DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਪਰਮਾਣੂ ਬੰਬ ਅਤੇ ਕਿਆਮਤ

ਜਦੋਂ 6 ਅਗਸਤ 1945 ਨੂੰ ਐਲਬਰਟ ਆਈਨਸਟਾਈਨ ਨੂੰ ਹੀਰੋਸ਼ੀਮਾ ਉੱਤੇ ਪਰਮਾਣੂ ਬੰਬ ਸੁੱਟੇ ਜਾਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਦੇ ਮੂੰਹੋਂ ਨਿਕਲਿਆ, ‘‘ਹਾਏ ਰੱਬਾ!’’ ਇਹ ਕਿਸੇ ਵਿਗਿਆਨੀ ਨੂੰ ਹੋਇਆ ਦੁੱਖ ਨਹੀਂ ਸੀ ਸਗੋਂ ਉਸ ਮਨੁੱਖ ਦਾ ਪਛਤਾਵਾ ਸੀ, ਜਿਸ ਨੇ...

  • fb
  • twitter
  • whatsapp
  • whatsapp
Advertisement

ਜਦੋਂ 6 ਅਗਸਤ 1945 ਨੂੰ ਐਲਬਰਟ ਆਈਨਸਟਾਈਨ ਨੂੰ ਹੀਰੋਸ਼ੀਮਾ ਉੱਤੇ ਪਰਮਾਣੂ ਬੰਬ ਸੁੱਟੇ ਜਾਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਦੇ ਮੂੰਹੋਂ ਨਿਕਲਿਆ, ‘‘ਹਾਏ ਰੱਬਾ!’’ ਇਹ ਕਿਸੇ ਵਿਗਿਆਨੀ ਨੂੰ ਹੋਇਆ ਦੁੱਖ ਨਹੀਂ ਸੀ ਸਗੋਂ ਉਸ ਮਨੁੱਖ ਦਾ ਪਛਤਾਵਾ ਸੀ, ਜਿਸ ਨੇ ਅਣਜਾਣਪੁਣੇ ’ਚ ਮਨੁੱਖੀ ਇਤਿਹਾਸ ਦੀ ਸਭ ਤੋਂ ਭਿਆਨਕ ਤਬਾਹੀ ਨੂੰ ਜਨਮ ਦੇਣ ਵਾਲੀ ਤਕਨਾਲੋਜੀ ਵਿਕਸਿਤ ਕਰਨ ਵਿੱਚ ਭੂਮਿਕਾ ਨਿਭਾਈ।

ਅਗਸਤ 1945 ਵਿੱਚ ਦੂਜੀ ਆਲਮੀ ਜੰਗ ਦੇ ਆਖ਼ਰੀ ਦਿਨਾਂ ਦੌਰਾਨ ਅਮਰੀਕਾ ਨੇ 6 ਅਗਸਤ ਨੂੰ ਹੀਰੋਸ਼ੀਮਾ ਅਤੇ 9 ਅਗਸਤ ਨੂੰ ਨਾਗਾਸਾਕੀ ਉੱਤੇ ਪਰਮਾਣੂ ਬੰਬ ਸੁੱਟੇ। ਜਾਪਾਨ ਦੇ ਇਹ ਦੋਵੇਂ ਸ਼ਹਿਰ ਕੁਝ ਹੀ ਪਲਾਂ ਵਿੱਚ ਤਬਾਹ ਹੋ ਗਏ ਤੇ ਇੱਕ ਲੱਖ ਤੋਂ ਵੱਧ ਲੋਕ ਮੌਕੇ ’ਤੇ ਹੀ ਮਾਰੇ ਗਏ ਜਦੋਂਕਿ ਆਉਣ ਵਾਲੇ ਸਾਲਾਂ ਦੌਰਾਨ ਇਸ ਤੋਂ ਕਈ ਗੁਣਾ ਵੱਧ ਲੋਕ ਬੰਬ ਦੀ ਰੇਡੀਏਸ਼ਨ ਕਾਰਨ ਕੈਂਸਰ, ਲਿਊਕੀਮੀਆ ਅਤੇ ਹੋਰ ਕਈ ਘਾਤਕ ਬਿਮਾਰੀਆਂ ਨਾਲ ਮਾਰੇ ਗਏ। ਇਨ੍ਹਾਂ ਹਮਲਿਆਂ ਵਿੱਚ ਹੀਰੋਸ਼ੀਮਾ ਦਾ ਲਗਪਗ ਦੋ-ਤਿਹਾਈ ਅਤੇ ਨਾਗਾਸਾਕੀ ਦਾ ਤਕਰੀਬਨ ਅੱਧਾ ਹਿੱਸਾ ਤਬਾਹ ਹੋ ਗਿਆ। ਇਸ ਤਬਾਹੀ ਨੇ ਜਾਪਾਨੀ ਸਮਰਾਟ ਹੀਰੋਹੀਤੋ ਨੂੰ 15 ਅਗਸਤ 1945 ਨੂੰ ਬਿਨਾਂ ਸ਼ਰਤ ਆਤਮ-ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ। ਜੰਗ ਭਾਵੇਂ ਖ਼ਤਮ ਹੋ ਗਈ, ਪਰ ਮਨੁੱਖਤਾ, ਨੈਤਿਕਤਾ ਅਤੇ ਵਿਗਿਆਨ ਨੂੰ ਕਈ ਡੂੰਘੇ ਸਵਾਲਾਂ ਨੇ ਆ ਘੇਰਿਆ।

Advertisement

ਸੰਨ 1939 ਵਿੱਚ ਭੌਤਿਕ ਵਿਗਿਆਨੀ ਲੀਓ ਸਿਲਾਰਡ ਨੇ ਨਾਜ਼ੀ ਜਰਮਨੀ ਵੱਲੋਂ ਪਰਮਾਣੂ ਹਥਿਆਰ ਬਣਾਏ ਜਾਣ ਦੇ ਖ਼ਤਰੇ ਦੇ ਮੱਦੇਨਜ਼ਰ ਰਾਸ਼ਟਰਪਤੀ ਫਰੈਂਕਲਿਨ ਡੀ. ਰੂਜ਼ਵੈਲਟ ਨੂੰ ਖ਼ਤ ਭੇਜਣ ਦਾ ਸੁਝਾਅ ਦਿੱਤਾ। ਹੋਰਾਂ ਦੇ ਨਾਲ-ਨਾਲ ਆਈਨਸਟਾਈਨ ਨੇ ਵੀ ਇਸ ’ਤੇ ਦਸਤਖ਼ਤ ਕੀਤੇ। ਇਸੇ ਖ਼ਤ ਦੇ ਨਤੀਜੇ ਵਜੋਂ ਅਮਰੀਕਾ ਦਾ ਗੁਪਤ ‘ਮੈਨਹੈੱਟਨ ਪ੍ਰੋਜੈਕਟ’ ਸ਼ੁਰੂ ਹੋਇਆ। ਜਿਉਂ ਹੀ 16 ਜੁਲਾਈ 1945 ਨੂੰ ਪਹਿਲਾ ਪਰਮਾਣੂ ਟੈਸਟ ਸਫ਼ਲ ਹੋਇਆ, ਸਿਲਾਰਡ ਸਮੇਤ ਕਈ ਵਿਗਿਆਨੀਆਂ ਨੂੰ ਅਹਿਸਾਸ ਹੋ ਗਿਆ ਕਿ ਇਹ ਹਥਿਆਰ ਮਨੁੱਖਤਾ ਲਈ ਕਿੰਨਾ ਵੱਡਾ ਖ਼ਤਰਾ ਬਣ ਸਕਦਾ ਹੈ। ਅਗਲੇ ਦਿਨ 17 ਜੁਲਾਈ ਨੂੰ ਸਿਲਾਰਡ ਨੇ 70 ਵਿਗਿਆਨੀਆਂ ਦੇ ਦਸਤਖ਼ਤਾਂ ਨਾਲ ਇੱਕ ਅਪੀਲ ਤਿਆਰ ਕੀਤੀ, ਜਿਸ ਨੂੰ ਅੱਜ ‘ਲੀਓ ਸਿਲਾਰਡ ਪਟੀਸ਼ਨ’ ਕਿਹਾ ਜਾਂਦਾ ਹੈ। ਇਸ ਵਿੱਚ ਅਮਰੀਕੀ ਰਾਸ਼ਟਰਪਤੀ ਹੈਰੀ ਟਰੂਮੈਨ ਨੂੰ ਅਪੀਲ ਕੀਤੀ ਗਈ ਕਿ ਜਾਪਾਨ ਨੂੰ ਪਹਿਲਾਂ ਆਤਮ-ਸਮਰਪਣ ਦਾ ਮੌਕਾ ਦਿੱਤਾ ਜਾਵੇ ਅਤੇ ਪਰਮਾਣੂ ਬੰਬ ਨੂੰ ਨਾਗਰਿਕਾਂ ਉੱਤੇ ਵਰਤਣ ਤੋਂ ਬਚਿਆ ਜਾਵੇ। ਆਈਨਸਟਾਈਨ ਵੀ ਇਸ ਵਿਚਾਰ ਨਾਲ ਸਹਿਮਤ ਸੀ ਜਦੋਂਕਿ ਮੈਨਹੈੱਟਨ ਪ੍ਰੋਜੈਕਟ ਦੇ ਵਿਗਿਆਨਕ ਨਿਰਦੇਸ਼ਕ ਜੇ. ਰੌਬਰਟ ਓਪਨਹਾਈਮਰ ਨੇ ਇਸ ’ਤੇ ਦਸਤਖ਼ਤ ਨਹੀਂ ਕੀਤੇ।

Advertisement

ਬਦਕਿਸਮਤੀ ਨਾਲ ਇਹ ਅਪੀਲ ਰਾਸ਼ਟਰਪਤੀ ਟਰੂਮੈਨ ਤੱਕ ਪਹੁੰਚਣ ਹੀ ਨਾ ਦਿੱਤੀ ਗਈ। ਮੈਨਹੈੱਟਨ ਪ੍ਰੋਜੈਕਟ ਦੇ ਫ਼ੌਜੀ ਮੁਖੀ ਜਨਰਲ ਲੈਸਲੀ ਗਰੋਵਜ਼ ਨੇ ਇਸ ਨੂੰ ਗੁਪਤ ਫਾਈਲਾਂ ਵਿੱਚ ਦਬਾ ਦਿੱਤਾ। ਕੁਝ ਦਿਨਾਂ ਬਾਅਦ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਬੰਬ ਸੁੱਟ ਦਿੱਤੇ ਗਏ। ਮਗਰੋਂ ਇਹ ਪਟੀਸ਼ਨ 1961 ਵਿੱਚ ਜਨਤਕ ਹੋਈ। ਬੰਬ ਧਮਾਕਿਆਂ ਮਗਰੋਂ ਆਈਨਸਟਾਈਨ ਨੇ ਮੰਨਿਆ ਕਿ ਰੂਜ਼ਵੈਲਟ ਨੂੰ 1939 ਵਿੱਚ ਚਿੱਠੀ ਲਿਖਣਾ ਉਨ੍ਹਾਂ ਦੇ ਜੀਵਨ ਦੀ ਸਭ ਤੋਂ ਵੱਡੀ ਗ਼ਲਤੀ ਸੀ। ਉਨ੍ਹਾਂ ਕਿਹਾ, ‘‘ਜੇ ਮੈਨੂੰ ਪਤਾ ਹੁੰਦਾ ਕਿ ਜਰਮਨੀ ਕਦੇ ਪਰਮਾਣੂ ਬੰਬ ਨਹੀਂ ਬਣਾ ਸਕੇਗਾ ਤਾਂ ਮੈਂ ਕਦੇ ਵੀ ਉਸ ਚਿੱਠੀ ’ਤੇ ਦਸਤਖ਼ਤ ਨਾ ਕਰਦਾ।’’ ਲੀਓ ਸਿਲਾਰਡ ਵੀ ਇਸ ਕਾਰਨ ਗਹਿਰੇ ਸਦਮੇ ਵਿੱਚ ਸੀ ਕਿ ਉਸ ਦੇ ਯੋਗਦਾਨ ਵਾਲੀ ਵਿਗਿਆਨਕ ਖੋਜ ਦੀ ਵਰਤੋਂ ਲੱਖਾਂ ਬੇਗੁਨਾਹ ਲੋਕਾਂ ਨੂੰ ਮਾਰਨ ਲਈ ਕੀਤੀ ਗਈ।

