ਜਗਜੀਤ ਸਿੰਘ ਗਣੇਸ਼ਪੁਰ
5ਜੀ ਨੈਟਵਰਕ ਦੀ ਦੇਸ਼ ਵਿਚ ਕਦੋਂ ਆਮਦ ਹੋਵੇਗੀ, ਬਾਰੇ ਚਰਚਿਆਂ ਨੂੰ ਖਤਮ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਅਕਤੂਬਰ ਨੂੰ ਭਾਰਤ ਵਿੱਚ 5ਜੀ ਸੇਵਾਵਾਂ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਦੇਸ਼ ਵਿੱਚ ਅਗਲੀ ਪੀੜ੍ਹੀ ਦੇ ਨੈੱਟਵਰਕ ਦੀ ਵਰਤੋਂ ਦੀ ਸ਼ੁਰੂਆਤ ਹੋਈ। ਉਂਝ ਇਹ ਸੇਵਾਵਾਂ ਪੂਰੇ ਦੇਸ਼ ਵਿੱਚ ਤੁਰੰਤ ਉਪਲਬਧ ਨਹੀਂ ਹੋ ਸਕਣਗੀਆਂ। ਸਭ ਤੋਂ ਪਹਿਲਾਂ 13 ਸ਼ਹਿਰਾਂ ਵਿੱਚ 5ਜੀ ਨੈੱਟਵਰਕ ਮਿਲੇਗਾ ਜਿਨ੍ਹਾਂ ਵਿੱਚ ਦਿੱਲੀ, ਕੋਲਕਾਤਾ, ਬੰਗਲੌਰ, ਅਹਿਮਦਾਬਾਦ, ਚੰਡੀਗੜ੍ਹ, ਚੇਨਈ, ਗਾਂਧੀਨਗਰ, ਗੁਰੂਗ੍ਰਾਮ, ਹੈਦਰਾਬਾਦ, ਜਾਮਨਗਰ, ਲਖਨਊ, ਮੁੰਬਈ ਅਤੇ ਪੁਣੇ ਸ਼ਾਮਲ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋ-ਤਿੰਨ ਸਾਲਾਂ ਦੇ ਅੰਦਰ, ਪੂਰੇ ਭਾਰਤ ਵਿੱਚ 5ਜੀ ਨੈੱਟਵਰਕ ਮਿਲ ਜਾਵੇਗਾ। ਆਓ, ਪਹਿਲ ਵਿਚਾਰ ਕਰਦੇ ਹਾਂ ਕਿ 5ਜੀ ਕ੍ਰਾਂਤੀ ਦੇ ਸਾਡੇ ਜੀਵਨ ਵਿੱਚ ਕੀ ਮਾਅਨੇ ਹਨ? ਜਾਂ ਇਹ ਸਾਡੇ ਰੋਜ਼ਾਨਾ ਕੰਮਕਾਰ ਵਿੱਚ ਇਸ ਨਾਲ ਕੀ ਤਬਦਲੀ ਆ ਸਕਦੀ ਹੈ।
