ਸੈਰ ਸਫ਼ਰ

ਸਤਲੁਜ ਘਾਟੀ ਦੀਆਂ ਮਨਮੋਹਕ ਥਾਵਾਂ

ਸਤਲੁਜ ਘਾਟੀ ਦੀਆਂ ਮਨਮੋਹਕ ਥਾਵਾਂ

ਅਸ਼ਵਨੀ ਕੁਮਾਰ ਪੰਡੋਰੀ

ਅਸ਼ਵਨੀ ਕੁਮਾਰ ਪੰਡੋਰੀ

ਹਿਮਾਚਲ ਪ੍ਰਦੇਸ਼ ਵਿਚ ਰਮਣੀਕ ਥਾਵਾਂ ਦੀ ਕੋਈ ਕਮੀ ਨਹੀਂ ਹੈ। ਅਸੀਂ ਵੀ ਗਾਹੇ-ਬਗਾਹੇ ਰੁਝੇਵਿਆਂ ’ਚੋਂ ਵਕਤ ਕੱਢ ਕੇ ਆਪਣਾ ਘੁੰਮਣ ਦਾ ਸ਼ੌਕ ਪੁਗਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਵਾਰ ਦੇਖੀਆਂ ਥਾਵਾਂ ਨੇ ਮਨ ਖ਼ੁਸ਼ ਕਰ ਦਿੱਤਾ। ਕੁਝ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ।

ਰੋਗੀ: ਕਿਨੌਰ ਜ਼ਿਲ੍ਹੇ ਦਾ ਇਹ ਪਿੰਡ ਬਾਕੀ ਪਿੰਡਾਂ ਨਾਲੋਂ ਥੋੜ੍ਹਾ ਜਿਹਾ ਅੱਡਰਾ ਨਜ਼ਰ ਆਉਂਦਾ ਹੈ। ਕਲਪਾ ਤੋਂ 8 ਕਿਲੋਮੀਟਰ ਦੂਰੀ ’ਤੇ ਵੱਸਿਆ ਇਹ ਪਿੰਡ ਬਹੁਤ ਖ਼ੂਬਸੂਰਤ ਹੈ। ਵੰਨ-ਸੁਵੰਨੇ ਫੁੱਲਾਂ ਅਤੇ ਫ਼ਲਾਂ ਨਾਲ ਲੱਦੇ ਇਸ ਦੇ ਪੌੜੀਨੁਮਾ ਖੇਤ ਮਨ ਨੂੰ ਸ਼ਾਂਤ ਕਰ ਦਿੰਦੇ ਹਨ। ਇਸ ਪਿੰਡ ਨੂੰ ਜਾਂਦੇ ਰਾਹ ਵਿਚ ਇਕ ਖ਼ੂਬਸੂਰਤ ਢਲਾਣ ਹੈ ਜਿਸ ਨੂੰ ਸੁਸਾਇਡ ਪੁਆਇੰਟ ਕਹਿੰਦੇ ਹਨ। ਇਹ ਸਿੱਧੀ ਢਲਾਣ ਤਕਰੀਬਨ 200-250 ਮੀਟਰ ਹੈ। ਇੱਥੇ ਅਕਸਰ ਪ੍ਰੇਮੀ ਜੋੜੇ ਜਾਂ ਨਵੇਂ ਵਿਆਹੇ ਜੋੜੇ ਹੀ ਜ਼ਿਆਦਾ ਰੁਕਦੇ ਹਨ। ਆਮ ਵਿਅਕਤੀ ਤਾਂ ਇਸ ਦੀ ਨਿਵਾਣ ਦੇਖ ਕੇ ਡਰ ਨਾਲ ਕੰਬਣ ਲੱਗਦਾ ਹੈ। ਇਹ ਪੁਆਇੰਟ ਪਿੰਡ ਤੋਂ ਪੌਣਾ ਕਿਲੋਮੀਟਰ ਪਹਿਲਾਂ ਆਉਂਦਾ ਹੈ। ਇਸ ਨੂੰ ਪਾਰ ਕਰਦਿਆਂ ਹੀ ਹਰਿਆਲੀ ਭਰਪੂਰ ਪਿੰਡ ਦਿਖਾਈ ਦੇਣ ਲੱਗਦਾ ਹੈ। ਇਸ ਪਿੰਡ ਦਾ ਜ਼ਿਆਦਾ ਹਿੱਸਾ ਢਲਾਣ ਵਾਲੇ ਪਾਸੇ ਨੂੰ ਹੈ। ਢਲਾਣ ’ਤੇ ਹੋਣ ਕਾਰਨ ਪਿੰਡ ਦੀਆਂ ਗਲੀਆਂ ਪੌੜ੍ਹੀਆਂ ਵਾਂਗ ਤਿਆਰ ਕੀਤੀਆਂ ਹੋਈਆਂ ਹਨ। ਪਾਣੀ ਦੀ ਤਿੱਖੀ ਕੂਲ੍ਹ ਪਿੰਡ ਵਿਚੋਂ ਛਾਲਾਂ ਮਾਰਦੀ ਪੌੜੀਆਂ ਦੇ ਨਾਲ ਨਾਲ ਲੰਘਦੀ ਹੈ।