ਹੀਰੋਸ਼ੀਮਾ ਅਤੇ ਨਾਗਾਸਾਕੀ ਦੀ ਤਬਾਹੀ ਤੋਂ ਫੌਰੀ ਬਾਅਦ ਮੈਨਹੈੱਟਨ ਪ੍ਰੋਜੈਕਟ ਨਾਲ ਜੁੜੇ ਸੈਂਕੜੇ ਵਿਗਿਆਨੀਆਂ ਨੇ ਮਹਿਸੂਸ ਕੀਤਾ ਕਿ ਜਿਸ ਸ਼ਕਤੀ ਨੂੰ ਉਨ੍ਹਾਂ ਨੇ ਜਨਮ ਦਿੱਤਾ ਹੈ, ਹੁਣ ਉਸ ਨੂੰ ਕਾਬੂ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਇਸੇ ਮਕਸਦ ਨਾਲ ਉਨ੍ਹਾਂ ਨੇ ਕਈ ਸੰਸਥਾਵਾਂ ਬਣਾਈਆਂ ਅਤੇ ਜਨਤਕ ਜਾਗਰੂਕਤਾ ਮੁਹਿੰਮਾਂ ਵਿੱਢੀਆਂ। ਇਨ੍ਹਾਂ ਵਿੱਚੋਂ ‘Bulletin of the Atomic Scientists’ ਸਭ ਤੋਂ ਪ੍ਰਭਾਵਸ਼ਾਲੀ ਰਸਾਲਿਆਂ ਵਿੱਚੋਂ ਇੱਕ ਸੀ, ਜਿਸ ਨੇ 1947 ਵਿੱਚ ‘ਡੂਮਜ਼ਡੇਅ ਕਲੌਕ’ (ਕਿਆਮਤ ਦੀ ਘੜੀ) ਦੀ ਸ਼ੁਰੂਆਤ ਕੀਤੀ। ਇਸ ਘੜੀ ਦੀਆਂ ਸੂਈਆਂ ਦਰਸਾਉਂਦੀਆਂ ਹਨ ਕਿ ਮਨੁੱਖੀ ਸੱਭਿਅਤਾ ਸਵੈ-ਵਿਨਾਸ਼ ਤੋਂ ਕਿੰਨੀ ਨੇੜੇ ਜਾਂ ਦੂਰ ਹੈ। ਜਦੋਂ ਇਹ ਘੜੀ ਪਹਿਲੀ ਵਾਰ ਜਾਰੀ ਕੀਤੀ ਗਈ ਤਾਂ ਇਸ ਨੂੰ ਅੱਧੀ ਰਾਤ ਤੋਂ ਸੱਤ ਮਿੰਟ ਪਹਿਲਾਂ ਰੱਖਿਆ ਗਿਆ ਸੀ।

ਸਿਲਾਰਡ ਅਤੇ ਉਸ ਦੇ ਸਾਥੀਆਂ ਦੇ ਤੌਖ਼ਲੇ ਛੇਤੀ ਹੀ ਸੱਚ ਸਾਬਿਤ ਹੋਏ। ਦੂਜੀ ਆਲਮੀ ਜੰਗ ਮਗਰੋਂ ਅਮਰੀਕਾ ਅਤੇ ਸੋਵੀਅਤ ਸੰਘ ਵਿਚਕਾਰ ਪਰਮਾਣੂ ਹਥਿਆਰਾਂ ਦੀ ਦੌੜ ਸ਼ੁਰੂ ਹੋ ਗਈ। ਫਿਰ ਬਰਤਾਨੀਆ, ਫਰਾਂਸ, ਚੀਨ, ਭਾਰਤ, ਪਾਕਿਸਤਾਨ, ਉੱਤਰੀ ਕੋਰੀਆ ਅਤੇ ਇਜ਼ਰਾਈਲ ਵਰਗੇ ਦੇਸ਼ ਵੀ ਪਰਮਾਣੂ ਸ਼ਕਤੀਆਂ ਬਣ ਗਏ। ਅੱਜ ਦੁਨੀਆ ਵਿੱਚ ਲਗਪਗ 12,000 ਤੋਂ ਵੱਧ ਪਰਮਾਣੂ ਹਥਿਆਰ ਮੌਜੂਦ ਹਨ, ਜਿਨ੍ਹਾਂ ਵਿੱਚੋਂ ਤਕਰੀਬਨ 90 ਫ਼ੀਸਦੀ ਰੂਸ ਅਤੇ ਅਮਰੀਕਾ ਕੋਲ ਹਨ। ਭਾਵੇਂ ਸ਼ੀਤ ਜੰਗ ਦੇ ਦੌਰ ਦੇ ਮੁਕਾਬਲੇ ਇਹ ਗਿਣਤੀ ਘਟੀ ਹੈ, ਪਰ ਅੱਜ ਇਹ ਹਥਿਆਰ 1945 ਦੇ ਬੰਬਾਂ ਨਾਲੋਂ ਹਜ਼ਾਰਾਂ ਗੁਣਾ ਵੱਧ ਵਿਨਾਸ਼ਕਾਰੀ ਹਨ ਅਤੇ ਧਰਤੀ ਉੱਤੇ ਜੀਵਨ ਨੂੰ ਕਈ ਵਾਰ ਖ਼ਤਮ ਕਰਨ ਦੀ ਸਮਰੱਥਾ ਰੱਖਦੇ ਹਨ।