1876 ਵਿੱਚ ਪਹਿਲੀ ਟੈਲੀਫੋਨ ਕਾਲ ਤੋਂ ਬਾਅਦ ਦੂਰਸੰਚਾਰ ਖੇਤਰ ਨੇ ਸਫਲਤਾਵਾਂ/ਸੁਧਾਰਾਂ ਦਾ ਲੰਮਾ ਪੈਂਡਾ ਸਰ ਕੀਤਾ ਹੈ। ਸੂਚਨਾ ਤਕਨੀਕ ਖੇਤਰ ਨੇ ਜਿਸ ਤਰ੍ਹਾਂ ਸਾਡੀ ਜ਼ਿੰਦਗੀ ਨੂੰ ਬਦਲਿਆ, ਉਹ ਸਾਡੀ ਕਲਪਨਾ ਤੋਂ ਵੀ ਪਰੇ ਹੈ! ਇਸੇ ਸੰਦਰਭ ਵਿੱਚ ‘5ਜੀ’ ਸਾਡੀਆਂ ਬਰੂਹਾਂ ਉਪਰ ਦਸਤਕ ਦੇ ਰਿਹਾ ਹੈ। 5ਜੀ ਦਾ ਪੂਰਾ ਨਾਂ ਹੈ: ਪੰਜਵੀਂ ਜਨਰੇਸ਼ਨ (ਪੀੜ੍ਹੀ)। ਦੂਰਸੰਚਾਰ ਖੇਤਰ ਵਿੱਚ ਹਰੇਕ ਪੀੜ੍ਹੀ ਨੂੰ ਟੈਲੀਫੋਨ ਨੈਟਵਰਕ ਮਾਪਦੰਡਾਂ ਦੇ ਇੱਕ ਸਮੂਹ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਜੋ ਇੱਕ ਵਿਸ਼ੇਸ਼ ਮੋਬਾਈਲ ਫੋਨ ਪ੍ਰਣਾਲੀ ਦੇ ਤਕਨੀਕੀ ਤੌਰ ’ਤੇ ਲਾਗੂ ਕਰਨ ਦਾ ਵੇਰਵਾ ਦਿੰਦੇ ਹਨ। ਇਹ ਵਿਕਾਸ ਯਾਤਰਾ 1979 ਵਿੱਚ 1ਜੀ ਤੋਂ ਸ਼ੁਰੂ ਹੋਈ, ਜੋ ਲਗਾਤਾਰ ਜਾਰੀ ਹੈ। 5ਜੀ ਇੱਕ ਸੰਖੇਪ ਸ਼ਬਦ ਹੈ ਜੋ ਵਾਇਰਲੈੱਸ ਸੈਲੂਲਰ ਨੈੱਟਵਰਕਾਂ ਦੀ ਪੰਜਵੀਂ ਪੀੜ੍ਹੀ ਲਈ ਵਰਤਿਆ ਜਾਂਦਾ ਹੈ। 5ਜੀ (ਵਧੇਰੇ ਸਪੀਡ, ਘੱਟ ਲੇਟੈਂਸੀ, ਚੀਜ਼ਾਂ ਦਾ ਇੰਟਰਨੈਟ) ਅਸਲ ਵਿੱਚ 5ਜੀ ਪਿਛਲੀ ਪੀੜ੍ਹੀ ਦੇ ਸੈਲੂਲਰ ਨੈੱਟਵਰਕਾਂ ਨਾਲੋਂ 10 ਤੋਂ 50 ਗੁਣਾ ਤੇਜ਼ ਹੋਣ ਦਾ ਦਾਅਵਾ ਦਾਅਵਾ ਕੀਤਾ ਜਾ ਰਿਹਾ ਹੈ। ਇਨ੍ਹਾਂ ਸੁਵਿਧਾਵਾਂ ਦੀ ਵਰਤੋਂ ਲਈ ਤੁਹਾਨੂੰ 5ਜੀ-ਅਨੁਕੂਲ ਫੋਨ ਦੀ ਵੀ ਲੋੜ ਪਵੇਗੀ।
ਭਾਰਤ 5ਜੀ ਸੇਵਾਵਾਂ ਸ਼ੁਰੂ ਕਰਨ ਵਾਲਾ ਪਹਿਲਾ ਦੇਸ਼ ਨਹੀਂ ਹੈ। 