਨਾਵਾਂ ਜਗਾਉਣ ਲਈ ਬਹੁਤ ਮਿਹਨਤ ਕੀਤੀ।

ਉਸੇ ਸਮੇਂ ਦੱਖਣ-ਪੂਰਬੀ ਏਸ਼ੀਆ ਵਿਚ ਵੱਖ ਵੱਖ ਹਿੰਦੋਸਤਾਨੀ ਸੰਗਠਨ ਅਤੇ ਇੰਡੀਅਨ ਇੰਡੀਪੈਂਡੈਂਸ ਲੀਗ ਦੇਸ਼ ਦੀ ਆਜ਼ਾਦੀ ਲਈ ਕੰਮ ਕਰ ਰਹੇ ਸਨ। ਦੱਖਣ-ਪੂਰਬੀ ਏਸ਼ੀਆ ਵਿਚ ਰਾਸ਼ਟਰੀ ਅੰਦੋਲਨ ਨੂੰ ਸੰਗਠਿਤ ਕਰਨ ਦੇ ਉਦੇਸ਼ ਨਾਲ ਰਾਸ ਬਿਹਾਰੀ ਬੋਸ ਨੇ ਟੋਕੀਓ ਅਤੇ ਬੈਂਕਾਕ ਵਿਚ ਦੋ ਕਾਨਫ਼ਰੰਸਾਂ ਕੀਤੀਆਂ। ਮੰਦੇ ਭਾਗਾਂ ਨੂੰ ਗਿਆਨੀ ਪ੍ਰੀਤਮ ਸਿੰਘ ਅਤੇ ਉਸ ਦੇ ਸਾਥੀਆਂ ਦੀ ਇਕ ਹਵਾਈ ਹਾਦਸੇ ਵਿਚ ਮੌਤ ਹੋ ਗਈ। ਇਹ ਖ਼ਬਰ ਸਾਰੇ ਹਿੰਦੋਸਤਾਨੀਆਂ ਲਈ ਦੁਖਦਾਈ ਸੀ। ਇਹ ਦੱਖਣ-ਪੂਰਬੀ ਏਸ਼ੀਆ ਵਿਚ ਹਿੰਦੋਤਸਾਨ ਦੀ ਆਜ਼ਾਦੀ ਲਈ ਪਹਿਲਾ ਬਲਿਦਾਨ ਸੀ। ਬੈਂਕਾਕ ਕਾਨਫ਼ਰੰਸ ਵਿਚ ਪੂਰਨ ਸਹਿਮਤੀ ਨਾਲ ਇਹ ਮਤਾ ਪਾਸ ਕੀਤਾ ਕਿ ਏਕਤਾ, ਵਿਸ਼ਵਾਸ ਤੇ ਬਲਿਦਾਨ ਦੇ ਆਦਰਸ਼ ਵਾਕ ਉੱਪਰ ਆਧਾਰਿਤ ਇਸ ਅੰਦੋਲਨ ਦਾ ਉਦੇਸ਼ ਬਿਨਾਂ ਕਿਸੇ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਪੂਰਨ ਸੁਤੰਤਰਤਾ ਹੋਵੇਗਾ। ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ ਅਤੇ ਸੰਗਠਨ ਦਾ ਵੀ ਫ਼ੈਸਲਾ ਕੀਤਾ ਗਿਆ। ਜੰਗੀ ਕੈਦੀਆਂ ਅਤੇ ਫੜੇ ਹਥਿਆਰਾਂ ਨਾਲ ਕੈਪਟਨ ਮੋਹਨ ਸਿੰਘ ਨੇ ਅਧਿਕਾਰਤ ਤੌਰ ’ਤੇ 1 ਸਤੰਬਰ 1942 ਨੂੰ ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ ਕੀਤੀ। ਕੈਪਟਨ ਮੋਹਨ ਸਿੰਘ ਨੂੰ ਜਨਰਲ ਆਫ਼ੀਸਰ ਕਮਾਂਡਿੰਗ ਦਾ ਰੈਂਕ ਦਿੱਤਾ ਗਿਆ।