ਛੋਟੇ-ਛੋਟੇ ਮੰਦਿਰਾਂ ਦੇ ਸਮੂਹ ਤੋਂ ਇਲਾਵਾ ਇਕ ਵੱਡਾ ਮੰਦਿਰ ਵੀ ਹੈ। ਉੱਚੇ ਉੱਚੇ ਦੇਵਦਾਰ ਦੇ ਦਰੱਖਤ ਪਿੰਡ ਦੀ ਖ਼ੂਬਸੂਰਤੀ ’ਚ ਵਾਧਾ ਕਰਦੇ ਹਨ। ਸੇਬਾਂ ਦੇ ਬਾਗ਼ਾਂ ਵਿਚਕਾਰ ਘਿਰੇ ਇਸ ਪਿੰਡ ਦੀ ਸੁੰਦਰਤਾ ਦੇਖਿਆਂ ਹੀ ਬਣਦੀ ਹੈ। ਮਿੱਟੀ, ਪੱਥਰ ਅਤੇ ਲੱਕੜ ਦੇ ਸੁਮੇਲ ਨਾਲ ਬਣੇ ਘਰ ਵਾਤਾਵਰਣ ਪੱਖੀ ਹਨ। ਇਸ ਪਿੰਡ ਦੇ ਲੋਕ ਕਾਫ਼ੀ ਮਿਲਣਸਾਰ ਹਨ। ਖ਼ੁਸ਼ੀ-ਖ਼ੁਸ਼ੀ ਆਪਣੇ ਪਿੰਡ ਨੂੰ ਦਿਖਾਉਣ ਲਈ ਤਿਆਰ ਹੋ ਜਾਂਦੇ ਹਨ। ਆਪਣੀਆਂ ਬਹੁਤ ਥੋੜ੍ਹੀਆਂ ਖ਼ਾਹਿਸ਼ਾਂ ਨਾਲ ਜ਼ਿੰਦਗੀ ਬਸਰ ਕਰਨ ਵਾਲੇ ਇਹ ਲੋਕ ਸੰਤੁਸ਼ਟ ਤੇ ਖ਼ੁਸ਼ ਨਜ਼ਰ ਆਉਂਦੇ ਹਨ। ਰੋਗੀ ਪਿੰਡ ਦੀ ਢਲਾਣ ਤੋਂ ਬਿਲਕੁਲ ਹੇਠਲੇ ਪਾਸੇ ਸਤਲੁਜ ਘੁੰਮਦਾ ਹੋਇਆ, ਸ਼ੋਰ ਮਚਾਉਂਦਾ ਹੋਇਆ, ਸੱਪ ਦੀ ਲੀਕ ਵਾਂਗ ਨਜ਼ਰ ਆੳਂਦਾ ਹੈ। ਰੋਗੀ ਪਿੰਡ ਦੀ ਖ਼ੂਬਸੂਰਤੀ ਮਾਣਨ ਲਈ ਪਿੰਡ ਵਿਚ ਇੱਕ ਥਾਂ ’ਤੇ ਖਲੋ ਕੇ ਦੇਖਣ ਨਾਲੋਂ ਪੈਦਲ ਚੱਲ ਕੇ ਜ਼ਿਆਦਾ ਮਜ਼ਾ ਆਉਂਦਾ ਹੈ।