2019 ਦੀ ਸ਼ੁਰੂਆਤ ਤੱਕ ਪਹਿਲੇ 5ਜੀ ਮੋਬਾਈਲ ਨੈਟਵਰਕ ਰੋਲ ਆਊਟ ਹੋਏ। ਮੰਨਿਆ ਜਾਂਦਾ ਹੈ ਕਿ ‘ਵੇਰੀਜੋਨ’ ਨੇ ਅਪਰੈਲ ਵਿੱਚ ਸ਼ਿਕਾਗੋ ਤੇ ਮਿਨੀਆਪੋਲਿਸ ਦੇ ਮੁੱਖ ਖੇਤਰਾਂ ਵਿੱਚ ਮੁਕਾਬਲਤਨ ਛੋਟੇ 5ਜੀ ਫੁੱਟਪ੍ਰਿੰਟ ਨਾਲ 5ਜੀ ਮੋਬਾਈਲ ਨੈਟਵਰਕ ਦੀ ਅਗਵਾਈ ਕਰਕੇ ਪਹਿਲੀ ਵਪਾਰਕ 5ਜੀ ਸਮਾਰਟਫੋਨ ਸੇਵਾ ਬਣਨ ਲਈ ਤਿੰਨ ਦੱਖਣੀ ਕੋਰੀਆਈ ਕੈਰੀਅਰਾਂ ਨੂੰ ਹਰਾਇਆ। ਪਰੰਤੂ ਦੋਵੇਂ ਧਿਰਾਂ ਦੇ ਸਭ ਤੋਂ ਪਹਿਲਾ 5ਜੀ ਸੇਵਾਵਾਂ ਲਾਗੂ ਕਰਨ ਦੇ ਆਪਣੇ-ਆਪਣੇ ਦਾਅਵੇ ਹਨ। 5ਜੀ ਰਾਹੀਂ 4ਜੀ ਦੇ ਮੁਕਾਬਲੇ ਬਹੁਤ ਤੇਜ਼ ਇੰਟਰਨੈੱਟ ਸਪੀਡ ਅਤੇ ਘੱਟ ਲੇਟੈਂਸੀ ਸੰਭਵ ਹੋਵੇਗੀ। 4ਜੀ ਦੇ 100 ਐਮਬੀਪੀਐਸ (ਮੈਗਾ ਬਾਈਟਸ ਪ੍ਰਤੀ ਸਕਿੰਟ) ਦੇ ਮੁਕਾਬਲੇ ਇਸ ਵਿਚ ਸਿਖਰਲੀ ਸਪੀਡ 10 ਜੀਬੀਪੀਐਸ (ਗੀਗਾ ਬਾਈਟਸ ਪ੍ਰਤੀ ਸਕਿੰਟ) ਨੂੰ ਛੂਹ ਸਕਦੀ ਹੈ। ਬਾਕੀ ਪਤਾ ਹਕੀਕਤ ਵਿੱਚ ਆਉਣ ’ਤੇ ਹੀ ਪਤਾ ਚੱਲੇਗਾ। 5ਜੀ ਨਾਲ ਤਕਨੀਕੀ ਸਿੱਖਿਆ, ਹੇਲਥਕੇਅਰ, ਵਰਚੁਅਲ ਰੀਐਲਟੀ, ਕਲਾਉਡ ਗੇਮਿੰਗ, ਰੋਬੋਟਿਕਸ ਲਈ ਨਵੇਂ ਰਾਹ ਖੁੱਲ੍ਹਣਗੇ। ਇਹ ਮਸ਼ੀਨ-ਟੂ-ਮਸ਼ੀਨ ਕਮਿਊਨੀਕੇਸ਼ਨ, ਇੰਟਰਨੈੱਟ ਆਫ਼ ਥਿੰਗਜ਼, ਬਲਾਕਚੈਨ, ਮੈਟਾਵਰਸ, ਕੁਨੈਕਟਡ ਸਮਾਰਟ ਸਿਟੀਜ਼, ਆਟੋਮੇਟਿਡ ਵਾਹਨਾਂ, ਖੇਤੀਬਾੜੀ, ਸਿਹਤ, ਆਵਾਜਾਈ ਪ੍ਰਬੰਧਨ, ਰਿਮੋਟ ਕੰਟਰੋਲ ਸਰਜਰੀ ਤੋਂ ਲੈ ਕੇ ਵਰਚੁਅਲ ਰੀਐਲਿਟੀ ਤੱਕ ਸੇਵਾਵਾਂ ਦਾ ਵਿਸਤਾਰ ਕਰੇਗਾ। ਅਜਿਹੇ ਕਿਆਸ ਵੀ ਲਗਾਏ ਜਾ ਰਹੇ ਹਨ ਕਿ ਭਵਿੱਖ ਦੇ ਸੈੱਲ ਫੋਨ ਪੂਰੀ ਤਰ੍ਹਾਂ ਆਵਾਜ਼ ਨੂੰ ਕਿਰਿਆਸ਼ੀਲ ਕਰਨ ਦੇ ਯੋਗ ਹੋਣਗੇ।