ਛੇਤੀ ਹੀ ਜੰਗੀ ਕੈਦੀਆਂ ਦੇ ਕੰਟਰੋਲ ਅਤੇ ਆਜ਼ਾਦ ਹਿੰਦ ਫ਼ੌਜ ਦੇ ਸੁਤੰਤਰ ਰੋਲ ਨੂੰ ਲੈ ਕੇ ਜਾਪਾਨੀਆਂ ਅਤੇ ਜਨਰਲ ਮੋਹਨ ਸਿੰਘ ਦਰਮਿਆਨ ਮੱਤਭੇਦ ਪੈਦਾ ਹੋ ਗਏ। ਨਤੀਜੇ ਵਜੋਂ 21 ਦਸੰਬਰ 1942 ਨੂੰ ਜਨਰਲ ਮੋਹਨ ਸਿੰਘ ਨੇ ਆਜ਼ਾਦ ਹਿੰਦ ਫ਼ੌਜ ਨੂੰ ਭੰਗ ਕਰ ਦਿੱਤਾ ਅਤੇ ਜਾਪਾਨੀ ਫ਼ੌਜ ਨੇ ਜਨਰਲ ਮੋਹਨ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਜਿਸ ਨਾਲ ਇਕ ਵਾਰ ਅੰਦੋਲਨ ਵਿਚ ਖੜੋਤ ਆ ਗਈ। ਬੇਸ਼ੱਕ ਜਨਰਲ ਮੋਹਨ ਸਿੰਘ ਦਾ ਉਦੇਸ਼ ਪੂਰਾ ਨਹੀਂ ਹੋ ਸਕਿਆ ਪਰ ਉਸ ਨੇ ਦੱਖਣ-ਪੂਰਬੀ ਵਿਚ ਜਿਸ ਅੰਦੋਲਨ ਦੀ ਨੀਂਹ ਰੱਖੀ ਸੀ ਉਸ ਉੱਪਰ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫ਼ੌਜ ਦਾ ਪੁਨਰਗਠਨ ਕਰ ਕੇ ਹਿੰਦੋੋਸਤਾਨ ਦੀ ਆਜ਼ਾਦੀ ਦੇ ਅੰਦੋਲਨ ਨੂੰ ਅੱਗੇ ਤੋਰਿਆ।

ਪੰਝੀ ਅਗਸਤ 1943 ਨੂੰ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫ਼ੌਜ ਦੇ ਸੁਪਰੀਮ ਕਮਾਂਡਰ ਵਜੋਂ ਅਹੁਦਾ ਸੰਭਾਲਿਆ। ਆਜ਼ਾਦ ਹਿੰਦ ਫ਼ੌਜ ਦੇ ਪੁਨਰਗਠਨ ਵਿਚ ਸੁਭਾਸ਼ ਚੰਦਰ ਬੋਸ ਨੇ ਪੰਜਾਬੀਆਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਸਨ ਜਿਵੇਂ ਲੈਫ਼ਟੀਨੈਂਟ ਕਰਨਲ ਹਬੀਬ-ਉਰ-ਰਹਿਮਾਨ ਨੂੰ ਡਿਪਟੀ ਚੀਫ ਆਫ ਸਟਾਫ ਅਤੇ ਮੇਜਰ ਪੀ.ਕੇ. ਸਹਿਗਲ ਨੂੰ ਮਿਲਟਰੀ ਸਕੱਤਰ ਨਿਯੁਕਤ ਕੀਤਾ। ਯੋਜਨਾ, ਸੈਨਿਕਾਂ ਦੀ ਸਿਖਲਾਈ ਅਤੇ ਖ਼ੁਫ਼ੀਆ ਜਾਣਕਾਰੀ ਵਿਭਾਗ ਦੀ ਜ਼ਿੰਮੇਵਾਰੀ ਪੰਜਾਬੀ ਲੈਫਟੀਨੈਂਟ ਕਰਨਲ ਸ਼ਾਹ ਨਵਾਜ਼ ਖ਼ਾਨ ਨੂੰ ਦਿੱਤੀ ਗਈ।