ਸੈਲਾਨੀ ਆਉਣ ਨਾਲ ਪਿੰਡ ਦੇ ਲੋਕਾਂ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲਿਆ ਹੈ। ਇੱਥੇ ਹੁਣ ਖਾਣ-ਪੀਣ ਅਤੇ ਸਜਾਵਟ ਦੀਆਂ ਕੁਝ ਦੁਕਾਨਾਂ ਤੋਂ ਇਲਾਵਾ ਇਕ ਛੋਟਾ ਜਿਹਾ ਢਾਬਾਨੁਮਾ ਰੈਸਤਰਾਂ ਅਤੇ ਠਹਿਰਣ ਲਈ ਲਾਜ ਵੀ ਤਿਆਰ ਹੋ ਗਿਆ ਹੈ। ਰਾਤ ਰਹਿਣ ਲਈ ਕਮਰੇ ਮਿਲ ਜਾਂਦੇ ਹਨ। ਜੇਕਰ ਤੁਸੀਂ ਇੱਥੇ ਨਾਸ਼ਤਾ ਜਾਂ ਦੁਪਹਿਰ ਦਾ ਭੋਜਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਦੱਸਣਾ ਪੈਂਦਾ ਹੈ। ਥੋੜ੍ਹੇ ਹੀ ਸਮੇਂ ਵਿਚ ਤੁਹਾਨੂੰ ਗਰਮ ਅਤੇ ਤਾਜ਼ਾ ਖਾਣਾ ਤਿਆਰ ਮਿਲ ਸਕਦਾ ਹੈ। ਆਮ ਤੌਰ ’ਤੇ ਲੋਕ ‘ਕਲਪਾ’ ਵਿਚ ਸੇਬਾਂ ਨਾਲ ਲੱਦੇ ਗੈਸਟ ਹਾਊਸਾਂ ਵਿਚ ਹੀ ਰੁਕਣਾ ਪਸੰਦ ਕਰਦੇ ਹਨ ਕਿਉਂਕਿ ਇੱਥੋਂ ਕਿੰਨਰ ਕੈਲਾਸ਼ ਦਾ ਨਜ਼ਾਰਾ ਮੰਤਰ ਮੁਗਧ ਕਰਦਾ ਹੈ।

ਮਈ ਜੂਨ ਵਿਚ ਮੌਸਮ 26-27 ਡਿਗਰੀ ਤੱਕ ਟਿਕ ਜਾਂਦਾ ਹੈ। ਮੀਂਹ ਵੀ ਪੈਂਦਾ ਰਹਿੰਦਾ ਹੈ। ਰਾਤ ਸਮੇਂ ਕੰਬਲ ਜਾਂ ਹਲਕੀ ਰਜਾਈ ਲੈਣੀ ਪੈਂਦੀ ਹੈ। ਗਰਮੀ ’ਚੋਂ ਆਏ ਲੋਕਾਂ ਨੂੰ ਠੰਢ ਦਾ ਅਹਿਸਾਸ ਰੋਮਾਂਚਿਤ ਕਰ ਦਿੰਦਾ ਹੈ।

