ਡਾ. ਰਣਜੀਤ ਸਿੰਘ
ਇਸ ਵਾਰ ਮੌਸਮ ਬੇਭਰੋਸਗੀ ਦਾ ਚੱਲ ਰਿਹਾ ਹੈ। ਕਦੋਂ ਬੱਦਲ ਆ ਜਾਣ ਕੁਝ ਆਖਿਆ ਨਹੀਂ ਜਾ ਸਕਦਾ। ਜੂਨ ਦੇ ਮਹੀਨੇ ਸਾਉਣੀ ਦੀਆਂ ਮੁੱਖ ਫ਼ਸਲਾਂ ਝੋਨੇ ਦੀ ਲੁਆਈ ਤੇ ਮੱਕੀ ਦੀ ਬਿਜਾਈ ਪੂਰੀ ਕਰਨੀ ਹੈ। ਇਸੇ ਦੇ ਨਾਲ ਹੀ ਹਰੇ-ਚਾਰੇ ਲਈ ਲਈ ਵੀ ਫ਼ਸਲਾਂ ਦੀ ਬਿਜਾਈ ਕਰਨੀ ਹੁੰਦੀ ਹੈ। ਜੇ ਕੁਝ ਵਿਹਲ ਮਿਲ ਸਕੇ ਤਾਂ ਗਰਮੀਆਂ ਦੀਆਂ ਸਬਜ਼ੀਆਂ ਦੀ ਦੂਜੀ ਫ਼ਸਲੀ ਬਿਜਾਈ ਵੀ ਇਸੇ ਮਹੀਨੇ ਕੀਤੀ ਜਾ ਸਕਦੀ ਹੈ। ਪੰਜਾਬ ਵਿਚ ਝੋਨਾ ਹੁਣ ਸਾਉਣੀ ਦੀ ਮੁੱਖ ਫ਼ਸਲ ਬਣ ਗਿਆ ਹੈ। ਇਸ ਦੀ ਲੁਆਈ ਹਾੜ੍ਹ ਦੀ ਸੰਗਰਾਂਦ ਪਿੱਛੋਂ ਸ਼ੁਰੂ ਕਰਨੀ ਚਾਹੀਦੀ ਹੈ। ਅਗੇਤੀ ਲੁਆਈ ਲਈ ਵਧੇਰੇ ਪਾਣੀ ਦੀ ਲੋੜ ਪੈਂਦੀ ਹੈ। ਉਨ੍ਹਾਂ ਕਿਸਮਾਂ ਦੀ ਲੁਆਈ ਕਰੋ ਜਿਹੜੀਆਂ ਪੱਕਣ ਵਿਚ ਘੱਟ ਸਮਾਂ ਲੈਂਦੀਆਂ ਹਨ। ਪੀ.ਆਰ. 127, ਪੀ.ਆਰ. 124, ਪੀ.ਆਰ. 121 ਦੀ ਕਾਸ਼ਤ ਕਰੋ। ਯੂਨੀਵਰਸਿਟੀ ਵੱਲੋਂ ਪਿਛਲੇ ਸਾਲ ਇਕ ਨਵੀਂ ਕਿਸਮ ਪੀ.ਆਰ. 126 ਕਾਸ਼ਤ ਲਈ ਜਾਰੀ ਕੀਤੀ ਗਈ ਸੀ ਜਿਹੜੀ ਪੱਕਣ ਲਈ ਲੁਆਈ ਪਿੱਛੋਂ ਕੇਵਲ 93 ਦਿਨ ਲੈਂਦੀ ਹੈ ਪਰ ਝਾੜ 30 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਦਿੰਦੀ ਹੈ। ਇਸ ਦੀ ਪਨੀਰੀ ਬੀਜਣ ਅਤੇ ਲੁਆਈ ਦੇ ਸਮੇਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ।
ਜੇ ਹੋ ਸਕੇ ਤਾਂ ਲੇਜ਼ਰ ਕਰਾਹੇ ਨਾਲ ਜ਼ਮੀਨ ਨੂੰ ਪੱਧਰਾ ਕਰੋ ਤੇ ਵੱਟਾਂ ਮਜ਼ਬੂਤ ਕਰੋ। ਕਿਆਰੇ ਛੋਟੇ ਬਣਾਉ। ਪਨੀਰੀ ਜਦੋਂ 30 ਦਿਨ ਦੀ ਹੋ ਜਾਵੇ ਤਾਂ ਪੁੱਟ ਕੇ ਖੇਤ ਵਿਚ ਲਗਾਈ ਜਾ ਸਕਦੀ ਹੈ। ਪਨੀਰੀ ਪੁੱਟਣ ਤੋਂ ਪਹਿਲਾਂ ਖੇਤ ਨੂੰ ਪਾਣੀ ਦੇਵੋ ਤਾਂ ਜੋ ਪਨੀਰੀ ਸਹਿਜ ਨਾਲ ਪੁੱਟੀ ਜਾਵੇ। ਪਨੀਰੀ ਪੁੱਟ ਕੇ ਜੜ੍ਹਾਂ ਨੂੰ ਪਾਣੀ ਵਿੱਚ ਧੋਵੋ। ਪਨੀਰੀ ਲਗਾਉਂਦੇ ਸਮੇਂ ਲਾਈਨਾਂ ਵਿਚਕਾਰ 20 ਅਤੇ ਬੂਟਿਆਂ ਵਿਚਕਾਰ ਫ਼ਾਸਲਾ 15 ਸੈਂਟੀਮੀਟਰ ਰੱਖੋ। ਇੱਕ ਥਾਂ ਦੋ ਬੂਟੇ ਲਗਾਏ ਜਾਣ। ਇਕ ਵਰਗ ਮੀਟਰ ਥਾਂ ਵਿੱਚ ਘੱਟੋ-ਘੱਟ 33 ਬੂਟੇ ਜ਼ਰੂਰ ਲਗਾਏ ਜਾਣ। ਬੂਟੇ ਨੂੰ ਗਾਰੇ ਵਿਚ ਚੰਗੀ ਤਰ੍ਹਾਂ ਗੱਡਣਾ ਚਾਹੀਦਾ ਹੈ। ਪੀ.ਆਰ. 129 ਅਤੇ ਪੀ.ਆਰ. 126 ਦੀ ਪਨੀਰੀ 25-30 ਦਿਨਾਂ ਦੀ ਹੀ ਲਗਾਵੋ। ਇਹ ਵੱਡੀ ਨਹੀਂ ਹੋਣ ਦੇਣੀ ਚਾਹੀਦੀ ਹੈ। ਝੋਨਾ ਲਗਾਉਣ ਤੋਂ ਪਿੱਛੋਂ 15 ਦਿਨ ਖੇਤ ਵਿਚ ਪਾਣੀ ਖੜ੍ਹਾ ਰੱਖਣਾ ਜ਼ਰੂਰੀ ਹੈ। ਇਸ ਪਿੱਛੋਂ ਪਾਣੀ ਉਦੋਂ ਲਗਾਵੋ ਜਦੋਂ ਪਾਣੀ ਸੁੱਕੇ ਨੂੰ ਦੋ ਦਿਨ ਹੋ ਗਏ ਹੋਣ। ਪਨੀਰੀ ਲਗਾਉਣ ਪਿੱਛੋਂ ਪੈਡੀ ਵੀਡਰ ਨਾਲ ਇੱਕ ਗੋਡੀ ਜ਼ਰੂਰ ਕਰੋ ਜਾਂ ਹੱਥਾਂ ਨਾਲ ਨਦੀਨਾਂ ਨੂੰ ਪੁੱਟਿਆ ਜਾ ਸਕਦਾ ਹੈ। ਜੇ ਨਦੀਨ ਵੱਧ ਹੋਣ ਤਾਂ ਢੁੱਕਵੀਆਂ ਨਦੀਨਨਾਸ਼ਕ ਜ਼ਹਿਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਝੋਨੇ ਦੀ ਲੁਆਈ ਸਮੇਂ 25 ਕਿਲੋ ਯੂਰੀਆ ਪਾਇਆ ਜਾਵੇ। ਮੁੜ ਫ਼ਸਲ ਦੀ ਲੋੜ ਅਨੁਸਾਰ ਖਾਦ ਪਾਈ ਜਾ ਸਕਦੀ ਹੈ। ਲੋੜ ਤੋਂ ਵੱਧ ਖਾਦ ਨਹੀਂ ਪਾਉਣੀ ਚਾਹੀਦੀ। ਜੇ ਕਣਕ ਨੂੰ ਫਾਸਫੋਰਸ ਵਾਲੀ ਖਾਦ ਪਾਈ ਗਈ ਹੈ ਤਾਂ ਝੋਨੇ ਨੂੰ ਹੋਰ ਪਾਉਣ ਦੀ ਲੋੜ ਨਹੀਂ ਹੈ। ਝੋਨੇ ਲਈ ਜੀਵਾਣੂ ਖਾਦ ਵੀ ਤਿਆਰ ਕੀਤੀ ਗਈ ਹੈ। ਇੱਕ ਏਕੜ ਦੀ ਪਨੀਰੀ ਦੀਆਂ ਜੜ੍ਹਾਂ ਨੂੰ ਇਕ ਪੈਕੇਟ ਸਪੀਰੀਅਮ ਦੇ ਘੋਲ ਵਿਚ 45 ਮਿੰਟ ਡੋਬ ਕੇ ਰੱਖੋ ਤੇ ਪਿੱਛੋਂ ਖੇਤ ਵਿਚ ਲਗਾ ਦੇਵੋ।
ਜੇ ਚਾਰੇ ਦੀ ਬਿਜਾਈ ਨਹੀਂ ਕੀਤੀ ਤਾਂ ਹੁਣ ਕਰ ਲਵੋ। ਮੱਕੀ, ਚਰ੍ਹੀ ਤੇ ਬਾਜਰਾ ਸਾਉਣੀ ਦੇ ਮੁੱਖ ਚਾਰੇ ਹਨ। ਜੇ ਇਨ੍ਹਾਂ ਵਿਚ ਰਵਾਂਹ ਰਲਾ ਕੇ ਬੀਜ ਦਿੱਤੇ ਜਾਣ ਤਾਂ ਚਾਰਾ ਵਧੇਰੇ ਪੌਸ਼ਟਿਕ ਹੋ ਜਾਂਦਾ ਹੈ। ਮੱਕੀ ਦੀ ਜੇ 