ਡੂਮਜ਼ ਡੇਅ ਕਲੌਕ ਦੀਆਂ ਸੂਈਆਂ ਹਰ ਸਾਲ ਵਿਸ਼ਵ ਦੀ ਸੁਰੱਖਿਆ ਸਥਿਤੀ ਦੇ ਆਧਾਰ ’ਤੇ ਬਦਲੀਆਂ ਜਾਂਦੀਆਂ ਹਨ। ਜਨਵਰੀ 2026 ਵਿੱਚ ਵਿਗਿਆਨੀਆਂ ਨੇ ਇਸ ਨੂੰ ਅੱਧੀ ਰਾਤ ਤੋਂ ਸਿਰਫ਼ 85 ਸਕਿੰਟ ਪਹਿਲਾਂ ਰੱਖਿਆ, ਜੋ ਇਤਿਹਾਸ ਦੀ ਸਭ ਤੋਂ ਖ਼ਤਰਨਾਕ ਸਥਿਤੀ ਹੈ। ਇਸ ਦੇ ਮੁੱਖ ਕਾਰਨਾਂ ਵਿੱਚ ਵਧਦੇ ਪਰਮਾਣੂ ਤਣਾਅ, ਜਲਵਾਯੂ ਪਰਿਵਰਤਨ ਅਤੇ ਮਸਨੂਈ ਬੁੱਧੀ ਵਰਗੀਆਂ ਨਵੀਆਂ ਤਕਨੀਕਾਂ ਦਾ ਫ਼ੌਜੀਕਰਨ ਸ਼ਾਮਿਲ ਹੈ।

ਇਸ ਕਹਾਣੀ ਦਾ ਇੱਕ ਹੋਰ ਪੱਖ ਵੀ ਹੈ। ਜੰਗ ਤੋਂ ਬਾਅਦ ਪਰਮਾਣੂ ਹਥਿਆਰਾਂ ਦਾ ਵਿਰੋਧ ਕਰਨ ਵਾਲੇ ਵਿਗਿਆਨੀ ਵੀ ਸਰਕਾਰੀ ਸ਼ੱਕ ਅਤੇ ਦਬਾਅ ਦਾ ਸ਼ਿਕਾਰ ਬਣੇ। ਲੀਓ ਸਿਲਾਰਡ ਅਤੇ ਐਲਬਰਟ ਆਈਨਸਟਾਈਨ ਦੀਆਂ ਗਤੀਵਿਧੀਆਂ ’ਤੇ ਅਮਰੀਕੀ ਖ਼ੁਫ਼ੀਆ ਏਜੰਸੀਆਂ ਨੇ ਲੰਮੇ ਸਮੇਂ ਤੱਕ ਨਿਗਰਾਨੀ ਰੱਖੀ। ਉਨ੍ਹਾਂ ਦੇ ਫੋਨ ਟੈਪ ਕੀਤੇ ਗਏ, ਚਿੱਠੀਆਂ ਪੜ੍ਹੀਆਂ ਗਈਆਂ ਅਤੇ ਉਨ੍ਹਾਂ ਨੂੰ ਕਈ ਵਾਰ ‘ਕਮਿਊਨਿਸਟ ਹਮਦਰਦ’ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਆਈਨਸਟਾਈਨ ਬਾਰੇ ਤਾਂ ਹਜ਼ਾਰਾਂ ਪੰਨਿਆਂ ਦੀ ਗੁਪਤ ਫਾਈਲ ਤਿਆਰ ਕੀਤੀ ਗਈ।