ਕਿੰਨਰ ਕੈਲਾਸ਼ ਪਰਬਤ (ਉੱਪਰ) ਅਤੇ ਕਲਪਾ ਦਾ ਖ਼ੂਬਸੂਰਤ ਦ੍ਰਿਸ਼।

ਪਿੰਡ ਦਾ ਨਾਂ ਬੇਸ਼ਕ ਰੋਗੀ ਹੈ, ਪਰ ਲੋਕ ਤੰਦਰੁਸਤ ਅਤੇ ਖ਼ੁਸ਼ ਨਜ਼ਰ ਆਉਂਦੇ ਹਨ। ਹਿੰਦੂ ਅਤੇ ਬੁੱਧ ਧਰਮ ਨੂੰ ਮੰਨਣ ਵਾਲੇ ਲੋਕ ਆਪਸ ਵਿਚ ਰਲ ਮਿਲ ਕੇ ਰਹਿੰਦੇ ਹਨ। ਘੁੰਮਣ ਫਿਰਨ ਦੇ ਸ਼ੌਕੀਨ ਲੋਕਾਂ ਲਈ ਇਹ ਇਕ ਵਧੀਆ ਸੈਲਾਨੀ ਸਥਲ ਹੈ। ਤੁਸੀਂ ਪਿੰਡ ਦੇ ਨਾਲ ਨਾਲ ਥੱਲੇ ਦਰਿਆ ਤੱਕ ਟ੍ਰੈਕਿੰਗ ਵੀ ਕਰ ਸਕਦੇ ਹੋ। ਰਿਕਾਂਗਪਿਓ ਤੋਂ ਟੈਕਸੀ ਵਾਲੇ ਅਕਸਰ ਇਸ ਪਿੰਡ ਅਤੇ ਨਾਲ ਪੈਂਦੇ ਸੁਸਾਇਡ ਪੁਆਇੰਟ ਨੂੰ ਆਪਣੀਆਂ ਦਿਖਾਉਣ ਵਾਲੀਆਂ ਥਾਵਾਂ ਵਿਚ ਸ਼ਾਮਿਲ ਕਰ ਲੈਂਦੇ ਹਨ। ਅਸੀਂ ਇੱਥੇ ਤੜਕੇ ਹੀ ਪੁੱਜ ਗਏ ਸੀ। ਰਸਤਾ ਡਰਾਉਣਾ, ਪਰ ਰੁਮਾਂਚਕ ਹੈ। ਇਕ ਪਾਸੇ ਬਹੁਤ ਡੂੰਘੀ ਖਾਈ ਤੇ ਦੂਜੇ ਪਾਸੇ ਉੱੱਚੀਆਂ ਬਰਫ਼ ਨਾਲ ਚਮਕਦੀਆਂ ਪਰਬਤ ਚੋਟੀਆਂ ਹਨ। ਰਸਤਾ ਮਸਾਂ ਇਕ ਗੱਡੀ ਲੰਘਣ ਜੋਗਾ ਹੈ। ਥੱਲੇ ਦੇਖਦੇ ਡਰ ਲੱਗਦਾ ਹੈ।