1007, ਜੇ 1006 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਦਾ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਜੇ ਇਸ ਦਾ ਬੀਜ ਨਾ ਮਿਲੇ ਤਾਂ ਪ੍ਰਭਾਤ ਜਾਂ ਕੇਸਰੀ ਨੂੰ ਵੀ ਬੀਜਿਆ ਜਾ ਸਕਦਾ ਹੈ। ਇਕ ਏਕੜ ਵਿਚ 30 ਕਿਲੋ ਬੀਜ ਪਾਵੋ। ਐਸ.ਐਲ 46 ਅਤੇ ਐਸ ਐਲ 45 ਚਰ੍ਹੀ (ਜੁਆਰ) ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਸ ਦਾ ਇਕ ਏਕੜ ਵਿਚ 25 ਕਿਲੋ ਬੀਜ ਪਾਵੋ। ਪੀ ਸੀ ਬੀ 166, ਪੀ ਸੀ ਬੀ 165, ਪੀ ਸੀ ਬੀ 164 ਅਤੇ ਐਫ ਬੀ ਸੀ 16 ਬਾਜਰੇ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਸ ਦਾ ਅੱਠ ਕਿਲੋ ਬੀਜ ਪ੍ਰਤੀ ਏਕੜ ਪਾਵੋ। ਬੀਜ ਨੂੰ ਤਿੰਨ ਗ੍ਰਾਮ ਐਗਰੋਜ਼ਿਮ 50 ਡਬਲਯੂ.ਪੀ ਅਤੇ ਤਿੰਨ ਗ੍ਰਾਮ ਥੀਰਮ ਪ੍ਰਤੀ ਕਿਲੋ ਬੀਜ ਨਾਲ ਸੋਧ ਲੈਣਾ ਚਾਹੀਦਾ ਹੈ। ਸਾਰੀਆਂ ਫ਼ਸਲਾਂ ਨੂੰ ਖੇਤ ਤਿਆਰ ਕਰਨ ਤੋਂ ਪਹਿਲਾਂ ਜੇ ਹੋ ਸਕੇ ਤਾਂ ਰੂੜੀ ਦੀ ਖਾਦ ਜ਼ਰੂਰ ਪਾਈ ਜਾਵੇ।
ਇਸ ਵਰ੍ਹੇ ਨੂੰ ਕੌਮਾਂਤਰੀ ਮੋਟੇ ਅਨਾਜਾਂ ਦੇ ਵਰ੍ਹੇ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ। ਪੰਜਾਬ ਵਿਚ ਕੁਝ ਰਕਬੇ ਵਿੱਚ ਬਾਜਰੇ ਦੀ ਅਨਾਜ ਲਈ ਬਿਜਾਈ ਕਰਨੀ ਚਾਹੀਦੀ ਹੈ। ਮਾਲਵੇ ਦੇ ਰੇਤਲੇ ਇਲਾਕਿਆਂ ਵਿਚ ਕਦੇ ਬਾਜਰੇ ਦੀ ਖੇਤੀ ਹੁੰਦੀ ਸੀ ਅਤੇ ਲੋਕ ਬਾਜਰੇ ਦੀ ਰੋਟੀ ਖਾਂਦੇ ਸਨ। ਬਾਜਰੇ ਦੀ ਕਿਸਮ ਪੀ ਸੀ ਬੀ 166 ਨੂੰ ਦਾਣਿਆਂ ਲਈ ਬੀਜਿਆ ਜਾ ਸਕਦਾ ਹੈ। ਇਸ ਤੋਂ 16 ਕੁਇੰਟਲ ਪ੍ਰਤੀ ਏਕੜ ਦਾਣੇ ਪ੍ਰਾਪਤ ਹੋ ਜਾਂਦੇ ਹਨ। ਇਹ ਕਿਸਮ ਪੱਕਣ ਲਈ 124 ਦਿਨ ਲੈਂਦੀ ਹੈ। ਇਕ ਏਕੜ ਲਈ ਡੇਢ ਕਿਲੋ ਬੀਜ ਚਾਹੀਦਾ ਹੈ। ਸਰਕਾਰ ਵਲੋਂ ਇਸ ਕਿਸਮ ਦੇ ਬੀਜ ਦਾ ਪ੍ਰਬੰਧ ਕਰਨਾ ਚਾਹੀਦਾ ਹੈ।