ਦੱਖਣ-ਪੂਰਬੀ ਏਸ਼ੀਆ ਵਿਚ ਹਿੰਦੋਸਤਾਨ ਦੀ ਆਜ਼ਾਦੀ ਦੇ ਅੰਦੋਲਨ ਨੂੰ ਸੰਗਠਤ ਢੰਗ ਨਾਲ ਚਲਾਉਣ ਲਈ ਸੁਭਾਸ਼ ਚੰਦਰ ਬੋਸ ਨੇ 21 ਅਕਤੂਬਰ 1943 ਨੂੰ ਆਜ਼ਾਦ ਹਿੰਦ ਅੰਤ੍ਰਿਮ ਸਰਕਾਰ ਦੀ ਸਥਾਪਨਾ ਕੀਤੀ। ਬੋਸ ਦਾ ਵਿਚਾਰ ਸੀ ਕਿ ਅੰਤ੍ਰਿਮ ਸਰਕਾਰ ਬਿਨਾਂ ਕਿਸੇ ਪੱਖਪਾਤ ਤੋਂ ਅਤੇ ਲੋਕਤੰਤਰੀ ਤਰੀਕੇ ਨਾਲ ਫ਼ੈਸਲੇ ਲਵੇਗੀ ਜੋ ਸਾਰੇ ਹਿੰਦੋਸਤਾਨੀ ਬਿਨਾਂ ਕਿਸੇ ਵਿਰੋਧ ਦੇ ਮੰਨਣਗੇ ਜੋ ਠੀਕ ਸਾਬਿਤ ਹੋਇਆ। ਆਜ਼ਾਦ ਹਿੰਦ ਅੰਤ੍ਰਿਮ ਸਰਕਾਰ ਵਿਚ ਵੀ ਪੰਜਾਬੀਆਂ ਨੂੰ ਪ੍ਰਤੀਨਿਧਤਾ ਦਿੱਤੀ ਗਈ। ਬਰਤਾਨਵੀ ਸਰਕਾਰ ਖ਼ਿਲਾਫ਼ ਯੁੱਧ ਦੀ ਤਿਆਰੀ ਲਈ ਯੁੱਧ ਕੌਂਸਲ ਬਣਾਈ ਗਈ ਜਿਸ ਵਿਚ ਪੰਜਾਬੀ ਕੈਪਟਨ ਹਬੀਬ-ਉਰ-ਰਹਿਮਾਨ, ਕੈਪਟਨ ਗੁਲਜ਼ਾਰਾ ਸਿੰਘ, ਕੈਪਟਨ ਸ਼ਾਹਨਵਾਜ਼ ਖ਼ਾਨ, ਕੈਪਟਨ ਪੀ.ਕੇ. ਸਹਿਗਲ, ਕੈਪਟਨ ਗੁਰਮੀਤ ਸਿੰਘ ਆਦਿ ਦਾ ਅਹਿਮ ਯੋਗਦਾਨ ਸੀ।

ਸੁਭਾਸ਼ ਚੰਦਰ ਬੋਸ ਫ਼ਿਰਕੂ ਸਦਭਾਵਨਾ ਉੱਪਰ ਪੂਰਨ ਵਿਸ਼ਵਾਸ ਰੱਖਦੇ ਸਨ। ਉਨ੍ਹਾਂ ਨੇ ਅੰਦੋਲਨ ਦੌਰਾਨ ਹਿੰਦੋਸਤਾਨੀਆਂ ਵਿਚ ਏਕਤਾ ਪੈਦਾ ਕਰਨ ਲਈ ਰਾਸ਼ਟਰੀ ਕਮੇਟੀ ਦਾ ਗਠਨ ਕੀਤਾ। ਕਰਨਲ ਅਹਿਸਾਨ ਕਾਦਰ ਨੂੰ ਇਸ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਉਨ੍ਹਾਂ ਦਾ ਰਾਸ਼ਟਰੀ ਏਕੀਕਰਨ ਤੋਂ ਭਾਵ ਸੀ ਸਮੂਹ ਨੇਤਾ, ਇਕ ਰਾਸ਼ਟਰ, ਇਕ ਕਾਰਨ, ਇਕ ਭਾਸ਼ਾ, ਇਕ ਪਹਿਰਾਵਾ, ਸਾਂਝਾ ਭੋਜਨ, ਸਾਂਝੇ ਰੀਤੀ ਰਿਵਾਜ। ਇਸ ਲਈ ਆਜ਼ਾਦ ਹਿੰਦ ਫ਼ੌਜ ਅਤੇ ਆਜ਼ਾਦ ਹਿੰਦ ਅੰਤ੍ਰਿਮ ਸਰਕਾਰ ਵਿਚ ਸਾਰਿਆਂ ਨੂੰ ਬਰਾਬਰ ਰੱਖਿਆ ਗਿਆ। ਕੋਈ ਰੰਗ, ਜਾਤ ਅਤੇ ਨਸਲ ਦਾ ਭੇਦਭਾਵ ਨਹੀਂ ਸੀ। ਸਾਰੇ ਧਰਮਾਂ ਤੇ ਜਾਤਾਂ ਦੇ ਸੈਨਿਕ ਤੇ ਅਫ਼ਸਰ ਇਕੱਠੇ ਭੋਜਨ ਖਾਂਦੇ ਸਨ। ਇਕ ਸਾਂਝੀ ਭਾਸ਼ਾ ਹਿੰਦੋਸਤਾਨੀ ਰੱਖੀ ਗਈ ਸੀ। ਇਸੇ ਤਰ੍ਹਾਂ ਲਿਪੀ ਸਬੰਧੀ ਵਿਵਾਦ ਨੂੰ ਖ਼ਤਮ ਕਰਦਿਆਂ ਰੋਮਨ ਲਿੱਪੀ ਅਪਣਾਈ ਗਈ।

