DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਰਾਸ਼ਟਰ ਨਿਰਮਾਣ ਨੂੰ ਸਮਰਪਿਤ ਇੱਕ ਮਹਾਨ ਹਸਤੀ ਅਸ਼ੋਕ ਸਿੰਘਲ

ਇੱਕ ਬਹੁਤ ਅਨਮੋਲ ਕਥਨ ਹੈ: “ਵਰਿਕਸ਼ ਕਬਹੂੰ ਨਹੀਂ ਫਲ ਭਖੈ, ਨਦੀ ਨ ਸੰਚੈ ਨੀਰ। ਪਰਮਾਰਥ ਕੇ ਕਾਰਨੇ, ਸਾਧੁਨ ਧਰਾ ਸਰੀਰ।” ਇਸ ਦਾ ਅਰਥ ਹੈ ਕਿ ਰੁੱਖ ਕਦੇ ਆਪਣੇ ਫ਼ਲ ਖੁਦ ਨਹੀਂ ਖਾਂਦਾ, ਨਦੀ ਆਪਣਾ ਪਾਣੀ ਆਪਣੇ ਕੋਲ ਨਹੀਂ ਰੱਖਦੀ। ਇਸੇ...

  • fb
  • twitter
  • whatsapp
  • whatsapp
Advertisement
ਇੱਕ ਬਹੁਤ ਅਨਮੋਲ ਕਥਨ ਹੈ: “ਵਰਿਕਸ਼ ਕਬਹੂੰ ਨਹੀਂ ਫਲ ਭਖੈ, ਨਦੀ ਨ ਸੰਚੈ ਨੀਰ। ਪਰਮਾਰਥ ਕੇ ਕਾਰਨੇ, ਸਾਧੁਨ ਧਰਾ ਸਰੀਰ।” ਇਸ ਦਾ ਅਰਥ ਹੈ ਕਿ ਰੁੱਖ ਕਦੇ ਆਪਣੇ ਫ਼ਲ ਖੁਦ ਨਹੀਂ ਖਾਂਦਾ, ਨਦੀ ਆਪਣਾ ਪਾਣੀ ਆਪਣੇ ਕੋਲ ਨਹੀਂ ਰੱਖਦੀ। ਇਸੇ ਤਰ੍ਹਾਂ ਸੰਤ ਸੁਭਾਅ ਵਾਲੇ ਲੋਕ ਵੀ ਆਪਣੇ ਆਪ ਨੂੰ ਪਹਿਲ ਨਹੀਂ ਦਿੰਦੇ, ਸਗੋਂ ਹਮੇਸ਼ਾ ਦੂਜਿਆਂ ਦੀ ਸੇਵਾ ਲਈ ਤਤਪਰ ਰਹਿੰਦੇ ਹਨ ਅਤੇ ਆਪਣਾ ਜੀਵਨ ਲੋਕ-ਭਲਾਈ ਲਈ ਸਮਰਪਿਤ ਕਰ ਦਿੰਦੇ ਹਨ। ਸਦੀਆਂ ਤੋਂ ਸਾਡੇ ਰਿਸ਼ੀਆਂ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਜੀਵਨ ਦਾ ਮਹੱਤਵ ਵਿਅਕਤੀਗਤ ਪ੍ਰਾਪਤੀਆਂ ਨਾਲੋਂ ਕਿਤੇ ਵੱਧ ਹੁੰਦਾ ਹੈ। ਅਸ਼ੋਕ ਸਿੰਘਲ ਦਾ ਜੀਵਨ ਇਸ ਭਾਵਨਾ ਦੀ ਇੱਕ ਮਿਸਾਲ ਹੈ। ਅੱਜ 27 ਸਤੰਬਰ ਤੋਂ ਅਸੀਂ ਸਵਰਗੀ ਅਸ਼ੋਕ ਸਿੰਘਲ ਜੀ ਦਾ ਜਨਮ-ਸ਼ਤਾਬਦੀ ਵਰ੍ਹਾ ਮਨਾਵਾਂਗੇ। ਇਹ ਇੱਕ ਮਹਾਨ ਹਸਤੀ ਦੇ ਸਨਮਾਨ ਦਾ ਮੌਕਾ ਹੈ। ਇਹ ਮੇਰੇ ਲਈ ਸੁਭਾਗ ਦੀ ਗੱਲ ਹੈ ਕਿ ਮੈਨੂੰ ਸਵਰਗੀ ਅਸ਼ੋਕ ਹੋਰਾਂ ਨਾਲ ਲੰਮੇ ਸਮੇਂ ਤੱਕ ਕੰਮ ਕਰਨ, ਉਨ੍ਹਾਂ ਤੋਂ ਸਿੱਖਣ, ਉਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਮੈਨੂੰ 1981 ਦਾ ਇੱਕ ਪ੍ਰਸੰਗ ਯਾਦ ਹੈ। ਉਸ ਸਮੇਂ ਮੈਂ ਇੱਕ ਨੌਜਵਾਨ ਕਾਰਕੁਨ ਦੇ ਰੂਪ ਵਿੱਚ ਸੰਗਠਨ ਵੱਲੋਂ ਮਿਲੀਆਂ ਜ਼ਿੰਮੇਵਾਰੀਆਂ ਨਿਭਾਅ ਰਿਹਾ ਸੀ। ਉਦੋਂ ਮੈਨੂੰ ਅਸ਼ੋਕ ਜੀ ਦੀ ਹੱਥ ਲਿਖੀ ਇੱਕ ਚਿੱਠੀ ਮਿਲੀ। ਉਨ੍ਹਾਂ ਨੇ ਚਿੱਠੀ ਵਿੱਚ ਆਉਣ ਵਾਲੇ ਇੱਕ ਮਹੱਤਵਪੂਰਨ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਮੈਨੂੰ ਕੁਝ ਜ਼ਿੰਮੇਵਾਰੀਆਂ ਸੌਂਪੀਆਂ ਸਨ। ਉਸ ਸਮੇਂ ਅਸ਼ੋਕ ਸਿੰਘਲ ਹੋਰਾਂ ਤੋਂ ਚਿੱਠੀ ਹਾਸਲ ਕਰਨਾ ਮੇਰੇ ਲਈ ਬਹੁਤ ਖ਼ਾਸ ਅਤੇ ਯਾਦਗਾਰੀ ਸੀ।ਮੈਂ ਉਨ੍ਹਾਂ ਨੂੰ ਕਈ ਦਹਾਕਿਆਂ ਤੱਕ ਦਿਨ-ਰਾਤ ਕੰਮ ਕਰਦੇ ਦੇਖਿਆ। ਗੁਜਰਾਤ ਦੇ ਆਦਿਵਾਸੀ ਖੇਤਰਾਂ ਵਿੱਚ ਜਾਣਾ ਉਨ੍ਹਾਂ ਨੂੰ ਖ਼ਾਸ ਤੌਰ ’ਤੇ ਪਸੰਦ ਸੀ। ਉਹ ਲਗਾਤਾਰ ਇਸ ਗੱਲ ’ਤੇ ਚਿੰਤਨ ਕਰਦੇ ਰਹਿੰਦੇ ਸਨ ਕਿ ਸਮਾਜ ਦੇ ਪਿੱਛੜੇ ਅਤੇ ਅੰਤਿਮ ਕਤਾਰ ਵਿੱਚ ਖੜ੍ਹੇ ਲੋਕਾਂ ਲਈ ਹੋਰ ਕੀ ਕੀਤਾ ਜਾ ਸਕਦਾ ਹੈ। ਸਾਲ 2001 ਵਿੱਚ ਕੱਛ ਵਿੱਚ ਆਏ ਭੂਚਾਲ ਤੋਂ ਬਾਅਦ ਉਨ੍ਹਾਂ ਦੇ ਨਾਲ ਦਾ ਮੇਰਾ ਤਜਰਬਾ ਯਾਦਗਾਰ ਬਣ ਗਿਆ। ਅਸ਼ੋਕ ਸਿੰਘਲ ਬਹੁਤ ਹੀ ਅਮੀਰ ਪਰਿਵਾਰ ਨਾਲ ਸਬੰਧਿਤ ਸਨ। ਉਨ੍ਹਾਂ ਦੇ ਪਿਤਾ ਮਹਾਵੀਰ ਦੀ ਇੱਕ ਪ੍ਰਸ਼ਾਸਕ ਦੇ ਰੂਪ ਵਿੱਚ ਪਛਾਣ ਸੀ। ਉਨ੍ਹਾਂ ਦੇ ਇੱਕ ਭਰਾ ਬੀ ਪੀ ਸਿੰਘਲ ਪੁਲੀਸ ਅਧਿਕਾਰੀ ਸਨ ਅਤੇ ਬਾਅਦ ਵਿੱਚ ਸੰਸਦ ਮੈਂਬਰ ਵੀ ਰਹੇ। ਦੂਜੇ ਭਰਾ ਵੀ ਪੀ ਸਿੰਘਲ ਤ੍ਰਿਪੁਰਾ ਦੇ ਤਤਕਾਲੀ ਮੁੱਖ ਸਕੱਤਰ ਬਣੇ, ਜਦੋਂ ਇਹ ਨਵਾਂ ਰਾਜ ਬਣਿਆ ਸੀ। ਪਰਿਵਾਰ ਦੇ ਹੋਰ ਮੈਂਬਰਾਂ ਨੇ ਵੀ ਵਣਜ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਸਫਲਤਾ ਹਾਸਲ ਕੀਤੀ। ਬਹੁਤ ਘੱਟ ਉਮਰ ਵਿੱਚ ਹੀ ਉਨ੍ਹਾਂ ਦੇ ਵਿਹਾਰ ਵਿੱਚ ਦੂਜਿਆਂ ਪ੍ਰਤੀ ਦਇਆ ਅਤੇ ਸੇਵਾ ਦੀ ਭਾਵਨਾ ਦਿਖਾਈ ਦੇਣ ਲੱਗੀ ਸੀ। ਉਹ ਚਾਹੁੰਦੇ ਸਨ ਕਿ ਭਾਰਤ ਤਰੱਕੀ ਕਰੇ। ਪ੍ਰਯਾਗਰਾਜ ਵਿੱਚ ਵੱਡੇ ਹੋਏ ਅਸ਼ੋਕ ਸਿੰਘਲ ਕਈ ਘੰਟੇ ਸੰਗਮ ਦੇ ਕੰਢੇ ਬੈਠਿਆ ਕਰਦੇ ਸਨ। ਉੱਥੇ ਆਉਣ ਵਾਲੇ ਸਾਧੂ-ਸੰਤਾਂ ਅਤੇ ਸ਼ਰਧਾਲੂਆਂ ਨਾਲ ਵੀ ਉਨ੍ਹਾਂ ਦੀ ਬਹੁਤ ਨੇੜਤਾ ਸੀ। ਦੂਜਿਆਂ ਲਈ ਜਿਊਣ ਦੀ ਲਗਨ ਹੀ ਉਨ੍ਹਾਂ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਵਿੱਚ ਲੈ ਆਈ। ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਮਿਲੀ, ਉਸ ਨੂੰ ਉਨ੍ਹਾਂ ਨੇ ਪੂਰੇ ਉਤਸ਼ਾਹ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਨਾਲ ਨਿਭਾਇਆ।