ਕਿਨੌਰ: ਇਸ ਜ਼ਿਲ੍ਹੇ ਦਾ ਹੈੱਡਕੁਆਰਟਰ ਰਿਕਾਂਗਪਿਓ ਕੌਮੀ ਸ਼ਾਹਰਾਹ-5 ਤੋਂ ਥੋੜ੍ਹਾ ਜਿਹਾ ਉੱਪਰ ਵੱਲ ਨੂੰ ਪੈਂਦਾ ਹੈ। ਸ਼ਿਮਲੇ ਤੋਂ ਇਸ ਦੀ ਦੂਰੀ ਤਕਰੀਬਨ 230-235 ਕਿਲੋਮੀਟਰ ਹੈ। ਇਸ ਨੂੰ ਸਪਿਤੀ ਘਾਟੀ ਦਾ ਪ੍ਰਵੇਸ਼ ਦੁਆਰ ਵੀ ਆਖਿਆ ਜਾਂਦਾ ਹੈ। ਇੱਥੋਂ ਹੀ ਵਿਦੇਸ਼ੀਆਂ ਨੂੰ ਲਾਹੌਲ ਸਪਿਤੀ ਘਾਟੀ ’ਚ ਜਾਣ ਵਾਸਤੇ ਪਰਮਿਟ ਲੈਣਾ ਪੈਂਦਾ ਹੈ। ਦੱਸਿਆ ਜਾਂਦਾ ਹੈ ਕਿ ਪਹਿਲਾਂ ਵਿਦੇਸ਼ੀ ਸੈਲਾਨੀਆਂ ਨੂੰ ਇਸ ਤੋਂ ਅੱਗੇ ਜਾਣ ਦੀ ਮਨਾਹੀ ਸੀ, ਪਰ ਹੁਣ ਸਰਕਾਰ ਨੇ ਪਰਮਿਟ ਦੀ ਸਹੂਲਤ ਮੁਹੱਈਆ ਕਰਵਾ ਦਿੱਤੀ ਹੈ। ਸਤਲੁਜ ਦਰਿਆ ਦੇ ਨਾਲ ਨਾਲ ਇਹ ਸੜਕ ਪੂਹ ਤੋਂ ਹੁੰਦਿਆਂ ਸਮਦੋ ਤੋਂ ਸਪਿਤੀ ਘਾਟੀ ਵਿਚ ਦਾਖ਼ਲ ਹੁੰਦੀ ਹੈ। ਰਿਕਾਂਗਪਿਓ ਵਿਖੇ ਸੌ ਸਾਲ ਪੁਰਾਣਾ ਬੋਧੀ ਮੱਠ ਦੇਖਣ ਯੋਗ ਹੈ। ਇੱਥੋਂ ਦੇ ਚਿਲਗੋਜ਼ੇ ਬਹੁਤ ਮਸ਼ਹੂਰ ਹਨ। ਦੇਸੀ ਵਿਦੇਸ਼ੀ ਸੈਲਾਨੀਆਂ ਦੇ ਆਉਣ ਨਾਲ ਕਾਫ਼ੀ ਚਹਿਲ-ਪਹਿਲ ਦੇਖਣ ਨੂੰ ਮਿਲਦੀ ਹੈ। ਇਸੇ ਕਰਕੇ ਨੌਜਵਾਨਾਂ ਦੇ ਪਹਿਰਾਵੇ ਵਿਚ ਆਧੁਨਿਕਤਾ ਝਲਕਦੀ ਹੈ। ਇੱਥੋਂ ਕਲਪਾ ਦੀ ਦੂਰੀ ਛੇ-ਸੱਤ ਕਿਲੋਮੀਟਰ ਹੈ, ਪਰ ਪਤਾ ਹੀ ਲੱਗਦਾ ਕਿ ਤੁਸੀਂ ਦੇਵਦਾਰ ਦੇ ਉੱਚੇ ਦਰਖਤਾਂ ’ਚੋਂ ਲੰਘਦਿਆਂ ਕਦੋਂ ਕਲਪਾ ਪਹੁੰਚ ਜਾਂਦੇ ਹੋ।