ਵਿਵਾਦਿਤ ਸਵਾਲ ਝੰਡਾ ਅਤੇ ਗੀਤ ਉਪਰ ਵਿਚਾਰ ਕੀਤਾ ਗਿਆ। ਸਾਰਿਆਂ ਦੀ ਸਹਿਮਤੀ ਨਾਲ ਇਹ ਸਵੀਕਾਰ ਕੀਤਾ ਕਿ ਤਿਰੰਗਾ ਬਿਨਾਂ ਚਰਖੇ ਤੋਂ ਅੰਤ੍ਰਿਮ ਸਰਕਾਰ ਦਾ ਝੰਡਾ ਹੋਵੇਗਾ। ਗੀਤ ਉੱਪਰ ਵੱਖ ਵੱਖ ਇਤਰਾਜ਼ ਅਤੇ ਵਿਚਾਰ ਸਾਹਮਣੇ ਆ ਰਹੇ ਸਨ ਕਿਉਂਕਿ ਗੀਤ ਵਿਚ ਭਾਸ਼ਾ ਦਾ ਮੁੱਦਾ ਸ਼ਾਮਲ ਸੀ। ਅਖੀਰ ਇਹ ਫ਼ੈਸਲਾ ਹੋਇਆ ਕਿ ਕੋਈ ਨਵਾਂ ਗੀਤ ਰਚਿਆ ਜਾਵੇ ਜੋ ਸਾਰਿਆਂ ਲਈ ਸਵੀਕਾਰ ਕਰਨ ਯੋਗ ਹੋਵੇ। ਰਾਸ਼ਟਰੀ ਏਕੀਕਰਨ ਕਮੇਟੀ ਦੀ ਨਵੇਂ ਗੀਤ ਦੀ ਮੰਗ ਉੱਪਰ ਕਈ ਹਿੰਦੋਸਤਾਨੀਆਂ ਨੇ ਆਪਣੇ ਗੀਤ ਭੇਜੇ ਜਿਸ ਵਿਚੋਂ ਇਕ ਪੰਜਾਬੀ ਹੁਸੈਨ ਦੁਆਰਾ ਰਚਿਤ ਗੀਤ “ਸੁਭਾ ਸੁਖ ਚੈਨ ਕੀ ਬਰਖਾ ਬਰਸੇ” ਨੂੰ ਸਵੀਕਾਰ ਕੀਤਾ ਗਿਆ। ਇਹ ਗੀਤ ਬਹੁਤ ਮਸ਼ਹੂਰ ਹੋਇਆ ਅਤੇ ਸਾਰੇ ਹਿੰਦੋਸਤਾਨੀਆਂ ਦੇ ਹੋਂਠਾਂ ’ਤੇ ਰਹਿੰਦਾ ਸੀ। ਸੁਭਾਸ਼ ਚੰਦਰ ਬੋਸ ਨੇ ਹੁਸੈਨ ਨੂੰ ਗੀਤ ਦੀ ਰਚਨਾ ਕਰਨ ਕਰਕੇ ਇਕ ਹਜ਼ਾਰ ਡਾਲਰ ਦਾ ਇਨਾਮ ਦਿੱਤਾ। ਆਜ਼ਾਦ ਹਿੰਦ ਫ਼ੌਜ ਦੇ ਤਿੰਨ ਨਾਅਰੇ ਸਨ- ਦਿੱਲੀ ਚਲੋ, ਲਾਲ ਕਿਲੇ ਪੇ ਫੌਜੀ ਪਰੇਡ ਅਤੇ ਜੈ ਹਿੰਦ। ਆਜ਼ਾਦ ਹਿੰਦ ਫ਼ੌਜ ਵਿਚ ਹਿੰਦੂ, ਸਿੱਖ, ਮੁਸਲਮਾਨ, ਇਸਾਈ, ਜੈਨ, ਬੁੱਧ ਆਦਿ ਕਈ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਲਈ ਇਕ ਸਾਂਝਾ ਨਾਅਰਾ ਜੈ ਹਿੰਦ ਰੱਖਿਆ ਗਿਆ ਸੀ। ਹਰ ਰੋਜ਼ ਪਰੇਡ ਸ਼ੁਰੂ ਅਤੇ ਖ਼ਤਮ ਹੋਣ ਵੇਲੇ ਅਤੇ ਇੱਕ ਦੂਜੇ ਨੂੰ ਸਲਾਮ ਕਰਨ ਵੇਲੇ ਇਹ ਨਾਅਰਾ ਲਾਇਆ ਜਾਂਦਾ ਸੀ। ਇਹ ਨਾਅਰਾ ਹਿੰਦੋਸਤਾਨੀਆਂ ਵਿਚ ਏਕਤਾ ਦਾ ਸੰਚਾਰ ਕਰਦਾ ਸੀ।