ਜੇ. ਰੌਬਰਟ ਓਪਨਹਾਈਮਰ ਦੀ ਕਹਾਣੀ ਵੀ ਘੱਟ ਦੁਖਦਾਈ ਨਹੀਂ। ਉਸ ਨੇ ਸਿਲਾਰਡ ਦੀ ਪਟੀਸ਼ਨ ’ਤੇ ਦਸਤਖ਼ਤ ਨਹੀਂ ਸਨ ਕੀਤੇ। ਉਹ ਮੈਨਹੈੱਟਨ ਪ੍ਰੋਜੈਕਟ ਦਾ ਵਿਗਿਆਨਕ ਮੁਖੀ ਸੀ, ਪਰ ਹੀਰੋਸ਼ੀਮਾ ਅਤੇ ਨਾਗਾਸਾਕੀ ਦੀ ਤਬਾਹੀ ਨੇ ਉਸ ਨੂੰ ਵੀ ਅੰਦਰੋਂ ਝੰਜੋੜ ਦਿੱਤਾ। ਇਸ ਲਈ ਉਸ ਨੇ ਵਧੇਰੇ ਸ਼ਕਤੀਸ਼ਾਲੀ ਹਾਈਡਰੋਜਨ ਬੰਬ ਦੇ ਵਿਕਾਸ ਦਾ ਵਿਰੋਧ ਕੀਤਾ। ਸਿੱਟੇ ਵਜੋਂ 1954 ਵਿੱਚ ਝੂਠੇ ਦੋਸ਼ ਲਗਾ ਕੇ ਉਸ ਦਾ ਸਰਕਾਰੀ ਰੁਤਬਾ ਅਤੇ ਕਰੀਅਰ ਲਗਪਗ ਖ਼ਤਮ ਕਰ ਦਿੱਤਾ ਗਿਆ।

ਹੀਰੋਸ਼ੀਮਾ ਅਤੇ ਨਾਗਾਸਾਕੀ ਦਾ ਇਤਿਹਾਸ ਸਿਰਫ਼ ਜੰਗ ਦੀ ਕਹਾਣੀ ਨਹੀਂ ਸਗੋਂ ਵਿਗਿਆਨ, ਸਿਆਸਤ ਅਤੇ ਨੈਤਿਕਤਾ ਦੇ ਟਕਰਾਅ ਦੀ ਕਹਾਣੀ ਵੀ ਹੈ। ਪਰਮਾਣੂ ਬੰਬ ਬਣਾਉਣ ਵਾਲੇ ਕਈ ਪ੍ਰਮੁੱਖ ਵਿਗਿਆਨੀਆਂ ਨੇ ਸਮਝ ਲਿਆ ਸੀ ਕਿ ਵਿਗਿਆਨ ਮਨੁੱਖੀ ਭਲਾਈ ਲਈ ਹੈ, ਨਾ ਕਿ ਸਮੂਹਿਕ ਵਿਨਾਸ਼ ਲਈ, ਪਰ ਉਨ੍ਹਾਂ ਦੀ ਅਪੀਲ ਨੂੰ ਅਣਸੁਣਿਆ ਕਰ ਦਿੱਤਾ ਗਿਆ। ਇਤਿਹਾਸ ਨੇ ਸਾਬਿਤ ਕੀਤਾ ਕਿ ਉਨ੍ਹਾਂ ਦੀਆਂ ਚਿਤਾਵਨੀਆਂ ਬੇਬੁਨਿਆਦ ਨਹੀਂ ਸਨ।

ਅੱਜ ਅੱਠ ਦਹਾਕਿਆਂ ਬਾਅਦ ਵੀ ਦੁਨੀਆ ਉਸੇ ਸਵਾਲ ਨਾਲ ਜੂਝ ਰਹੀ ਹੈ: ਕੀ ਮਨੁੱਖ ਆਪਣੀ ਵਿਗਿਆਨਕ ਤਾਕਤ ਨੂੰ ਆਪਣੇ ਹੀ ਵਿਨਾਸ਼ ਦਾ ਸਾਧਨ ਬਣਾਏਗਾ ਜਾਂ ਉਸ ਨੂੰ ਮਨੁੱਖਤਾ ਦੀ ਭਲਾਈ ਲਈ ਵਰਤੇਗਾ?

*ਉਪ-ਮੁੱਖ ਇੰਜੀਨੀਅਰ (ਰਿਟਾ.) ਪੀ ਐੱਸ ਪੀ ਸੀ ਐੱਲ।

ਸੰਪਰਕ: 94174-28643

Advertisement
×