ਅਸ਼ੋਕ ਸਿੰਘਲ ਨੇ ਆਪਣੇ ਨਿਰੰਤਰ ਯਤਨਾਂ ਅਤੇ ਅਣਥੱਕ ਮਿਹਨਤ ਨਾਲ ਅਨੇਕ ਸੰਸਥਾਵਾਂ ਅਤੇ ਅੰਦੋਲਨਾਂ ਨੂੰ ਮਜ਼ਬੂਤ ਕੀਤਾ। ਆਪਣੇ ਜੋਸ਼ੀਲੇ ਬੋਲਾਂ ਅਤੇ ਪ੍ਰਗਟਾਵੇ ਦੀ ਅਦਭੁਤ ਸ਼ੈਲੀ ਨਾਲ ਉਹ ਪੂਰੀ ਸਭਾ ਨੂੰ ਮੰਤਰਮੁਗਧ ਕਰ ਦਿੰਦੇ ਸਨ। ਜੋ ਵੀ ਉਨ੍ਹਾਂ ਦੇ ਸੰਪਰਕ ਵਿੱਚ ਆਉਂਦਾ, ਉਹ ਉਨ੍ਹਾਂ ਦੀ ਸਾਦਗੀ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਸੀ ਰਹਿੰਦਾ। ਸੰਤ ਸਮਾਜ ਨਾਲ ਉਨ੍ਹਾਂ ਦੇ ਸਬੰਧ ਬਹੁਤ ਗੂੜ੍ਹੇ ਸਨ। ਮੇਰੀ ਯਾਦ ਵਿੱਚ ਅਜਿਹੀਆਂ ਦੋ ਘਟਨਾਵਾਂ ਉੱਭਰ ਰਹੀਆਂ ਹਨ: ਪਹਿਲੀ ਘਟਨਾ 1993 ਦੀ ਹੈ। ਵਿਸ਼ਵ ਹਿੰਦੂ ਪਰਿਸ਼ਦ ਨੇ ਸਵਾਮੀ ਵਿਵੇਕਾਨੰਦ ਜੀ ਦੇ ਸ਼ਿਕਾਗੋ ਸੰਬੋਧਨ ਦੇ 100 ਸਾਲ ਪੂਰੇ ਹੋਣ ਮੌਕੇ ਅਮਰੀਕਾ ਵਿੱਚ ਇੱਕ ਸੰਮੇਲਨ ਕਰਵਾਇਆ ਸੀ। ਵਿਦੇਸ਼ ਵਿੱਚ ਅਜਿਹੇ ਸ਼ਾਨਦਾਰ ਸੰਮੇਲਨ ਦੀ ਸੋਚ, ਉਸ ਦੀ ਯੋਜਨਾ ਅਤੇ ਵੱਖ-ਵੱਖ ਸਮੂਹਾਂ ਨੂੰ ਇੱਕ ਮੰਚ ’ਤੇ ਲਿਆਉਣ ਦਾ ਵੱਡਾ ਯਤਨ ਅਸ਼ੋਕ ਸਿੰਘਲ ਦੇ ਅਦੁੱਤੀ ਸੰਗਠਨਾਤਮਕ ਹੁਨਰ ਦਾ ਸੂਚਕ ਸੀ। ਦੂਜੀ ਘਟਨਾ ਸਾਲ 2000 ਦੀ ਹੈ, ਜਦੋਂ ਤ੍ਰਿਨੀਦਾਦ ਅਤੇ ਟੋਬੈਗੋ ਦੇ ਪੋਰਟ ਆਫ ਸਪੇਨ ਵਿੱਚ ਵਿਸ਼ਵ ਹਿੰਦੂ ਸੰਮੇਲਨ ਕਰਵਾਇਆ ਗਿਆ ਸੀ। ਉਸ ਸਮੇਂ ਮੈਂ ਵੀ ਉੱਥੇ ਸੀ। ਅਸ਼ੋਕ ਸਿੰਘਲ ਹੋਰਾਂ ਦੀ ਮੌਜੂਦਗੀ ਨੇ ਹੋਰ ਪ੍ਰਤੀਨਿਧੀਆਂ ਵਿੱਚ ਉਤਸ਼ਾਹ ਭਰ ਦਿੱਤਾ ਸੀ। ਮੇਰੇ ਸੰਬੋਧਨ ਤੋਂ ਬਾਅਦ ਉਨ੍ਹਾਂ ਨੇ ਜਿਸ ਤਰ੍ਹਾਂ ਮੇਰੀ ਸ਼ਲਾਘਾ ਕੀਤੀ, ਉਹ ਮੇਰੇ ਲਈ ਬਹੁਤ ਭਾਵੁਕ ਕਰ ਦੇਣ ਵਾਲਾ ਅਹਿਸਾਸ ਸੀ।