ਆਜ਼ਾਦ ਹਿੰਦ ਫ਼ੌਜ ਨੇ ‘ਚਲੋ ਦਿੱਲੀ’ ਦੇ ਨਾਅਰੇ ਹੇਠ ਅਰਕਾਨ, ਇੰਫਾਲ ਅਤੇ ਕੋਹਿਮਾ ਖੇਤਰ ਵਿਚ ਅਲੱਗ ਅਲੱਗ ਥਾਵਾਂ ਉੱਪਰ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ। ਆਜ਼ਾਦ ਹਿੰਦ ਫ਼ੌਜ ਦੇ ਸੈਨਿਕਾਂ ਨੇ ਇੰਫਾਲ ਨੇੜੇ ਭਾਰਤੀ ਧਰਤੀ ਉੱਪਰ ਜਿੱਤ ਪ੍ਰਾਪਤ ਕਰ ਕੇ ਇੱਥੇ ਤਿਰੰਗਾ ਝੰਡਾ ਲਹਿਰਾਇਆ ਅਤੇ “ਸੁਭਾ ਸੁਖ ਚੈਨ ਕੀ ਬਰਖਾ ਬਰਸੇ” ਗੀਤ ਗਾਇਆ। ਅਠਾਰਾਂ ਮਾਰਚ 1944 ਦਾ ਇਹ ਦਿਨ ਆਜ਼ਾਦ ਹਿੰਦ ਫ਼ੌਜ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ। ਆਜ਼ਾਦ ਹਿੰਦ ਫ਼ੌਜ ਦੇ ਸੈਨਿਕ ਅੰਗਰੇਜ਼ਾਂ ਵਿਰੁੱਧ ਬਹੁਤ ਨਿਡਰਤਾ ਅਤੇ ਬਹਾਦਰੀ ਨਾਲ ਲੜੇ ਪਰ ਬਰਤਾਨੀਆ ਅਤੇ ਅਮਰੀਕਾ ਦੇ ਜਾਪਾਨੀਆਂ ਉਪਰ ਜ਼ੋਰਦਾਰ ਹਮਲੇ ਨੇ ਆਜ਼ਾਦ ਹਿੰਦ ਫ਼ੌਜ ਦੀਆਂ ਮੁਸ਼ਕਿਲਾਂ ਬਹੁਤ ਵਧਾ ਦਿੱਤੀਆਂ ਅਤੇ ਇਸ ਦੇ ਸੈਨਿਕਾਂ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ। ਇਸ ਤਰ੍ਹਾਂ ਦੱਖਣ-ਪੂਰਬੀ ਏਸ਼ੀਆ ਵਿਚ ਆਜ਼ਾਦ ਹਿੰਦ ਫ਼ੌਜ ਨੇ ਹਿੰਦੋਸਤਾਨ ਨੂੰ ਆਜ਼ਾਦ ਕਰਾਉਣ ਲਈ ਜਿਹੜਾ ਸੰਗਰਾਮ ਸ਼ੁਰੂ ਕੀਤਾ ਸੀ ਉਸ ਦਾ ਅੰਤ ਹੋ ਗਿਆ। ਅੰਗਰੇਜ਼ਾਂ ਦੇ ਹੱਥ ਲੱਗੇ ਆਜ਼ਾਦ ਹਿੰਦ ਫ਼ੌਜ ਦੇ ਸੈਨਿਕਾਂ ਨੂੰ ਵਾਪਸ ਹਿੰਦੋਸਤਾਨ ਲਿਆਂਦਾ ਗਿਆ ਅਤੇ ਲਾਲ ਕਿਲ੍ਹੇ ਦੀ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਹਿੰਦੋਸਤਾਨ ਦੀ ਬਰਤਾਨਵੀ ਸਰਕਾਰ ਨੇ ਆਜ਼ਾਦ ਹਿੰਦ ਫ਼ੌਜ ਦੇ ਕੈਦੀਆਂ ਵਿਚੋਂ ਕੈਪਟਨ ਸ਼ਾਹਨਵਾਜ਼ ਖਾਂ, ਕੈਪਟਨ ਪੀ.