ਮਰਹੂਮ ਗਾਇਕਾ ਆਸ਼ਾ ਭੋਸਲੇ ਦਾ ਆਖਰੀ ਫਿਲਮੀ ਗੀਤ ‘ਐ ਮੇਰੀ ਜ਼ਿੰਦਗੀ, ਤੂ ਛਿਪੀ ਹੈ ਕਹਾਂ’ ਅੱਜ ਉਨ੍ਹਾਂ ਦੇ 93ਵੇਂ ਜਨਮ ਦਿਨ ਮੌਕੇ ਰਿਲੀਜ਼ ਕੀਤਾ ਗਿਆ। ਇਹ ਗੀਤ ਆਉਣ ਵਾਲੀ ਹਿੰਦੀ ਕਾਮੇਡੀ ਫਿਲਮ ‘ਓਮ ਕਾ ਹਰੀ’ ਦਾ ਹਿੱਸਾ ਹੈ। ਦਸੰਬਰ 2025 ਵਿੱਚ ਅਕਾਲ ਚਲਾਣਾ ਕਰ ਗਈ ਆਸ਼ਾ ਨੇ ਇਹ ਗੀਤ ਸਾਲ 2023 ਦੇ ਅਖੀਰ ਵਿੱਚ ਰਿਕਾਰਡ ਕੀਤਾ ਸੀ। ਇਸ ਗੀਤ ਦੇ ਵੀਡੀਓ ਵਿੱਚ ਰਿਕਾਰਡਿੰਗ ਵੇਲੇ ਦੀਆਂ ਝਲਕਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਦੌਰਾਨ ਵੀਡੀਓ ਵਿੱਚ ਆਸ਼ਾ ਦੱਸਦੇ ਹਨ ਕਿ ਗੀਤ ਸੁਣਦਿਆਂ ਹੀ ਉਨ੍ਹਾਂ ਇਹ ਗੀਤ ਗਾਉਣ ਲਈ ਤੁਰੰਤ ਹਾਂ ਕਰ ਦਿੱਤੀ ਸੀ।
ਫਿਲਮ ਦੇ ਸੰਗੀਤ ਲਾਂਚ ਮੌਕੇ ਅਦਾਕਾਰ ਰਘੁਬੀਰ ਯਾਦਵ, ਸੋਨੀ ਰਾਜ਼ਦਾਨ, ਅੰਸ਼ੁਮਨ ਝਾਅ ਅਤੇ ਆਇਸ਼ਾ ਕਪੂਰ ਹਾਜ਼ਰ ਸਨ। ਅੰਸ਼ੁਮਨ ਝਾਅ ਅਤੇ ਨਿਰਦੇਸ਼ਕ ਹਰੀਸ਼ ਵਿਆਸ ਨੇ ਕਿਹਾ ਕਿ ਆਸ਼ਾ ਦੇ ਜਨਮ ਦਿਨ ਮੌਕੇ ਗੀਤ ਰਿਲੀਜ਼ ਕਰਨਾ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਫਿਲਮ ਵਿੱਚ ਮਰਹੂਮ ਕਿਸ਼ੋਰ ਕੁਮਾਰ ਦੇ ਪੁੱਤਰ ਅਮਿਤ ਕੁਮਾਰ ਅਤੇ ਪਰੇਸ਼ ਪਾਹੂਜਾ ਨੇ ਵੀ ਗੀਤ ਗਾਏ ਹਨ।
ਹਰੀਸ਼ ਵਿਆਸ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਪਿਤਾ ਅਤੇ ਪੁੱਤਰ ਦੇ ਰਿਸ਼ਤੇ ’ਤੇ ਆਧਾਰਿਤ ਕਹਾਣੀ ਬਿਆਨ ਕਰਦੀ ਹੈ। ਇਹ ਫਿਲਮ 18 ਸਤੰਬਰ ਨੂੰ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