ਕਲਪਾ: ਇਹ ਖ਼ੂਬਸੂਰਤ ਪਿੰਡਨੁਮਾ ਕਸਬਾ ਹੈ। ਇਹ ਕੌਮੀ ਸ਼ਾਹਰਾਹ- 5 ਤੋਂ ਸੱਤ ਅੱਠ ਕਿਲੋਮੀਟਰ ਉਚਾਈ ’ਤੇ ਸਥਿਤ ਹੈ। ਵਨਵੇਅ ਰਸਤਾ ਸੇਬਾਂ ਅਤੇ ਹੋਰ ਫ਼ਲਾਂ ਨਾਲ ਲੱਦੇ ਰੁੱਖਾਂ ਵਾਲਾ ਹੈ। ਬਰਫ਼ ਲੱਦੀਆਂ ਉੱਚੀਆਂ ਚੋਟੀਆਂ ਮਨ ਨੂੰ ਝੂਮਣ ਲਾ ਦਿੰਦੀਆਂ ਹਨ। ਇੱਥੋਂ ਹੀ ਸ਼ਾਮ ਨੂੰ ਤੁਸੀਂ ਕਿੰਨਰ ਕੈਲਾਸ਼ ਪਰਬਤ ਦਾ ਨਜ਼ਾਰਾ ਮਾਣ ਸਕਦੇ ਹੋ। ਇੱਥੇ ਰਹਿਣ ਲਈ ਛੋਟੇ-ਵੱਡੇ ਹੋਟਲ ਮਿਲ ਜਾਂਦੇ ਹਨ। ਕਲਪਾ ਵਿਖੇ ਬੁੱਧ ਧਰਮ ਨਾਲ ਸਬੰਧਿਤ ਮੰਦਿਰ ਤਿੱਬਤੀਅਨ ਨਿਰਮਾਣ ਸ਼ੈਲੀ ਦਾ ਨਮੂਨਾ ਹੈ। ਕਲਪਾ ਤੋਂ ਪੰਜ ਕਿਲੋੋਮੀਟਰ ਪਿੱਛੇ ਨੂੰ ਕੋਠੀ ਨਾਮਕ ਥਾਂ ’ਤੇ ਮਾਂ ਚੰਦਿਕਾ ਦੇਵੀ ਦਾ ਮੰਦਿਰ ਕੁਦਰਤ ਦੀ ਗੋਦ ਵਿਚ ਬਣਿਆ ਜਾਪਦਾ ਹੈ ਜਿੱਥੋਂ ਕਿੰਨਰ ਕੈਲਾਸ਼ ਦੇ ਦਰਸ਼ਨਾਂ ਦਾ ਨਜ਼ਾਰਾ ਮਨ ਨੂੰ ਮੋਹ ਲੈਂਦਾ ਹੈ। ਕਲਪਾ ਅਤੇ ਇਸ ਦੇ ਆਲੇ-ਦੁਆਲੇ ਸੇਬਾਂ ਅਤੇ ਖੁਰਮਾਨੀ ਤੋਂ ਇਲਾਵਾ ਨਿਉਜ਼ੇ ਦੇ ਬਾਗ਼ਾਂ ਦੀ ਭਰਮਾਰ ਹੈ। ਕਲਪਾ ਬਹੁਤ ਖ਼ੂਬਸੂਰਤ ਥਾਂ ਹੈ। ਸਰਦੀਆਂ ਵਿਚ ਇਹ ਇਲਾਕਾ ਪੰਜ ਫੁੱਟ ਤੱਕ ਬਰਫ਼ ਨਾਲ ਢਕਿਆ ਜਾਂਦਾ ਹੈ। ਇਹ ਲੋਕ ਗਰਮੀਆਂ ਵਿਚ ਵੀ ਸਰਦੀ ਲਈ ਲੋੜੀਂਦੀਆਂ ਵਸਤਾਂ ਦਾ ਇੰਤਜ਼ਾਮ ਕਰਦੇ ਰਹਿੰਦੇ ਹਨ। ਇਨ੍ਹਾਂ ਦੇ ਘਰਾਂ ਵਿਚ ਪਸ਼ੂਆਂ ਅਤੇ ਘਰੇਲੂ ਜ਼ਰੂਰੀ ਵਸਤਾਂ ਲਈ ਅਲੱਗ ਅਲੱਗ ਸਟੋਰ ਜ਼ਰੂਰ ਹੁੰਦੇ ਹਨ ਜਿੱਥੇ ਇਹ ਲੱਕੜਾਂ, ਅਨਾਜ, ਪਸ਼ੂਆਂ ਲਈ ਸੁੱਕਾ ਚਾਰਾ ਆਦਿ ਦਾ ਸਟਾਕ ਜਮ੍ਹਾਂ ਰੱਖਦੇ ਹਨ। ਇੱਥੋਂ ਦੇ ਪੌੜੀਨੁਮਾ ਖੇਤਾਂ ਵਿਚ ਕਣਕ, ਜੌਂ, ਮਟਰ, ਟਮਾਟਰ ਤੇ ਕਿਤੇ-ਕਿਤੇ ਫੁੱਲ ਗੋਭੀ ਦੀ ਫ਼ਸਲ ਦੀ ਪੈਦਾਵਾਰ ਹੁੰਦੀ ਹੈ।