ਕੇ. ਸਹਿਗਲ ਅਤੇ ਲੈਫ਼ਟੀਨੈਂਟ ਜਨਰਲ ਗੁਰਬਖ਼ਸ਼ ਸਿੰਘ ਢਿੱਲੋਂ ਉੱਪਰ ਬਾਦਸ਼ਾਹ ਵਿਰੁੱਧ ਜੰਗ ਕਰਨ ਅਤੇ ਹਿੰਦੋਸਤਾਨੀਆਂ ਦੇ ਕਤਲ ਕਰਨ ਦੇ ਜੁਰਮ ਤਹਿਤ ਲਾਲ ਕਿਲ੍ਹੇ ਵਿਚ ਮੁਕੱਦਮਾ ਚਲਾਇਆ ਸੀ। ਮੁਕੱਦਮੇ ਦੀ ਕਾਰਵਾਈ ਚੱਲ ਰਹੀ ਸੀ ਤਾਂ ਇਨ੍ਹਾਂ ਅਫ਼ਸਰਾਂ ਦੀ ਰਿਹਾਈ ਲਈ ਦੇਸ਼ ਵਿਚ ਇਕ ਰਾਸ਼ਟਰੀ ਵਿਦਰੋਹ ਖੜ੍ਹਾ ਹੋ ਗਿਆ ਸੀ ਜਿਸ ਦਾ ਮੁਕੱਦਮੇ ਦੀ ਕਾਰਵਾਈ ਅਤੇ ਫ਼ੈਸਲੇ ਉਪਰ ਗਹਿਰਾ ਪ੍ਰਭਾਵ ਪਿਆ। ਆਜ਼ਾਦ ਹਿੰਦ ਫ਼ੌਜ ਦੇ ਮੁਕੱਦਮੇ ਲਈ ਚੁਣੇ ਗਏ ਤਿੰਨ ਅਫ਼ਸਰਾਂ ਵਿਚੋਂ ਸ਼ਾਹਨਵਾਜ਼ ਖਾਂ ਇਕ ਮੁਸਲਮਾਨ, ਪੀ.ਕੇ. ਸਹਿਗਲ ਇਕ ਹਿੰਦੂ ਅਤੇ ਜੀ.ਐੱਸ. ਢਿੱਲੋਂ ਇਕ ਸਿੱਖ ਸੀ। ਇਹ ਦੇਸ਼ ਦੇ ਮੁੱਖ ਧਰਮਾਂ ਦੇ ਇਨਕਲਾਬੀ ਪ੍ਰਤੀਨਿਧ ਸਨ। ਇਹ ਇਕ ਧਰਮ ਨਿਰਪੱਖ ਮੁੱਦਾ ਸੀ। ਇਸ ਪ੍ਰਤੀ ਆਪਣੀ ਹਮਦਰਦੀ ਵਿਖਾ ਕੇ ਕਾਂਗਰਸ ਆਪਣਾ ਧਰਮ ਨਿਰਪੱਖ ਚਰਿੱਤਰ ਸਾਹਮਣੇ ਰੱਖਣ ਚਾਹਣ ਦੇੇ ਨਾਲ-ਨਾਲ ਦੇਸ਼ ਵਿਚ ਧਰਮ ਨਿਰਪੱਖ ਭਾਵਨਾ ਮਜ਼ਬੂਤ ਕਰਨਾ ਚਾਹੁੰਦੀ ਸੀ। ਇਸੇ ਤਰ੍ਹਾਂ ਅਕਾਲੀ ਦਲ ਨੇ ਮਤਾ ਪਾਸ ਕਰ ਕੇ ਬਰਤਾਨਵੀ ਹਿੰਦੋਸਤਾਨ ਸਰਕਾਰ ਨੂੰ ਕਿਹਾ ਸੀ ਕਿ ਆਜ਼ਾਦ ਹਿੰਦ ਫ਼ੌਜ ਦੇ ਕੈਦੀਆਂ ਨੂੰ ਕੋਈ ਸਜ਼ਾ ਨਾ ਦਿੱਤੀ ਜਾਵੇ। ਅਕਾਲੀ ਦਲ ਦੇ ਅਜਿਹਾ ਕਰਨ ਦਾ ਕਾਰਨ ਇਹ ਸੀ ਕਿ ਆਜ਼ਾਦ ਹਿੰਦ ਫ਼ੌਜ ਵਿਚ ਸ਼ਾਮਲ ਜਵਾਨਾਂ ਅਤੇ ਅਫ਼ਸਰਾਂ ਵਿਚ ਵੱਡੀ ਗਿਣਤੀ ਪੰਜਾਬ ਤੋਂ ਸਨ। ਹਿੰਦੂ ਮਹਾਂਸਭਾ ਅਤੇ ਮੁਸਲਿਮ ਲੀਗ ਨੇ ਵੀ ਸਰਕਾਰ ਨੂੰ ਮੁਕੱਦਮਾ ਮੁਲਤਵੀ ਕਰਨ ਲਈ ਕਿਹਾ ਸੀ। ਇਸ ਤਰ੍ਹਾਂ ਸਾਰੇ ਦੇਸ਼ ਵਿਚ ਆਜ਼ਾਦ ਹਿੰਦ ਫ਼ੌਜ ਦੇ ਮੁਕੱਦਮੇ ਪ੍ਰਤੀ ਇਕ ਰਾਏ ਬਣ ਗਈ ਸੀ। ਦੇਸ਼ ਦੀ ਪ੍ਰੈੱਸ ਨੇ ਆਜ਼ਾਦ ਹਿੰਦ ਫ਼ੌਜ ਦੇ ਇਤਿਹਾਸ, ਇਸ ਦੇ ਨੇਤਾਵਾਂ ਦੀਆਂ ਸਰਗਰਮੀਆਂ ਅਤੇ ਮੁਕੱਦਮੇ ਵਿਰੁੱਧ ਅੰਦੋਲਨ ਨੂੰ ਬੜੀ ਬੇਬਾਕੀ ਨਾਲ ਛਾਪਿਆ ਜਿਸ ਦਾ ਦੇਸ਼ ਵਾਸੀਆਂ ਉੱਪਰ ਗਹਿਰਾ ਪ੍ਰਭਾਵ ਪਿਆ।