Advertisement

ਰਾਮ ਜਨਮਭੂਮੀ ਅੰਦੋਲਨ ਵਿੱਚ ਅਸ਼ੋਕ ਸਿੰਘਲ ਦੀ ਇਤਿਹਾਸਕ ਭੂਮਿਕਾ ਨੂੰ ਯਾਦ ਕੀਤੇ ਬਿਨਾਂ ਉਨ੍ਹਾਂ ਦਾ ਜ਼ਿਕਰ ਅਧੂਰਾ ਹੈ। ਸਾਲ 1991 ਦੀ ਬੋਟ ਕਲੱਬ ਰੈਲੀ ਵਿੱਚ ਦਿੱਤੇ ਗਏ ਉਨ੍ਹਾਂ ਦੇ ਭਾਸ਼ਨ ਨੂੰ ਕੌਣ ਭੁੱਲ ਸਕਦਾ ਹੈ? ਜਾਂ ਅੰਦੋਲਨ ਦੇ ਸਿਖ਼ਰ ’ਤੇ ਲਹੂ-ਲੁਹਾਨ ਅਤੇ ਜ਼ਖ਼ਮੀ ਹਾਲਤ ਵਿੱਚ ਅਸ਼ੋਕ ਹੋਰਾਂ ਦੀ ਉਹ ਇਤਿਹਾਸਕ ਤਸਵੀਰ ਭਲਾ ਕਿਸ ਦੀ ਯਾਦ ਤੋਂ ਮਿਟ ਸਕਦੀ ਹੈ? ਅੱਜ ਅਯੁੱਧਿਆ ਵਿੱਚ ਰਾਮ ਮੰਦਰ ਹੈ ਤਾਂ ਇਸ ਦੇ ਪਿੱਛੇ ਅਸ਼ੋਕ ਸਿੰਘਲ ਵਰਗੀਆਂ ਹਸਤੀਆਂ ਦਾ ਨਿਸ਼ਕਾਮ ਸਮਰਪਣ ਹੈ। ਅੱਜ ਜੇ ਅੱਜ ਉਹ ਸਾਡੇ ਦਰਮਿਆਨ ਹੁੰਦੇ ਤਾਂ ਅਯੁੱਧਿਆ ਵਿੱਚ ਰਾਮ ਮੰਦਰ ਨੂੰ ਦੇਖ ਕੇ ਉਹ ਸਭ ਤੋਂ ਵੱਧ ਪ੍ਰਸੰਨ ਹੁੰਦੇ।

Advertisement

ਅਸ਼ੋਕ ਸਿੰਘਲ ਮੰਨਦੇ ਸਨ ਕਿ ਸਮਾਜ ਵਿੱਚ ਸਦਭਾਵਨਾ ਦੇ ਨਾਲ ਹੀ ਭਾਈਚਾਰੇ ਦਾ ਸੁਨੇਹਾ ਮਜ਼ਬੂਤ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਸਮਾਜਿਕ ਏਕਤਾ ਅਤੇ ਬਰਾਬਰੀ ਲਈ ਨਿਰੰਤਰ ਕੰਮ ਕੀਤਾ। ਉਨ੍ਹਾਂ ਦੀ ਸਪੱਸ਼ਟ ਸੋਚਣੀ ਸੀ ਕਿ ਸਮਾਜ ਵਿੱਚ ਕਿਸੇ ਵੀ ਕਿਸਮ ਦਾ ਕੋਈ ਭੇਦ-ਭਾਵ ਨਹੀਂ ਹੋਣਾ ਚਾਹੀਦਾ। ਹਰੇਕ ਵਿਅਕਤੀ ਬਰਾਬਰ ਮਰਿਆਦਾ ਅਤੇ ਸਨਮਾਨ ਦਾ ਹੱਕਦਾਰ ਹੈ। ਇਹੀ ਕਾਰਨ ਸੀ ਕਿ ਉਨ੍ਹਾਂ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਪਹਿਲੀ ਇੱਟ ਰੱਖਣ ਦਾ ਕੰਮ ਬਿਹਾਰ ਦੇ ਵੀ ਐੱਚ ਪੀ ਕਾਰਕੁਨ ਅਤੇ ਪਿੱਛੜੇ ਵਰਗ ਨਾਲ ਸਬੰਧਤ ਸ੍ਰੀ ਕਾਮੇਸ਼ਵਰ ਚੌਪਾਲ ਨੂੰ ਸੌਂਪਿਆ। ਕਾਸ਼ੀ ਵਿੱਚ ਇੱਕ ਧਰਮ ਸੰਸਦ ਦੌਰਾਨ ਉਨ੍ਹਾਂ ਨੇ ਡੋਮ ਰਾਜਾ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਅਤੇ ਕਈ ਭਾਈਚਾਰਕ ਮੁਹਿੰਮਾਂ ਵਿੱਚ ਉਨ੍ਹਾਂ ਦੇ ਨਾਲ ਮਿਲ ਕੇ ਕੰਮ ਕੀਤਾ। ਰਾਸ਼ਟਰ-ਨਿਰਮਾਣ ਦੇ ਨਾਲ ਹੀ ਅਸ਼ੋਕ ਸਿੰਘਲ ਦਾ ਸਿੱਖਿਆ (ਵਿਸ਼ੇਸ਼ ਤੌਰ ’ਤੇ ਵੈਦਿਕ ਸਿੱਖਿਆ) ਅਤੇ ਸੰਗੀਤ ਦੋਵਾਂ ਨਾਲ ਡੂੰਘਾ ਲਗਾਅ ਸੀ। ਵਾਰਾਣਸੀ ਦੇ ਸੰਸਦ ਮੈਂਬਰ ਦੇ ਰੂਪ ਵਿੱਚ ਮੈਨੂੰ ਇਸ ਗੱਲ ’ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਜਿੱਥੋਂ ਦੀ ਮੈਂ ਨੁਮਾਇੰਦਗੀ ਕਰਦਾ ਹਾਂ, ਉਸ ਸਦੀਵੀ ਕਾਸ਼ੀ ਨੇ ਅਸ਼ੋਕ ਸਿੰਘਲ ਦੇ ਜੀਵਨ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਬੀ ਐੱਚ ਯੂ ਤੋਂ ਸਿੱਖਿਆ ਹਾਸਲ ਕੀਤੀ ਸੀ ਅਤੇ ਉਹ ਇੱਕ ਹੋਣਹਾਰ ਵਿਦਿਆਰਥੀ ਦੇ ਰੂਪ ਵਿੱਚ ਜਾਣੇ ਜਾਂਦੇ ਸਨ। ਉਹ ‘ਏਕਲ ਵਿਦਿਆਲਯ’ ਦੀ ਪਹਿਲਕਦਮੀ ਨਾਲ ਵੀ ਨੇੜਿਓਂ ਜੁੜੇ ਹੋਏ ਸਨ, ਜਿਸ ਨੇ ਦੂਰ-ਦੁਰਾਡੇ ਦੇ ਪਿੰਡਾਂ, ਖ਼ਾਸ ਕਰਕੇ ਆਦਿਵਾਸੀ ਭਾਈਚਾਰਿਆਂ ਤੱਕ ਮੁੱਢਲੀ ਸਿੱਖਿਆ ਪਹੁੰਚਾਉਣ ਦਾ ਕੰਮ ਕੀਤਾ। ਉਹ ਨੌਜਵਾਨ ਕਾਰਕੁਨਾਂ ਨੂੰ ਸਦਾ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਦੇ ਰਹਿੰਦੇ ਸਨ।