ਮੌਜੂਦਾ ਸਮੇਂ ਬੜੀ ਤੇਜ਼ੀ ਨਾਲ ਡਿਜੀਟਲੀਕਰਨ ਹੋ ਰਿਹਾ ਹੈ। ਡਿਜੀਟਲ ਇੰਡੀਆ ਦੇ ਇਸ ਦੌਰ ’ਚ ਸਕੂਲ ਦੀ ਪੜ੍ਹਾਈ, ਇਮਤਿਹਾਨਾਂ ਤੋਂ ਲੈ ਕੇ ਡਾਕਟਰੀ ਸਹੂਲਤ, ਨਕਤੀ ਟ੍ਰਾਂਜ਼ੈਕਸ਼ਨ, ਈ-ਬਿਜ਼ਨੈੱਸ ਸਭ ਕੁਝ ਆਨਲਾਈਨ ਹੋ ਗਿਆ ਹੈ। ਘੰਟਿਆਂ ਦਾ ਕੰਮ ਮਿੰਟਾਂ ’ਚ ਪੂਰਾ ਹੋ ਰਿਹਾ ਹੈ। ਇਸਦੀ ਵਰਤੋਂ ਫੈਕਟਰੀਆਂ ਵਿੱਚ ਹੋਰ ਸੁਧਾਰਾਂ ਨਾਲ ਸਮਾਰਟ ਆਟੋਮੇਸ਼ਨ ਲਈ ਵੀ ਕੀਤੀ ਜਾ ਸਕੇਗੀ।
ਇਤਿਹਾਸ ਗਵਾਹ ਹੈ ਕਿ ਨਵੇਂ ਖੋਜਾਂ ਪ੍ਰਤੀ ਲੋਕਾਂ ਦੇ ਮਨ ਵਿਚ ਹਮੇਸ਼ਾ ਡਰ ਰਿਹਾ ਹੈ। ਇੰਝ ਹੀ ਸੋਸ਼ਲ ਮੀਡਿਆ ਵਿੱਚ 5ਜੀ ਦੇ ਕਾਰਨ ਕੋਰੋਨਾਵਾਇਰਸ ਬਾਰੇ ਝੂਠੇ ਦਾਅਵੇ ਕੀਤੇ ਗਏ ਤੇ ਕਰੋਨਾ ਕਾਰਨ ਹੋਈਆਂ ਮੌਤਾਂ ਦਾ ਅਸਲ ਕਾਰਨ 5ਜੀ ਨੂੰ ਦੱਸਿਆ ਗਿਆ। ਪਰ ਵਾਇਰਸ ਨੇ 5ਜੀ ਨੈਟਵਰਕ ਤੋਂ ਰਹਿਤ ਕਈ ਦੇਸ਼ਾਂ (ਜਿਵੇਂ ਇਰਾਨ, ਮਲੇਸ਼ੀਆ, ਫਰਾਂਸ, ਸਿੰਗਾਪੁਰ ਅਤੇ ਨਾਇਜੀਰੀਆ) ਵਿੱਚ ਵੀ ਆਪਣਾ ਪਸਾਰਾ ਕੀਤਾ। ਸਿਹਤ ਮਾਹਿਰਾਂ ਨੇ ਖਪਤਕਾਰਾਂ ਲਈ ਕਿਸੇ ਵੀ ਸਿਹਤ ਸਬੰਧੀ ਚਿੰਤਾਵਾਂ ਨੂੰ ਵੀ ਖਾਰਜ ਕਰ ਦਿੱਤਾ ਹੈ। ਅੰਤ ਇਹੀ ਕਿਹਾ ਜਾ ਸਕਦਾ ਹੈ ਕਿ ਸੂਚਨਾ ਤਕਨੀਕ ਦੇ ਦੌਰ ਵਿਚ ਸਭ ਕੁੱਝ ਸੰਭਵ ਹੈ, ਪਰ ਲਈ ਤੁਹਾਨੂੰ ਕੀਮਤ ਤਾਂ ਅਦਾ ਕਰਨੀ ਹੀ ਪਵੇਗੀ।
*ਕੰਪਿਊਟਰ ਅਧਿਆਪਕ, ਸਹਸ ਲਕਸੀਹਾਂ, ਹੁਸ਼ਿਆਰਪੁਰ।
ਸੰਪਰਕ: 94655-76022