ਕੋਰਟ ਮਾਰਸ਼ਲ ਨੇ ਇਨ੍ਹਾਂ ਤਿੰਨੇ ਅਫ਼ਸਰਾਂ ਨੂੰ ਦੇਸ਼ ਨਿਕਾਲੇ ਦੀ ਸਜ਼ਾ ਸੁਣਾਈ ਪਰ ਦੇਸ਼ ਵਿਆਪੀ ਅੰਦੋਲਨ ਨੇ ਹਿੰਦੋਸਤਾਨ ਦੇ ਬਰਤਾਨਵੀ ਕਮਾਂਡਰ-ਇਨ-ਚੀਫ ਮਿਸਟਰ ਲੈਕ ਨੂੰ ਇਹ ਉਮਰ ਕੈਦ ਮੁਆਫ਼ ਕਰਨ ਲਈ ਮਜਬੂਰ ਕਰ ਦਿੱਤਾ। ਇਹ ਜਿੱਤ ਹਿੰਦੋਸਤਾਨੀਆਂ ਨੇ ਆਪਣੀ ਸ਼ਕਤੀ ਨਾਲ ਪ੍ਰਾਪਤ ਕੀਤੀ ਸੀ। ਹਾਲਾਂਕਿ ਆਜ਼ਾਦ ਹਿੰਦ ਫ਼ੌਜ ਆਪਣੇ ਉਦੇਸ਼ ਨੂੰ ਉਦੋਂ ਪ੍ਰਾਪਤ ਕਰਨ ਵਿਚ ਅਸਫਲ ਰਹੀ ਸੀ ਪਰ ਇਸ ਨੇ ਸਾਨੂੰ ਬਹੁਤ ਕੁਝ ਦਿੱਤਾ ਜਿਸ ਉਪਰ ਅਸੀਂ ਮਾਣ ਕਰ ਸਕਦੇ ਹਾਂ। ਇਨ੍ਹਾਂ ਵਿਚੋਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨੇ ਭਾਰਤ ਦੇ ਸਾਰੇ ਧਰਮਾਂ ਅਤੇ ਨਸਲਾਂ ਦੇ ਲੋਕਾਂ ਨੂੰ ਇਕ ਝੰਡੇ ਹੇਠ ਇਕੱਠੇ ਕੀਤਾ ਅਤੇ ਉਨ੍ਹਾਂ ਵਿਚ ਫ਼ਿਰਕੂ ਭਾਵਨਾਵਾਂ ਦੀ ਥਾਂ ਏਕਤਾ ਦੀ ਭਾਵਨਾ ਦਾ ਸੰਚਾਰ ਕਰਨ ਦਾ ਅਹਿਮ ਕਾਰਜ ਕੀਤਾ। ਗਾਂਧੀ ਜੀ ਨੇ ਆਜ਼ਾਦ ਹਿੰਦ ਫ਼ੌਜ ਵੱਲੋਂ ਸੰਪਰਦਾਇਕਤਾ ਨੂੰ ਖ਼ਤਮ ਕਰਨ ਦੀ ਗੱਲ ਕਰਦਿਆਂ ਕਿਹਾ ਸੀ ਕਿ “ਇਹ ਇਕ ਗੌਰਵ ਵਾਲੀ ਗੱਲ ਹੈ ਕਿ ਆਜ਼ਾਦ ਹਿੰਦ ਫ਼ੌਜ ਦੇ ਸਾਰੇ ਮੈਂਬਰ ਇਕ ਝੰਡੇ ਹੇਠ ਇਕੱਠੇ ਸਨ। ਆਜ਼ਾਦ ਹਿੰਦ ਫ਼ੌਜ ਨੇ ਏਕਤਾ ਦੀ ਭਾਵਨਾ ਪੂਰੀ ਤਾਕਤ ਨਾਲ ਜਵਾਨਾਂ ਵਿਚ ਭਰੀ ਸੀ। ਇਸ ਉਦਾਹਰਣ ਦੀ ਸਾਨੂੰ ਨਕਲ ਕਰਨੀ ਚਾਹੀਦੀ ਹੈ। ਜੇਕਰ ਉਹ ਲੜਦੇ ਲੜਦੇ ਇਸਨੂੰ ਅਪਣਾ ਸਕਦੇ ਹਨ ਤਾਂ ਇਹ ਸ਼ਾਂਤੀ ਵਿੱਚ ਵੀ ਮੌਜੂਦ ਹੋਣੀ ਚਾਹੀਦੀ ਹੈ।’’ ਅਠਾਰਾਂ ਫਰਵਰੀ 1946 ਨੂੰ ਨਿਊਯਾਰਕ ਟਾਈਮਜ਼ ਵਿਚ ਹੇਅਰ ਮੈਕ ਨੇ ਇਕ ਵਿਸ਼ੇਸ਼ ਲੇਖ ਵਿਚ ਲਿਖਿਆ ਕਿ ਜਿੱਥੇ ਆਜ਼ਾਦ ਹਿੰਦ ਫ਼ੌਜ ਅਤੇ ਇਸ ਦਾ ਮੁਕੱਦਮਾ ਹਿੰਦੋਸਤਾਨੀ ਸੱਤਾ ਤਬਾਦਲੇ ਲਈ ਜ਼ਿੰਮੇਵਾਰ ਘਟਨਾਵਾਂ ਵਿਚੋਂ ਇਕ ਸੀ ਉੱਥੇ ਇਸ ਦੀ ਫ਼ਿਰਕੂ ਸਦਭਾਵਨਾ ਦਾ ਭਾਰਤੀ ਇਤਿਹਾਸ ਉੱਪਰ ਅਨੋਖਾ ਪ੍ਰਭਾਵ ਪਿਆ।