ਅਸ਼ੋਕ ਸਿੰਘਲ ਨੂੰ ਨੇੜਿਓਂ ਜਾਣਨ ਵਾਲਿਆਂ ਨੂੰ ਪਤਾ ਹੈ ਕਿ ਉਹ ਕਿੰਨਾ ਵਧੀਆ ਗਾਉਂਦੇ ਸਨ। ਮੈਨੂੰ ਨਾਗਪੁਰ ਦੀਆਂ ਉਨ੍ਹਾਂ ਬੈਠਕਾਂ ਦੀ ਯਾਦ ਆਉਂਦੀ ਹੈ, ਜਿਨ੍ਹਾਂ ਵਿੱਚ ਉਹ ‘ਏਕਲ ਗੀਤ’ ਗਾਇਆ ਕਰਦੇ ਸਨ। ਉਨ੍ਹਾਂ ਦਾ ਗਾਉਣਾ ਸਾਰਿਆਂ ਨੂੰ ਮੰਤਰਮੁਗਧ ਕਰ ਦਿੰਦਾ ਸੀ ਅਤੇ ਪੂਰੀ ਬੈਠਕ ਵਿੱਚ ਨਵੀਂ ਊਰਜਾ ਭਰ ਜਾਂਦੀ ਸੀ। ਸਾਲ 2015 ਵਿੱਚ ਉਨ੍ਹਾਂ ਦੇ 90ਵੇਂ ਜਨਮਦਿਨ ਸਮਾਗਮ ਦਾ ਇੱਕ ਵੀਡੀਓ ਖੂਬ ਵਾਇਰਲ ਹੋਇਆ ਸੀ, ਜਿਸ ਵਿੱਚ ਉਨ੍ਹਾਂ ਨੇ ‘ਹੇ ਮਾਤ੍ਰਭੂਮੀ ਮੇਰੀ, ਹੇ ਪਿਤ੍ਰਭੂਮੀ ਮੇਰੀ’ ਗਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।  ਅਸ਼ੋਕ ਸਿੰਘਲ ਦੇ ਆਦਰਸ਼ਾਂ ਤੋਂ ਅੱਜ ਵੀ ਸਾਨੂੰ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਦੀ ਜਨਮ ਸ਼ਤਾਬਦੀ ਦੇ ਇਸ ਪਾਵਨ ਮੌਕੇ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵੱਧ ਤੋਂ ਵੱਧ ਨੌਜਵਾਨ ਉਨ੍ਹਾਂ ਦੀ ਵੱਡੀ ਸ਼ਖ਼ਸੀਅਤ ਅਤੇ ਮਹਾਨਤਾ ਤੋਂ ਜਾਣੂ ਹੋਣ। ਆਓ, ਅਸੀਂ ਆਪਣੇ ਰਾਸ਼ਟਰ ਅਤੇ ਦੇਸ਼ਵਾਸੀਆਂ ਲਈ ਅਸ਼ੋਕ ਸਿੰਘਲ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਸੰਕਲਪ ਨੂੰ ਇੱਕ ਵਾਰ ਫਿਰ ਦੁਹਰਾਈਏ।

*ਲੇਖਕ ਭਾਰਤ ਦੇ ਪ੍ਰਧਾਨ ਮੰਤਰੀ ਹਨ।

Advertisement
×