ਕਲਪਾ ਦੇ ਆਲੇ-ਦੁਆਲੇ ਚੱਖ, ਸਪਨੀ ਫੋਰਟ, ਬਸਤੇਰੀ ਪਿੰਡ ਅਤੇ ਕਿੰਨਰ ਕੈਲਾਸ਼ ਦੇਖਣ ਯੋਗ ਥਾਵਾਂ ਹਨ। ਕਿੰਨਰ ਕੈਲਾਸ਼ ਦਾ ਬੇਸ ‘ਪਵਾਰੀ’ ਪਿੰਡ ਤੋਂ ਸ਼ੁਰੂ ਹੁੰਦਾ ਹੈ। ਕੈਲਾਸ਼ ਪਰਬਤ (ਜਿਸ ਦੀ ਉਚਾਈ 20 ਹਜ਼ਾਰ ਫੁੱਟ ਦੇ ਕਰੀਬ ਦੱਸੀ ਜਾਂਦੀ ਹੈ) ਦੀ ਉੱਚੀ ਚੋਟੀ ’ਤੇ ਸੁਸ਼ੋਭਤ ਸ਼ਿਵਲਿੰਗ ਦੀ ਪੂਜਾ ਲਈ ਲੋਕ ਪਵਾਰੀ ਬੇਸ ਤੋਂ ਹੀ ਯਾਤਰਾ ਸ਼ੁਰੂ ਕਰਦੇ ਹਨ। ਇਹ ਯਾਤਰਾ ਬੜੇ ਦੁਰਗਮ ਰਸਤਿਆਂ ਤੋਂ ਹੋ ਕੇ ਜਾਂਦੀ ਹੈ। ਜੁਲਾਈ ਅਗਸਤ ਵਿਚ ਇਹ ਯਾਤਰਾ ਬਹੁਤ ਥੋੜ੍ਹੇ ਦਿਨਾਂ ਲਈ ਖੁੱਲ੍ਹਦੀ ਹੈ। ਸਥਾਨਕ ਲੋਕ ਆਪਣੀ ਜ਼ਿੰਦਗੀ ਵਿਚ ਇਕ ਵਾਰ ਇਹ ਯਾਤਰਾ ਜ਼ਰੂਰ ਪੂਰੀ ਕਰਨ ਦੀ ਤਮੰਨਾ ਰੱਖਦੇ ਹਨ। ਹਰ ਬਾਸ਼ਿੰਦਾ ਇਕ ਮਾਨਤਾ ਤਹਿਤ ਇਹ ਯਾਤਰਾ ਇਕ ਵਾਰ ਜ਼ਰੂਰ ਪੂਰੀ ਕਰਦਾ ਹੈ। ਦੋ ਤੋਂ ਤਿੰਨ ਦਿਨਾਂ ਵਿਚ ਪੂਰੀ ਹੋਣ ਵਾਲੀ ਇਹ ਯਾਤਰਾ ਕਾਫ਼ੀ ਕਠਿਨ ਹੈ। ਖਾਣ-ਪੀਣ ਦੇ ਸਾਮਾਨ ਤੋਂ ਇਲਾਵਾ ਠੰਢ ਆਦਿ ਤੋਂ ਬਚਣ ਲਈ ਵੀ ਸਾਮਾਨ ਨਾਲ ਲਿਜਾਣਾ ਪੈਂਦਾ ਹੈ। ਰਸਤੇ ਵਿਚ ਬਣੀਆਂ ਕੁਦਰਤੀ ਗੁਫ਼ਾਵਾਂ ਵਿਚ ਪੜਾਅ ਕਰਨਾ ਪੈਂਦਾ ਹੈ। ਕਈ ਯਾਤਰੀ ਕਿੰਨਰ ਕੈਲਾਸ਼ ਪਰਬਤ ਦਾ ਚੱਕਰ ਵੀ ਪੂਰਾ ਕਰਦੇ ਹਨ ਜਿਸ ਨੂੰ ਪੂਰਾ ਕਰਨ ਲਈ ਕਈ ਦਿਨ ਲੱਗ ਜਾਂਦੇ ਹਨ। ਇਹ ਚੱਕਰ ਸਾਂਗਲਾ ਵੈਲੀ ਦੁਆਲੇ ਤੋਂ ਹੋ ਕੇ ਫਿਰ ਸਤਲੁਜ ਵੈਲੀ ਨਾਲ ਪੂਰਾ ਹੁੰਦਾ ਹੈ।

ਇਹ ਵੀ ਮਾਨਤਾ ਹੈ ਕਿ ਜਿਸ ਚੱਟਾਨ ’ਤੇ ਸ਼ਿਵਲਿੰਗ ਦਿਖਾਈ ਦਿੰਦਾ ਹੈ ਉਹ ਦਿਨ ਵਿਚ ਕਈ ਵਾਰ ਆਪਣਾ ਰੰਗ ਬਦਲਦੀ ਹੈ।

ਸਮੇਂ ਦੀ ਘਾਟ ਕਾਰਨ ਅਸੀਂ ਕਈ ਥਾਵਾਂ ਦਾ ਮੋਹ ਛੱਡ ਕੇ ਅਗਲੇ ਪੰਧ ਦੀ ਵਿਉਂਤ ਬਣਾ ਕੇ ਕਲਪਾ ਵੈਲੀ ਚੋਂ ਨਿਕਲਣਾ ਮੁਨਾਸਿਬ ਸਮਝਿਆ।

ਸੰਪਰਕ: 94179-48146

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All