* ਐਸੋਸੀਏਟ ਪ੍ਰੋਫੈਸਰ, ਪਬਲਿਕ ਕਾਲਜ, ਸਮਾਣਾ (ਪਟਿਆਲਾ)

ਸੰਪਰਕ: 98159-76415

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਵਾਸੀਆਂ ਦੀ ਸਾਨੂੰ ਪੂਰੀ ਹਮਾਇਤ: ਭਗਵੰਤ ਮਾਨ

ਪੰਜਾਬ ਵਾਸੀਆਂ ਦੀ ਸਾਨੂੰ ਪੂਰੀ ਹਮਾਇਤ: ਭਗਵੰਤ ਮਾਨ

28 ਹਜ਼ਾਰ ਹੋਰ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਐਲਾਨ

ਅੰਕਿਤਾ ਕਤਲ ਕੇਸ: ਭਾਜਪਾ ਆਗੂ ਦੇ ਪੁੱਤ ਸਣੇ ਤਿੰਨ ਗ੍ਰਿਫ਼ਤਾਰ

ਅੰਕਿਤਾ ਕਤਲ ਕੇਸ: ਭਾਜਪਾ ਆਗੂ ਦੇ ਪੁੱਤ ਸਣੇ ਤਿੰਨ ਗ੍ਰਿਫ਼ਤਾਰ

ਛੇ ਦਿਨ ਮਗਰੋਂ ਨਹਿਰ ’ਚੋਂ ਮਿਲੀ ਲਾਸ਼; ਲੜਕੀ ਨੂੰ ਰਿਜ਼ੌਰਟ ਦੇ ਗਾਹਕਾਂ ...

ਹਿਮਾਚਲ ਦੇ ਵੋਟਰ ਮੁੜ ਭਾਜਪਾ ਦੇ ਹੱਕ ’ਚ: ਮੋਦੀ

ਹਿਮਾਚਲ ਦੇ ਵੋਟਰ ਮੁੜ ਭਾਜਪਾ ਦੇ ਹੱਕ ’ਚ: ਮੋਦੀ

ਮੀਂਹ ਕਾਰਨ ਮੰਡੀ ਰੈਲੀ ’ਚ ਨਹੀਂ ਪਹੁੰਚ ਸਕੇ ਪ੍ਰਧਾਨ ਮੰਤਰੀ; ਵੀਡੀਓ-ਕਾ...

ਅੱਸੂ ਦੀ ਝੜੀ: ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ

ਅੱਸੂ ਦੀ ਝੜੀ: ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ

ਪੰਜਾਬ ’ਚ ਕਈ ਥਾਵਾਂ ’ਤੇ ਫਸਲਾਂ ਵਿਛੀਆਂ; ਝਾੜ ਪ੍ਰਭਾਵਿਤ ਹੋਣ ਦਾ ਖਦਸ਼ਾ

ਸ਼ਹਿਰ

View All